Monday, June 13, 2011

ਦੋ ਘੋੜਿਆਂ ਦਾ ਸਵਾਰ :


     ਦੋ ਘੋੜਿਆਂ ਦਾ ਸਵਾਰ

22 ਫਰਬਰੀ 1928 ਨੂੰ ਕਲਕੱਤੇ ਵਿਚ ਅਖਿਲ-ਬੰਗ ਛਾਤਰ-ਸੰਮੇਲਨ ਹੋਇਆ, ਉਸ ਵਿਚ ਪ੍ਰਧਾਨਗੀ ਭਾਸ਼ਣ ਦਿੰਦਿਆਂ ਹੋਇਆਂ ਜਵਾਹਰ ਲਾਲ ਨੇ ਨੌਜਵਾਨਾ ਨੂੰ ਕਿਹਾ ਸੀ...:
“ਇਸ ਯੁੱਗ ਦਾ ਵਿਚਾਰ ਸਮਾਜਿਕ ਸਮਾਨਤਾ ਹੈ। ਆਓ ਅਸੀਂ ਇਸ ਵਿਚਾਰ ਨੂੰ ਸੁਣੀਏਂ ਤੇ ਦੁਨੀਆਂ ਨੂੰ ਬਦਲਣ ਤੇ ਉਸਨੂੰ ਰਹਿਣ ਲਈ ਬਿਹਤਰ ਜਗ੍ਹਾ ਬਣਾਉਣ ਲਈ ਇਸ ਵਿਚਾਰ ਦੇ ਸਾਧਨ ਬਣੀਏਂ।”
ਦੇਸ਼ ਨੇ ਇਕ ਵਾਰੀ ਫੇਰ ਕਰਵਟ ਲਈ ਸੀ, ਕਰਾਂਤੀਕਾਰੀ ਸ਼ਕਤੀਆਂ ਇਕ ਵਾਰੀ ਫੇਰ ਜ਼ੋਰ-ਸ਼ੋਰ ਨਾਲ ਉਭਰ ਰਹੀਆਂ ਸਨ। ਮਜ਼ਦੂਰ, ਕਿਸਾਨ ਤੇ ਨੌਜਵਾਨ ਆਪਣੇ-ਆਪਣੇ ਢੰਗ ਨਾਲ ਤੇ ਆਪੋ-ਆਪਣੀਆਂ ਸੰਸਥਾਵਾਂ ਵਿਚ ਸੰਗਠਿਤ ਹੋ ਰਹੇ ਸਨ। ਇਸ ਸਮੇਂ ਦੇਸ਼ ਦੀ ਜਿਹੜੀ ਪ੍ਰਸਥਿਤੀ ਸੀ, ਜਵਾਹਰ ਲਾਲ ਨੇ ਉਸਦਾ ਚਿੱਤਰ ਇੰਜ ਪੇਸ਼ ਕੀਤਾ ਹੈ...:
“ਰਾਜਨੀਤਕ ਦ੍ਰਿਸ਼ਟੀ ਤੋਂ 1928 ਦਾ ਸਾਲ ਇਕ ਭਰਪੂਰ ਸਾਲ ਸੀ। ਦੇਸ਼ ਭਰ ਵਿਚ ਤਰ੍ਹਾਂ-ਤਰ੍ਹਾਂ ਦੀ ਹਲਚਲ ਦੀ ਭਰਮਾਰ ਸੀ। ਇੰਜ ਜਾਪਦਾ ਸੀ ਕਿ ਇਕ ਨਵੀਂ ਪ੍ਰੇਰਣਾ, ਇਕ ਨਵੀਂ ਜ਼ਿੰਦਗੀ, ਤੇ ਭਾਂਤ-ਭਾਂਤ ਦੇ ਸਮੂਹਾਂ ਵਿਚ ਇਕੋਂ ਜਿਹੀ ਰੌਅ ਮੌਜ਼ੂਦ ਹੈ, ਜਿਹੜੀ ਲੋਕਾਂ ਨੂੰ ਅੱਗੇ ਵੱਲ ਧਰੀਕ ਰਹੀ ਹੈ। ਜਿਹਨੀਂ ਦਿਨੀ ਮੈਂ ਦੇਸ਼ ਵਿਚੋਂ ਬਾਹਰ ਸੀ, ਸ਼ਾਇਦ ਉਹਨੀਂ ਦਿਨੀ ਹੌਲੀ-ਹੌਲੀ ਇਹ ਤਬਦੀਲੀ ਆਈ ਸੀ। ਤੇ ਪਰਤਨ ਉੱਤੇ ਮੈਨੂੰ ਇਹ ਬੜੀ ਵੱਡੀ ਤਬਦੀਲੀ ਜਾਪੀ ਸੀ। 1926 ਦੇ ਸ਼ੁਰੂ ਵਿਚ ਹਿੰਦੁਸਤਾਨ ਪਹਿਲਾਂ ਵਾਂਗ ਹੀ ਸੁਸਤ ਤੇ ਨਿਕੰਮਾ ਬਣਿਆ ਹੋਇਆ ਸੀ, ਸ਼ਾਇਦ ਉਸ ਸਮੇਂ ਤਕ 1922 ਦੀ ਮਿਹਨਤ ਦੀ ਥਕਾਣ ਨਹੀਂ ਸੀ ਉਤਰੀ। 1928 ਵਿਚ ਉਹ ਤਰੋਤਾਜ਼ਾ, ਕ੍ਰਿਆਸ਼ੀਲ ਤੇ ਨਵੀਂ ਸ਼ਕਤੀ ਨਾਲ ਭਰਪੂਰ ਹੋ ਗਿਆ ਹੈ, ਇਸ ਗੱਲ ਦਾ ਸਬੂਤ ਹਰ ਜਗ੍ਹਾ ਮਿਲਦਾ ਸੀ। ਕਾਰਖ਼ਾਨੇ ਦੇ ਮਜ਼ਦੂਰਾਂ ਵਿਚ ਵੀ ਤੇ ਕਿਸਾਨਾਂ ਵਿਚ ਵੀ, ਮੱਧ ਵਰਗ ਦੇ ਨੌਜਵਾਨਾਂ ਵਿਚ ਵੀ ਤੇ ਆਮ ਤੌਰ 'ਤੇ ਪੜ੍ਹੇ-ਲਿਖੇ ਲੋਕਾਂ ਵਿਚ ਵੀ।
ਮਜ਼ਦੂਰ ਸੰਘਾਂ ਦੀ ਹਲਚਲ ਬੜੀ ਵਧ ਗਈ ਸੀ। ਸੱਤ ਅੱਠ ਸਾਲ ਪਹਿਲਾਂ ਜਿਹੜੀ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਬਣਾਈ ਗਈ ਸੀ ਉਹ ਇਕ ਮਜ਼ਬੂਤ ਤੇ ਪ੍ਰਤੀਨਿੱਧ ਜਮਾਤ ਸੀ। ਨਾ ਸਿਰਫ ਉਸਦੀ ਗਿਣਤੀ ਤੇ ਉਸਦੇ ਸੰਗਠਨ ਵਿਚ ਹੀ ਕਾਫੀ ਤੱਰਕੀ ਹੋਈ ਸੀ, ਬਲਕਿ ਉਸਦੇ ਵਿਚਾਰ ਵੀ ਵਧੇਰੇ ਲੜਾਕੂ ਤੇ ਵਧੇਰੇ ਗਰਮ ਹੋ ਗਏ ਸਨ। ਕੱਪੜੇ ਦੀਆਂ ਮਿਲਾਂ ਤੇ ਰੇਲਾਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਸਭ ਤੋਂ ਵੱਧ ਮਜ਼ਬੂਤ ਤੇ ਸੰਗਠਿਤ ਸਨ—ਬੰਬਈ ਦੀ ਗਿਰਨੀ ਕਾਮਗਾਰ ਯੂਨੀਅਨ ਤੇ ਜੀ.ਆਈ.ਪੀ. ਰੇਲਵੇ ਯੂਨੀਅਨ। ਮਜ਼ਦੂਰਾਂ ਦੇ ਸੰਗਠਨ ਵਧਣ ਦੇ ਨਾਲ ਨਾਲ ਲਾਜ਼ਮੀ ਤੌਰ 'ਤੇ ਪੱਛਮ ਦੇ ਘਰੇਲੂ ਲੜਾਈ ਝਗੜੇ ਦੇ ਬੀਜ ਵੀ ਆਏ। ਹਿੰਦੁਸਤਾਨ ਦੇ ਮਜ਼ਦੂਰ ਸੰਘਾਂ ਨੂੰ ਵੱਝਿਆਂ ਦੇਰ ਨਹੀਂ ਹੋਈ ਸੀ ਕਿ ਉਹ ਆਪਸੀ ਦੌੜ ਤੇ ਖਹਿਬਾਜੀ ਵਿਚ ਫਸ ਗਏ। ਕੁਝ ਲੋਕ ਦੂਜੀ ਇੰਟਰਨੈਸ਼ਨਲ ਦੇ ਹਾਮੀ ਸਨ, ਕੁਝ ਤੀਜੀ ਇੰਟਰਨੈਸ਼ਨਲ ਦੇ ਪ੍ਰਭਾਵ ਹੇਠ। ਯਾਨੀ ਇਕ ਦਲ ਦਾ ਦ੍ਰਿਸ਼ਟੀਕੋਣ ਨਰਮੀ ਵੱਲ ਯਾਨੀ ਸੁਧਾਰਵਾਦੀ ਸੀ ਤੇ ਦੂਜਾ ਦਲ ਉਹ ਸੀ ਜਿਹੜਾ ਖੁੱਲ੍ਹਮ-ਖੁੱਲ੍ਹਾ ਕਰਾਂਤੀਕਾਰੀ ਸੀ ਤੇ ਮੁੱਢੋਂ ਪ੍ਰੀਵਰਤਨ ਚਾਹੁੰਦਾ ਸੀ। ਇਹਨਾਂ ਦੋਹਾਂ ਵਿਚ ਵੀ ਕਈ ਕਿਸਮ ਦੀਆਂ ਰਾਵਾਂ ਸਨ, ਜਿਹਨਾਂ ਵਿਚ ਮਿਕਦਾਰ ਦਾ ਭੇਦ ਸੀ ਤੇ ਜਿਵੇਂ ਕਿ ਆਮ ਕਰਕੇ ਜਨਤਕ ਸੰਗਠਨਾਂ ਵਿਚ ਹੁੰਦਾ ਹੈ, ਇਸ ਵਿਚ ਵੀ ਮੌਕਾ-ਪ੍ਰਸਤ ਲੋਕ ਆ ਘੁਸੜੇ ਸਨ।” (ਮੇਰੀ ਕਹਾਣੀ)
ਭਾਵ ਇਹ ਕਿ ਸਾਡੇ ਰਾਸ਼ਟਰੀ ਅੰਦੋਲਨ ਉੱਤੇ ਅੰਤਰ-ਰਾਸ਼ਟਰੀ ਘਟਨਾਵਾਂ ਦਾ ਜਬਰਦਸਤ ਪ੍ਰਭਾਵ ਪੈ ਰਿਹਾ ਸੀ ਤੇ 1928 ਵਿਚ ਕਰਾਂਤੀ ਦੀ ਜਿਹੜੀ ਲਹਿਰ ਉੱਠੀ, ਉਸ ਵਿਚ 1922 ਵਾਲੀ ਅਸਪਸ਼ਟਤਾ ਤੇ ਧਾਰਮਿਕਤਾ ਨਹੀਂ ਸੀ। ਸਥਿਤੀ ਕਾਫੀ ਹੱਦ ਤਕ ਬਦਲ ਚੁੱਕੀ ਸੀ। ਦੇਸ਼ ਮੁਕੰਮਲ ਆਜ਼ਾਦੀ ਵਲ ਵਧ ਰਿਹਾ ਸੀ। ਮੁਕੰਮਲ ਆਜ਼ਾਦੀ ਦਾ ਅਰਥ ਵਿਦੇਸ਼ੀ ਸਾਮਰਾਜ ਦੀ ਗ਼ੁਲਾਮੀ ਤੋਂ ਮੁੱਕਤੀ ਪ੍ਰਾਪਤ ਕਰਨਾ ਤਾਂ ਸੀ ਹੀ, ਨਾਲ ਹੀ ਸਮਾਜਿਕ ਵਿਵਸਥਾ ਵਿਚ ਮੁੱਢੋਂ ਪ੍ਰੀਵਰਤਨ ਲਿਆ ਕੇ ਧਰਮ ਤੇ ਜਾਤੀ ਦੇ ਦਮਨ ਤੇ ਪੈਸੇ ਦੇ ਸ਼ੋਸਣ ਨੂੰ ਸਮਾਪਤ ਕਰਕੇ ਸਮਾਨਤਾ ਬਹਾਲ ਕਰਨਾ ਵੀ ਸੀ। ਇਸ ਅੰਦੋਲਨ ਦਾ ਰੁਝਾਨ ਸਮਾਜਵਾਦ ਵਲ ਸੀ। ਜਵਾਹਰ ਲਾਲ ਦੇ ਕਲਕੱਤੇ ਵਾਲੇ ਭਾਸ਼ਣ ਤੋਂ ਵੀ ਇਹੋ ਸੁਰ ਨਿਕਲਦੀ ਹੈ। ਪਰ ਉਹਨਾਂ ਲਿਖਿਆ ਹੈ...:
“ਹਿੰਦੁਸਤਾਨ ਵਿਚ ਮੈਂ ਸਮਾਜਵਾਦ ਦੇ ਮੈਦਾਨ ਵਿਚ ਸਭ ਤੋਂ ਪਹਿਲਾਂ ਨਹੀਂ ਆਇਆ। ਬਲਕਿ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਪਿੱਛੜਿਆ-ਪੱਛੜਿਆ ਰਿਹਾ। ਜਿੱਥੇ ਬਹੁਤ ਸਾਰੇ ਲੋਕ ਸਿਤਾਰੇ ਵਾਂਗ ਚਮਕਦੇ ਅੱਗੇ ਵਧ ਗਏ, ਉੱਥੇ ਮੈਂ ਬੜੀ ਮੁਸ਼ਕਿਲ ਨਾਲ ਸੋਚ-ਸੋਚ ਪੈਰ ਧਰਦਾ ਅੱਗੇ ਵਧਿਆ। ਵਿਚਾਰਧਾਰਾ ਦੀ ਦ੍ਰਿਸ਼ਟੀ ਪੱਖੋਂ ਮਜ਼ਦੂਰ ਟਰੇਡ ਯੂਨੀਅਨ ਅੰਦੋਲਨ ਨਿਸ਼ਚਿਤ ਰੂਪ ਵਿਚ ਸਮਾਜਵਾਦੀ ਸੀ ਤੇ ਵਧੇਰੇ ਨੌਜਵਾਨ ਦਲਾਂ ਦੀ ਵੀ ਇਹੋ ਗੱਲ ਸੀ। ਜਦ ਮੈਂ 1927 ਵਿਚ ਯੂਰੋਪ ਤੋਂ ਵਾਪਸ ਪਰਤਿਆ ਤਦ ਇਕ ਕਿਸਮ ਦਾ ਅਸਪਸ਼ਟ ਤੇ ਗੋਲ-ਮੋਲ ਸਮਾਜਵਾਦ ਹਿੰਦੁਸਤਾਨ ਦੀ ਆਬੋਹਵਾ ਦਾ ਇਕ ਹਿੱਸਾ ਬਣ ਚੁੱਕਿਆ ਸੀ ਤੇ ਵਿਅਕਤੀਗਤ ਸਮਾਜਵਾਦੀ ਤਾਂ ਉਸ ਤੋਂ ਵੀ ਪਹਿਲੋਂ ਹਿੰਦੁਸਤਾਨ ਵਿਚ ਬੜੇ ਸਨ। ਇਹ ਲੋਕ ਵਧੇਰੇ ਕਰਕੇ ਸੁਪਨੇ ਦੇਖਣ ਵਾਲੇ ਸਨ। ਲੇਕਿਨ ਹੌਲੀ ਹੌਲੀ ਉਹਨਾਂ ਉੱਤੇ ਮਾਰਕਸ ਦੇ ਸਿਧਾਤਾਂ ਦਾ ਅਸਰ ਵਧਦਾ ਜਾ ਰਿਹਾ ਸੀ ਤੇ ਉਹਨਾਂ ਵਿਚੋਂ ਕੁਛ ਤਾਂ ਆਪਣੇ ਆਪ ਨੂੰ ਸੌ ਫੀ ਸਦੀ ਮਾਰਕਸਵਾਦੀ ਸਮਝਣ ਲੱਗ ਪਏ ਸਨ। ਯੂਰੋਪ ਤੇ ਅਮਰੀਕਾ ਵਾਂਗ ਹਿੰਦੁਸਤਾਨ ਵਿਚ ਵੀ, ਸੋਵੀਅਤ ਯੂਨੀਅਨ ਵਿਚ ਜੋ ਕੁਛ ਹੋ ਰਿਹਾ ਸੀ, ਉਸ ਤੋਂ ਤੇ ਖਾਸ ਕਰਕੇ ਪੰਜ ਸਾਲੀ ਯੋਜਨਾ ਤੋਂ, ਇਸ ਪ੍ਰਵਿਰਤੀ ਨੂੰ ਖਾਸਾ ਬਲ ਮਿਲਿਆ ਸੀ।” (ਮੇਰੀ ਕਹਾਣੀ)
ਇਸੇ ਵਰ੍ਹੇ ਸਾਇਮਨ-ਕਮੀਸ਼ਨ ਇਹ ਪਤਾ ਕਰਨ ਆਇਆ ਕਿ ਹਿੰਦੁਸਤਾਨੀ ਸਵੈਸ਼ਾਸਨ (ਰਾਜਸੰਭਾਲਨ) ਦੀ ਦਿਸ਼ਾ ਵਿਚ ਕਿੰਨਾ ਕੁ ਅੱਗੇ ਵਧੇ ਹਨ ਤੇ ਮਾਨਟੈਗੂ ਚੇਮਸਫੋਰਡ ਸੁਧਾਰਾਂ ਵਿਚ ਸਵੈਸ਼ਾਸਨ ਦੀ ਜਿਹੜੀ ਦੂਜੀ ਕਿਸ਼ਤ ਦਿੱਤੀ ਗਈ ਸੀ, ਉਸ ਤੋਂ ਬਾਅਦ ਤੀਜੀ ਕਿਸ਼ਤ ਵਿਚ ਕਿੰਨਾ ਕੁ ਵਧ ਲੈਣ ਦੇ ਯੋਗ ਹੋਏ ਹਨ। ਦੇਸ਼ ਦੀ ਜਨਤਾ ਨੇ ਇਸਨੂੰ ਆਪਣਾ ਅਪਮਾਣ ਸਮਝਿਆ। ਸਾਇਮਨ-ਕਮੀਸ਼ਨ ਦੇ ਖ਼ਿਲਾਫ਼ ਜਬਰਦਸਤ ਜਲੂਸ ਨਿਕਲੇ, ਪ੍ਰਦਰਸ਼ਣ ਹੋਏ, ਸਰਕਾਰ ਵੱਲੋਂ ਡਾਂਗਾਂ ਚੱਲੀਆਂ ਤੇ ਕਈਆਂ ਦੇ ਸਿਰ ਪਾਟੇ। ਇਸ ਨਾਲ ਵਾਤਾਵਰਣ ਹੋਰ ਭਖ਼ ਉੱਠਿਆ।
ਇਹਨਾਂ ਪ੍ਰਸਥਿਤੀਆਂ ਵਿਚ ਕਾਂਗਰਸ ਦਾ ਸਾਲਾਨਾ ਇਜਲਾਸ ਇਸ ਵਰ੍ਹੇ ਕਲਕੱਤੇ ਵਿਚ ਹੋਇਆ। ਇਸ ਦੇ ਪ੍ਰਧਾਨ ਮੋਤੀਲਾਲ ਨਹਿਰੂ ਸਨ। ਕਾਰਣ ਇਹ ਕਿ ਇਸ ਸੰਮੇਲਨ ਵਿਚ ਨਹਿਰੂ ਰਿਪੋਰਟ ਪਾਸ ਹੋਣੀ ਸੀ। ਨਹਿਰੂ ਰਿਪੋਰਟ ਸਮਝੌਤੇ ਦਾ ਉਹ ਵਿਧਾਨ ਸੀ, ਜਿਸਨੂੰ ਸਰਵ-ਦਲ-ਕਮੇਟੀ ਨੇ ਤਿਆਰ ਕੀਤਾ ਸੀ। ਕਿਉਂਕਿ ਇਸ ਕਮੇਟੀ ਦੇ ਪ੍ਰਧਾਨ ਮੋਤੀਲਾਲ ਨਹਿਰੂ ਸਨ, ਇਸ ਲਈ ਉਸਦਾ ਨਾਂ ਨਹਿਰੂ ਰਿਪੋਰਟ ਪੈ ਗਿਆ ਸੀ।
ਮਜ਼ੇ ਦੀ ਗੱਲ ਇਹ ਹੈ ਕਿ ਗਾਂਧੀ ਜਿਹੜਾ ਚੌਰੀ-ਚੌਰਾ ਦੀ ਘਟਨਾ ਪਿੱਛੋਂ ਸਮਾਜਸੁਧਾਰ ਦੇ ਰਚਨਾਤਮਕ ਕੰਮ ਵਿਚ ਜਾ ਲੱਗਿਆ ਸੀ, ਹੁਣ ਇਸ ਇਜਲਾਸ ਵਿਚ ਰਾਜਨੀਤਕ ਰੂਪ ਵਿਚ ਕ੍ਰਿਆਸ਼ੀਲ ਹੋ ਕੇ ਆਇਆ ਸੀ। ਉਸਨੇ ਜਿਹੜਾ ਮਤਾ ਪੇਸ਼ ਕੀਤਾ, ਉਸ ਵਿਚ ਕਿਹਾ ਗਿਆ ਸੀ, ਕਿ ਜੇ ਸਰਕਾਰ ਨੇ ਇਕ ਸਾਲ ਦੇ ਅੰਦਰ ਅੰਦਰ ਯਾਨੀ 31 ਦਸੰਬਰ, 1929 ਤਕ (ਗਾਂਧੀ ਨੇ ਮੌਲਿਕ ਮਤੇ ਵਿਚ 1930 ਤਕ ਦੋ ਸਾਲ ਦਾ ਸਮਾਂ ਦਿੱਤਾ ਸੀ, ਜਿਹੜਾ ਸੋਧ ਰਾਹੀਂ ਇਕ ਸਾਲ ਕਰ ਦਿੱਤਾ ਗਿਆ ਸੀ।) ਨਹਿਰੂ ਰਿਪੋਰਟ ਨੂੰ ਮੰਜ਼ੂਰ ਨਾ ਕੀਤਾ ਤਾਂ ਕਾਂਗਰਸ ਫੇਰ ਅਸਹਿਯੋਗ ਅੰਦੋਲਨ ਸ਼ੁਰੂ ਕਰੇਗੀ ਤੇ ਇਸ ਵਾਰੀ ਅੰਦੋਲਨ ਟੈਕਸ ਬੰਦੀ ਤੋਂ ਸ਼ੁਰੂ ਹੋਵੇਗਾ।
ਇਸ ਮਤੇ ਦਾ ਅਰਥ ਇਕ ਤਾਂ ਆਜ਼ਾਦੀ ਦੇ ਨਿਸ਼ਾਨੇ ਤੋਂ ਪਿੱਛੇ ਹਟਨਾ ਤੇ ਦੂਜਾ ਸੰਘਰਸ਼ ਨੂੰ ਇਕ ਸਾਲ ਲਈ ਟਾਲਨਾ ਤੇ ਸਰਕਾਰ ਨੂੰ ਉਸਦਾ ਮੁਕਾਬਲਾ ਕਰਨ ਲਈ ਤਿਆਰੀ ਕਰਨ ਦਾ ਖੁੱਲ੍ਹਾ ਸਮਾਂ ਦੇਣਾ ਸੀ। ਸੋ ਗਰਮ-ਦਲ ਵਾਲਿਆਂ ਨੇ ਇਸਦਾ ਵਿਰੋਧ ਕੀਤਾ ਤੇ ਕਾਂਗਰਸ ਵਿਚ ਉਹਨਾਂ ਦਾ ਪ੍ਰਭਾਵ ਏਨਾ ਵਧ ਗਿਆ ਕਿ ਗਾਂਧੀ ਦੇ ਨੇਤਾ ਬਣ ਕੇ ਸਾਹਮਣੇ ਆਉਣ ਦੇ ਬਾਵਜੂਦ ਮਤਾ ਥੋੜ੍ਹੀਆਂ ਜਿਹੀਆਂ ਵੋਟਾਂ ਨਾਲ ਡਿੱਗ ਪਿਆ। ਪਰ ਜਵਾਹਰ ਲਾਲ ਨੇ ਜਿਹੜਾ ਆਪ ਮਤੇ ਦੇ ਵਿਰੋਧ ਵਿਚ ਸੀ, ਵੋਟਿੰਗ ਵਿਚ ਹੋਈ ਇਕ ਟੈਕਨੀਕਲ ਖ਼ਾਮੀ ਵੱਲ ਧਿਆਨ ਦਿਵਾਇਆ। ਇਸ ਦੇ ਸਿੱਟੇ ਵਜੋਂ ਦੁਬਾਰਾ ਹੋਈ ਵੋਟਿੰਗ ਵਿਚ ਮਤਾ 973 ਦੇ ਮੁਕਾਬਲੇ 1350 ਵੋਟਾਂ ਨਾਲ ਪਾਸ ਹੋ ਗਿਆ।
ਜਵਾਹਰ ਲਾਲ ਤੇ ਸੁਭਾਸ਼ ਇਸ ਇਜਲਾਸ ਵਿਚ ਗਰਮ-ਦਲ ਦੇ ਪ੍ਰਮੁੱਖ ਨੇਤਾ ਸਨ। ਜਵਾਹਰ ਲਾਲ ਨੇ ਆਪਣੀ ਪ੍ਰਤੀਕ੍ਰਿਆ ਇਹਨਾਂ ਸ਼ਬਦਾਂ ਵਿਚ ਬਿਆਨ ਕੀਤੀ ਹੈ : “ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਮਤਾ ਸਾਨੂੰ ਆਜ਼ਾਦੀ ਦੇ ਨਿਸ਼ਾਨੇ ਤੋਂ ਪਿੱਛੇ ਖਿੱਚ ਲਿਆਇਆ ਸੀ, ਕਿਉਂਕਿ ਸਰਵ-ਦਲ-ਸੰਮੇਲਨ ਦੀ ਰਿਪੋਰਟ ਵਿਚ ਪੂਰੀ ਡੋਮਿਨੀਅਨ ਸਟੇਟਸ ਦੀ ਮੰਗ ਵੀ ਨਹੀਂ ਸੀ ਕੀਤੀ ਗਈ।” ਤਰਕ ਦੂਜੇ ਪਾਸੇ ਵੀ ਚੱਲਦਾ ਹੈ : “ਫੇਰ ਵੀ ਇਹ ਮਤਾ ਇਹਨਾਂ ਅਰਥਾਂ ਵਿਚ ਬੁੱਧੀਮਾਨੀ ਦਾ ਸੀ ਕਿ ਉਸਨੇ ਕਾਂਗਰਸ ਵਿਚ ਫੁੱਟ ਨਹੀਂ ਪੈਣ ਦਿੱਤੀ ਹਾਲਾਂਕਿ ਕੋਈ ਫੁੱਟ ਲਈ ਤਿਆਰ ਨਹੀਂ ਸੀ ਤੇ ਉਸ ਨਾਲ 1930 ਵਿਚ ਜਿਹੜੀ ਲੜਾਈ ਸ਼ੁਰੂ ਹੋਈ ਉਸ ਲਈ ਕਾਂਗਰਸ ਨੂੰ ਜੋੜੀ ਰੱਖਿਆ। ਇਹ ਗੱਲ ਤਾਂ ਬਿਲਕੁਲ ਸਾਫ ਸੀ ਕਿ ਬ੍ਰਿਟਿਸ਼ ਸਰਕਾਰ ਇਕ ਸਾਲ ਅੰਦਰ ਸਾਰੇ ਦਲਾਂ ਦੇ ਬਣਾਏ ਵਿਧਾਨ ਨੂੰ ਮੰਜ਼ੂਰ ਨਹੀਂ ਕਰੇਗੀ। ਸਰਕਾਰ ਨਾਲ ਲੜਾਈ ਹੋਣੀ ਲਾਜ਼ਮੀ ਸੀ ਤੇ ਉਸ ਸਮੇਂ ਦੇਸ਼ ਦੀ ਜਿਹੋ ਜਿਹੀ  ਹਾਲਤ ਸੀ, ਉਸ ਵਿਚ ਸਰਕਾਰ ਨਾਲ ਕਿਸੇ ਕਿਸਮ ਦੀ ਲੜਾਈ, ਉਸ ਸਮੇਂ ਤਕ ਕਾਰਗਰ ਸਿੱਧ ਨਹੀਂ ਹੋ ਸਕਦੀ ਸੀ, ਜਦ ਤਕ ਉਸਨੂੰ ਗਾਂਧੀ ਦਾ ਨੇਤਰਿਤਵ ਨਾ ਮਿਲਦਾ।”
ਫੇਰ ਆਪਣੀ ਅਲੋਚਨਾ ਵੀ ਕੀਤੀ ਹੈ...:
“ਮੈਂ ਕਾਂਗਰਸ ਦੇ ਖੁੱਲ੍ਹੇ ਜਲਸੇ ਵਿਚ ਇਸ ਮਤੇ ਦਾ ਵਿਰੋਧ ਕੀਤਾ ਸੀ ਭਾਵੇਂ ਇਹ ਮੁਖ਼ਾਲਫ਼ਤ ਮੈਂ ਕੁਛ ਕੁਛ ਉਪਰਲੇ ਮਨੋਂ ਕੀਤੀ ਸੀ, ਤਾਂ ਵੀ ਇਸ ਵਾਰ ਵੀ ਮੈਨੂੰ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਕੁਛ ਵੀ ਹੋਏ ਮੈਂ ਪ੍ਰਧਾਨਗੀ ਪਦ ਉੱਤੇ ਰਿਹਾ ਤੇ ਕਾਂਗਰਸ ਦੇ ਖੇਤਰ ਵਿਚ ਇੰਜ ਜਾਪਦਾ ਸੀ ਕਿ ਮੈਂ ਉਹੀ ਕੰਮ ਕਰ ਰਿਹਾ ਹਾਂ, ਜਿਹੜਾ ਪ੍ਰਸਿੱਧ 'ਵਿਕਾਰ ਆਫ ਬਰੇ' (ਸੋਲ੍ਹਵੀਂ ਸਦੀ ਦਾ ਇਕ ਪ੍ਰਸਿੱਧ ਅਵਸਰਵਾਦੀ ਇਤਿਹਾਸਕ ਪਾਤਰ) ਕਰਦਾ ਸੀ। ਕਾਂਗਰਸ ਦੀ ਗੱਦੀ ਉੱਤੇ ਕੋਈ ਵੀ ਸਭਾਪਤੀ ਬੈਠੇ, ਮੈਂ ਹਮੇਸ਼ਾ ਉਸ ਸੰਗਠਨ ਨੂੰ ਸੰਭਾਲਣ ਲਈ ਉਸਦਾ ਮੰਤਰੀ ਬਣ ਜਾਂਦਾ ਸਾਂ।” (ਮੇਰੀ ਕਹਾਣੀ)
ਸੁਭਾਸ਼ ਨੇ ਆਪਣੀ ਆਤਮ ਕਥਾ 'ਭਾਰਤੀਯ ਸੰਘਰਸ਼' ਵਿਚ ਲਿਖਿਆ ਹੈ : “ਕਲਕੱਤਾ ਕਾਂਗਰਸ ਦੇ ਸਮਝੌਤਾ-ਪ੍ਰਸਤ ਮਤੇ ਦਾ ਇਕੋ ਹੀ ਮੰਤਵ ਸੀ ਤੇ ਉਹ ਇਹ ਸੀ—ਮੁੱਲਵਾਨ ਸਮੇਂ ਨੂੰ ਨਸ਼ਟ ਕਰਨਾ।”
ਕਾਂਗਰਸ ਇਤਿਹਾਸ ਅਨੁਸਾਰ ਇਸ ਮੌਕੇ ਕਲਕੱਤੇ ਵਿਚ ਪੰਜਾਹ ਹਜ਼ਾਰ ਮਜ਼ਦੂਰਾਂ ਨੇ ਪ੍ਰਦਸ਼ਨ ਕੀਤਾ ਰਾਸ਼ਟਰੀ ਆਜ਼ਾਦੀ ਤੇ 'ਸੁਤੰਤਰ ਸਮਾਜਵਾਦੀ ਗਣਤੰਤਰ' ਦੇ ਪੱਖ ਵਿਚ ਨਾਅਰੇ ਲਾਏ।
ਬ੍ਰਿਟਿਸ਼ ਸਰਕਾਰ ਨੇ ਇਸ ਮੌਕੇ ਦਾ ਪੂਰਾ ਫਾਇਦਾ ਉਠਾਇਆ। ਉਸਨੇ ਇਕ ਪਾਸੇ ਗਰਮ-ਦਲ ਵਾਲਿਆਂ ਨੂੰ ਕੁਚਲਣ ਲਈ ਦਮਨ-ਚੱਕਰ ਚਲਾਇਆ ਤੇ ਮਾਰਚ 1929 ਵਿਚ ਸਮਾਜਵਾਦ ਦੇ ਸਮਰਥਕ ਸਾਰੇ ਟਰੇਡ ਯੂਨੀਅਨ ਨੇਤਾਵਾਂ ਨੂੰ ਗ੍ਰਿਫਤਾਰ ਕਰਕੇ ਮੇਰਠ ਸਾਜਿਸ਼ ਕੇਸ ਚਲਾਇਆ, ਜਿਹੜਾ ਚਾਰ ਸਾਲ ਚੱਲਦਾ ਰਿਹਾ। ਦੂਜੇ ਪਾਸੇ ਕਾਂਗਰਸ ਦੀ ਦਿੱਤੀ ਹੋਈ ਇਕ ਸਾਲ ਦੀ ਮੋਹਲਤ ਤੋਂ ਦੋ ਮਹੀਨੇ ਪਹਿਲਾਂ ਯਾਨੀਕਿ 31 ਅਕਤੂਬਰ 1929 ਨੂੰ ਵਾਇਸਰਾਏ ਨੇ ਐਲਾਨ ਕਰ ਦਿੱਤਾ ਕਿ ਭਾਰਤ ਦੇ ਵਿਧਾਨ ਉੱਤੇ ਵਿਚਾਰ ਕਰਨ ਲਈ ਲੰਦਨ ਵਿਚ ਇਕ ਗੋਲ-ਮੇਜ਼ ਕਾਂਗਰਸ ਬੁਲਾਈ ਜਾਵੇਗੀ।
ਨੇਤਾਵਾਂ ਨੇ ਵਾਇਸਰਾਏ ਦੇ ਇਸ ਐਲਾਨ ਦਾ ਦਿਲੋਂ ਸਵਾਗਤ ਕੀਤਾ ਤੇ ਦਿੱਲੀ ਵਿਚ ਸਰਵ-ਦਲ-ਸੰਮੇਲਨ ਬੁਲਾਅ ਕੇ ਬਿਆਨ ਜਾਰੀ ਕੀਤਾ ਕਿ ਹਿੰਦੁਸਤਾਨ ਦੀਆਂ ਲੋੜਾਂ ਦੇ ਅਨੁਸਾਰ ਡੋਮਿਨੀਅਨ ਵਿਧਾਨ ਤਿਆਰ ਕਰਨ ਵਿਚ ਬ੍ਰਿਟਿਸ਼ ਸਰਕਾਰ ਪੂਰਾ ਸਹਿਯੋਗ ਦਏਗੀ।
ਇਸ ਬਿਆਨ ਉੱਤੇ ਗਾਂਧੀ, ਮਿਸੇਜ ਬੇਸੇਂਟ, ਮੋਤੀਲਾਲ ਨਹਿਰੂ, ਸਰ ਤੇਜ ਬਹਾਦੁਰ ਸਪਰੂ ਤੇ ਹੋਰ ਕਈ ਲੋਕਾਂ ਦੇ ਦਸਤਖ਼ਤ ਸਨ। ਸੁਭਾਸ਼ ਨੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਹਿਲਾਂ ਜਵਾਹਰ ਲਾਲ ਨੇ ਵੀ ਇਨਕਾਰ ਕੀਤਾ ਸੀ; ਪਰ ਫੇਰ ਗਾਂਧੀ ਦੇ ਕਹਿਣ ਉੱਤੇ ਦਸਤਖ਼ਤ ਕਰ ਦਿੱਤੇ। ਇਸ ਨਾਲ ਉਹਨਾਂ ਦੀ ਕਰਾਂਤੀਕਾਰੀ 'ਪ੍ਰਸਿੱਧੀ' ਨੂੰ ਬੜਾ ਧੱਕਾ ਲਗਿਆ ਸੀ ਤੇ ਉਹਨਾਂ ਨੂੰ ਜਿਹੜੀ ਆਤਮ ਪੀੜ ਸਹਿਣ ਕਰਨੀ ਪਈ ਸੀ, ਉਸਦਾ ਅੰਦਾਜ਼ਾ ਹੇਠ ਦਿੱਤੇ ਖ਼ਤ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ, ਜਿਹੜਾ ਉਹਨਾਂ 4 ਨਵੰਬਰ 1929 ਨੂੰ ਗਾਂਧੀ ਦੇ ਨਾਂ ਲਿਖਿਆ...:
“ਪਿਆਰੇ ਬਾਪੂ,
ਮੈਂ ਦੋ ਦਿਨ ਚੰਗੀ ਤਰ੍ਹਾਂ ਵਿਚਾਰ ਕੀਤਾ ਹੈ। ਮੇਰਾ ਖ਼ਿਆਲ ਇਹ ਹੈ ਕਿ ਹੁਣ ਮੈਂ ਸਥਿਤੀ ਉਪਰ ਦੋ ਦਿਨ ਪਹਿਲਾਂ ਦੀ ਬਨਿਸਬਤ ਕੁਛ ਵੱਧ ਠੰਡੇ ਦਿਮਾਗ਼ ਨਾਲ ਵਿਚਾਰ ਕਰ ਸਕਦਾ ਹਾਂ; ਲੇਕਿਨ ਮੇਰਾ ਦਿਮਾਗ਼ੀ ਬੁਖ਼ਾਰ ਅਜੇ ਦੂਰ ਨਹੀਂ ਹੋਇਆ। ਅਨੁਸ਼ਾਸਨ ਦੇ ਹਵਾਲੇ ਨਾਲ ਤੁਸੀਂ ਮੈਨੂੰ ਜੋ ਅਪੀਲ ਕੀਤੀ ਹੈ, ਉਸਨੂੰ ਮੈਂ ਅਣਗੌਲਿਆ ਨਹੀਂ ਕਰ ਸਕਦਾ ਸਾਂ। ਮੈਂ ਖ਼ੁਦ ਅਨੁਸ਼ਾਸਨ ਦਾ ਕਾਇਲ ਹਾਂ, ਫੇਰ ਵੀ ਮੇਰਾ ਖ਼ਿਆਲ ਹੈ ਕਿ ਅਨੁਸ਼ਾਸਨ ਦੀ ਵਧੀਕੀ ਵੀ ਹੋ ਸਕਦੀ ਹੈ। ਪਰਸੋਂ ਸ਼ਾਮ ਨੂੰ ਮੇਰੇ ਅੰਦਰ ਕੁਛ ਅਜਿਹੀਆਂ ਗੱਲਾਂ ਉੱਠੀਆਂ ਜਿਹਨਾਂ ਨੂੰ ਮੈਂ ਇਕ ਕੜੀ ਵਿਚ ਨਹੀਂ ਪਰੋ ਸਕਦਾ। ਪ੍ਰਧਾਨਮੰਤਰੀ ਹੋਣ ਦੇ ਨਾਤੇ ਕਾਂਗਰਸ ਤਾਈਂ ਮੇਰੀ ਵਫ਼ਾਦਰੀ ਹੋਣੀ ਚਾਹੀਦੀ ਹੈ ਤੇ ਉਸਦੇ ਅਨੁਸ਼ਾਸਨ ਵਿਚ ਰਹਿਣਾ ਚਾਹੀਦਾ ਹੈ ਮੈਨੂੰ। ਲੇਕਿਨ ਮੇਰੀ ਹੋਰ ਹੈਸੀਅਤ ਤੇ ਵਫ਼ਾਦਰੀਆਂ ਵੀ ਹਨ। ਮੈਂ ਇੰਡੀਅਨ ਟਰੇਡ ਯੂਨੀਅਨ ਕਾਂਗਰਸ ਦਾ ਸਦਰ ਹਾਂ ਤੇ 'ਇੰਡੀਪੈਂਡੇਂਟ ਫਾਰ ਲੀਗ' ਦਾ ਸੈਕਰੇਟਰੀ ਵੀ ਹਾਂ ਤੇ, ਤੇ ਨੌਜਵਾਨ ਅੰਦੋਲਨ ਨਾਲ ਮੇਰਾ ਡੂੰਘਾ ਤਾਅਲੁਕ ਹੈ। ਇਹਨਾਂ ਦੂਜੀਆਂ ਜਮਾਤਾਂ ਪ੍ਰਤੀ, ਜਿਹਨਾਂ ਨਾਲ ਮੇਰਾ ਤਾਅਲੁਕ ਹੈ, ਆਪਣੀ ਵਫ਼ਾਦਰੀ ਲਈ ਕੀ ਕਰਾਂ? ਮੈਂ ਇਸ ਗੱਲ ਨੂੰ ਪਹਿਲਾਂ ਨਾਲੋਂ ਵਧ ਹੁਣ ਮਹਿਸੂਸ ਕਰਦਾ ਹਾਂ ਕਿ ਕਈ ਘੋੜਿਆਂ ਉੱਤੇ ਇਕੋ ਸਮੇਂ ਸਵਾਰੀ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ। ਜਦ ਜ਼ਿੰਮੇਵਾਰੀਆਂ ਤੇ ਵਫ਼ਾਦਰੀਆਂ ਦੀ ਆਪਸ ਵਿਚ ਟੱਕਰ ਹੋਏ ਤਾਂ ਇਸ ਦੇ ਇਲਾਵਾ ਕੋਈ ਹੋਰ ਕਰ ਕੀ ਸਕਦਾ ਹੈ ਕਿ ਆਪਣੀ ਸਹਿਜ ਪ੍ਰਵਿਰਤੀ ਤੇ ਬੁੱਧੀ ਉੱਤੇ ਭਰੋਸਾ ਕਰੇ?
ਇਸ ਲਈ ਸਾਰੀਆਂ ਬਾਹਰੀ ਨੇੜਤਾਵਾਂ ਤੇ ਵਫ਼ਾਦਾਰੀਆਂ ਤੋਂ ਵੱਖ ਰਹਿ ਕੇ ਮੈਂ ਹਾਲਤ ਉੱਤੇ ਗੌਰ ਕੀਤਾ ਹੈ ਤੇ ਮੇਰਾ ਇਹ ਯਕੀਨ ਵੱਧ ਮਜ਼ਬੂਤ ਹੁੰਦਾ ਗਿਆ ਹੈ ਕਿ ਪਰਸੋਂ ਮੈਂ ਜੋ ਕੀਤਾ, ਉਹ ਗਲਤ ਕੀਤਾ। ਮੈਂ ਬਿਆਨ ਦੀਆਂ ਚੰਗਿਆਈਆਂ ਜਾਂ ਉਸਦੀ ਪਾਲਸੀ ਬਾਰੇ ਕੁਛ ਨਹੀਂ ਕਹਾਂਗਾ। ਮੈਨੂੰ ਡਰ ਹੈ ਕਿ ਉਸ ਮਾਮਲੇ ਵਿਚ ਸਾਡਾ ਬੁਨਿਆਦੀ ਮੱਤਭੇਦ ਹੈ ਤੇ ਇਹ ਸੰਭਵ ਨਹੀਂ ਹੈ ਕਿ ਮੈਂ ਆਪਣੀ ਰਾਏ ਬਦਲ ਦਿਆਂ। ਮੈਂ ਸਿਰਫ ਏਨਾ ਹੀ ਕਹਾਂਗਾ ਕਿ ਮੇਰਾ ਯਕੀਨ ਹੈ ਕਿ ਉਹ ਬਿਆਨ ਨੁਕਸਾਨ ਦੇਹ ਹੈ ਤੇ ਮਜ਼ਦੂਰ ਸਰਕਾਰ ਦੇ ਐਲਾਨ ਦਾ ਬਿਲਕੁਲ ਨਿਗੁਣਾ ਜਵਾਬ ਹੈ। ਮੇਰੇ ਖ਼ਿਆਲ ਵਿਚ ਕੁਛ ਪਤਵੰਤੇ ਲੋਕਾਂ ਨੂੰ ਖੁਸ਼ ਕਰਨ ਲਈ ਤੇ ਉਹਨਾਂ ਨਾਲ ਬਣਾ ਕੇ ਰੱਖਣ ਦੀ ਕੋਸ਼ਿਸ਼ ਵਿਚ ਅਸੀਂ ਆਪਣੇ ਦਲ ਦੇ ਬਹੁਤ ਸਾਰੇ ਉਹਨਾਂ ਹੋਰ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ ਤੇ ਲਗਭਗ ਉਹਨਾਂ ਨੂੰ ਦਲ ਵਿਚੋਂ ਬਾਹਰ ਹੀ ਕੱਢ ਦਿੱਤਾ ਹੈ, ਜਿਹਨਾਂ ਨੂੰ ਦਲ ਵਿਚ ਰੱਖਣਾ ਕਿਤੇ ਵੱਧ ਚੰਗਾ ਸੀ। ਮੇਰਾ ਖ਼ਿਆਲ ਹੈ ਕਿ ਅਸੀਂ ਲੋਕ ਇਕ ਖ਼ਤਰਨਾਕ ਜਾਲ ਵਿਚ ਉਲਝ ਗਏ ਹਾਂ, ਜਿਸ ਵਿਚੋਂ ਨਿਕਲ ਸਕਣਾ ਆਸਾਨ ਨਹੀਂ, ਤੇ ਮੈਂ ਸਮਝਦਾ ਹਾਂ ਕਿ ਅਸੀਂ ਦੁਨੀਆਂ ਨੂੰ ਇਹ ਦਿਖਾਅ ਦਿੱਤਾ ਕਿ ਭਾਵੇਂ ਅਸੀਂ ਲੋਕ ਗੱਲਾਂ ਤਾਂ ਉੱਚੀਆਂ ਕਰਦੇ ਹਾਂ, ਲੇਕਿਨ ਸੌਦੇਬਾਜੀ ਛੋਟੀਆਂ-ਮੋਟੀਆਂ ਚੀਜਾਂ ਲਈ ਕਰ ਰਹੇ ਹਾਂ।
ਮੈਂ ਨਹੀਂ ਜਾਣਦਾ ਕਿ ਬ੍ਰਿਟਿਸ਼ ਸਰਕਾਰ ਹੁਣ ਕੀ ਕਰੇਗੀ। ਸੰਭਵ ਹੈ, ਉਹ ਆਪਣੀਆਂ ਸ਼ਰਤਾਂ ਨੂੰ ਨਹੀਂ ਮੰਨੇਗੀ। ਮੈਨੂੰ ਉਮੀਦ ਇਹੀ ਹੈ ਕਿ ਉਹ ਨਹੀਂ ਮੰਨੇਗੀ। ਲੇਕਿਨ ਮੈਨੂੰ ਇਸ ਵਿਚ ਰਤਾ ਵੀ ਸ਼ੱਕ ਨਹੀਂ ਕਿ ਦਸਤਖ਼ਤ ਕਰਨ ਵਾਲਿਆਂ ਵਿਚੋਂ ਬਹੁਤੇ ਲੋਕ ਤੁਹਾਨੂੰ ਛੱਡ ਕੇ ਉਹਨਾਂ ਸ਼ਰਤਾਂ ਵਿਚ ਬ੍ਰਿਟਿਸ਼ ਸਰਕਾਰ ਜੋ ਵੀ ਰੱਦੋਬਦਲ ਕਰਨ ਲਈ ਕਹੇਗੀ, ਉਸਨੂੰ ਮੰਜ਼ੂਰ ਕਰ ਲੈਣਗੇ। ਹਰ ਹਾਲਤ ਵਿਚ ਮੈਨੂੰ ਇੰਜ ਲੱਗਦਾ ਹੈ ਕਿ ਕਾਂਗਰਸ ਵਿਚ ਮੇਰੀ ਹਾਲਤ ਹਰ ਰੋਜ਼ ਅਤੀ ਮੁਸ਼ਕਿਲ ਹੁੰਦੀ ਜਾਏਗੀ। ਮੈਂ ਕਾਂਗਰਸ ਦੀ ਸਦਾਰਤ ਬੜੇ ਸ਼ੱਕ-ਸੰਸੇ ਨਾਲ ਮੰਜ਼ੂਰ ਕੀਤੀ ਸੀ, ਲੇਕਿਨ ਇਸ ਉਮੀਦ ਨਾਲ ਕਿ ਅਗਲੇ ਸਾਲ ਇਕ ਨਿਸ਼ਚਿਤ ਮਸਲੇ ਨੂੰ ਲੈ ਕੇ ਲੜ ਲਵਾਂਗੇ। ਉਸ ਮਸਲੇ ਉੱਤੇ ਪਹਿਲਾਂ ਹੀ ਬੱਦਲ ਛਾ ਗਏ ਹਨ ਤੇ ਇਸ ਪਦ ਨੂੰ ਮੰਜ਼ੂਰ ਕਰਨ ਦਾ ਜਿਹੜਾ ਇਕੋਇਕ ਕਾਰਣ ਸੀ, ਉਹ ਹੁਣ ਨਹੀਂ ਰਿਹਾ। ਇਹਨਾਂ ਨੇਤਾਵਾਂ ਦੇ ਸੰਮੇਲਨ ਨਾਲ ਮੇਰਾ ਕੀ ਸਰੋਕਾਰ? ਮੈਂ ਆਪਣੇ ਆਪ ਨੂੰ ਕੁਛ ਵੱਧ ਹੀ ਉੱਚੇ ਉਡਨ ਵਾਲਾ ਸਮਝ ਰਿਹਾ ਹਾਂ ਤੇ ਇਸੇ ਲਈ ਮੈਨੂੰ ਪ੍ਰਸ਼ਾਨੀ ਹੋ ਰਹੀ ਹੈ। ਮੈਂ ਆਪਣੀ ਗੱਲ ਖੁੱਲ੍ਹ ਕੇ ਇਸ ਲਈ ਨਹੀਂ ਕਹਿ ਸਕਦਾ ਕਿ ਸੰਮੇਲਨ ਦੇ ਖਿੱਲਰ ਜਾਣ ਦਾ ਵੀ ਮੈਨੂੰ ਡਰ ਹੈ। ਮੈਂ ਆਪਣੇ ਭਾਵਾਂ ਨੂੰ ਦਬਾਉਂਦਾ ਹਾਂ ਤੇ ਇਹ ਦਬਾਅ ਕਦੀ ਕਦੀ ਮੇਰੇ ਲਈ ਬੜਾ ਭਾਰੀ ਹੋ ਨਿੱਬੜਦਾ ਹੈ ਤੇ ਮੈਂ ਭੜਕ ਉਠਦਾ ਹਾਂ ਤੇ ਅਜਿਹੀਆਂ ਗੱਲ ਵੀ ਕਰ ਬੈਠਦਾ ਹਾਂ ਜਿਹਨਾਂ ਨੂੰ ਕਹਿਣ ਦਾ ਮੇਰਾ ਕੋਈ ਮਤਲਬ ਨਹੀਂ ਹੁੰਦਾ।
ਮੈਂ ਮਹਿਸੂਸ ਕਰਦਾ ਹਾਂ ਕਿ ਮੈਨੂੰ ਏ.ਆਈ.ਸੀ.ਸੀ. ਦੇ ਪਦ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਮੈਂ ਪਿਤਾਜੀ ਵੱਲ ਇਕ ਜ਼ਾਬਤੇ ਦਾ ਖ਼ਤ ਭੇਜ ਦਿੱਤਾ ਹੈ। ਜਿਸਦੀ ਨਕਲ ਨਾਲ ਭੇਜ ਰਿਹਾ ਹਾਂ।
ਸਭਾਪਤੀ ਦਾ ਸਵਾਲ ਇਸ ਨਾਲੋਂ ਕਿਤੇ ਵਧ ਮੁਸ਼ਕਿਲ ਹੈ। ਮੈਂ ਨਹੀਂ ਸਮਝਦਾ ਕਿ ਇਸ ਐਨ ਮੌਕੇ ਉੱਤੇ ਮੈਂ ਕੀ ਕਰ ਸਕਦਾ ਹਾਂ। ਮੈਨੂੰ ਇਸ ਉੱਤੇ ਯਕੀਨ ਹੋ ਗਿਆ ਹੈ ਕਿ ਮੇਰੀ ਚੋਣ ਗਲਤ ਹੋਈ ਸੀ। ਇਸ ਮੌਕੇ ਤੇ ਇਸ ਵਰ੍ਹੇ ਲਈ ਤੁਹਾਨੂੰ ਹੀ ਚੁਣਿਆ ਜਾਣਾ ਚਾਹੀਦਾ ਸੀ। ਜੇ ਕਾਂਗਰਸ ਦੀ ਪਾਲਸੀ ਉਹੀ ਹੈ, ਜਿਸਨੂੰ ਮਾਲਵੀਯਾਜੀ ਦੀ ਪਾਲਸੀ ਕਹਿ ਲਈਏ ਤਾਂ ਮੈਂ ਸਭਾਪਤੀ ਨਹੀਂ ਰਹਿ ਸਕਦਾ। ਹੁਣ ਵੀ ਜੇ ਤੁਸੀਂ ਰਾਜ਼ੀ ਹੋਵੋਂ ਤਾਂ ਬਿਨਾਂ ਏ.ਆਈ.ਸੀ.ਸੀ. ਦੀ ਬੈਠਕ ਬੁਲਾਇਆਂ, ਇਕ ਰਸਤਾ ਨਿਕਲ ਸਕਦਾ ਹੈ। ਏ.ਆਈ.ਸੀ.ਸੀ. ਦੇ ਮੈਂਬਰਾਂ ਦੇ ਨਾਂ ਇਕ ਦਸਤੀ ਚਿੱਠੀ ਭੇਜੀ ਜਾ ਸਕਦੀ ਹੈ ਕਿ ਤੁਸੀਂ ਮੈਂਬਰ ਬਣਨ ਲਈ ਰਜ਼ਾਮੰਦ ਹੋ। ਮੈਂ ਉਹਨਾਂ ਤੋਂ ਮੁਆਫ਼ੀ ਮੰਗ ਲਵਾਂਗਾ। ਇਹ ਸਿਰਫ ਜਾਬਤੇ ਦੀ ਕਾਰਵਾਈ ਹੋਏਗੀ, ਕਿਉਂਕਿ ਸਾਰੇ ਜਾਂ ਲਗਭਗ ਸਾਰੇ ਮੈਂਬਰ ਤੁਹਾਡੇ ਫੈਸਲੇ ਨੂੰ ਖੁਸ਼ੀ-ਖੁਸ਼ੀ ਮੰਨ ਲੈਣਗੇ।
ਇਕ ਦੂਜਾ ਰਸਤਾ ਇਹ ਹੈ ਕਿ ਮੈਂ ਇਕ ਐਲਾਨ ਕਰ ਦਿਆਂ ਕਿ ਮੌਜ਼ੂਦਾ ਹਾਲਤਾਂ ਵਿਚ ਤੇ ਇਸ ਖ਼ਿਆਲ ਨਾਲ ਕਿ ਇਸ ਸਮੇਂ ਨਵਾਂ ਸਦਰ ਚੁਣਨ ਵਿਚ ਦਿੱਕਤ ਹੋਏਗੀ, ਅਜੇ ਸਦਾਰਤ ਨਾ ਛੱਡਾਂ, ਲੇਕਿਨ ਕਾਂਗਰਸ ਦੇ ਫੌਰਨ ਬਾਅਦ ਛੱਡ ਦਿਆਂ। ਮੈਂ ਚੇਅਰਮੈਨ ਦੇ ਤੌਰ 'ਤੇ ਕੰਮ ਕਰਾਂਗਾ ਤੇ ਮੇਰੀ ਕੋਈ ਪ੍ਰਵਾਹ ਕੀਤੇ ਬਿਨਾਂ ਕਾਂਗਰਸ ਜਿਵੇਂ ਚਾਹੇ ਫੈਸਲੇ ਕਰ ਸਕਦੀ ਹੈ।
ਜੇ ਆਪਣੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਕਾਇਮ ਰੱਖਣਾ ਚਾਹੁੰਦਾ ਹਾਂ ਤਾਂ ਇਹਨਾਂ ਦੋਹਾਂ ਵਿਚੋਂ ਇਕ ਰਸਤਾ ਮੇਰੀ ਸਮਝ ਵਿਚ ਜ਼ਰੂਰੀ ਹੈ।
ਜਿਵੇਂ ਕਿ ਮੈਂ ਤੁਹਾਨੂੰ ਲਿਖਿਆ ਸੀ, ਮੈਂ ਕੋਈ ਪਬਲਿਕ ਬਿਆਨ ਨਹੀਂ ਭੇਜ ਰਿਹਾ। ਦੂਜੇ ਲੋਕ ਕੀ ਕਹਿੰਦੇ ਹਨ ਜਾਂ ਕੀ ਨਹੀਂ, ਇਸ ਦੀ ਮੈਨੂੰ ਬਹੁਤੀ ਫਿਕਰ ਨਹੀਂ। ਲੇਕਿਨ ਖ਼ੁਦ ਮੈਨੂੰ ਸ਼ਾਂਤੀ ਹੋਣੀ ਚਾਹੀਦੀ ਹੈ।
           ਸਪ੍ਰੇਮ ਤੁਹਾਡਾ
           ਜਵਾਹਰ ਲਾਲ”
ਇਸ ਦੇ ਉਤਰ ਵਿਚ ਗਾਂਧੀ ਨੇ ਜਿਹੜਾ ਹੌਸਲਾ ਬੰਨ੍ਹਾਊ ਪੱਤਰ ਲਿਖਿਆ, ਉਸ ਨਾਲ ਜਵਾਹਰ ਲਾਲ ਨਹਿਰੂ ਦਾ ਅਸ਼ਾਂਤ ਮਨ ਫੇਰ ਸ਼ਾਂਤ ਹੋ ਗਿਆ।
ਜਵਾਹਰ ਲਾਲ ਨੇ ਆਪਣੇ ਖ਼ਤ ਵਿਚ ਲਿਖਿਆ ਹੈ ਕਿ ਕਈ ਘੋੜਿਆਂ ਦੀ ਸਵਾਰੀ ਇਕੋ ਸਮੇਂ ਬੜੀ ਮੁਸ਼ਕਿਲ ਹੁੰਦੀ ਹੈ। ਦਰਅਸਲ ਉਹ ਦੋ ਘੋੜਿਆਂ ਉੱਤੇ ਸਵਾਰ ਸਨ। ਇਕ ਪਾਸੇ ਸਮਾਜਵਾਦ ਤੇ ਕਰਾਂਤੀਆਂ ਦੀਆਂ ਗਰਮਾ-ਗਰਮ ਗੱਲਾਂ ਕਰਦੇ ਸਨ, ਇਸ ਨਾਲ ਉਹ ਨੌਜਵਾਨਾਂ ਦੇ ਪਿਆਰੇ ਬਣੇ ਹੋਏ ਸਨ, ਇਸੇ ਕਾਰਣ 'ਇੰਡੀਪੈਂਡੇਂਸ ਫਾਰ ਇੰਡੀਆ ਲੀਗ' ਦੇ ਸੈਕਰੇਟਰੀ ਚੁਣੇ ਗਏ ਸਨ, ਜਿਹੜੀ ਚਾਹੁੰਦੀ ਸੀ ਕਿ ਨਵੇਂ ਸਿਰੇ ਤੋਂ ਸਮਾਜ ਦੀ ਮੁੜ ਰਚਨਾ ਕੀਤੀ ਜਾਵੇ, ਤੇ ਟਰੇਡ ਯੂਨੀਅਨ ਦੇ ਸਦਰ ਤਾਂ ਉਹ ਆਪਣੇ ਕਥਨ ਅਨੁਸਾਰ ਨਰਮ-ਦਲ ਯਾਨੀ ਸੁਧਾਰਵਾਦੀ ਦਲ ਵਲੋਂ ਗਰਮ-ਦਲ ਦੇ ਉਮੀਦਵਾਰ ਨੂੰ ਹਰਾਉਣ ਖਾਤਰ ਹੀ ਬਣਾਏ ਗਏ ਸਨ। ਦੂਜੇ ਪਾਸੇ ਅਸਲ ਵਿਚ ਗਾਂਧੀ ਦੇ ਨੇਤਰਿਤਵ ਨੂੰ ਸਵੀਕਾਰ ਕੀਤਾ ਹੋਇਆ ਸੀ, ਜਿਹੜਾ ਜਨ ਵਿਰੋਧੀ ਤੇ ਕਰਾਂਤੀ ਵਿਰੋਧੀ ਸੀ।
ਉਹਨਾਂ ਨੂੰ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਗੱਲ ਕਾਫੀ ਦਿਨਾਂ ਦੀ ਚੱਲ ਰਹੀ ਸੀ। ਜਦੋਂ ਉਹ ਯੂਰਪ ਵਿਚ ਸਨ ਉਦੋਂ ਹੀ ਗਾਂਧੀ ਨੇ ਆਪਣੇ 25 ਮਈ 1927 ਦੇ ਪੱਤਰ ਵਿਚ ਲਿਖਿਆ ਸੀ, 'ਤੇਰੇ ਅਗਲੇ ਕਾਂਗਰਸ ਦੇ ਪ੍ਰਧਾਨ ਚੁਣੇ ਜਾਣ ਦੀ ਚਰਚਾ ਹੈ। ਮੇਰਾ ਇਸ ਸੰਬੰਧ ਵਿਚ ਪਿਤਾਜੀ (ਮੋਤੀਲਾਲ) ਨਾਲ ਚਿੱਠੀ-ਪੱਤਰ ਚੱਲ ਰਿਹਾ ਹੈ।' ਪਰ ਇਸ ਵਿਚ ਕਾਫੀ ਅੜਚਣਾ ਸਨ। 1929 ਦੀ ਕਾਂਗਰਸ ਲਈ ਵੀ ਵਿਧੀ ਅਨੁਸਾਰ ਗਾਂਧੀ ਨੂੰ ਪ੍ਰਧਾਨ ਚੁਣਿਆ ਗਿਆ ਸੀ। ਪਰ ਇਸ ਗੱਲ ਦਾ ਆਖ਼ਰੀ ਫੈਸਲਾ ਕਰਨ ਲਈ ਲਖ਼ਨਊ ਵਿਚ ਅਖਿਲ-ਭਾਰਤੀ ਕਾਂਗਰਸ–-ਮੇਟੀ ਦੀ ਮੀਟਿੰਗ ਹੋਈ। ਉਸ ਵਿਚ ਗਾਂਧੀ ਨੇ ਆਪਣਾ ਨਾਂ ਵਾਪਸ ਲੈ ਕੇ ਜਵਾਹਰ ਲਾਲ ਦਾ ਨਾਂ ਪੇਸ਼ ਕਰ ਦਿੱਤਾ ਤੇ ਉਸਨੂੰ ਮੰਜ਼ੂਰ ਕੀਤੇ ਜਾਣ ਉੱਤੇ ਜ਼ੋਰ ਦਿੱਤਾ ਤੇ ਲੋਕਾਂ ਨੂੰ ਮੰਜ਼ੂਰ ਕਰਨਾ ਪਿਆ। ਇੰਜ ਚੋਰ ਦਰਵਾਜ਼ੇ ਰਾਹੀਂ ਲਿਆ ਕੇ ਪ੍ਰਧਾਨ ਦੀ ਗੱਦੀ ਉੱਤੇ ਬਿਠਾਇਆ ਜਾਣਾ ਜਵਾਹਰ ਲਾਲ ਨੂੰ ਪਸੰਦ ਨਹੀਂ ਸੀ ਆਇਆ। ਲਿਖਿਆ ਹੈ : “ਇਸ ਨਾਲ ਮੇਰੇ ਸਵੈਮਾਨ ਨੂੰ ਠੇਸ ਪਹੁੰਚੀ ਤੇ ਮੈਨੂੰ ਲਗਭਗ ਇਹੀ ਮਹਿਸੂਸ ਹੋਇਆ ਕਿ ਮੈਂ ਇਹ ਪਦ ਮੋੜ ਦਿਆਂ। ਮਗਰ ਖੁਸ਼ਕਿਸਮਤੀ ਨਾਲ ਮੈਂ ਆਪਣੇ ਆਪ ਨੂੰ ਆਪਣੇ ਭਾਵਾਂ ਨੂੰ ਪ੍ਰਗਟ ਕਰਨ ਤੋਂ ਰੋਕੀ ਰੱਖਿਆ ਤੇ ਭਾਰੇ ਮਨ ਨਾਲ ਚੁੱਪਚਾਪ ਉੱਥੋਂ ਤੁਰ ਆਇਆ।” (ਮੇਰੀ ਕਹਾਣੀ)
ਦਰਅਸਲ ਗਾਂਧੀ ਨੇ ਇਹ ਫੈਸਲਾ ਬੜਾ ਸੋਚ ਸਮਝ ਕੇ ਕੀਤਾ ਸੀ। ਕਲਕੱਤਾ ਕਾਂਗਰਸ ਵਿਚ ਉਹ ਗਰਮ-ਦਲ ਵਾਲਿਆਂ ਦਾ ਜੋਸ਼ ਦੇਖ ਚੁੱਕਿਆ ਸੀ। ਉਸ ਸਮੇਂ ਦੇਸ਼ ਦੀ ਜਿਹੜੀ ਸਥਿਤੀ ਸੀ, ਉਸ ਵਿਚ ਵੀ ਇਕ ਅਜਿਹੇ ਵਿਅਕਤੀ ਨੂੰ ਪ੍ਰਧਾਨ ਬਣਾਉਣ ਦੀ ਲੋੜ ਸੀ, ਜਿਹੜਾ ਕਰਾਂਤੀਕਾਰੀ ਨੌਜਵਾਨਾਂ ਦਾ, ਆਜ਼ਾਦੀ ਚਾਹੁਣ ਵਾਲੇ ਬੁੱਧੀਜੀਵੀਆਂ ਦਾ ਤੇ ਸਮਾਜਵਾਦ ਵਿਚ ਵਿਸ਼ਵਾਸ ਰੱਖਣ ਵਾਲੇ ਮਜ਼ਦੂਰਾਂ ਦਾ ਪਿਆਰਾ ਨੇਤਾ ਹੋਵੇ ਤੇ ਜਵਾਹਰ ਲਾਲ ਨੇ ਉਹਨਾਂ ਦੇ ਨੇਤਾ ਦੋ ਤੌਰ 'ਤੇ ਖਾਸਾ ਨਾਂ ਬਣਾ ਲਿਆ ਸੀ।
ਜਿਹੜੇ ਦੱਖਣ-ਪੰਥੀ ਲੋਕ ਜਵਾਹਰ ਲਾਲ ਨੂੰ ਸਮਝਦੇ ਨਹੀਂ ਸਨ ਤੇ ਉਹਨਾਂ ਦੇ ਗਰਮ ਵਿਚਾਰਾਂ ਕਾਰਣ ਤ੍ਰਬਕ ਜਾਂਦੇ ਸਨ, ਉਹਨਾਂ ਨੂੰ ਸੰਤੁਸ਼ਟ ਕਰਨ ਲਈ ਗਾਂਧੀ ਨੇ ਆਪਣੇ ਫੈਸਲੇ ਦੀ ਇਹ ਵਿਆਖਿਆ ਕੀਤੀ...:
“ਦੇਸ਼ ਪ੍ਰੇਮ ਵਿਚ ਕੋਈ ਉਹਨਾਂ ਨਾਲੋਂ ਵਧ ਕੇ ਨਹੀਂ, ਉਹ ਬਹਾਦੁਰ ਵੀ ਹਨ ਤੇ ਜੋਸ਼ੀਲੇ ਤੇ ਦ੍ਰਿੜ ਸੰਕਲਪੀ ਹੋਣ ਦੇ ਨਾਲ ਉਹਨਾਂ ਕੋਲ ਇਕ ਰਾਜਨੀਤਕ ਵਾਲੀ ਤਰਕ ਬੁੱਧੀ ਵੀ ਹੈ। ਉਹ ਅਨੁਸ਼ਾਸਨ ਵਿਚ ਰਹਿਣ ਵਾਲੇ ਹਨ। ਉਹਨਾਂ ਆਪਣੇ ਅਮਲਾਂ ਰਾਹੀਂ ਸਿੱਧ ਕਰ ਦਿੱਤਾ ਹੈ ਕਿ ਜਿਹਨਾਂ ਫੈਸਲਿਆਂ ਨਾਲ ਉਹ ਸਹਿਮਤ ਨਹੀਂ ਹੁੰਦੇ, ਉਹਨਾਂ ਨੂੰ ਸਵੀਕਾਰ ਕਰ ਲੈਣ ਦੀ ਹਿੰਮਤ ਵੀ ਹੈ ਉਹਨਾਂ ਵਿਚ। ਉਹ ਏਨੇ ਨਰਮ ਸੁਭਾਅ ਤੇ ਸਭਿਅਕ ਵਿਅਕਤੀ ਹਨ ਕਿ ਕਦੀ ਗਰਮੀ ਨਹੀਂ ਖਾ ਸਕਦੇ। ਉਹਨਾਂ ਦੇ ਹੱਥ ਵਿਚ ਰਾਸ਼ਟਰ ਹਰੇਕ ਪੱਖੋਂ, ਸਦਾ ਸੁਰੱਖਿਅਤ ਰਹੇਗਾ।”
       (ਰਜਨੀ ਪਾਮਦੱਤ : ਆਜ ਕਾ ਭਾਰਤ)
    --- --- ---

No comments:

Post a Comment