Friday, June 10, 2011

ਨਮਕ ਸਤਿਆਗ੍ਰਹਿ :


ਨਮਕ ਸਤਿਆਗ੍ਰਹਿ






31ਦਸੰਬਰ 1929 ਨੂੰ ਲਾਹੌਰ ਕਾਂਗਰਸ ਵਿਚ ਮੁਕੰਮਲ-ਆਜ਼ਾਦੀ ਦਾ ਮਤਾ ਪਾਸ ਕੀਤਾ ਗਿਆ ਤੇ ਪਹਿਲੀ ਵਾਰੀ ਤਿਰੰਗਾ ਲਹਿਰਾਇਆ ਗਿਆ। ਗਾਂਧੀ ਦੇ ਇਕ ਪੱਤਰ ਤੋਂ ਪਤਾ ਲਗਦਾ ਹੈ ਕਿ ਇਜਲਾਸ ਦੇ ਪ੍ਰਧਾਨ ਜਵਾਹਰ ਲਾਲ ਨਹਿਰੂ ਖੁਸ਼ੀ ਵੱਸ ਝੰਡੇ ਦੇ ਇਰਦ-ਗਿਰਦ ਖਾਸਾ ਨੱਚੇ ਸਨ।
ਪਰ ਇਸੇ ਲਾਹੌਰ ਇਜਲਾਸ ਬਾਰੇ ਸੁਭਾਸ਼ ਬੋਸ ਨੇ ਆਪਣੀ ਪ੍ਰਤੀਕ੍ਰਿਆ ਇੰਜ ਬਿਆਨ ਕੀਤੀ ਹੈ...:
“ਮੈਂ ਵਾਮ-ਪੱਖ ਵੱਲੋਂ ਮਤਾ ਰੱਖਿਆ ਸੀ ਕਿ ਕਾਂਗਰਸ ਦੇਸ਼ ਵਿਚ ਸਮਾਨ-ਅੰਦਰ ਸਰਕਾਰ ਬਣਾਵੇ ਤੇ ਇਸ ਲਈ ਮਜ਼ਦੂਰਾਂ, ਕਿਸਾਨਾਂ ਤੇ ਨੌਜਵਾਨਾਂ ਨੂੰ ਸੰਗਠਿਤ ਕੀਤਾ ਜਾਵੇ। ਇਹ ਮਤਾ ਰੱਦ ਕਰ ਦਿੱਤਾ ਗਿਆ। ਸਿੱਟਾ ਇਹ ਕਿ ਚਾਹੇ ਕਾਂਗਰਸ ਨੇ ਮੁਕੰਮਲ-ਆਜ਼ਾਦੀ ਨੂੰ ਆਪਣਾ ਟੀਚਾ ਐਲਾਨ ਕਰ ਦਿੱਤਾ ਸੀ; ਪਰ ਟੀਚੇ ਉੱਤੇ ਪਹੁੰਚਣ ਲਈ ਨਾ ਕੋਈ ਯੋਜਨਾ ਉਲੀਕੀ ਗਈ ਤੇ ਨਾ ਹੀ ਅਗਲੇ ਵਰ੍ਹੇ ਲਈ ਕੋਈ ਕਾਰਜ-ਪ੍ਰਣਾਲੀ ਨਿਸ਼ਚਿਤ ਕੀਤੀ ਗਈ। ਇਸ ਨਾਲੋਂ ਵਧ ਹਾਸੋਹੀਣੀ ਸਥਿਤੀ ਹੋਰ ਕੀ ਹੋ ਸਕਦੀ ਸੀ?” (ਭਾਰਤੀਯ ਸੰਘਰਸ਼)
ਅੰਦੋਲਨ ਦੀ ਰੂਪ-ਰੇਖਾ ਤਿਆਰ ਕਰਨ ਤੇ ਉਸਨੂੰ ਚਲਾਉਣ ਦੀ ਜ਼ਿੰਮੇਵਾਰੀ ਗਾਂਧੀ ਨੂੰ ਸੌਂਪ ਦਿੱਤੀ ਗਈ। ਬੜੀ ਸੋਚ-ਵਿਚਾਰ ਦੇ ਅਤੇ ਬੜੀ ਉਡੀਕ ਕਰਵਾਉਣ ਪਿੱਛੋਂ ਗਾਂਧੀ ਨੇ, ਜਿਹੜਾ ਅੰਦੋਲਨ ਸ਼ੁਰੂ ਕੀਤਾ, ਉਸਦਾ ਨਾਂ ਨਮਕ-ਸਤਿਆਗ੍ਰਹਿ ਪਿਆ—ਕਿਉਂਕਿ ਉਹਨਾਂ ਸ਼ੁਰੂਆਤ ਨਮਕ-ਕਾਨੂੰਨ ਨੂੰ ਤੋੜ ਕੇ ਕੀਤੀ। ਇਸ ਤੋਂ ਪਹਿਲਾਂ 2 ਮਾਰਚ 1930 ਨੂੰ ਉਹਨਾਂ ਵਾਇਸਰਾਏ ਦੇ ਨਾਂ ਆਪਣੇ ਪੱਤਰ ਵਿਚ ਲਿਖਿਆ...:
“ਹਿੰਸਕ ਦਲ ਦੀ ਸ਼ਕਤੀ ਤੇ ਪ੍ਰਭਾਵ ਵਧਦਾ ਜਾ ਰਿਹਾ ਹੈ। ਮੇਰਾ ਉਦੇਸ਼ ਇਸ ਸੰਗਠਿਤ ਹਿੰਸਾ ਦੇ ਵਿਰੁੱਧ (ਅਹਿੰਸਾ) ਦੀਆਂ ਸ਼ਕਤੀਆਂ ਨੂੰ ਹਰਕਤ ਵਿਚ ਲਿਆਉਣਾ ਹੈ। ਹੱਥ ਉੱਤੇ ਹੱਥ ਧਰੀ ਬੈਠੇ ਰਹਿਣ ਦਾ ਅਰਥ ਇਹਨਾਂ ਦੋਹਾਂ ਹਿੰਸਕ ਸ਼ਕਤੀਆਂ ਨੂੰ ਖੁੱਲ੍ਹੀ ਛੁੱਟੀ ਦੇਣਾ ਹੋਏਗਾ।” (ਆਜ ਕਾ ਭਾਰਤ)
ਸਤਿਆਗ੍ਰਹਿ ਦੇ ਨਿਯਮਾਂ ਵਿਚ ਪੂਰੀ ਤਰ੍ਹਾਂ ਢਾਲੇ ਹੋਏ ਆਪਣੇ ਸਾਬਰਮਤੀ ਆਸ਼ਰਮ ਦੇ 68 ਵਾਸਨੀਕਾਂ ਦੀ ਇਕ ਟੋਲੀ ਨੂੰ ਨਾਲ ਲੈ ਕੇ ਗਾਂਧੀ ਨੇ 13 ਮਾਰਚ ਨੂੰ ਆਪਣਾ ਪ੍ਰਸਿੱਧ ਡਾਂਡੀ ਮਾਰਚ ਬੜੀ ਧੂਮਧਾਮ ਨਾਲ ਸ਼ੁਰੂ ਕੀਤਾ। ਦੁਨੀਆਂ ਭਰ ਦੇ ਪੱਤਰਕਾਰ, ਪ੍ਰੈੱਸ ਫ਼ੋਟੋਗ਼੍ਰਾਫ਼ਰ ਅਤੇ ਸਿਨੇਮਾ ਰੀਲ੍ਹ ਬਾਣਉਣ ਵਾਲੇ ਉਸਦੇ ਨਾਲ ਨਾਲ ਤੁਰੇ। 6 ਅਪ੍ਰੈਲ ਨੂੰ ਉਹ ਸਮੁੰਦਰ ਕਿਨਾਜੇ ਪਹੁੰਚੇ, ਪਾਣੀ ਉਬਾਲ ਕੇ ਲੂਣ ਤਿਆਰ ਕੀਤਾ ਗਿਆ—ਤੇ ਕੋਈ ਗ੍ਰਿਫਤਾਰੀ ਨਹੀਂ ਹੋਈ!
ਦੋ ਦਿਨਾਂ ਬਾਅਦ ਸਾਰੇ ਦੇਸ਼ ਵਿਚ ਕਾਂਗਰਸ ਕਮੇਟੀਆਂ ਨੂੰ ਹਦਾਇਤ ਘੱਲ ਦਿੱਤੀ ਗਈ ਕਿ ਉਹ ਨਮਕ ਦਾ ਕਾਨੂੰਨ ਤੋੜ ਕੇ ਸਤਿਆਗ੍ਰਹਿ ਸ਼ੁਰੂ ਕਰ ਦੇਣ।
ਬਸ ਹੁਣ ਕੀ ਸੀ, ਲੋਕ ਤਾਂ ਪਹਿਲਾਂ ਹੀ ਤਿਆਰ ਬੈਠੇ ਸਨ, ਅੰਦੋਲਨ ਨਮਕ ਸਤਿਆਗ੍ਰਹਿ ਤਕ ਸੀਮਿਤ ਨਾ ਰਿਹਾ। ਵੱਡੇ ਪੈਮਾਨੇ ਉੱਤੇ ਜਲੂਸ, ਪ੍ਰਦਰਸ਼ਣ ਤੇ ਹੜਤਾਲਾਂ ਸ਼ੁਰੂ ਹੋ ਗਈਆਂ ਤੇ ਬੰਗਾਲ ਦੇ ਕਰਾਂਤੀਕਾਰੀ ਨੌਜਵਾਨਾ ਨੇ ਚਟਗਾਂਵ ਦੇ ਫੌਜੀ ਅਸਲਾਖ਼ਾਨੇ ਉੱਤੇ ਹਮਲਾ ਕਰਕੇ ਹੱਥਿਆਰ ਲੁੱਟ ਲਏ। ਸਾਰਾ ਦੇਸ਼ ਵਿਦੇਸ਼ੀ ਗ਼ੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਉੱਠ ਖੜ੍ਹਾ ਹੋਇਆ।
ਪੇਸ਼ਾਵਰ ਦੇ ਨੇਤਾਵਾਂ ਦੀ ਗ੍ਰਿਫਤਾਰੀ ਦੇ ਵਿਰੁੱਧ ਬੜਾ ਭਾਰੀ ਪ੍ਰਦਰਸ਼ਣ ਹੋਇਆ। ਸਰਕਾਰ ਨੇ ਪ੍ਰਦਰਸ਼ਣ-ਕਾਰੀਆਂ ਨੂੰ ਭੈਭੀਤ ਕਰਨ ਲਈ ਬਖ਼ਤਰਬੰਦ ਕਾਰਾਂ ਭੇਜੀਆਂ ਤਾਂ ਉਹਨਾਂ ਨੇ ਇਕ ਕਾਰ ਨੂੰ ਅੱਗ ਲਾ ਦਿੱਤੀ। ਇਸ ਉੱਤੇ ਅੰਨ੍ਹੇਵਾਹ ਗੋਲੀ ਚੱਲੀ ਤੇ ਸੈਂਕੜੇ ਨਿਹੱਥੇ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ। ਇਸੇ ਸਮੇਂ ਗੜਵਾਲੀ ਸਿਪਾਹੀਆਂ ਨੇ ਆਪਣੇ ਨਿਹੱਥੇ ਭਰਾਵਾਂ ਉੱਤੇ ਗੋਲੀ ਚਲਾਉਣ ਤੋਂ ਇਨਕਾਰ ਕਰ ਦਿੱਤਾ। ਸਰਕਾਰ ਨੇ ਉਹਨਾਂ ਦੇ ਵਿਦਰੋਹੀ ਤੇਵਰ ਦੇਖ ਕੇ ਤੁਰੰਤ ਫੌਜ ਤੇ ਪੁਲਿਸ ਹਟਾਅ ਲਈ। ਇਸ ਪਿੱਛੋਂ 25 ਅਪ੍ਰੈਲ ਤੋਂ 4 ਮਈ ਤਕ ਪੇਸ਼ਾਵਰ ਉੱਤੇ ਜਨਤਾ ਦਾ ਰਾਜ ਰਿਹਾ। ਸਰਕਾਰ ਨੇ ਹਵਾਈ ਸੈਨਾ ਸਮੇਤ ਗੋਰੀ ਫੌਜ ਬੁਲਾਈ, ਤਾਂ ਕਿਤੇ ਜਾ ਕੇ ਪੇਸ਼ਾਵਰ ਉੱਤੇ ਦੁਬਾਰਾ ਕਬਜਾ ਹੋਇਆ।
ਹੁਣ ਅੰਦੋਲਨ ਗਾਂਧੀ ਦੇ ਵੱਸ ਦਾ ਨਹੀਂ ਸੀ ਰਿਹਾ। ਇਸ ਲਈ ਬ੍ਰਿਟਿਸ਼ ਸਰਕਾਰ ਨੇ ਉਸਨੂੰ 5 ਮਈ ਨੂੰ ਗ੍ਰਿਫਤਾਰ ਕਰ ਲਿਆ। ਇਸ ਉੱਤੇ ਜਬਰਦਸਤ ਪ੍ਰਦਰਸ਼ਣ ਤੇ ਵੱਡੀਆਂ-ਵੱਡੀਆਂ ਹੜਤਾਲਾਂ ਹੋਈਆਂ। ਸ਼ੋਲਾਪੁਰ ਦੇ 50 ਹਜ਼ਾਰ ਮਜ਼ਦੂਰਾਂ ਨੇ ਇਕ ਲੱਖ ਚਾਲੀ ਹਜ਼ਾਰ ਦੀ ਆਬਾਦੀ ਵਾਲੇ ਇਸ ਸ਼ਹਿਰ ਦੇ ਰਾਜ ਪ੍ਰਬੰਧ ਉੱਤੇ ਕਬਜਾ ਕਰ ਲਿਆ ਤੇ ਇੰਜ ਸ਼ੋਲਾਪੁਰ ਇਕ ਹਫਤੇ ਤਕ ਆਜ਼ਾਦ ਰਿਹਾ। ਸਰਕਾਰ ਨੇ 12 ਮਈ ਨੂੰ ਉੱਥੇ ਮਾਰਸ਼ਲ ਲਾਅ ਲਾ ਦਿੱਤਾ।
ਇਹਨਾਂ ਘਟਨਾਵਾਂ ਦਾ ਉਲੇਖ ਕਰਦਿਆਂ ਜਵਾਹਰ ਲਾਲ ਨੇ ਲਿਖਿਆ ਹੈ...:
“ਸਰਹੱਦੀ ਸੂਬੇ ਵਿਚ ਉਹ ਮਸ਼ਹੂਰ ਘਟਨਾ ਹੋਈ, ਜਿਸ ਵਿਚ ਗੜਵਾਲੀ ਸਿਪਾਹੀਆਂ ਨੇ ਨਿਹੱਥੀ ਜਨਤਾ ਉੱਤੇ ਗੋਲੀ ਚਲਾਉਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਇਸ ਲਈ ਇਨਕਾਰ ਕੀਤਾ ਕਿ ਸੱਚੇ ਸਿਪਾਹੀ ਦਾ ਨਿਹੱਥੀ ਭੀੜ ਉੱਤੇ ਗੋਲੀ ਚਲਾਉਣਾ ਚੰਗਾ ਨਹੀਂ ਲੱਗਦਾ ਤੇ ਇਸ ਲਈ ਵੀ ਕਿ ਭੀੜ ਦੇ ਲੋਕਾਂ ਨਾਲ ਉਹਨਾਂ ਨੂੰ ਹਮਦਰਦੀ ਸੀ। ਮਗਰ ਸਿਰਫ ਹਮਦਰਦੀ ਹੀ ਆਮ ਤੌਰ 'ਤੇ ਸਿਪਾਹੀ ਨੂੰ ਆਪਣੇ ਅਫ਼ਸਰ ਦਾ ਹੁਕਮ ਨਾ ਮੰਨਣ ਵਰਗੀ ਖ਼ਤਰਨਾਕ ਕਾਰਵਾਈ ਲਈ ਪ੍ਰੇਰਤ ਨਹੀਂ ਕਰ ਸਕਦੀ, ਕਿਉਂਕਿ ਇਸ ਦੇ ਮਾੜੇ ਨਤੀਜੇ ਉਸਨੂੰ ਪਤਾ ਹੁੰਦੇ ਹਨ। ਗੜਵਾਲੀਆਂ ਨੇ ਇੰਜ ਸ਼ਾਇਦ ਇਸ ਲਈ ਕੀਤਾ ਸੀ ਕਿ ਉਹਨਾਂ ਨੂੰ (ਤੇ ਕੁਝ ਦੂਜੀਆਂ ਰੇਜਿਮੈਂਟਾਂ ਨੂੰ ਜਿਹਨਾਂ ਦੀ ਹੁਕਮ-ਉਦੂਲੀ ਦੀ ਖ਼ਬਰ ਫੈਲ ਨਹੀਂ ਸੀ ਸਕੀ) ਇਹ ਭੁਲੇਖਾ ਹੋ ਗਿਆ ਸੀ ਕਿ ਅੰਗਰੇਜ਼ਾਂ ਦੀ ਹਕੂਮਤ ਤਾਂ ਹੁਣ ਜਾਣ ਹੀ ਵਾਲੀ ਹੈ। ਜਦ ਸਿਪਾਹੀਆਂ ਵਿਚ ਅਜਿਹਾ ਖ਼ਿਆਲ ਪੈਦਾ ਹੋ ਜਾਂਦਾ ਹੈ ਤਦ ਹੀ ਉਹ ਆਪਣੀ ਹਮਦਰਦੀ ਤੇ ਇੱਛਾ ਅਨੁਸਾਰ ਕੰਮ ਕਰਨ ਦੀ ਹਿੰਮਤ ਕਰਦੇ ਹਨ। ਸ਼ਾਇਦ ਕੁਛ ਦਿਨਾਂ ਜਾਂ ਹਫਤਿਆਂ ਦੀ ਆਮ ਹਲਚਲ ਤੇ ਸਵਿਨਯ-ਭੰਗ ਕਾਰਣ ਆਮ ਲੋਕਾਂ ਵਿਚ ਵੀ ਇਹ ਖ਼ਿਆਲ ਪੈਦਾ ਹੋ ਗਿਆ ਸੀ ਕਿ ਅੰਗਰੇਜ਼ੀ ਹਕੂਮਤ ਦੇ ਆਖ਼ਰੀ ਦਿਨ ਆ ਗਏ ਹਨ। ਤੇ ਇਸ ਦਾ ਕੁਛ ਅਸਰ ਫੌਜ ਉਪਰ ਵੀ ਪਿਆ। ਮਗਰ ਜਲਦੀ ਹੀ ਇਹ ਵੀ ਜ਼ਾਹਿਰ ਹੋ ਗਿਆ ਕਿ ਨੇੜੇ ਭਵਿੱਖ ਵਿਚ ਅਜਿਹੀ ਕੋਈ ਸੰਭਾਵਨਾ ਨਹੀਂ ਹੈ ਤੇ ਫੇਰ ਫੌਜ ਵਿਚ ਹੁਕਮ ਅਦੂਲੀ ਨਹੀਂ ਹੋਈ। ਫੇਰ ਇਸ ਗੱਲ ਦਾ ਵੀ ਖ਼ਿਆਲ ਰੱਖਿਆ ਗਿਆ ਕਿ ਸਿਪਾਹੀਆਂ ਨੂੰ ਅਜਿਹੀ ਦੁੱਚਿਤੀ ਵਿਚ ਪੈਣ ਹੀ ਨਾ ਦਿੱਤਾ ਜਾਏ।” (ਮੇਰੀ ਕਹਾਣੀ)
ਜ਼ਾਹਿਰ ਹੈ ਫੌਜ ਵਿਗੜ ਰਹੀ ਸੀ ਤੇ ਉਸਦੇ ਹੋਰ ਬਾਗ਼ੀ ਹੋ ਜਾਣ ਦੀ ਪੂਰੀ ਸੰਭਾਵਨਾਂ ਸੀ, ਬਸ਼ਰਤੇ ਕਿ ਦੇਸ਼ ਦੀਆਂ ਕਰਾਂਤੀਕਾਰੀ ਸ਼ਕਤੀਆਂ ਨੂੰ ਉਭਾਰਿਆ ਜਾਂਦਾ, ਬਸ਼ਰਤੇ ਕਿ ਸੁਭਾਸ਼ ਦੇ ਸੁਝਾਅ ਅਨੁਸਾਰ ਕਾਂਗਰਸ ਨੇ ਸਮਾਨ-ਅੰਦਰ ਸਰਕਾਰ ਸਥਾਪਿਤ ਕੀਤੀ ਹੁੰਦੀ, ਆਪਣੀਆਂ ਅਦਾਲਤਾਂ ਬਣਾਈਆਂ ਹੁੰਦੀਆਂ, ਮਜ਼ਦੂਰਾਂ, ਕਿਸਾਨਾਂ ਤੇ ਨੋਜਵਾਨਾਂ ਦੀ ਹਥਿਆਰਬੰਦ ਫੌਜ ਤਿਆਰ ਕੀਤੀ ਹੁੰਦੀ। ਪਰ ਕੌਣ ਕਰਦਾ? ਸੁਭਾਸ਼ ਤੇ ਕਰਾਂਤੀਕਾਰੀ ਵਿਚਾਰਾਂ ਦੇ ਦੂਜੇ ਲੋਕਾਂ ਨੂੰ ਤਾਂ ਲਾਹੌਰ ਕਾਂਗਰਸ ਦੇ ਫੌਰਨ ਬਾਅਦ ਜਨਵਰੀ ਤੇ ਉਸ ਤੋਂ ਵੀ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਗਾਂਧੀ ਦੀ ਇਸ ਵਿਚ ਕੋਈ ਦਿਲਚਸਪੀ ਨਹੀਂ ਸੀ। ਉਸਨੇ ਤਾਂ ਅੰਦੋਲਨ ਨੂੰ ਮਜ਼ਦੂਰਾਂ, ਕਿਸਾਨਾਂ ਤੇ ਨੌਜਵਾਨਾਂ ਵਿਚ ਫੈਲਣ ਤੇ ਕਰਾਂਤੀਕਾਰੀ ਰੂਪ ਧਾਰਣ ਕਰਨ ਤੋਂ ਰੋਕਣ ਲਈ ਨਮਕ-ਸਤਿਅਗ੍ਰਹਿ ਚਾਲੂ ਕੀਤਾ ਸੀ।
ਇਸ ਦੇ ਬਾਵਜੂਦ ਅੰਦੋਲਨ ਫੈਲਿਆ ਤੇ ਖ਼ੂਬ ਫੈਲਿਆ ਕਿਉਂਕਿ ਇਸ ਨਾਲ ਸਮੇਂ ਦੀ ਮੰਗ ਪੂਰੀ ਹੁੰਦੀ ਸੀ ਤੇ ਜਨਤਾ ਵੀ ਇਸ ਲਈ ਤਿਆਰ ਸੀ। ਬੰਬਈ, ਦੇਸ਼ ਦਾ ਉਦਯੋਗਿਕ ਮਹਾਨਗਰ ਕਰਾਂਤੀ ਦਾ ਕੇਂਦਰ ਬਣਿਆ ਹੋਇਆ ਸੀ। ਮਜ਼ਦੂਰ ਕਰਾਂਤੀ ਦਾ ਮੁੱਢ ਬਣੇ ਹੋਏ ਸਨ। ਉਹ ਆਪਣਾ ਲਾਲ ਝੰਡਾ ਤੇ ਕਾਂਗਰਸ ਦਾ ਤਿਰੰਗਾ ਝੰਡਾ ਨਾਲੋ ਨਾਲ ਲੈ ਕੇ ਤੁਰਦੇ ਸਨ, ਉਹਨਾਂ ਨੂੰ ਨੌਜਵਾਨਾਂ ਤੇ ਸਮੁੱਚੀ ਜਨਤਾ ਦਾ ਸਹਿਯੋਗ ਪ੍ਰਾਪਤ ਸੀ। ਸਰਕਾਰ ਪੁਲਿਸ ਤੇ ਫੌਜ ਦੇ ਜ਼ੋਰ ਨਾਲ ਹਕੂਮਤ ਚਲਾ ਰਹੀ ਸੀ ਨਹੀਂ ਤਾਂ ਸ਼ਹਿਰਾਂ ਉੱਤੇ ਉਹਨਾਂ ਦਾ ਹੀ ਕਬਜਾ ਸੀ। ਲਗਭਗ ਸਭਨੀਂ ਥਾਈਂ ਇਹੋ ਹਾਲ ਸਨ, ਲੋਕਾਂ ਨੇ ਸਰਕਾਰ ਨੂੰ ਤੇ ਉਸਦੇ ਕਾਨੂੰਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਅੰਦੋਲਨ ਨੂੰ ਕੁਚਲਨ ਲਈ ਸਰਕਾਰ ਨੇ ਆਪਣੀ ਸਾਰੀ ਹਿੰਸਕ ਸ਼ਕਤੀ ਲਾ ਦਿੱਤੀ। ਕਾਂਗਰਸ ਤੇ ਉਸ ਦੀਆਂ ਸਾਰੀਆਂ ਸੰਸਥਾਵਾਂ ਦੇ ਗੈਰ-ਕਾਨੂੰਨੀ ਹੋਣ ਦਾ ਐਲਾਨ ਕਰ ਦਿੱਤਾ ਗਿਆ। ਨਵੇਂ-ਨਵੇਂ ਆਰਡੀਨੈਂਸ ਜ਼ਾਰੀ ਕਰਕੇ ਸਾਰੇ ਦੇਸ਼ ਵਿਚ ਮਾਰਸ਼ਲ ਲਾਅ ਵਰਗੀ ਸਥਿਤੀ ਬਣਾਅ ਦਿੱਤੀ ਗਈ। ਲਾਠੀ-ਚਾਰਜ ਤੇ ਗੋਲੀ-ਬਾਰੀ ਨਿੱਤ ਦਿਨ ਦੀਆਂ ਘਟਨਾਵਾਂ ਬਣ ਗਈਆਂ। ਕਾਂਗਰਸ ਦਾ ਝੰਡਾ ਚੁੱਕ ਕੇ ਤੁਰਨ ਵਾਲਿਆਂ ਨੂੰ ਦਸ-ਦਸ ਸਾਲ ਦੀਆਂ ਸਜਾਵਾਂ ਹੁੰਦੀਆਂ ਸਨ। ਪਿੰਡਾਂ ਦੇ ਕਿਸਾਨਾਂ ਦੇ ਵਿਰੋਧ ਨੂੰ ਕੁਚਲਣ ਲਈ ਵੱਡੀ ਗਿਣਤੀ ਵਿਚ ਪੁਲਿਸ ਤੇ ਫੌਜ ਲਾ ਦਿੱਤੀ ਗਈ ਤੇ ਪਿੰਡਾਂ ਨੂੰ ਸਮੂਹਿਕ ਜੁਰਮਾਨੇ ਕੀਤੇ ਗਏ। ਫੇਰ ਵੀ ਜੋਸ਼ ਵਧਦਾ ਹੀ ਗਿਆ। ਲਾਠੀ, ਗੋਲੀ ਦੇ ਜ਼ਖ਼ਮੀਆਂ ਲਈ ਅਸਥਾਈ ਹਸਪਤਾਲ ਖੋਲ੍ਹੇ ਗਏ ਤੇ ਕੈਦੀਆਂ ਨਾਲ ਜੇਲ੍ਹਾਂ ਭਰੀਆਂ ਗਈਆਂ। 1930 ਦੇ ਅੰਤ ਵਿਚ ਸਰਕਾਰੀ ਅੰਕੜਿਆਂ ਅਨੁਸਾਰ ਸੱਠ ਹਜ਼ਾਰ ਤੇ ਕਾਂਗਰਸ ਇਤਿਹਾਸ ਅਨੁਸਾਰ ਨੱਬੇ ਹਜ਼ਾਰ ਆਦਮੀ ਜੇਲ੍ਹੀਂ ਬੰਦ ਸਨ।
ਜਵਾਹਰ ਲਾਲ ਨੇ ਇਸ ਸਭ ਦਾ ਸਿਹਰਾ ਗਾਂਧੀ ਦੇ ਬੰਨ੍ਹਦਿਆਂ ਹੋਇਆਂ ਆਪਣੀ ਆਤਮਕਥਾ-'ਮੇਰੀ ਕਹਾਣੀ' ਵਿਚ ਲਿਖਿਆ ਹੈ...:
“1930 ਦਾ ਇਹ ਸਾਲ ਹੈਰਾਨੀ-ਭਰਪੂਰ ਪ੍ਰਸਥਿਤੀਆਂ ਤੇ ਫੁਰਤੀ-ਦਾਇਕ ਘਟਨਾਵਾਂ ਨਾਲ ਭਰਿਆ ਹੋਇਆ ਸੀ। ਗਾਂਧੀਜੀ ਦੀ ਸਾਰੇ ਰਾਸ਼ਟਰ ਵਿਚ ਨਵੀਂ ਫ਼ੁਰਤੀ ਤੇ ਉਤਸਾਹ ਭਰ ਦੇਣ ਦੀ ਇਸ ਅਦਭੁਤ ਸ਼ਕਤੀ 'ਤੇ ਮੈਨੂੰ ਸਭ ਤੋਂ ਵੱਧ ਹੈਰਾਨੀ ਹੋਈ। ਉਹਨਾਂ ਦੀ ਸ਼ਕਤੀ ਵਿਚ ਇਕ ਮੋਹਿਨੀ-ਖਿੱਚ ਮਹਿਸੂਸ ਹੁੰਦੀ ਸੀ ਤੇ ਉਹਨਾਂ ਬਾਰੇ, ਜਿਹੜੀ ਇਕ ਗੱਲ ਗੋਖ਼ਲੇ ਨੇ ਆਖੀ ਸੀ, ਉਹ ਮੈਨੂੰ ਯਾਦ ਆ ਜਾਂਦੀ—ਉਹਨਾਂ ਵਿਚ ਮਿੱਟੀ ਤੋਂ ਸੂਰਮਾਂ ਬਣਾ ਦੇਣ ਦੀ ਤਾਕਤ ਹੈ। ਸ਼ਾਂਤੀ ਪੂਰਨ ਸਵਿਨਯ-ਭੰਗ ਮਹਾਨ ਰਾਸ਼ਟਰੀ ਉਦੇਸ਼ਾਂ ਨੂੰ ਪੂਰਾ ਕਰਨ ਲਈ ਲੜਾਈ ਦੇ ਸ਼ਸਤਰ ਤੇ ਸ਼ਾਸਤਰ ਦੋਹਾਂ ਵਜੋਂ ਕੰਮ ਆ ਸਕਦਾ ਸੀ। ਇਹ ਗੱਲ ਸੱਚੀ ਜਾਪੀ।”
ਹੁਣ ਇਸ ਸੱਚਾਈ ਦਾ ਦੂਜਾ ਪੱਖ ਵੀ ਦੇਖੀਏ। ਐਚ.ਜੀ. ਅਲੈਗਜੇਂਡਰ ਨਾਂ ਦੇ ਇਕ ਅੰਗਰੇਜ਼ ਪ੍ਰੋਫ਼ੈਸਰ ਨੇ 1930 ਦੇ ਅੰਤ ਵਿਚ ਗਾਂਧੀ ਨਾਲ ਯਰਵਦਾ ਜੇਲ੍ਹ ਵਿਚ ਮੁਲਾਕਾਤ ਕੀਤੀ ਤੇ ਉਸਦੇ ਆਧਾਰ ਉੱਤੇ 3 ਫਰਬਰੀ 1931 ਦੇ 'ਸਪੈਕਟੇਟਰ' ਵਿਚ 'ਗਾਂਧੀ ਕਾ ਵਰਤਮਾਨ ਦ੍ਰਿਸ਼ਟੀਕਣ' ਸਿਰਲੇਖ ਹੇਠ ਲੇਖ ਛਾਪਵਾਇਆ। ਉਹ ਵਿਚ ਸ਼੍ਰੀਮਾਨ ਪ੍ਰੋਫ਼ੈਸਰ ਸਾਹਿਬ ਲਿਖਦੇ ਹਨ...:
“ਆਪਣੀ ਜੇਲ੍ਹ ਦੀ ਤਨਹਾਈ ਵਿਚ ਵੀ ਉਹ ਇਸ ਗੱਲੋਂ ਬੜੇ ਚਿੰਤਤ ਹਨ ਕਿ ਸਥਿਤੀ ਇੰਜ ਵਿਗੜ ਰਹੀ ਹੈ। ਅਤੇ ਇਸੇ ਕਰਕੇ ਉਹ ਜਲਦੀ ਤੋਂ ਜਲਦੀ ਸ਼ਾਂਤੀ ਤੇ ਸਹਿਯੋਗ ਦੀ ਸਥਿਤੀ ਵਿਚ ਪਰਤ ਜਾਣ ਦਾ ਸਵਾਗਤ ਕਰਨਗੇ ਬਸ਼ਰਤੇ ਕਿ ਉਸ ਵਿਚ ਈਮਾਨਦਾਰੀ ਵਰਤੀ ਜਾਏ।...ਉਹਨਾਂ ਦਾ ਪ੍ਰਭਾਵ ਹੁਣ ਵੀ ਬੜਾ ਜ਼ਿਆਦਾ ਹੈ, ਪਰ ਇਸ ਤੋਂ ਵੱਧ ਖ਼ਤਰਨਾਕ ਅਤੇ ਆਪ-ਮੁਹਾਰੀਆਂ ਸ਼ਕਤੀਆਂ ਦਿਨੋਂ ਦਿਨ ਜ਼ੋਰ ਫੜ੍ਹ ਰਹੀਆਂ ਹਨ।” (ਆਜ ਕਾ ਭਾਰਤ)
ਹੁਣ ਅੱਗੇ ਘਟਨਾ ਚੱਕਰ ਕੁਝ ਇੰਜ ਚੱਲਿਆ ਕਿ 20 ਜਨਵਰੀ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਰੇਮਜੇ ਮੇਕਡਾਨਲਡ ਨੇ ਗੋਲ-ਮੇਜ ਸੰਮੇਲਨ ਵਿਚ ਐਲਾਨ ਕੀਤਾ ਕਿ ਉਹਨਾਂ ਦੀ ਮਜ਼ਦੂਰ ਸਰਕਾਰ ਹਿੰਦੁਸਤਾਨ ਨੂੰ ਬ੍ਰਿਟਿਸ਼ ਰਾਸ਼ਟਰ-ਮੰਡਲ ਵਿਚ ਔਪਨਿਵੇਸ਼ਕ ਪਦ ਦੇਣ ਦੇ ਸਵਾਲ ਉੱਤੇ ਵਿਚਾਰ ਕਰਨ ਲਈ ਤਿਆਰ ਹੈ। ਇਸ ਬਿਆਨ ਦੇ ਛੇ ਦਿਨ ਬਾਅਦ ਯਾਨੀ 26 ਜਨਵਰੀ ਨੂੰ ਗਾਂਧੀ ਤੇ ਕਾਂਗਰਸ ਕਾਰਜ-ਕਮੇਟੀ ਦੇ ਮੈਂਬਰਾਂ  ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ ਤੇ ਨਵੀਂ ਦਿੱਲੀ ਵਿਚ ਲੰਮੀ ਚੌੜੀ ਗੱਲਬਾਤ ਸ਼ੁਰੂ ਹੋਈ, ਜਿਸ ਦੇ ਸਿੱਟੇ ਵਜੋਂ 4 ਮਾਰਚ 1931 ਨੂੰ ਗਾਂਧੀ-ਇਰਵਿਨ ਸਮਝੌਤੇ ਨੇ ਜਨਮ ਲਿਆ।
ਇਸ ਸਮਝੌਤੇ ਬਾਰੇ ਜਵਾਹਰ ਲਾਲ ਨੇ ਆਪਣੀ ਪਹਿਲੀ ਪ੍ਰਤੀਕ੍ਰਿਆ ਇੰਜ ਪ੍ਰਗਟ ਕੀਤੀ ਹੈ...:
“ਕੀ ਇਸ ਲਈ ਸਾਡੇ ਲੋਕਾਂ ਨੇ ਬਹਾਦੁਰੀ ਦਿਖਾਈ? ਕੀ ਸਾਡੀਆਂ ਵੱਡੀਆਂ-ਵੱਡੀਆਂ ਜ਼ੋਰਦਾਰ ਗੱਲਾਂ ਦਾ ਖਾਤਮਾਂ ਇਵੇਂ ਹੀ ਹੋਣਾ ਸੀ? ਕੀ ਕਾਂਗਰਸ ਦਾ ਆਜ਼ਾਦੀ ਦਾ ਮਤਾ ਤੇ 26 ਜਨਵਰੀ ਦੀ ਪ੍ਰਤੀਗਿਆ ਇਸੇ ਲਈ ਕੀਤੀ ਗਈ ਸੀ? ਇਸੇ ਤਰ੍ਹਾਂ ਦੇ ਵਿਚਾਰਾਂ ਵਿਚ ਡੁੱਬਿਆਂ ਮਾਰਚ ਦੀ ਉਹ ਪੂਰੀ ਰਾਤ ਜਗ ਕੇ ਕੱਟੀ ਸੇ ਮੈਂ—ਆਪਣੇ ਦਿਲ ਵਿਚ ਕੁਝ ਅਜਿਹਾ ਖ਼ਾਲੀਪਨ ਮਹਿਸੂਸ ਕਰ ਰਿਹਾ ਸਾਂ ਜਿਵੇਂ ਉਸ ਵਿਚੋਂ ਕੋਈ ਕੀਮਤੀ ਚੀਜ ਸਦਾ ਲਈ ਨਿਕਲ ਗਈ ਹੋਏ।”
 ਤਰੀਕਾ ਯਹ ਦੁਨੀਆ ਕਾ ਦੇਖਾ ਸਹੀ—
 ਗਰਜਤੇ ਬਹੁਤ ਹੈਂ ਬਰਸਤੇ ਨਹੀਂ।
ਗਾਂਧੀ-ਇਰਵਿਨ ਸਮਝੌਤੇ ਨਾਲ ਅੰਦੋਲਨ ਬੰਦ ਕਰ ਦਿੱਤਾ ਗਿਆ, ਕਾਂਗਰਸ ਨੇ ਦੂਜੇ ਗੋਲ-ਮੇਲ ਸੰਮੇਲਨ ਵਿਚ ਸ਼ਾਮਿਲ ਹੋਣਾ ਮੰਜ਼ੂਰ ਕਰ ਲਿਆ ਤੇ ਸਰਕਾਰ ਨੇ ਉਹ ਸਾਰੇ ਕੈਦੀ ਛੱਡ ਦਿੱਤੇ, ਜਿਹਨਾਂ ਉੱਤੇ ਹਿੰਸਕ ਕਾਰਵਾਈ ਦਾ ਸਰਕਾਰੀ ਦੋਸ਼ ਨਹੀਂ ਸੀ। ਭਗਤ ਸਿੰਘ ਤੇ ਉਹਨਾਂ ਦੇ ਦੂਜੇ ਕਰਾਂਤੀਕਾਰੀ ਸਾਥੀਆਂ ਨੂੰ, ਜਿਹਨਾਂ ਨੇ ਦੇਸ਼ ਦੀ ਰਾਸ਼ਟਰੀ ਚੇਤਨਾ ਨੂੰ ਜਗਾਉਣ ਲਈ ਜਬਰਦਸਤ ਭੂਮਿਕਾ ਨਿਭਾਈ ਸੀ, ਫਾਂਸੀ ਉੱਤੇ ਲਟਕਾਉਣ ਤੇ ਜੇਲ੍ਹੀਂ ਸੜਨ ਲਈ ਛੱਡ ਦਿੱਤਾ ਗਿਆ। ਸ਼ਾਇਦ ਇਸ ਲਈ ਕਿ ਉਹਨਾਂ ਦੀ ਪੈਰਵੀ ਕਰਨਾ ਗਾਂਧੀ ਦੇ ਸੱਚ ਤੇ ਅਹਿੰਸਾ ਦੇ ਸਿਧਾਂਤ ਦੇ ਵਿਰੁੱਧ ਜਾਂਦਾ ਸੀ। ਪਰ ਉਹਨਾਂ ਗੜਵਾਲੀ ਫੌਜੀਆਂ ਨੇ ਤਾਂ, ਜਿਹਨਾਂ ਨੇ ਚੰਦਰ ਸਿੰਘ ਦੀ ਅਗਵਾਈ ਹੇਠ ਆਪਣੇ ਨਿਹੱਥੇ ਪਠਾਨ ਭਰਾਵਾਂ ਉੱਤੇ ਗੋਲੀ ਚਲਾਉਣ ਤੋਂ ਇਨਕਾਰ ਕੀਤਾ ਸੀ, ਨਾ ਸਿਰਫ ਬਿਨਾਂ ਸਵਾਰਥ ਦੇਸ਼ ਭਗਤੀ ਦਾ ਸਬੂਤ ਦਿੱਤਾ ਸੀ ਬਲਕਿ ਗਾਂਧੀ ਦੇ ਸਿਧਾਂਤ ਨੂੰ ਵੀ ਉੱਚਾ ਚੁੱਕਿਆ ਸੀ—ਉਹਨਾਂ ਦੀ ਪੈਰਵੀ ਵੀ ਨਹੀਂ ਸੀ ਕੀਤੀ ਗਈ; ਉਹਨਾਂ ਨੂੰ ਵੀ ਜੇਲ੍ਹੀਂ ਸੜਨ ਲਈ ਛੱਡ ਦਿੱਤਾ ਗਿਆ ਸੀ। ਬਾਅਦ ਵਿਚ ਜਦੋਂ ਗਾਂਧੀ ਗੋਲ-ਮੇਜ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਲੰਦਨ ਗਏ ਤਾਂ ਉੱਥੇ ਇਕ ਫਰਾਂਸੀਸੀ ਪੱਤਰਕਾਰ ਦੇ ਸਵਾਲ ਦੇ ਜਵਾਬ ਵਿਚ ਇਸਦਾ ਕਾਰਣ ਇਹ ਦੱਸਿਆ...:
“ਇਕ ਫੌਜੀ, ਜਿਹੜਾ ਗੋਲੀ ਚਲਾਉਣ ਦੇ ਹੁਕਮ ਨੂੰ ਨਹੀਂ ਮੰਨਦਾ, ਉਹ ਆਪਣੀ ਵਫ਼ਾਦਾਰੀ ਦੀ ਸੌਂਹ ਨੂੰ ਤੋੜਦਾ ਹੈ, ਤੇ ਇਕ ਮੁਜ਼ਰਿਮਾਨਾ ਹੁਕਮ-ਅਦੂਲੀ ਦਾ ਅਪਰਾਧੀ ਬਣਦਾ ਹੈ। ਮੈਂ ਅਫ਼ਸਰਾਂ ਤੇ ਫੌਜੀਆਂ ਨੂੰ ਹੁਕਮ ਅਦੂਲੀ ਲਈ ਨਹੀਂ ਉਕਸਾਅ ਸਕਦਾ, ਕਿਉਂਕਿ ਜਦ ਸੱਤਾ ਮੇਰੇ ਹੱਥ ਹੋਏਗੀ, ਮੈਂ ਵੀ ਸੰਭਵ ਹੈ, ਇਹਨਾਂ ਅਫ਼ਸਰਾਂ ਤੇ ਇਹਨਾਂ ਫੌਜੀਆਂ ਨੂੰ ਇਸਤੇਮਾਲ ਕਰਾਂਗਾ। ਜੇ ਮੈਂ ਇਹਨਾਂ ਨੂੰ ਹੁਕਮ ਅਦੂਲੀ ਦੀ ਸਿਖਿਆ ਦਿਆਂਗਾ ਤਾਂ ਮੈਨੂੰ ਇਸ ਗੱਲ ਦਾ ਡਰ ਹੈ ਕਿ ਜਦ ਮੈਂ ਸੱਤਾ ਵਿਚ ਹੋਵਾਂਗਾ ਤਦ ਵੀ ਉਹ ਇਵੇਂ ਹੀ ਕਰਨਗੇ।” (ਆਜ ਕਾ ਭਾਰਤ)
ਜਵਾਹਰ ਲਾਲ ਇਸ ਅੰਦੋਲਨ ਦੌਰਾਨ ਦੋ ਵਾਰੀ ਜੇਲ੍ਹ ਗਏ। ਪਹਿਲਾਂ ਛੇ ਮਹੀਨੇ ਲਈ ਅਪ੍ਰੈਲ ਵਿਚ ਤੇ ਦੁਬਾਰਾ ਅਕਤੂਬਰ ਵਿਚ। ਗਾਂਧੀ-ਇਰਵਿਨ ਸਮਝੌਤੇ ਦੀ ਬਾਤਚੀਤ ਦੌਰਾਨ ਉਹ ਦਿੱਲੀ ਵਿਚ ਮੌਜ਼ੂਦ ਸਨ। ਇਸ ਸਮਝੌਤੇ ਦੇ ਸਿੱਟੇ ਵਜੋਂ ਉਹਨਾਂ ਨੇ ਆਪਣੇ ਦਿਲ ਵਿਚ ਜਿਹੜਾ ਵਿਸ਼ਾਲ ਤੇ ਸ਼ੰਕਾ ਭਰਿਆ ਖ਼ਾਲੀਪਨ ਮਹਿਸੂਸ ਕੀਤਾ ਸੀ, ਉਸਨੂੰ ਦੂਜੇ ਦਿਨ ਗਾਂਧੀ ਦੇ 'ਅਗਿਆਤ-ਤੱਤ' ਨੇ ਭਰ ਦਿੱਤਾ ਤੇ ਬੜੀ ਬਹਿਸ ਤੋਂ ਬਾਅਦ ਕਰਾਚੀ ਦੇ ਖੁੱਲ੍ਹੇ ਇਜਲਾਸ ਵਿਚ ਇਸ ਸਮਝੌਤੇ ਨੂੰ ਮੰਜ਼ੂਰ ਕਰਨ ਦਾ ਮਤਾ ਵੀ ਉਹਨਾਂ ਹੀ ਪੇਸ਼ ਕੀਤਾ। ਲਿਖਿਆ ਹੈ...:
“ਆਪਣੇ ਭਾਸ਼ਣ ਵਿਚ ਮੈਂ ਆਪਣੇ ਹਿਰਦੇ ਦੇ ਭਾਵ ਜਿਵੇਂ ਦੀ ਤਿਵੇਂ ਉਸ ਵਿਸ਼ਾਲ ਜਨ-ਸਮੂਹ ਦੇ ਸਾਹਮਣੇ ਰੱਖ ਦਿੱਤੇ ਤੇ ਉਹਨਾਂ ਦੀ ਪੈਰਵੀ ਕੀਤੀ ਕਿ ਉਹ ਇਸ ਮਤੇ ਨੂੰ ਹਿਰਦੇ ਨਾਲ ਹੀ ਸਵੀਕਾਰ ਕਰਨ। ਮੇਰਾ ਇਹ ਭਾਸ਼ਣ ਜਿਹੜਾ ਐਨ ਮੌਕੇ ਉੱਤੇ ਅਤੀ ਫ਼ੁਰਤੀ ਨਾਲ ਦਿੱਤਾ ਗਿਆ ਸੀ, ਸ਼ਾਇਦ ਮੇਰੇ ਉਹਨਾਂ ਕਈ ਭਾਸ਼ਣਾ ਨਾਲੋਂ ਵਧ ਸਫਲ ਰਿਹਾ ਜਿਹਨਾਂ ਉਪਰ ਪਹਿਲਾਂ ਧਿਆਨ ਦੇ ਕੇ ਤਿਆਰੀ ਕਰਨ ਦੀ ਲੋੜ ਪਈ ਸੀ।” (ਮੇਰੀ ਕਹਾਣੀ)
ਗਾਂਧੀ ਗੋਲ-ਮੇਜ ਕਾਨਫਰੰਸ ਵਿਚੋਂ ਖ਼ਾਲੀ ਹੱਥੀਂ ਪਰਤਿਆ। ਅੰਦੋਲਨ ਦੁਬਾਰਾ ਭੜਕ ਉਠਿਆ। ਫੇਰ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਹੋਈਆਂ, ਲੋਕਾਂ ਨੇ ਫੇਰ ਡਾਂਗਾਂ ਤੇ ਗੋਲੀਆਂ ਖਾਧੀਆਂ ਤੇ ਕਰੂਰ ਦਮਨ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ। ਪਰ ਹੁਣ ਸਰਕਾਰ ਦੀ ਸਥਿਤੀ ਮਜ਼ਬੂਤ ਹੋ ਚੁੱਕੀ ਸੀ ਤੇ ਉਸਦੇ ਝੁਕਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਇਸ ਲਈ ਗਾਂਧੀ ਨੇ ਇਸ ਵਾਰ ਅੰਦੋਲਨ ਭੁੱਖ ਹੜਤਾਲ ਨਾਲ ਸਮਾਪਤ ਕੀਤਾ ਤੇ ਆਪਣੇ ਭਗਤਾਂ ਤੇ ਅਨੁਆਈਆਂ ਦੀ ਤੱਸਲੀ ਲਈ 'ਯੰਗ ਇੰਡੀਆ' ਵਿਚ ਲਿਖਿਆ ਕਿ 'ਪੂਰਨ ਸਵਰਾਜ ਤਾਂ ਆਤਮਾ ਦਾ ਸਵਰਾਜ ਹੈ, ਜਿਹੜਾ ਬਿਨਾਂ ਰਾਜਨੀਤਕ ਸੱਤਾ ਦੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।'
  –––   –––   –––   ––– 

No comments:

Post a Comment