Thursday, June 16, 2011

ਗਾਂਧੀ ਤੇ ਜਵਾਹਰ ਲਾਲ :


ਗਾਂਧੀ ਤੇ ਜਵਾਹਰ ਲਾਲ




ਗਾਂਧੀ ਨੇ ਜਦੋਂ ਅਸਹਿਯੋਗ ਅੰਦੋਲਨ ਬੰਦ ਕਰ ਦੇਣ ਦਾ ਐਲਾਨ ਕੀਤਾ ਸੀ ਮੋਤੀਲਾਲ ਨਹਿਰੂ, ਲਾਜਪਤ ਰਾਏ, ਸੀ.ਆਰ.ਦਾਸ, ਮੁਹੰਮਦ ਅਲੀ, ਸ਼ੌਕਤ ਅਲੀ—ਕਾਂਗਰਸ ਤੇ ਖਿਲਾਫ਼ਤ ਦੇ ਸਾਰੇ ਵੱਡੇ ਨੇਤਾ ਜੇਲ੍ਹਾਂ ਵਿਚ ਬੰਦ ਸਨ। ਉਹਨਾਂ ਨੂੰ ਇਸ ਐਲਾਨ ਦਾ ਬੜਾ ਦੁੱਖ ਹੋਇਆ। ਸੁਭਾਸ਼ ਦੇ ਕਥਨ ਅਨੁਸਾਰ ਸੀ.ਆਰ.ਦਾਸ ਕਰੋਧ ਵੱਸ ਤਿਲਮਿਲਾ ਉਠੇ। ਜਵਾਹਰ ਲਾਲ ਨੇ ਆਪਣੇ ਨਾਲ ਦੇ ਲੋਕਾਂ ਦੀ ਪ੍ਰਤਿਕ੍ਰਿਆ ਨੂੰ ਇਹਨਾਂ ਸ਼ਬਦਾਂ ਵਿਚ ਬਿਆਨ ਕੀਤਾ...:
“ਜਦ ਸਾਨੂੰ ਪਤਾ ਲੱਗਿਆ ਕਿ ਅਜਿਹੇ ਵਕਤ ਵਿਚ ਜਦਕਿ ਅਸੀਂ ਆਪਣੀ ਸਥਿਤੀ ਮਜ਼ਬੂਤ ਕਰਦੇ ਜਾ ਰਹੇ ਸੀ, ਸਾਡੀ ਲੜਾਈ ਬੰਦ ਕਰ ਦਿੱਤੀ ਗਈ ਹੈ, ਤਾਂ ਅਸੀਂ ਬੜੇ ਹਿਰਖੇ। ਮਗਰ ਸਾਡੀ ਜੇਲ੍ਹ ਵਾਲਿਆਂ ਦੀ ਮਾਯੂਸੀ ਤੇ ਨਾਰਾਜ਼ਗੀ ਦਾ ਵੱਟਿਆ ਵੀ ਕੀ ਜਾ ਸਕਦਾ ਸੀ? ਸਤਿਆਗ੍ਰਹਿ ਬੰਦ ਹੋ ਗਿਆ ਤੇ ਇਸਦੇ ਨਾਲ ਹੀ ਅਸਹਿਯੋਗ ਵੀ ਕੱਚੇ ਲੱਥ ਗਿਆ...।” (ਮੇਰੀ ਕਹਾਣੀ)
ਲਖ਼ਨਊ ਜੇਲ੍ਹ ਵਿਚ ਬੰਦ ਇਹਨਾਂ ਲੋਕਾਂ ਨੇ ਆਪਣੇ ਮੁਲਾਕਤੀਆਂ ਵਿਚੋਂ ਇਕ ਦੇ ਹੱਥ ਗਾਂਧੀ ਨੂੰ ਇਕ ਪੱਤਰ ਭੇਜਿਆ, ਜਿਸ ਵਿਚ ਉਹਨਾਂ ਨੇ ਆਪਣਾ ਦੁਖ, ਨਮੋਸ਼ੀ ਤੇ ਵਿਰੋਧ ਪ੍ਰਗਟ ਕੀਤਾ ਸੀ। ਵਿਜੇ ਲਕਸ਼ਮੀ ਇਕ ਮੁਲਾਕਾਤ ਵਿਚ ਉਸਦਾ ਉਤਰ ਲੈ ਕੇ ਆਈ, ਜਿਹੜਾ ਗਾਂਧੀ ਨੇ 19 ਫਰਬਰੀ 1922 ਨੂੰ ਬਾਰਦੋਲੀ ਤੋਂ ਹੀ ਜਵਾਹਰ ਲਾਲ ਦੇ ਨਾਂ ਲਿਖਿਆ ਸੀ...:
“ਪਿਆਰੇ ਜਵਾਹਰ ਲਾਲ,
ਮੈਨੂੰ ਪਤਾ ਲੱਗਿਆ ਹੈ ਕਿ ਤੁਹਾਨੂੰ ਸਾਰਿਆਂ ਨੂੰ ਕਾਰਜ-ਕਮੇਟੀ ਦੇ ਸੁਝਾਵਾਂ ਕਾਰਣ ਬੜੀ ਤਕਲੀਫ ਹੋਈ ਹੈ। ਮੈਨੂੰ ਤੁਹਾਡੇ ਨਾਲ ਹਮਦਰਦੀ ਹੈ ਤੇ ਪਿਤਾਜੀ ਬਾਰੇ ਸੋਚ ਕੇ ਮੇਰਾ ਦਿਲ ਟੁੱਟ ਜਾਂਦਾ ਹੈ। ਉਹਨਾਂ ਨੂੰ ਜਿਹੜੀ ਤਕਲੀਫ ਹੋਈ ਹੋਏਗੀ, ਉਸਦੀ ਮੈਂ ਆਪਣੇ ਮਨ ਵਿਚ ਕਲਪਨਾ ਕਰ ਸਕਦਾ ਹਾਂ। ਪਰ ਇੰਜ ਵੀ ਹੁੰਦਾ ਹੈ ਤੇ ਇਹ ਪੱਤਰ ਵੀ ਜ਼ਰੂਰੀ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਪਹਿਲੀ ਸੱਟ ਦੇ ਬਾਅਦ ਸਥਿਤੀ ਸਹੀ ਢੰਗ ਨਾਲ ਸਮਝ ਵਿਚ ਆ ਗਈ ਹੋਏਗੀ। ਵਿਚਾਰੇ ਦੇਵਦਾਸ ਦੀਆਂ ਬਾਲ-ਮੱਤ ਨਾਸਮਝੀਆਂ ਦਾ ਸਾਡੇ ਦਿਮਾਗ਼ ਉੱਤੇ ਬਹੁਤਾ ਬੋਝ ਨਹੀਂ ਹੋਣਾ ਚਾਹੀਦਾ। ਬਿਲਕੁਲ ਸੰਭਵ ਹੈ ਕਿ ਉਸ ਗਰੀਬ ਮੁੰਡੇ ਦੇ ਪੈਰ ਉੱਖੜ ਗਏ ਹੋਣ ਤੇ ਉਸਦਾ ਮਾਨਸਿਕ ਸੰਤੁਲਨ ਜਾਂਦਾ ਰਿਹਾ ਹੋਏ; ਪਰ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਸਹਿਯੋਗ-ਅੰਦੋਲਨ ਨਾਲ ਹਮਦਰਦੀ ਰੱਖਣ ਵਾਲੀ ਗੁੱਸੇ ਵਿਚ ਪਾਗਲ ਹੋਈ ਭੀੜ ਨੇ ਪੁਲਿਸ ਦੇ ਸਿਪਾਹੀਆਂ ਦੀ ਵਹਿਸ਼ੀਆਨਾ ਢੰਗ ਨਾਲ ਹੱਤਿਆ ਕੀਤੀ। ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਭੀੜ ਰਾਜਨੀਤਕ ਚੇਤਨਾ ਰੱਖਣ ਵਾਲੀ ਭੀੜ ਸੀ। ਅਜਿਹੀ ਸਾਫ ਚਿਤਾਵਨੀ ਉਪਰ ਧਿਆਨ ਨਾ ਦੇਣਾ ਬੜਾ ਵੱਡਾ ਅਪਰਾਧ ਹੁੰਦਾ।”
ਫੇਰ ਕਰਾਂਤੀਕਾਰੀ ਉਫ਼ਾਨ ਦਾ, ਬੰਬਈ ਤੇ ਮਦਰਾਸ ਦੀਆਂ ਘਟਨਾਵਾਂ ਦਾ ਵੇਰਵਾ ਦਿੰਦਿਆਂ ਹੋਇਆ ਅੱਗੇ ਲਿਖਿਆ ਹੈ—“ਇਹ ਸਾਰੀਆਂ ਖ਼ਬਰਾਂ ਤੇ ਦੱਖਣ ਵੱਲੋਂ ਇਸ ਤੋਂ ਵੀ ਵੱਧ ਖ਼ਬਰਾਂ ਮੇਰੇ ਕੋਲ ਸਨ, ਤਦ ਚੌਰੀ-ਚੌਰਾ ਦੇ ਸਮਾਚਾਰ ਨੇ ਬਾਰੂਦ ਵਿਚ ਚੰਗਿਆੜੀ ਦਾ ਕੰਮ ਕੀਤਾ ਤੇ ਅੱਗ ਲੱਗ ਗਈ। ਮੈਂ ਤੈਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੇ ਇਹ ਚੀਜ ਮੁਲਤਵੀ ਨਾ ਕਰ ਦਿੱਤੀ ਜਾਂਦੀ, ਤਾਂ ਅਸੀਂ ਇਕ ਅਹਿੰਸਕ ਅੰਦੋਲਨ ਦੀ ਬਜਾਏ ਅਸਲ ਵਿਚ ਹਿੰਸਕ ਸੰਗਰਾਮ ਨੂੰ ਚਲਾ ਰਹੇ ਹੁੰਦੇ।” ਸਾਫ ਹੈ ਕਿ ਗਾਂਧੀ ਨੂੰ ਹਥਿਆਰ-ਬੰਦ ਕਰਾਂਤੀ ਦੇ ਹਿੰਸਕ-ਸੰਗਰਾਮ ਵਿਚ ਕੋਈ ਦਿਲਚਸਪੀ ਨਹੀਂ ਸੀ, ਉਹ ਤਾਂ ਨੇਤਾ ਹੀ ਇਸ ਲਈ ਬਣਿਆ ਸੀ ਕਿ ਲੋਕਾਂ ਨੂੰ ਇਸ ਰਸਤੇ ਉੱਤੇ ਚੱਲਣ ਤੋਂ ਰੋਕਿਆ ਜਾਵੇ। ਪਰ ਸਵਾਲ ਇਹ ਹੈ ਕਿ ਰੰਗਰੂਟ ਭਰਤੀ ਕਰਵਾਉਣਾ, ਭਾਵੇਂ ਇਸੇ ਮੰਸ਼ੇ ਨਾਲ ਕਿ ਇਸ ਨਾਲ ਆਜ਼ਾਦੀ ਮਿਲ ਜਾਵੇਗੀ, ਕੀ ਸਾਮਰਾਜਵਾਦੀ ਹਿੰਸਕ-ਯੁੱਧ ਨੂੰ ਸ਼ਹਿ ਦੇਣਾ ਨਹੀਂ ਸੀ? ਤੇ ਜੇ ਦੇਸ਼ ਦੀ ਆਜ਼ਾਦੀ ਲਈ ਹਥਿਆਰ-ਬੰਦ ਕਰਾਂਤੀਕਾਰੀ ਯੁੱਧ ਨਹੀਂ ਲੜਨਾ ਸੀ ਤਾਂ ਨੌਜਵਾਨਾਂ ਨੂੰ ਫੌਜੀ ਸਿਖਿਆ ਦਿਵਾਉਣ ਦਾ ਕੀ ਅਰਥ ਸੀ?
ਹੁਣ ਦੇਖੀਏ ਪੱਤਰ ਦੇ ਅਖ਼ੀਰ ਵਿਚ ਜਵਾਹਰ ਲਾਲ ਨੂੰ ਕਿਹੜੇ ਸ਼ਬਦਾਂ ਵਿਚ ਦਿਲਾਸਾ ਦਿੱਤਾ ਗਿਆ ਹੈ ਤੇ ਭਾਵਪੂਰਨ ਢੰਗ ਨਾਲ ਗੱਲ ਟਾਲੀ ਗਈ ਹੈ...:
“ਜੋ ਹੋਏ, ਜੇਲ੍ਹ ਦੇ ਵਾਤਾਵਰਣ ਕਾਰਣ ਤੇਰੇ ਮਨ ਵਿਚ ਸਾਰੀਆਂ ਗੱਲਾਂ ਨਹੀਂ ਆ ਸਕਦੀਆਂ। ਇਸ ਲਈ ਮੈਂ ਚਾਹਾਂਗਾ ਕਿ ਤੂੰ ਬਾਹਰ ਦੀ ਦੁਨੀਆਂ ਨੂੰ ਆਪਣੇ ਖ਼ਿਆਲ ਵਿਚੋਂ ਕੱਢ ਹੀ ਦੇਅ ਤੇ ਸਮਝ ਲੈ ਕਿ ਉਹ ਹੈ ਹੀ ਨਹੀਂ। ਮੈਂ ਜਾਣਦਾ ਹਾਂ ਕਿ ਇਹ ਕੰਮ ਬੜਾ ਹੀ ਔਖਾ ਹੈ, ਪਰ ਜੇ ਕੋਈ ਗੰਭੀਰ ਅਧਿਅਨ ਸ਼ੁਰੂ ਕਰ ਦਏਂ ਤੇ ਕਿਸੇ ਸਰੀਰਕ ਮਿਹਨਤ ਵਾਲੇ ਕੰਮ ਨੂੰ ਹੱਥ ਪਾ ਲਏਂ ਤਾਂ ਇੰਜ ਹੋ ਸਕਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੂੰ ਚਾਹੇ ਕੁਝ ਵੀ ਕਰ, ਪਰ ਚਰਖੇ ਤੋਂ ਉਕਤਾਅ ਨਾ। ਤੇਰੇ ਤੇ ਮੇਰੇ ਕੋਲ ਬਹੁਤ ਸਾਰੀਆਂ ਗੱਲਾਂ ਕਰਨ ਤੇ ਬਹੁਤ ਸਾਰੀਆਂ ਮਾਨਤਾਵਾਂ ਰੱਖਣ ਕਰਕੇ ਆਪਣੇ ਆਪ ਤੋਂ ਅੱਕਣ ਦੇ ਕਾਰਣ ਹੋ ਸਕਦੇ ਹਨ, ਪਰ ਇਸ ਗੱਲ ਉੱਤੇ ਅਫਸੋਸ ਕਰਨ ਦਾ ਕਦੀ ਕੋਈ ਕਾਰਣ ਨਹੀਂ ਹੋਏਗਾ ਕਿ ਅਸੀਂ ਚਰਖੇ ਵਿਚ ਸ਼ਰਧਾ ਕਰ ਲਈ ਹੈ ਤੇ ਮਾਤਰਭੂਮੀ ਦੇ ਨਾਂ ਉਪਰ ਹਰ ਰੋਜ਼ ਏਨਾ ਵਧੀਆ ਸੂਤ ਕਿਉਂ ਕੱਤਿਆ ਹੈ, ਅਸੀਂ? ਤੇਰੇ ਕੋਲ 'ਸਾਂਗ ਮਿਲੇਸ਼ੀਅਲ' ਹੈ। ਮੈਂ ਐਡਵਿਨ ਆਰਨਲਡ ਵਰਗਾ ਬੇਮਿਸਾਲ ਅਨੁਵਾਦ ਤਾਂ ਨਹੀਂ ਕਰ ਸਕਤਾ, ਪਰ ਮੂਲ ਸੰਸਕ੍ਰਿਤ ਦਾ ਉਲੱਥਾ ਇੰਜ ਹੈ, 'ਸ਼ਕਤੀ ਬੇਕਾਰ ਨਹੀਂ ਜਾਂਦੀ, ਨਸ਼ਟ ਤਾਂ ਹੁੰਦੀ ਹੀ ਨਹੀਂ। ਧਰਮ ਦੇ ਥੋੜ੍ਹੇ ਜਿੰਨੇ ਅੰਸ਼ ਨਾਲ ਮਨੁੱਖ ਕਈ ਵਾਰ ਗਿਰਨ ਤੋ ਬਚ ਜਾਂਦਾ ਹੈ।' ਇਸ ਧਰਮ ਦਾ ਭਾਵ ਕਰਮ-ਯੋਗ ਤੋਂ ਹੈ ਤੇ ਸਾਡੇ ਯੁੱਗ ਦਾ ਕਰਮ-ਯੋਗ ਚਰਖਾ ਹੈ। ਪਿਆਰੇ ਲਾਲ ਦੀ ਮਾਰਫ਼ਤ ਤੂੰ ਮੈਨੂੰ ਖ਼ੂਨ ਸੁਕਾਅ ਦੇਣ ਵਾਲੀ ਖ਼ੁਰਾਕ ਪਿਲਾਈ ਹੈ, ਇਸ ਪਿੱਛੋਂ ਤੇਰਾ ਹੌਸਲਾ ਵਧਾਊ ਪੱਤਰ ਆਉਣਾ ਚਾਹੀਦਾ ਹੈ।”
ਹੁਣ ਦੇਖੀਏ ਕਿ ਜਵਾਹਰ ਲਾਲ ਉੱਤੇ ਇਸ ਖ਼ਤ ਦਾ ਕੀ ਅਸਰ ਹੋਇਆ ਹੈ ਤੇ ਉਹ ਅਹਿੰਸਾ ਤੇ ਚਰਖੇ ਦੇ ਇਸ ਦਰਸ਼ਨ ਨਾਲ, ਜਿਹੜਾ ਸਾਡੇ ਯੁੱਗ ਦਾ 'ਕਰਮ-ਯੋਗ' ਹੈ, ਹੌਲੀ-ਹੌਲੀ ਕਿਵੇਂ ਆਪਣੀ ਮਿਜਾ ਰਲਾਉਂਦੇ ਹਨ। 'ਮੇਰੀ ਕਹਾਣੀ' ਦੇ 'ਅਹਿੰਸਾ ਔਰ ਤਲਵਾਰ ਕਾ ਨਿਆਏ' ਨਾਂ ਦੇ ਵਿਸ਼ੇ ਹੇਠ ਲਿਖਦੇ ਹਨ...:
“ਅਸਲ ਗੱਲ ਤਾਂ ਇਹ ਹੈ ਕਿ ਫਰਬਰੀ 1922 ਵਿਚ ਸਤਿਆਗ੍ਰਹਿ ਦਾ ਬੰਦ ਕੀਤਾ ਜਾਣਾ ਸਿਰਫ ਚੌਰੀ-ਚੌਰਾ ਕਾਂਢ ਦੇ ਕਾਰਣ ਹੀ ਨਹੀਂ ਸੀ ਹੋਇਆ, ਹਾਲਾਂਕਿ ਵਧੇਰੇ ਲੋਕ ਇਹੀ ਸਮਝਦੇ ਸਨ। ਉਹ ਤਾਂ ਅਸਲ ਵਿਚ ਇਕ ਆਖ਼ਰੀ ਨਿਮਿਤ ਬਣ ਗਿਆ ਸੀ। ਇੰਜ ਜਾਪਦਾ ਹੈ ਕਿ ਗਾਂਧੀਜੀ ਨੇ ਬਹੁਤ ਅਰਸੇ ਤੋਂ ਜਨਤਾ ਦੇ ਨਜ਼ਦੀਕ ਰਹਿ ਕੇ ਆਪਣੇ ਅੰਦਰ ਇਕ ਨਵੀਂ ਚੇਤਨਾ ਪੈਦਾ ਕਰ ਲਈ ਸੀ, ਜਿਹੜੀ ਉਹਨਾਂ ਨੂੰ ਇਹ ਦੱਸ ਦਿੰਦੀ ਸੀ ਕਿ ਜਨਤਾ ਕੀ ਮਹਿਸੂਸ ਕਰ ਰਹੀ ਹੈ ਤੇ ਉਹ ਕੀ ਕਰ ਸਕਦੀ ਹੈ ਤੇ ਕੀ ਨਹੀਂ ਕਰ ਸਕਦੀ ਤੇ ਉਹ ਅਕਸਰ ਆਪਣੀ ਅੰਤਰ-ਪ੍ਰੇਰਣਾ ਜਾਂ ਸਹਿਜ-ਬੁੱਧੀ ਤੋਂ ਪ੍ਰੇਰਤ ਹੋ ਕੇ ਕੰਮ ਕਰਦੇ ਹਨ ਜਿਵੇਂ ਕਿ ਮਹਾਨ ਲੋਕਪ੍ਰਿਯ ਨੇਤਾ ਅਕਸਰ ਕਰਦੇ ਹੁੰਦੇ ਹਨ। ਉਹ ਇਸ ਸਹਿਜ-ਪ੍ਰੇਰਣਾ ਨੂੰ ਸੁਣਦੇ ਹਨ ਤੇ ਉਸੇ ਦੇ ਅਨੁਸਾਰ ਹੀ ਆਪਣੇ ਕੰਮਾਂ ਨੂੰ ਰੂਪ ਦਿੰਦੇ ਹਨ। ਤੇ ਉਸ ਪਿੱਛੋਂ ਆਪਣੇ ਹੈਰਾਨ ਤੇ ਨਾਰਾਜ਼ ਸਾਥੀਆਂ ਲਈ ਆਪਣੇ ਫੈਸਲੇ ਨੂੰ ਕਾਰਣ ਦਾ ਜਾਮਾ ਪਵਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਜਾਮਾ ਅਕਸਰ ਬਿਲਕੁਲ ਬਿਨਾਂ-ਮੇਚੇ ਦਾ ਹੁੰਦਾ ਹੈ, ਜਿਵੇਂ ਕਿ ਚੌਰੀ-ਚੌਰਾ ਦੇ ਬਾਅਦ ਲੱਗਦਾ ਸੀ।” ਹੁਣ ਇਸ ਕਾਰਣ-ਰੂਪੀ-ਜਾਮੇ ਨੂੰ ਘੱਟੋਘੱਟ ਆਪਣੇ ਮੇਚੇ ਦਾ ਬਣਾਉਣ ਲਈ ਜਵਾਹਰ ਲਾਲ ਤਰਕ ਨੂੰ ਇੰਜ ਅੱਗੇ ਵਧਾਉਂਦੇ ਹਨ, “ਉਸ ਵਕਤ ਸਾਡਾ ਅੰਦੋਲਨ ਬਾਵਜੂਦ ਉਸਦੇ ਉਪਰੋਂ ਦਿਖਾਈ ਦੇਣ ਵਾਲੇ ਲੰਮੇ-ਚੌੜੇ ਜੋਸ਼ ਦੇ, ਅੰਦਰੋਂ ਖਿੱਲਰਿਆ-ਪੁੱਲਰਿਆ ਪਿਆ ਸੀ। ਸਾਰਾ ਸੰਗਠਨ ਤੇ ਅਨੁਸ਼ਾਸਨ ਠੁੱਸ ਹੋਇਆ ਹੋਇਆ ਸੀ...
ਗਾਂਧੀਜੀ ਦੇ ਦਿਮਾਗ਼ ਵਿਚ ਜਿਹੜੇ ਕਾਰਨਾਂ ਤੇ ਪ੍ਰਭਾਵਾਂ ਨੇ ਕੰਮ ਕੀਤਾ ਉਹ ਸੰਭਵ ਹੈ ਇਹੀ ਸਨ, ਉਹਨਾਂ ਦੀਆਂ ਮੂਲ ਗੱਲਾਂ ਨੂੰ, ਨਾਲੇ ਅਹਿੰਸਾ-ਸ਼ਾਸਤਰ ਦੇ ਮੁਤਾਬਿਕ ਕੰਮ ਕਰਨ ਦੀ ਇੱਛਾ ਨੂੰ ਮੰਨ ਲੈਣ ਪਿੱਛੋਂ ਕਹਿਣਾ ਪਏਗਾ ਕਿ ਉਹਨਾਂ ਦਾ ਫੈਸਲਾ ਸਹੀ ਸੀ। ਉਹਨਾਂ ਇਹ ਸਾਰੀਆਂ ਖਰਾਬੀਆਂ ਰੋਕ ਕੇ, ਨਵੇਂ ਸਿਰੇ ਤੋਂ ਰਚਨਾ ਕਰਨੀ ਸੀ।”
ਪਰ ਫੈਸਲੇ ਨੂੰ ਸਹੀ ਮੰਨ ਲੈਣ ਦੇ ਬਾਵਜੂਦ ਵੀ ਜਵਾਹਰ ਲਾਲ ਦੀ ਆਪਣੀ ਤੱਸਲੀ ਨਹੀਂ ਹੋਈ ਜਾਪਦੀ। ਵਕੀਲ ਜੋ ਸਨ, ਇਸ ਲਈ ਜਾਣਦੇ ਸਨ ਕਿ ਵਿਰੋਧੀ ਪੱਖ ਦਾ ਵਕੀਲ ਇਸ ਦੇ ਉਲਟ ਤਰਕ ਪੇਸ਼ ਕਰ ਸਕਦਾ ਹੈ। ਇਸ ਲਈ ਖ਼ੁਦ ਹੀ ਆਪਣੀ ਗੱਲ ਦਾ ਖੰਡਨ ਕਰਦਿਆਂ, ਤੁਰੰਤ ਲਿਖਦੇ ਹਨ...:
“ਇਕ ਦੂਜੀ ਤੇ ਬਿਲਕੁਲ ਜੁਦਾ ਦ੍ਰਿਸ਼ਟੀ ਨਾਲ ਦੇਖਣ 'ਤੇ ਉਹਨਾਂ ਦਾ ਫੈਸਲਾ ਗਲਤ ਵੀ ਮੰਨਿਆਂ ਜਾ ਸਕਦਾ ਹੈ, ਲੇਕਿਨ ਉਸ ਦ੍ਰਿਸ਼ਟੀਕੋਣ ਦਾ ਅਹਿੰਸਾਤਮਕ ਤਰੀਕੇ ਨਾਲ ਕੋਈ ਤਾਅਲੁਕ ਨਹੀਂ ਸੀ। ਤੁਸੀਂ ਇਕੋ ਸਮੇਂ ਸੱਜੇ, ਖੱਬੇ ਦੋਹਾਂ ਰਸਤਿਆਂ ਉੱਤੇ ਨਹੀਂ ਤੁਰ ਸਕਦੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਪਣੇ ਉਸ ਅੰਦੋਲਨ ਨੂੰ ਉਸ ਅਵਸਥਾ ਵਿਚ ਤੇ ਇਸ ਖਾਸ ਇੱਕੀ-ਦੁੱਕੀ ਕਾਰਣ ਕਰਕੇ ਸਰਕਾਰੀ ਹੱਤਿਆ ਕਾਂਢ ਰਾਹੀਂ ਕੁਚਲ ਸੁੱਟਣ ਦਾ ਸੱਦਾ ਦੇਣ ਨਾਲ ਵੀ, ਰਾਸ਼ਟਰੀ ਅੰਦੋਲਨ ਖ਼ਤਮ ਨਹੀਂ ਹੋ ਸਕਦਾ ਸੀ, ਕਿਉਂਕਿ ਅਜਿਹੇ ਅੰਦੋਲਨਾ ਦਾ ਇਕ ਪੱਖ ਇਹ ਵੀ ਹੁੰਦਾ ਹੈ ਕਿ ਉਹ ਆਪਣੀ ਚਿਤਾ ਦੀ ਭਸਮ ਵਿਚੋਂ ਵੀ ਮੁੜ ਉਠ ਖੜ੍ਹੇ ਹੁੰਦੇ ਹਨ। ਅਕਸਰ ਥੋੜ੍ਹੇ-ਥੋੜ੍ਹੇ ਸਮੇਂ ਦੀ ਹਾਰ ਨਾਲ ਵੀ ਸਮਸਿਆਵਾਂ ਨੂੰ ਪੂਰੀ ਤਰ੍ਹਾਂ ਸਮਝਣ ਤੇ ਲੋਕਾਂ ਨੂੰ ਪੱਕਾ ਤੇ ਮਜ਼ਬੂਤ ਕਰਨ ਵਿਚ ਮਦਦ ਮਿਲਦੀ ਹੈ। ਅਸਲੀ ਗੱਲ ਪਿੱਛੇ ਹਟਨਾਂ ਜਾਂ ਦਿਖਾਵਟੀ ਹਾਰ ਹੋਣਾ ਨਹੀਂ ਬਲਕਿ ਸਿਧਾਂਤ ਤੇ ਆਦਰਸ਼ ਹਨ।” ਇਕੋ ਪਹਿਰੇ ਵਿਚ ਗੱਲ ਨੂੰ ਫੇਰ ਪਲਟਦੇ ਹਨ, “ਲੇਕਿਨ 1921 ਤੇ 1922 ਵਿਚ ਸਾਡੇ ਸਿਧਾਂਤ ਤੇ ਸਾਡਾ ਟੀਚਾ ਕੀ ਸੀ? ਇਕ ਧੁੰਦਲਾ ਸਵਰਾਜ, ਜਿਸਦੀ ਕੋਈ ਸਪਸ਼ਟ ਵਿਆਖਿਆ ਨਹੀਂ ਸੀ ਤੇ ਨਾ ਹੀ ਅਹਿੰਸਾਤਮਕ ਲੜਾਈ ਦੀ ਇਕ ਖਾਸ ਵਿਧੀ। ਜੇ ਲੋਕ ਵੱਡੇ ਪੈਮਾਨੇ ਉਪਰ ਇੱਕਾ-ਦੁੱਕਾ ਹਿੰਸਾ ਕਾਂਢ ਕਰ ਦਿੰਦੇ ਤਾਂ ਆਪਣੇ ਆਪ ਪਿਛਲੀ ਗੱਲ ਯਾਨੀ ਅਹਿੰਸਾ ਦਾ ਤਰੀਕਾ ਖ਼ਤਮ ਹੋ ਜਾਂਦਾ ਤੇ ਜਿੱਥੋ ਤਕ ਪਹਿਲੀ ਗੱਲ ਯਾਨੀ ਸਵਰਾਜ ਨਾਲ ਤਾਅਲੁਕ ਹੈ, ਉਸ ਵਿਚ ਕੋਈ ਅਜਿਹੀ ਗੱਲ ਨਹੀਂ ਸੀ, ਜਿਸ ਦੇ ਲਈ ਲੋਕ ਲੜਦੇ। ਆਮ ਤੌਰ 'ਤੇ ਲੋਕ ਏਨੇ ਮਜ਼ਬੂਤ ਨਹੀਂ ਸਨ ਕਿ ਉਹ ਲੰਮੇ ਅਰਸੇ ਤਕ ਲੜਾਈ ਜਾਰੀ ਰੱਖ ਸਕਦੇ—ਤੇ ਵਿਦੇਸ਼ੀ ਹਕੂਮਤ ਦੇ ਖ਼ਿਲਾਫ਼ ਲਗਭਗ ਸਰਬ-ਵਿਆਪੀ ਅਸੰਤੋਖ ਤੇ ਕਾਂਗਰਸ ਦੇ ਨਾਲ ਲੋਕਾਂ ਦੀ ਹਮਦਰਦੀ ਦੇ ਬਾਵਜੂਦ ਲੋਕਾਂ ਵਿਚ ਕਾਫੀ ਬਲ ਜਾਂ ਏਕਾ ਨਹੀਂ ਸੀ।”
ਜਵਾਹਰ ਲਾਲ ਨੇ ਇਹ ਠੀਕ ਲਿਖਿਆ ਹੈ ਕਿ 'ਤੁਸੀਂ ਇਕੋ ਸਮੇਂ ਸੱਜੇ ਤੇ ਖੱਬੇ ਦੋਹਾਂ ਰਸਤਿਆਂ ਉੱਤੇ ਨਹੀਂ ਤੁਰ ਸਕਦੇ।' ਪਰ ਇਸ ਸਾਰੀ ਬਹਿਸ ਵਿਚ ਇਹ ਰਤਾ ਵੀ ਸਪਸ਼ਟ ਨਹੀਂ ਕੀਤਾ ਕਿ ਉਹ ਖ਼ੁਦ ਸੱਜੇ ਜਾਂ ਖੱਬੇ, ਕਿਸ ਰਸਤੇ ਉਪਰ ਤੁਰ ਰਹੇ ਹਨ; ਤੇ ਜਾਂ ਫੇਰ ਗਾਂਧੀ ਦੇ ਸਵਰਾਜ ਦੀ ਵਿਆਖਿਆ ਵਾਂਗ ਜਾਣ-ਬੁੱਝ ਕੇ ਸਪਸ਼ਟ ਨਹੀਂ ਕੀਤਾ ਗਿਆ। ਉਹ ਗਾਂਧੀ ਦੇ ਅਹਿੰਸਾ ਤੇ ਹਿਰਦੇ-ਪ੍ਰੀਵਰਤਨ ਦੇ ਸਿਧਾਂਤ ਨੂੰ ਦਰੁਸਤ ਮੰਨਦੇ ਹਨ ਜਾਂ ਨਹੀਂ? ਉਹ ਇਹ ਦੱਸਣ ਦਾ ਹੌਸਲਾ ਨਹੀਂ ਕਰਦੇ ਕਿ ਚੌਰੀ-ਚੌਰਾ ਦੇ ਬਾਅਦ ਅੰਦੋਲਨ ਨੂੰ ਬੰਦ ਕਰ ਦੇਣਾ ਸਹੀ ਸੀ ਜਾਂ ਗਲਤ! ਤਰਕ ਏਧਰ ਵੀ ਤੇ ਓਧਰ ਵੀ ਦੋਵੇਂ ਪਾਸੇ ਸਮਾਨ ਗਤੀ ਨਾਲ ਚੱਲਦਾ ਹੈ। ਪਿੱਛੋਂ ਵੀ ਹਮੇਸ਼ਾ ਹੀ ਉਹਨਾਂ ਇਸੇ ਉਲਝਾਉਣ ਵਾਲੀ ਸ਼ੈਲੀ ਨੂੰ ਅਪਣਾਈ ਰੱਖਿਆ ਹੈ—ਜਿਸਦਾ ਮੰਤਕ ਆਪਣੇ ਤੇ ਗਾਂਧੀ ਦੇ ਕਰਾਂਤੀ-ਵਿਰੋਧੀ ਵਰਗ-ਚਰਿੱਤਰ ਉਪਰ ਪਰਦਾ ਪਾਈ ਰੱਖਣ ਦੇ ਸਿਵਾਏ ਕੁਝ ਹੋਰ ਨਹੀਂ ਹੋ ਸਕਦਾ। ਦੇਖੋ, ਇਸ ਤੋਂ ਪੰਦਰਾਂ ਸਾਲ ਬਾਅਦ ਉਹਨਾਂ ਪੂਨੇ ਵਿਚ ਗਾਂਧੀ ਨਾਲ ਆਪਣੀ ਇਕ ਮੁਲਾਕਤ ਦਾ ਜ਼ਿਕਰ ਕਰਦਿਆਂ ਲਿਖਿਆ ਹੈ...:
“ਮੈਨੂੰ ਖੁਸ਼ੀ ਹੋਈ ਕਿ ਗਾਂਧੀਜੀ ਨੇ ਇਹ ਐਲਾਨ ਕਰ ਦਿੱਤਾ ਕਿ ਨਿੱਜੀ-ਸਵਾਰਥਾਂ ਨੂੰ ਹਟਾਅ ਦੇਣਾ ਚਾਹੀਦਾ ਹੈ, ਹਾਲਾਂਕਿ ਉਹਨਾਂ ਇਸ ਗੱਲ ਉੱਤੇ ਜੋਰ ਦਿੱਤਾ ਕਿ ਇਹ ਕੰਮ ਬਲ-ਪ੍ਰਯੋਗ ਨਾਲ ਨਹੀਂ, ਬਲਕਿ ਹਿਰਦੇ-ਪ੍ਰੀਵਰਤਨ ਨਾਲ ਹੋਣਾ ਚਾਹੀਦਾ ਹੈ। ਚੂੰਕਿ/ਕਿਉਂਕਿ ਮੇਰਾ ਖ਼ਿਆਲ ਹੈ ਕਿ ਉਹਨਾਂ ਦੇ ਹਿਰਦੇ-ਪ੍ਰੀਵਰਤਨ ਦੇ ਕੁਛ ਤਰੀਕੇ ਨਿਮਰਤਾ ਤੇ ਵਿਚਾਰਪੂਰਨ ਬਲ-ਪ੍ਰਯੋਗ ਨਾਲੋਂ ਬੜੇ ਵੱਖਰੇ ਹਨ, ਇਸ ਲਈ ਮੈਨੂੰ ਮਤਭੇਦ ਜ਼ਿਆਦਾ ਨਹੀਂ ਲੱਗਿਆ। ਉਸ ਵਕਤ ਪਹਿਲਾਂ ਵਾਂਗ ਹੀ, ਮੇਰੀ ਉਹਨਾਂ ਬਾਰੇ ਇਹ ਧਾਰਨਾ ਸੀ ਕਿ ਉਹ ਭਾਵੇਂ ਗੋਲ-ਮੋਲ ਸਿਧਾਤਾਂ ਉੱਤੇ ਵਿਚਾਰ ਨਹੀਂ ਕਰਦੇ ਤਾਂਵੀ ਉਹ ਘਟਨਾਵਾਂ ਦੇ ਤਰਕ ਭਰਪੂਰ ਸਿੱਟਿਆਂ ਨੂੰ ਦੇਖ ਦੇ ਹੌਲੀ ਹੌਲੀ, ਜੜਾਂ ਤੀਕ ਸਮਾਜਿਕ ਪ੍ਰੀਵਰਤਨ ਦੀ ਲੋੜ ਨੂੰ ਮੰਨ ਲੈਣਗੇ। ਉਹ ਇਕ ਵਚਿੱਤਰ ਵਿਅਕਤੀ ਹਨ। ਸ਼੍ਰੀ ਬੇਰੀਅਰ ਐਲਵਿਨ ਦੇ ਸ਼ਬਦਾਂ ਵਿਚ ਉਹ 'ਉਹ ਮੱਧਕਾਲੀ ਕੈਥੋਲਿਕ ਸਾਧੂਆਂ ਵਰਗੇ ਆਦਮੀ ਹਨ'—ਲੇਕਿਨ ਨਾਲ ਹੀ ਉਹ ਇਕ ਵਿਹਾਰਕ ਨੇਤਾ ਵੀ ਹਨ ਤੇ ਹਿੰਦੁਸਤਾਨ ਦੇ ਕਿਸਾਨਾਂ ਦੀ ਨਬਜ਼ ਹਮੇਸ਼ਾ ਉਹਨਾਂ ਦੇ ਹੱਥ ਵਿਚ ਰਹਿੰਦੀ ਹੈ। ਸੰਕਟਕਾਲ ਵਿਚ ਉਹ ਕਿਸ ਦਿਸ਼ਾ ਵੱਲ ਮੁੜ ਜਾਣਗੇ ਇਹ ਕਹਿਣਾ ਮੁਸ਼ਕਿਲ ਹੈ, ਲੇਕਿਨ ਦਿਸ਼ਾ ਕੋਈ ਵੀ ਹੋਏ, ਉਸਦਾ ਸਿੱਟਾ ਜਬਰਦਸਤ ਹੋਏਗਾ। ਸੰਭਵ ਹੈ ਸਾਡੇ ਖ਼ਿਆਲ ਵਿਚ ਉਹ ਗਲਤ ਰਸਤੇ ਜਾ ਰਹੇ ਹੋਣ; ਲੇਕਿਨ ਹਮੇਸ਼ਾ ਉਹ ਰਸਤਾ ਸਿੱਧਾ ਹੀ ਹੋਏਗਾ। ਉਹਨਾਂ ਨਾਲ ਕੰਮ ਕਰਨਾ ਤਾਂ ਚੰਗਾ ਹੀ ਸੀ; ਲੇਕਿਨ ਜੇ ਲੋੜ ਹੋਈ ਤਾਂ ਵੱਖਰੇ ਰਸਤੇ ਤੋਂ ਵੀ ਜਾਣਾ ਪਏਗਾ।”
'ਲੇਕਿਨ' ਦੀ ਕਰਾਮਾਤ ਵੀ ਦੇਖ ਹੀ ਲਓ। ਗਾਂਧੀ ਮੱਧਕਾਲੀ ਕੈਥੋਲਿਕ ਸਾਧੂ ਵੀ ਸੀ, ਵਿਹਾਰਕ ਨੇਤਾ ਵੀ। ਦਿਸ਼ਾ ਭਾਵੇਂ ਕੋਈ ਵੀ ਹੋਏ, ਉਸਦਾ ਸਿੱਟਾ ਜਬਰਦਸਤ ਹੋਏਗਾ। ਉਹਨਾਂ ਨਾਲ ਕੰਮ ਕਰਨਾ ਤਾਂ ਚੰਗਾ ਹੀ ਹੈ, ਲੋੜ ਹੋਈ ਤਾਂ ਵੱਖਰੇ ਰਸਤੇ ਤੋਂ ਵੀ ਜਾਣਾ ਪਏਗਾ।
ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜਵਾਹਰ ਲਾਲ ਨੂੰ ਕਦੀ ਇਸਦੀ ਲੋੜ ਮਹਿਸੂਸ ਹੋਈ? ਗੱਲਾਂ ਨੂੰ ਜਾਣ ਦਿਓ ਕੀ ਅਮਲ ਵਿਚ ਉਹਨਾਂ ਕਦੀ ਵੀ ਗਾਂਧੀ ਨਾਲੋਂ ਵੱਖਰਾ ਰਸਤਾ ਅਪਣਾਇਆ?
1921 ਵਿਚ ਫੈਜਾਬਾਦ ਜਿਲ੍ਹੇ ਵਿਚ ਦੂਰ-ਦੂਰ ਤਕ ਦਮਨ-ਚੱਕਰ ਵਾਹਿਆ ਗਿਆ। ਕਾਰਣ ਇਹ ਕਿ ਪਿੰਡਾਂ ਦੇ ਕਿਸਾਨਾਂ ਨੇ 'ਗਾਂਧੀਜੀ ਦੀ ਜੈ' ਦਾ ਨਾਅਰਾ ਲਾਉਂਦਿਆਂ ਹੋਇਆਂ ਇਕ ਤਾਅਲੁਕੇਦਾਰ ਦਾ ਮਾਲ-ਮੱਤਾ ਲੁੱਟ ਲਿਆ ਸੀ। ਇਹ ਘਟਨਾ ਬਿਆਨ ਕਰਦਿਆਂ ਹੋਇਆਂ ਜਵਾਹਰ ਲਾਲ 'ਮੇਰੀ ਕਹਾਣੀ' ਵਿਚ ਲਿਖਦੇ ਹਨ...:
“ਜਦ ਮੈਂ ਇਹ ਸੁਣਿਆਂ ਤਾਂ ਹਿਰਖ ਹੀ ਗਿਆ ਤੇ ਇਕ-ਦੋ ਦਿਨਾਂ ਅੰਦਰ ਹੀ ਉਸ ਦੁਰਘਟਨਾ ਵਾਲੀ ਥਾਂ ਜਾ ਪਹੁੰਚਿਆ, ਜਿਹੜੀ ਅਕਬਰਪੁਰ (ਫੈਜਾਬਾਦ ਜਿਲ੍ਹਾ) ਦੇ ਨੇੜੇ ਹੀ ਸੀ। ਮੈਂ ਉਸੇ ਦਿਨ ਇਕ ਸਭਾ ਬੁਲਾਈ ਤੇ ਕੁਛ ਘੰਟਿਆਂ ਵਿਚ ਹੀ ਪੰਜ-ਛੇ ਹਜ਼ਾਰ ਲੋਕ ਕਈ ਪਿੰਡਾਂ ਵਿਚੋਂ, ਕੋਈ ਦਸ-ਦਸ ਮੀਲ ਦੀ ਦੂਰੀ ਤੋਂ ਆ ਕੇ ਉੱਥੇ ਇਕੱਤਰ ਹੋ ਗਏ। ਮੈਂ ਉਹਨਾਂ ਨੂੰ ਪੁੱਠੇ ਹੱਥੀਂ ਲਿਆ ਤੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਤੇ ਸਾਡੇ ਕੰਮ ਨੂੰ ਠੇਸ ਪਹੁੰਚਾਈ ਤੇ ਸ਼ਰਮਿੰਦਗੀ ਦਿਵਾਈ ਹੈ ਤੇ ਕਿਹਾ ਕਿ ਜਿਹਨਾਂ ਜਿਹਨਾਂ ਨੇ ਲੁੱਟਮਾਰ ਕੀਤੀ ਹੈ, ਉਹ ਸਭ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰਨ। (ਮੈਂ ਉਹਨੀਂ ਦਿਨੀ ਗਾਂਧੀਜੀ ਦੀ ਸਤਿਆਗ੍ਰਹਿ ਦੀ ਭਾਵਨਾ ਨਾਲ, ਜਿਨਾਂ ਕੁ ਮੈਂ ਉਸਨੂੰ ਸਮਝਦਾ ਸਾਂ, ਭਰਿਆ ਹੋਇਆ ਸਾਂ!) ਮੈਂ ਉਹਨਾਂ ਲੋਕਾਂ ਨੂੰ ਜਿਹੜੇ ਲੁੱਟਮਾਰ ਵਿਚ ਸ਼ਾਮਿਲ ਸਨ, ਹੱਥ ਖੜ੍ਹੇ ਕਰਨ ਲਈ ਕਿਹਾ, ਤੇ ਕਹਿੰਦਿਆਂ ਵੀ ਹੈਰਾਨੀ ਹੁੰਦੀ ਹੈ ਕਿ ਕਈ ਪੁਲਿਸ ਅਫ਼ਸਰਾਂ ਦੇ ਹੁੰਦਿਆਂ, ਕਈ ਦਰਜਨ ਹੱਥ ਉਪਰ ਉੱਠ ਗਏ। ਇਸ ਦੇ ਅਰਥ ਸਨ, ਯਕੀਨਨ ਉਹਨਾਂ ਉੱਤੇ ਆਫਤ ਦਾ ਆਉਣਾ।”
ਜਵਾਹਰ ਲਾਲ ਖ਼ੁਦ ਇਹ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਇਹ ਕੰਮ ਤਾਅਲੁਕੇਦਾਰਾਂ ਤੇ ਵਿਦੇਸ਼ੀ ਸਾਮਰਾਜ ਦੇ ਨਿੱਜੀ-ਸਵਾਰਥਾਂ ਦੀ ਰੱਖਿਆ ਤੇ ਪੀੜੇ ਕਿਸਾਨਾਂ ਤੇ ਕਰਾਂਤੀ ਦੇ ਪ੍ਰਤੀ ਵਿਸ਼ਵਾਸਘਾਤ ਸੀ, ਇਸ ਲਈ ਬਰੈਕਟਾਂ ਵਿਚ ਲਿਖਦੇ ਹਨ ਕਿ ਮੈਂ ਉਹਨੀਂ ਦਿਨੀ ਗਾਂਧੀਜੀ ਦੇ ਸਤਿਆਗ੍ਰਹਿ ਦੀ ਭਾਵਨਾ ਨਾਲ ਭਰਿਆ ਹੋਇਆ ਸਾਂ। ਪਰ ਸੱਤ ਸਾਲ ਬਾਅਦ ਯਾਨੀ 1928 ਵਿਚ ਜਦੋਂ ਲਖ਼ਨਊ ਦੇ ਇਕ ਕਾਂਗਰਸ ਜਲੂਸ ਵਿਚ ਪਹਿਲੀ ਵਾਰੀ ਉਹਨਾਂ ਦੇ ਸਰੀਰ ਉੱਤੇ ਪੁਲਿਸ ਦੀ ਡਾਂਗ ਵਰ੍ਹੀ, ਤਦ?
“ਇਸ ਛੋਟੀ ਜਿਹੀ ਘਟਨਾ ਦਾ ਹਾਲ ਮੈਂ ਕੁਛ ਵਿਸਥਾਰ ਨਾਲ ਲਿਖਿਆ ਹੈ ਕਿਉਂਕਿ ਇਸ ਦਾ ਮੇਰੇ ਉੱਤੇ ਖਾਸਾ ਅਸਰ ਹੋਇਆ। ਮੈਨੂੰ ਜਿਹੜਾ ਸਰੀਰਕ ਕਸ਼ਟ ਹੋਇਆ, ਉਹ ਮੇਰੀ ਇਸ ਖੁਸ਼ੀ ਅੱਗੇ ਯਾਦ ਹੀ ਨਹੀਂ ਸੀ ਰਿਹਾ ਕਿ ਮੈਂ ਵੀ ਡਾਂਗ ਦੀ ਮਾਰ ਬਰਦਾਸ਼ਤ ਕਰਨ ਤੇ ਉਸਦੇ ਸਾਹਮਣੇ ਟਿਕੇ ਰਹਿਣ ਲਾਇਕ ਮਜ਼ਬੂਤ ਹਾਂ। ਤੇ ਜਿਸ ਗੱਲ ਦੀ ਮੈਨੂੰ ਹੈਰਾਨੀ ਹੋਈ, ਉਹ, ਇਹ ਸੀ ਕਿ ਇਸ ਘਟਨਾ ਵਿਚ, ਜਦ ਕਿ ਮੈਨੂੰ ਮਾਰ ਪੈ ਰਹੀ ਸੀ, ਤਦ ਵੀ ਮੇਰਾ ਦਿਮਾਗ਼ ਠੀਕ-ਠਾਕ ਕੰਮ ਕਰਦਾ ਰਿਹਾ ਤੇ ਮੈਂ ਆਪਣੇ ਅੰਦਰ ਦੀਆਂ ਭਾਵਨਾਵਾਂ ਦਾ ਬੁੱਧੀ-ਵੱਸ ਵਿਸ਼ਲੇਸ਼ਣ ਕਰਦਾ ਰਿਹਾ। ਇਸ ਰਿਹਰਸਲ ਨੇ ਮੈਨੂੰ ਦੂਜੇ ਦਿਨ ਸਵੇਰੇ ਬੜੀ ਮਦਦ ਦਿੱਤੀ, ਜਦਕਿ ਸਾਡਾ ਹੋਰ ਵੀ ਸਖ਼ਤ ਇਮਤਿਹਾਨ ਹੋਣ ਵਾਲਾ ਸੀ ਕਿਉਂਕਿ ਦੂਜੇ ਦਿਨ ਸਵੇਰੇ ਹੀ ਸਾਈਮਨ ਕਮਿਸ਼ਨ ਆਉਣ ਵਾਲਾ ਸੀ ਤੇ ਉਸ ਸਮੇਂ ਅਸੀਂ ਵਿਰੋਧ ਪ੍ਰਦਸ਼ਨ ਕਰਨਾ ਸੀ।”
ਦੂਜੇ ਦਿਨ ਦੀ ਮਾਰ ਹੋਰ ਵੀ ਸਖ਼ਤ ਸੀ। ਲਿਖਿਆ ਹੈ : “ਮਾਰ ਨਾਲ ਮੈਨੂੰ ਚੱਕਰ ਆਉਣ ਲੱਗ ਪਏ ਤੇ ਮਨ ਹੀ ਮਨ ਗੁੱਸਾ ਵੀ ਤੇ ਪਲਟ ਕੇ ਮਾਰਨ ਦਾ ਖ਼ਿਆਲ ਵੀ ਆਇਆ।...ਮਗਰ ਲੰਮੇ ਅਰਸੇ ਦੀ ਤਾਲੀਮ ਤੇ ਅਨੁਸ਼ਾਸਨ ਨੇ ਕੰਮ ਦਿੱਤਾ ਤੇ ਮੈਂ ਆਪਣੇ ਸਿਰ ਨੂੰ ਮਾਰ ਤੋਂ ਬਚਾਉਣ ਦੇ ਸਿਵਾਏ ਹੱਥ ਨਹੀਂ ਚੁੱਕਿਆ।”
ਮਤਲਬ ਇਹ ਕਿ ਜਵਾਹਰ ਲਾਲ ਨੇ ਗਾਂਧੀ ਨਾਲੋਂ ਵੱਖਰਾ ਰਸਤਾ ਕਦੀ ਨਹੀਂ ਅਪਣਾਇਆ ਬਲਕਿ ਆਪਣੇ ਆਪ  ਨੂੰ ਅਹਿੰਸਾ ਤੇ ਹਿਰਦੇ-ਪ੍ਰੀਵਰਤਨ ਦੀ ਸਿਖਿਆ ਅਨੁਸਾਰ ਢਾਲ ਲਿਆ, ਖ਼ੁਦ ਸੋਟੀਆਂ ਖਾ ਕੇ ਸਮੁੱਚੀ ਕਰਾਂਤੀਕਾਰੀ ਜਨਤਾ ਨੂੰ ਹਰ ਹੀਲੇ ਸ਼ਾਂਤ ਰਹਿ ਕੇ ਦੁਸ਼ਮਣ ਦੀਆਂ ਗੋਲੀਆਂ ਦਾ ਸ਼ਿਕਾਰ ਬਣਨ ਦੀ ਸਿਖਿਆ ਦਿੱਤੀ। ਫੇਰ ਨੀਵੀਂ ਪਾ ਕੇ ਮਾਰ ਖਾਂਦੇ ਰਹਿਣ ਨੂੰ ਭਾਰਤ ਦੀ ਪ੍ਰੰਪਰਾ ਸਿੱਧ ਕਰਨ ਲਈ ਅਹਿੰਸਾ ਤੇ ਹਿਰਦੇ-ਪ੍ਰੀਵਰਤਨ ਦੀ ਪਗਡੰਡੀ, ਗੌਤਮ ਬੁੱਧ ਦੀ ਇਸ ਸਿਖਿਆ ਨਾਲ ਜਾ ਮੇਲੀ “ਇਸ ਦੁਨੀਆਂ ਵਿਚ ਨਫ਼ਰਤ ਦਾ ਅੰਤ ਨਫ਼ਰਤ ਨਾਲ ਨਹੀਂ ਹੋ ਸਕਦਾ, ਨਫ਼ਰਤ ਪ੍ਰੇਮ ਕਰਨ ਨਾਲ ਹੀ ਮਿਟੇਗੀ।” ਤੇ “ਆਦਮੀ ਨੂੰ ਚਾਹੀਦਾ ਹੈ ਕਿ ਗੁੱਸੇ ਨੂੰ ਦਯਾ ਨਾਲ ਤੇ ਬੁਰਾਈ ਨੂੰ ਅੱਛਾਈ ਦੇ ਜ਼ਰੀਏ ਜਿੱਤੇ।”
ਇਸ ਤੋਂ ਅੱਠ ਸਾਲ ਬਾਅਦ ਦੀਆਂ ਪ੍ਰਸਥਿਤੀਆਂ ਦਾ ਵਰਨਣ ਕਰਦਿਆਂ ਹੋਇਆਂ ਜਵਾਹਰ ਲਾਲ ਨੇ 'ਮੇਰੀ ਕਹਾਣੀ' ਦੇ 'ਹਿਰਦੇ-ਪ੍ਰੀਵਰਤਨ ਯਾ ਬਲ-ਪ੍ਰਯੋਗ' ਵਿਸ਼ੇ ਹੇਠ ਲਿਖਿਆ ਹੈ...:
“ਉਹਨਾਂ ਦਾ (ਗਾਂਧੀਜੀ ਦਾ) ਤਰੀਕਾ ਤਾਂ ਖ਼ੁਦ ਕਸ਼ਟ ਸਹਿਣ ਦਾ ਹੈ। ਇਸ ਨੂੰ ਸਮਝ ਸਕਣਾ ਜ਼ਰਾ ਔਖਾ ਹੈ, ਕਿਉਂਕਿ ਇਸ ਵਿਚ ਇਕ ਅਧਿਆਤਮਕ ਭਾਵਨਾ ਛਿਪੀ ਹੋਈ ਹੈ ਤੇ ਅਸੀਂ ਨਾ ਤਾਂ ਇਸ ਨੂੰ ਨਾਪ ਤੋਲ ਹੀ ਸਕਦੇ ਹਾਂ ਤੇ ਨਾ ਹੀ ਭੌਤਿਕ ਤਰੀਕੇ ਨਾਲ ਉਸਦੀ ਜਾਂਚ ਕਰ ਸਕਦੇ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਵਿਰੋਧੀਆਂ ਉੱਤੇ ਇਸ ਤਰੀਕੇ ਦਾ ਕਾਫੀ ਅਸਰ ਪੈਂਦਾ ਹੈ। ਇਹ ਤਰੀਕਾ ਵਿਰੋਧੀਆਂ ਦੀਆਂ ਨੈਤਿਕ ਦਲੀਲਾਂ ਦੇ ਪਰਦੇ ਲਾਹ ਦਿੰਦਾ ਹੈ, ਉਹਨਾਂ ਅੰਦਰ ਘਬਰਾਹਟ ਪੈਦਾ ਕਰ ਦਿੰਦਾ ਹੈ, ਉਹਨਾਂ ਦੀ ਸੱਚੀ-ਸੁੱਚੀ ਭਾਵਨਾ ਨੂੰ ਜਗਾਅ ਦਿੰਦਾ ਹੈ, ਤੇ ਸਮਝੌਤੇ ਦੇ ਦਰਵਾਜ਼ੇ ਖੋਲ੍ਹ ਦਿੰਦਾ ਹੈ...”
ਫਰਬਰੀ 1922 ਵਿਚ ਤਾਂ ਗਾਂਧੀ ਨੇ ਚੌਰੀ-ਚੌਰਾ ਦੀ ਘਟਨਾ ਕਾਰਣ ਸਤਿਆਗ੍ਰਹਿ ਅੰਦੋਲਨ ਬੰਦ ਕੀਤਾ ਸੀ। ਪਰ ਦਸ ਸਾਲ ਬਾਅਦ ਫਰਬਰੀ 1932 ਵਿਚ ਜਦੋਂ ਅੰਦੋਲਨ ਆਪਣੇ ਪੂਰੇ ਜੋਬਨ ਉੱਤੇ ਸੀ, ਅਹਿੰਸਾ ਦੇ ਤਰੀਕੇ ਨੇ ਵਿਰੋਧੀ ਉੱਤੇ ਆਪਣਾ ਅਸਰ ਦਿਖਾਇਆ। ਅੰਗਰੇਜ਼ ਸਾਮਰਾਜ ਦਾ ਪ੍ਰਤਿਨਿੱਧ ਵਾਇਸਰਾਏ ਲਾਰਡ ਇਰਵਿਨ ਮਹਾਤਮਾ ਜੀ ਦੀ ਅਧਿਆਤਮਕ ਸ਼ਕਤੀ ਤੋਂ ਘਬਰਾ ਗਿਆ ਤੇ ਸਮਝੌਤੇ ਦਾ ਦਰਵਾਜ਼ਾ 'ਖੁੱਲ੍ਹ ਜਾਅ ਸਿੰਮਸਿੰਮ' ਦਾ ਮੰਤਰ ਪੜ੍ਹਨ ਵਾਂਗ ਯਕਦਮ ਖੁੱਲ੍ਹ ਗਿਆ। ਗਾਂਧੀ ਇਸ ਦਰਵਾਜ਼ੇ ਰਾਹੀਂ ਨਵੀਂ ਦਿੱਲੀ ਦੇ ਵਾਇਸਰਾਏ ਹਾਊਸ ਵਿਚ ਪ੍ਰਵੇਸ਼ ਕਰ ਗਏ ਤੇ ਆਪਣੀਆਂ ਗਿਆਰਾਂ ਸ਼ਰਤਾਂ ਵਿਚੋਂ ਇਕ ਵੀ ਮਨਵਾਏ ਬਗ਼ੈਰ ਸਮਝੌਤਾ ਕਰ ਆਏ। ਜਵਾਹਰ ਲਾਲ ਜਿਵੇਂ ਪਹਿਲਾਂ ਸਤਿਆਗ੍ਰਹਿ ਬੰਦ ਕਰ ਦੇਣ ਉੱਤੇ ਬੇਚੈਨ ਹੋਏ ਸਨ, ਹੁਣ ਵੀ ਇਸ 4 ਮਾਰਚ ਦੇ ਸਮਝੌਤੇ ਕਾਰਣ ਉਹਨਾਂ ਦਾ ਬੇਚੈਨ ਹੋ ਜਾਣਾ ਸੁਭਾਵਿਕ ਸੀ, ਪਰ ਫੇਰ ਉਹੀ ਲੇਕਿਨ...:
“ਗਾਂਧੀਜੀ ਨੂੰ ਕਿਸੇ ਨੇ ਮੇਰੀ ਮਾਨਸਿਕ ਅਵਸਥਾ ਦਾ ਹਾਲ ਦੱਸ ਦਿੱਤਾ ਤੇ ਦੂਜੇ ਦਿਨ ਸਵੇਰੇ ਉਹਨਾਂ ਮੈਨੂੰ ਆਪਣੇ ਨਾਲ ਘੁੰਮਣ ਚੱਲਣ ਲਈ ਕਿਹਾ। ਬੜੀ ਦੇਰ ਤਕ ਅਸੀਂ ਗੱਲਬਾਤ ਕੀਤੀ, ਜਿਸ ਵਿਚ ਉਹਨਾਂ ਮੈਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਨਾ ਤਾਂ ਕੋਈ ਅਤੀ ਜ਼ਰੂਰੀ ਗੱਲ ਛੱਡੀ ਗਈ ਹੈ ਤੇ ਨਾ ਹੀ ਸਿਧਾਂਤ ਹੀ ਤਿਆਗਿਆ ਗਿਆ ਹੈ। ਉਹਨਾਂ ਧਾਰਾ ਨੰਬਰ 2 ਦਾ ਇਕ ਵਿਸ਼ੇਸ਼ ਅਰਥ ਦੱਸਿਆ, ਜਿਸ ਨਾਲ ਉਹ ਸਾਡੀ ਆਜ਼ਾਦੀ ਦੀ ਮੰਗ ਨਾਲ ਮੇਲ ਖਾ ਸਕੇ। ਇਸ ਵਿਚ ਉਹਨਾਂ ਦਾ ਆਧਾਰ ਖਾਸ ਕਰਕੇ 'ਭਾਰਤ ਦੇ ਹਿਤ ਵਿਚ' ਸ਼ਬਦ ਸੀ। ਇਹ ਅਰਥ ਮੈਨੂੰ ਖਿੱਚੋਤਾਨੀ ਵਾਲਾ ਲੱਗਿਆ। ਮੈਂ ਉਸਦਾ ਕਾਇਲ ਤਾਂ ਨਹੀਂ ਹੋਇਆ, ਲੇਕਿਨ ਉਹਨਾਂ ਦੀ ਗੱਲਬਾਤ ਨਾਲ ਮੈਨੂੰ ਕੁਛ ਤੱਸਲੀ ਜ਼ਰੂਰ ਹੋਈ। ਮੈਂ ਉਹਨਾਂ ਨੂੰ ਕਿਹਾ ਕਿ ਸਮਝੌਤੇ ਦੇ ਗੁਣ-ਦੋਸ਼ ਨੂੰ ਇਕ ਪਾਸੇ ਰੱਖ ਦੇਈਏ, ਤਾਂ ਵੀ ਯਕਦਮ ਕੋਈ ਗੱਲ ਕੱਢ ਮਾਰਨ ਦੇ ਤੁਹਾਡੇ ਤਰੀਕੇ ਤੋਂ ਮੈਂ ਡਰਦਾ ਹਾਂ। ਤੁਹਾਡੇ ਅੰਦਰ ਕੋਈ ਅਜਿਹੀ ਅਗਿਆਤ ਸ਼ੈ ਹੈ, ਜਿਸਨੂੰ ਚੌਦਾਂ ਸਾਲਾਂ ਦੀ ਨੇੜਤਾ ਤੇ ਸੰਬੰਧਾਂ ਦੇ ਬਾਅਦ ਵੀ ਮੈਂ ਬਿਲਕੁਲ ਨਹੀਂ ਸਮਝ ਸਕਿਆ ਹਾਂ ਤੇ ਇਸ ਨੇ ਮੇਰੇ ਮਨ ਵਿਚ ਭੈ ਪੈਦਾ ਕਰ ਦਿੱਤਾ ਹੈ। ਉਹਨਾਂ ਆਪਣੇ ਅੰਦਰ ਕਿਸੇ ਅਜਿਹੇ ਤੱਤ ਦੀ ਹੋਂਦ ਨੂੰ ਸਵੀਕਾਰ ਕੀਤਾ; ਮਗਰ ਕਿਹਾ ਕਿ ਮੈਂ ਖ਼ੁਦ ਵੀ ਇਸ ਬਾਰੇ ਕੁਝ ਨਹੀਂ ਕਹਿ ਸਕਦਾ, ਨਾ ਇਹੀ ਪਹਿਲਾਂ ਦੱਸ ਸਕਦਾ ਹਾਂ ਕਿ ਉਹ ਮੈਨੂੰ ਕਿੱਥੇ ਜਾਂ ਕਿਸ ਪਾਸੇ ਲੈ ਜਾਏਗਾ।”
         (ਮੇਰੀ ਕਹਾਣੀ)


ਇਹ 'ਅਗਿਆਤ-ਤੱਤ' ਜਿਸ ਤੋਂ ਜਵਾਹਰ ਲਾਲ ਸਦਾ ਭੈਭੀਤ ਤੇ ਸਹਿਮੇ ਹੋਏ ਹੀ ਰਹੇ ਤੇ ਜਿਸ ਬਾਰੇ ਗਾਂਧੀ ਖ਼ੁਦ ਵੀ ਨਹੀਂ ਦਸ ਸਕਦਾ ਕਿ ਉਹ ਉਸਨੂੰ ਕਿੱਥੇ ਜਾਂ ਕਿਸ ਪਾਸੇ ਲੈ ਜਾਵੇਗਾ, ਨੀਤਸੇ ਦਾ ਅਤੀ-ਮਾਨਵਵਾਦ ਹੈ ਤੇ ਸਾਡੇ ਰਾਸ਼ਟਰੀ ਅੰਦੋਲਨ ਨੂੰ ਸੋਚ ਸਮਝ ਕੇ ਸੁਧਾਰਵਾਦੀ ਰਸਤੇ ਉੱਤੇ ਚਲਾਉਣ ਵਾਲੀ ਥਿਓਸੌਫਿਸਟ ਮਿਸੇਜ ਐਨੀ ਬੇਸੇਂਟ ਦਾ ਬ੍ਰਹਮਵਾਦ ਵੀ। ਦੋਵਾਂ ਨਾਲ ਜਵਾਹਰ ਲਾਲ ਦਾ ਪੁਰਾਣਾ ਰਿਸ਼ਤਾ ਹੈ ਸੋ ਉਹਨਾਂ ਗਾਂਧੀ ਵਿਚ ਇਹ 'ਅਗਿਆਤ-ਤੱਤ' ਇਕ ਵਾਰੀ ਨਹੀਂ ਅਨੇਕਾਂ ਵਾਰੀ ਦੇਖਿਆ। ਲਿਖਿਆ ਹੈ...:
“ਭਾਰਤ ਦਾ ਧਾਰਮਿਕ ਸਾਹਿਤ ਵੱਡੇ-ਵੱਡੇ ਤਪਸਵੀਆਂ ਦੀਆਂ ਕਥਾਵਾਂ ਨਾਲ ਭਰਿਆ ਪਿਆ ਹੈ, ਜਿਹਨਾਂ ਘੋਰ ਤਪ ਤੇ ਤਿਆਗ ਨਾਲ ਭਾਰੀ ਪੁੰਨ ਕਮਾਏ ਤੇ ਛੋਟੇ-ਛੋਟੇ ਦੇਵਤਾਵਾਂ ਦੀ ਸੱਤਾ ਹਿਲਾ ਕੇ ਰੱਖ ਦਿੱਤੀ ਤੇ ਪ੍ਰਚਲਿਤ ਵਿਵਸਥਾ ਉਲਟ-ਪਲਟ ਕਰ ਦਿੱਤੀ। ਜਦ ਕਦੀ ਮੈਂ ਗਾਂਧੀਜੀ ਦੇ ਅਨੰਤ ਅਧਿਆਤਮਕ ਭੰਡਾਰ ਵਿਚੋਂ ਵਹਿਣ ਵਾਲੀ ਵਿਲੱਖਣ ਕਾਰਜ-ਸ਼ਕਤੀ ਤੇ ਅੰਦਰਲੇ ਬਲ ਨੂੰ ਦੇਖਦਾ ਹਾਂ ਤਾਂ ਮੈਨੂੰ ਅਕਸਰ ਇਹ ਕਥਾਵਾਂ ਯਾਦ ਆ ਜਾਂਦੀਆਂ ਹਨ। ਉਹ ਨਜ਼ਰ ਆਉਂਦੀ ਦੁਨੀਆਂ ਦੇ ਸਾਧਾਰਨ ਮਨੁੱਖ ਨਹੀਂ—ਉਹ ਤਾਂ ਵਿਰਲੇ ਤੇ ਕਿਸੇ ਹੋਰ ਕਿਸਮ ਦੇ ਅਗਿਆਤ ਸਾਂਚੇ ਦੇ ਢਾਲੇ ਗਏ ਹਨ ਤੇ ਅਨੇਕਾਂ ਮੌਕਿਆਂ ਉੱਤੇ ਸਾਨੂੰ ਉਸ ਅਗਿਆਤ ਦੇ ਦਰਸ਼ਨ ਹੁੰਦੇ ਸਨ।” (ਮੇਰੀ ਕਹਾਣੀ)
ਹੁਣ ਕਿਸੇ ਅਜਿਹੀ ਅਗਿਆਤ ਸ਼ਕਤੀ ਦੇ ਸਾਹਮਣੇ ਕੋਈ ਤਰਕ ਭਲਾ ਕੀ ਕਰ ਸਕਦਾ ਹੈ? ਉਹ ਜਿਹੜਾ ਵੀ ਫੈਸਲਾ ਕਰ ਲਏ ਤੇ ਜਿਹੜਾ ਵੀ ਕਦਮ ਪੁੱਟ ਲਏ, ਠੀਕ ਹੈ। ਇਸ ਲਈ ਜਦੋਂ ਦਿੱਲੀ ਸਮਝੌਤਾ 'ਟਾਂਯ-ਟਾਂਯ, ਫਿਸ' ਹੋ ਜਾਣ ਪਿੱਛੋਂ ਦੁਬਾਰਾ ਸਤਿਆਗ੍ਰਹਿ ਸ਼ੁਰੂ ਹੋਇਆ ਤੇ ਗਾਂਧੀ ਨੇ ਉਸਨੂੰ ਵਰਤ ਰੱਖ ਕੇ ਮੁੜ ਚਾਲੂ ਕੀਤਾ ਤਾਂ ਜਵਾਹਰ ਲਾਲ ਨੇ ਲਿਖਿਆ...:
“ਆਪਣਾ ਵਰਤ ਸ਼ੁਰੂ ਕਰਨ ਤੋਂ ਕੁਛ ਦਿਨ ਪਹਿਲਾਂ ਉਹਨਾਂ ਮੈਨੂੰ ਆਪਣੇ ਖਾਸ ਢੰਗ ਦਾ ਇਕ ਪੱਤਰ ਲਿਖਿਆ, ਜਿਸਨੇ ਮੇਰਾ ਦਿਲ ਹਿਲਾਅ ਦਿੱਤਾ—ਕਿਉਂਕਿ ਉਹਨਾਂ ਜਵਾਬ ਮੰਗਿਆ ਸੀ, ਇਸ ਲਈ ਮੈਂ ਹੇਠ ਲਿਖਿਆ ਤਾਰ ਭੇਜਿਆ ਸੀ...:
'ਤੁਹਾਡਾ ਪੱਤਰ ਮਿਲਿਆ, ਜਿਹਨਾਂ ਮਾਮਲਿਆਂ ਬਾਰੇ ਮੈਨੂੰ ਸਮਝ ਨਹੀਂ, ਉਹਨਾਂ ਬਾਰੇ ਮੈਂ ਕੀ ਕਹਿ ਸਕਦਾ ਹਾਂ? ਮੈਂ ਤਾਂ ਆਪਣੇ ਆਪ ਨੂੰ ਇਕ ਵਚਿੱਤਰ ਦੇਸ਼ ਵਿਚ ਗਵਾਚਿਆ ਜਿਹਾ ਮਹਿਸੂਸ ਕਰਦਾ ਹਾਂ ਜਿੱਥੇ ਤੁਸੀਂ ਇਕੋਇਕ ਚਾਨਣ ਦੀਪ ਹੋ। ਹਨੇਰੇ ਵਿਚ ਮੈਂ ਆਪਣਾ ਰਸਤਾ ਲੱਭਦਾ ਹਾਂ, ਲੇਕਿਨ ਠੋਕਰ ਖਾ ਕੇ ਡਿੱਗ ਪੈਂਦਾ ਹਾਂ। ਨਤੀਜਾ ਜੋ ਵੀ ਹੋਏ, ਮੇਰਾ ਸਨੇਹ ਤੇ ਮੇਰੇ ਵਿਚਾਰ ਤੁਹਾਡੇ ਨਾਲ ਹੋਣਗੇ।'
ਉਹਨਾਂ ਦਾ ਵਰਤ ਸੁੱਖਸਾਂਦ ਨਾਲ ਪੂਰਾ ਹੋਇਆ। ਵਰਤ ਦੇ ਪਹਿਲੇ ਦਿਨ ਹੀ ਉਹ ਜੇਲ੍ਹ ਵਿਚੋਂ ਰਿਹਾਅ ਕਰ ਦਿੱਤੇ ਗਏ, ਤੇ ਉਹਨਾਂ ਦੇ ਕਹਿਣ ਉੱਤੇ ਛੇ ਹਫਤੇ ਲਈ ਸਵਿਨਯ-ਭੰਗ ਰੋਕ ਦਿੱਤਾ ਗਿਆ।” (ਮੇਰੀ ਕਹਾਣੀ)
ਗਾਂਧੀ ਤੇ ਜਵਾਹਰ ਲਾਲ, ਭੇਸ ਭਾਵੇਂ ਵੱਖੋ-ਵੱਖਰੇ ਧਾਰੀ ਰੱਖਦੇ ਸਨ, ਪਰ ਦੋਵੇਂ ਸੋਚ ਸਮਝ ਕੇ ਇਕੋ ਰਸਤੇ ਅਤੇ ਇਕੋ ਨੀਤੀ ਉੱਤੇ ਚਲ ਰਹੇ ਸਨ। ਉਹ ਦੋਵੇਂ ਇਕ ਦੂਜੇ ਦੇ ਪੂਰਕ ਸਨ। ਗਾਂਧੀ ਨੇ ਜੇ ਸਾਡੀ ਪਿੱਛੜੀ ਹੋਈ ਜਨਤਾ ਦੇ ਅੰਧਵਿਸ਼ਵਾਸ ਦਾ ਲਾਹਾ ਲੈਣ ਲਈ 'ਰਾਮ-ਰਾਜ' ਦੇ ਸੁਪਨੇ ਵਿਖਾਏ ਤਾਂ ਜਵਾਹਰ ਲਾਲ ਨੇ ਇਤਿਹਾਸ ਲਿਖ ਕੇ ਉਹਨਾਂ ਸੁਪਨਿਆਂ ਵਿਚ ਰੰਗ ਭਰਿਆ ਤੇ 'ਰਾਮ-ਰਾਜ' ਦੀਆਂ ਹੱਦਾਂ ਉਲੀਕੀਆਂ, ਜਿਹੜੀਆਂ ਪੱਛਮ ਵਿਚ ਮੱਧ ਏਸ਼ੀਆ ਤਕ ਅਤੇ ਪੂਰਬ-ਦੱਖਣ ਵਿਚ ਹਿੰਦ-ਚੀਨ ਤੇ ਜਾਵਾ ਤੇ ਸੁਮਾਤਰਾ ਤਕ ਫੈਲੀ ਹੋਈਆਂ ਸਨ। ਡਾ. ਰਾਜੇਂਦਰ ਪ੍ਰਸ਼ਾਦ ਨੇ ਆਪਣੀ ਆਤਮਕਥਾ ਵਿਚ ਠੀਕ ਹੀ ਲਿਖਿਆ ਹੈ...:
“ਖਾਸੀਆਂ ਗੱਲਾਂ ਵਿਚ ਗਾਂਧੀਜੀ ਨਾਲ ਮਤਭੇਤ ਹੋਣ ਉੱਤੇ ਵੀ ਜਵਾਹਰ ਲਾਲਜੀ ਉਹਨਾਂ ਦੀ ਅਗਵਾਈ ਦੇ ਮਹੱਤਵ ਨੂੰ ਜਾਣਦੇ ਤੇ ਮੰਨਦੇ ਸਨ, ਉਸਨੂੰ ਕਿਸੇ ਤਰ੍ਹਾਂ ਕਮਜ਼ੋਰ ਕਰਨਾ ਨਹੀਂ ਚਾਹੁੰਦੇ ਸਨ। ਇਹੀ ਕਾਰਣ ਸੀ ਕਿ ਮਤਭੇਦ ਹੁੰਦਿਆਂ ਹੋਇਆਂ ਵੀ ਅਸੀਂ ਉਹਨਾਂ ਨਾਲ ਕੰਮ ਕਰ ਸਕਦੇ ਸਾਂ।”
ਅਸੀਂ ਦੇਖਿਆ ਕਿ ਗਾਂਧੀ ਦੀ ਅਗਵਾਈ ਨੂੰ ਕਮਜ਼ੋਰ ਕਰਨ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ, ਜਵਾਹਰ ਲਾਲਜੀ ਨੇ ਹਮੇਸ਼ਾ ਉਸਨੂੰ ਮਜ਼ਬੂਤ ਕੀਤਾ ਹੈ। ਕਾਰਣ ਇਹ ਕਿ ਗਾਂਧੀ ਦੀ ਸਮਝੌਤਾ-ਨੀਤੀ ਨਾਲ ਤਾਂ ਉਹਨਾਂ ਦਾ ਕੋਈ ਮਤਭੇਦ ਹੁੰਦਾ ਹੀ ਨਹੀਂ ਸੀ, ਜੇ ਮਤਭੇਤ ਹੁੰਦਾ ਸੀ ਤਾਂ ਇਸ ਗੱਲ ਨਾਲ ਕਿ ਸਮਝੌਤੇ ਵਿਚ ਕੀ ਖੱਟਿਆ ਕੀ ਨਹੀਂ ਖੱਟਿਆ! ਲਿਖਿਆ ਹੈ...:
“ਅਸੀਂ ਲੋਕ ਵੱਡੀਆਂ-ਵੱਡੀਆਂ ਗੱਲਾਂ ਤੇ ਲੱਛੇਦਾਰ ਭਾਸ਼ਾ ਦੇ ਆਦੀ ਸਾਂ ਤੇ ਦਿਮਾਗ਼ ਵਿਚ ਹਮੇਸ਼ਾ ਸੌਦਾ ਕਰਨ ਦੀਆਂ ਤਜਵੀਜ਼ਾਂ ਘੁੰਮ ਰਹੀਆਂ ਹੁੰਦੀਆਂ ਸਨ।” (ਮੇਰੀ ਕਹਾਣੀ)
ਸੱਚ, ਅਹਿੰਸਾ ਤੇ ਹਿਰਦੇ-ਪ੍ਰੀਵਰਤਨ ਦਾ ਦਰਸ਼ਨ, ਇਸ ਸੌਦੇਬਾਜ਼ੀ ਤੇ ਨਿੱਜੀ-ਸਵਾਰਥਾਂ ਦੀ ਰੱਖਿਆ ਦਾ ਦਰਸ਼ਨ ਹੈ ਤੇ ਇਸੇ ਵਿਚੋਂ 'ਅਗਿਆਤ-ਤੱਤ' ਦਾ ਜਨਮ ਹੋਇਆ ਹੈ।
    --- --- ---

No comments:

Post a Comment