Tuesday, June 7, 2011

ਤ੍ਰਿਪੁਰੀ

    

ਤ੍ਰਿਪੁਰੀ



1930–34 ਦੇ ਲੰਮੇ ਤੇ ਕਰੜੇ ਸੰਘਰਸ਼ ਦੇ ਸਿੱਟੇ ਵਜੋਂ ਸਾਡੇ ਚਿੰਤਨ ਵਿਚ ਜਿਹੜਾ ਗੁਣਾਤਮਕ ਪ੍ਰੀਵਰਤਨ ਆਇਆ ਸੀ, ਉਸਦਾ ਸਾਰ ਤੱਤ ਇਹ ਸੀ ਕਿ ਆਮ ਜਨਤਾ ਤੇ ਬੁੱਧੀਜੀਵੀ ਆਜ਼ਾਦੀ ਦਾ ਮਤਲਬ ਇਹ ਲੈਣ ਲੱਗ ਪਏ ਸਨ ਕਿ ਨਾ ਸਿਰਫ ਸਾਮਰਾਜਵਾਦ ਦੀ ਦਾਸਤਾ ਤੋਂ ਮੁਕਤੀ ਪ੍ਰਾਪਤ ਕਰਨੀ ਹੈ ਬਲਕਿ ਪੈਸੇ ਤੇ ਧਰਮ ਦੀ ਗ਼ੁਲਾਮੀ ਤੋਂ ਵੀ ਛੁਟਕਾਰਾ ਪਾਉਣਾ ਹੈ। ਵਰਤਮਾਨ ਸਮਾਜਿਕ ਪ੍ਰਬੰਧਾਂ ਵਿਚ ਮੁੱਢੋਂ ਪ੍ਰੀਵਰਤਨ ਕਰਕੇ ਊਚ-ਨੀਚ ਤੇ ਜਾਤੀਵਾਦ ਦੇ ਸਦੀਆਂ ਪੁਰਾਣੇ ਰੋਗ ਨੂੰ ਸਮਾਪਤ ਕਰਨਾ ਹੈ। ਸੋਚ ਦੀ ਇਸ ਤਬਦੀਲ ਨੂੰ ਸੰਖੇਪ ਵਿਚ ਵਰਗ-ਚੇਤਨਾ ਦੀ ਸੰਘਿਆ ਦੇਣੀ ਠੀਕ ਰਹੇਗੀ।
ਵਰਗ-ਚੇਤਨਾ ਅਜੇ ਸਪਸ਼ਟ ਨਹੀਂ ਹੋ ਸਕੀ ਕਿ ਅੰਦੋਲਨ ਬੰਦ ਕਰ ਦਿੱਤਾ ਗਿਆ। ਫੇਰ ਵੀ ਕਾਂਗਰਸ ਹੁਣ ਪੁਰਾਣੀ ਕਾਂਗਰਸ ਨਹੀਂ ਸੀ ਰਹਿ ਗਈ। ਉਸ ਵਿਚ ਗਰਮ-ਦਲ ਤੇ ਨਰਮ-ਦਲ ਦੀਆਂ ਜਿਹੜੀਆਂ ਦੋ ਵਿਰੋਧੀ ਪ੍ਰਵਿਰਤੀਆਂ ਪੈਦਾ ਹੋਈਆਂ ਸਨ, ਉਹਨਾਂ ਨੇ ਹੁਣ ਇਸ ਵਰਗ-ਚੇਤਨਾ ਦੇ ਆਧਾਰ ਉੱਤੇ ਵਾਮ-ਪੱਖ ਤੇ ਦੱਖਣ-ਪੱਖ ਦਾ ਰੂਪ ਧਾਰਨ ਕਰ ਲਿਆ ਸੀ। ਇਹਨਾਂ ਦੋਵਾਂ ਪੱਖਾਂ ਦਾ ਆਪਸੀ ਸੰਘਰਸ਼ ਸਾਡੇ ਰਾਸ਼ਟਰੀ ਅੰਦੋਲਨ ਦਾ ਅੰਦਰੂਨੀ ਸੰਘਰਸ਼ ਸੀ ਤੇ ਇਹ ਲਾਜ਼ਮੀ ਵੀ ਸੀ ਕਿਉਂਕਿ ਸੰਘਰਸ਼ ਪ੍ਰਗਤੀ ਦਾ ਅਟਲ ਨਿਯਮ ਹੁੰਦਾ ਹੈ।
ਇਸ ਅੰਦਰੂਨੀ ਸੰਘਰਸ਼ ਵਿਚ ਇਹਨਾਂ ਦੋਵਾਂ ਪੱਖਾਂ ਦੀ ਹਾਰ ਜਿੱਤ ਨਾਲ ਹੀ ਸਾਡੀ ਆਜ਼ਾਦੀ ਦੀ ਲੜਾਈ ਦਾ ਤੇ ਦੇਸ਼ ਦੇ ਭਵਿੱਖ ਦਾ ਫੈਸਲਾ ਹੋਣਾ ਸੀ।
ਸਾਡੇ ਰਾਸ਼ਟਰੀ ਸੰਘਰਸ਼ ਵਿਚ ਦੱਖਣ-ਪੱਖ, ਜਿਹਨਾਂ ਵਰਗਾਂ ਦਾ ਪ੍ਰਤੀਨਿਧ ਸੀ, ਉਹ ਆਪਣੀ ਸਮਾਜਿਕ ਸਥਿਤੀ ਤੇ ਇਤਿਹਾਸਕ ਚਰਿੱਤਰ ਕਾਰਣ ਮਿਹਨਤਕਸ਼ ਲੋਕਾਂ ਦੇ ਕਰਾਂਤੀਕਾਰੀ ਕਾਰਜਾਂ ਤੋਂ ਡਰੇ ਹੋਏ ਸਨ ਤੇ ਰੂਸ ਦੀ ਸਮਾਜਵਾਦੀ ਕਰਾਂਤੀ ਸਦਕਾ ਇਹ ਭੈਅ ਹੋਰ ਵੀ ਵਧ ਗਿਆ ਸੀ। ਕਾਂਗਰਸ ਹਾਈਕਮਾਨ ਗਾਂਧੀ ਦੀ ਅਗਵਾਈ ਵਿਚ ਇਹਨਾਂ ਵਰਗਾਂ ਦੀ ਪ੍ਰਤੀਨਿਧ ਸੀ।
ਦੱਖਣ-ਪੱਖੀ ਸੋਚ ਤੇ ਨੀਤੀਆਂ ਨੂੰ ਖਾਸਾ ਦੇਖਿਆ-ਪਰਖਿਆ ਜਾ ਚੁੱਕਿਆ ਹੈ। ਇੱਥੇ ਅਸੀਂ ਸੰਖੇਪ ਵਿਚ ਵਾਮ-ਪੱਖ ਦਾ ਦੱਖਣ-ਪੱਖ ਨਾਲ ਉਸਦੇ ਸੰਘਰਸ਼ ਦੇ ਨਤੀਜਿਆਂ ਦਾ ਅਧਿਅਨ ਕਰਾਂਗੇ ਤਾਂਕਿ ਅਸੀਂ ਜਵਾਹਰ ਲਾਲ ਦੀ ਇਤਿਹਾਸਕ ਭੂਮਿਕਾ ਤੇ ਦੇਸ਼ ਦੀ ਰਾਜਨੀਤੀ ਨੂੰ ਠੀਕ ਤਰ੍ਹਾਂ ਸਮਝ ਸਕੀਏ।
ਮੁੱਖ ਤੌਰ 'ਤੇ ਕਮਿਊਨਿਸਟ ਪਾਰਟੀ ਤੇ ਕਾਂਗਰਸ ਸੋਸ਼ਨਿਸਟ ਪਾਰਟੀ ਵਾਮ-ਪੱਖ ਦੀ ਪ੍ਰਤੀਨਿਧਤਾ ਕਰਦੀਆਂ ਸਨ, ਜਿਹੜੀਆਂ ਮਾਰਕਸਵਾਦ ਤੇ ਸਮਾਜਵਾਦ ਨੂੰ ਆਪਣੀ ਰਾਜਨੀਤੀ ਦਾ ਆਧਾਰ ਮੰਨਦੀਆਂ ਸਨ। ਇਸ ਦੇ ਇਲਾਵਾ ਕਾਂਗਰਸ ਵਿਚ ਵਾਮ-ਪੱਖੀ ਰਾਸ਼ਟਰਵਾਦੀ ਤੱਤ ਬੜੀ ਵੱਡੀ ਗਿਣਤੀ ਵਿਚ ਸਨ, ਜਿਹਨਾਂ ਦਾ ਗਾਂਧੀਵਾਦ ਵਿਚ ਵਿਸ਼ਵਾਸ ਨਹੀਂ ਸੀ ਤੇ ਜਿਹੜੇ ਦੇਸ਼ ਦੀ ਆਜ਼ਾਦੀ ਲਈ ਹਥਿਆਰਬੰਦ ਘੋਲ ਵਿੱਢਣ ਲਈ ਤਿਆਰ ਸਨ।
ਕਮਿਊਨਿਸਟ ਪਾਰਟੀ 1925 ਵਿਚ ਬਣੀ ਸੀ। ਉਂਜ ਉਸਦੇ ਇਕ ਗਰੁੱਪ ਨੇ 1921 ਦੇ ਕਾਂਗਰਸ ਦੇ ਅਹਿਮਦਾਬਾਦ ਇਜਲਾਸ ਵਿਚ ਪਰਚਾ ਵੰਡਿਆ ਸੀ, ਜਿਸ ਵਿਚ ਇਹ ਮੰਗ ਕੀਤੀ ਸੀ ਕਿ ਕਾਂਗਰਸ ਟਰੇਡ ਯੂਨੀਅਨਾਂ ਤੇ ਕਿਸਾਨ ਸਭਾਵਾਂ ਦੀਆਂ ਮੰਗਾਂ ਨੂੰ ਆਪਣੇ ਕਾਰਜਕੰਮਾਂ ਵਿਚ ਸ਼ਾਮਿਲ ਕਰੇ ਤਾਂ ਕਿ ਮਿਹਨਤਕਸ਼ ਜਨਤਾ ਨੂੰ ਆਜ਼ਾਦੀ ਦੀ ਲੜਾਈ ਲਈ ਹਲੂਣਿਆਂ ਜਾ ਸਕੇ। ਉਭਰਦੇ ਹੋਏ ਕਮਿਊਨਿਸਟ ਤੱਤਾਂ ਨੂੰ ਕੁਚਲਨ ਲਈ ਬ੍ਰਿਟਿਸ਼ ਸਰਕਾਰ ਨੇ 1924 ਵਿਚ ਕਾਨ੍ਹਪੁਰ ਸਾਜ਼ਿਸ਼ ਕੇਸ ਚਲਾਇਆ ਤੇ ਕਮਿਊਨਿਸਟਾਂ ਨੂੰ ਲੰਮੀਆਂ ਸਜਾਵਾਂ ਦਿੱਤੀਆਂ। ਇਸ ਦੇ ਬਾਵਜੂਦ ਉਹਨਾਂ ਦੀ ਸ਼ਕਤੀ ਵਧਦੀ ਰਹੀ। ਜਨਤਾ ਵਿਚ ਆਪਣੇ ਕੰਮ ਨੂੰ ਫੈਲਾਉਣ ਲਈ 1927 ਵਿਚ ਕਿਸਾਨ-ਮਜ਼ਦੂਰ-ਪਾਰਟੀ ਦਾ ਗਠਨ ਕੀਤਾ ਗਿਆ ਸੀ। 1929 ਤਕ ਉਹਨਾਂ ਦਾ ਅਸਰ ਕਿਸਾਨਾਂ ਵਿਚ ਤੇ ਵਿਸ਼ੇਸ਼ ਕਰਕੇ ਮਜ਼ਦੂਰ ਅੰਦੋਲਨਾਂ ਵਿਚ ਖਾਸਾ ਵਧ ਗਿਆ ਸੀ। ਇਸੇ ਕਾਰਣ ਸਰਕਾਰ ਨੇ 1929 ਵਿਚ ਉਹਨਾਂ ਨੂੰ ਵੱਡੇ ਪੈਮਾਨੇ ਉਪਰ ਗ੍ਰਿਫਤਾਰ ਕੀਤਾ ਤੇ ਮੇਰਠ ਸਾਜਿਸ਼ ਕੇਸ ਚਲਾਏ, ਪਰ ਸਰਕਾਰ ਦੇ ਇਸ ਦਮਨ ਨਾਲ ਉਹਨਾਂ ਦਾ ਅਸਰ ਘੱਟ ਹੋਣ ਦੀ ਬਜਾਏ ਵਧਦਾ ਹੀ ਗਿਆ—ਇੱਥੋਂ ਤਕ ਕਿ 1934 ਵਿਚ ਅੰਦੋਲਨ ਵਾਪਸ ਲਿਆ ਜਾਣ ਉੱਤੇ ਜਦੋਂ ਸਰਕਾਰ ਨੇ ਕਾਂਗਰਸ ਤੋਂ ਰੋਕ ਹਟਾਈ ਤਾਂ ਕਮਿਊਨਿਸਟ ਪਾਰਟੀ ਉੱਤੇ ਰੋਕ ਲਾ ਦਿੱਤੀ ਗਈ। ਇਸ ਪਿੱਛੋਂ ਕਮਿਊਨਿਸਟ ਪਾਰਟੀ ਅੱਠ ਸਾਲ ਯਾਨੀ 1942 ਤਕ ਗ਼ੈਰਕਾਨੂੰਨੀ ਬਣੀ ਰਹੀ।
ਜਵਾਹਰ ਲਾਲ ਨੇ ਇਸ ਸਮੇਂ ਦੀ ਸਥਿਤੀ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਕਰਦਿਆਂ ਹੋਇਆਂ ਲਿਖਿਆ ਹੈ...:
“ਕਮਿਊਨਿਜ਼ਮ ਦੇ ਤੇ ਸਮਾਜਵਾਦ ਦੇ ਧੁੰਦਲੇ ਜਿਹੇ ਵਿਚਾਰ ਪੜ੍ਹੇ-ਲਿਖੇ ਲੋਕਾਂ ਵਿਚ ਤੇ ਸਮਝਦਾਰ ਸਰਕਾਰੀ ਅਫ਼ਸਰਾਂ ਤੀਕ ਫੈਲ ਚੁੱਕੇ ਹਨ, ਕਾਂਗਰਸ ਦੇ ਨੌਜਵਾਨ ਔਰਤਾਂ ਤੇ ਮਰਦ, ਜਿਹੜੇ ਪਹਿਲਾਂ ਲੋਕਤੰਤਰ ਉੱਤੇ ਬ੍ਰਾਇਸ ਤੇ ਮਾਰਲੇ, ਕੀਥ ਤੇ ਮੈਥਿਨੀ ਦੇ ਵਿਚਾਰ ਪੜ੍ਹਦੇ ਹੁੰਦੇ ਸਨ, ਹੁਣ ਜੇ ਉਹਨਾਂ ਨੂੰ ਕਿਤਾਬਾਂ ਮਿਲ ਜਾਂਦੀਆਂ ਹਨ ਤਾਂ ਕਮਿਊਨਿਜ਼ਮ ਅਤੇ ਰੂਸ ਉੱਤੇ ਲਿਖਿਆ ਸਾਹਿਤ ਪੜ੍ਹਦੇ ਹਨ। ਮੇਰਠ ਸਾਜਿਸ਼ ਕੇਸ ਨੇ ਲੋਕਾਂ ਦਾ ਧਿਆਨ ਇਹਨਾਂ ਨਵੇਂ ਵਿਚਾਰਾਂ ਵੱਲ ਫੇਰਨ ਵਿਚ ਮਦਦ ਕੀਤੀ ਹੈ—ਤੇ ਸੰਸਾਰ ਵਿਆਪੀ ਸੰਕਟਕਾਲ ਨੇ ਇਸ ਵਲ ਧਿਆਨ ਦੇਣਾ ਇਕ ਮਜ਼ਬੂਰੀ ਬਣਾਅ ਦਿੱਤੀ ਹੈ। ਹਰ ਜਗ੍ਹਾ ਚੱਲ ਰਹੀਆਂ ਸੰਸਥਾਵਾਂ ਪ੍ਰਤੀ ਸ਼ੰਕੇ, ਜੁਗਿਆਸਾ ਤੇ ਚੇਲੈਂਜ ਦੀ ਨਵੀਂ ਭਾਵਨਾ ਦਿਖਾਈ ਦਿੰਦੀ ਹੈ।...”
ਤੇ ਫੇਰ—
“ਹਿੰਦੁਸਤਾਨ ਦੇ ਤੇ ਬਾਹਰਲੇ ਕੱਟੜ ਕਮਿਊਨਿਸਟ ਪਿੱਛਲੇ ਕਈ ਵਰ੍ਹਿਆਂ ਤੋਂ ਗਾਂਧੀਜੀ ਤੇ ਕਾਂਗਰਸ ਉਪਰ ਭਿਆਨਕ ਹਮਲੇ ਕਰ ਰਹੇ ਹਨ ਤੇ ਉਹਨਾਂ ਕਾਂਗਰਸ ਨੇਤਾਵਾਂ ਉੱਤੇ ਹਰ ਤਰ੍ਹਾਂ ਦੁਰਭਾਵਨਾ ਦੇ ਆਰੋਪ ਲਾਏ ਹਨ। ਕਾਂਗਰਸ ਦੀ ਵਿਚਾਰਧਾਰਾ ਉੱਤੇ ਉਹਨਾਂ ਦੀ ਬਹੁਤ ਸਾਰੀ ਸਿਧਾਂਤਕ ਸਮਾਲੋਚਨਾ ਯੋਗਤਾ ਭਰਪੂਰ ਤੇ ਸਪਸ਼ਟ ਸੀ ਤੇ ਬਾਅਦ ਦੀਆਂ ਘਟਨਾਵਾਂ ਤੋਂ ਉਹ ਕਿਸੇ ਹਦ ਤਕ ਸਹੀ ਵੀ ਸਾਬਤ ਹੋਈ।...”
ਅਲੋਚਨਾ ਕੀ ਸੀ, ਇਸਦਾ ਵੀ ਆਪਣੇ ਢੰਗ ਨਾਲ ਉਲੇਖ ਕੀਤਾ ਹੈ : “ਕਮਿਊਨਿਸਟਾਂ ਦੀ ਰਾਏ ਮੁਤਾਬਿਕ ਕਾਂਗਰਸ ਦੇ ਨੇਤਾਵਾਂ ਦਾ ਮਕਸਦ ਰਿਹਾ ਹੈ ਸਰਕਾਰ ਉੱਤੇ ਜਨਤਾ ਦਾ ਦਬਾਅ ਪਾ ਕੇ ਹਿੰਦੁਸਤਾਨ ਦੇ ਪੂੰਜੀਪਤੀਆਂ ਤੇ ਜਾਗੀਰਦਾਰਾਂ ਦੇ ਹਿਤ ਲਈ ਕੁਛ ਉਦਯੋਗਿਕ ਤੇ ਵਪਾਰਿਕ ਸਹੂਲਤਾਂ ਲੈ ਲੈਣਾ। ਉਹਨਾਂ ਦਾ ਵਿਚਾਰ ਹੈ ਕਿ 'ਕਾਂਗਰਸ ਦਾ ਕੰਮ ਕਿਸਾਨਾਂ, ਹੇਠਲੇ ਵਰਗਾਂ ਤੇ ਕਾਰਖ਼ਾਨਿਆਂ ਦੇ ਮਜ਼ਦੂਰ ਵਰਗ ਦੇ ਆਰਥਿਕ ਤੇ ਰਾਜਨੀਤਕ ਅਸੰਤੋਖ਼ ਨੂੰ ਉਭਾਰ ਕੇ ਬੰਬਈ, ਅਹਿਮਦਾਬਾਦ ਤੇ ਕਲਕੱਤਾ ਦੇ ਮਿਲ ਮਾਲਕਾਂ ਤੇ ਲਖਪਤੀਆਂ ਨੂੰ ਲਾਭ ਪਹੁੰਚਾਉਣਾ ਹੈ।' ਇਹ ਸੋਚਿਆ ਜਾਂਦਾ ਹੈ ਕਿ ਹਿੰਦੁਸਤਾਨੀ ਪੂੰਜੀਪਤੀ ਪਰਦੇ ਪਿੱਛੇ ਰਹਿ ਕੇ ਕਾਂਗਰਸ ਕਾਰਜ-ਸੰਮਤੀ ਨੂੰ ਹੁਕਮ ਦਿੰਦੇ ਹਨ ਕਿ ਪਹਿਲਾਂ ਤਾਂ ਉਹ ਜਨਤਕ ਅੰਦੋਲਨ ਚਲਾਏ ਤੇ ਜਦ ਉਹ ਕਾਫੀ ਵਿਆਪਕ ਤੇ ਭਿਆਨਕ ਹੋ ਜਾਏ ਤਦ ਉਸਨੂੰ ਬੰਦ ਕਰ ਦਏ ਜਾਂ ਕਿਸੇ ਛੋਟੀ ਮੋਟੀ ਗੱਲ ਕਰਕੇ ਟਾਲ ਦਏ। ਤੇ ਕਾਂਗਰਸੀ ਨੇਤਾ ਸੱਚਮੁੱਚ ਅੰਗਰੇਜ਼ਾਂ ਦਾ ਚਲਾ ਜਾਣਾ ਪਸੰਦ ਨਹੀਂ ਕਰਦੇ; ਕਿਉਂਕਿ ਜਨਤਾ ਦਾ ਸ਼ੋਸ਼ਣ ਕਰਨ ਲਈ ਉਸਨੂੰ ਪੂਰੀ ਤਰ੍ਹਾਂ ਦਬਾਅ ਕੇ ਰੱਖਣਾ ਉਹਨਾਂ ਦੀ ਜ਼ਰੂਰਤ ਹੈ। ਤੇ ਮੱਧ ਵਰਗ ਆਪਣੇ ਵਿਚ ਇਹ ਕੰਮ ਕਰਨ ਦੀ ਤਾਕਤ ਨਹੀਂ ਮੰਨਦਾ।
ਇਹ ਹੈਰਾਨੀ ਵਾਲੀ ਗੱਲ ਹੈ ਕਿ ਕਮਿਊਨਿਸਟ ਇਸ ਅਜੀਬ ਵਿਸ਼ਲੇਸ਼ਣ ਵਿਚ ਭਰੋਸਾ ਰੱਖਦੇ ਹਨ। ਕਿਉਂਕਿ ਪ੍ਰਗਟ ਰੂਪ ਵਿਚ ਉਹਨਾਂ ਦਾ ਵਿਸ਼ਵਾਸ ਸਾਡੇ ਉਪਰ ਹੀ ਹੈ, ਇਸ ਲਈ ਹੈਰਾਨੀ ਨਹੀਂ ਕਿ ਉਹ ਹਿੰਦੁਸਤਾਨ ਵਿਚ ਏਨੀ ਬੁਰੀ ਤਰ੍ਹਾਂ ਅਸਫਲ ਹੋਏ ਹਨ। ਉਹਨਾਂ ਦੀ ਬੁਨਿਆਦੀ ਗਲਤੀ ਇਹ ਜਾਪਦੀ ਹੈ ਕਿ ਉਹ ਹਿੰਦੁਸਤਾਨ ਦੇ ਰਾਸ਼ਟਰੀ ਅੰਦੋਲਨ ਨੂੰ ਯੂਰੋਪੀਅਨ ਮਜ਼ਦੂਰਾਂ ਦੇ ਪੈਮਾਨੇ ਨਾਲ ਨਾਪਦੇ ਹਨ; ਤੇ ਕਿਉਂਕਿ ਉਹਨਾਂ ਨੂੰ ਇਹ ਦੇਖਣ ਦਾ ਅਭਿਆਸ ਹੈ ਕਿ ਵਾਰ ਵਾਰ ਮਜ਼ਦੂਰ ਨੇਤਾ ਮਜ਼ਦੂਰ ਅੰਦੋਲਨ ਨਾਲ ਵਿਸ਼ਵਾਤਘਾਤ ਕਰਦੇ ਰਹੇ ਹਨ ਇਸ ਲਈ ਉਹ ਉਸੇ ਮਿਸਾਲ ਨੂੰ ਹਿੰਦੁਸਤਾਨ 'ਤੇ ਲਾਗੂ ਕਰਦੇ ਹਨ। ਇਹ ਤਾਂ ਸਪਸ਼ਟ ਹੈ ਕਿ ਹਿੰਦੁਸਤਾਨ ਦਾ ਰਾਸ਼ਟਰੀ ਅੰਦੋਲਨ ਕੋਈ ਮਜ਼ਦੂਰਾਂ ਜਾਂ ਕਾਮਿਆਂ ਦਾ ਅੰਦੋਲਨ ਨਹੀਂ ਤੇ ਅਜੇ ਤਕ ਉਸਦਾ ਉਦੇਸ਼ ਸਮਾਜਿਕ ਵਿਵਸਥਾ ਨੂੰ ਬਲਦਨਾ ਨਹੀਂ, ਬਲਕਿ ਰਾਜਨੀਤਕ ਨਿੱਜੀ ਆਜ਼ਾਦੀ ਪ੍ਰਾਪਤ ਕਰਨਾ ਹੀ ਰਿਹਾ ਹੈ...।” (ਮੇਰੀ ਕਹਾਣੀ)
ਇਹ ਵਿਸ਼ਲੇਸ਼ਣ ਬਿਲਕੁਲ ਸਹੀ ਸੀ। ਗਾਂਧੀ ਠੀਕ ਇਸੇ ਢੰਗ ਨਾਲ ਅੰਦੋਲਨ ਚਲਾਉਂਦਾ ਤੇ ਬੰਦ ਕਰਦਾ ਰਿਹਾ ਸੀ। ਜਵਾਹਰ ਲਾਲ ਨੇ ਗੱਲ ਬਦਲ ਕੇ ਇਸ ਗੱਲ ਨੂੰ ਝੁਠਿਆਇਆ ਹੈ। ਪਰ ਕਮਿਊਨਿਸਟਾਂ ਨੇ ਕੀ ਕੀਤਾ ਤੇ ਕੀ ਨਹੀਂ ਕੀਤਾ ਇਹ ਵੀ ਜਾਣ ਲੈਣਾ ਚਾਹੀਦਾ ਹੈ।
ਤੀਜੀ ਇੰਟਰਨੈਸ਼ਨਲ ਦੀ ਛੇਵੀਂ ਕਾਂਗਰਸ 1926 ਵਿਚ ਸਤਾਲਿਨ ਦੀ ਪ੍ਰਧਾਨਗੀ ਵਿਚ ਹੋਈ ਸੀ। ਉਸ ਵਿਚ ਇਸ ਗੱਲ ਉੱਤੇ ਵਿਚਾਰ ਕੀਤਾ ਗਿਆ ਸੀ ਕਿ ਉਪਨਿਵੇਸ਼ਾਂ ਵਿਚ ਸਾਮਰਾਜਵਾਦ ਦੇ ਵਿਰੁੱਧ ਆਜ਼ਾਦੀ ਲਈ ਜਿਹੜੇ ਅੰਦੋਲਨ ਚੱਲ ਰਹੇ ਹਨ, ਉਹਨਾਂ ਵਿਚ ਕਮਿਊਨਿਸਟ ਪਾਰਟੀਆਂ ਦੀ ਭੂਮਿਕਾ ਕੀ ਹੋਵੇ। ਚੀਨ ਦੀ ਕਯੋਮਿਨਤਾਂਗ ਪਾਰਟੀ ਤੇ ਉਸਦੇ ਨੇਤਾ ਚਯਾਂਗਕਾਈ ਸ਼ੇਕ ਨੂੰ ਮਿਸਰ ਦੀ ਵਫ਼ਦ ਪਾਰਟੀ ਤੇ ਉਸਦੇ ਨੇਤਾ ਬਗਲੋਲ ਪਾਸ਼ਾ ਦੇ ਨਾਲ ਨਾਲ ਗਾਂਧੀ, ਕਾਂਗਰਸ ਤੇ ਸਵਰਾਜ-ਪਾਰਟੀ ਦਾ ਵਿਸ਼ਲੇਸ਼ਣ ਕਰਕੇ ਕਮਿਊਨਿਸਟਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਗਾਂਧੀ ਦੇ ਸਤਿਆਗ੍ਰਹਿ ਅੰਦੋਲਨ ਵਿਚ ਨਾ ਪੈ ਕੇ ਸਾਮੰਤਵਾਦ ਤੇ ਸਾਮਰਾਜਵਾਦ ਦੇ ਵਿਰੁੱਧ ਹਥਿਆਰਬੰਦ ਸੰਘਰਸ਼ ਸ਼ੁਰੂ ਕਰਨ ਤੇ ਮਜ਼ਦੂਰ ਵਰਗ ਦੇ ਕੇਡਰ ਨੂੰ ਪਾਰਟੀ ਨੇਤਰਿਤਵ ਵਿਚ ਲਿਆਉਣ।
ਹਿੰਦੁਸਤਾਨੀ ਕਮਿਊਨਿਸਟਾਂ ਨੇ ਤੀਜੀ ਇੰਟਰਨੈਸ਼ਨਲ ਦੀ ਸਲਾਹ ਉੱਤੇ ਚੱਲਦਿਆਂ ਹੋਇਆਂ ਗਾਂਧੀ ਤੇ ਕਾਂਗਰਸ ਦੀ ਸੁਧਾਰਵਾਦੀ ਨੀਤੀ ਦੀ ਬੜੀ ਅਲੋਚਨਾ ਕੀਤੀ ਤੇ ਇਸੇ ਕਰਕੇ ਨਮਕ ਸਤਿਆਗ੍ਰਹਿ ਵਿਚ ਭਾਗ ਨਹੀਂ ਲਿਆ। ਪਰ ਇਹ ਤਾਂ ਇਸ ਸਲਾਹ ਦਾ ਸਿਰਫ ਨਾਂਹ ਪੱਖੀ ਪੱਖ ਸੀ ਜਦੋਂਕਿ ਇਸ ਨਾਲੋਂ ਵੀ ਵਧ ਹਾਂ ਪੱਖੀ ਪੱਖ ਇਹ ਸੀ ਕਿ ਉਹ ਸਾਮਰਾਜਵਾਦ ਤੇ ਸਾਮੰਤਵਾਦ ਦੇ ਵਿਰੁੱਧ ਮਿਹਨਤਕਸ਼ ਜਨਤਾ ਦਾ ਹਥਿਆਰਬੰਦ ਸੰਘਰਸ਼ ਚਲਾਉਂਦੇ ਤੇ ਉਹਨਾਂ ਦੀ ਰਾਹਨੁਮਾਈ ਕਰਦੇ। ਕਮਿਉਨਿਸਟਾਂ ਨੇ ਇਸ ਦਿਸ਼ਾ ਵਿਚ ਕੁਝ ਨਹੀਂ ਕੀਤਾ, ਹਾਲਾਂਕਿ 1930-34 ਦੇ ਅੰਦੋਲਨ ਨੇ ਉਹਨਾਂ ਲਈ ਇਕ ਚੰਗਾ ਮੌਕਾ ਭਿੜਾਅ ਦਿੱਤਾ ਸੀ। ਜਿੱਥੇ ਮੇਰਠ ਸਾਜਿਸ਼ ਕੇਸ ਦੇ ਕਾਰਣ ਜਨਤਾ ਵਿਚ ਕਮਿਊਨਿਸਟ ਪਾਰਟੀ ਦਾ ਪ੍ਰਭਾਵ ਖਾਸਾ ਵਧ ਗਿਆ ਸੀ, ਉੱਥੇ ਦੂਜੇ ਪਾਸੇ ਰਾਸ਼ਟਰੀ ਅੰਦੋਲਨ ਨਾਲ ਵਾਰੀ ਵਾਰੀ ਗੱਦਾਰੀ ਕਰਨ ਕਰਕੇ ਮੱਧ ਵਰਗ ਦੇ ਨੌਜਵਾਨਾਂ ਤੇ ਬੁੱਧੀਜੀਵੀਆਂ ਦੇ ਗਾਂਧੀ ਤੇ ਕਾਂਗਰਸ ਬਾਰੇ ਵੀ ਕਈ ਭਰਮ-ਭੁਲੇਖੇ ਦੂਰ ਹੋਏ ਸਨ। ਕੁਝ ਵਿਸ਼ਵਵਿਆਪੀ ਮੰਦੀ ਕਾਰਣ ਮਿਹਨਤਕਸ਼ ਜਨਤਾ ਨੂੰ ਮੁਸ਼ਕਿਲਾਂ ਨਾਲ ਜੂਝਨਾ ਪੈ ਰਿਹਾ ਸੀ—ਸ਼ਹਿਰਾਂ ਵਿਚ ਮਜ਼ਦੂਰਾਂ ਦੀਆਂ ਵੱਡੀਆਂ ਵੱਡੀਆਂ ਹੜਤਾਲਾਂ ਹੋ ਰਹੀਆਂ ਸਨ ਤੇ ਕਿਸਾਨਾਂ ਵਿਚ ਆਪਣੇ ਆਪ ਲਗਾਨਬੰਦ ਅੰਦੋਲਨ ਚੱਲ ਪਿਆ ਸੀ। ਜਨਤਾ ਦੇ ਇਹਨਾਂ ਸੰਘਰਸ਼ਾਂ ਉੱਤੇ ਕਾਂਗਰਸ ਦੀ ਉੱਕਾ ਹੀ ਪਕੜ ਨਹੀਂ ਸੀ ਰਹੀ।
ਫੇਰ ਕਮਿਊਨਿਸਟ ਪਾਰਟੀ ਨੇ ਇਤਿਹਾਸ ਦਾ ਵਿਸ਼ਲੇਸ਼ਣ ਕਰਕੇ ਮਾਰਕਸਵਾਦੀ ਵਿਚਾਰਧਾਰਾ ਦਾ ਸੰਬੰਧ ਭਾਰਤੀ ਪ੍ਰੰਪਰਾ ਨਾਲ ਨਹੀਂ ਜੋੜਿਆ ਤੇ ਵਸਤੂ ਸਥਿਤੀ ਦਾ ਵਿਸ਼ਲੇਸ਼ਣ ਕਰਕੇ ਇਹ ਨਹੀਂ ਦੱਸਿਆ ਕਿ ਅਸੀਂ ਕਰਾਂਤੀ ਦੇ ਕਿਸ ਪੜਾਅ ਵਿਚ ਹਾਂ ਤੇ ਅਸੀਂ ਉਸ ਲਈ ਰਾਸ਼ਟਰੀ ਜੀਵਨ ਦੇ ਕਿਹੜੇ ਤੱਤਾਂ ਦਾ ਸਹਿਯੋਗ ਪ੍ਰਾਪਤ ਕਰਨਾ ਹੈ। ਸਿਰਫ ਗਾਂਧੀ ਤੇ ਕਾਂਗਰਸ ਦੀ ਸੁਧਾਰਵਾਦੀ ਨੀਤੀ ਦੀ ਕੱਚੀ-ਪੱਕੀ ਅਲੋਚਨਾ ਕਰਕੇ ਤੇ ਸਮਾਜਵਾਦ ਦਾ ਨਾਅਰਾ ਹਵਾ ਵਿਚ ਉਛਾਲ ਕੇ ਗੱਲ ਨਹੀਂ ਸੀ ਬਣ ਸਕਦੀ।
ਇਸ ਦੇ ਬਾਵਜੂਦ 1934 ਦੇ ਬਾਅਦ ਦੇਸ਼ ਵਿਚ ਜੇ ਕਮਿਊਨਿਸਟ ਪਾਰਟੀ ਦਾ ਅਸਰ ਵਧਿਆ ਤਾਂ ਇਸ ਦੇ ਅੰਦਰੂਨੀ ਤੇ ਬਾਹਰੀ ਦੋਵੇਂ ਕਾਰਣ ਸਨ।
ਅੰਦਰੂਨੀ ਕਾਰਣ ਇਹ ਸਨ ਕਿ ਸਰਕਾਰ ਦੇ ਦਮਨ ਤੇ ਉਸਨੂੰ ਗ਼ੈਰਕਾਨੂੰਨੀ ਐਲਾਨ ਦੇਣ ਨਾਲ ਪਾਰਟੀ ਦੀ ਪ੍ਰਸਿੱਧੀ ਵਧੀ। ਦੂਜਾ, ਆਤੰਕਵਾਦ ਦਾ ਯੁੱਗ ਹੁਣ ਸਮਾਪਤ ਹੋ ਚੁੱਕਿਆ ਸੀ। ਬੰਗਾਲ ਦੀ ਅਨੁਸ਼ੀਲਨ ਤੇ ਯੁਗਾਂਤਰ ਦੇ ਕਰਾਂਤੀਕਾਰੀ, ਭਗਤ ਸਿੰਘ ਤੇ ਆਜ਼ਾਦ ਦੇ ਸਾਥੀ ਤੇ ਪੰਜਾਬ ਵਿਚ ਗਦਰ ਪਾਰਟੀ ਦੇ ਬਾਬੇ ਜੇਲ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਮਾਰਕਸਵਾਦੀ ਬਣ ਕੇ ਨਿਕਲੇ ਤੇ ਕਮਿਊਨਿਸਟ ਪਾਰਟੀ ਵਿਚ ਭਰਤੀ ਹੋ ਗਏ। ਉਹਨਾਂ ਦਾ ਆਮ ਜਨਤਾ ਵਿਚ ਬੜਾ ਪ੍ਰਭਾਵ ਸੀ। ਤੀਜਾ ਅਜਿਹੇ ਸੱਚੇ ਕਮਿਊਨਿਸਟਾਂ ਦੀ ਗਿਣਤੀ ਵੀ ਖਾਸੀ ਸੀ, ਜਿਹੜੇ ਕਿਸਾਨ ਮਜ਼ਦੂਰ ਅੰਦੋਲਨ ਵਿਚ ਜਿੰਦ ਜਾਨ ਲਾਈ ਬੈਠੇ ਸਨ ਤੇ ਹਰ ਤਰ੍ਹਾਂ ਦੇ ਦਮਨ ਦਾ ਮੁਕਾਬਲਾ ਬਹਾਦੁਰੀ ਨਾਲ ਕਰ ਰਹੇ ਸਨ।
ਬਾਹਰੀ ਕਾਰਨ ਇਹ ਸੀ ਕਿ ਰੂਸ ਦੀਆਂ ਅਦਭੁਤ ਸਫਲਤਾਵਾਂ ਤੇ ਸਾਮਰਾਜਵਾਦ ਦੇ ਵਿਸ਼ਵਵਿਆਪੀ ਆਰਥਿਕ ਸੰਕਟ ਕਾਰਣ ਕਮਿਊਨਿਸਟਾਂ ਦਾ ਪ੍ਰਭਾਵ ਦਿਨੋਂ-ਦਿਨ ਵਧ ਰਿਹਾ ਸੀ। ਮਿਹਨਤਕਸ਼ ਜਨਤਾ ਨੇ ਤਾਂ ਇਸ ਵੱਲ ਖਿਚਿਆਂ  ਜਾਣਾ ਹੀ ਸੀ, ਦੁਨੀਆਂ ਭਰ ਦੇ ਲੇਖਕ, ਵਿਚਾਰਕ ਤੇ ਬੁੱਧੀਜੀਵੀ ਵੀ ਇਸ ਤੋਂ ਬੜੀ ਵੱਡੀ ਗਿਣਤੀ ਵਿਚ ਪ੍ਰਭਾਵਿਤ ਹੋ ਰਹੇ ਸਨ। ਜਰਮਨੀ, ਇਟਲੀ ਤੇ ਜਾਪਾਨ ਵਿਚ ਫਾਸਿਸਟ ਸ਼ਕਤੀਆਂ ਦੇ ਸਿਰ ਚੁੱਕਣ ਨਾਲ ਵੀ ਕਮਿਊਨਿਸਟ ਵਿਚਾਰਧਾਰਾ ਨੂੰ ਬਲ ਮਿਲਿਆ ਸੀ। ਸੋਵੀਅਤ ਰੂਸ ਦੀ ਰਾਹਨੁਮਾਈ ਵਿਚ ਸਾਮਰਾਜਵਾਦ ਵਿਰੋਧੀ ਕਰਾਂਤੀਕਾਰੀ ਸ਼ਕਤੀਆਂ ਦੇ ਵਿਸ਼ਵ ਮੋਰਚੇ ਦੀ ਸ਼ਕਤੀ ਤੇ ਲੋਕ ਪ੍ਰਸਿੱਧੀ ਵਧ ਰਹੀ ਸੀ, ਇਸ ਨਾਲ ਵੀ ਕਮਿਊਨਿਸਟ ਪਾਰਟੀ ਦੀ ਦਿੱਖ ਨਿੱਖਰੀ।
ਕਾਂਗਰਸ ਸੋਸ਼ਲਿਸਟ ਪਾਰਟੀ 1934 ਵਿਚ ਬਣੀ। ਇਸ ਦਾ ਮੈਂਬਰ ਬਣਨ ਲਈ, ਕਾਂਗਰਸ ਦਾ ਮੈਂਬਰ ਬਣਨਾ ਵੀ ਇਕ ਲਾਜ਼ਮੀ ਸ਼ਰਤ ਸੀ। ਇਸ ਦਾ ਮਤਲਬ ਇਹ ਹੋਇਆ ਕਿ ਇਹ ਪਾਰਟੀ ਕਾਂਗਰਸ ਦਾ ਹੀ ਇਕ ਅੰਗ ਸੀ। ਇਸ ਦਾ ਐਲਾਨਿਆਂ ਉਦੇਸ਼ ਤਾਂ ਵਰਤਮਾਨ ਢਾਂਚੇ ਵਿਚ ਕਰਾਂਤੀਕਾਰੀ ਪ੍ਰੀਵਰਤਨ ਲਿਆਉਣਾ ਤੇ ਸਮਾਜਵਾਦ ਸਥਾਪਿਤ ਕਰਨਾ ਸੀ, ਪਰ ਇਸ ਦੇ ਦੁਹਰੇ ਚਰਿੱਤਰ ਕਾਰਣ ਮਜ਼ਦੂਰ ਅੰਦੋਲਨ ਦੀ ਆਜ਼ਾਦੀ ਸਮਾਪਤ ਹੋ ਜਾਂਦੀ ਸੀ ਤੇ ਉਸ ਉੱਤੇ ਕਾਂਗਰਸ-ਕਮਾਨ ਦਾ ਕੰਟਰੋਲ ਤੇ ਕਾਇਦਾ-ਕਾਨੂੰਨ ਭਾਰੂ ਹੋ ਜਾਂਦਾ ਸੀ—ਤੇ ਨਾਲੇ ਕਾਂਗਰਸ ਵਾਂਗ ਹੀ ਇਸ ਪਾਰਟੀ ਦੇ ਸ਼ੁਰੂ ਵਿਚ ਹੀ—ਵਾਮ-ਪੱਖੀ ਤੇ ਦੱਖਣ-ਪੱਖੀ—ਦੋ ਗੁੱਟ ਬਣ ਗਏ ਸਨ। ਵਾਮ-ਪੱਖੀ ਗੁੱਟ ਨੂੰ ਕਮਿਊਨਿਸਟ ਪਾਰਟੀ ਤੇ ਮਜ਼ਦੂਰ ਵਰਗ ਦੀਆਂ ਸ਼ਕਤੀਆਂ ਦਾ ਸਹਿਯੋਗ ਸਮਰਥਨ ਪ੍ਰਾਪਤ ਸੀ, ਜਦੋਂਕਿ, ਦੱਖਣ-ਪੱਖੀ ਗੁੱਟ ਕਮਿਊਨਿਸਟ ਪਾਰਟੀ ਨਾਲ ਪੂਰੀ ਘਰੇੜ ਰੱਖਦਾ ਸੀ ਤੇ ਮਜ਼ਦੂਰ ਵਰਗ ਦੇ ਸੁਤੰਤਰ ਸੰਘਰਸ਼ ਦੇ ਵਿਰੁੱਧ ਸੀ।
ਕਾਂਗਰਸ ਸੋਸ਼ਲਿਸਟ ਪਾਰਟੀ ਦੇ ਦੱਖਣ-ਪੱਖ ਦੇ ਵੱਡੇ ਨੇਤਾ ਜੈਪ੍ਰਕਾਸ਼ ਨਾਰਾਇਣ ਸਨ। ਉਸ ਸਮੇਂ ਉਹ ਕਾਮਰੇਡ ਜੈਪ੍ਰਕਾਸ਼ ਦੇ ਨਾਂ ਨਾਲ ਮਸ਼ਹੂਰ ਸਨ ਤੇ ਗਾਂਧੀ ਨੇ ਉਹਨਾਂ ਨੂੰ 'ਹਿੰਦੁਸਤਾਨ ਦੇ ਲੇਨਿਨ' ਕਹਿ ਕੇ ਥਾਪੜਾ ਦਿੱਤਾ ਹੋਇਆ ਸੀ।
ਸਰਕਾਰੀ ਦਮਨ ਦੇ ਬਾਵਜੂਦ ਕਮਿਊਨਿਸਟ ਪਾਰਟੀ ਗ਼ੈਰਕਾਨੂੰਨੀ ਹਾਲਤ ਵਿਚ ਵੀ ਗਤੀਸ਼ੀਲ ਰਹੀ ਤੇ ਉਸਦੇ ਮੈਂਬਰ ਦੂਜੇ ਲੋਕ ਸੰਗਠਨਾਂ ਤੇ ਵਿਸ਼ੇਸ਼ ਤੌਰ 'ਤੇ ਕਾਂਗਰਸ ਸੋਸ਼ਲਿਸਟ ਪਾਰਟੀ ਦੇ ਜ਼ਰੀਏ ਕੰਮ ਕਰਦੇ ਰਹੇ। ਪਰ ਜੈਪ੍ਰਕਾਸ਼ ਨਾਰਾਇਣ ਨੇ ਪਾਰਟੀ ਦੇ ਮਹਾਮੰਤਰੀ ਦੀ ਹੈਸੀਅਤ ਨਾਲ ਇਕ ਅਪੀਲ ਕੀਤੀ ਕਿ ਕਮਿਊਨਸਟਾਂ ਤੇ ਕਮਿਊਨਿਸਟ ਹਮਦਰਦਾਂ ਨੂੰ ਕਾਂਗਰਸ ਸੋਸ਼ਲਿਸਟ ਪਾਰਟੀ ਵਿਚੋਂ ਕੱਢ ਦਿੱਤਾ ਜਾਵੇ ਕਿਉਂਕਿ ਉਹ ਗਾਂਧੀ ਦੇ ਅਹਿੰਸਾ ਦੇ ਸਿਧਾਂਤ ਨੂੰ ਨਹੀਂ ਮੰਨਦੇ ਤੇ ਉਹ ਬੜੇ ਹੀ ਗ਼ੈਰ-ਜ਼ਿੰਮੇਵਾਰ ਲੋਕ ਹਨ। ਇਸ ਨਾਲ ਖ਼ੁਦ ਕਾਂਗਰਸ ਸੋਸ਼ਲਿਸਟ ਪਾਰਟੀ ਦੇ ਕਈ ਲੜਾਕੂ ਮੈਂਬਰ ਉਸ ਗ਼ੈਰ ਕਾਨੂੰਨੀ ਕਮਿਊਨਿਸਟ ਪਾਰਟੀ ਵਿਚ ਜਾ ਰਲੇ।
ਇਹ ਸੀ 1934 ਤੋਂ ਬਾਅਦ ਉੱਭਰੇ ਹੋਏ ਵਾਮ-ਪੱਖ ਦਾ ਚਿੱਤਰ। ਉਸਦੀ ਨਾ ਵਿਚਾਰਧਾਰਾ ਸਪਸ਼ਟ ਸੀ, ਨਾ ਉਹ ਦੇਸ਼ ਦੀ ਵਸਤੂਗਤ ਸਥਿਤੀ ਬਾਰੇ ਪੂਰੀ ਤਰ੍ਹਾਂ ਜਾਣਦੇ ਸਨ ਤੇ ਨਾ ਆਪੋ ਵਿਚ ਏਕਾ ਹੀ ਸੀ। ਤੇ ਨਾਲੇ ਉਹਨਾਂ ਕਾਂਗਰਸ ਦੇ ਚਾਲਾਕ ਤੇ ਅਨੁਭਵੀ ਬਜ਼ੁਰਗ ਨੇਤਾਵਾਂ ਦਾ ਮੁਕਾਬਲਾ ਕਰਨਾ ਸੀ, ਜਿਹੜੇ ਨਾ ਸਿਰਫ ਆਪਣੇ ਆਪ ਵਿਚ ਪੱਕੇ ਪੈਰੀਂ ਤੇ ਇਕ-ਮਿਕ ਹੋਏ-ਹੋਏ ਸਨ ਬਲਕਿ ਵਿਰੋਧੀ ਪੱਖ ਵਿਚ ਭਰਮ ਫੈਲਾਉਣ ਤੇ ਫੁੱਟ ਪਾਉਣ ਦੇ ਮਾਹਿਰ ਵੀ ਸਨ।
ਕਾਂਗਰਸ ਦਾ ਅਗਲਾ ਇਜਲਾਸ ਦਸੰਬਰ 1936 ਵਿਚ ਫੈਜਪੁਰ ਵਿਚ ਹੋਇਆ ਤੇ ਜਵਾਹਰ ਲਾਲ ਨੂੰ ਹੀ ਦੂਜੀ ਵਾਰੀ ਵੀ ਪ੍ਰਧਾਨ ਬਣਾਇਆ ਗਿਆ। ਇਸ ਸਮੇਂ ਕਾਂਗਰਸ ਸਾਹਮਣੇ ਮੁੱਖ ਕੰਮ ਸੀ—ਅਗਲੇ ਵਰ੍ਹੇ ਦੀ ਚੋਣ ਮੁਹਿੰਮ ਨੂੰ ਸਫਲ ਬਣਾਉਣਾ।
ਇਹ ਚੋਣ ਇੰਡੀਆ ਐਕਟ 1935 ਅਨੁਸਾਰ ਲੜੀ ਜਾਣੀ ਸੀ, ਜਿਸ ਵਿਚ ਸਿਰਫ 12 ਪ੍ਰਤੀਸ਼ਤ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਪਰ ਕਾਂਗਰਸ ਦਾ ਉਦੇਸ਼ ਸਿਰਫ ਚੋਣ ਲੜਨਾ ਹੀ ਨਹੀਂ ਸੀ ਬਲਕਿ ਜਨਤਾ ਨਾਲ ਸੰਪਰਕ ਸਥਾਪਤ ਕਰਕੇ ਉਹਨਾਂ ਵਿਚ ਮੁੜ ਆਪਣਾ ਪ੍ਰਭਾਵ ਬਣਾਉਣਾ ਵੀ ਸੀ। ਇਸ ਲਈ ਜਵਾਹਰ ਲਾਲ ਨਹਿਰੂ ਨੇ ਅਣਥੱਕ ਕੰਮ ਕੀਤਾ। ਦਿਲ ਦਿਮਾਗ਼ ਤੇ ਤਨ ਦੀ ਸਾਰੀ ਸ਼ਕਤੀ ਇਸ ਵਿਚ ਲਾ ਦਿੱਤੀ। ਉਹਨਾਂ ਤਿੱਬਤ ਦੀ ਸੀਮਾ ਤੋਂ ਲੈ ਕੇ ਬਲੂਚਿਸਤਾਨ ਦੀ ਸੀਮਾ ਤਕ ਹਜ਼ਾਰਾਂ ਮੀਲ ਦਾ ਸਫ਼ਰ ਕੀਤਾ ਤੇ ਕਰੋੜਾਂ ਇਨਸਾਨਾ ਦੇ ਸਾਹਮਣੇ ਭਾਸ਼ਣ ਦਿੱਤੇ ਤੇ ਇਹ ਭਾਸ਼ਣ ਅਖ਼ਬਾਰਾਂ ਵਿਚ ਛਪ ਕੇ ਇਸ ਤੋਂ ਵੀ ਕਿਤੇ ਵਧ ਲੋਕਾਂ ਤਕ ਪਹੁੰਚੇ। ਉਹਨਾਂ ਚੋਣ ਨੂੰ ਵਿਸ਼ੇਸ਼ ਮਹੱਤਵ ਨਹੀਂ ਦਿੱਤਾ, ਮਹੱਤਵ ਦਿੱਤਾ ਜਨਤਾ ਨਾਲ ਸੰਪਰਕ ਵਧਾਉਣ ਨੂੰ। ਖ਼ੁਦ ਲਿਖਿਆ ਹੈ...:
“ਮਹੱਤਵ ਸੀ ਸਾਡੇ ਮਕਸਦ ਦਾ, ਉਸ ਸੰਗਠਨ ਦਾ, ਜਿਸ ਨੇ ਇਸ ਮਕਸਦ ਨੂੰ ਅਪਣਾਇਆ ਸੀ ਤੇ ਉਸ ਕੌਮ ਦਾ, ਜਿਸਦੀ ਆਜ਼ਾਦੀ ਦਾ ਅਸੀਂ ਬੀੜਾ ਚੁੱਕਿਆ ਸੀ। ਮੈਂ ਇਸ ਆਜ਼ਾਦੀ ਦੀ ਵਿਆਖਿਆ ਕਰਦਾ ਤੇ ਦੱਸਦਾ ਕਿ ਮੁਲਕ ਦੇ ਕਰੋੜਾਂ ਲੋਕਾਂ ਉੱਤੇ ਇਸਦਾ ਕੀ ਅਸਰ ਹੋਏਗਾ। ਅਸੀਂ ਗੋਰੇ ਰੰਗ ਦੇ ਮਾਲਿਕਾਂ ਦੀ ਜਗ੍ਹਾ ਕਾਲੇ ਰੰਗ ਦੇ ਮਾਲਿਕਾਂ ਨੂੰ ਲਿਆ ਕੇ ਬਿਠਾਉਣਾ ਨਹੀਂ ਚਾਹੁੰਦੇ ਸੀ। ਅਸੀਂ ਜਨਤਾ ਦੀ ਸੱਚੀ ਹਕੂਮਤ ਚਾਹੁੰਦੇ ਸੀ, ਅਜਿਹੀ ਜਿਹੜੀ ਜਨਤਾ ਦੁਆਰਾ ਚੁਣੀ ਤੇ ਜਨਤਾ ਦੇ ਹੱਕ ਵਿਚ ਹੋਏ ਤੇ ਜਿਸ ਵਿਚ ਸਾਡੀ ਗਰੀਬੀ ਤੇ ਮੁਸੀਬਤਾਂ ਦੂਰ ਹੋ ਜਾਣ।”
ਇੰਜ ਉਹਨਾਂ ਆਪਣੇ ਭਾਸ਼ਣਾ ਰਾਹੀਂ ਨਵੀਂ ਚੇਤਨਾ ਦਾ ਤਕਾਜ਼ਾ ਪੂਰਾ ਕੀਤਾ, ਇਸ ਨਾਲ ਜਨਤਾ ਵਿਚ ਕਾਂਗਰਸ ਦਾ ਤੇ ਉਹਨਾਂ ਦਾ ਨਿੱਜੀ ਅਸਰ ਵੀ ਵੱਧ ਗਿਆ ਤੇ ਚੋਣਾ ਵਿਚ ਭਾਰੀ ਸਫਲਤਾ ਵੀ ਮਿਲੀ। ਇਸ ਦੇ ਸਿੱਟੇ ਵਜੋਂ 1937 ਵਿਚ ਗਿਆਰਾਂ ਸੂਬਿਆਂ ਵਿਚੋਂ ਸਤ ਵਿਚ ਖ਼ਾਲਸ ਕਾਂਗਰਸ ਦੇ ਦੋ ਵਿਚ ਮਿਲੇ-ਜੁਲੇ ਮੰਤਰੀ-ਮੰਡਲ ਬਣੇ। ਸਿਰਫ ਬੰਗਾਲ ਤੇ ਪੰਜਾਬ ਦੋ ਅਜਿਹੇ ਸੂਬੇ ਰਹਿ ਗਏ ਸਨ, ਜਿਹਨਾਂ ਵਿਚ ਕਾਂਗਰਸ ਮੰਤਰੀ ਮੰਡਲ ਨਹੀਂ ਸੀ ਬਣ ਸਕੇ।
ਪਦ-ਗ੍ਰਹਿਣ ਕਰਨ ਦਾ ਫ਼ਾਰਮੂਲਾ ਗਾਂਧੀ ਨੇ ਤਿਆਰ ਕੀਤਾ ਸੀ, ਜਿਹੜਾ ਕਾਂਗਰਸ ਮਹਾਸੰਮਤੀ ਦੇ ਮਦਰਾਸ ਇਜਲਾਸ ਵਿਚ ਪਾਸ ਹੋਇਆ। ਵਾਮ-ਪੱਖ ਨੇ ਇਕ ਸੋਧ ਮਤੇ ਰਾਹੀਂ ਇਹ ਪਦ-ਗ੍ਰਹਿਣ ਕਰਨ ਦਾ ਵਿਰੋਧ ਕੀਤਾ; ਉਹਨਾਂ ਦਾ ਕਹਿਣਾ ਸੀ ਕਿ ਮੰਤਰੀ-ਮੰਡਲ ਬਣਾਉਣਾ ਸਾਮਰਾਜਵਾਦ ਨਾਲ ਸਹਿਯੋਗ ਹੈ, ਇਹ ਮੰਤਰੀ-ਮੰਡਲ ਸਰਕਾਰ ਦੀ ਦਮਨ-ਮਸ਼ੀਨਰੀ ਦਾ ਅੰਗ ਬਣ ਜਾਣਗੇ ਤੇ ਉਹਨਾਂ ਦੇ ਕੰਮ ਨੂੰ ਜਨ-ਸੰਘਰਸ਼ ਦਾ ਬਦਲ ਸਮਝ ਲਿਆ ਜਾਵੇਗਾ। ਪਰ ਉਹਨਾਂ ਦਾ ਵਿਰੋਧ ਮਤਾ 135 ਦੇ ਮੁਕਾਬਲੇ 72 ਵੋਟਾਂ ਨਾਲ ਪਛਾੜ ਦਿੱਤਾ ਗਿਆ ਸੀ।
ਕਾਂਗਰਸ ਮੰਤਰੀ-ਮੰਡਲ ਦੋ ਸਾਲ ਯਾਨੀ 1939 ਦਾ ਸੰਸਾਰ ਯੁੱਧ ਹੋਣ ਤਕ ਬਣੇ ਰਹੇ। ਜਿੱਥੇ ਇਹ ਮੰਤਰੀ-ਮੰਡਲ ਬਣੇ ਉੱਥੋਂ ਦੇ ਸਾਰੇ ਰਾਜਨੀਤਕ ਕੈਦੀ ਛੱਡ ਦਿੱਤੇ ਗਏ, ਪ੍ਰੈੱਸ ਨੂੰ ਵਧ ਆਜ਼ਾਦੀ ਮਿਲੀ ਤੇ ਕੁਝ ਸੰਸਥਾਵਾਂ ਉੱਤੋਂ ਰੋਕ ਵੀ ਹਟਾਅ ਲਈ ਗਈ। ਪਰ ਅਸਲ ਸਮੱਸਿਆ ਤਾਂ ਮਜ਼ਦੂਰਾਂ-ਕਿਸਾਨਾਂ ਦੀ ਸੀ। ਇਹਨਾਂ ਦੋ ਸਾਲਾਂ ਵਿਚ ਉਹਨਾਂ ਦੇ ਅੰਦੋਲਨਾ ਨੇ ਬੜਾ ਜ਼ੋਰ ਫੜ੍ਹਿਆ। ਇਹਨਾਂ ਸੰਘਰਸ਼ਾਂ ਵਿਚ ਕਾਂਗਰਸ ਮੰਤਰੀ-ਮੰਡਲ ਨੇ ਮਿਲ ਮਾਲਕਾਂ ਤੇ ਜ਼ਿਮੀਂਦਾਰਾਂ ਦਾ ਹੀ ਸਾਥ ਦਿੱਤਾ।
ਪਹਿਲਾਂ ਜਿਹੜੀ ਕਾਂਗਰਸ ਤਾਜ਼ੀਰਾਤੇ ਹਿੰਦ ਦੀ ਦਫ਼ਾ 144 (ਚਾਰ ਤੋਂ ਵਧ ਆਦਮੀ ਇਕੱਠੇ ਹੋਣ ਉੱਤੇ ਰੋਕ) ਤੇ 124 (ਸਾਜਿਸ਼ਕਾਰੀ ਪ੍ਰਚਾਰ ਉੱਤੇ ਰੋਕ) ਦਾ ਹਮੇਸ਼ਾ ਹੀ ਵਿਰੋਧ ਕਰਦੀ ਰਹੀ ਸੀ, ਕਿਉਂਕਿ ਇਹਨਾਂ ਨਾਲ ਨਾਗਰਿਕ ਅਧਿਕਾਰਾਂ ਦਾ ਦਮਨ ਹੁੰਦਾ ਹੈ—ਹੁਣ ਉਸੇ ਕਾਂਗਰਸ ਦੇ ਮੰਤਰੀ-ਮੰਡਲਾਂ ਨੇ ਇਸ ਦਾ ਖੁੱਲ੍ਹੇ-ਆਮ ਇਸਤੇਮਾਲ ਸ਼ੁਰੂ ਕਰ ਦਿੱਤਾ। ਇੱਥੋ ਤਕ ਕਿ 'ਹਿੰਸਾ ਦਾ ਪ੍ਰਚਾਰ' ਕਰਨ ਵਾਲਿਆਂ ਨੂੰ ਜੇਲ੍ਹ ਵਿਚ ਸੁੱਟਣਾ ਤੇ ਉਹਨਾਂ ਦੇ ਖ਼ਿਲਾਫ ਪੁਲਿਸ ਦਾ ਇਸਤੇਮਾਲ ਕਰਨਾ ਵੀ 'ਅਹਿੰਸਾ' ਦੇ ਲਚਕਦਾਰ ਸਿਧਾਂਤ ਦਾ ਅੰਗ ਮੰਨ ਲਿਆ ਗਿਆ।
ਸੱਚਮੁੱਚ ਕਾਂਗਰਸੀ ਮੰਤਰੀ-ਮੰਡਲ ਮਜ਼ਦੂਰਾਂ ਤੇ ਕਿਸਾਨਾਂ ਦੇ ਸੰਘਰਸ਼ ਤੇ ਵਾਮ-ਪੱਖੀ ਸ਼ਕਤੀਆਂ ਨੂੰ ਕੁਚਲਣ ਲਈ ਦਮਨਕਾਰੀ ਮਸ਼ੀਨਰੀ ਦਾ ਅੰਗ ਬਣ ਗਏ। ਉਦਹਾਰਨ ਲਈ ਜਦੋਂ ਬੰਬਈ ਦੀ ਟਰੇਡ ਯੂਨੀਅਨ ਕਾਂਗਰਸ ਨੇ ਹੜਤਾਲ ਕਰਨ ਤੇ ਟਰੇਡ ਯੂਨੀਅਨ ਬਣਾਉਣ ਦੇ ਅਧਿਕਾਰ ਨੂੰ ਸੀਮਿਤ ਕਰ ਦੇਣ ਵਾਲੇ ਘਿਰਣਤ ਬਿੱਲ, ਉਦਯੋਗਿਕ ਵਿਵਾਦ ਅਧਿਨਿਯਮ (ਡਿਸਪਯੂਟ ਬਿਲ) ਦੇ ਵਿਰੋਧ ਵਿਚ ਬੜੀ ਵੱਡੀ ਹੜਤਾਲ ਕੀਤੀ ਤਾਂ ਪੁਲਿਸ ਨੇ ਗੋਲੀ ਚਲਾਈ, ਜਿਸ ਵਿਚ ਬਹੁਤ ਸਾਰੇ ਮਜ਼ਦੂਰ ਜ਼ਖ਼ਮੀ ਹੋ ਗਏ ਤੇ ਇਕ ਦੀ ਤਾਂ ਮੌਤ ਵੀ ਹੋ ਗਈ।
ਇਹਨਾਂ ਕਾਰਨਾਂ ਨਾਲ ਕਾਂਗਰਸ ਮੰਤਰੀ-ਮੰਡਲ ਦੇ ਵਿਰੁੱਧ ਜਨਤਾ ਦਾ ਰੋਸ ਵਧ ਰਿਹਾ ਸੀ ਤੇ ਦਮਨ ਦੀਆਂ ਇਹਨਾਂ ਨੀਤੀਆਂ ਲਈ ਕਾਂਗਰਸ ਹਾਈ-ਕਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਸੀ।
1935 ਦੇ ਐਕਟ ਰਾਹੀਂ ਬ੍ਰਿਟਿਸ਼ ਪਾਰਲੀਮੈਂਟ ਨੇ, ਜਿਹੜਾ ਵਿਧਾਨ ਪੇਸ਼ ਕੀਤਾ ਸੀ, ਕਾਂਗਰਸ ਨੇ ਉਸਨੂੰ ਨਾਮੰਜ਼ੂਰ ਕਰਦਿਆਂ ਹੋਇਆਂ ਕਿਹਾ ਸੀ ਕਿ ਸਾਨੂੰ ਸਿਰਫ ਉਹੀ ਵਿਧਾਨ ਮੰਜ਼ੂਰ ਹੋਵੇਗਾ, ਜਿਸ ਨੂੰ ਦੇਸ਼ ਦੀ ਜਨਤਾ ਦੇ ਬਾਲਿਗ ਵੋਟਰਾਂ ਰਾਹੀਂ ਚੁਣੀ ਗਈ ਵਿਧਾਨ-ਪਰੀਸ਼ਦ (ਕਾਂਸਟੀਟੁਅੰਟ ਅਸੈਂਬਲੀ) ਤਿਆਰ ਕਰੇਗੀ। ਸੁਭਾਸ਼ ਦੇ ਨੇਤਰਿਤਵ ਵਿਚ ਵਾਮ-ਪੱਖ ਇਹ ਮੰਗ ਕਰਦਾ ਰਿਹਾ ਸੀ ਕਿ ਵਿਧਾਨ-ਪਰੀਸ਼ਦ ਵਿਚ ਹੱਕ ਪ੍ਰਾਪਤ ਕਰਨ ਲਈ ਜਨ-ਸੰਘਰਸ਼ ਸ਼ੁਰੂ ਕੀਤਾ ਜਾਵੇ; ਪਰ ਕਾਂਗਰਸ ਹਾਈਕਮਾਨ ਇਸਨੂੰ ਟਾਲਦੀ ਆ ਰਹੀ ਸੀ।
ਹੁਣ ਵਿਧਾਨ ਦੀ ਸਮੱਸਿਆ ਉੱਤੇ 1988 ਦੇ ਦੌਰਾਨ ਕਾਂਗਰਸ ਨੇਤਾਵਾਂ ਨੇ ਬ੍ਰਿਟਿਸ਼ ਸਰਕਾਰ ਦੇ ਪ੍ਰਤੀਨਿਧ ਨਾਲ ਨਿੱਜੀ ਰੂਪ ਵਿਚ ਕਈ ਵਾਰੀ ਗੱਲਬਾਤ ਕੀਤੀ ਤੇ ਇਹ ਅਫ਼ਵਾਹ ਬੜੇ ਜ਼ੋਰਾਂ ਨਾਲ ਫੈਲਾਈ ਕਿ ਆਪਸ ਵਿਚ ਕੋਈ ਸਮਝੌਤਾ ਹੋਣ ਵਾਲਾ ਹੈ। ਇਸ ਉੱਤੇ ਵਾਮ-ਪੱਖੀਆਂ ਦੇ ਕੰਨ ਖੜ੍ਹੇ ਹੋ ਗਏ ਤੇ ਉਹਨਾਂ ਕਹਿਣਾ ਸ਼ੁਰੂ ਕੀਤਾ ਕਿ ਭਾਵੇਂ ਗੱਲਾਂ ਵੱਡੀਆਂ-ਵੱਡੀਆਂ ਕੀਤੀਆਂ ਜਾ ਰਹੀਆਂ ਹਨ, ਅਸਲ ਵਿਚ ਹਾਈ-ਕਮਾਨ ਆਤਮ ਸਮਰਪਣ ਕਰਨ ਜਾ ਰਿਹਾ ਹੈ।
ਜਵਾਹਰ ਲਾਲ ਦੀ ਸਥਿਤੀ ਬੜੀ ਅਹੁਜੜ ਵਿਚ ਫਸੀ ਹੋਈ ਸੀ। ਉਹ ਆਮ ਜਨਤਾ ਸਾਹਮਣੇ ਭਾਸ਼ਣਾ ਅਤੇ ਬਿਆਨਾ ਵਿਚ ਵਾਮ-ਪੱਖ ਦੀ ਗੱਲ ਕਰਦੇ ਸਨ ਤੇ ਕਦੀ-ਕਦੀ ਦੱਬਵੀਂ-ਜ਼ੁਬਾਨ ਨਾਲ ਹਾਈਕਮਾਨ ਉੱਤੇ ਵੀ ਨੁਕਤਾਚੀਨੀ ਕਰ ਦਿੰਦੇ ਸਨ। ਇਸ ਨਾਲ ਉਹਨਾਂ ਦੇ ਸਾਥੀ ਨਾਰਾਜ਼ ਹੋ ਜਾਂਦੇ। ਇਕ ਵਾਰੀ ਕਾਰਜ-ਸੰਮਤੀ ਬਣਨ ਤੋਂ ਦੋ ਮਹੀਨੇ ਬਾਅਦ ਹੀ ਗੱਲ ਏਨੀ ਵਧ ਗਈ ਕਿ ਰਾਜੇਂਦਰ ਪ੍ਰਸਾਦ, ਜੈਰਾਮਦਾਸ, ਦੌਲਤਰਾਮ, ਵੱਲਭਭਾਈ ਪਟੇਲ, ਸੀ.ਰਾਜਗੋਪਾਲਾਚਾਰੀ, ਜਮਨਾਲਾਲ ਬਜਾਜ ਤੇ ਜੀ.ਬੀ.ਕ੍ਰਿਪਲਾਨੀ ਨੇ ਜਵਾਹਰ ਲਾਲ ਨੂੰ ਇਕ ਸਮੂਹਕ ਤਿਆਗ ਪੱਤਰ ਭੇਜ ਦਿੱਤਾ—ਉਸ ਵਿਚ ਕਿਹਾ ਗਿਆ ਸੀ ਕਿ ਤੂੰ ਜਿਸ ਸਮਾਜਵਾਦ ਦਾ ਪ੍ਰਚਾਰ ਕਰ ਰਿਹਾ ਹੈਂ, ਇਹ ਕਾਂਗਰਸ ਨੂੰ ਮੰਜ਼ੂਰ ਨਹੀਂ ਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਕਾਂਗਰਸ ਆਪਣੀ ਉਸੇ ਨੀਤੀ ਉੱਤੇ ਚੱਲੇ, ਜਿਸ ਉਪਰ ਉਹ 1920 ਵਿਚ ਚੱਲ ਰਹੀ ਸੀ।
ਜਵਾਹਰ ਲਾਲ ਬੜੇ ਨਿਮੋਝੂਣੇ ਹੋਏ ਤੇ ਫੇਰ ਜਿਹੜੀ ਬਹਿਸ ਛਿੜੀ ਉਹ ਕਾਫੀ ਦਿਲਚਸਪ ਹੈ ਤੇ 'ਕੁਛ ਪੁਰਾਣੀ ਚਿੱਠੀਆਂ' ਨਾਂ ਦੀ ਕਿਤਾਬ ਵਿਚ ਸ਼ਾਮਿਲ ਚਿੱਠੀਆਂ ਪੜ੍ਹ ਦੇ ਜਾਣਿਆਂ ਜਾ ਸਕਦਾ ਹੈ। ਆਖ਼ਰ ਗਾਂਧੀ ਨੇ ਮਾਮਲੇ ਨੂੰ ਨਿਪਟਾਇਆ ਤੇ ਉਹਨਾਂ ਜਵਾਹਰ ਲਾਲ ਨੂੰ ਲਿਖਿਆ—“ਉਹ ਮਹਿਸੂਸ ਕਰਦੇ ਹਨ ਤੂੰ ਉਹਨਾਂ ਨਾਲ ਸੱਜਣਤਾ ਨਾਲ ਪੇਸ਼ ਨਹੀਂ ਆਉਂਦਾ ਸਮਾਜਵਾਦੀਆਂ ਦੇ ਮਖ਼ੌਲਾਂ ਤੇ ਗਲਤ ਅਰਥ ਕੱਢਣ ਤੋਂ ਤੂੰ ਕਦੀ ਉਹਨਾਂ ਦਾ ਬਚਾਅ ਨਹੀਂ ਕੀਤਾ।” ਤੇ ਫੇਰ ਸਮਝਾਇਆ, “ਤੂੰ ਉਹਨਾਂ ਦੇ ਸਰਵ-ਸੰਮਤੀ ਨਾਲ ਚੁਣੇ ਹੋਣ ਕਾਰਣ ਪਦਧਾਰੀ ਹੈਂ, ਪਰ ਅਜੇ ਤਕ ਸੱਤਾ ਤੇਰੇ ਕੋਲ ਨਹੀਂ ਹੈ। ਤੈਨੂੰ ਪਦਧਾਰੀ ਬਣਾਉਣਾ, ਜਲਦ ਹੀ ਸੱਤਾਧਾਰੀ ਬਣਾਉਣ ਦਾ ਇਕ ਯਤਨ ਹੈ—ਹੋਰ ਕਿਸੇ ਤਰ੍ਹਾਂ ਵੀ ਇੰਜ ਨਹੀਂ ਸੀ ਹੋ ਸਕਣਾ। ਜੋ ਹੋਏ, ਮੇਰੇ ਦਿਮਾਗ਼ ਵਿਚ ਇਹੀ ਗੱਲ ਸੀ—ਜਦ ਮੈਂ ਕੰਡਿਆਂ ਦੇ ਤਾਜ਼ ਲਈ ਤੇਰਾ ਨਾਂ ਪੇਸ਼ ਕੀਤਾ ਸੀ। ਸਿਰ ਉੱਤੇ ਕਿੰਨੇ ਵੀ ਜ਼ਖ਼ਮ ਹੋਣ ਇਸ ਨੂੰ ਲਈ ਰੱਖੀਂ।” (ਪੱਤਰ 15 ਜੁਲਾਈ,1936)
ਜਵਾਹਰ ਲਾਲ ਨੇ ਕੰਡਿਆਂ ਦਾ ਇਹ ਤਾਜ਼ ਲਈ ਰੱਖਿਆ ਤੇ ਇਸ ਨਾਲ ਵਾਕਈ ਸੱਤਾ ਉਹਨਾਂ ਦੇ ਹੱਥ ਆ ਗਈ। ਪਰ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਤੋਂ ਕੋਈ ਚਾਰ ਮਹੀਨੇ ਪਹਿਲਾਂ ਯਾਨੀ 22 ਮਾਰਚ 1936 ਨੂੰ ਸੰਸਦ ਦੇ ਮੈਂਬਰ ਐਲੇਵਿਲਕਿੰਸਨ ਨੇ ਲੰਦਨ ਤੋਂ ਜਵਾਹਰ ਲਾਲ ਦੇ ਨਾਂ ਆਪਣੇ ਖ਼ਤ ਵਿਚ ਲਿਖਿਆ ਸੀ...:
“ਕਾਫੀ ਲੋਕਾਂ ਦੀ ਇਹ ਆਮ ਭਾਵਨਾ ਹੈ ਕਿ ਤੁਸੀਂ ਗਾਂਧੀਜੀ ਦੇ ਅਧਿਆਤਮਕ ਪੁੱਤਰ ਤੇ ਉਤਰਾਧਿਕਾਰੀ ਹੋ।”
ਫਰਬਰੀ 1938 ਦੇ ਹਰੀਪੁਰਾ ਇਜਲਾਸ ਵਿਚ ਸੁਭਾਸ਼ ਨੂੰ ਵੀ ਗਾਂਧੀ ਦੇ ਅਸ਼ੀਰਵਾਦ ਨਾਲ ਪ੍ਰਧਾਨ ਬਣਾਇਆ ਗਿਆ ਸੀ। ਪਰ 1938 ਦੇ ਅੰਤ ਤਕ ਦੱਖਣ-ਪੱਖ ਤੇ ਵਾਮ-ਪੱਖ ਦੇ ਆਪਸੀ ਮਤਭੇਦ ਨੇ ਤਿੱਖਾ ਰੂਪ ਧਾਰਨ ਕਰ ਲਿਆ ਸੀ ਤੇ ਦੇਸ਼ ਇਕ ਵਾਰੀ ਫੇਰ ਕਰਾਂਤੀਕਾਰੀ ਜਨ-ਸੰਘਰਸ਼ ਵਲ ਵਧ ਰਿਹਾ ਸੀ। ਜਿਸਦਾ ਇਕ ਬਾਹਰੀ ਕਾਰਣ ਇਹ ਵੀ ਸੀ ਕਿ ਹਿਟਲਰ ਤੇ ਮੁਸੋਲਿਨੀ ਦੀ ਚੜ੍ਹਤ ਦੇ ਕਾਰਣ ਯੂਰਪ ਉਪਰ ਯੁੱਧ ਦੇ ਬਦਲ ਮੰਡਲਾ ਰਹੇ ਸਨ। ਇਸ ਪ੍ਰਸਥਿਤੀ ਵਿਚ ਕਾਂਗਰਸ ਦੀ ਵਾਗਡੋਰ ਕਿਸੇ ਵਾਮ-ਪੱਖੀ ਦੇ ਹੱਥ ਵਿਚ ਦੇਣੀ ਸਮਝਦਾਰੀ ਨਹੀਂ ਸੀ। ਇਸ ਲਈ ਫੈਸਲਾ ਇਹ ਹੋਇਆ ਕਿ 1939 ਦੇ ਤ੍ਰਿਪੁਰੀ ਇਜਲਾਸ ਵਿਚ ਪੱਟਾਭਿ ਸੀਤਾਰਮੈਯਾ ਨੂੰ ਪ੍ਰਧਾਨ ਬਣਾਇਆ ਜਾਵੇ।
ਪਰ ਸੁਭਾਸ਼ ਨੇ ਪੱਟਾਭਿ ਸੀਤਾਰਮੈਯਾ ਦਾ ਮੁਕਾਬਲਾ ਕਰਕੇ ਗਾਂਧੀ ਦੇ ਅਸ਼ੀਰਵਾਦ ਨੂੰ ਚੇਲੈਂਜ ਦਿੱਤਾ ਤੇ ਉਹ ਵਾਮ-ਪੱਖੀ ਰਾਸ਼ਟਰਵਾਦੀਆਂ, ਸਮਾਜਵਾਦੀਆਂ ਤੇ ਕਮਿਊਨਿਸਟਾਂ ਦੇ ਸਮਰਥਨ ਨਾਲ ਚੋਣ ਜਿੱਤ ਗਏ। ਜਬਰਦਸਤ ਸੰਘਰਸ਼ ਬਾਅਦ ਸੁਭਾਸ਼ ਨੂੰ 1575 ਤੇ ਪੱਟਾਭਿ ਨੂੰ 1376 ਵੋਟ ਮਿਲੇ।
ਚੋਣ ਦਾ ਇਹ ਨਤੀਜਾ ਦੇਖ ਕੇ ਗਾਂਧੀ ਤੇ ਉਸਦੇ ਸਮਰਥਕ ਛਿੱਥੇ ਜਿਹੇ ਪੈ ਗਏ। ਗਾਂਧੀ ਨੇ ਤੁਰੰਤ ਇਕ ਬਿਆਨ ਰਾਹੀਂ ਆਪਣਾ ਵਿਰੋਧ ਪ੍ਰਗਟ ਕਰਦਿਆਂ ਕਿਹਾ ਕਿ 'ਕਾਂਗਰਸ ਵਿਚ 'ਬੋਗਸ ਮੈਂਬਰ' ਭਰਤੀ ਕੀਤੇ ਗਏ ਹਨ ਤੇ ਇਹ ਇਕ ਭਰਸ਼ਟ ਸੰਸਥਾ ਬਣ ਗਈ ਹੈ' ਤੇ ਅੱਗੇ ਕਿਹਾ ਕਿ 'ਜਿਹੜੇ ਸੱਚੇ ਕਾਂਗਰਸੀ ਬਹੁਮਤ ਦੇ ਨਿਰਣੇ ਨੂੰ ਨਹੀਂ ਮੰਨਦੇ, ਕਾਂਗਰਸ ਛੱਡ ਦੇਣ।'
ਫੇਰ ਕੀ ਸੀ, ਕਾਰਜ-ਸੰਮਤੀ ਦੇ ਪੰਦਰਾਂ ਮੈਂਬਰਾਂ ਵਿਚੋਂ ਬਾਰ੍ਹਾਂ ਨੇ ਇਹ ਕਹਿ ਕੇ ਅਸਤੀਫ਼ੇ ਦੇ ਦਿੱਤੇ ਕਿ ਅਸੀਂ ਸੁਭਾਸ਼ ਦੇ ਰਾਹ ਦਾ ਰੋੜਾ ਨਹੀਂ ਬਣਨਾ ਚਾਹੁੰਦੇ। ਜਵਾਹਰ ਲਾਲ ਨੇ ਵੀ ਅਸਤੀਫ਼ਾ ਦੇ ਦਿੱਤਾ ਪਰ ਆਪਣਾ ਬਿਆਨ ਵੱਖਰਾ ਦਿੱਤਾ ਤੇ 'ਹਮ ਕਹਾਂ ਹੈਂ?' ਨਾਂ ਦੇ ਪੈਂਮਫਲੇਟ ਵਿਚ ਆਪਣਾ ਦ੍ਰਿਸ਼ਟੀਕੋਣ ਸਪਸ਼ਟ ਕੀਤਾ। ਇਹ ਵੀ ਆਪਣੀ ਸਮਾਜਵਾਦੀ ਪ੍ਰਵਿਰਤੀ ਨਾਲ ਆਮ ਜਨਤਾ ਨੂੰ ਤੇ ਵਾਮ-ਪੱਖ ਨੂੰ ਪ੍ਰਭਾਵਿਤ ਕਰਨ ਦਾ ਇਕ ਢੰਗ ਸੀ।
ਕਾਂਗਰਸ ਦਾ ਤ੍ਰਿਪੁਰੀ ਇਜਲਾਸ ਮਾਰਚ ਵਿਚ ਹੋਇਆ। ਉਸ ਵਿਚ ਗੋਵਿੰਦ ਵੱਲਭ ਪੰਤ ਨੇ ਦੱਖਣ-ਪੱਖ ਵਲੋਂ ਇਹ ਮਤਾ ਰੱਖਿਆ ਕਿ ਪ੍ਰਧਾਨ, ਜਿਹੜੀ ਕਾਰਜ-ਸੰਮਤੀ ਬਣਾਵੇ, ਉਹ ਗਾਂਧੀ ਦੀ ਰਾਏ ਲੈ ਕੇ ਬਣਾਈ ਜਾਵੇ। ਇਸ ਉੱਤੇ ਬੜਾ ਪੁਆੜਾ ਪਿਆ—ਹੱਥੋ-ਪਾਈ ਤਕ ਦੀ ਨੌਬਤ ਆ ਗਈ। ਪ੍ਰਤੀਨਿੱਧੀਆਂ ਨੇ ਜਵਾਹਰ ਲਾਲ ਨੂੰ ਦੋ ਘੰਟੇ ਤਕ ਬੋਲਣ ਨਹੀਂ ਦਿੱਤਾ। ਅੰਤ ਵਿਚ ਵਾਮ-ਪੱਖ ਦੀ ਹਾਰ ਹੋਈ ਤੇ ਕਾਂਗਰਸ ਦਾ ਅਗਵਾਈ ਮੁੜ ਗਾਂਧੀ ਨੂੰ ਸੌਂਪ ਦਿੱਤੀ ਗਈ।
ਸੁਭਾਸ਼ ਨੇ 22  ਮਾਰਚ 1939 ਨੂੰ ਜਵਾਹਰ ਲਾਲ ਦੇ ਨਾਂ ਇਕ ਲੰਮੀ ਜਜ਼ਬਾਤੀ ਚਿੱਠੀ ਲਿਖੀ, ਜਿਹੜੀ ਇਸ ਪੁਸਤਕ ਦੇ 24 ਸਫ਼ਿਆਂ ਉੱਤੇ ਫੈਲੀ ਹੋਈ ਹੈ। ਭਾਰਤੀ ਰਾਜਨੀਤੀ ਦੇ ਹਰੇਕ ਵਿਦਿਆਰਥੀ ਨੂੰ ਇਹ ਚਿੱਠੀ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ, ਅਸੀਂ ਇੱਥੇ ਉਸਦੀਆਂ ਕੁਝ ਸਤਰਾਂ ਦੇ ਰਹੇ ਹਾਂ...:
“ਸ਼ਾਇਦ ਤੈਨੂੰ ਯਾਦ ਹੋਵੇਗਾ ਕਿ ਜਦੋਂ ਅਸੀਂ ਸ਼ਾਂਤੀ ਨਿਕੇਤਨ ਵਿਚ ਮਿਲੇ ਸੀ ਤਾਂ ਮੈਂ ਸੁਝਾਅ ਦਿੱਤਾ ਸੀ ਕਿ ਜੇ ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਕਾਰਜ-ਸੰਮਤੀ ਦੇ ਮੈਂਬਰਾਂ ਦਾ ਸਹਿਯੋਗ ਪ੍ਰਾਪਤ ਨਹੀਂ ਕਰ ਸਕੇ ਤਾਂ ਸਾਨੂੰ ਕਾਂਗਰਸ ਨੂੰ ਚਲਾਉਣ ਦੀ ਜ਼ਿੰਮੇਵਾਰੀ ਤੋਂ ਮੂੰਹ ਨਹੀਂ ਮੋੜ ਲੈਣਾ ਚਾਹੀਦਾ। ਉਸ ਸਮੇਂ ਤੂੰ ਮੇਰੇ ਨਾਲ ਸਹਿਮਤ ਹੋਇਆ ਸੀ। ਬਾਅਦ ਵਿਚ, ਪਤਾ ਨਹੀਂ ਕਿਹੜੇ ਕਾਰਣਾ ਕਰਕੇ, ਤੂੰ ਕਿੰਜ ਬਹਾਦੁਰੀ ਨਾਲ ਦੂਜੇ ਪੱਖ ਵਿਚ ਜਾ ਬੈਠਾ ਸੀ। ਬੇਸ਼ੱਕ ਤੈਨੂੰ ਇੰਜ ਕਰਨ ਦਾ ਹਰੇਕ ਹੱਕ ਸੀ, ਪਰ ਫੇਰ ਤੇਰਾ ਸਮਾਜਵਾਦ ਜਾਂ ਵਾਮਵਾਦ ਕਿੱਧਰ ਗਿਆ?”
ਕਥਨੀ ਤੇ ਕਰਨੀ ਦੇ ਅੰਤਰ ਨੂੰ ਸਪਸ਼ਟ ਕਰਨ ਲਈ, ਇਹ ਬੜਾ ਵੱਡਾ ਸਵਾਲ ਹੈ—ਇਸ ਉੱਤੇ ਕਿਸੇ ਟਿੱਪਣੀ ਦੀ ਲੋੜ ਨਹੀਂ।
  –––   –––   –––   ––– 

No comments:

Post a Comment