Thursday, June 2, 2011

ਨਹਿਰੂ ਨੇ ਲਿਖਿਆ ਸੀ : ਜੈ ਜਵਾਹਰਲਾਲ ਦੀ !

    ਨਹਿਰੂ ਨੇ ਲਿਖਿਆ ਸੀ :     ਜੈ ਜਵਾਹਰਲਾਲ ਦੀ !


(ਇਹ ਲੇਖ ਜਵਾਹਰਲਾਲ ਨੇ ਰਾਮਾਨੰਦ ਚਟਰਜੀ ਦੁਆਰਾ ਸੰਪਾਦਿਤ 'ਮਾਡਰਨ ਰਵਿਊ' ਪਰਚੇ ਵਿਚ ਲਿਖਿਆ ਸੀ। ਲੇਖਕ ਦਾ ਨਾਂ ਚਾਣਕਯ ਦਿੱਤਾ ਗਿਆ ਸੀ।)
—'ਰਾਸ਼ਟਰਪਤੀ ਜਵਾਹਰ ਲਾਲ ਦੀ ਜੈ'—ਉਡੀਕ ਰਹੇ ਲੋਕਾਂ ਦੇ ਇਕੱਠ ਵਿਚੋਂ ਤੇਜੀ ਨਾਲ ਲੰਘਦਿਆਂ 'ਰਾਸ਼ਟਰਪਤੀ' ਨੇ ਆਪਣੀ ਨਿਗਾਹ ਉਪਰ ਚੁੱਕੀ, ਹੱਥ ਵੀ ਉਪਰ ਉਠ ਕੇ ਨਮਸਕਾਰ ਦੀ ਮੁਦਰਾ ਵਿਚ ਜੁੜ ਗਏ ਤੇ ਪੀਤਾਭ (ਪੀਲੇ ਚੰਦਨ ਵਰਗੀ ਭਾਅ ਮਾਰਦੇ) ਕਠੋਰ ਚਿਹਰੇ ਉੱਤੇ ਮੁਕਰਾਹਟ ਖਿੜ ਗਈ। ਇਹ ਅਤੀ ਉਤਸਾਹਭਰੀ ਵਿਅਕਤੀਗਤ ਮੁਸਕਰਾਹਟ ਸੀ ਤੇ ਜਿਹਨਾਂ ਲੋਕਾਂ ਨੇ ਇਸ ਨੂੰ ਦੇਖਿਆ ਉਹਨਾਂ ਸਾਰਿਆਂ ਨੇ ਤੁਰੰਤ ਹੀ ਮੁਸਕਰਾਹਟ ਤੇ  ਖੁਸ਼ੀ ਦੀਆਂ ਕਿਲਕਾਰੀਆਂ ਦੇ ਰੂਪ ਵਿਚ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ।
ਮੁਕਰਾਹਟ ਚਲੀ ਗਈ ਤੇ ਚਿਹਰਾ ਫੇਰ ਗੰਭੀਰ, ਉਦਾਸ ਤੇ ਵਿਸ਼ਾਲ ਲੋਕ ਇਕੱਠ ਵਿਚ ਜਾਗਰਤ ਭਾਵਨਾ ਪ੍ਰਤੀ ਉਦਾਸੀਨ ਹੋ ਗਿਆ। ਇੰਜ ਪ੍ਰਤੀਤ ਹੁੰਦਾ ਸੀ ਕਿ ਉਸਦੀ ਮੁਸਕਾਨ ਤੇ ਮੁਦਰਾ ਯਥਾਰਥ ਨਹੀਂ ਹੈ, ਬਲਕਿ ਉਸ ਲੋਕ ਇਕੱਠ ਦੀ ਸਦ-ਭਾਵਨਾ ਪ੍ਰਾਪਤ ਕਰਨ ਦੀ ਹੀ ਇਕ ਚਾਲ ਹੈ, ਜਿਸਦਾ ਇਹ ਨਾਇਕ ਬਣਿਆ ਹੋਇਆ ਹੈ।
ਫੇਰ ਦੇਖੀਏ। ਇਕ ਵਿਸ਼ਾਲ ਜਲਸਾ ਹੈ ਉਸ ਵਿਚ ਹਜ਼ਾਰਾਂ ਲੱਖਾਂ ਆਦਮੀ ਉਸਦੀ ਕਾਰ ਨੂੰ ਘੇਰੀ, ਖੁਸ਼ੀ ਦੇ ਮਾਰੇ, ਕਿਲਕਾਰੀਆਂ ਛੱਡ ਰਹੇ ਹਨ। ਉਹ ਕਾਰ ਦੀ ਸੀਟ ਉੱਤੇ ਪੂਰੀ ਤਰ੍ਹਾਂ ਸੰਤੁਲਨ ਬਣਾਈ ਖੜ੍ਹਾ ਹੈ, ਸਿੱਧਾ ਤੇ ਲੰਮਾ-ਝੰਮਾ, ਦੇਵਤਿਆਂ ਵਾਂਗ ਸ਼ਾਂਤ ਤੇ ਉਤੇਜਤ ਭੀੜ ਵਲੋਂ ਬੇਪ੍ਰਵਾਹ।
ਅਚਾਨਕ ਫੇਰ ਉਹੀ ਮੁਸਕਾਨ ਤੈਰਦੀ ਨਜ਼ਰ ਆਉਂਦੀ ਹੈ ਤੇ ਅਰਥ-ਭਰਪੂਰ ਹਾਸਾ ਖਿੱਲਰ ਜਾਂਦਾ ਹੈ, ਜਿਸ ਨਾਲ ਤਣਾਅ ਘਟਦਾ ਹੈ ਤੇ ਭੀੜ ਵੀ ਹੱਸਣ ਲੱਗ ਪੈਂਦੀ ਹੈ। ਉਹ ਦੇਵਤਾ ਸਮਾਨ ਨਹੀਂ ਬਲਕਿ ਸਧਾਰਣ ਮਨੁੱਖ ਹੈ, ਜਿਸਨੇ ਉਹਨਾਂ ਹਜ਼ਾਰਾਂ ਲੋਕਾਂ ਦੀ ਮਿੱਤਰਤਾ ਤੇ ਨੇੜਤਾ ਪ੍ਰਾਪਤ ਕਰ ਲਈ ਹੈ, ਜਿਹੜੇ ਉਸਨੂੰ ਘੇਰੀ ਖੜ੍ਹੇ ਹਨ। ਭੀੜ ਪ੍ਰਸੰਨ ਹੋ ਜਾਂਦੀ ਹੈ ਤੇ ਨਿਰਛਲ ਭਾਵ ਨਾਲ ਉਸਨੂੰ ਆਪਣੇ ਦਿਲਾਂ ਵਿਚ ਬਿਠਾਅ ਲੈਂਦੀ ਹੈ। ਲੇਕਿਨ ਦੇਖੋ, ਮੁਸਕਰਾਹਟ ਅਲੋਪ ਹੋ ਚੁੱਕੀ ਹੈ ਤੇ ਚਿਹਰਾ ਮੁੜ ਗੰਭੀਰ ਤੇ ਉਦਾਸ ਹੋ ਗਿਆ ਹੈ।

ਕੁਝ ਵਿਸ਼ੇਸ਼ ਪ੍ਰਸ਼ਨ

ਕੀ ਇਹ ਸਭ ਇਸ ਜਾਣੇ-ਮਾਣੇ ਵਿਅਕਤੀ ਦੀ ਚਾਲ ਹੀ ਹੈ; ਸਿਰਫ ਜਾਂ ਸੁਭਾਵਿਕ ਪ੍ਰਤੀਕ੍ਰਿਆ ਹੈ? ਸ਼ਾਇਦ ਦੋਹੇਂ ਗੱਲਾਂ ਹੀ ਸਹੀ ਹਨ ਕਿਉਂਕਿ ਇਕ ਅਰਸਾ ਪੁਰਾਣੀ ਆਦਤ ਵੀ ਸੁਭਾਅ ਬਣ ਜਾਂਦੀ ਹੈ। ਸਭ ਨਾਲੋਂ ਪ੍ਰਭਾਵਸ਼ਾਲੀ ਮੁਦਰਾ ਉਹੀ ਹੁੰਦੀ ਹੈ, ਜਿਸ ਵਿਚ ਬਣਾਵਟ ਘਟ ਦਿਖਾਈ ਦੇ ਰਹੀ ਹੋਏ—ਤੇ ਜਵਾਹਰ ਲਾਲ ਨੇ ਤਾਂ ਪਾਊਡਰ ਤੇ ਰੰਗ-ਰੋਗਨ ਦੇ ਬਿਨਾਂ ਹੀ ਐਕਟਿੰਗ ਕਰਨਾ ਬੜੀ ਚੰਗੀ ਤਰ੍ਹਾਂ ਸਿਖਿਆ ਹੋਇਆ ਹੈ। ਆਪਣੀ ਜਾਚੀ-ਪਰਖੀ ਲਾਪ੍ਰਵਾਹੀ ਤੇ ਅਲ੍ਹੜਤਾ ਦਾ ਪ੍ਰਦਸ਼ਨ ਕਰਦਿਆਂ ਹੋਇਆਂ ਉਹ ਖੁੱਲ੍ਹੇ ਲੋਕ-ਮੰਚ ਉੱਤੇ ਪੂਰੀ ਕਲਾਤਮਿਕਤਾ ਨਾਲ ਅਦਾਕਾਰੀ ਕਰਦਾ ਹੈ। ਇਹ ਉਸਨੂੰ ਤੇ ਦੇਸ਼ ਨੂੰ ਕਿਸ ਪਾਸੇ ਲੈ ਜਾ ਰਹੀ ਹੈ? ਇਸ ਦਿਖਾਵਟੀ ਮੰਤਵ ਹੀਣ ਅਦਾਕਾਰੀ ਪਿੱਛੇ ਉਸਦਾ ਮੰਤਕ ਕੀ ਹੈ? ਉਸਦੇ ਇਸ ਮਖੌਟੇ ਪਿੱਛੇ ਕੀ ਛੁਪਿਆ ਹੋਇਆ ਹੈ? ਕਿਹੜੀਆਂ ਆਸਾਂ-ਇੱਛਾਵਾਂ ਹਨ? ਕਿਹੜੀ ਇੱਛਾ ਸ਼ਕਤੀ ਹੈ? ਤੇ ਕਿਹੜੀ-ਕਿਹੜੀ ਅਤ੍ਰਿਪ ਕਾਮਨਾ ਹੈ?
ਇਹ ਪ੍ਰਸ਼ਨ ਹਰ ਸੂਰਤ ਵਿਚ ਰੌਚਕ ਲੱਗਣਗੇ, ਕਿਉਂਕਿ ਜਵਾਹਰ ਲਾਲ ਇਕ ਅਜਿਹਾ ਵਿਅਕਤੀ ਹੈ ਜਿਹੜਾ ਰੁਚੀ ਤੇ ਧਿਆਨ ਨੂੰ ਹਰ ਢੰਗ-ਤਰੀਕੇ ਨਾਲ ਆਪਣੇ ਵੱਲ ਖਿੱਚਦਾ ਹੈ। ਲੇਕਿਨ ਉਸਦਾ ਸਾਡੇ ਲਈ ਵਿਸ਼ੇਸ਼ ਮਹੱਤਵ ਹੈ ਕਿਉਂਕਿ ਉਹ ਭਾਰਤ ਦੇ ਵਰਤਮਾਨ ਤੇ ਸੰਭਾਵੀ ਭਵਿੱਖ ਨਾਲ ਵੀ ਜੁੜਿਆ ਹੋਇਆ ਹੈ। ਤੇ ਉਸ ਵਿਚ ਭਾਰਤ ਨੂੰ ਚੋਖਾ ਲਾਭ ਜਾਂ ਹਾਣੀ ਪਹੁੰਚਾਉਣ ਦੀ ਸਮਰਥਾ ਹੈ। ਸੋ ਸਾਨੂੰ ਇਹਨਾਂ ਪ੍ਰਸ਼ਨਾ ਦਾ ਉਤਰ ਲੱਭਣਾ ਹੀ ਪਏਗਾ।
ਲਗਭਗ ਦੋ ਸਾਲ ਤੋਂ ਉਹ ਕਾਂਗਰਸ ਦਾ ਪ੍ਰਧਾਨ ਬਣਿਆ ਹੋਇਆ ਹੈ ਤੇ ਕੁਝ ਲੋਕਾਂ ਦਾ ਖ਼ਿਆਲ ਹੈ ਕਿ ਉਹ ਕਾਂਗਰਸ ਕਾਰਜ-ਸੰਮਤੀ ਵਿਚ ਸਿਰਫ ਇਕ ਸ਼ਿਵਰ-ਪ੍ਰਬੰਧਕ ਤੇ ਚਾਲਕ ਹੈ ਜਿਸ ਉੱਤੇ ਦੂਜਿਆਂ ਦਾ ਕੰਟਰੋਲ ਰਹਿੰਦਾ ਹੈ। ਲੇਕਿਨ ਫੇਰ ਵੀ ਉਹ ਜਨਤਾ ਵਿਚ ਤੇ ਜਨਤਾ ਦੇ ਸਾਰੇ ਵਰਗਾਂ ਵਿਚ ਲਗਾਤਾਰ ਆਪਣੀ ਵਿਅਕਤੀਗਤ ਮਾਨਤਾ ਤੇ ਪ੍ਰਭਾਵ ਵਧਾਉਂਦਾ ਹੀ ਜਾ ਰਿਹਾ ਹੈ।
ਉਹ ਕਿਸਾਨਾਂ ਤੋਂ ਲੈ ਕੇ ਮਜ਼ਦੂਰਾਂ ਤਕ, ਜ਼ਿਮੀਂਦਾਰਾਂ ਤੋਂ ਲੈ ਕੇ ਪੂੰਜੀਪਤੀਆਂ ਤਕ, ਵਪਾਰੀਆਂ ਤੋਂ ਲੈ ਕੇ ਕੰਗਾਲਾਂ ਤਕ, ਬ੍ਰਾਹਮਣਾ ਤੋਂ ਲੈ ਕੇ ਅਛੂਤਾਂ ਤਕ, ਮੁਸਲਮਾਨ, ਸਿੱਖ, ਪਾਰਸੀ, ਈਸਾਈ ਤੇ ਯਹੂਦੀ ਤਕ—ਜਿਹੜੇ ਭਾਰਤੀ ਜੀਵਨ ਦੇ ਵੱਖ-ਵੱਖ ਅੰਗ ਹਨ—ਪਹੁੰਚਦਾ ਹੈ। ਇਹਨਾਂ ਸਾਰਿਆਂ ਨਾਲ ਉਹ ਭਿੰਨ-ਭਿੰਨ ਭਾਸ਼ਾ ਬੋਲਦਾ ਹੈ ਕਿਉਂਕਿ ਉਹ ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।

ਸ਼ਕਤੀ ਦੀ ਇੱਛਾ

ਆਪਣੀ ਇਸ ਉਮਰ ਵਿਚ ਵੀ ਉਹ ਵਚਿੱਤਰ ਸੁਫਰਤੀ ਤੇ ਸ਼ਕਤੀ ਨਾਲ ਇਸ ਵਿਸ਼ਾਲ ਦੇਸ਼ ਵਿਚ ਚਾਰੇ ਦਿਸ਼ਾਵਾਂ ਦੀ ਯਾਤਰਾ ਕਰ ਚੁੱਕਿਆ ਹੈ ਤੇ ਸਭ ਜਗ੍ਹਾ ਉਸਦਾ ਅਸਾਧਾਰਣ ਜਨਤਕ ਸਵਾਗਤ ਕੀਤਾ ਗਿਆ, ਉਤਰ ਤੋਂ ਲੈ ਕੇ ਦੱਖਣ ਵਿਚ ਕੰਨਿਆਂ ਕੁਮਾਰੀ ਤਕ ਉਹ ਵਿਜੇਤਾ ਸੀਜ਼ਰ ਮਹਾਨ ਵਾਂਗ ਆਪਣੇ ਪਿੱਛੇ ਮਾਣ-ਸਨਮਾਣ ਦੇ ਨਿਸ਼ਾਨ ਛੱਡਦਾ ਹੋਇਆ ਘੁੰਮ ਰਿਹਾ ਹੈ। ਕੀ ਇਹ ਸਭ ਉਸ ਲਈ ਸਿਰਫ ਹਲਕਾ-ਫੁਲਕਾ ਮਨ ਪ੍ਰਚਾਵਾ ਹੀ ਹੈ ਜਾਂ ਉਸ ਪਿੱਛੇ ਕੋਈ ਹੋਰ ਡੂੰਘਾ ਰਹੱਸ ਵੀ ਹੈ, ਜਿਸਨੂੰ ਉਹ ਖ਼ੁਦ ਵੀ ਨਹੀਂ ਜਾਣਦਾ? ਕੀ ਇਹ ਉਸਦੀ ਮਹਾਨਤਾ/ਮਹਤਵਕਾਂਸ਼ਾ ਦੇ ਲੱਛਣ ਹਨ, ਜਿਹਨਾਂ ਬਾਰੇ ਉਸਨੇ ਖ਼ੁਦ ਆਪਣੀ ਆਤਮ ਕਥਾ ਵਿਚ ਲਿਖਿਆ ਹੈ ਤੇ ਜਿਹੜੀ ਉਸਨੂੰ ਲੋਕ ਇਕੱਠਾਂ ਵਿਚ ਲੈ ਜਾ ਰਹੀ ਹੈ ਤੇ ਆਪਣੇ ਮਨ ਹੀ ਮਨ ਇਹ ਅਖਵਾ ਰਹੀ ਹੈ ਕਿ ਮੈਂ ਇਸ ਮਨੁੱਖੀ ਜਵਾਰ ਨੂੰ ਆਪਦੇ ਹੱਥ ਵਿਚ ਲਿਆ ਤੇ ਆਪਣਾ ਆਦੇਸ਼ ਆਕਾਸ਼ ਦੇ ਆਰਪਾਰ ਸਿਤਾਰਿਆਂ ਉੱਤੇ ਲਿਖ ਦਿੱਤਾ।
ਜੇ ਉਸਦਾ ਦਿਮਾਗ ਬਦਲ ਜਾਵੇ ਤਾਂ ਕੀ ਹੋਵੇਗਾ? ਜਵਾਹਰ ਲਾਲ ਵਰਗਾ ਮਹਾਨ ਤੇ ਪ੍ਰਭਾਵਸ਼ਾਲੀ ਬੁਲਾਰਾ ਲੋਕਤੰਤਰ ਵਿਚ ਅਰਕਸ਼ਿਤ ਹੈ। ਉਹ ਆਪਣੇ ਆਪ ਨੂੰ ਲੋਕਤੰਤਰਵਾਦੀ ਤੇ ਸਮਾਜਵਾਦੀ ਮੰਨਦਾ ਹੈ ਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਇਸ ਬਾਰੇ ਈਮਾਨਦਾਰ ਹੈ, ਲੇਕਿਨ ਹਰ ਮਨੋਵਿਗਿਆਨਕ ਜਾਣਦਾ ਹੈ ਕਿ ਦਿਮਾਗ਼ ਹਿਰਦੇ ਦਾ ਦਾਸ ਹੈ ਤੇ ਜੁਗਤਾਂ ਨੂੰ ਹਮੇਸ਼ਾ ਹੀ ਗੈਰ ਜ਼ਿਮੇਂਵਾਰਾਨਾ ਆਸਾਂ, ਉਮੀਦਾਂ ਤੇ ਇੱਛਾਵਾਂ ਦੇ ਅਨੁਸਾਰ ਢਾਲਿਆ ਜਾ ਸਕਦਾ ਹੈ।
ਜ਼ਰਾ ਜਿੰਨਾ ਝਟਕਾ ਲੱਗਿਆ ਕਿ ਉਹ ਤੁਰੰਤ ਹੀ ਮੰਥਰ (ਲੋਕਤੰਤਰ) ਦੇ ਰਥ ਨੂੰ ਇਕ ਪਾਸੇ ਖਲ੍ਹਿਆਰ ਕੇ ਤਾਨਾਸ਼ਾਹ ਬਣ ਬੈਠੇਗਾ। ਉਹ ਲੋਕਤੰਤਰ ਤੇ ਸਮਾਜਵਾਦ ਦੀ ਭਾਸ਼ਾ ਤੇ ਨਾਅਰੇ ਤਾਂ ਇਸ ਸਥਿਤੀ ਵਿਚ ਵੀ ਇਸਤੇਮਾਲ ਕਰ ਸਕਦਾ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਫਾਸਿਜ਼ਮ ਇਸੇ ਭਾਸ਼ਾ ਵਿਚ ਪੂੰਘਰਿਆ ਤੇ ਏਡਾ ਬਲਵਾਨ ਹੋ ਕੇ ਲੋਕਤੰਤਰ ਦੀ ਹੱਤਿਆ ਕਰ ਚੁੱਕਿਆ ਹੈ।
ਜਵਾਹਰ ਲਾਲ ਫਾਸਿਸਟ ਤਾਂ ਕਤਈ ਨਹੀਂ ਹੈ—ਨਾ ਵਿਚਾਰ ਪੱਖੋਂ ਤੇ ਨਾ ਹੀ ਸੁਭਾਅ ਪੱਖੋਂ। ਉਹ ਏਨਾ ਜ਼ਿਆਦਾ ਕੁਲੀਨਤਾਵਾਦੀ ਹੈ ਕਿ ਫਾਸਿਜ਼ਮ ਦੀ ਕਠੋਰਤਾ ਤੇ ਅਸ਼ਲੀਲਤਾ ਸਵੀਕਾਰ ਨਹੀਂ ਕਾਰ ਸਕਦਾ, ਉਸਦਾ ਚਿਹਰਾ ਤੇ ਵਾਣੀ ਸਾਨੂੰ ਇਹ ਕਹਿੰਦੇ ਹੋਏ ਮਹਿਸੂਸ ਹੁੰਦੇ ਹਨ—“ਜਨਤਕ ਸਥਾਨਾਂ ਉਪਰ ਵਿਅਕਤੀਗਤ ਚਿਹਰੇ, ਵਿਅਕਤੀਗਤ ਸਥਾਨਾਂ ਉਪਰ ਜਨਤਕ ਚਿਹਰਿਆਂ ਨਾਲੋਂ ਵਧ ਸ਼ੋਭਾਵਾਨ ਤੇ ਸੁੰਦਰ ਲੱਗਦੇ ਹਨ।”
ਫਾਸਿਸਟ ਚਿਹਰਾ ਜਨਤਕ ਚਿਹਰਾ ਹੈ ਤੇ ਗੈਰ-ਜਨਤਕ ਜਾਂ ਨਿੱਜੀ ਸਥਾਨਾਂ ਉਪਰ ਸ਼ੋਭਾ ਨਹੀਂ ਦਿੰਦਾ। ਜਵਾਹਰ ਲਾਲ ਦਾ ਚਿਹਰਾ ਤੇ ਵਾਣੀ—ਦੋਵੇਂ ਹੀ ਵਿਅਕਤੀਗਤ ਹਨ। ਇਸ ਸ਼ਤਪ੍ਰਤੀਸ਼ਤ ਸਹੀ ਹੈ ਕਿ ਭੀੜ ਵਿਚ ਵੀ ਉਸਦੀ ਆਵਾਜ਼ ਭੀੜ ਦੇ ਹਰ ਵਿਅਕਤੀ ਨਾਲ ਅਲਗ-ਅਲਗ ਘਰੇਲੂ ਤੌਰ 'ਤੇ ਬੋਲਦੀ ਮਹਿਸੂਸ ਹੁੰਦੀ ਹੈ।

ਰਹੱਸਪੂਰਨ

ਉਸਦੀ ਵਾਣੀ ਸੁਣ ਕੇ ਜਾਂ ਭਾਵੁਕ ਚਿਹਰਾ ਦੇਖ ਕੇ ਆਦਮੀ ਇਹ ਸੋਚਣ ਲੱਗਦਾ ਹੈ ਕਿ ਇਸਦੇ ਪਿੱਛੇ ਪਤਾ ਨਹੀਂ ਕੀ ਛੁਪਿਆ ਹੈ। ਕਿਹੜੀਆਂ ਇੱਛਾਵਾਂ—ਵਿਚਾਰ ਤੇ ਵਚਿੱਤਰ ਗ੍ਰੰਥੀਆਂ ਦਾ ਮਿਸ਼ਰਣ, ਕਿਸ ਸ਼ਕਤੀ ਵਿਚ ਢਲ ਕੇ—ਆਸਾਂ ਤੇ ਲਾਲਸਾਵਾਂ ਦਾ ਰੂਪ ਧਾਰੀ ਛਿਪੀਆਂ ਹੋਈਆਂ ਹਨ?
ਜਨਤਾ ਸਾਹਵੇਂ ਉਸਦੀ ਭਾਸ਼ਣ-ਕਲਾ ਉਸਦੇ ਵਿਚਾਰਾਂ ਦੀ ਰੌਅ ਨੂੰ ਸ਼ਾਂਤ ਰੱਖਦੀ ਹੈ ਪਰ ਬਾਕੀ ਸਮੇਂ ਵਿਚ ਉਸਦਾ ਚਿਹਰਾ ਗਵਾਚਿਆ-ਗਵਾਚਿਆ ਜਿਹਾ ਲੱਗਦਾ ਹੈ, ਕਿਉਂਕਿ ਉਸਦਾ ਮਨ ਦੂਰ ਕਿਤੇ ਕਲਪਨਾਵਾਂ ਤੇ ਯੋਜਨਾਵਾਂ ਵਿਚ ਭਟਕ ਜਾਂਦਾ ਹੈ। ਆਪਣੇ ਮਾਨਸ-ਲੋਕ ਦੇ ਪ੍ਰਾਣੀਆਂ ਨਾਲ ਆਨੰਦਮਈ ਵਾਤਰਾਲਾਪ ਕਰਦਾ ਰਹਿੰਦਾ ਹੈ ਉਹ—ਜਿਸ ਕਾਰਣ ਸੰਗੀ-ਸਾਥੀਆਂ ਦਾ ਵੀ ਧਿਆਨ ਨਹੀਂ ਰਹਿੰਦਾ। ਕੀ ਉਹ ਆਪਣੀ ਤੂਫ਼ਾਨੀ ਜੀਵਨ ਯਾਤਰਾ ਵਿਚ ਵਿੱਛੜੇ ਮਨੁੱਖਾਂ ਨੂੰ ਯਾਦ ਕਰਦਾ ਹੈ ਜਾਂ ਫੇਰ ਸਫਲਤਾ ਪੂਰਨ ਭਵਿੱਖ ਦਾ ਦਿੱਭ-ਸੁਪਨਾ ਦੇਖਦਾ ਰਹਿੰਦਾ ਹੈ? ਇਸ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਉਸਨੇ ਜਿਸ ਰਸਤੇ ਉੱਤੇ ਕਦਮ ਵਧਾਏ ਹਨ, ਉਸ ਉਪਰ ਆਰਾਮ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਤੇ ਇੱਥੋਂ ਤਕ ਕਿ ਜਿੱਤ ਖ਼ੁਦ ਵੀ ਬੋਝਿਲ ਹੁੰਦੀ ਹੈ। ਲਾਰੇਂਸ ਨੇ ਅਰਬਾਂ ਨੂੰ ਸੰਬੋਧਨ ਕਰ ਦਿਆਂ ਹੋਇਆਂ ਕਿਹਾ ਹੈ—“ਵਿਦਰੋਹ ਲਈ ਆਰਾਮ-ਘਰ ਨਹੀਂ ਹੋ ਸਕਦੇ ਤੇ ਨਾ ਹੀ ਆਨੰਦ ਦੇ ਲਾਭ-ਅੰਸ਼ ਪ੍ਰਾਪਤ ਹੁੰਦੇ ਹਨ”

ਤਾਨਾਸ਼ਾਹ ਦੇ ਗੁਣ

ਜਵਾਹਰ ਲਾਲ ਫਾਸਿਸਟ ਨਹੀਂ ਹੋ ਸਕਦਾ। ਲੇਕਿਨ ਉਸ ਵਿਚ ਤਾਨਾਸ਼ਾਹ ਬਣਨ ਦੇ ਲਈ ਜ਼ਰੂਰੀ ਸਾਰੇ ਗੁਣ ਹਨ—ਵਿਆਪਕ ਲੋਕਪ੍ਰਿਯਤਾ, ਸੁਨਿਰਧਾਰਿਤ ਉਦੇਸ਼ ਪ੍ਰਤੀ ਜਾਗਰੁਕਤਾ, ਸ਼ਕਤੀ, ਸਵੈਮਾਣ, ਯੋਗਤਾ, ਸੰਗਠਨ, ਕੁਸ਼ਲਤਾ, ਕਠੋਰਤਾ, ਅਸਹਿਣਸ਼ੀਲਤਾ ਤੇ ਕਮਜ਼ੋਰ ਤੇ ਸੁਸਤ ਦੇ ਵਿਰੁੱਧ ਥੋੜੀ ਬਹੁਤ ਘਿਰਣਾ।
ਉਸਦੀ ਗਰਮ ਮਿਜਾਜ਼ੀ ਸਾਰੇ ਜਾਣਦੇ ਹਨ, ਜਿਸਨੂੰ ਉਹ ਕੋਸ਼ਿਸ਼ ਕਰਕੇ ਵੀ ਨਹੀਂ ਛਿਪਾਅ ਸਕਦਾ ਕਿਉਂਕਿ ਬੁੱਲ੍ਹਾਂ ਦਾ ਬਡਰੂਪ ਗੁੱਸੇ ਨੂੰ ਜ਼ਾਹਿਰ ਕਰ ਹੀ ਦਿੰਦਾ ਹੈ। ਉਸਦੀ ਕੰਮ ਪੂਰਾ ਕਰਨ ਦੀ ਤੀਬਰ ਇੱਛਾ-ਮੰਸ਼ਾ, ਰੁਚੀਹੀਣ ਅਤੇ ਨਾਪਸੰਦ ਚੀਜਾਂ ਨੂੰ ਹਟਾਅ ਕੇ ਨਵ-ਨਿਰਮਾਣ ਦੀ ਕਾਹਲ ਲੋਕਤੰਤਰ ਦੀ ਮੰਥਨ ਪ੍ਰਕ੍ਰਿਆ ਨੂੰ ਦੇਰ ਤਕ ਬਰਦਾਸ਼ਤ ਨਹੀਂ ਕਰ ਸਕਦੀ।
ਉਹ ਆਕੜ ਕਾਇਮ ਰੱਖਦਾ ਹੈ ਪਰ ਆਪਣੀ ਇੱਛਾ ਅਨੁਕੂਲ ਉਸਨੂੰ ਮੋੜ ਵੀ ਸਕਦਾ ਹੈ, ਆਮ ਹਾਲਾਤ ਵਿਚ ਉਹ ਕੁਸ਼ਲ ਤੇ ਸਫਲ ਕਾਰਜ ਅਧਿਕਾਰੀ ਹੀ ਰਹੇਗਾ; ਪਰ ਕਰਾਂਤੀਕਾਰੀ ਕਾਲ ਵਿਚ ਸੀਜ਼ਰਵਾਦ ਉਸਦੇ ਕੋਲ ਆ ਖਲੋਂਦਾ ਹੈ। ਤਾਂ ਕੀ ਇਹ ਸੰਭਵ ਨਹੀਂ ਕਿ ਜਵਾਹਰ ਲਾਲ ਖ਼ੁਦ ਨੂੰ ਸੀਜ਼ਰ ਸਮਝਣ ਲੱਗ ਪਏ?

ਖ਼ਤਰਾ

ਇੱਥੇ ਹੀ ਭਾਰਤ ਤੇ ਜਵਾਹਰ ਲਾਲ ਲਈ ਖ਼ਤਰਾ ਬਣ ਜਾਂਦਾ ਹੈ, ਕਿਉਂਕਿ ਭਾਰਤ ਨੂੰ ਆਜ਼ਾਦੀ ਸੀਜ਼ਰਵਾਦ ਰਾਹੀਂ ਨਹੀਂ ਮਿਲੇਗੀ, ਬਲਕਿ ਇਸ ਨਾਲ ਦੇਸ਼ ਦੀ ਮੁਕਤੀ ਵਿਚ ਵਧੇਰੇ ਦੇਰ ਹੋਏਗੀ।
ਜਵਾਹਰ ਲਾਲ ਲਗਾਤਾਰ ਦੋ ਵਰ੍ਹਿਆਂ ਤੋਂ ਕਾਂਗਰਸ ਦਾ ਪ੍ਰਧਾਨ ਹੈ ਤੇ ਇਸ ਅਰਸੇ ਵਿਚ ਉਸਨੇ ਆਪਣੇ ਆਪ ਨੂੰ ਏਨਾ ਲਾਭਵੰਤ ਬਣਾ ਲਿਆ ਹੈ ਕਿ ਕਈ ਲੋਕਾਂ ਨੇ ਉਸਨੂੰ ਤੀਜੀ ਵਾਰੀ ਪ੍ਰਧਾਨ ਚੁਣਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਲੇਕਿਨ ਭਾਰਤ ਤੇ ਖ਼ੁਦ ਜਵਾਹਰ ਲਾਲ ਲਈ ਇਸ ਨਾਲੋਂ ਵਧ ਹਾਨੀਕਾਰਕ ਗੱਲ ਹੋਰ ਕੋਈ ਨਹੀਂ ਹੋ ਸਕਦੀ। ਉਸਨੂੰ ਤੀਜੀ ਵਾਰੀ ਕਾਂਗਰਸ ਦਾ ਪ੍ਰਧਾਨ ਚੁਣ ਕੇ ਅਸੀਂ ਕਾਂਗਰਸ ਦੇ ਮੁੱਲਾਂ ਉਪਰ ਇਕ ਵਿਆਕਤੀ ਨੂੰ ਉਪਰ ਚੜਾਵਾਂਗੇ ਤੇ ਲੋਕ ਸੀਜ਼ਰਵਾਦ ਦੀ ਦਿਸ਼ਾ ਵਲ ਸੋਚਣ ਲੱਗ ਪੈਣਗੇ।
ਇਸ ਤਰ੍ਹਾਂ ਜਵਾਹਰ ਲਾਲ ਵਿਚ ਗਲਤ ਪ੍ਰਵਿਰਤੀਆਂ ਨੂੰ ਸ਼ਹਿ ਮਿਲੇਗੀ ਤੇ ਉਸ ਵਿਚ ਵਲ-ਛਲ ਤੇ ਮਾਣ-ਅਭਿਮਾਣ ਦੀ ਮਾਤਰਾ ਵਧ ਜਾਏਗੀ, ਉਹ ਮੰਨ ਬੈਠੇਗਾ ਕਿ ਉਹੀ ਇਸ ਭਾਰ ਨੂੰ ਸੰਭਾਲ ਸਕਦਾ ਹੈ ਤੇ ਭਾਰਤ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ। ਯਾਦ ਰਹੇ ਕਿ ਅਹੁਦੇ ਪ੍ਰਤੀ ਉਦਾਸੀਨਤਾ ਦੇ ਦਿਖਾਵੇ ਦੇ ਬਾਵਜੂਦ ਉਹ ਪਿਛਲੇ 17 ਵਰ੍ਹਿਆਂ ਦਾ ਲਗਾਤਾਰ ਕਾਂਗਰਸ ਵਿਚ ਕਿਸੇ ਨਾ ਕਿਸੇ ਮਹੱਤਵਪੂਰਨ ਪਦ ਉੱਤੇ ਬਿਰਾਜਮਾਨ ਹੈ। ਉਹ ਆਪਣੇ ਆਪ ਨੂੰ ਵਿਸ਼ੇਸ਼ ਮੰਨਦਾ ਹੋਵੇਗਾ, ਇਹ ਇਕ ਮਾੜੀ ਗੱਲ ਹੈ। ਭਾਰਤ ਉਸਨੂੰ ਤੀਜੀ ਵਾਰੀ ਕਾਂਗਰਸ ਦਾ ਪ੍ਰਧਾਨ ਚੁਣ ਕੇ ਲਾਭ ਵਿਚ ਨਹੀਂ ਰਹੇਗਾ।
ਇਸ ਦਾ ਇਕ ਨਿੱਜੀ ਕਾਰਣ ਵੀ ਹੈ। ਲਫ਼ਜ਼ਸਾਜੀ ਤੇ ਵੱਡੀਆਂ ਵੱਡੀਆਂ ਗੱਲਾਂ ਦੇ ਬਾਵਜੂਦ ਜਵਾਹਰ ਲਾਲ ਇਸ ਸਮੇਂ ਥੱਕਿਆ ਹੋਇਆ ਹੈ ਤੇ ਬੀਮਾਰ ਹੈ। ਅਖ਼ੀਰ ਵਿਚ, ਉਹ ਪ੍ਰਧਾਨ ਰਿਹਾ ਤਾਂ ਉਸਦੀ ਸਥਿਤੀ ਲਗਾਤਾਰ ਵਿਗੜਦੀ ਚਲੀ ਜਾਏਗੀ। ਉਹ ਆਰਾਮ ਨਹੀਂ ਕਰ ਸਕਦਾ ਕਿਉਂਕਿ ਸ਼ੇਰ ਉੱਤੇ ਸਵਾਰੀ ਕਰਨ ਵਾਲਾ ਕਦੀ ਉਤਰ ਨਹੀਂ ਸਕਦਾ। ਲੇਕਿਨ ਅਸੀਂ ਤਾਂ ਉਸਨੂੰ ਘੱਟੋਘੱਟ ਭਟਕਣ ਤੋਂ ਤੇ ਮਾਨਸਿਕ ਹਰਾਸ ਹੋਣ ਤੋਂ ਬਚਾਅ ਹੀ ਸਕਦੇ ਹਾਂ, ਜਿਸਦਾ ਮੂਲ ਕਾਰਣ ਵੱਡੀਆਂ ਜ਼ਿੰਮੇਵਾਰੀਆਂ ਤੇ ਕਾਰਜਭਾਰ ਹੈ। ਸਾਨੂੰ ਉਸ ਤੋਂ ਭਵਿੱਖ ਵਿਚ ਕਾਫੀ ਆਸਾਂ ਹਨ। ਸੋ ਸਾਨੂੰ ਉਹਨਾਂ ਆਸਾਂ ਨੂੰ ਢਹਿਣ ਤੇ ਜਵਾਹਰ ਲਾਲ ਨੂੰ ਵੀ ਵਿਗੜਨ ਨਹੀਂ ਦੇਣਾ ਚਾਹੀਦਾ। ਉਸ ਵਿਚ ਵਲ-ਛਲ, ਕਿਹੋ ਜਿਹਾ ਵੀ ਹੋਵੇ, ਕਾਫੀ ਮਾਤਰਾ ਵਿਚ ਹੈ। ਇਸਨੂੰ ਦੂਰ ਕਰਨਾ ਚਾਹੀਦਾ ਹੈ। ਸਾਨੂੰ ਸੀਜ਼ਰਾਂ ਦੀ ਲੋੜ ਨਹੀਂ।
  –––   –––   –––   ––– 

No comments:

Post a Comment