Wednesday, June 15, 2011

ਕੁਛ-ਨਾ-ਕੁਛ :


  ਕੁਛ-ਨਾ-ਕੁਛ

 

12 ਫਰਬਰੀ ਨੂੰ ਸਤਿਆਗ੍ਰਹਿ ਬੰਦ ਹੋਇਆ। ਉਸਦੇ ਲਗਭਗ ਇਕ ਮਹੀਨੇ ਪਿੱਛੋਂ ਯਾਨੀ 10 ਮਾਰਚ ਨੂੰ ਸਰਕਾਰ ਨੇ ਗਾਂਧੀਜੀ ਨੂੰ ਗ੍ਰਿਫਤਾਰ ਕਰ ਲਿਆ, ਮੁਕੱਦਮਾ ਚਲਾਇਆ ਤੇ ਛੇ ਸਾਲ ਦੀ ਲੰਮੀ ਸਜ਼ਾ ਸੁਣਾ ਦਿੱਤੀ; ਪਰ ਦੋ ਸਾਲ ਦੇ ਅੰਦਰ ਹੀ ਰਿਹਾਅ ਵੀ ਕਰ ਦਿੱਤਾ।
ਜਵਾਹਰ ਲਾਲ 1922 ਦੇ ਇਸ ਸਤਿਆਗ੍ਰਹਿ ਵਿਚ ਪਹਿਲੀ ਵੇਰ ਗ੍ਰਿਫਤਾਰ ਹੋਏ ਸਨ ਤੇ ਉਹਨਾਂ ਨੂੰ ਛੇ ਮਹੀਨਿਆਂ ਦੀ ਸਜ਼ਾ ਹੋਈ ਸੀ। ਪਰ ਸਰਕਾਰ ਨੇ ਮੁਕੱਦਮੇ ਉੱਤੇ ਮੁੜ ਵਿਚਾਰ ਕਰਕੇ ਤਿੰਨ ਮਹੀਨੇ ਬਾਅਦ ਹੀ ਛੱਡ ਦਿੱਤਾ ਸੀ। ਉਹ ਸਾਬਰਮਤੀ ਜੇਲ੍ਹ ਵਿਚ ਗਾਂਧੀ ਨੂੰ ਮਿਲੇ ਤੇ ਉਹਨਾਂ ਦੇ ਮੁਕੱਦਮੇ ਦੀ ਸੁਣਵਾਈ ਦੇ ਸਮੇਂ ਵੀ ਉੱਥੇ ਹਾਜ਼ਰ ਰਹੇ। ਉਸ ਸਮੇਂ ਦਾ ਦ੍ਰਿਸ਼ 'ਮੇਰੀ ਕਹਾਣੀ' ਵਿਚ ਇਹਨਾਂ ਸ਼ਬਦਾਂ ਵਿਚ ਪੇਸ਼ ਕੀਤਾ ਗਿਆ ਹੈ...:
“ਉਹ ਇਕ ਹਮੇਸ਼ਾ ਯਾਦ ਰੱਖਣ ਵਾਲਾ ਪ੍ਰਸੰਗ ਸੀ ਤੇ ਸਾਡੇ ਵਿਚੋਂ ਜਿਹੜੇ ਲੋਕ ਉੱਥੇ ਮੌਜ਼ੂਦ ਸਨ, ਉਹ ਸ਼ਾਇਦ ਉਸਨੂੰ ਕਦੀ ਨਹੀਂ ਭੁੱਲ ਸਕਦੇ। ਜਜ ਇਕ ਅੰਗਰੇਜ਼ ਸੀ। ਉਸਨੇ ਆਪਣੇ ਵਿਹਾਰ ਵਿਚ ਖਾਸੀ ਸ਼ਰਾਫਤ ਤੇ ਸਦਭਾਵਨਾ ਦਿਖਾਈ। ਅਦਾਲਤ ਵਿਚ ਗਾਂਧੀਜੀ ਨੇ ਜਿਹੜਾ ਬਿਆਨ ਦਿੱਤਾ ਉਹ ਦਿਲਾਂ ਉੱਤੇ ਬੜਾ ਹੀ ਅਸਰ ਪਾਉਣ ਵਾਲਾ ਸੀ। ਅਸੀਂ ਲੋਕ ਜਦ ਉੱਥੋਂ ਵਾਪਸ ਆਏ ਤਦ ਸਾਡੇ ਦਿਲ ਹਿਲੋਰੇ ਲੈ ਰਹੇ ਸੀ ਤੇ ਉਹਨਾਂ ਦੇ ਭਖ਼ਦੇ ਵਾਕਾਂ ਤੇ ਉਹਨਾਂ ਦੇ ਚਮਤਕਾਰੀ ਭਾਵਾਂ ਤੇ ਵਿਚਾਰਾਂ ਦੀ ਡੂੰਘੀ ਛਾਪ ਸਾਡੇ ਮਨਾਂ ਉਪਰ ਲੱਗੀ ਹੋਈ ਸੀ”
ਗਾਂਧੀ ਦੇ ਚਮਤਕਾਰੀ ਭਾਵਾਂ ਤੇ ਵਿਚਾਰਾਂ ਦੀ ਵੰਨਗੀ ਦੇਖੋ। ਬ੍ਰਿਟਿਸ਼ ਸਾਮਰਾਜ ਨੂੰ ਆਪਣੀਆਂ ਸੇਵਾਵਾਂ ਦਾ ਲੇਖਾ ਦਿੰਦਿਆਂ ਹੋਇਆਂ ਉਹਨਾਂ ਕਿਹਾ...:
“ਆਪਣੀਆਂ ਸਾਰੀਆਂ ਸੇਵਾਵਾਂ ਦੌਰਾਨ ਮੈਂ ਇਸ ਵਿਸ਼ਵਾਸ ਤੋਂ ਪ੍ਰੇਰਿਤ ਸਾਂ ਕਿ ਇਹਨਾਂ ਸੇਵਾਵਾਂ ਰਾਹੀਂ ਆਪਣੇ ਦੇਸ਼ਵਾਸੀਆਂ ਲਈ ਪੂਰਨ ਸਮਾਨਤਾ ਦਾ ਪਦ ਪ੍ਰਾਪਤ ਕਰਨਾ ਸੰਭਵ ਹੋ ਸਕੇਗਾ।” (ਆਜ ਕਾ ਭਾਰਤ)
ਇਸ ਸੰਬੰਧ ਵਿਚ ਸੋਚਣ ਵਾਲੀ ਇਕ ਗੱਲ ਤਾਂ ਇਹ ਹੈ ਕਿ ਉਹ ਦੇਸ਼ਵਾਸੀ ਕਿਹੜੇ ਸਨ, ਜਿਹਨਾਂ ਲਈ ਪੂਰਨ ਸਮਾਨਤਾ ਦੇ ਪਦ ਦੀ ਕਾਮਨਾ ਕੀਤੀ ਗਈ ਸੀ? ਤੇ ਜਦੋਂ ਸਾਮਰਾਜਵਾਦੀਆਂ ਨੇ ਖ਼ੁਦ-ਬ-ਖ਼ੁਦ ਇਹ ਪਦ ਨਹੀਂ ਸਨ ਦਿੱਤੇ ਤਾਂਹੀਂਤਾਂ ਉਹਨਾਂ ਉੱਤੇ ਅਹਿੰਸਾਤਮਕ ਅੰਦੋਲਨ ਅਤੇ ਚਰਖੇ ਦਾ ਦਬਾਅ ਪਾਇਆ ਗਿਆ ਸੀ। ਦੂਜੀ ਗੱਲ ਇਹ ਕਿ ਇਹਨਾਂ ਦੇ ਇਸ  ਅੰਦੋਲਨ ਵਿਚ, ਜਨਵਰੀ 1922 ਤਕ, ਤੀਹ ਹਜ਼ਾਰ ਆਦਮੀ ਜੇਲ੍ਹੀਂ ਗਏ ਸਨ, ਜਿਹਨਾਂ ਵਿਚ ਕਾਂਗਰਸ ਤੇ ਖਿਲਾਫ਼ਤ ਦੇ ਵੱਡੇ ਨੇਤਾ ਵੀ ਸਨ, ਪਰ ਅੰਦੋਲਨ ਦੇ ਸੰਚਾਲਕ ਗਾਂਧੀਜੀ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਗਿਆ—ਉਸਨੂੰ ਪੂਰੀ ਢਿੱਲ ਦਿੱਤੀ ਹੋਈ ਸੀ। ਪਰ ਅੰਦੋਲਨ ਦੇ ਭਿਆਨਕ ਰੂਪ ਧਾਰਨ ਕਰਦਿਆਂ ਹੀ ਜਦੋਂ ਗਾਂਧੀ ਨੇ ਆਪਣੇ ਹੱਥੀਂ ਉਸਦਾ ਗਲਾ ਘੁੱਟ ਦਿੱਤਾ ਸੀ ਤਾਂ ਸਰਕਾਰ ਨੂੰ ਯਕਦਮ ਉਸਨੂੰ ਗ੍ਰਿਫਤਾਰ ਕਰਨ ਤੇ ਏਨੀ ਲੰਮੀ ਸਜ਼ਾ ਦੇਣ ਦੀ ਕੀ ਲੋੜ ਆਣ ਪਈ ਸੀ? ਇਸ ਰਹੱਸ ਨੂੰ ਸਮਝਣਾ ਔਖਾ ਨਹੀਂ, ਰਤਾ ਕੁ ਸੋਚਣ ਵਾਲੀ ਗੱਲ ਹੈ—ਨੇਤਾ ਜੇਲ੍ਹੀਂ ਜਾ ਕੇ ਹੀ ਲੋਕਪ੍ਰਿਯ ਬਣਦੇ ਹਨ। ਸਰਕਾਰ ਨੇ ਮਿਸੇਜ ਐਨੀ ਬੇਸੇਂਟ ਨੂੰ ਵੀ ਯੁੱਧ ਦੇ ਦਿਨਾਂ ਵਿਚ ਬਿਨਾਂ ਕਾਰਣ ਗ੍ਰਿਫਤਾਰ ਕਰਕੇ ਨਜ਼ਰਬੰਦ ਕਰ ਦਿੱਤਾ ਸੀ। ਗਾਂਧੀ ਨੂੰ ਵੀ ਬਿਨਾਂ ਕਾਰਣ ਸਜ਼ਾ ਕੀਤੀ ਗਈ।
ਗਾਂਧੀ ਦੇ ਚਮਤਕਾਰੀ ਭਾਵਾਂ ਤੇ ਵਿਚਾਰਾਂ ਦੀ ਡੂੰਘੀ ਛਾਪ ਮਨ ਉੱਤੇ ਲੈ ਕੇ ਜਵਾਹਰ ਲਾਲ ਇਲਾਹਾਬਾਦ ਪਰਤ ਆਏ ਤੇ ਉਹਨਾਂ ਨੂੰ ਜੇਲ੍ਹ 'ਚੋਂ ਬਾਹਰ ਰਹਿਣਾ ਸੁੰਨਾ-ਸੰਨਾ ਤੇ ਬੜਾ ਦੁਖਦਾਈ ਜਾਪਿਆ। ਸਤਿਆਗ੍ਰਹਿ ਬੰਦ ਹੋ ਜਾਣ ਦੇ ਬਾਵਜੂਦ ਵਲਾਇਤੀ ਕੱਪੜੇ ਦਾ ਬਾਈਕਾਟ ਹੁਣ ਵੀ ਜਾਰੀ ਸੀ ਕਿਉਂਕਿ ਇਸ ਵਿਚ ਹਿੰਦੁਸਤਾਨ ਦੇ ਵੱਡੇ ਉਦਯੋਗਪਤੀਆਂ ਦਾ ਹਿਤ ਸੀ ਤੇ ਇਸ ਬਾਈਕਾਟ ਦੇ ਕਰਾਂਤੀਕਾਰੀ ਰੂਪ ਧਾਰਨ ਕਰਣ ਦੀ ਵੀ ਕੋਈ ਸ਼ੰਕਾ ਨਹੀਂ ਸੀ। ਸੋ ਜਵਾਹਰ ਲਾਲ ਨੇ ਇਸ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ।
ਇਲਾਹਾਬਾਦ ਦੇ ਲਗਭਗ ਸਾਰੇ ਵਪਾਰੀਆਂ ਨੇ ਇਹ ਵਾਅਦਾ ਕੀਤਾ ਹੋਇਆ ਸੀ ਕਿ ਉਹ ਵਿਲਾਇਤੀ ਕੱਪੜਾ ਨਾ ਬਾਹਰੋਂ ਮੰਗਵਾਉਣਗੇ ਤੇ ਨਾ ਹਿੰਦੁਸਤਾਨ ਵਿਚ ਕਿਸੇ ਤੋਂ ਖਰੀਦਨਗੇ। ਇਸ ਮਤਲਬ ਲਈ ਉਹਨਾਂ ਇਕ ਮੰਡਲ ਵੀ ਬਣਾਇਆ ਹੋਇਆ ਸੀ। ਮੰਡਲ ਦੇ ਕਾਇਦੇ ਜਾਬਤੇ ਵਿਚ ਇਹ ਲਿਖਿਆ ਹੋਇਆ ਸੀ ਕਿ ਜੋ ਕੋਈ ਵਾਅਦਾ ਤੋੜੇਗਾ, ਉਸਨੂੰ ਸਜ਼ਾ ਵਜੋਂ ਜੁਰਮਾਨਾ ਲਾਇਆ ਜਾਏਗਾ। ਪਰ ਕੁਝ ਵੱਡੇ ਵੱਡੇ ਵਪਾਰੀਆਂ ਨੇ ਆਪਣਾ ਇਹ ਵਾਅਦਾ ਤੋੜ ਕੇ ਵਿਦੇਸ਼ੀ ਕੱਪੜਾ ਮੰਗਵਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਹਨਾਂ ਉੱਤੇ ਕਹਿਣ ਸੁਣਨ ਦਾ ਕੋਈ ਅਸਰ ਨਾ ਹੋਇਆ ਤਾਂ ਜਵਾਹਰ ਲਾਲ ਨੇ ਉਹਨਾਂ ਦੀਆਂ ਦੁਕਾਨਾ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ। ਧਰਨੇ ਦੇ ਡਰ ਨਾਲ ਇਹਨਾਂ ਲੋਕਾਂ ਜੁਰਮਾਨਾ ਭਰ ਦਿੱਤਾ। ਜੁਰਮਾਨੇ ਦਾ ਰੁਪਿਆ ਮੰਡਲ ਕੋਲ ਗਿਆ।
ਹੁਣ ਵਿਦੇਸ਼ੀ ਕੱਪੜੇ ਦੇ ਬਾਈਕਾਟ ਵਿਚ ਅੰਗਰੇਜ਼ ਵਪਾਰੀਆਂ ਨੂੰ ਘਾਟਾ ਸੀ। ਸਰਕਾਰ ਨੇ ਜਵਾਹਰ ਲਾਲ ਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਉੱਤੇ ਲੋਕਾਂ ਨੂੰ ਡਰਾ ਧਮਕਾ ਦੇ ਪੈਸੇ ਵਸੂਲਨ ਦਾ ਦੋਸ਼ ਲਾਇਆ। ਇਸ ਦੇ ਨਾਲ ਹੀ ਰਾਜਧਰੋਹ ਦਾ ਵੀ ਦੋਸ਼ ਸੀ। ਜਵਾਹਰ ਲਾਲ ਨੂੰ ਤਿੰਨਾ ਜੁਰਮਾਂ ਵਿਚ ਇਕ ਸਾਲ ਨੌਂ ਮਹੀਨਿਆਂ ਦੀ ਸਜ਼ਾ ਹੋਈ ਤੇ ਉਹਨਾਂ ਨੂੰ ਦੁਬਾਰਾ ਜੇਲ੍ਹ ਭੇਜ ਦਿੱਤਾ ਗਿਆ।
ਅਗਲੇ ਸਾਲ ਯਾਨੀ ਜਨਵਰੀ 1923 ਦੇ ਅੰਤ ਵਿਚ ਸਾਰੇ ਰਾਜਨੀਤਕ ਕੈਦੀ ਛੱਡ ਦਿੱਤੇ ਗਏ। ਜਵਾਹਰ ਲਾਲ ਜਦੋਂ ਜੇਲ੍ਹ 'ਚੋਂ ਘਰ ਪਹੁੰਚੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ, ਜਿਹੜਾ ਖ਼ਤ ਮਿਲਿਆ, ਉਹ ਇਲਾਹਾਬਾਦ ਹਾਈ ਕੋਰਟ ਦੇ ਮੌਜ਼ੂਦਾ ਚੀਫ ਜਸਟਿਸ ਸਰ ਗ੍ਰਿਮਵੁੱਡ ਮਿਰਥਸ ਦਾ ਸੀ। ਜਿਵੇਂ ਕਿ ਸਰ ਗ੍ਰਿਮਵੁੱਡ ਨੇ ਬਾਅਦ ਵਿਚ ਖ਼ੁਦ ਦੱਸਿਆ, ਉਸਨੂੰ ਆਸ ਸੀ ਜਵਾਹਰ ਲਾਲ ਬੜਾ ਉੱਚੇ ਉਠਣਗੇ। ਇਸ ਲਈ ਮੇਲ ਮੁਲਾਕਾਤ ਵਧਾਅ ਕੇ ਤੇ ਅੰਗਰੇਜ਼ ਦਾ ਦ੍ਰਿਸ਼ਟੀਕੋਣ ਸਮਝਾਅ ਕੇ ਉਹ ਜਵਾਹਰ ਲਾਲ ਉੱਤੇ ਆਪਣੀ ਨੇਕ ਨੀਤੀ ਦਾ ਅਸਰ ਪਾਉਣਾ ਚਾਹੁੰਦਾ ਸੀ। ਮੇਲ ਮੁਲਾਕਾਤ ਵਧੀ;  ਮਿਰਥਸ ਗ੍ਰਿਮਵੁੱਡ ਨਾਲ ਹੀ ਨਹੀਂ ਬਹੁਤ ਸਾਰੇ ਅੰਗਰੇਜ਼ਾਂ ਨਾਲ ਮੋਤੀਲਾਲ ਨਹਿਰੂ ਤੇ ਜਵਾਹਰ ਲਾਲ ਨਹਿਰੂ ਦੇ ਸੰਬੰਧ ਖਾਸੇ ਪੀਢੇ ਹੋਏ। ਜਵਾਹਰ ਲਾਲ ਦੇ ਆਪਣੇ ਸ਼ਬਦਾਂ ਵਿਚ “ਸ਼ਾਇਦ ਨਰਮ ਦਲ ਵਾਲਿਆਂ ਤੇ ਹੋਰ ਲੋਕਾਂ ਦੀ ਬਨਿਸਬਤ, ਜਿਹੜੇ ਹਿੰਦੁਸਤਾਨ ਵਿਚ ਅੰਗਰੇਜ਼ਾਂ ਨਾਲ ਰਾਜਨੀਤਕ ਸਹਿਯੋਗ ਕਰਦੇ ਹਨ, ਅੰਗਰਜ਼ਾਂ ਨਾਲ ਮੇਰਾ ਸੁਭਾਅ ਵੱਧ ਮੇਲ ਖਾਂਦਾ ਹੈ।” ਇਸ ਵਿਚ ਸ਼ੱਕ ਨਹੀਂ ਕਿ ਇਸ 'ਮੇਲ' ਨੇ ਵੀ ਜਵਾਹਰ ਲਾਲ ਨੂੰ ਉੱਚਾ ਉਠਣ ਵਿਚ ਪੌੜੀ ਦਾ ਕੰਮ ਦਿੱਤਾ।
ਉਸ ਸਾਲ ਬਹੁਤ ਸਾਰੇ ਕਾਂਗਰਸੀ ਨੇਤਾ ਜੇਲ੍ਹਾਂ ਵਿਚੋਂ ਬਾਹਰ ਆ ਕੇ ਮਿਊਂਸਪਲ ਕਮੇਟੀਆਂ ਦੇ ਪ੍ਰਧਾਨ ਬਣੇ। ਦੇਸ਼ਬੰਧੂ ਚਿਤਰੰਜਨਦਾਸ ਕਲਕੱਤਾ ਦੇ ਪਹਿਲੇ ਮੇਅਰ ਚੁਣੇ ਗਏ। ਵਿਟੱਠਲ ਭਾਈ ਬੰਬਈ ਕਾਰਪੋਰੇਸ਼ਨ ਦੇ ਪ੍ਰੇਸਿਡੈਂਟ ਚੁਣੇ ਗਏ ਤੇ ਸਰਦਾਰ ਵੱਲਭ ਭਾਈ ਅਹਿਮਦਾਬਾਦ ਦੇ, ਇੰਜ ਸੰਯੁਕਤ ਪ੍ਰਾਂਤ (ਯੂ.ਪੀ.) ਵਿਚ, ਵਧੇਰੇ ਵੱਡੀਆਂ ਮਿਊਂਸਪਲਟੀਆਂ ਦੇ ਚੇਅਰਮੈਨ ਕਾਂਗਰਸੀ ਹੀ ਬਣੇ। ਇਸ ਲਈ ਜਵਾਹਰ ਲਾਲਜੀ ਨੂੰ ਵੀ ਆਪਣੀ ਰਿਹਾਈ ਦੇ ਕੁਝ ਹਫਤਿਆਂ ਬਾਅਦ ਹੀ ਇਲਾਹਾਬਾਦ ਮਿਊਂਸਪਲਟੀ ਦਾ ਪ੍ਰਧਾਨ ਚੁਣ ਲਿਆ ਗਿਆ।
ਇਸ ਦੇ ਇਲਾਵਾ ਜਵਾਹਰ ਲਾਲਜੀ ਸੂਬਾਈ ਕਾਂਗਰਸ ਕਮੇਟੀ ਦੇ ਮੰਤਰੀ ਤੇ ਫੇਰ ਅਖਿਲ-ਭਾਰਤੀਯ ਕਾਂਗਰਸ-ਕਮੇਟੀ ਦੇ ਮੰਤਰੀ ਵੀ ਬਣਾ ਦਿੱਤੇ ਗਏ। ਲਿਖਿਆ ਹੈ—“ਇਹਨਾਂ ਤਿੰਨਾ ਹੈਸੀਅਤਾਂ ਨਾਲ ਮੈਂ ਬਹੁਤ ਸਾਰੇ ਕੰਮਾਂ ਵਿਚ ਰੁੱਝ ਗਿਆ ਤੇ ਇਸ ਤਰ੍ਹਾਂ ਮੈਂ ਉਹਨਾਂ ਮਾਮਲਿਆਂ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਜਿਹੜੇ ਮੈਨੂੰ ਪ੍ਰੇਸ਼ਾਨੀ ਵਿਚ ਪਾਈ ਬੈਠੇ ਸਨ, ਲੇਕਿਨ ਉਹਨਾਂ ਤੋਂ ਬਚਣਾ ਸੰਭਵ ਨਹੀਂ ਸੀ। ਜਿਹੜੇ ਪ੍ਰਸ਼ਨ ਵਾਰੀ ਵਾਰੀ ਮੇਰੇ ਮਨ ਵਿਚ ਉਠਦੇ ਸਨ ਤੇ ਜਿਹਨਾਂ ਦਾ ਕੋਈ ਤੱਸਲੀ ਬਖ਼ਸ਼ ਉਤਰ ਮੈਨੂੰ ਨਹੀਂ ਮਿਲ ਰਿਹਾ ਸੀ, ਉਹਨਾਂ ਤੋਂ ਮੈਂ ਕਿੱਥੇ ਭੱਜ ਸਕਦਾ ਸਾਂ? ਇਨ੍ਹੀਂ ਦਿਨੀ ਜੋ ਕੰਮ ਮੈਂ ਕਰਦਾ ਸੀ ਉਹ ਸਿਰਫ ਇਸ ਲਈ ਕਿ ਆਪਣੇ ਅੰਤਰ-ਦਵੰਧ ਤੋਂ ਬਚਣਾ ਚਾਹੁੰਦਾ ਸੀ।” (ਮੇਰੀ ਕਹਾਣੀ)
1921 ਵਿਚ ਅਸੈਂਬਲੀ ਤੇ ਕੌਂਸਿਲਾਂ ਦਾ ਬਾਈਕਾਟ ਕਰ ਦਿੱਤਾ ਗਿਆ ਸੀ। ਹੁਣ ਜਦੋਂ ਕਾਂਗਰਸ ਨੇਤਾ ਜੇਲ੍ਹਾਂ 'ਚੋਂ ਰਿਹਾਅ ਹੋਏ ਤਾਂ ਕੌਂਸਿਲਾਂ ਵਿਚ ਜਾਣ, ਨਾ ਜਾਣ ਦੇ ਸਵਾਲ ਉੱਤੇ ਫੇਰ ਭਖ਼ਵੀਂ ਬਹਿਸ ਛਿੜ ਪਈ। ਜਿਹੜੇ ਲੋਕ ਚੋਣ ਲੜ ਕੇ ਕੌਂਸਿਲਾਂ ਤੇ ਅਸੈਂਬਲੀ ਵਿਚ ਜਾਣ ਤੇ ਅੰਦਰ ਜਾ ਕੇ ਸਰਕਾਰ ਦੇ ਵਿਰੁੱਧ ਲੜਨ ਦੇ ਹੱਕ ਵਿਚ ਸਨ, ਉਹ 'ਪ੍ਰੀਵਰਤਨਵਾਦੀ' ਅਖਵਾਏ—ਉਹਨਾਂ ਦੇ ਨੇਤਾ ਚਿਤਰੰਜਨ ਦਾਸ ਤੇ ਮੋਤੀਲਾਲ ਨਹਿਰੂ ਸਨ। ਜਿਹੜੇ ਲੋਕ ਹੁਣ ਵੀ ਅਸੈਂਬਲੀ ਤੇ ਕੌਂਸਿਲਾਂ ਦਾ ਬਾਈਕਾਟ ਜਾਰੀ ਰੱਖਣ ਤੇ ਆਪਣੀ ਸਾਰੀ ਸ਼ਕਤੀ ਅਛੂਤ-ਉਧਾਰ ਤੇ ਚਰਖਾ ਕੱਤਣ ਆਦੀ ਦੇ ਰਚਨਾਤਮਕ ਕੰਮ ਵਿਚ ਲਾ ਦੇਣ ਦੇ ਪੱਖ ਵਿਚ ਸਨ—'ਅਪ੍ਰੀਵਰਤਨਵਾਦੀ' ਅਖਵਾਏ। ਉਹਨਾਂ ਦਾ ਨੇਤਾ ਗਾਂਧੀ ਸੀ।
ਇੰਜ ਕਾਂਗਰਸ ਦੋ ਗੁੱਟਾਂ ਵਿਚ ਵੰਡੀ ਗਈ ਤੇ ਦੋਵਾਂ ਗੁੱਟਾਂ ਵਿਚ ਬੜਾ ਕਰੜਾ ਸੰਘਰਸ਼ ਚਾਲੂ ਹੋ ਗਿਆ। ਪਰ 1923 ਦੀਆਂ ਚੋਣਾ ਵਿਚ ਪ੍ਰੀਵਰਤਨਵਾਦੀਆਂ ਨੂੰ , ਜਿਹਨਾਂ ਸਵਰਾਜ ਪਾਰਟੀ ਬਣਾ ਲਈ ਸੀ, ਆਸ ਨਾਲੋਂ ਵੱਧ ਸਫਲਤਾ ਮਿਲੀ ਤੇ ਉਹ ਅਸੈਂਬਲੀ ਤੇ ਕੌਂਸਿਲਾਂ ਵਿਚ ਆਪਣੇ ਬਹੁਤ ਸਾਰੇ ਉਮੀਦਵਾਰ ਭੇਜਣ ਵਿਚ ਸਫਲ ਹੋ ਗਏ।
1924 ਵਿਚ ਸਵਰਾਜੀਆਂ ਨੇ ਸ਼ੀ.ਆਰ.ਦਾਸ ਤੇ ਮੋਤੀਲਾਲ ਨਹਿਰੂ ਦੀ ਅਗਵਾਈ ਵਿਚ ਕਾਂਗਰਸ ਉੱਤੇ ਕਬਜਾ ਕਰ ਲਿਆ ਤੇ ਕਿਹਾ ਜਾਂਦਾ ਹੈ ਕਿ ਅਗਲੇ ਪੰਜ-ਛੇ ਸਾਲ ਲਈ ਗਾਂਧੀ ਤੇ ਉਸਦੇ ਅਪ੍ਰੀਵਰਤਨਵਾਦੀ ਚੇਲਿਆਂ ਦਾ ਪ੍ਰਭਾਵ ਰਾਜਨੀਤੀ ਵਿਚ ਕਾਫੀ ਫਿੱਕਾ ਰਿਹਾ ਤੇ ਸਵਰਾਜੀਆਂ ਦਾ ਪੂਰਾ ਬੋਲ-ਬਾਲਾ ਰਿਹਾ।
ਜਵਾਹਰ ਲਾਲ ਕੌਂਸਿਲਾਂ ਵਿਚ ਜਾਣ ਦੇ ਪੱਖ ਵਿਚ ਤਾਂ ਨਹੀਂ ਸਨ, ਪਰ ਉਹਨਾਂ ਤੇ ਕੁਝ ਹੋਰ ਲੋਕਾਂ ਨੇ ਇਹਨਾਂ ਦੋਵਾਂ ਗੁੱਟਾਂ ਵਿਚ ਸਮਝੌਤਾ ਕਰਾਉਣ ਦੀ ਕਾਫੀ ਕੋਸ਼ਿਸ਼ ਕੀਤੀ—ਜਿਸ ਵਿਚ ਉਹਨਾਂ ਨੂੰ ਸਫਲਤਾ ਨਹੀਂ ਮਿਲੀ।
ਸੀ.ਆਰ.ਦਾਸ ਨੇ ਜਵਾਹਰ ਲਾਲ ਨੂੰ ਸਵਰਾਜੀਆਂ ਦੇ ਪਾਲੇ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ—ਪਰ ਉਹਨਾਂ ਨੂੰ ਵੀ ਸਫਲਤਾ ਨਹੀਂ ਮਿਲੀ। ਲਿਖਿਆ ਹੈ ਕਿ 'ਭਾਵੇਂ ਮੈਨੂੰ ਸੁੱਝਦਾ ਨਹੀਂ ਸੀ ਪਿਆ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਤੇ ਉਹਨਾਂ ਆਪਣੀ ਸਾਰੀ ਵਕਾਲਤ ਖਰਚ ਕਰ ਦਿੱਤੀ ਸੀ—ਤਾਂਵੀ ਮੇਰਾ ਦਿਲ ਉਹਨਾਂ ਦੀ ਦਲੀਲ ਨਾ ਮੰਨਿਆਂ।'
ਇਸ ਸੰਘਰਸ਼ ਤੇ ਮਤਭੇਦ ਨੇ ਪਿਉ-ਪੁੱਤਰ ਤੇ ਆਪਸੀ ਸੰਬੰਧ ਉੱਤੇ ਕੀ ਅਸਰ ਪਾਇਆ : ਇਸ ਸਿਲਸਿਲੇ ਵਿਚ ਜਵਾਹਰ ਲਾਲ ਦਾ ਆਪਣਾ ਕਹਿਣਾ ਤਾਂ ਇਹ ਹੈ ਕਿ 'ਉਹਨਾਂ ਮੇਰੇ ਉੱਤੇ ਸਵਰਾਜੀ ਬਣ ਜਾਣ ਲਈ ਕਦੀ ਜ਼ੋਰ ਨਹੀਂ ਪਾਇਆ ਤੇ ਸਭ ਕੁਛ ਮੇਰੀ ਮਰਜ਼ੀ ਉੱਤੇ ਛੱਡ ਦਿੱਤਾ।' ਪਰ ਉਰਦੂ ਦੇ ਮਸ਼ਹੂਰ ਸ਼ਾਇਰ ਫ਼ਿਰਾਕ ਗੋਰਖਪੁਰੀ ਨੇ, ਜਿਹੜੇ ਉਹਨੀਂ ਦਿਨੀ ਕਾਂਗਰਸ ਦਫ਼ਤਰ, ਆਨੰਦ ਭਵਨ, ਵਿਚ ਜਵਾਹਰ ਲਾਲ ਦੇ ਨਾਲ ਕੰਮ ਕਰਦੇ ਸਨ, ਆਪਣੀਆਂ ਯਾਦਾਂ ਦੇ ਇਕ ਸੰਗ੍ਰਹਿ ਵਿਚ ਲਿਖਿਆ ਹੈ...:
“ਦੇਸ਼ਬੰਧੂ ਚਿਤਰੰਜਨ ਦਾਸ, ਪੰਡਿਤ ਮੋਤੀਲਾਲ ਨਹਿਰੂ, ਲਾਲਾ ਲਾਜਪਤ ਰਾਏ ਤੇ ਦੇਸ਼-ਭਗਤਾਂ ਦਾ ਇਕ ਵੱਡਾ ਟੋਲਾ ਅਸਹਿਯੋਗ ਅੰਦੋਲਨ ਦੇ ਚਾਰ ਸਾਲ ਬਾਅਦ ਇਹ ਚਾਹੁਣ ਲੱਗ ਪਿਆ ਕਿ ਅਸੈਂਬਲੀ ਤੇ ਕੌਂਸਿਲਾਂ ਦਾ ਬਾਈਕਾਟ ਬੰਦ ਕਰ ਦਿੱਤਾ ਜਾਏ ਤੇ ਚੋਣ ਲੜੀ ਜਾਏ। ਮਹਾਤਮਾ ਗਾਂਧੀ ਟਸ ਤੋਂ ਮਸ ਨਹੀਂ ਹੋ ਰਹੇ ਸਨ। ਜਵਾਹਰ ਲਾਲ ਨਹਿਰੂ ਇਸ ਮਾਮਲੇ ਵਿਚ ਰਹੇ ਤਾਂ ਖ਼ਾਮੋਸ਼, ਪਰ ਗਾਂਧੀਜੀ ਨਾਲ ਖੁੱਲਮ-ਖੁੱਲ੍ਹਾ ਮਤਭੇਦ ਦਾ ਵਿਚਾਰ ਉਹਨਾਂ ਦੇ ਰਸਤੇ ਦਾ ਅੜਿੱਕਾ ਬਣ ਜਾਂਦਾ ਸੀ। ਪਿਉ-ਪੁੱਤਰ ਵਿਚਕਾਰ ਯਾਨੀ ਮੋਤੀਲਾਲ ਨਹਿਰੂ ਤੇ ਜਵਾਹਰ ਲਾਲ ਨਹਿਰੂ ਵਿਚ ਥੋੜ੍ਹਾ ਵੱਟ ਵੀ ਪੈਦਾ ਹੋ ਗਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਆਨੰਦ ਭਵਨ ਇਕ ਗੂੰਗੇ ਪਰ ਰੜਕਵੇਂ ਤਣਾਅ ਦਾ ਸ਼ਿਕਾਰ ਹੋਇਆ ਹੋਇਆ ਹੈ। ਉਹਨੀਂ ਦਿਨੀ ਇਕ ਦਿਨ ਜਦ ਜਵਾਹਰ ਲਾਲ ਨਹਿਰੂ ਕਾਂਗਰਸ ਮਹਾਸੰਮਤੀ ਦੇ ਦਫ਼ਤਰ ਵਿਚ ਮੌਜ਼ੂਦ ਨਹੀਂ ਸਨ, ਦਫ਼ਤਰ ਵਿਚ ਡਾਕ ਆਈ, ਜਿਹੜੀ ਮੈਨੂੰ ਸੰਭਲਾ ਦਿੱਤੀ ਗਈ। ਉਸ ਵਿਚ ਇਕ ਲਿਫ਼ਾਫ਼ਾ ਜਵਾਹਰ ਲਾਲ ਨਹਿਰੂ ਦੇ ਨਾਂ ਸੀ ਤੇ ਪਤਾ ਮਹਾਤਮਾ ਗਾਂਧੀ ਦੇ ਹੱਥ ਦਾ ਲਿਖਿਆ ਹੋਇਆ ਸੀ। ਓਦੋਂ ਮੈਥੋਂ ਇਕ ਅਪਰਾਧ ਹੋ ਗਿਆ, ਜਿਸਨੂੰ ਅੱਜ ਜ਼ਾਹਿਰ ਕਰ ਰਿਹਾ ਹਾਂ। ਮੈਨੂੰ, ਗਾਂਧੀਜੀ ਦੇ ਜਵਾਹਰ ਲਾਲ ਦੇ ਨਾਂ, ਇਸ ਨਿੱਜੀ ਪੱਤਰ ਨੂੰ ਖੋਲ੍ਹਣ ਦਾ ਕੋਈ ਅਧਿਕਾਰ ਨਹੀਂ ਸੀ। ਮੈਥੋਂ ਰਿਹਾ ਨਹੀਂ ਸੀ ਗਿਆ ਤੇ ਬੜੀ ਸਵਧਾਨੀ ਨਾਲ ਮੈਂ ਇਹ ਖ਼ਤ ਖੋਲ੍ਹ ਕੇ ਪੜ੍ਹ ਲਿਆ ਸੀ। ਗਾਂਧੀਜੀ ਨੇ ਜਵਾਹਰ ਲਾਲ ਨੂੰ ਲਿਖਿਆ ਸੀ ਕਿ 'ਤੂੰ ਤਕਲੀਫ਼ ਤੇ ਪ੍ਰੇਸ਼ਾਨੀ ਮਹਿਸੂਸ ਕਰ ਰਿਹਾ ਹੈਂ ਤਾਂ ਮੈਂ ਤੈਨੂੰ ਕਿਸੇ ਕਾਲੇਜ ਵਿਚ ਪ੍ਰੋਫ਼ੈਸਰੀ ਦਿਵਾਉਣ ਦੀ ਤੁਰੰਤ ਕੋਸ਼ਿਸ਼ ਕਰ ਸਕਦਾ ਹਾਂ।' ਮੈਂ ਸਾਵਧਾਨੀ ਨਾਲ ਲਿਫ਼ਾਫ਼ਾ ਬੰਦ ਕਰ ਦਿੱਤਾ ਤੇ ਉਹ ਦੂਜੇ ਦਿਨ ਜਵਾਹਰ ਲਾਲ ਨਹਿਰੂ ਨੂੰ ਮਿਲ ਗਿਆ। ਉਹਨਾਂ ਜਾਂ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗ ਸਕਿਆ ਕਿ ਮੈਂ ਮਹਾਤਮਾਜੀ ਦਾ ਖ਼ਤ ਪੜ੍ਹ ਚੁੱਕਿਆ ਹਾਂ। ਉਸ ਸਮੇਂ ਮੈਨੂੰ ਪਤਾ ਲੱਗਿਆ ਕਿ ਪਿਉ-ਪੁੱਤਰ ਵਿਚ ਤਣਾਅ ਇੱਥੋਂ ਤਕ ਪਹੁੰਚ ਗਿਆ ਹੈ। ਹੁੰਦਾ ਇਹ ਸੀ ਕਿ ਸਾਲ ਵਿਚ ਇਕ ਦਿਨ ਪੰਡਿਤ ਮੋਤੀਲਾਲ ਨਹਿਰੂ ਲਗਭਗ ਦਸ ਹਜ਼ਾਰ ਰੁਪਏ ਜਵਾਹਰ ਲਾਲ ਦੇ ਨਾਂ ਬੈਂਕ ਦੇ ਕਰੰਟ ਅਕਾਊਂਟ ਵਿਚ ਜਮ੍ਹਾਂ ਕਰ ਦਿੰਦੇ ਸਨ, ਤਾਂ ਕਿ ਸਾਲ ਭਰ ਲਈ ਉਹਨਾਂ ਨੂੰ ਆਪਣੇ ਨਿੱਜੀ ਖਰਚਿਆਂ ਲਈ ਪਿਉ ਤੋਂ ਕੁਛ ਮੰਗਣਾ ਨਾ ਪਏ। ਪਰ ਜਦ ਉਪਰੋਕਤ ਵੱਟ ਪੈਦਾ ਹੋ ਗਿਆ, ਤਾਂ ਉਸ ਸਾਲ ਮੋਤੀਲਾਲ ਨਹਿਰੂ ਨੇ ਇੰਜ ਨਹੀਂ ਕੀਤਾ-ਜਿਸ ਕਰਕੇ ਇਹ ਗੰਭੀਰ ਸਮੱਸਿਆ ਪੈਦਾ ਹੋ ਗਈ ਸੀ।”
       (ਆਜਕਲ : ਨਹਿਰੂ ਸਮਰਿਤੀ ਅੰਕ)

ਇਹਨਾਂ ਦਿਨਾਂ ਦਾ ਲਿਖਿਆ ਹੋਇਆ ਗਾਂਧੀਜੀ ਦਾ ਇਕ ਪੱਤਰ ਬਾਅਦ ਵਿਚ ਜਵਾਹਰ ਲਾਲ ਨਹਿਰੂ ਨੇ ਆਪ ਸੰਪਾਦਨ ਕੀਤੀ 'ਕੁਛ ਪੁਰਾਣੀ ਚਿੱਠੀਆਂ' ਨਾਂ ਦੀ ਪੁਸਤਕ ਵਿਚ ਪ੍ਰਕਾਸ਼ਤ ਕੀਤਾ ਹੈ। ਇਹ ਪੱਤਰ 15 ਸਤੰਬਰ 1924 ਨੂੰ ਲਿਖਿਆ ਗਿਆ ਸੀ। ਫ਼ਿਰਾਕ ਨੇ ਵੀ ਇਹੀ ਪੜ੍ਹਿਆ ਹੋਵੇਗਾ। ਪੱਤਰ ਦੇਖੋ, ਇਸ ਵਿਚ ਗਾਂਧੀ ਦੀ ਆਪਣੀ ਮਨ ਸਥਿਤੀ ਉੱਤੇ ਵੀ ਚਾਨਣ ਪੈਂਦਾ ਹੈ...:
“ਦਿਲ ਨੂੰ ਛੂਹ ਲੈਣ ਵਾਲਾ ਤੇਰਾ ਨਿੱਜੀ ਪੱਤਰ ਮਿਲਿਆ। ਮੈਂ ਜਾਣਦਾ ਹਾਂ ਕਿ ਇਹਨਾਂ ਸਾਰੀਆਂ ਗੱਲਾਂ ਦਾ ਤੂੰ ਬਹਾਦਰੀ ਨਾਲ ਮੁਕਾਬਲਾ ਕਰੇਂਗਾ। ਅਜੇ ਤਾਂ ਪਿਤਾਜੀ ਚਿੜੇ ਹੋਏ ਹਨ ਤੇ ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਤੂੰ ਜਾਂ ਮੈਂ ਉਹਨਾਂ ਦੀ ਚਿੜਚਿੜਾਹਟ ਨੂੰ ਵਧਣ ਦਾ ਜ਼ਰਾ ਵੀ ਮੌਕਾ ਦੇਈਏ। ਸੰਭਵ ਹੋਏ ਤਾਂ ਉਹਨਾਂ ਨਾਲ ਦਿਲ ਖੋਲ੍ਹ ਦੇ ਗੱਲਾਂ ਕਰ ਲੈ, ਜਿਸ ਨਾਲ ਉਹਨਾਂ ਦੀ ਨਾਰਾਜ਼ੀ ਦੂਰ  ਹੋਏ। ਉਹਨਾਂ ਨੂੰ ਦੁਖੀ ਦੇਖ ਦੇ ਮੈਨੂੰ ਬੜਾ ਦੁੱਖ ਹੁੰਦਾ ਹੈ। ਉਹਨਾਂ ਦੀ ਝੰਜਲਾਹਟ ਉਹਨਾਂ ਦੇ ਦੁੱਖ ਦੀ ਪੱਕੀ ਨਿਸ਼ਾਨੀ ਹੈ। ਹਸਰਤ (ਮੌਲਾਨਾ ਹਸਰਤ ਮੋਹਾਨੀ) ਅੱਜ ਇੱਥੇ ਆਏ ਸਨ। ਉਹਨਾਂ ਤੋਂ ਪਤਾ ਲੱਗਿਆ ਕਿ ਮੇਰੇ ਕਾਂਗਰਸ ਦੇ ਕੱਤਣ ਸੰਬੰਧੀ ਸੁਝਾਅ ਉੱਤੇ ਵੀ ਉਹਨਾਂ ਨੂੰ ਖਿਝ ਚੜ੍ਹੀ ਹੋਈ ਹੈ। ਮੈਨੂੰ ਇੰਜ ਲੱਗਦਾ ਹੈ ਕਿ ਮੈਂ ਹਰ ਕਾਂਗਰਸ ਵਿਚੋਂ ਹਟ ਕੇ ਚੁੱਪਚਾਪ ਤਿੰਨੇ ਕੰਮ ਕਰਨ ਬਹਿ ਜਾਵਾਂ। ਉਹਨਾਂ ਵਿਚ ਜਿੰਨੇ ਵੀ ਭਲੇ ਤੀਵੀਂਆਂ-ਮਰਦ ਸਾਨੂੰ ਮਿਲ ਸਕਦੇ ਹਨ, ਉਹਨਾਂ ਸਾਰਿਆਂ ਦੇ ਸਮਾਉਣ ਦੀ ਉਮੀਦ ਹੈ। ਪਰ ਇਸ ਨਾਲ ਵੀ ਲੋਕਾਂ ਨੂੰ ਅਸ਼ਾਂਤੀ ਹੁੰਦੀ ਹੈ। ਪੂਨੇ ਦੇ ਸਵਰਾਜਵਾਦੀਆਂ ਨਾਲ ਮੇਰੀ ਲੰਮੀ ਗੱਲਬਾਤ ਹੋਈ। ਉਹ ਕੱਤਣ ਲਈ ਵੀ ਰਾਜੀ ਨਹੀਂ ਤੇ ਮੇਰੇ ਕਾਂਗਰਸ ਛੱਡ ਦੇਣ ਉੱਤੇ ਵੀ ਸਹਿਮਤ ਨਹੀਂ। ਉਹਨਾਂ ਦੀ ਸਮਝ ਵਿਚ ਇਹ ਨਹੀਂ ਆਉਂਦਾ ਪਿਆ ਕਿ ਉਂਜ ਹੀ ਕਿੰਜ ਮੈਂ ਆਪਣਾ ਸਰੂਪ ਛੱਡ ਦਿਆਂਗਾ, ਇੰਜ ਮੇਰੀ ਕੋਈ ਲੋੜ ਨਹੀਂ ਰਹਿ ਜਾਏਗੀ। ਇਹ ਭੈੜੀ ਸਥਿਤੀ ਹੈ। ਪਰ ਮੈਂ ਨਿਰਾਸ਼ ਨਹੀਂ ਹਾਂ। ਮੇਰਾ ਈਸ਼ਵਰ ਉੱਤੇ ਵਿਸ਼ਵਾਸ ਹੈ। ਇਤਨਾਂ ਹੀ ਜਾਣਦਾ ਹਾਂ ਕਿ ਇਸ ਘੜੀ ਮੇਰਾ ਕੀ ਧਰਮ ਹੈ। ਇਸ ਤੋਂ ਅੱਗੇ ਦਾ ਮੈਨੂੰ ਕੁਝ ਵੀ ਪਤਾ ਨਹੀਂ—ਫੇਰ ਮੈਂ ਕਿਉਂ ਚਿੰਤਾ ਕਰਾਂ?
ਕੀ ਤੇਰੇ ਲਈ ਕੁਛ ਰੁਪਈਆਂ ਦਾ ਬੰਦੋਬਸਤ ਕਰਾਂ? ਤੂੰ ਕੋਈ ਕਮਾਈ ਵਾਲਾ ਕੰਮ ਕਿਉਂ ਨਹੀਂ ਹੱਥ ਲੈ ਲੈਦੋਂ? ਆਖ਼ਰ ਤਾਂ ਤੈਨੂੰ ਆਪਣੇ ਪਸੀਨੇ ਦੀ ਕਮਾਈ ਉੱਤੇ ਹੀ ਗੁਜ਼ਾਰਾ ਕਰਨਾ ਪਏਗਾ—ਭਲੇ ਹੀ ਤੂੰ ਪਿਤਾਜੀ ਦੇ ਘਰ ਵਿਚ ਹੀ ਰਹੇਂ। ਕਿਸੇ ਅਖ਼ਬਾਰਾਂ ਵਗ਼ੈਰਾ ਦਾ ਸੰਪਾਦਕ ਬਣੇਗਾ?
        -ਸੁਪ੍ਰੇਮ ਤੇਰਾ ਮੋ.ਕ. ਗਾਂਧੀ”
ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਜਵਾਹਰ ਲਾਲ ਅਸੈਂਬਲੀ ਤੇ ਕੌਂਸਿਲਾਂ ਵਿਚ ਜਾਣ ਲਈ ਆਪਣੇ ਪਿਤਾ ਤੇ ਸੀ.ਆਰ.ਦਾਸ ਨਾਲ ਸਹਿਮਤ ਨਹੀਂ ਸਨ ਤਾਂ ਉਹਨਾਂ ਮਿਊਂਸਪਲਟੀ ਦਾ ਚੇਅਰ ਮੈਨ ਬਣਨਾ ਕਿੰਜ ਸਵੀਕਾਰ ਕਰ ਲਿਆ? ਇਹ ਵੀ ਤਾਂ ਓਹੋ ਜਿਹਾ ਕੰਮ ਹੀ ਸੀ।
ਪਰ ਇਹ ਕੰਮ ਉਹਨਾਂ ਡੇਢ ਦੋ ਸਾਲ ਬੜੀ ਦਿਲਚਸਪੀ ਨਾਲ ਕੀਤਾ ਤੇ ਏਨੀ ਚੰਗੀ ਤਰ੍ਹਾਂ ਕੀਤਾ ਕਿ ਸੂਬਾਈ ਸਰਕਾਰ ਨੇ ਵੀ ਉਹਨਾਂ ਦੇ ਇਸ ਕੰਮ ਦੀ ਤਾਰੀਫ਼ ਕੀਤੀ।
ਇਸ ਦੌਰਾਨ ਇਕ ਗੱਲ ਇਹ ਹੋਈ ਕਿ ਪੰਜਾਬ ਦੇ ਸਿੱਖਾਂ ਨੇ ਨਾਭੇ ਦੇ ਸਿੱਖ ਰਾਜੇ ਨੂੰ ਗੱਦੀਓਂ ਲਾਹੁਣ ਦੇ ਵਿਰੁੱਧ ਸਤਿਆਗ੍ਰਹਿ ਸ਼ੁਰੂ ਕਰ ਦਿੱਤਾ। ਉਹ ਜੈਤੋ ਨਾਂ ਦੀ ਇਕ ਮੰਡੀ ਵਿਚ ਜਿੱਥੇ ਅੰਖਡਪਾਠ ਰੋਕ ਦਿੱਤਾ ਗਿਆ ਸੀ, ਜੱਥੇ ਭੇਜਦੇ ਸਨ। ਸਰਕਾਰ ਕੁੱਟਮਾਰ ਕਰਦੀ ਤੇ ਫੇਰ ਸਤਿਆਗ੍ਰਹੀਆਂ ਨੂੰ ਫੜ੍ਹ ਕੇ ਟਿੱਬਿਆਂ, ਜੰਗਲਾਂ ਵਿਚ ਛੱਡ ਆਉਂਦੀ ਤੇ ਨੇਤਾਵਾਂ ਨੂੰ ਜੇਲ੍ਹੀਂ ਤੁੰਨ ਦਿੰਦੀ।
ਜਵਾਹਰ ਲਾਲ ਆਚਾਰੀਆ ਗਿਡਵਾਨੀ ਤੇ ਮਦਰਾਸ ਦੇ ਕੇ.ਕੇ. ਸੰਤਾਨਮ ਨੂੰ ਨਾਲ ਲੈ ਕੇ ਅਕਾਲੀਆਂ ਦਾ ਇਹ ਸਤਿਆਗ੍ਰਹਿ ਮੋਰਚਾ ਦੇਖਣ ਗਏ। ਰਿਆਸਤ ਦੀ ਸਰਕਾਰ ਨੇ ਜੱਥੇ ਦੇ ਹੋਰ ਲੋਕਾਂ ਨਾਲ ਇਹਨਾਂ ਤਿੰਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ, ਭਾਵੇਂ ਉਹ ਕਹਿੰਦੇ ਰਹੇ ਕਿ ਅਸੀਂ ਸਿਰਫ ਦਰਸ਼ਕ ਹਾਂ ਤੇ ਜੱਥੇ ਵਿਚ ਸ਼ਾਮਿਲ ਹੋਣ ਨਹੀਂ ਆਏ। ਮੁਕੱਦਮਾਂ ਚੱਲਿਆ ਤੇ ਉਹਨਾਂ ਨੂੰ ਦੋ-ਦੋ ਸਾਲ ਕੈਦ ਦੀ ਸਜ਼ਾ ਹੋ ਗਈ। ਕਹਿਣ ਦੀ ਲੋੜ ਨਹੀਂ ਕਿ ਰਿਆਸਤ ਦੀ ਜੇਲ੍ਹ ਵਿਚ ਬੜੀ ਸਖ਼ਤੀ ਸੀ। ਪਰ ਮੋਤੀਲਾਲ ਦੇ ਦਖ਼ਲ ਦੇਣ ਤੇ ਵਾਇਸਰਾਏ ਨੂੰ ਲਿਖਣ ਕਰਕੇ ਤਿੰਨੇ ਕੁਝ ਦਿਨਾਂ ਬਾਅਦ ਹੀ ਛੁੱਟ ਗਏ ਸਨ।
ਨਾਭਾ ਤੋਂ ਵਾਪਸ ਆ ਕੇ ਜਵਾਹਰ ਲਾਲ ਕੋਕਨਾਡਾ ਕਾਂਗਰਸ-ਇਜਲਾਸ (1923) ਵਿਚ ਸ਼ਾਮਿਲ ਹੋਣ ਗਏ। ਉੱਥੇ ਕਾਂਗਰਸ ਸੇਵਾਦਲ ਦੀ ਨੀਂਹ ਰੱਖੀ ਗਈ। ਹਾਰਡੀਕਰ ਦੇ ਕਹਿਣ ਉੱਤੇ ਜਵਾਹਰ ਲਾਲ ਨਹਿਰੂ ਉਸ ਵਿਚ ਦਿਲਚਸਪੀ ਲੈਣ ਲੱਗ ਪਏ।
ਪਰ ਉੱਥੋਂ ਵਾਪਸ ਆਏ ਹੀ ਸਨ ਕਿ ਇਲਾਹਾਬਾਦ ਵਿਚ ਇਕ ਦਿਲਚਸਪ ਘਟਨਾ ਵਾਪਰ ਗਈ। ਜਨਵਰੀ 1924 ਵਿਚ ਕੁੰਭ ਦਾ ਮੇਲਾ ਸੀ। ਇਸ ਪਰਵ 'ਤੇ ਲੱਖਾਂ ਯਾਰਤੀ ਸੰਗਮ ਵਿਚ ਇਸ਼ਨਾਨ ਕਰਨ ਆਉਂਦੇ ਹਨ। ਪਰ ਉਸ ਵਰ੍ਹੇ ਗੰਗਾ ਦਾ ਵਹਾਅ ਖਤਰਨਾਕ ਹੋਇਆ ਹੋਇਆ ਸੀ ਤੇ ਸਰਕਾਰ ਨੇ ਸੰਗਮ ਵਿਚ ਨਹਾਉਣ ਉਪਰ ਕਈ ਪਾਬੰਦੀਆਂ ਲਾ ਦਿੱਤੀਆਂ ਸਨ। ਹੁਣ ਨਹਾਉਣ ਦਾ ਮਹੱਤਵ ਸੰਗਮ ਵਿਚ ਹੀ ਸੀ, ਇਸ ਲਈ ਪੰਡਿਤ ਮਦਨਮੋਹਨ ਮਾਲਵੀਯ ਨੇ ਇਹਨਾਂ ਪਾਬੰਦੀਆਂ ਉੱਤੇ ਇਤਰਾਜ਼ ਕੀਤਾ ਕਿ ਜੇ ਉਹਨਾਂ ਨੂੰ ਨਾ ਹਟਾਇਆ ਗਿਆ ਤਾਂ ਸਤਿਆਗ੍ਰਹਿ ਕਰਨ ਦੀ ਚਿਤਾਵਨੀ ਦੇ ਦਿੱਤੀ।
ਕੁੰਭ ਵਾਲੇ ਦਿਨ ਸਵੇਰੇ-ਸਵੇਰੇ ਜਵਾਹਰ ਲਾਲ ਨਹਿਰੂ ਉਂਜ ਹੀ ਮੇਲਾ ਦੇਖਣ ਦੀ ਨੀਅਤ ਨਾਲ ਸੰਗਮ ਵੱਲ ਜਾ ਨਿਕਲੇ। ਉਹਨਾਂ ਦਾ ਇਰਾਦਾ ਉਹਨਾਂ ਦੇ ਆਪਣੇ ਕਥਨ ਅਨੁਸਾਰ ਨਹਾਉਣ ਦਾ ਬਿਲਕੁਲ ਨਹੀਂ ਸੀ, ਕਿਉਂਕਿ ਗੰਗਾ ਇਸ਼ਨਾਨ ਕਰਕੇ ਪੂੰਨ ਕਮਾਉਣ ਵਿਚ ਉਹਨਾਂ ਨੂੰ ਵਿਸ਼ਵਾਸ ਨਹੀਂ ਸੀ। ਜਦੋਂ ਉਹਨਾਂ ਨੇ ਮਾਲਵੀਯ ਜੀ ਨੂੰ ਦੋ ਸੌ ਆਦਮੀਆਂ ਨਾਲ ਜਿਲ੍ਹਾ ਮਜਿਸਟ੍ਰੇਟ ਦੀ ਮਨਾਹੀ ਦੇ ਬਾਵਜੂਦ ਸੰਗਮ ਵੱਲ ਵਧਦੇ ਦੇਖਿਆ ਤਾਂ ਝੱਟ ਜੋਸ਼ ਵਿਚ ਆ ਕੇ ਉਸ ਸਤਿਆਗ੍ਰਹੀ-ਟੋਲੇ ਵਿਚ ਸ਼ਾਮਿਲ ਹੋ ਗਏ। ਘੋੜਸਵਾਰ ਤੇ ਪੈਦਲ ਪੁਲਿਸ ਵਲਿਆਂ ਨੇ ਸਤਿਆਗ੍ਰਹੀਆਂ ਨੂੰ ਘੇਰ ਲਿਆ, ਹਲਕਾ ਜਿਹਾ ਡੰਡਾ ਵੀ ਵਾਹਿਆ, ਪਰ ਮਾਲਵੀਯ ਜੀ ਤੇ ਸਤਿਆਗ੍ਰਹੀ ਆਪਣੀ ਥਾਵੇਂ ਡਟੇ ਰਹੇ। ਇਸੇ ਹਾਲਤ ਵਿਚ ਜਦੋਂ ਕਾਫੀ ਸਮਾਂ ਬੀਤ ਗਿਆ ਤਾਂ ਮਾਲਵੀਯ ਜੀ ਯਕਲਖ਼ਤ ਉੱਠੇ ਤੇ ਤੀਰ ਵਾਂਗ ਘੋੜਿਆਂ ਤੇ ਪੁਲਿਸ ਵਾਲਿਆਂ ਦੇ ਵਿਚਕਾਰੋਂ ਨਿਕਲ ਕੇ ਗੰਗਾ ਵਿਚ ਜਾ ਕੁੱਦੀ ਲਾਈ। ਜਵਾਹਰ ਲਾਲ ਤੇ ਹੋਰ ਸਤਿਆਗ੍ਰਹੀ ਵੀ ਉਹਨਾਂ ਦੇ ਪਿੱਛੇ ਪਿੱਛੇ ਦੌੜ ਪਏ ਤੇ ਸਾਰਿਆਂ ਨੇ ਪਾਣੀ ਵਿਚ ਜਾ ਕੁੱਦੀਆਂ ਲਾਈਆਂ। ਇਸ ਪਿੱਛੋਂ ਪੁਲਿਸ ਉੱਥੋਂ ਹਟਾਅ ਲਈ ਗਈ।
ਗੰਗਾ ਇਸ਼ਨਾਨ ਕਰਕੇ ਪੁੰਨ ਕਮਾਉਣ ਵਾਲੀ ਗੱਲ ਨੂੰ ਜਾਣ ਦਿਓ, ਪਰ ਮਾਲਵੀਯ ਜੀ ਦੇ ਨਾਲ ਅਖ਼ਬਾਰਾਂ ਵਿਚ ਜਵਾਹਰ ਲਾਲ ਦੀ ਵੀ ਖ਼ੂਬ ਚਰਚਾ ਰਹੀ ਤੇ ਖਾਸੀ ਪ੍ਰਸਿੱਧੀ ਮਿਲੀ।
ਸਵਰਾਜ ਪਾਰਟੀ ਦੇ ਲੋਕ ਇਹ ਕਹਿਕੇ ਅਸੈਂਬਲੀ ਤੇ ਕੌਂਸਿਲਾਂ ਵਿਚ ਗਏ ਸਨ ਕਿ ਅਸੀਂ ਸਰਕਾਰ ਨਾਲ ਸਹਿਯੋਗ ਨਹੀਂ ਕਰਾਂਗੇ। ਪਰ ਅੰਦਰ ਜਾ ਕੇ ਬਹੁਤ ਸਾਰੇ ਮੈਂਬਰ ਅਹੁਦਿਆਂ ਦੇ ਲਾਲਚ ਵਿਚ ਆ ਗਏ। ਮੋਤੀਲਾਲ ਬੜੇ ਗਰਜੇ-ਦਹਾੜੇ ਪਾਰਟੀ ਵਿਚੋਂ ਕੱਢ ਦੇਣ ਦੀ ਧਮਕੀ ਦਿੱਤੀ। ਪਰ ਇਸਦਾ ਕੋਈ ਲਾਭ ਨਾ ਹੋਇਆ। ਕੁਝ ਸਵਰਾਜੀ ਮਿਨਿਸਟਰ ਬਣ ਗਏ ਤੇ ਕੁਝ ਸੂਬਾਈ ਕਾਰਜ ਕਮੇਟੀਆਂ ਦੇ ਮੈਂਬਰ। ਉਹਨਾਂ ਨੇ ਆਪਣਾ ਇਕ ਵੱਖਰਾ ਦਲ ਬਣਾ ਲਿਆ ਤੇ ਆਪਣਾ ਨਾਂ 'ਪ੍ਰਤੀਸਹਿਯੋਗੀ' ਰੱਖ ਲਿਆ।
ਹਿੰਦੂ-ਮੁਸਲਿਮ ਏਕਤਾ ਟੁੱਟ ਚੁੱਕੀ ਸੀ ਤੇ ਹੁਣ ਵੱਡੇ ਵੱਡੇ ਸ਼ਹਿਰਾਂ ਵਿਚ ਜ਼ਰਾ ਜ਼ਰਾ ਗੱਲ ਉੱਤੇ ਸੰਪਰਦਾਇਕ ਦੰਗੇ ਭੜਕ ਉੱਠਦੇ ਸਨ। ਜਵਾਹਰ ਲਾਲ ਦੇ ਕਥਨ ਅਨੁਸਾਰ, 'ਸਾਡੀ ਲੜਾਈ ਵਿਚ ਆਦਰਸ਼ਾਂ ਤੇ ਉਦੇਸ਼ਾਂ ਦੀ ਕਮੀ ਨੇ ਸੰਪਰਦਾਇਕਤਾ ਦਾ ਜ਼ਹਿਰ ਫੈਲਾਉਣ ਵਿਚ ਮਦਦ ਕੀਤੀ।' ਪੰਜਾਬ ਵਿਚ ਇਕ ਅਸਾਧਾਰਨ ਤੇ ਵੱਡਾ ਤਿਕੋਨਾ ਤਣਾਅ ਪੈਦਾ ਹੋ ਗਿਆ ਸੀ। ਕਾਰਣ ਇਹ ਸੀ ਕਿ ਜਿਸ ਤਰ੍ਹਾਂ ਅਸੈਂਬਲੀ ਤੇ ਕੌਂਸਿਲਾਂ ਵਿਚ ਤੇ ਹੋਰ ਨੌਕਰੀਆਂ ਵਿਚ ਮੁਸਲਮਾਨਾਂ ਨੂੰ ਵੱਖਰੀ ਪ੍ਰਤੀਨਿੱਧਤਾ ਦੇ ਦਿੱਤੀ ਗਈ, ਓਵੇਂ ਹੀ ਸਿੱਖ ਵੀ ਆਪਣੇ ਲਈ ਵੱਖਰੀ ਪ੍ਰਤੀਨਿੱਧਤਾ ਦੀ ਮੰਗ ਕਰ ਰਹੇ ਸਨ। ਜਵਾਹਰ ਲਾਲ ਇਹਨਾਂ ਗੱਲਾਂ ਕਰਕੇ ਬੜੇ ਦੁਖੀ ਸਨ ਤੇ ਉਹ ਹਿੰਦੁਸਤਾਨ 'ਚੋਂ ਕਿੱਧਰੇ ਦੂਰ ਚਲੇ ਜਾਣਾ ਚਾਹੁੰਦੇ ਸਨ। ਨਾਲੇ ਉਹਨਾਂ ਦੀ ਪਤਨੀ ਕਮਲਾ ਇਕ ਅਰਸੇ ਦੀ ਬਿਮਾਰ ਸੀ ਤੇ ਡਾਕਟਰਾਂ ਨੇ ਸਵਿਟਜ਼ਰ ਲੈਂਡ ਵਿਚ ਉਸਦਾ ਇਲਾਜ਼ ਕਰਵਾਉਣ ਦਾ ਮਸ਼ਵਰਾ ਦਿੱਤਾ ਹੋਇਆ ਸੀ। ਸੋ ਜਵਾਹਰ ਲਾਲ ਨੇ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ।
ਮਾਰਚ 1926 ਦੇ ਸ਼ੁਰੂ ਵਿਚ ਉਹ ਕਮਲਾ ਤੇ ਆਪਣੀ ਧੀ ਇੰਦਰਾ ਨਾਲ ਜਹਾਜ਼ ਵਿਚ ਬੰਬਈ ਤੋਂ ਵੇਨਿਸ ਲਈ ਰਵਾਨਾ ਹੋ ਗਏ। ਉਹਨਾਂ ਦੀ ਭੈਣ ਵਿਜੇ ਲਕਸ਼ਮੀ ਤੇ ਜੀਜਾ ਰਣਜੀਤ ਪੰਡਿਤ ਵੀ ਇਸੇ ਜਹਾਜ਼ ਰਾਹੀਂ ਆਪਣੇ ਤੌਰ 'ਤੇ ਯੂਰਪ ਜਾ ਰਹੇ ਸਨ।
    --- --- ---

No comments:

Post a Comment