Thursday, June 2, 2011

     ਗਾਂਧੀ ਦਾ ਪੱਤਰ ;; ਜਵਾਹਰ ਲਾਲ ਨਹਿਰੂ ਦੇ ਨਾਂ…

     
     ਗਾਂਧੀ ਦਾ ਪੱਤਰ ;; ਜਵਾਹਰ ਲਾਲ ਨਹਿਰੂ ਦੇ ਨਾਂ…
   
       ਸੇਗਾਂਵ
           15 ਜੁਲਾਈ, 1936
ਪਿਆਰੇ ਜਵਾਹਰਲਾਲ,

1. ਆਸ ਹੈ ਤੈਨੂੰ 'ਟਾਇਮਸ ਆਫ ਇੰਡੀਆ' ਦੇ ਪੱਤਰ ਬਾਰੇ ਮੇਰਾ ਤਾਰ ਮਿਲ ਗਿਆ ਹੋਏਗਾ। ਮੈਂ ਕੱਲ੍ਹ ਲੈ ਕੇ ਉਸਨੂੰ ਪੂਰਾ ਪੜ੍ਹਿਆ। ਇਸਦੇ ਵਿਸ਼ੇ ਵਿਚ ਮੈਨੂੰ ਕਦੀ ਕਿਸੇ ਨੇ ਨਹੀਂ ਲਿਖਿਆ। ਪੱਤਰ ਪੜ੍ਹ ਕੇ ਮੇਰੀ ਰਾਏ ਪੱਕੀ ਹੋਈ ਹੈ ਕਿ ਤੈਨੂੰ ਇਸ ਉੱਤੇ ਮਾਣਹਾਨੀ ਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
2. ਜੇ ਤੂੰ ਮੈਨੂੰ ਗਲਤ ਨਾ ਸਮਝੇਂ ਤਾਂ ਮੈਂ ਚਾਹਾਂਗਾ ਕਿ ਤੂੰ ਮੈਨੂੰ ਨਾਗਰਿਕ ਸੁਤੰਤਰ ਸੰਘ ਤੋਂ ਮੁਕਤ ਹੀ ਰੱਖ। ਫਿਲਹਾਲ ਮੈਂ ਕਿਸੇ ਨਾਗਰਿਕ ਸੰਸਥਾ ਵਿਚ ਸ਼ਾਮਿਲ ਹੋਣਾ ਪਸੰਦ ਨਹੀਂ ਕਰਦਾ ਤੇ ਕਿਸੇ ਪੱਕੇ ਪੂਰੇ ਸਤਿਆਗ੍ਰਹੀ ਦਾ ਉਸ ਵਿਚ ਸ਼ਰੀਕ ਹੋਣ ਦਾ ਕੋਈ ਅਰਥ ਵੀ ਨਹੀਂ : ਪਰ ਇਸ ਸੰਘ ਵਿਚ ਮੇਰੇ ਹੋਣ ਨਾ ਹੋਣ ਦੇ ਵਿਚਾਰ ਦੇ ਬਾਅਦ ਮੇਰੀ ਇਹ ਰਾਏ ਪੱਕੀ ਹੋਈ ਹੈ ਕਿ ਸਰੋਜਿਨੀ ਨੂੰ ਜਾਂ ਕਹੋ ਕਿ ਕਿਸੇ ਵੀ ਹੋਰ ਸਤਿਆਗ੍ਰਹੀ ਨੂੰ ਪ੍ਰਧਾਨ ਬਣਾਉਣਾ ਭੁੱਲ ਹੋਏਗੀ। ਹੁਣ ਮੇਰੀ ਇਹ ਰਾਏ ਹੈ ਕਿ ਪ੍ਰਧਾਨ ਕੋਈ ਪ੍ਰਸਿੱਧ ਵਿਧਾਨਕ ਕਾਨੂੰਨੀ ਵਕੀਲ ਹੋਣਾ ਚਾਹੀਦਾ ਹੈ। ਜੇ ਇਹ ਗੱਲ ਤੈਨੂੰ ਨਾ ਜਚਦੀ ਹੋਏ ਤਾਂ ਤੈਨੂੰ ਇਕ ਟਿਪਣੀ ਲੇਖਕ ਨੂੰ, ਜਿਹੜਾ ਕਾਨੂੰਨ ਭੰਗ ਕਰਨ ਵਾਲਾ ਨਾ ਹੋਏ, ਰਖਣਾ ਚਾਹੀਦਾ ਹੈ। ਮੈਂ ਇਹ ਵੀ ਕਹਾਂਗਾ ਕਿ ਮੈਂਬਰਾਂ ਦੀ ਗਿਣਤੀ ਸੀਮਿਤ ਰੱਖੋ। ਤੈਨੂੰ ਗਿਣਤੀ ਦੀ ਬਜਾਏ ਗੁਣਾ ਦੀ ਲੋੜ ਹੈ।
3. ਤੇਰਾ ਪੱਤਰ ਅੰਦਰ ਤਕ ਛੂਹ ਜਾਣ ਵਾਲਾ ਹੈ। ਤੂੰ ਇੰਜ ਮਹਿਸੂਸ ਕਰਦਾ ਹੈਂ ਕਿ ਤੇਰੇ ਸਾਥੀਆਂ ਵਿਚ ਤੇਰੇ ਜਿੰਨੀ ਹਿੰਮਤ ਤੇ ਸਾਫਗੋਈ ਨਹੀਂ ਹੈ। ਸਿੱਟਾ ਵਿਨਾਸ਼ਕਾਰੀ ਹੋਇਆ ਹੈ। ਮੈਂ ਸਦਾ ਉਹਨਾਂ ਨੂੰ ਸਮਝਾਇਆ ਹੈ ਕਿ ਤੇਰੇ ਨਾਲ ਸਾਫ ਸਾਫ ਤੇ ਨਿਡਰ ਹੋ ਕੇ ਗੱਲ ਕਰ ਲੈਣ। ਪਰੰਤੂ ਹੌਸਲਾ ਨਾ ਹੋਣ ਕਾਰਣ, ਜਦ ਕਦੀ ਉਹ ਬੋਲੇ, ਭੱਦਾ ਹੀ ਬੋਲੇ ਤੇ ਤੈਨੂੰ ਉਤੇਜਨਾ ਹੋਈ। ਮੈਂ ਤੈਨੂੰ ਦਸਦਾ ਹਾਂ ਕਿ ਉਹ ਤੈਥੋਂ ਡਰਦੇ ਰਹੇ, ਕਿਉਂਕਿ ਤੈਨੂੰ ਉਹਨਾਂ ਤੋਂ ਚਿੜਚਿੜਾਹਟ ਤੇ ਉਕਤਾਹਟ ਹੋ ਜਾਂਦੀ ਹੈ। ਉਹ ਤੇਰੀਆਂ ਝਿੜਕਾਂ ਤੋਂ ਤੇ ਤੇਰੇ ਹਾਕਮਾਨਾਂ ਢੰਗ ਤੋਂ ਕੁੜ੍ਹਦੇ ਰਹੇ ਤੇ ਸਭ ਤੋਂ ਵੱਧ ਇਸ ਗੱਲ 'ਤੇ ਕਿ ਉਹਨਾਂ ਦੇ ਖ਼ਿਆਲ ਵਿਚ ਤੂੰ ਆਪਣੇ ਆਪ ਨੂੰ ਸ਼ਰੇਸ਼ਟ ਤੇ ਚੋਖਾ ਗਿਆਨ-ਵਾਨਾ ਸਮਝਦਾ ਹੈਂ। ਉਹ ਮਹਿਸੂਸ ਕਰਦੇ ਹਨ ਕਿ ਤੂੰ ਉਹਨਾਂ ਨਾਲ ਸਭਿਅਕ ਢੰਗ ਨਾਲ ਪੇਸ਼ ਨਹੀਂ ਆਉਂਦਾ ਤੇ ਸਮਾਜਵਾਦੀਆਂ ਦੇ ਮਖ਼ੌਲਾਂ ਤੇ ਗਲਤ ਵਿਅੰਗ ਵਾਕਾਂ ਤੋਂ ਤੂੰ ਕਦੀ ਉਹਨਾਂ ਦਾ ਬਚਾਅ ਨਹੀਂ ਕੀਤੀ।
ਤੈਨੂੰ ਸ਼ਿਕਾਇਤ ਹੈ ਕਿ ਉਹਨਾਂ ਨੇ ਤੇਰੀ ਪ੍ਰਵਿਰਤੀ ਨੂੰ ਹਾਨੀਕਾਰਕ ਦੱਸਿਆ। ਇਸਦਾ ਇਹ ਅਰਥ ਨਹੀਂ ਸੀ ਕਿ ਤੂੰ ਹਾਨੀਕਾਰਕ ਹੈਂ। ਉਹਨਾਂ ਦੇ ਪੱਤਰ ਵਿਚ ਤੇਰੇ ਗੁਣਾ ਜਾਂ ਸੇਵਾਵਾਂ ਨੂੰ ਬਿਆਨ ਕਰਨ ਦਾ ਕੋਈ ਮੌਕਾ ਨਹੀਂ ਸੀ। ਉਹ ਪੂਰੀ ਤਰ੍ਹਾਂ ਜਾਣਦੇ ਹਨ ਕਿ ਤੇਰੇ ਵਿਚ ਉਰਜਾ ਹੈ ਤੇ ਆਮ ਜਨਤਾ ਤੇ ਦੇਸ਼ ਦੇ ਨੌਜਵਾਨਾਂ ਉਪਰ ਤੇਰਾ ਕਾਬੂ ਹੈ। ਉਹ ਜਾਣਦੇ ਹਨ ਤੈਨੂੰ ਛੱਡਿਆ ਨਹੀਂ ਜਾ ਸਕਦਾ ਤੇ ਇਸ ਲਈ ਉਹ ਝੁਕ ਜਾਣਾ ਚਾਹੁੰਦੇ ਹਨ।
ਮੈਨੂੰ ਇਹ ਸਾਰਾ ਮਾਮਲਾ ਦੁਖਦਾਈ ਲੱਗਦਾ ਹੈ, ਨਾਲ ਹੀ ਹਾਸੋਹੀਣਾ ਵੀ। ਇਸ ਲਈ ਮੈਂ ਚਾਹੁੰਦਾ ਹਾਂ ਕਿ ਤੂੰ ਸਾਰੀਆਂ ਗੱਲਾਂ ਸਹਿਜ ਬਿਰਤੀ ਨਾਲ ਦੇਖ। ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਕਿ ਤੂੰ ਏ.ਐੱਸ.ਆਈ. ਨੂੰ ਆਪਣੇ ਵਿਸ਼ਵਾਸ ਵਿਚ ਲੈ, ਪਰੰਤੂ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਉੱਤੇ ਤੇਰੇ ਘਰੇਲੂ ਝਗੜੇ ਠੀਕ ਕਰਨ ਦਾ ਜਾਂ ਤੇਰੇ ਵਿਚਕਾਰ ਤੇ ਉਹਨਾਂ ਵਿਚਕਾਰ ਚੋਣ ਕਰਵਾਉਣ ਦਾ ਅਸਹਿ ਭਾਰ ਪਾਇਆ ਜਾਏ। ਤੂੰ ਕੁਝ ਵੀ ਕਰ, ਉਹਨਾਂ ਸਾਹਮਣੇ ਬਣੀਆ-ਬਣਾਈਆਂ ਗੱਲਾਂ ਹੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਤੂੰ ਇਸ ਗੱਲ ਉੱਤੇ ਰੋਸ ਕਿਉਂ ਕਰਦਾ ਹੈਂ ਕਿ ਸਾਰੀਆਂ ਸੰਮਤੀਆਂ ਵਿਚ ਉਹਨਾਂ ਦਾ ਬਹੁਮਤ ਹੋਏ। ਕੀ ਇਹ ਅਤੀ ਸੁਭਾਵਕ ਚੀਜ ਨਹੀਂ? ਤੂੰ ਉਹਨਾਂ ਦੀ ਸਰਬਸੰਮਤ ਚੋਣ ਕਾਰਣ ਪਦ-ਰੂੜ ਹੈਂ, ਲੇਕਿਨ ਅਜੇ ਤਕ ਸੱਤਾ ਤੇਰੇ ਕੋਲ ਨਹੀਂ ਹੈ। ਤੈਨੂੰ ਪਦ-ਰੂੜ ਕਰਨਾ ਤੈਨੂੰ ਛੇਤੀ ਹੀ ਸੱਤਾ-ਰੂੜ ਕਰਨ ਦਾ ਯਤਨ ਸੀ। ਹੋਰ ਕਿਸੇ ਤਰ੍ਹਾਂ ਇੰਜ ਨਹੀਂ ਸੀ ਹੋਣਾ। ਜੋ ਹੋਏ, ਮੇਰੇ ਦਿਮਾਗ ਵਿਚ ਇਹੀ ਗੱਲ ਸੀ—ਜਦ ਮੈਂ ਕੰਡਿਆਂ ਦੇ ਤਾਜ ਲਈ ਤੇਰਾ ਨਾਂ ਪੇਸ਼ ਕੀਤਾ ਸੀ। ਸਿਰ ਉਪਰ ਜਖ਼ਮ ਹੋ ਜਾਣ ਤਾਂ ਵੀ ਇਸਨੂੰ ਲਈ ਰੱਖੀਂ। ਸੰਮਤੀ ਦੀਆਂ ਬੈਠਕਾਂ ਵਿਚ ਫੇਰ ਆਪਣੀ ਹੱਸਮੁਖਤਾ ਦਿਖਾਅ। ਤੇਰਾ ਅਤੀ ਸਹਿਜ-ਰੂਪ ਹੋਣਾ ਚਾਹੀਦਾ ਹੈ, ਨਾ ਕਿ ਇਕ ਚਿੰਤਾਮਗਨ ਸ਼ੱਕੀ ਵਿਆਕਤੀ ਵਾਲਾ, ਜਿਹੜਾ ਜ਼ਰਾ-ਜ਼ਰਾ ਜਿੰਨੀ ਗੱਲ ਉੱਤੇ ਭੜਕ ਪੈਣ ਵਾਲਾ ਹੁੰਦਾ ਹੈ।
ਕਾਸ਼ ਤੂੰ ਮੈਨੂੰ ਤਾਰ ਕਰਕੇ ਖ਼ਬਰ ਦੇਵੇਂ ਕਿ ਮੇਰਾ ਪੱਤਰ ਪੜ੍ਹ ਲੈਣ ਪਿੱਛੋਂ ਤੈਨੂੰ ਓਨੀ ਹੀ ਤਾਜ਼ਗੀ ਮਹਿਸੂਸ ਹੋਈ ਜਿੰਨੀ ਲਾਹੌਰ ਦੇ ਨਵੇਂ ਵਰ੍ਹੇ ਵਾਲੇ ਦਿਨ ਹੋਈ ਸੀ, ਜਦ ਤੂੰ ਤਰੰਗੇ ਝੰਡੇ ਦੇ ਚਾਰੇ ਪਾਸੇ ਨੱਚਦਾ ਦੱਸਿਆ ਗਿਆ ਸੀ। ਆਪਣੇ ਗਲੇ ਨੂੰ ਵੀ ਤਾਂ ਤੈਨੂੰ ਮੌਕਾ ਦੇਣਾ ਹੀ ਚਾਹੀਦਾ ਹੈ।
ਮੈਂ ਆਪਣਾ ਬਿਆਨ ਫੇਰ ਦੇਖ ਰਿਹਾ ਹਾਂ। ਮੈਂ ਫੈਸਲਾ ਕੀਤਾ ਹੈ ਕਿ ਜਦ ਤਕ ਤੂੰ ਇਸਨੂੰ ਦੇਖ ਨਹੀਂ ਲਏਂਗਾ ਮੈਂ ਇਸਨੂੰ ਪ੍ਰਕਾਸ਼ਿਤ ਨਹੀਂ ਕਰਾਂਗਾ।
ਮੈਂ ਇਹ ਵੀ ਫੈਸਲਾ ਕੀਤਾ ਹੈ ਕਿ ਸਾਡੇ ਪੱਤਰ-ਵਿਹਾਰ ਨੂੰ ਮਹਾਦੇਵ ਦੇ ਸਿਵਾਏ ਹੋਰ ਕੋਈ ਨਾ ਦੇਖੇ।
          ਸਸਨੇਹ;
           ਬਾਪੂ
    --- --- ---

No comments:

Post a Comment