Thursday, June 2, 2011

ਵਸੀਅਤਨਾਮਾ

   ਵਸੀਅਤਨਾਮਾ 


ਭਾਰਤੀ ਜਨਤਾ ਤੋਂ ਮੈਨੂੰ ਏਨਾ ਪ੍ਰੇਮ ਤੇ ਸਨੇਹ ਮਿਲਿਆ ਹੈ ਕਿ ਮੈਂ ਕੁਛ ਵੀ ਕਿਉਂ ਨਾ ਕਰਾਂ, ਇਸ ਪ੍ਰੇਮ ਤੇ ਸਨੇਹ ਦਾ ਅੰਸ਼ ਮਾਤਰ ਵੀ ਬਦਲੇ ਵਿਚ ਨਹੀਂ ਦੇ ਸਕਦਾ। ਅਸਲ ਵਿਚ ਪ੍ਰੇਮ ਵਰਗੀ ਅਮੁੱਲ ਚੀਜ ਦਾ ਕੋਈ ਬਦਲ ਹੋ ਵੀ ਨਹੀਂ ਸਕਦਾ। ਬੜੇ ਲੋਕ ਸਲਾਹੇ ਗਏ ਹਨ, ਕਈਆਂ ਨੂੰ ਸ਼ਰਧਾ ਮਿਲੀ ਹੈ, ਲੇਕਿਨ ਭਾਰਤੀ ਜਨਤਾ ਦੇ ਸਾਰੇ ਵਰਗਾਂ ਦੇ ਲੋਕਾਂ ਦਾ ਸਨੇਹ ਮੈਨੂੰ ਏਨਾ ਮਿਲਿਆ ਹੈ ਕਿ ਮੈਂ ਉਸਦੇ ਬੋਝ ਹੇਠ ਦਬ ਗਿਆ ਹਾਂ, ਉਸਦਾ ਦਾਸ ਹੋ ਗਿਆ ਹਾਂ। ਮੈਂ ਸਿਰਫ ਇਹੀ ਆਸ ਪ੍ਰਗਟ ਕਰ ਸਕਦਾ ਹਾਂ ਕਿ ਅੱਗੇ ਜਿੰਨੇ ਵਰ੍ਹੇ ਵੀ ਜਿਊਵਾਂ ਆਪਣੇ ਲੋਕਾਂ ਦੇ ਪ੍ਰੇਮ ਦੇ ਅਯੋਗ ਨਾ ਬਣਾ। ਆਪਣੇ ਅਣਗਿਣਤ ਸਾਥੀਆਂ ਤੇ ਸਹਿਯੋਗੀਆਂ ਦੇ ਪ੍ਰਤੀ ਮੇਰੀ ਅਹਿਸਾਨ ਮੰਦੀ ਦੀ ਭਾਵਨਾਂ ਹੋਰ ਵੀ ਡੂੰਘੀ ਹੈ। ਅਸੀਂ ਮਹਾਨ ਕਾਰਜਾਂ ਵਿਚ ਸਾਥੀ ਰਹੇ ਹਾਂ ਤੇ ਇਹਨਾਂ ਦੀਆਂ ਸਫਲਤਾਵਾਂ ਤੇ ਇਹਨਾਂ ਦੇ ਦੁਖ ਦੇ, ਜਿਹੜੇ ਉਹਨਾਂ ਦੇ ਨਾਲ ਨਿਸ਼ਚਿਤ ਰੂਪ ਵਿਚ ਜੁੜੇ ਹੀ ਰਹਿੰਦੇ ਹਨ, ਅਸੀਂ ਹਿੱਸੇਦਾਰ ਹਾਂ।
ਮੈਂ ਪੂਰੀ ਗੰਭੀਰਤਾ ਨਾਲ ਇਹ ਐਲਾਨ ਕਰਨਾ ਚਾਹੁੰਦਾ ਹਾਂ ਕਿ ਮੇਰੀ ਮੌਤ ਦੇ ਬਾਅਦ ਮੇਰੇ ਲਈ ਕੋਈ ਧਾਰਮਿਕ ਪੂਜਾ ਪਾਠ ਨਾ ਕੀਤਾ ਜਾਏ। ਇਸ ਕਿਸਮ ਦੇ ਕਾਰਜਾਂ ਵਿਚ ਮੇਰੀ ਕੋਈ ਆਸਥਾ ਨਹੀਂ—ਤੇ ਰਸਮੀ ਤੌਰ 'ਤੇ ਵੀ ਇਹਨਾਂ ਨੂੰ ਝੱਲਣਾ ਪਖੰਡ ਹੋਏਗਾ ਤੇ ਆਪਣੇ ਲੋਕਾਂ ਨੂੰ ਤੇ ਦੂਸਰਿਆਂ ਨੂੰ ਧੋਖੇ ਵਿਚ ਪਾਉਣ ਦਾ ਇਕ ਯਤਨ ਹੋਏਗਾ।
ਮੈਂ ਚਾਹੁੰਦਾ ਹਾਂ ਕਿ ਮੇਰੇ ਮਰਨ ਪਿੱਛੋਂ ਮੇਰਾ ਦਾਹ-ਸੰਸਕਾਰ ਹੋਏ। ਜੇ ਮੈਂ ਵਿਦੇਸ਼ ਵਿਚ ਮਰਾਂ, ਤਾਂ ਉੱਥੇ ਹੀ ਦਾਹ-ਸੰਸਕਾਰ ਕੀਤਾ ਜਾਏ, ਪਰ ਮੇਰੀਆਂ ਅਸਥੀਆਂ ਇਲਾਹਾਬਾਦ ਲਿਆਂਦੀਆਂ ਜਾਣ। ਇਹਨਾਂ ਵਿਚੋਂ ਮੁੱਠੀ ਕੁ ਗੰਗਾ ਵਿਚ ਪ੍ਰਵਾਹਿਤ ਕੀਤੀਆਂ ਜਾਣ ਤੇ ਉਹਨਾਂ ਦੇ ਵਧੇਰੇ ਹਿੱਸੇ ਦਾ ਹੇਠਾਂ ਲਿਖੇ ਢੰਗ ਨਾਲ ਉਪਯੋਗ ਕੀਤਾ ਜਾਏ। ਇਹਨਾਂ ਅਸਥੀਆਂ ਦਾ ਕੋਈ ਅੰਸ਼ ਬਚਾਅ ਕੇ ਜਾਂ ਸੰਭਾਲ ਕੇ ਨਾ ਰਖਿਆ ਜਾਏ।
ਮੇਰੀ ਮੁੱਠੀ ਭਰ ਭਸਮੀਂ ਇਲਾਹਾਬਾਦ ਦੀ ਗੰਗਾ ਵਿਚ ਪ੍ਰਵਾਹਿਤ ਕਰਨ ਦੀ ਮੇਰੀ ਇੱਛਾ ਦੇ ਪਿੱਛੇ, ਜਿੱਥੋਂ ਤਕ ਮੇਰਾ ਸੰਬੰਧ ਹੈ, ਕੋਈ ਧਾਰਮਿਕ ਭਾਵੁਕਤਾ ਨਹੀਂ ਹੈ। ਬਚਪਨ ਤੋਂ ਹੀ ਇਲਾਹਾਬਾਦ ਦੀ ਗੰਗਾ ਤੇ ਜਮਨਾ ਨਾਲ ਮੇਰਾ ਲਗਾਅ ਰਿਹਾ ਹੈ। ਜਿਵੇਂ ਜਿਵੇਂ ਉਮਰ ਵਧਦੀ ਗਈ ਹੈ ਤਿਵੇਂ ਤਿਵੇਂ ਇਹ ਮੇਰ ਵੀ ਵਧਦੀ ਹੀ ਗਈ ਹੈ। ਮੈਂ ਮੌਸਮ ਬਦਲਨ ਦੇ ਨਾਲ ਇਹਨਾਂ ਦੇ ਰੰਗਾਂ ਤੇ ਰੂਪਾਂ ਨੂੰ ਦੇਖਿਆ ਹੈ ਤੇ ਇਤਿਹਾਸ, ਦੰਦਕਥਾਵਾਂ, ਪਰੰਪਰਾਵਾਂ, ਗੀਤਾਂ ਤੇ ਕਹਾਣੀਆਂ ਦੀਆਂ ਉਹਨਾਂ ਸਾਰੀਆਂ ਗੱਲਾਂ ਉਪਰ ਅਕਸਰ ਵਿਚਾਰ ਕੀਤਾ ਹੈ, ਜਿਹੜੀਆਂ ਯੁਗਾਂ ਤੋਂ ਇਹਨਾਂ ਨਾਲ ਜੁੜੀਆਂ ਆ ਰਹੀਆਂ ਹਨ ਤੇ ਉਹਨਾਂ ਦੀ ਜਲਧਾਰਾ ਦਾ ਅੰਗ ਬਣ ਚੁੱਕੀਆਂ ਹਨ।
ਗੰਗਾ ਵਿਸ਼ੇਸ਼ ਕਰਕੇ ਭਾਰਤ ਦੀ ਉਹ ਨਦੀ ਹੈ, ਜਿਸਨੂੰ ਜਨਤਾ ਪਿਆਰ ਕਰਦੀ ਹੈ ਤੇ ਜਿਸਦੇ ਇਰਦ-ਗਿਰਦ ਉਸਦੀਆਂ ਜਾਤੀ ਸਮਰਿਤੀਆਂ, ਉਸਦੀਆਂ ਆਸਾਂ, ਉਮੀਦਾਂ, ਉਸਦੇ ਵਿਜੇ-ਗੀਤ, ਉਸਦੀ ਜਿੱਤ ਤੇ ਹਾਰ ਦਾ ਤਾਣਾ-ਪੇਟਾ ਜੁੜਿਆ ਹੋਇਆ ਹੈ। ਗੰਗਾ ਸਾਡੀ ਯੁੱਗਾਂ ਪੁਰਾਣੀ ਸਭਿਅਤਾ ਤੇ ਸੰਸਕ੍ਰਿਤੀ ਦਾ ਪ੍ਰਤੀਕ ਰਹੀ ਹੈ, ਹਰ ਸਮੇਂ ਬਦਲਦੀ ਤੇ ਹਰ ਸਮੇਂ ਵਹਿੰਦੀ ਹੋਈ। ਫੇਰ ਵੀ ਇਹ, ਉਹੀ ਗੰਗਾ ਹੈ। ਉਹ ਮੈਨੂੰ ਹਿਮਾਲਿਆ ਦੇ ਬਰਫ਼ ਲੱਦੇ ਸ਼ਿਖਰਾਂ ਤੇ ਘਾਟੀਆਂ ਦੀ ਯਾਦ ਦਿਵਾਉਂਦੀ ਹੈ, ਜਿਸ ਨਾਲ ਮੇਰਾ ਲਗਾਅ ਤੇ ਪਿਆਰ ਬਹੁਤ ਜ਼ਿਆਦਾ ਰਿਹਾ  ਹੈ। ਨਾਲ ਹੀ ਗੰਗਾ ਮੈਨੂੰ ਹੇਠਲੇ ਵੱਸਦੇ ਵਿਗਸਦੇ ਵਿਸ਼ਾਲ ਮੈਦਾਨ ਦੀ ਯਾਦ ਦਿਵਾਉਂਦੀ ਹੈ, ਜਿਹੜਾ ਮੇਰਾ ਜੀਵਨ ਤੇ ਕਾਰਜ ਖੇਤਰ ਰਿਹਾ ਹੈ। ਸੁਭਾ ਦੀਆਂ ਸੂਰਜ-ਕਿਰਨਾਂ ਵਿਚ ਮੁਸਕਰਾਉਂਦੇ ਤੇ ਨੱਚਦੇ ਹੋਈ ਜਦੋਂ ਸੰਧਿਆ (ਆਥਣ) ਦੇ ਪ੍ਰਛਾਵੇਂ ਉਤਰਦੇ ਹਨ, ਉਸ ਸਮੇਂ ਕਾਲੋਂ, ਉਦਾਸੀ ਤੇ ਰਹੱਸ ਵਿਚ ਘੁਲੀ ਮਿਲੀ, ਸਰਦੀਆਂ ਵਿਚ ਪਤਲੀ, ਧੀਮੀ ਤੇ ਵਿਸ਼ਾਲ ਧਾਰਾ ਦੇ ਰੂਪ ਵਿਚ ਵਹਿੰਦੀ ਹੋਈ, ਬਰਸਾਤ ਵੇਲੇ ਭਿਆਨਕ ਗਰਜਨ ਕਰਦੀ ਹੋਈ ਤੇ ਲਗਭਗ ਸਮੁੰਦਰ ਜਿਹੀ ਵਿਰਾਟ ਛਾਤੀ ਵਾਲੀ ਤੇ ਨਾਲ ਹੀ ਸਮੁੰਦਰ ਵਰਗੀ ਵਿਨਾਸ਼ ਦੀ ਸ਼ਕਤੀ ਦਾ ਕੁਛ ਅੰਸ਼ ਰਖਦੀ ਹੋਈ ਗੰਗਾ ਮੇਰੇ ਲਈ ਭਾਰਤ ਦੇ ਅਤੀਤ ਦੀ ਇਕ ਪ੍ਰਤੀਕ ਤੇ ਯਾਦ ਦਾ ਰੂਪ ਰਹੀ ਹੈ, ਜਿਹੜੀ ਵਰਤਮਾਨ ਸਮੇਂ ਵਿਚ ਆ ਕੇ ਵਹਿੰਦੀ ਹੈ ਤੇ ਭਵਿੱਖ ਦੇ ਮਹਾਸਾਗਰ ਵੱਲ ਵਹਿੰਦੀ ਹੀ ਰਹਿੰਦੀ ਹੈ।
ਭਾਵੇਂ ਮੈਂ ਅਤੀਤ ਦੀਆਂ ਬਹੁਤ ਸਾਰੀਆਂ ਪਰੰਪਰਾਵਾਂ ਦਾ ਤੇ ਪ੍ਰਥਾਵਾਂ ਦਾ ਖੰਡਨ ਕੀਤਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਭਾਰਤ ਉਹਨਾਂ ਸਾਰੀਆਂ ਜ਼ੰਜੀਰਾਂ ਤੋਂ—ਜਿਹਨਾਂ ਨੇ ਉਸਨੂੰ ਜਕੜਿਆ ਹੋਇਆ ਹੈ ਤੇ ਉਣਾ ਕਰ ਰਹੀਆਂ ਹਨ, ਉਸਦੀ ਜਨਤਾ ਵਿਚ ਵਖਰੇਵੇਂ ਪੈਦਾ ਕਰਦੀਆਂ ਹਨ, ਤੇ ਉਹਨਾਂ ਵਿਚੋਂ ਬਹੁਤ ਵੱਡੀ ਗਿਣਤੀ ਦਾ ਦਮਨ ਕਰਦੀਆਂ ਹਨ ਤੇ ਦੇਹ ਤੇ ਮਨ ਦੇ ਮੁਕਤ ਵਿਕਾਸ ਵਿਚ ਅੜਿੱਕੇ ਖੜ੍ਹੇ ਕਰਦੀਆਂ ਹਨ—ਛੁਟਕਾਰਾ ਪਾ ਲਏ। ਭਾਵੇਂ ਮੈਂ ਇਹ ਸਭ ਚਾਹੁੰਦਾ ਹਾਂ, ਫੇਰ ਵੀ ਮੈਂ ਆਪਣੇ ਆਪ ਨੂੰ ਅਤੀਤ ਨਾਲੋਂ ਪੂਰੀ ਤਰ੍ਹਾਂ ਤੋੜ ਕੇ ਵੱਖ ਨਹੀਂ ਕਰ ਦੇਣਾ ਚਾਹੁੰਦਾ। ਉਸ ਮਹਾਨ ਵਿਰਾਸਤ ਤੇ ਪਰੰਪਰਾ ਉੱਤੇ, ਜਿਹੜੀ ਸਾਡੀ ਹੈ, ਮੈਨੂੰ ਮਾਣ ਹੈ। ਮੈਂ ਇਸ ਗੱਲ ਪ੍ਰਤੀ ਵੀ ਜਾਗਰੁਕ ਹਾਂ ਕਿ ਮੈਂ ਵੀ, ਆਪਾਂ ਸਭਨਾਂ ਵਾਂਗ, ਉਹ ਅਟੁੱਟ ਸਿਲਸਿਲੇ ਦੀ ਇਕ ਕੜੀ ਹਾਂ—ਜਿਹੜਾ ਇਤਿਹਾਸ ਦੇ ਮੁੱਢਲੇ ਸਮੇਂ ਤੋਂ, ਯੁੱਗਾਂ-ਯੁੱਗਾਂ ਤੋਂ, ਚਲਦਾ ਆ ਰਿਹਾ ਹੈ। ਮੈਂ ਇਸ ਸਿਲਸਿਲੇ ਨੂੰ ਤੋੜਨਾ ਨਹੀਂ ਚਾਹੁੰਦਾ, ਕਿਉਂਕਿ ਮੈਂ ਇਸ ਨੂੰ ਧੁਰਾ ਮੰਨਦਾ ਹਾਂ ਤੇ ਇਸ ਤੋਂ ਪ੍ਰੇਰਨਾ ਪ੍ਰਾਪਤ ਕਰਦਾ ਹਾਂ, ਆਪਣੀ ਇਸ ਇੱਛਾ ਦੇ ਨਾਲ ਸਾਡੀ ਸੰਸਕ੍ਰਿਤੀ ਤੇ ਵਿਰਾਸਤ ਦੇ ਪ੍ਰਤੀ ਸ਼ਰਧਾਂਜਲੀ ਦੇ ਰੂਪ ਵਿਚ ਇਹ ਬੇਨਤੀ ਕਰਦਾ ਹਾਂ ਕਿ ਮੇਰੀ ਮੁੱਠੀ ਭਰ ਭਸਮੀ ਇਲਾਹਾਬਾਦ ਦੀ ਗੰਗਾ ਵਿਚ ਪ੍ਰਵਾਹਿਤ ਕੀਤੀ ਜਾਏ, ਜਿਹੜੀ ਗੰਗਾ ਵਿਚ ਪ੍ਰਵਾਹਿਤ ਹੋ ਕੇ ਉਸ ਮਹਾਂਸਾਗਰ ਵਿਚ ਜਾਏ, ਜਿਹੜਾ ਸਾਡੇ ਦੇਸ਼ ਦੇ ਤਟਾਂ ਨੂੰ ਧੋਂਦਾ ਰਹਿੰਦਾ ਹੈ।
ਮੇਰੀ ਭਸਮੀ ਦਾ ਵਧੇਰੇ ਹਿੱਸਾ ਦੂਜੇ ਤਰੀਕੇ ਨਾਲ ਕੰਮ ਵਿਚ ਲਿਆਂਦਾ ਜਾਏ। ਮੈਂ ਚਾਹੁੰਦਾ ਹਾਂ ਕਿ ਇਸਨੂੰ ਆਕਾਸ਼ ਵਿਚ ਉੱਚੇ ਇਕ ਜਹਾਜ਼ ਵਿਚ ਲਿਜਾਇਆ ਜਾਏ ਤੇ ਖੇਤਾਂ ਦੇ ਉਪਰ ਜਿੱਥੇ ਸਾਡੇ ਕਿਸਾਨ ਮਿਹਨਤ ਕਰਦੇ ਹਨ, ਖਿਲਾਰਿਆ ਜਾਏ ਤਾਂਕਿ ਉਹ ਭਾਰਤੀ ਧੂੜ ਤੇ ਮਿੱਟੀ ਵਿਚ ਰਲ ਜਾਏ ਤੇ ਭਾਰਤ ਦਾ ਇਕ ਅਭਿੰਨ ਅੰਸ਼ ਬਣ ਜਾਏ।
21 ਜੂਨ 1954         —ਜਵਾਹਰਲਾਲ ਨਹਿਰੂ
  –––   –––   –––   –––

No comments:

Post a Comment