Thursday, June 9, 2011

ਪਿਉ–ਪੁੱਤਰ :

 

ਪਿਉ–ਪੁੱਤਰ



ਕਸ਼ਮੀਰੀਆਂ ਦਾ ਰੰਗ-ਰੂਪ ਜਗਤ ਪ੍ਰਸਿੱਧ ਹੈ। ਪੰਡਿਤ ਮੋਤੀਲਾਲ ਨਹਿਰੂ ਵੀ ਲੰਮੇ-ਝੰਮੇ ਤੇ ਸੁਡੌਲ ਸਰੀਰ ਦੇ ਵਿਆਕਤੀ ਸਨ। ਇਸ ਉਪਰ ਬੁੱਧੀ ਦੇ ਤੇਜ ਤੇ ਬੜੇ ਹੱਸਮੁੱਖ ਜੀਵ ਸਨ ਉਹ। ਉਹ ਆਪਣੇ ਰੰਗ-ਰੂਪ ਤੇ ਗੱਲਬਾਤ ਦੇ ਢੰਗ-ਤਰੀਕੇ ਕਾਰਣ ਹਰ ਮਹਿਫ਼ਿਲ ਦੀ ਰੌਣਕ ਹੁੰਦੇ ਸਨ ਤੇ ਇਕ ਅੰਗਰੇਜ਼ ਜੱਜ ਦੇ ਸ਼ਬਦਾਂ ਵਿਚ 'ਉਹ ਜਿਸ ਮੇਜ਼ ਉੱਤੇ ਜਾ ਬੈਠਦੇ ਸੀ, ਉੱਥੋਂ ਦੇ ਪ੍ਰਧਾਨ ਜਾਪਦੇ ਸਨ।'
ਦੇਖਣ ਵਾਲੀ ਗੱਲ ਇਹ ਹੈ ਕਿ ਇਹ ਲੋਕ ਕੌਣ ਹੁੰਦੇ ਸਨ, ਜਿਹਨਾਂ ਨਾਲ ਗੱਲਬਾਤ ਹੁੰਦੀ ਸੀ ਤੇ ਜਿਹਨਾਂ ਨਾਲ ਮਹਿਫ਼ਿਲਾਂ ਸਜਦੀਆਂ ਸਨ। ਇਹ ਲੋਕ ਜਾਂ ਤਾਂ ਬ੍ਰਿਟਿਸ਼ ਹਕੂਮਤ ਦੇ ਉੱਚ ਅਧਿਕਾਰੀ ਅੰਗਰੇਜ਼ ਜਾਂ ਰਾਏ ਬਹਾਦੁਰ, ਖ਼ਾਨ ਸਾਹਿਬ ਤੇ ਸਰ ਦੀ ਉਪਾਧੀ ਵਾਲੇ ਰਾਜਭਗਤ ਹਿੰਦੁਸਤਾਨੀ ਹੁੰਦੇ ਸਨ। ਮੋਤੀਲਾਲ ਨਹਿਰੂ ਉਸੇ ਸਮਾਜ ਦੇ ਹੱਸਮੁੱਖ ਪ੍ਰਾਣੀ ਸਨ। ਉਹਨਾਂ ਦਾ ਆਦਰ-ਮਾਣ ਬ੍ਰਿਟਿਸ਼ ਸਰਕਾਰ ਦਾ ਦਿੱਤਾ ਹੋਇਆ ਸੀ ਤੇ ਜਿਸ ਸਰਕਾਰ ਨੇ ਉਹਨਾਂ ਨੂੰ ਇਹ ਆਦਰ-ਮਾਣ ਦਿੱਤਾ ਸੀ, ਉਸਨੂੰ ਬਣਾਈ ਰੱਖਣਾ ਉਹ ਆਪਣਾ ਫ਼ਰਜ਼ ਸਮਝਦੇ ਸਨ।
ਜਵਾਹਰ ਲਾਲ ਨਹਿਰੂ ਨੇ ਆਪਣੇ ਪਿਤਾ ਬਾਰੇ ਬੜਾ ਕੁਝ ਲਿਖਿਆ ਹੈ। ਉਹਨਾਂ ਦੀ ਉਦਾਰਤਾ, ਦਲੇਰੀ ਤੇ ਯੋਗਤਾ ਦੀ ਖ਼ੂਬ ਤਾਰੀਫ਼ ਕੀਤੀ ਹੈ। ਪਰ ਉਹਨਾਂ ਆਪਣੇ ਪਿਤਾ ਨੂੰ ਰਾਜ-ਭਗਤਾਂ ਯਾਨੀ ਮਾਡਰੇਟਾਂ ਨਾਲੋਂ ਅਲਗ ਦਿਖਾਉਣ ਤੇ ਆਪਣੇ ਆਪ ਨੂੰ ਪਿਤਾ ਨਾਲੋਂ ਵਧ ਕਰਾਂਤੀਕਾਰੀ ਸਿੱਧ ਕਰਨ ਲਈ ਸੱਚ ਨੂੰ ਝੂਠਾ ਕਰ ਵਿਖਾਇਆ ਹੈ। ਲਿਖਿਆ ਹੈ : “ਉਹ ਭਖ਼ਦੇ ਭਾਵਾਂ, ਪ੍ਰਬਲ ਵਿਚਾਰਾਂ, ਘੋਰ ਅਭਿਮਾਨ, ਮਾਹੰਤੀ ਇੱਛਾ ਸ਼ਕਤੀ ਨਾਲ ਭਰਪੂਰ ਸਨ—ਲੇਕਿਨ ਮਾਡਰੇਟਾਂ ਦੀ ਉਸ ਜਾਤੀ ਤੋਂ ਬੜੇ ਵੱਖਰੇ ਸਨ।” (ਮੇਰੀ ਕਹਾਣੀ)
ਲੇਕਿਨ ਦੀ ਹਕੀਕਤ ਇਹ ਹੈ ਕਿ ਮੋਤੀਲਾਲ ਨੇ 1888 ਵਿਚ ਕਾਂਗਰਸ ਇਜਲਾਸਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ; ਮਗਰ ਸਰਗਰਮ ਉਹ ਉਦੋਂ ਹੋਏ, ਜਦੋਂ ਬੰਗ-ਭੰਗ ਵਿਰੋਧੀ-ਅੰਦੋਲਨ ਨੇ ਰਾਸ਼ਟਰ-ਵਿਆਪੀ ਰੂਪ ਧਾਰ ਲਿਆ ਸੀ। ਜਦੋਂ ਰਾਸ਼ਟਰਵਾਦੀਆਂ ਦੇ ਨੇਤਰਿਤਵ ਵਿਚ 1906 ਵਿਚ ਕਲਕੱਤਾ ਕਾਂਗਰਸ-ਸੰਮੇਲਨ ਦੇ ਬਾਈਕਾਟ, ਸਵਦੇਸ਼ੀ, ਰਾਸ਼ਟਰੀ-ਸਿਖਿਆ ਤੇ ਸਵਰਾਜ ਦਾ ਚਾਰ ਸੂਤਰੀ ਮਤਾ ਪਾਸ ਹੋਇਆ ਸੀ। ਮੋਤੀਲਾਲ ਨਹਿਰੂ ਤੇ ਦੂਜੇ ਮਾਡਰੇਟ ਨੇਤਾਵਾਂ ਦੀ ਸਰਗਰਮੀ ਦਾ ਇੱਕੋ-ਇੱਕ ਮੁੱਦਾ ਰਾਸ਼ਟਰਵਾਦੀਆਂ ਦੇ, ਜਿਹਨਾਂ ਨੂੰ ਉਹ 'ਸਟਰੀਮਿਸਟ' ਯਾਨੀ ਉਗਰਵਾਦੀ ਕਹਿੰਦੇ ਸਨ, ਚਾਰ ਸੂਤਰੀ ਮਤੇ ਦਾ ਵਿਰੋਧ ਕਰਨਾ ਸੀ। ਇਸੇ ਵਿਰੋਧ ਕਾਰਣ 1907 ਦੇ ਸੂਰਤ ਇਜਲਾਸ ਵਿਚ ਕਾਂਗਰਸ ਰਾਸ਼ਟਰਵਾਦੀ ਤੇ ਰਾਜਭਗਤਾਂ ਵਿਚ ਵੰਡੀ ਗਈ ਸੀ। ਮੋਤੀਲਾਲ ਨੇ ਰਾਸ਼ਟਰਵਾਦੀਆਂ ਦੀ ਬਜਾਏ ਰਾਜਭਗਤਾਂ ਦਾ ਸਾਥ ਦਿੱਤਾ ਸੀ।
ਇਸ ਬਾਰੇ ਜਵਾਹਰ ਲਾਲ ਨਹਿਰੂ ਦੀ ਦਲੀਲ ਇਹ ਹੈ ਕਿ ਗਰਮ-ਦਲ (ਰਾਸ਼ਟਰਵਾਦੀ) ਭਾਵੇਂ ਰਾਜਨੀਤੀ ਵਿਚ ਉਗਰ (ਗਰਮ) ਵਿਚਾਰਾਂ ਦੇ ਸਨ, ਪਰੰਤੂ ਸਮਾਜਿਕ ਦ੍ਰਿਸ਼ਟੀ ਤੋਂ ਪੱਛੜੇ ਹੋਏ ਸਨ। ਪ੍ਰਗਤੀਸ਼ੀਲ ਪ੍ਰਵਿਰਤੀ ਦੇ ਸੁੰਦਰਤਾ ਪ੍ਰੇਮੀ ਮੋਤੀਲਾਲ ਨਹਿਰੂ ਦੀ ਇਸੇ ਕਾਰਣ ਉਹਨਾਂ ਨਾਲ ਨਹੀਂ ਸੀ ਬਣਦੀ ਹੁੰਦੀ, ਲੇਕਿਨ ਅਸਲ ਗੱਲ ਇਹ ਸੀ ਕਿ ਦੂਜੇ ਮਾਡਰੇਟ ਲੀਡਰਾਂ ਵਾਂਗ ਮੋਤੀਲਾਲ ਨਹਿਰੂ ਵੀ ਇਹ ਗੱਲ ਮੰਨਦੇ ਸਨ ਕਿ 'ਅੰਗਰੇਜ਼ਾਂ ਦਾ ਭਾਰਤ ਵਿਚ ਆਉਣਾ ਦੈਵੀ-ਕਿਰਪਾ ਹੈ, ਉਹ ਲੋਕ ਲੋਕਤੰਤਰ ਵਿਚ ਵਿਸ਼ਵਾਸ ਰੱਖਦੇ ਹਨ, ਤੇ ਸਾਨੂੰ ਅਸਭਿਅਤਾਂ ਨੂੰ ਸਭਿਅਕ ਬਣਾਉਣ ਆਏ ਹਨ ਤੇ ਸਭਿਅਕ ਬਣਾ ਕੇ ਆਪਣੇ ਆਪ ਵਾਪਸ ਚਲੇ ਜਾਣਗੇ—ਇਸ ਲਈ ਉਹਨਾਂ ਨੂੰ ਕਿਸੇ ਤਰ੍ਹਾਂ ਨਾਰਾਜ਼ ਕਰਨ ਦੀ ਬਜਾਏ, ਉਹਨਾਂ ਨਾਲ ਸਹਿਯੋਗ ਕਰੋ, ਉਹਨਾਂ ਤੋਂ ਸਿਖੋ।' ਇਸੇ ਸੋਚ ਕਾਰਣ ਉਹਨਾਂ ਆਪਣਾ ਪੱਛਮੀ ਕਰਨ ਕਰ ਲਿਆ ਸੀ। ਵਧੀਆ ਸੂਟ-ਬੂਟ ਤੇ ਟਾਈ ਲਾ ਕੇ ਕਾਂਗਰਸ ਦੇ ਇਜਲਾਸ ਵਿਚ ਜਾਂਦੇ ਸਨ-ਜਿੱਥੇ 'ਗਾਡ ਸੇਵ ਦਾ ਕਿੰਗ' ਵਾਲਾ ਗੀਤਾ ਗਾ ਕੇ ਵਿਦੇਸ਼ੀ ਪ੍ਰਭੂਆਂ ਪ੍ਰਤੀ ਆਪਣੀ ਭਗਤੀ ਦਾ ਪ੍ਰਗਟਾਵਾ ਕਰਦੇ ਸਨ। ਉੱਥੇ ਧਾਰਮਿਕ ਮਾਨਤਾਵਾਂ ਤੇ ਸਮਾਜਿਕ ਰੀਤੀ ਰਿਵਾਜ਼ਾਂ ਉੱਤੇ ਕਰੜੇ ਵਾਰ ਕਰਕੇ ਪ੍ਰਗਤੀਸ਼ੀਲਤਾ ਤੇ ਦਲੇਰੀ ਦਾ ਪ੍ਰਮਾਣ ਵੀ ਦਿੰਦੇ ਸਨ। ਮੋਤੀਲਾਲ ਨਹਿਰੂ ਦੀ ਪ੍ਰਗਤੀਸ਼ੀਲਤਾ, ਦਲੇਰੀ ਤੇ ਸਪਸ਼ਟਵਾਦੀ ਹੋਣ ਦੀ ਜਿਹੜੀ ਦਲੀਲ ਦਿੱਤੀ ਜਾਂਦੀ ਹੈ, ਉਹ ਅਜਿਹੀ ਹੀ ਹੈ। ਅਸੀਂ ਵੀ ਇੱਥੇ ਕੁਝ ਕੁ ਦਾ ਜ਼ਿਕਰ ਕਰਦੇ ਹਾਂ।
ਇਕ ਵਾਰੀ ਉਹਨਾਂ ਆਪਣੇ ਸਨਮਾਣ ਵਿਚ ਦਿੱਤੀ ਗਈ ਇਕ ਪਾਰਟੀ ਵਿਚ ਸ਼ਰਾਬ ਪੀਤੀ। ਇਸ ਉੱਤੇ ਗਾਂਧੀ ਨੇ ਇਤਰਾਜ਼ ਕੀਤਾ ਤਾਂ ਮੋਤੀਲਾਲ ਨਹਿਰੂ ਨੇ 10 ਜੁਲਾਈ 1924 ਨੂੰ ਉਤਰ ਵਿਚ ਲਿਖਿਆ...:
“ਮੇਰਾ ਧਰਮ ਮੇਰਾ ਦੇਸ਼ ਹੈ, ਮੈਂ ਉਸਦੀ ਸੇਵਾ ਈਮਾਨਦਾਰੀ ਤੇ ਸੱਚਾਈ ਨਾਲ ਤਨ, ਮਨ, ਧਨ ਹਰ ਹੀਲੇ ਆਪਣੀ ਰੌਸ਼ਨੀ (ਸੋਚ) ਅਨੁਸਾਰ ਕਰਨ ਲਈ ਤਿਆਰ ਹਾਂ ਤੇ ਇਸ ਉੱਤੇ ਸੰਸਾਰ ਦੇ ਕਠਮੁੱਲਾ ਸਿਧਾਂਤਾਂ ਦਾ ਕੋਈ ਅਸਰ ਨਹੀਂ ਪਏਗਾ।” ਜਿੱਥੋਂ ਤਕ ਸ਼ਰਾਬ ਪੀਣ ਦਾ ਸੰਬੰਧ ਹੈ। “ਮੁਮਕਿਨ ਹੈ ਅੱਗੋਂ ਮੈਂ ਪੀਵਾਂ ਜਾਂ ਨਾ ਪੀਵਾਂ। ਇਹ ਮੇਰਾ ਨਿੱਜੀ ਮਾਮਲਾ ਹੈ। ਪਰ ਜੇ ਮੈਂ ਪੀਵਾਂਗਾ ਤਾਂ ਚਾਹੇ ਸੰਸਾਰ ਵਿਚ ਕੁਝ ਵੀ ਹੋ ਜਾਏ, ਇਸ ਲਈ ਮੈਨੂੰ ਚੋਰੀ-ਛਿਪੋਰੀ ਪੀਣ ਦੀ ਜ਼ਰੂਰਤ ਨਹੀਂ ਪਏਗੀ। ਮੈਂ ਚਾਹੁੰਦਾ ਹਾਂ ਕਿ ਜਿਹੋ ਜਿਹਾ ਮੈਂ ਹਾਂ, ਲੋਕ, ਉਸੇ ਅਨੁਸਾਰ ਮੇਰੇ ਸੰਬੰਧ ਵਿਚ ਆਪਣੀ ਰਾਏ ਬਣਾਉਣ, ਨਾ ਕਿ ਮੈਂ ਓਹੋ-ਜਿਹਾ ਬਣਾ, ਜਿਹੋ-ਜਿਹਾ ਲੋਕ ਚਾਹੁੰਦੇ ਹਨ।”
1926 ਵਿਚ ਉਹਨਾਂ ਆਪਣੇ ਇਕ ਚੋਣ ਭਾਸ਼ਣ ਵਿਚ ਕਿਹਾ ਸੀ, “ਵੇਦਾਂ ਦੀ ਹੀ ਗੱਲ ਨਹੀਂ, ਮੈਂ ਕਿਸੇ ਪੁਸਤਕ ਨੂੰ ਵੀ ਈਸ਼ਵਰੀ-ਗਿਆਨ ਨਹੀਂ ਸਮਝਦਾ। ਜਿੱਥੋਂ ਤਕ ਆਚਰਨ ਤੇ ਨੈਤਿਕ ਨਿਯਮਾਂ ਦਾ ਸੰਬੰਧ ਹੈ, ਉਹ ਸਾਰੇ ਧਾਰਮਿਕ ਗ੍ਰੰਥਾਂ ਵਿਚ ਮਿਲਦੇ ਹਨ। ਪਰ ਮੈਂ ਇਹ ਨਹੀਂ ਮੰਨ ਸਕਦਾ ਕਿ ਈਸ਼ਵਰ ਇਨਸਾਨ ਨਾਲ ਗੱਲਾਂ ਕਰਦਾ ਹੈ।”
ਇਸ ਦਲੀਲ ਨਾਲ ਵੀ ਸਿੱਧ ਕੀਤਾ ਜਾਂਦਾ ਹੈ ਕਿ ਮੋਤੀਲਾਲ ਖੁੱਲ੍ਹੇ ਦਿਲ ਵਾਲੇ, ਦਲੇਰ ਤੇ ਪ੍ਰਗਤੀਸ਼ੀਲ ਵਿਅਕਤੀ ਸਨ। ਉਹਨਾਂ ਅੰਧਵਿਸ਼ਵਾਸ ਤੇ ਰੂੜ੍ਹੀਵਾਦ ਨਾਲ ਕਦੀ ਸਮਝੌਤਾ ਨਹੀਂ ਕੀਤਾ। 1899 ਵਿਚ ਆਪਣੀ ਪਹਿਲੀ ਵਿਦੇਸ਼ ਯਾਤਰਾ ਤੋਂ ਬਾਅਦ ਉਹਨਾਂ ਆਪਣੀ ਬਰਾਦਰੀ ਦੇ ਆਦੇਸ਼ ਉਪਰ 'ਪ੍ਰਾਸ਼ਚਿਤ' ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਰ ਸਵਾਲ ਇਹ ਹੈ ਕਿ ਜਿਸ ਢੰਗ ਨਾਲ ਸਮਾਜ ਵਿਚ ਉਹ ਰਹਿੰਦੇ ਸਨ, ਉਸ ਵਿਚ ਉਹਨਾਂ ਨੂੰ ਬਰਾਦਰੀ ਦੀ ਜਾਂ ਜਨਮੱਤ (ਲੋਕਾਚਾਰ) ਦੀ ਫ਼ਿਕਰ ਕਾਰਣ ਦੀ ਲੋੜ ਹੀ ਕੀ ਸੀ! ਚੋਣਾ ਵਿਚ ਜਿਹਨਾਂ ਨੂੰ ਚੋਣ ਅਧਿਕਾਰ ਪ੍ਰਾਪਤ ਸਨ, ਉਹ ਵੀ ਲਗਭਗ ਪੱਛਮੀ ਸਿਖਿਆ ਤੇ ਸਭਿਅਤਾ ਵਿਚ ਪਲੇ ਤੇ ਵੱਡੇ ਹੋਏ ਸਨ ਤੇ ਇਸੇ ਉੱਚੇ ਸਮਾਜ ਦੇ ਸਭਿਅਕ ਤੇ ਰੱਜੇ-ਪੁੱਜੇ ਲੋਕ ਹੀ ਸਨ। ਉਹਨਾਂ ਨੂੰ ਜੇ ਕੋਈ ਫ਼ਿਕਰ ਸੀ ਤਾਂ ਇਹ ਕਿ ਉਹ ਵੀ ਅੰਗਰੇਜ਼ ਸਾਹਬਾਂ ਦੀਆਂ ਨਜ਼ਰਾਂ ਵਿਚ ਆਪਣੇ ਆਪ ਨੂੰ 'ਸਾਹਬ-ਲੋਕ' ਦਿਖਾਉਣ ਤੇ ਪ੍ਰਗਤੀਸ਼ੀਲ ਤੇ ਸਾਫ–ਸੁਥਰੇ -ਕਹੇ ਜਾਣ।
ਸਵਦੇਸ਼ ਵਾਪਸ ਆਉਣ ਪਿੱਛੋਂ ਜਵਾਹਰ ਲਾਲ 1913 ਦੇ ਕਾਂਗਰਸ ਸੰਮੇਲਨ ਵਿਚ ਗਏ ਤਾਂ ਮਾਡਰੇਟਾਂ ਦਾ ਵੱਡੇ ਤੋਂ ਵੱਡਾ ਨੇਤਾ, ਗਾਂਧੀ ਦਾ ਰਾਜਨੀਤਕ ਗੁਰੂ, ਗੋਪਾਲਕ੍ਰਿਸ਼ਨ ਗੋਖ਼ਲੇ ਸੀ। ਉਹ ਵਾਇਸਰਾਏ ਦੀ ਕੌਂਸਿਲ ਦਾ ਮੈਂਬਰ ਸੀ। ਉਸਦੇ ਠਾਠ ਹੀ ਨਿਰਾਲੇ ਸਨ। ਉਸ ਲਈ ਸਪੈਸ਼ਟ ਗੱਡੀ ਚੱਲਦੀ ਸੀ ਤੇ ਉਹ ਆਪਣੇ ਅੰਗਰੇਜ਼ ਪ੍ਰਭੂਆਂ ਵਾਂਗ ਟਾਪ-ਹੈਟ ਲੈ ਕੇ, ਟਾਈ ਬੰਨ੍ਹ ਕੇ, ਸਾਹਬ ਬਣਿਆ ਰਹਿੰਦਾ ਸੀ। ਪ੍ਰੇਮ ਚੰਦ ਨੇ ਆਪਣੇ 'ਸੇਵਾ ਸਦਨ' ਨਾਵਲ ਵਿਚ ਡਾ.ਸ਼ਿਆਮ ਚਰਣ ਨਾਂ ਹੇਠ ਉਹਦਾ ਸਹੀ ਤੇ ਸੁੰਦਰ ਪਾਤਰ ਚਿੱਤਰਣ ਪੇਸ਼ ਕੀਤਾ ਹੈ। ਡਾ. ਸ਼ਿਆਮ ਚਰਣ ਨੂੰ ਵੀ ਸਮਾਜ ਦੇ ਰਿਤੀ-ਰਿਵਾਜ਼ਾਂ ਦੀ ਕੋਈ ਪ੍ਰਵਾਹ ਨਹੀਂ। ਜਨਤਾ ਤੋਂ ਦੂਰ ਬੰਗਲੇ ਵਿਚ ਰਹਿੰਦਾ ਹੈ, ਘਰੇ ਵੀ ਅੰਗਰੇਜ਼ੀ ਬੋਲਦਾ ਹੈ ਤੇ ਕੁੱਤੇ ਪਾਲਦਾ ਹੈ। ਜਵਾਹਰ ਲਾਲ ਨੂੰ ਗੋਖ਼ਲੇ ਵਿਚ ਅਜਿਹੇ ਪ੍ਰਤਾਪ, ਸੱਚਾਈ ਤੇ ਸ਼ਕਤੀ ਦੇ ਦਰਸ਼ਨ ਹੋਏ ਸਨ।
ਮੋਤੀਲਾਲ ਨਹਿਰੂ ਵਾਇਸਰਾਏ ਦੀ ਕੌਂਸਿਲ ਦੇ ਮੈਂਬਰ ਕਦੀ ਨਹੀਂ ਰਹੇ; ਪਰ ਵਾਇਸਰਾਏ ਤਕ ਪਹੁੰਚ ਸੀ ਉਹਨਾਂ ਦੀ। ਪੰਜਾਬ ਵਿਚ ਜਦੋਂ ਸਿੱਖਾਂ ਦਾ ਜੈਤੋ ਮੋਰਚਾ ਚੱਲ ਰਿਹਾ ਸੀ, ਪੁੱਤਰ ਨਾਭਾ ਰਿਆਸਤ ਵਿਚ ਗ੍ਰਿਫਤਾਰ ਹੋਇਆ ਤਾਂ ਪਿਉ ਨੇ ਵਾਇਸਰਾਏ ਨੂੰ ਰਿਹਾਈ ਲਈ ਤਾਰ ਭੇਜਿਆ ਤੇ ਜਵਾਹਰ ਲਾਲ ਨਹਿਰੂ ਨੂੰ ਰਿਹਾਅ ਕਰ ਦਿੱਤਾ ਗਿਆ। ਵਰਨਾ ਰਿਆਸਤ ਦੀ ਜੇਲ੍ਹ ਵਿਚੋਂ ਬਾਹਰ ਆਉਣਾ ਆਸਾਨ ਕੰਮ ਨਹੀਂ ਸੀ ਹੁੰਦਾ। ਹੁਣ ਜਦੋਂ ਵਾਇਸਰਾਏ ਤਕ ਉਹਨਾਂ ਦੀ ਪਹੁੰਚ ਸੀ ਤਾਂ ਬ੍ਰਿਟਿਸ਼ ਹਕੂਮਤ ਵਿਚ ਉਹਨਾਂ ਦੇ ਰਸੂਖ਼ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਕਹਿੰਦੇ ਹਨ ਕਿ ਇਕ ਵਾਰੀ ਕਿਸੇ ਆਦਮੀ ਨੂੰ ਬੈਂਕ ਦੀ ਨੌਕਰੀ ਲਈ ਸਿਫਾਰਸ਼ੀ ਚਿੱਠੀ ਦਿੱਤੀ ਸੀ ਉਹਨਾਂ ਨੇ। ਉਹ ਮੈਨੇਜ਼ਰ ਕੋਲ ਪਹੁੰਚਿਆ। ਮੈਨੇਜ਼ਰ ਨੇ ਚਿੱਠੀ ਦੇਖੀ ਤਾਂ ਬੋਲਿਆ-'ਇਸ ਸਿਫਾਰਸ਼ ਦਾ ਮਤਲਬ ਹੈ ਨਿਯੁਕਤੀ।' ਤੇ ਜਿਸ ਅਹੁਦੇ ਲਈ ਸਿਫਾਰਸ਼ ਕੀਤੀ ਗਈ ਸੀ, ਉਸ ਆਦਮੀ ਨੂੰ, ਉਸੇ ਅਹੁਦੇ ਉੱਤੇ, ਤੁਰੰਤ ਰੱਖ ਲਿਆ ਗਿਆ ਸੀ।
ਮੋਤੀਲਾਲ ਨਹਿਰੂ ਦੇ ਠਾਠ-ਬਾਠ ਵੀ ਕਿਸੇ ਕੌਂਸਿਲ ਦੇ ਮੈਂਬਰ ਜਾਂ ਰਾਜੇ-ਮਹਾਰਾਜੇ ਤੋਂ ਘੱਟ ਨਹੀਂ ਸਨ। ਉਹ ਜਿਸ ਆਣ, ਬਾਣ ਤੇ ਸ਼ਾਨ ਨਾਲ ਰਹਿੰਦੇ ਸਨ, ਇਲਾਹਾਬਾਦ ਦਾ ਆਨੰਦ-ਭਵਨ ਉਸਦਾ ਪ੍ਰਤੀਕ ਹੈ। ਇਸ ਆਣ-ਬਾਣ ਦਾ ਕਾਰਣ ਇਹ ਸੀ ਕਿ ਉਹ ਯੋਗ ਵਿਅਕਤੀ ਸਨ ਤੇ ਉਹਨਾਂ ਆਪਣੇ ਵਕਾਲਤ ਦੇ ਪੇਸ਼ੇ ਵਿਚ ਅਸਾਧਾਰਨ ਸਫਲਤਾ ਪ੍ਰਾਪਤ ਕੀਤੀ ਸੀ। ਜਿਹੜਾ ਵਿਅਕਤੀ ਯੋਗ ਹੋਵੇ, ਜਿਸਦੀ ਵਾਇਸਰਾਏ ਤਕ ਪਹੁੰਚ ਹੋਵੇ ਤੇ ਹਕੂਮਤ ਵਿਚ ਜਿਹਦੀ ਸਿਫਾਰਸ਼ ਨੂੰ ਨਿਯੁਕਤੀ-ਪੱਤਰ ਸਮਝਿਆ ਜਾਂਦਾ ਹੋਵੇ, ਉਹਦਾ ਵਕਾਲਤ ਵਿਚ ਸਫਲ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ—ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਐਨੇ ਠਾਠ-ਬਾਠ ਨਾਲ ਰਹਿਣ ਵਾਲਾ ਨਟਖਟ ਸੁਭਾਅ ਦਾ ਇਹ ਦਬੰਗ ਆਦਮੀ ਆਤਮਾ ਦੀ ਆਵਾਜ਼ ਉੱਤੇ ਚੱਲਣ ਵਾਲੇ ਰੂੜ੍ਹੀਵਾਦੀ ਗਾਂਧੀ ਦਾ ਅਨੁਯਾਈ ਕਿੰਜ ਬਣ ਗਿਆ!
ਗਾਂਧੀ ਨੇ ਆਪਣੇ ਲੇਖਾਂ ਦੀ ਇਕ ਨਿੱਕੀ ਜਿਹੀ ਕਿਤਾਬ 'ਵਿਚਾਰ ਪ੍ਰਵਾਹ' ਦੇ ਨਾਂ ਨਾਲ ਛਪਵਾਈ, ਜਿਸਦੀ ਭੂਮਿਕਾ ਮੋਤੀਲਾਲ ਨਹਿਰੂ ਨੇ ਲਿਖੀ। ਆਪਣੀ ਭੂਮਿਕਾ ਵਿਚ ਉਹਨਾਂ ਲਿਖਿਆ...:
“ਮੈਂ ਅਵਤਾਰਾਂ ਤੇ ਮਹਾਤਮਾਵਾਂ ਬਾਰੇ ਬੜਾ ਕੁਝ ਸੁਣਿਆ ਹੋਇਆ ਹੈ, ਪਰ ਮੈਨੂੰ ਉਹਨਾਂ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਮੈਨੂੰ ਤਾਂ ਮਨੁੱਖਾਂ ਤੇ ਸਿਰਫ ਮਨੁੱਖ ਵਿਚ ਵਿਸ਼ਵਾਸ ਹੈ। ਇਸ ਪੁਸਤਕ ਦਾ ਜੋ ਵਿਚਾਰ ਪ੍ਰਵਾਹ ਹੈ, ਉਹ ਇਕ ਮਨੁੱਖ ਦਾ, ਮਨੁੱਖਾਂ ਬਾਰੇ ਹੀ ਹੈ। ਇਸ ਵਿਚ ਮਨੁੱਖੀ ਸੁਭਾਅ ਦੇ ਦੋ ਗੁਣਾ-ਵਿਸ਼ਵਾਸ ਤੇ ਮਨੁੱਖੀ-ਉੱਦਮ ਦੀ ਵਿਆਖਿਆ ਕੀਤੀ ਗਈ ਹੈ।”
ਗਾਂਧੀ ਦਾ ਵਿਸ਼ਵਾਸ਼ ਤੇ ਮਨੁੱਖੀ-ਉੱਦਮ ਇਹ ਸੀ ਕਿ ਉਸਨੇ ਇਕ ਸਾਲ ਵਿਚ ਸਵਰਾਜ ਦਿਵਾਉਣ ਦਾ ਵਿਸ਼ਵਾਸ ਦਿਵਾਅ ਕੇ ਸਵਿਨਯ-ਭੰਗ ਅੰਦੋਲਨ ਸ਼ੁਰੂ ਕਰ ਦਿੱਤਾ। ਮੋਤੀਲਾਲ ਨਹਿਰੂ ਉੱਤੇ ਗਾਂਧੀ ਦੇ ਇਸ ਵਿਸ਼ਵਾਸ ਤੇ ਮਨੁੱਖੀ-ਉੱਦਮ ਦਾ ਅਸਰ ਇਹ ਪਿਆ ਕਿ ਉਹ ਆਪਣੀ ਚੰਗੀ ਭਲੀ ਚਲਦੀ ਵਕਾਲਤ ਛੱਡ ਕੇ, ਖੱਦਰ ਪਾ ਕੇ, ਅੰਦੋਲਨ ਵਿਚ ਆ ਕੁੱਦੇ ਤੇ ਜੇਲ੍ਹ ਜਾ ਪਹੁੰਚੇ।
ਜਵਾਹਰ ਲਾਲ ਨੇ ਪਿਤਾ ਨੂੰ ਦਲੇਰ ਤੇ ਕਰਾਂਤੀਕਾਰੀ ਸਿੱਧ ਕਰਨ ਲਈ ਉਹਨਾਂ ਦੇ ਇਸ ਹਿਰਦੇ-ਪ੍ਰੀਵਰਤਨ ਦੀ ਵਿਆਖਿਆ ਸੈਯਦੈਨ ਨਾਲ ਇਕ ਮੁਲਾਕਾਤੀ ਗੱਲਬਾਤ ਵਿਚ ਇੰਜ ਕੀਤੀ ਹੈ, “ਉਹ ਗਾਂਧੀਜੀ ਵਰਗੇ ਮਹਾਪੁਰਸ਼ ਦੇ ਸੰਪਰਕ ਵਿਚ ਆਏ ਤੇ ਨਾਲ ਹੀ ਉਹਨਾਂ ਦੇ ਨਵੇਂ ਅੰਦੋਲਨ ਦੀ ਲਹਿਰ ਵਿਚ ਵਹਿ ਗਏ, ਜਿਹੜਾ ਗਾਂਧੀ ਨਾਲ ਭਾਰਤ ਵਿਚ ਆਇਆ ਸੀ।” (ਨਹਿਰੂ-ਸਮਰਿਤੀ ਅੰਕ, ਆਜਕਲ)
ਜਵਾਹਰ ਲਾਲ ਨੇ ਇੱਥੇ ਵੀ ਸੱਚ ਨੂੰ ਝੂਠਿਆਇਆ ਹੈ; ਬਡਰੂਪ ਕੀਤਾ ਹੈ। ਇਸ ਹਿਰਦੇ-ਪ੍ਰੀਵਰਤਨ ਦੇ ਰਹੱਸ ਨੂੰ ਸਮਝਣ ਲਈ ਉਹਨਾਂ ਦੀ ਆਪਣੀ ਆਤਮ ਕਥਾ 'ਮੇਰੀ ਕਹਾਣੀ' ਦਾ ਇਕ ਉਦਾਹਰਨ ਦੇਣਾ ਠੀਕ ਹੋਵੇਗਾ, ਜਿਸ ਨਾਲ ਹੋਰ ਵੀ ਬੜੀਆਂ ਗੱਲਾਂ ਸਪਸ਼ਟ ਹੋ ਜਾਣਗੀਆਂ।
“ਪਿਛਲੇ ਸਾਲ ਹਿੰਦੂ ਮਹਾਸਭਾ ਦੇ ਕੁਛ ਨੇਤਾਵਾਂ ਨੇ ਮੇਰੇ ਉੱਤੇ ਇਹ ਇਲਜ਼ਾਮ ਲਾਇਆ ਸੀ ਕਿ ਆਪਣੀ ਦੋਖੀ ਸਿਖਿਆ ਤੇ ਫ਼ਾਰਸੀ ਸੰਸਕ੍ਰਿਤੀ ਦੇ ਅਸਰ ਕਾਰਣ ਮੈਂ ਹਿੰਦੂਆਂ ਦੀਆਂ ਭਾਵਨਾਵਾਂ ਵੱਲੋਂ ਕੋਰਾ ਹਾਂ। ਮੈਂ ਕਿਸ ਸੰਸਕ੍ਰਿਤੀ ਦਾ ਘੜਿਆ ਹਾਂ ਜਾਂ ਮੇਰੀ ਕੋਈ ਸੰਸਕ੍ਰਿਤੀ ਹੈ ਵੀ ਜਾਂ ਨਹੀਂ, ਇਹ ਕਲਪਨਾ ਮੇਰੇ ਲਈ ਵੀ ਮੁਸ਼ਕਿਲ ਹੈ। ਮੰਦੇ ਭਾਗੀਂ ਫ਼ਾਰਸੀ ਜ਼ੁਬਾਨ ਤਾਂ ਮੈਂ ਜਾਣਦਾ ਵੀ ਨਹੀਂ। ਲੇਕਿਨ ਇਹ ਸਹੀ ਹੈ ਕਿ ਮੇਰੇ ਪਿਤਾ ਜੀ ਹਿੰਦੁਸਤਾਨੀ, ਫ਼ਾਰਸੀ-ਸੰਸਕ੍ਰਿਤੀ ਦੇ ਵਾਤਾਵਰਣ ਵਿਚ ਪਲੇ ਤੇ ਵੱਡੇ ਹੋਏ ਹਨ। ਇਹ ਸੰਸਕ੍ਰਿਤੀ ਉਤਰ ਭਾਰਤ ਨੂੰ ਦਿੱਲੀ ਦੇ ਪੁਰਾਣੇ ਦਰਬਾਰ ਤੋਂ ਵਿਰਾਸਤ ਵਿਚ ਮਿਲੀ ਸੀ ਤੇ ਅੱਜ ਦੇ ਇਹਨਾਂ ਵਿਗੜੇ ਹੋਏ ਦਿਨਾਂ ਵਿਚ ਵੀ ਦਿੱਲੀ ਤੇ ਲਖ਼ਨਊ ਉਸਦੇ ਖ਼ਾਸ ਕੇਂਦਰ ਹਨ। ਕਸ਼ਮੀਰੀ ਬ੍ਰਹਮਣਾ ਵਿਚ ਸਮੇਂ ਦੇ ਅਨੁਕੂਲ ਢਲ ਜਾਣ ਦੀ ਅਦਭੁਤ ਸ਼ਕਤੀ ਹੈ। ਹਿੰਦੁਸਤਾਨ ਦੇ ਮੈਦਾਨਾਂ ਵਿਚ ਆਣ ਕੇ ਜਦ ਉਹਨਾਂ ਉਹਨੀਂ ਦਿਨੀ ਇਹ ਦੇਖਿਆ ਕਿ ਐਸੀ ਸੰਸਕ੍ਰਿਤੀ ਦਾ ਬੋਲਬਾਲਾ ਹੈ ਤਾਂ ਉਹਨਾਂ ਉਸਨੂੰ ਅਖ਼ਤਿਆਰ ਕਰ ਲਿਆ ਤੇ ਉਹਨਾਂ ਵਿਚ ਉਰਦੂ ਤੇ ਫ਼ਾਰਸੀ ਦੇ ਮਹਾਪੰਡਿਤ ਪੈਦਾ ਹੋਏ। ਉਸ ਪਿੱਛੋਂ ਉਹਨਾਂ ਓਨੀ ਤੇਜੀ ਨਾਲ ਹੀ ਨਵੀਂ ਸੰਸਕ੍ਰਿਤੀ ਅਨੁਸਾਰ ਆਪਣੇ ਆਪ ਨੂੰ ਢਾਲ ਲਿਆ। ਜਦ ਅੰਗਰੇਜ਼ੀ ਭਾਸ਼ਾ ਜਾਣਨਾ ਤੇ ਯੂਰੋਪੀਅਨ ਸੰਸਕ੍ਰਿਤੀ ਨੂੰ ਅਪਣਾਉਣਾ ਜ਼ਰੂਰੀ ਹੋ ਗਿਆ, ਤਦ ਉਹਨੂੰ ਵੀ ਉਹਨਾਂ ਗ੍ਰਹਿਣ ਕਰ ਲਿਆ। ਲੇਕਿਨ ਹੁਣ ਵੀ ਹਿੰਦੁਸਤਾਨ ਦੇ ਕਸ਼ਮੀਰੀਆਂ ਵਿਚ ਫ਼ਾਰਸੀ ਦੇ ਕਈ ਉੱਘੇ ਵਿਦਵਾਨ ਹਨ। ਇਹਨਾਂ ਵਿਚੋਂ ਦੋ ਦੇ ਨਾਂ ਲਏ ਜਾ ਸਕਦੇ ਹਨ—ਸਰ ਤੇਜ ਬਹਾਦੁਰ ਤੇ ਰਾਜਾ ਨਰੇਂਦਰਨਾਥ।”
ਸਮੇਂ ਦੇ ਅਨੁਕੂਲ ਢਲ ਜਾਣਾ—ਰੰਗ ਬਦਲਣਾ—ਗਿਰਗਿਟ ਦਾ ਸੁਭਾਅ ਹੁੰਦਾ ਹੈ। ਕਸ਼ਮੀਰੀ ਬ੍ਰਾਹਮਣਾ ਦਾ ਸੁਭਾਅ ਵੀ ਬਿਲਕੁਲ ਇਹੀ ਰਿਹਾ ਹੈ। ਜਦੋਂ ਆਪਣੇ ਰਾਜ ਸਨ ਤਾਂ ਉਹ ਸੰਸਕ੍ਰਿਤ ਪੜ੍ਹ ਕੇ ਉਹਨਾਂ ਦੀ ਰਾਜਦਰਬਾਰੀ ਕਰਦੇ ਸਨ, ਜਦੋਂ ਤੁਰਕ ਆਏ ਤਾਂ ਫ਼ਾਰਸੀ ਪੜ੍ਹ ਕੇ ਉਹਨਾਂ ਦੇ ਹੋ ਗਏ ਤੇ ਅੰਗਰੇਜ਼ ਆਏ ਤਾਂ ਅੰਗਰੇਜ਼ੀ ਸਿਖ ਕੇ ਉਹਨਾਂ ਦੇ। ਉਹਨਾਂ ਦੀ ਨਜ਼ਰ ਵਿਚ ਸਿਖਿਆ ਦਾ ਇੱਕੋਇੱਕ ਅਰਥ—ਦਰਬਾਰ ਤੀਕ ਪਹੁੰਚ ਬਣਾਉਣਾ ਸੀ। ਮੋਤੀਲਾਲ ਨਹਿਰੂ ਅੰਗਰੇਜ਼ਾਂ ਦੀ ਪੱਛਮੀ ਸਭਿਅਤਾ ਵਿਚ ਢਲੇ ਹੋਏ ਵਿਅਕਤੀ ਸਨ। ਅੰਗਰੇਜ਼ੀ ਸਿਖਿਆ ਵਾਂਗ, ਮਾਡਰੇਟ ਰਾਜਨੀਤੀ ਵੀ ਦਰਬਾਰ ਤਕ ਪਹੁੰਚਣ ਦਾ ਢੰਗ ਸੀ—ਧਨ ਤੇ ਮਾਣ ਇੱਜ਼ਤ ਕਮਾਉਣ ਦਾ ਇਕ ਲਾਭਵੰਤ ਸਾਧਨ। ਇਸ ਲਈ ਉਹਨਾਂ ਦੀ ਮਹੰਤੀ ਇੱਛਾ ਸ਼ਕਤੀ ਉਹਨਾਂ ਨੂੰ ਰਾਜਨੀਤੀ ਵਿਚ ਲੈ ਆਈ—ਤੇ ਵੀਹਵੀਂ ਸਦੀ ਦੇ ਯੁੱਧ ਬਾਅਦ ਦੂਜੇ ਦਹਾਕੇ ਤਕ, ਜਿਹੜੇ ਹਾਲਾਤ ਬਣ ਗਏ ਸਨ, ਉਹਨਾਂ ਵਿਚ ਮਹੰਤੀ ਇੱਛਾ ਸ਼ਕਤੀ ਲਈ ਖੱਦਰ ਪਾਉਣਾ ਤੇ ਸਤਿਆਗ੍ਰਹਿ ਕਰਕੇ ਜੇਲ੍ਹ ਜਾਣਾ ਜ਼ਰੂਰੀ ਸੀ।
ਅਸਾਧਾਰਣ ਸਫਲਤਾ ਪ੍ਰਾਪਤ ਕਰਨ ਦੀ ਤੇ ਉੱਚਾ ਉੱਠਣ ਦੀ ਇਹ ਮਹੰਤੀ ਇੱਛਾ ਸ਼ਕਤੀ ਜਵਾਹਰ ਲਾਲ ਨੂੰ ਵਿਰਸੇ ਵਿਚ ਮਿਲੀ ਸੀ। ਪਰ ਜਵਾਹਰ ਲਾਲ ਦਾ ਪਾਲਨ-ਪੋਸ਼ਣ ਤੇ ਸਿਖਿਆ-ਦੀਕਸ਼ਾ ਜਿਹਨਾਂ ਪ੍ਰਸਥਿਤੀਆਂ ਵਿਚ ਹੋਈ, ਉਹ ਮੋਤੀਲਾਲ ਦੇ ਪਾਲਨ-ਪੋਸ਼ਣ ਤੇ ਸਿਖਿਆ-ਦੀਕਸ਼ਾ ਦੀਆਂ ਪ੍ਰਸਥਿਤੀਆਂ ਨਾਲੋਂ ਬਿਲਕਲ ਅੱਡਰੀ-ਵੱਖਰੀ ਸੀ ਤੇ ਜਵਾਹਰ ਲਾਲ ਦਾ ਆਪਣੇ ਬਾਰੇ ਵਿਚ ਇਹ ਕਹਿਣਾ ਕਿ 'ਮੈਂ ਕਿਸ ਸੰਸਕ੍ਰਿਤੀ ਦਾ ਘੜਿਆ ਹਾਂ ਜਾਂ ਮੇਰੀ ਕੋਈ ਸੰਸਕ੍ਰਿਤੀ ਹੈ ਵੀ ਜਾਂ ਨਹੀਂ, ਇਹ ਕਹਿਣਾ ਮੇਰੇ ਲਈ ਮੁਸ਼ਕਿਲ ਹੈ', ਠੀਕ ਹੀ ਹੈ। ਕਾਰਣ ਇਹ ਕਿ ਜਦੋਂ ਉਹਨਾਂ ਅੱਖ ਖੋਹਲੀ ਤਾਂ ਘਰ ਦਾ ਰਹਿਣ-ਸਹਿਣ ਤੇ ਵਾਤਾਵਰਣ ਪੱਛਮੀ ਸਾਂਚੇ ਵਿਚ ਢਲ ਚੁੱਕਿਆ ਸੀ। ਇਸ ਲਈ ਉਹਨਾਂ ਦੀ ਸਿਖਿਆ ਬਚਪਨ ਤੋਂ ਹੀ ਅੰਗਰਜ਼ੀ ਢੰਗ-ਤਰੀਕੇ ਨਾਲ ਹੋਈ ਸੀ। ਫੇਰ 15 ਤੋਂ 22  ਸਾਲ ਤਕ ਦਾ ਨਾਬਾਲਿਕਪਨ ਤੇ ਨੌਜਵਾਨੀ ਦਾ ਸਮਾਂ ਜਿਹੜਾ ਸਿਖਿਆ ਤੇ ਭਾਵੀ ਜੀਵਨ ਦੀ ਨੀਂਹ ਮਜ਼ਬੂਤ ਕਰਨ ਦਾ ਹੁੰਦਾ ਹੈ, ਇੰਗਲੈਂਡ ਦੇ ਹੈਰੋ, ਕੈਂਬ੍ਰਿਜ ਤੇ ਇਨਰ ਟੈਂਪਿਲ ਵਿਚ ਬੀਤਿਆ। ਉੱਥੇ ਉਹਨਾਂ ਨਾ ਸਿਰਫ ਅੰਗਰੇਜ਼ੀ ਸਾਹਿਤ, ਸੰਵਿਧਾਨਕ ਇਤਿਹਾਸ, ਕਾਨੂੰਨ ਤੇ ਸਾਮਾਜਿਕ ਦਰਸ਼ਨ ਦੀ ਸਿਖਿਆ ਗ੍ਰਹਿਣ ਕੀਤੀ ਬਲਕਿ 'ਕਸ਼ਮੀਰੀ ਬ੍ਰਾਹਮਣਾ ਵਾਲੀ ਸਮੇਂ ਦੇ ਅਨੁਕੂਲ ਹੋ ਜਾਣ ਦੀ ਅਦਭੁੱਤ ਸ਼ਕਤੀ' ਨਾਲ ਆਪਣੇ ਆਪ ਨੂੰ ਵਾਤਾਵਰਣ ਦੇ ਅਨੁਕੂਲ ਢਾਲਿਆ ਵੀ ਤੇ ਪੱਛਮੀ ਸਭਿਅਤਾ ਦੇ ਉਹ ਸਾਰੇ ਗੁਣ ਭਲੀ-ਭਾਂਤੀ ਆਤਮਾ ਵਿਚ ਸਮੋ ਲਏ, ਜਿਹੜੇ ਪਿਤਾ ਦੇ ਗੁਣਾ ਨਾਲੋਂ ਯਕਦਮ ਭਿੰਨ ਸਨ ਤੇ ਜਿਹਨਾਂ ਕਰਕੇ ਉਹਨਾਂ ਨੂੰ ਅੱਗੇ ਚੱਲ ਕੇ ਦੇਸ਼ ਦੀ ਰਾਜਨੀਤੀ ਵਿਚ ਅਸਾਧਾਰਣ ਸਫਲਤਾ ਪ੍ਰਪਾਤ ਕਰਕੇ—ਉੱਚਾ ਉੱਠਣ ਵਿਚ ਅਦਭੁਤ ਸਫਲਤਾ ਵੀ ਮਿਲੀ।
ਇਸ ਨਿੱਘਰ ਰਹੀ ਸਾਮਰਾਜਵਾਦੀ ਪੱਛਮੀ ਸਭਿਅਤਾ ਨੇ, ਜਿਸ ਨੇ ਆਪਣੇ ਹੀ ਨੈਤਿਕ ਮੁੱਲਾਂ ਤੇ ਵਿਗਿਆਨਕ ਸੱਚ ਨੂੰ ਛਿੱਕੇ-ਟੰਗ ਰਖਿਆ ਸੀ ਤੇ ਸਾਮਰਾਜ ਦੇ ਵਿਸਥਾਰ ਲਈ ਹਰੇਕ ਤਰ੍ਹਾਂ ਦੀ ਧੋਖਾਧੜੀ, ਕੂੜ-ਕਪਟ ਤੇ ਧਾਰਮਿਕ ਪਾਖੰਡ ਨੂੰ ਜਾਇਜ਼ ਮੰਨਿਆਂ ਹੋਇਆ ਸੀ ਤੇ ਜਿਸਨੇ 'ਇਸ ਦੁਨੀਆਂ ਦੇ ਹਰੇਕ ਸੱਚ ਨੂੰ ਝੂਠ, ਝੂਠ ਨੂੰ ਸੱਚ', ਐਲਾਨਣ ਵਾਲਾ ਨੀਤਸੇ ਵਰਗਾ ਸਨਕੀ ਦਾਰਸ਼ਨਿਕ ਤੇ 'ਕਲਾ, ਕਲਾ ਲਈ' ਦਾ ਰਾਗ ਅਲਾਪਣ ਵਾਲੇ ਆਸਕਰ ਵਾਈਲਡ ਤੇ ਵਾਲਟਰ ਪੇਟਰ ਵਰਗੇ ਪ੍ਰਤੀਕ੍ਰਿਆਵਾਦੀ ਲੇਖਕ ਪੈਦਾ ਕੀਤੇ ਸਨ, ਕਥਨੀ ਤੇ ਕਰਨੀ ਦੇ ਅੰਦਰ ਨੂੰ ਇਕ ਘਿਰਣਤ ਦੋਸ਼ ਦੀ ਬਜਾਏ ਰਾਜਨੀਤਕਾਂ ਤੇ ਹਾਕਮਾਂ ਦਾ ਬਹੁਤ ਵੱਡਾ ਗੁਣ ਬਣਾਅ ਦਿੱਤਾ ਸੀ। ਬ੍ਰਿਟਿਸ਼ ਸਿਖਿਆ ਪ੍ਰਣਾਲੀ ਅਜਿਹੇ ਰਾਜਨੇਤਾ ਤੇ ਹਾਕਮ ਤਿਆਰ ਕਰ ਰਹੀ ਸੀ। ਉੱਚ ਵਰਗ ਦੇ ਹਿੰਦੁਸਤਾਨੀ ਵਿਦਿਆਰਥੀ, ਜਿਹੜੇ ਵਲਾਇਤ ਪੜ੍ਹਨ ਲਈ ਜਾਂਦੇ ਸਨ, ਇਹੋ ਗੁਣ ਧਾਰਣ ਕਰਦੇ ਸਨ। ਉਦਾਹਰਨ ਲਈ ਆਪਣੇ ਕੈਂਬ੍ਰਿਜ ਦੇ ਸਾਥੀਆਂ ਬਾਰੇ ਜਵਾਹਰ ਲਾਲ ਨੇ ਹੀ ਲਿਖਿਆ ਹੈ...:
“ਮਜਲਿਸ ਵਿਚ ਤੇ ਨਿੱਜੀ ਗੱਲਬਾਤ ਸਮੇਂ ਹਿੰਦੁਸਤਾਨ ਦੀ ਰਾਜਨੀਤੀ ਉਪਰ ਚਰਚਾ ਕਰਦੇ ਹੋਏ ਹਿੰਦੁਸਤਾਨੀ ਵਿਦਿਆਰਥੀ ਬੜੇ ਗਰਮ ਤੇ ਭਖ਼ਵੇਂ ਸ਼ਬਦਾਂ ਦੀ ਵਰਤੋਂ ਕਰਦੇ ਸਨ, ਇੱਥੋਂ ਤਕ ਕਿ ਬੰਗਾਲ ਵਿਚ ਜਿਹੜੀ ਹਿੰਸਕ ਕਾਰਵਾਈ ਸ਼ੁਰੂ ਹੋਈ ਹੋਈ ਸੀ, ਉਸਦੀ ਵੀ ਤਾਰੀਫ਼ ਕਰਦੇ। ਲੇਕਿਨ ਬਾਅਦ ਵਿਚ ਮੈਂ ਦੇਖਿਆ ਕਿ ਇਹੀ ਲੋਕ ਕੁਛ ਤਾਂ ਇੰਡੀਅਨ ਸਿਵਲ ਸਰਵਸਿਸ ਦੇ ਮੈਂਬਰ ਬਣੇ, ਕੁਛ ਹਾਈਕੋਰਟ ਦੇ ਜੱਜ—ਕੁਛ ਬੜੇ ਧੀਰ ਗੰਭੀਰ ਬੈਰਿਸਟਰ ਆਦੀ ਬਣੇ। ਇਹਨਾਂ ਆਰਾਮ ਘਰਾਂ ਦੇ ਅੱਗ-ਭਬੂਕਿਆਂ ਵਿਚੋਂ ਕਿਸੇ ਭਬੂਕੇ ਨੇ ਵੀ, ਜੇ ਹੀ, ਹਿੰਦੁਸਤਾਨ ਦੇ ਰਾਜਨੀਤਕ ਅੰਦੋਲਨ ਵਿਚ ਹਿੱਸਾ ਲਿਆ ਹੋਏਗਾ।” (ਮੇਰੀ ਕਹਾਣੀ)
ਜੇ ਅਸੀਂ ਪਿਉ-ਪੁੱਤਰ ਦੇ ਬੁਨਿਆਦੀ ਫ਼ਰਕ ਨੂੰ ਸਮਝਣਾ ਹੈ ਤਾਂ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਵਾਹਰ ਲਾਲ ਵੀ ਇਸੇ ਆਰਾਮ ਘਰ ਦਾ ਇਕ 'ਅੱਗ-ਭਬੂਕਾ' ਸੀ।  ਉਹਨੀਂ ਦਿਨੀ ਇਹਨਾਂ ਲੋਕਾਂ ਲਈ ਬ੍ਰਿਟਿਸ਼ ਸਰਵਸਿਸ ਬੜਾ ਵੱਡਾ ਅਕਰਖਣ ਸਨ। ਪਰ ਪਿਤਾ ਦੇ ਰੱਜੇ-ਪੁੱਜੇ ਜੀਵਨ ਤੇ ਅਸਾਧਾਰਣ ਸਫਲਤਾ ਦਾ ਉਦਾਹਰਨ ਸਾਹਮਣੇ ਸੀ ਤੇ ਪਿਤਾ ਤੋਂ ਵੀ ਅੱਗੇ ਲੰਘਣ ਦੀ ਮਹੰਤੀ ਇੱਛਾ ਮਨ ਵਿਚ। ਇਸ ਲਈ ਉਹਨਾਂ ਨੇ ਵਕਾਲਤ, ਨਹੀਂ, ਬਲਕਿ ਇੰਜ ਕਹੀਏ ਕਿ ਰਾਜਨੀਤੀ ਨੂੰ 'ਕੈਰੀਅਰ' ਬਣਾਇਆ...ਤੇ ਅਸੀਂ ਦੇਖਿਆ ਕਿ ਜਵਾਹਰ ਲਾਲ ਨੇ ਸ਼ੁਰੂ ਤੋਂ ਹੀ ਸੋਚ-ਸਮਝ ਕੇ ਖੱਬਿਆਂ ਵਾਲੀਆਂ ਗਰਮਾ-ਗਰਮ ਗੱਲਾਂ ਕਰਨ ਤੇ ਸੱਜਿਆਂ ਨਾਲ ਚੱਲਣ ਦੀ ਦੁਹਰੀ ਨੀਤੀ ਆਪਣਾਈ।
ਸ਼ੁਰੂ ਵਿਚ ਬ੍ਰਿਟਿਸ਼ ਲਿਬਰਲ ਪਾਰਟੀ ਉਹਨਾਂ ਦਾ ਆਦਰਸ਼ ਸੀ। ਪਹਿਲੇ ਸੰਸਾਰ ਯੁੱਧ ਪਿੱਛੋਂ ਮਜ਼ਦੂਰ ਦਲ ਨੇ ਉਸਦੀ ਜਗ੍ਹਾ ਲੈ ਲਈ ਤੇ ਜਾਨ ਲੈਂਸਬਰੀ, ਰੇਮਜੇ ਮੇਕਡਾਨਲਡ ਤੇ ਜਾਨ ਸਟ੍ਰੇਚੀ ਆਦੀ ਦੁਹਰੇ ਚਰਿੱਤਰ ਦੇ ਅਨੇਕਾਂ ਨੇਤਾ ਪੈਦਾ ਕੀਤੇ।
ਜਵਾਹਰ ਲਾਲ ਨੇ 'ਹਿੰਦੁਸਤਾਨ ਕੀ ਕਹਾਣੀ' (ਹਿਸਟਰੀ ਆਫ ਇੰਡੀਆ) ਵਿਚ 'ਵਰਣ ਵਿਵਸਥਾ ਕੇ ਆਰੰਭ' ਉੱਤੇ ਵਿਚਾਰ ਕਰਦਿਆਂ ਹੋਇਆਂ ਲਿਖਿਆ ਹੈ : “ਖ਼ਤਰੀ ਹੋਏ; ਜਿਹੜੇ ਹਕੂਮਤ ਕਰਦੇ ਸਨ ਜਾਂ ਯੁੱਧ ਕਰਦੇ ਸਨ, ਬ੍ਰਾਹਮਣ ਬਣੇ, ਜਿਹੜੇ ਪ੍ਰੋਹਿਤੀ ਕਰਦੇ ਸਨ, ਵਿਚਾਰਕ ਸਨ, ਜਿਹਨਾਂ ਦੇ ਹੱਥ ਵਿਚ ਨੀਤੀ ਦੀ ਬਾਗਡੋਰ ਸੀ ਤੇ ਜਿਹਨਾਂ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹ ਜਾਤੀ ਦੇ ਆਦਰਸ਼ਾਂ ਦੀ ਰੱਖਿਆ ਕਰਨਗੇ।” ਬ੍ਰਾਹਮਣਾ ਦਾ ਇਕ ਹੋਰ ਵੀ ਕੰਮ ਸੀ, “ਤੇ ਕੋਈ ਵੀ ਸ਼ਖ਼ਸ, ਜਿਹੜਾ ਲੜ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਤਾਕਤ ਆਪਣੀ ਮੁੱਠੀ ਵਿਚ ਕਰ ਲੈਂਦਾ ਸੀ, ਜੇ ਉਹ ਚਾਹੇ, ਖ਼ਤਰੀਆਂ ਵਿਚ ਸ਼ਾਮਿਲ ਹੋ ਸਕਦਾ ਸੀ, ਤੇ ਪ੍ਰੋਹਿਤਾਂ ਜ਼ਰੀਏ ਆਪਣੀ ਵੰਸ਼ਾਵਲੀ ਤਿਆਰ ਕਰਵਾ ਸਕਦਾ ਸੀ, ਜਿਸ ਵਿਚ ਉਸਦਾ ਤਾਅਲੁਕ ਕਿਸੇ ਪ੍ਰਾਚੀਨ ਆਰੀਆ ਸ਼ੂਰਵੀਰ ਨਾਲ ਦਿਖਾਅ ਦਿੱਤਾ ਜਾਂਦਾ ਸੀ।”
ਜਵਾਹਰ ਲਾਲ ਵਿਚ ਆਪਣੇ ਪ੍ਰੋਹਿਤ ਕੁਲ਼ ਦੇ ਇਹ ਦੋਵੇਂ ਗੁਣ ਸਨ, ਜਿਹਨਾਂ ਨੂੰ ਉਹਨਾਂ ਆਪਣੀ ਅਧੁਨਿਕ ਸਿਖਿਆ ਤੇ ਦੁਹਰੀ ਨੀਤੀ ਦੇ ਅਨੁਸਾਰ ਢਾਲਿਆ। ਉਹ ਬਿਨਾਂ ਸ਼ੱਕ ਇਕ ਵਿਚਾਰਕ ਸਨ, ਉਹਨਾਂ ਨੇ ਪਿਤਾ ਨਾਲੋਂ ਵੀ ਵੱਧ ਉੱਚੀ ਸਿਖਿਆ ਪ੍ਰਾਪਤ ਕੀਤੀ ਸੀ ਤੇ ਦੇਸ਼ ਦੀ ਆਜ਼ਾਦੀ ਦੇ ਆਦਰਸ਼ਾਂ ਨਾਲ ਨਾ ਸਿਰਫ ਇਸ ਸਿਖਿਆ ਦਾ ਨਾਤਾ ਜੋੜਿਆ ਬਲਕਿ ਜਿਵੇਂ ਜਿਵੇਂ ਇਹ ਆਦਰਸ਼ ਬਦਲਦੇ ਗਏ ਇਹ ਵੀ ਆਪਣੇ ਆਪ ਨੂੰ ਮਾਨਸਿਕ ਰੂਪ ਵਿਚ ਬਦਲਦੇ ਰਹੇ ਤੇ ਇਸ ਸੰਬੰਧ ਨੂੰ ਬਰਾਬਰ ਬਣਾਈ ਰੱਖਿਆ। ਉਦਾਹਰਨ ਵਜੋਂ 1926-27 ਦੀ ਵਿਦੇਸ਼ ਯਾਤਰਾ ਦੌਰਾਨ ਜਦੋਂ ਉਹਨਾਂ ਦੇਖਿਆ ਕਿ ਸਮਾਜਵਾਦ ਦੁਨੀਆਂ ਦੀ ਇਕ ਜਬਰਦਸਤ ਸ਼ਕਤੀ ਬਣ ਚੁੱਕਿਆ ਹੈ ਤੇ ਮਾਰਕਸਵਾਦੀ ਦਰਸ਼ਨ ਨਾ ਸਿਰਫ ਯੂਰਪ ਤੇ ਅਮਰੀਕਾ ਦੇ ਬੁੱਧੀਜੀਵੀਆਂ ਨੂੰ ਬਲਕਿ ਉਪਨਿਵੇਸ਼ਾਂ ਦੀ ਸੰਘਰਸ਼ਰੱਤੀ ਜਨਤਾ ਨੂੰ ਵੀ ਖਾਸਾ ਪ੍ਰਭਾਵਿਤ ਕਰ ਰਿਹਾ ਹੈ ਤਾਂ ਉਹਨਾਂ ਵੀ ਸਵਦੇਸ਼ ਆ ਕੇ ਸਮਾਜਵਾਦ ਦਾ ਰਾਗ ਅਲਾਪਣਾ ਤੇ ਨੋਜਵਾਨਾਂ ਤੇ ਮਜ਼ਦੂਰਾਂ ਦੇ ਅੰਦੋਲਨ ਵਿਚ ਖੁੱਲ੍ਹ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।
ਦੂਜਾ ਆਪਣੀ ਵਿਚਾਰ ਸ਼ਕਤੀ ਨਾਲ ਜਵਾਹਰ ਲਾਲ ਨੇ ਸ਼ੁਰੂ ਤੋਂ ਹੀ ਸਮਝ ਲਿਆ ਸੀ ਸੱਜੀ ਰਾਜਨੀਤੀ ਦਾ ਅਸਲ ਨੇਤਾ ਗਾਂਧੀ ਹੈ ਤੇ ਝੱਟ ਉਸਦਾ ਪੱਲਾ ਫੜ੍ਹ ਲਿਆ ਸੀ। ਇਸ ਪਿੱਛੋਂ ਕਿਸੇ ਵੀ ਹਾਲਤ ਵਿਚ , ਪਿਤਾ ਦੇ ਨਾਰਾਜ਼ ਹੋ ਜਾਣ ਦੇ ਬਾਵਜੂਦ ਵੀ ਉਸਦਾ ਸਾਥ ਨਹੀਂ ਸੀ ਛੱਡਿਆ। ਨਾ ਸਿਰਫ ਸਾਥ ਹੀ ਨਹੀਂ ਛੱਡਿਆ ਬਲਕਿ ਉਸਦੀ ਮਹਾਤਮਾਈ ਦੀ ਵੰਸ਼ਾਵਲੀ ਵੀ ਤਿਆਰ ਕੀਤੀ ਤੇ ਉਸਦਾ ਸੰਬੰਧ ਜਨਤਾ ਦੀ ਪ੍ਰੰਪਰਾਗਤ ਭਾਵਨਾਂ ਨਾਲ ਜੋੜ ਦਿੱਤਾ। ਲਿਖਿਆ ਹੈ...:
“ਕਿਸੇ ਨਾ ਕਿਸੇ ਕਿਸਮ ਦੀ ਤੱਪਸਿਆ ਦਾ ਖ਼ਿਆਲ ਹਿੰਦੁਸਤਾਨ ਦੀ ਵਿਚਾਰਧਾਰਾ ਦਾ ਇਕ ਅੰਗ ਹੈ ਤੇ ਅਜਿਹਾ ਖ਼ਿਆਲ ਨਾ ਸਿਰਫ ਚੋਟੀ ਦੇ ਵਿਚਾਰਕਾਂ ਦੇ ਕੋਲ ਹੀ ਹੈ ਬਲਕਿ ਸਾਧਾਰਣ ਅਣਪੜ੍ਹ ਜਨਤਾ ਵਿਚ ਵੀ ਫੈਲਿਆ ਹੋਇਆ ਹੈ। ਹਜ਼ਾਰਾਂ ਵਰ੍ਹੇ ਪਹਿਲਾਂ ਇਹ ਗੱਲ ਹੁੰਦੀ ਸੀ ਤੇ ਅੱਜ ਵੀ ਇਹ ਉਹੀ ਗੱਲ ਹੈ। ਤੇ ਜੇ ਗਾਂਧੀ ਦੀ ਰਾਹਨੁਮਾਈ ਵਿਚ ਹਿੰਦੁਸਤਾਨ ਨੂੰ ਹਿਲਾਅ ਦੇਣ ਵਾਲੀ ਜਨਤਾ ਦੇ ਅੰਦੋਲਨ ਪਿੱਛੇ ਜਿਹੜੀ ਮਨੋਬਿਰਤੀ ਕੰਮ ਕਰਦੀ ਹੈ, ਉਸਨੂੰ ਅਸੀਂ ਸਮਝਣਾ ਚਾਹੀਏ ਤਾਂ ਜ਼ਰੂਰੀ ਹੈ ਕਿ ਅਸੀਂ ਇਸ ਖ਼ਿਆਲ ਨੂੰ ਸਮਝ ਲਈਏ।”
          (ਹਿੰਦੁਸਤਾਨ ਕੀ ਕਹਾਣੀ)

ਕੋਈ ਵੀ ਨੇਤਾ ਜਦੋਂ ਤਕ ਆਪਣੇ ਅਤੀਤ, ਪ੍ਰੰਪਰਾ ਤੇ ਜਨਤਾ ਦੀ ਮਨੋਬਿਰਤੀ ਨੂੰ ਨਾ ਸਮਝ ਲਏ, ਰਾਜਨੀਤੀ ਕੀ, ਕਿਸੇ ਖੇਤਰ ਵਿਚ ਵੀ ਸਫਲ ਨਹੀਂ ਹੋ ਸਕਦਾ। ਇੱਥੋਂ ਤਕ ਕਿ ਜਿਹੜੇ ਅੰਗਰੇਜ਼ ਹਿੰਦੁਸਤਾਨ ਵਿਚ ਹਾਕਮ ਬਣ ਕੇ ਆਉਂਦੇ ਸਨ ਉਹਨਾਂ ਲਈ ਹਿੰਦੁਸਤਾਨ ਦਾ ਇਤਿਹਾਸ ਤੇ ਦਰਸ਼ਨ ਪੜ੍ਹਨਾ ਲਾਜ਼ਮੀ ਹੁੰਦਾ ਸੀ। ਜਵਾਹਰ ਲਾਲ ਨੇ ਵੀ ਦੇਸ਼ ਦੇ ਇਤਿਹਾਸ ਦਾ ਅਧਿਅਨ ਕੀਤਾ ਤੇ ਉਸਨੂੰ ਆਪਣੇ ਢੰਗ ਨਾਲ ਲਿਖਿਆ ਤੇ 'ਆਮ ਲੋਕਾਂ ਦੇ ਅੰਧਵਿਸ਼ਵਾਸ ਦੀ ਨੀਂਹ ਉੱਤੇ ਆਪਣੀ ਤੇ ਗਾਂਧੀ ਦੀ ਪ੍ਰਸਿੱਧੀ ਦੇ ਕਿਲੇ ਉਸਾਰੇ।'
ਇੱਥੇ ਇਹ ਗੱਲ ਵੀ ਕਰ ਲੈਣੀ ਬਣਦੀ ਹੈ ਕਿ ਮੋਹਨਦਾਸ ਕਰਮਚੰਦ ਗਾਂਧੀ ਤੇ ਜਵਾਹਰ ਲਾਲ ਨਹਿਰੂ ਦੋਵਾਂ ਦੀ ਸਿਖਿਆ/ਸਿਖਲਾਈ ਲੰਦਨ ਵਿਚ ਹੋਈ ਸੀ। ਜਿਹੜੇ ਭਾਰਤੀ ਵਿਦਿਆਰਥੀ ਉੱਥੇ ਪੜ੍ਹਨ ਜਾਂਦੇ ਸਨ, ਚਾਲਾਕ ਬ੍ਰਿਟਿਸ਼ ਹਕੂਮਤ ਉਹਨਾਂ ਦੀਆਂ ਗਤੀਵਿਧੀਆਂ ਦਾ ਪੂਰਾ ਰਿਕਾਰਡ ਰੱਖਦੀ ਸੀ ਤੇ ਉਹਨਾਂ ਦੇ ਵਰਗ-ਚਰਿੱਤਰ ਤੇ ਖ਼ਾਨਦਾਨੀ ਸੁਭਾਅ ਅਨੁਸਾਰ ਉਹਨਾਂ ਨੂੰ ਵੱਡਾ ਅਫ਼ਸਰ ਜਾਂ ਵੱਡਾ ਨੇਤਾ ਬਣਾਅ ਕੇ ਆਪਣੇ ਸਾਮਰਾਜਵਾਦੀ ਹਿਤ ਲਈ ਇਸਤੇਮਾਲ ਕਰਦੀ ਸੀ। ਗਾਂਧੀ ਤੇ ਨਹਿਰੂ ਦੋਵਾਂ ਦਾ ਜਨਮ ਅਜਿਹੇ ਪਰਿਵਾਰਾਂ ਵਿਚ ਹੋਇਆ ਸੀ, ਜਿਹਨਾਂ ਦਾ ਪੇਸ਼ਾ ਹੀ ਦਰਬਾਰਦਾਰੀ ਸੀ। ਗਾਂਧੀ ਨੂੰ ਰਾਜ-ਨਿਸ਼ਠਾ ਦੇ ਨਾਲ ਧਰਮ-ਨਿਸ਼ਠਾ ਵੀ (ਰਾਜੇ ਤੇ ਧਰਮ ਪ੍ਰਤੀ ਵਫ਼ਾਦਾਰੀ-ਅਨੁ. ਮ.ਬੇਦੀ) ਘੁੱਟੀ ਵਿਚ ਮਿਲੀ ਸੀ, ਇਸ ਲਈ ਉਸਨੂੰ 'ਮਹਾਤਮਾ' ਬਣਾ ਕੇ ਤੇ ਜਵਾਹਰ ਲਾਲ ਨੂੰ, ਜਿਸਨੂੰ ਰਾਜ-ਨਿਸ਼ਠਾ ਤੇ ਧਰਮ-ਨਿਰਪੱਖਤਾ ਵਿਰਾਸਤ ਵਿਚ ਮਿਲੀ ਸੀ, ਸਮਾਜਵਾਦੀ ਬਣਾ ਕੇ ਕਰਾਂਤੀਕਾਰੀ ਸ਼ਕਤੀਆਂ ਦੇ ਖ਼ਿਲਾਫ਼ ਇਸਤੇਮਾਲ ਕੀਤਾ ਗਿਆ। ਉਤਰ ਪ੍ਰਦੇਸ਼ ਖ਼ੁਫੀਆ ਵਿਭਾਗ ਦੇ ਰਿਟਾਇਡ ਅਫ਼ਸਰ ਧਰਮੇਂਦਰ ਗੌਡ ਆਪਣੀ 'ਆਜ਼ਾਦੀ ਕੇ ਗੱਦਾਰ ਸਾਥੀ' ਪੁਸਤਕ ਵਿਚ ਇਹ ਰਹੱਸ ਇੰਜ ਖੋਲ੍ਹਿਆ ਹੈ...:
“ਮਹਾਨ ਹੈਰਾਨੀ-ਭਰਪੂਰ ਇਕ ਟਾਪ ਸੀਕ੍ਰੇਟ ਐਂਡ ਪਰਸਨਲ ਡੀ.ਓ.ਲੈਟਰ ਵੀ ਦੇਖਣ ਲਈ ਮਿਲਿਆ। ਡਾਇਰੈਕਟਰ ਇਮਪੀਰੀਅਲ ਬਿਊਰੋ ਨੇ ਸੰਯੁਕਤ-ਪ੍ਰਾਂਤ ਦੇ ਇੰਟਸਪੈਕਟਰ ਜਨਰਲ ਨੂੰ ਲਿਖਿਆ ਸੀ, '...ਕਰਾਂਤੀਕਾਰੀਆਂ ਤੇ ਆਤੰਕਵਾਦੀਆਂ ਤੋਂ ਭਾਰਤੀ ਨੌਜਵਾਨ ਕਾਫੀ ਪ੍ਰਭਾਵਿਤ ਹੁੰਦੇ ਜਾ ਰਹੇ ਹਨ। ਇਹ ਸਥਿਤੀ ਸਾਡੇ ਲਈ ਖ਼ਤਰਨਾਕ ਹੈ। ਕਿਉਂ ਨਾ ਜਵਾਹਰ ਲਾਲ ਨਹਿਰੂ ਵਰਗੇ ਸ਼ਾਂਤੀਪ੍ਰਿਯ ਵਿਅਕਤੀ ਨੂੰ ਨੌਜਵਾਨਾਂ ਦਾ ਨੇਤਾ ਬਣਨ ਲਈ ਤਿਆਰ ਕੀਤਾ ਜਾਏ। ਹਾਸ਼ੀਏ ਉੱਤੇ ਆਈ.ਜੀ. ਨੇ ਏ.ਆਈ.ਜੀ. ਨੂੰ ਆਦੇਸ਼ ਦਿੱਤਾ—'ਪਲੀਜ਼ ਡੂ ਦਿ ਨੀਡ ਫੁਲ' (ਯੋਗ ਕਾਰਵਾਈ ਕੀਤੀ ਜਾਏ।)”
ਇਸੇ ਯੋਜਨਾ ਅਧੀਨ ਪਿਉ-ਪੁੱਤਰ ਨੂੰ ਸੋਵੀਅਤ ਰੂਸ ਦੀ ਯਾਤਰਾ 'ਤੇ ਭੇਜਿਆ ਗਿਆ ਤੇ ਇਸੇ ਯੋਜਨਾ ਅਨੁਸਾਰ ਹੀ ਜਵਾਹਰ ਲਾਲ ਨਹਿਰੂ ਨੂੰ 1929 ਵਿਚ ਕਾਂਗਰਸ ਦਾ ਪ੍ਰਧਾਨ ਬਣਾਅ ਦਿੱਤਾ ਗਿਆ। 'ਸ਼ਾਤੀਪ੍ਰਿਯ' ਜਵਾਹਰ ਲਾਲ ਨੂੰ ਗਾਂਧੀ ਦੇ ਪੂਰਕ ਦੇ ਤੌਰ 'ਤੇ 'ਸਮਾਜਵਾਦੀ' ਨੇਤਾ ਬਣਾਉਣ ਲਈ ਪ੍ਰਚਾਰ ਤੇ ਪ੍ਰਸਾਰ ਦੇ ਸਾਰੇ ਮਾਧਿਅਮ ਵਰਤੇ ਗਏ।
ਬਿਨਾਂ ਸ਼ੱਕ ਗਾਂਧੀ ਦੇ ਪੂਰਕ ਦੀ ਭੂਮਿਕਾ ਜਵਾਹਰ ਲਾਲ ਨੇ ਬੜੀ ਸਫਲਤਾ ਨਾਲ ਨਿਭਾਈ। ਇਹ ਭੂਮਿਕਾ ਨਿਭਾਉਣਾ ਬੜਾ ਹੀ ਔਖਾ ਸੀ। ਇਸ ਨਾਲ ਉਸਦੇ ਧੁਰ ਅੰਦਰ ਤਕ ਜਿਹੜੇ ਜ਼ਖ਼ਮ ਹੋਏ, ਉਹ ਕਈ ਵਾਰੀ ਰਿਸਦੇ ਦਿਖਾਈ ਦਿੰਦੇ ਹਨ।
1936 ਵਿਚ 'ਜੈ ਜਵਾਹਰ ਲਾਲ ਦੀ' ਨਾਂ ਦਾ ਇਕ ਲੇਖ 'ਮਾਡਰਨ ਰਵਿਊ' ਵਿਚ ਛਪਿਆ ਸੀ। ਲੇਖਕ ਦਾ ਨਾਂ ਚਾਣਕੀਆ ਦਿੱਤਾ ਗਿਆ ਸੀ। ਪਰ ਪਿੱਛੋਂ ਜਵਾਹਰ ਲਾਲ ਨੇ ਮਿੱਤਰਾਂ ਨੂੰ ਦਸਿਆ ਕਿ ਚਾਣਕੀਆ ਦੇ ਨਕਲੀ ਨਾਂ ਹੇਠ ਇਹ ਲੇਖ ਉਹਨਾਂ ਖ਼ੁਦ ਲਿਖਿਆ ਸੀ। ਇਸ ਵਿਚ ਉਹਨਾਂ ਦੇ ਜਨਤਾ ਦੇ ਅੰਧਵਿਸ਼ਵਾਸ ਤੋਂ ਫਾਇਦਾ ਉਠਾਉਣ ਵਾਲੀ ਗੱਲ ਨੂੰ ਸਾਫ ਸ਼ਬਦਾਂ ਵਿਚ ਮੰਨਿਆ ਹੈ। ਲੇਖ ਇੰਜ ਸ਼ੁਰੂ ਹੁੰਦਾ ਹੈ...:
“'ਰਾਸ਼ਟਰਪਤੀ ਜਵਾਹਰ ਲਾਲ ਦੀ ਜੈ'—ਉਡੀਕ ਰਹੇ ਲੋਕਾਂ ਦੇ ਇੱਕਠ ਵਿਚੋਂ ਤੇਜੀ ਨਾਲ ਲੰਘਦਿਆਂ 'ਰਾਸ਼ਟਰਪਤੀ' ਨੇ ਆਪਣੀ ਨਿਗਾਹ ਉਪਰ ਚੁੱਕੀ, ਹੱਥ ਵੀ ਉਪਰ ਉਠ ਕੇ ਨਮਸਕਾਰ ਦੀ ਮੁਦਰਾ ਵਿਚ ਜੁੜ ਗਏ ਤੇ ਪੀਤਾਭ (ਪੀਲੇ ਚੰਦਨ ਵਰਗੀ ਭਾਅ ਮਾਰਦੇ) ਕਠੋਰ ਚਿਹਰੇ ਉੱਤੇ ਮੁਕਰਾਹਟ ਖਿੜ ਗਈ। ਇਹ ਅਤੀ ਉਤਸਾਹਭਰੀ ਵਿਅਕਤੀਗਤ ਮੁਸਕਰਾਹਟ ਸੀ ਤੇ ਜਿਹਨਾਂ ਲੋਕਾਂ ਨੇ ਇਸ ਨੂੰ ਦੇਖਿਆ ਉਹਨਾਂ ਸਾਰਿਆਂ ਨੇ ਤੁਰੰਤ ਹੀ ਮੁਸਕਰਾਹਟ ਤੇ  ਖੁਸ਼ੀ ਦੀਆਂ ਕਿਲਕਾਰੀਆਂ ਦੇ ਰੂਪ ਵਿਚ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕੀਤੀ।
ਮੁਕਰਾਹਟ ਚਲੀ ਗਈ ਤੇ ਚਿਹਰਾ ਫੇਰ ਗੰਭੀਰ, ਉਦਾਸ ਤੇ ਵਿਸ਼ਾਲ ਲੋਕ ਇੱਕਠ ਵਿਚ ਜਾਗਰਤ ਭਾਵਨਾ ਪ੍ਰਤੀ ਉਦਾਸੀਨ ਹੋ ਗਿਆ। ਇੰਜ ਪ੍ਰਤੀਤ ਹੁੰਦਾ ਸੀ ਕਿ ਉਸਦੀ ਮੁਸਕਾਨ ਤੇ ਮੁਦਰਾ ਯਥਾਰਥ ਨਹੀਂ ਹੈ, ਬਲਕਿ ਉਸ ਲੋਕ ਇੱਕਠ ਦੀ ਸਦ-ਭਾਵਨਾ ਪ੍ਰਾਪਤ ਕਰਨ ਦੀ ਹੀ ਇਕ ਚਾਲ ਹੈ, ਜਿਸਦਾ ਇਹ ਨਾਇਕ ਬਣਿਆ ਹੋਇਆ ਹੈ।
ਫੇਰ ਦੇਖੀਏ। ਇਕ ਵਿਸ਼ਾਲ ਜਲਸਾ ਹੈ ਉਸ ਵਿਚ ਹਜ਼ਾਰਾਂ ਲੱਖਾਂ ਆਦਮੀ ਉਸਦੀ ਕਾਰ ਨੂੰ ਘੇਰੀ ਖੁਸ਼ੀ ਦੇ ਮਾਰੇ ਕਿਲਕਾਰੀਆਂ ਛੱਡ ਰਹੇ ਹਨ। ਉਹ ਕਾਰ ਦੀ ਸੀਟ ਉੱਤੇ ਪੂਰੀ ਤਰ੍ਹਾਂ ਸੰਤੁਲਨ ਬਣਾਈ ਖੜ੍ਹਾ ਹੈ, ਸਿੱਧਾ ਤੇ ਲੰਮਾਂ ਝੰਮਾਂ, ਦੇਵਤਿਆਂ ਵਾਂਗ ਸ਼ਾਂਤ ਤੇ ਉਤੇਜਤ ਭੀੜ ਵਲੋਂ ਬੇਪ੍ਰਵਾਹ।
ਅਚਾਨਕ ਫੇਰ ਉਹੀ ਮੁਸਕਾਨ ਤੈਰਦੀ ਨਜ਼ਰ ਆਉਂਦੀ ਹੈ ਤੇ ਅਰਥ-ਭਰਪੂਰ ਹਾਸਾ ਖਿੱਲਰ ਜਾਂਦਾ ਹੈ, ਜਿਸ ਨਾਲ ਤਣਾਅ ਘਟਦਾ ਹੈ ਤੇ ਭੀੜ ਵੀ ਹੱਸਣ ਲੱਗ ਪੈਂਦੀ ਹੈ। ਉਹ ਦੇਵਤਾ ਸਮਾਨ ਨਹੀਂ ਬਲਕਿ ਸਧਾਰਣ ਮਨੁੱਖ ਹੈ, ਜਿਸਨੇ ਉਹਨਾਂ ਹਜ਼ਾਰਾਂ ਲੋਕਾਂ ਦੀ ਮਿੱਤਰਤਾ ਤੇ ਨੇੜਤਾ ਪ੍ਰਾਪਤ ਕਰ ਲਈ ਹੈ, ਜਿਹੜੇ ਉਸਨੂੰ ਘੇਰੀ ਖੜ੍ਹੇ ਹਨ। ਭੀੜ ਪ੍ਰਸੰਨ ਹੋ ਜਾਂਦੀ ਹੈ ਤੇ ਨਿਰਛਲ ਭਾਵ ਨਾਲ ਉਸਨੂੰ ਆਪਣੇ ਦਿਲਾਂ ਵਿਚ ਬਿਠਾਅ ਲੈਂਦੀ ਹੈ। ਲੇਕਿਨ ਦੇਖੋ, ਮੁਸਕਰਾਹਟ ਅਲੋਪ ਹੋ ਚੁੱਕੀ ਹੈ ਤੇ ਚਿਹਰਾ ਮੁੜ ਗੰਭੀਰ ਤੇ ਉਦਾਸ ਹੋ ਗਿਆ ਹੈ।
ਕੀ ਇਹ ਸਭ ਇਸ ਜਾਣੇਮਾਣੇ ਵਿਅਕਤੀ ਦੀ ਚਾਲ ਹੀ ਹੈ ਸਿਰਫ ਜਾਂ ਸੁਭਾਵਿਕ ਪ੍ਰਤੀਕ੍ਰਿਆ ਹੈ? ਸ਼ਾਇਦ ਦੋਹੇਂ ਗੱਲਾਂ ਹੀ ਸਹੀ ਹਨ ਕਿਉਂਕਿ ਇਕ ਅਰਸਾ ਪੁਰਾਣੀ ਆਦਤ ਵੀ ਸੁਭਾਅ ਬਣ ਜਾਂਦੀ ਹੈ। ਸਭ ਨਾਲੋਂ ਪ੍ਰਭਾਵਸ਼ਾਲੀ ਮੁਦਰਾ ਉਹੀ ਹੁੰਦੀ ਹੈ, ਜਿਸ ਵਿਚ ਬਣਾਵਟ ਘਟ ਦਿਖਾਈ ਦੇ ਰਹੀ ਹੋਏ—ਤੇ ਜਵਾਹਰ ਲਾਲ ਨੇ ਤਾਂ ਪਾਊਡਰ ਤੇ ਰੰਗ-ਰੋਗਨ ਦੇ ਬਿਨਾਂ ਹੀ ਐਕਟਿੰਗ ਕਰਨਾ ਬੜੀ ਚੰਗੀ ਤਰ੍ਹਾਂ ਸਿਖਿਆ ਹੋਇਆ ਹੈ। ਆਪਣੀ ਜਾਚੀ-ਪਰਖੀ ਲਾਪ੍ਰਵਾਹੀ ਤੇ ਅਲ੍ਹੜਤਾ ਦਾ ਪ੍ਰਦਸ਼ਨ ਕਰਦਿਆਂ ਹੋਇਆਂ ਉਹ ਖੁੱਲ੍ਹੇ ਲੋਕ ਮੰਚ ਉੱਤੇ ਪੂਰੀ ਕਲਾਤਮਿਕਤਾ ਨਾਲ ਅਦਾਕਾਰੀ ਕਰਦਾ ਹੈ। ਇਹ ਉਸਨੂੰ ਤੇ ਦੇਸ਼ ਨੂੰ ਕਿਸ ਪਾਸੇ ਲੈ ਜਾ ਰਹੀ ਹੈ? ਇਸ ਦਿਖਾਵਟੀ ਮੰਤਵ ਹੀਣ ਅਦਾਕਾਰੀ ਪਿੱਛੇ ਉਸਦਾ ਮੰਤਕ ਕੀ ਹੈ? ਉਸਦੇ ਇਸ ਮਖੌਟੇ ਪਿੱਛੇ ਕੀ ਛੁਪਿਆ ਹੋਇਆ ਹੈ? ਕਿਹੜੀਆਂ ਆਸਾਂ-ਇੱਛਾਵਾਂ ਹਨ? ਕਿਹੜੀ ਇੱਛਾ ਸ਼ਕਤੀ ਹੈ? ਤੇ ਕਿਹੜੀ ਕਿਹੜੀ ਅਤ੍ਰਿਪ ਕਾਮਨਾ ਹੈ?
ਇਹ ਪ੍ਰਸ਼ਨ ਹਰ ਸੂਰਤ ਵਿਚ ਰੌਚਕ ਲੱਗਣਗੇ, ਕਿਉਂਕਿ ਜਵਾਹਰ ਲਾਲ ਇਕ ਅਜਿਹਾ ਵਿਅਕਤੀ ਹੈ ਜਿਹੜਾ ਰੁਚੀ ਤੇ ਧਿਆਨ ਨੂੰ ਹਰ ਢੰਗ-ਤਰੀਕੇ ਨਾਲ ਆਪਣੇ ਵੱਲ ਖਿੱਚਦਾ ਹੈ। ਲੇਕਿਨ ਉਸਦਾ ਸਾਡੇ ਲਈ ਵਿਸ਼ੇਸ਼ ਮਹੱਤਵ ਹੈ ਕਿਉਂਕਿ ਉਹ ਭਾਰਤ ਦੇ ਵਰਤਮਾਨ ਤੇ ਸੰਭਾਵੀ ਭਵਿੱਖ ਨਾਲ ਵੀ ਜੁੜਿਆ ਹੋਇਆ ਹੈ। ਤੇ ਉਸ ਵਿਚ ਭਾਰਤ ਨੂੰ ਚੋਖਾ ਲਾਭ ਜਾਂ ਹਾਣੀ ਪਹੁੰਚਾਉਣ ਦੀ ਸਮਰਥਾ ਹੈ। ਸੋ ਸਾਨੂੰ ਇਹਨਾਂ ਪ੍ਰਸ਼ਨਾ ਦਾ ਉਤਰ ਲੱਭਣਾ ਹੀ ਪਏਗਾ।
ਲਗਭਗ ਦੋ ਸਾਲ ਤੋਂ ਉਹ ਕਾਂਗਰਸ ਦਾ ਪ੍ਰਧਾਨ ਬਣਿਆ ਹੋਇਆ ਹੈ ਤੇ ਕੁਝ ਲੋਕਾਂ ਦਾ ਖ਼ਿਆਲ ਹੈ ਕਿ ਉਹ ਕਾਂਗਰਸ ਕਾਰਜ-ਸੰਮਤੀ ਵਿਚ ਸਿਰਫ ਇਕ ਸ਼ਿਵਰ ਪ੍ਰਬੰਧਕ ਤੇ ਚਾਲਕ ਹੈ ਜਿਸ ਉੱਤੇ ਦੂਜਿਆਂ ਦਾ ਕੰਟਰੋਲ ਰਹਿੰਦਾ ਹੈ। ਲੇਕਿਨ ਫੇਰ ਵੀ ਉਹ ਜਨਤਾ ਵਿਚ ਤੇ ਜਨਤਾ ਦੇ ਸਾਰੇ ਵਰਗਾਂ ਵਿਚ ਲਗਾਤਾਰ ਆਪਣੀ ਵਿਅਕਤੀਗਤ ਮਾਨਤਾ ਤੇ ਪ੍ਰਭਾਵ ਵਧਾਉਂਦਾ ਹੀ ਜਾ ਰਿਹਾ ਹੈ।
ਉਹ ਕਿਸਾਨਾ ਤੋਂ ਲੈ ਕੇ ਮਜ਼ਦੂਰਾਂ ਤਕ, ਜ਼ਿਮੀਂਦਾਰਾਂ ਤੋਂ ਲੈ ਕੇ ਪੂੰਜੀਪਤੀਆਂ ਤਕ, ਵਪਾਰੀਆਂ ਤੋਂ ਲੈ ਕੇ ਕੰਗਾਲਾਂ ਤਕ, ਬ੍ਰਾਹਮਣਾ ਤੋਂ ਲੈ ਕੇ ਅਛੂਤਾਂ ਤਕ, ਮੁਸਲਮਾਨ, ਸਿੱਖ, ਪਾਰਸੀ, ਈਸਾਈ ਤੇ ਯਹੂਦੀ ਤਕ—ਜਿਹੜੇ ਭਾਰਤੀ ਜੀਵਨ ਦੇ ਵੱਖ-ਵੱਖ ਅੰਗ ਹਨ-ਪਹੁੰਚਦਾ ਹੈ। ਇਹਨਾਂ ਸਾਰਿਆਂ ਨਾਲ ਉਹ ਭਿੰਨ-ਭਿੰਨ ਭਾਸ਼ਾ ਬੋਲਦਾ ਹੈ ਕਿਉਂਕਿ ਉਹ ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।”
ਉਹ ਨਾ ਸਿਰਫ ਭਿੰਨ-ਭਿੰਨ ਭਾਸ਼ਾ ਬੋਲਦੇ ਸਨ, ਪਠਾਨਾਂ ਵਿਚ ਪਠਾਨਾਂ ਵਾਲਾ, ਨੇਪਾਲੀਆਂ ਵਿਚ ਨੇਪਾਲੀਆਂ ਵਾਲਾ ਤੇ ਆਦੀਵਾਸੀਆਂ ਵਿਚ ਆਦੀਵਾਸੀਆਂ ਵਾਲਾ ਭੇਸ ਵੀ ਧਾਰ ਲੈਂਦੇ ਸਨ। ਇਸ ਦੇ ਬਾਵਜੂਦ ਉਹ ਮੰਨਦੇ ਹਨ—“ਉਹਨਾਂ ਵਿਚਕਾਰ ਮੈਂ ਖ਼ੁਦ ਨੂੰ ਭੁੱਲ ਨਹੀਂ ਜਾਂਦਾ ਸਾਂ। ਮੈਂ ਆਪਣੇ ਆਪ ਨੂੰ ਉਹਨਾਂ ਨਾਲੋਂ ਅਲਗ ਹੀ ਸਮਝਦਾ ਰਿਹਾ ਹਾਂ।” ਤੇ ਉਹਨਾਂ ਨੂੰ ਇਹ ਅਹਿਸਾਸ ਰੜਕਦਾ ਰਹਿੰਦਾ ਸੀ—“ਜਦ ਉਹਨਾਂ ਨੂੰ ਅਸਲੀਅਤ ਪਤਾ ਲੱਗੇਗੀ, ਤਦ ਕੀ ਹੋਏਗਾ?”
ਇਸ ਅਹਿਸਾਸ ਕਾਰਣ ਕਈ ਵਾਰੀ ਉਹ ਆਪਣੇ ਆਪ ਤੋਂ ਹੀ ਨਹੀਂ ਆਪਣੇ ਅਧਿਆਤਮਕ ਗੁਰੂ ਗਾਂਧੀ ਤੋਂ ਵੀ ਚਿੜ ਜਾਂਦੇ ਹੁੰਦੇ ਸਨ। 3 ਜੁਲਾਈ 1939 ਨੂੰ ਵੱਲਭ ਭਾਈ ਪਟੇਲ ਦੇ ਉਹਨਾਂ ਦੇ ਨਾਂ ਲਿਖੇ ਪੱਤਰ ਦਾ ਇਹ ਅੰਸ਼ ਦੇਖੋ ਜ਼ਰਾ...:
“ਉਸ ਦਿਨ ਤੂੰ ਗੁੱਸਾ ਕਰ ਗਿਆ ਸੈਂ ਤੇ 'ਹਰੀਜਨ' ਵਿਚ ਛਪੀ ਉਹਨਾਂ ਦੀ ਮੁਲਾਕਤ ਦੇ ਮਾਮਲੇ ਉੱਤੇ ਬੜੀ ਗਰਮੀ ਨਾਲ ਬਾਤਚੀਤ ਕੀਤੀ ਸੀ। ਉਸ ਗੱਲ ਉੱਤੇ ਤੈਨੂੰ ਏਨਾ ਜ਼ਿਆਦਾ ਨਾਰਾਜ਼ ਦੇਖ ਕੇ ਸਾਨੂੰ ਸਾਰਿਆਂ ਨੂੰ ਬੜਾ ਦੁੱਖ ਹੋਇਆ ਤੇ ਅਸੀਂ ਮਹਿਸੂਸ ਕੀਤਾ ਕਿ ਤੂੰ ਬਾਪੂ ਨਾਲ ਬੜਾ ਅਨਿਆਂ ਕੀਤਾ ਹੈ। ਮੈਨੂੰ ਇਹ ਵੀ ਲਗਿਆ ਕਿ ਇਸ ਤਰ੍ਹਾਂ ਦੀਆਂ ਦੋ ਤਿੰਨ ਘਟਨਾਵਾਂ ਉਹਨਾਂ ਨੂੰ ਆਮ ਜਨਤਕ ਜੀਵਨ ਤੋਂ ਅਲਗ ਹਟ ਜਾਣ ਦਾ ਫੈਸਲਾ ਲੈ ਲੈਣ ਲਈ ਮਜ਼ਬੂਰ ਕਰ ਦੇਣਗੀਆਂ। ਉਹ 71 ਸਾਲ ਦੇ ਹੋ ਗਏ ਹਨ ਤੇ ਉਹਨਾਂ ਦੀ ਬਹੁਤ ਸਾਰੀ ਤਾਕਤ ਖ਼ਤਮ ਹੋ ਚੁੱਕੀ। ਜਦ ਤੇਰੀਆਂ ਭਾਵਨਾਵਾਂ ਨੂੰ ਠੇਸ ਵੱਜਦੀ ਹੈ ਤਾਂ ਉਹਨਾਂ ਨੂੰ ਵੀ ਬੜਾ ਦੁੱਖ ਹੁੰਦਾ ਹੈ। ਮੈਂ ਨਹੀਂ ਸੋਚਦਾ ਕਿ ਉਹ ਜਿੰਨਾ ਤੈਨੂੰ ਚਾਹੁੰਦੇ ਹਨ, ਓਨਾਂ ਕਿਸੇ ਹੋਰ ਨੂੰ ਵੀ ਚਾਹੁੰਦੇ ਹੋਣਗੇ ਤੇ ਜਦ ਉਹ ਦੇਖਦੇ ਹਨ ਕਿ ਉਹਨਾਂ ਦੇ ਕਿਸੇ ਕਾਰਜ ਨਾਲ ਤੈਨੂੰ ਦੁੱਖ ਹੋਇਆ ਹੈ ਤਾਂ ਉਹ ਸੋਚੀਂ ਪੈ ਜਾਂਦੇ ਹਨ ਤੇ ਦੁਖੀ ਹੋ ਜਾਂਦੇ ਹਨ। ਉਸ ਸ਼ਾਮ ਪਿੱਛੋਂ ਉਹ ਪੂਰੀ ਤਰ੍ਹਾਂ ਛੁੱਟੀ ਕਰ ਜਾਣ ਬਾਰੇ ਸੋਚ ਰਹੇ ਹਨ।...
ਮੈਂ ਉਹਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਉਹ ਜਲਦਬਾਜੀ ਵਿਚ ਕੋਈ ਫੈਸਲਾ ਨਾ ਕਰਨ! ਪਰ ਤੂੰ ਉਹਨਾਂ ਨੂੰ ਜਾਣਦਾ ਹੈਂ, ਹੋਰ ਉਹ ਕੀ ਕਰਨਗੇ, ਇਸ ਦਾ ਮੈਨੂੰ ਕੁਝ ਪਤਾ ਨਹੀਂ।
ਤੈਨੂੰ ਇਹ ਗੱਲ ਦੱਸ ਦੇਣੀ ਮੈਂ ਬੜੀ ਜ਼ਰੂਰੀ ਸਮਝੀ, ਇਸ ਲਈ ਲਿਖ ਰਿਹਾ ਹਾਂ। ਜੇ ਤੂੰ ਠੀਕ ਸਮਝੇਂ ਤਾਂ ਉਹਨਾਂ ਨੂੰ ਲਿਖ ਸਕਦਾ ਹੈਂ ਕਿ ਤੇਰੇ ਨਾਲ ਪੂਰਾ ਸਲਾਹ ਮਸ਼ਵਰਾ ਕੀਤੇ ਬਗ਼ੈਰ ਕੋਈ ਫੈਸਲਾ ਨਾ ਲੈਣ।”
3 ਜੁਲਾਈ 1939 ਸੁਭਾਸ਼ ਦੇ ਨਾਂ ਆਪਣੀ ਇਕ ਚਿੱਠੀ ਵਿਚ ਲਿਖਿਆ ਸੀ :
“ਮੈਂ ਇਕ ਅਸੰਤੋਖੀ ਮਾਨਸਪ੍ਰਾਣੀ ਹਾਂ, ਜਿਸਨੂੰ ਆਪਣੇ ਆਪ ਤੋਂ ਤੇ ਸੰਸਾਰ ਤੋਂ ਅਸੰਤੋਖ ਹੈ ਕਿ ਜਿਸ ਛੋਟੀ ਜਿਹੀ ਦੁਨੀਆਂ ਵਿਚ ਉਹ ਰਹਿੰਦਾ ਹੈ, ਉਹ ਵੀ ਉਸਨੂੰ ਬਹੁਤਾ ਪਸੰਦ ਨਹੀਂ ਕਰਦੀ।”
ਇਹ ਆਪਣੇ ਪ੍ਰਤੀ ਤੇ ਦੁਨੀਆਂ ਪ੍ਰਤੀ ਉਦਾਸੀ ਵੀ ਸਨਕੀ ਨੀਤਸੇ ਦੀ ਬੋਲੀ ਹੈ।
  –––   –––   –––   ––– 

No comments:

Post a Comment