Sunday, June 19, 2011

ਆਪਣੀ ਗੱਲ :



ਆਪਣੀ ਗੱਲ

ਇਤਿਹਾਸ ਵਿਗਿਆਨ ਹੈ। ਵਿਗਿਆਨ ਸੱਚ ਹੈ। ਸੱਚ ਤੀਕ ਤੱਥਾਂ ਦੇ ਸਹਾਰੇ ਪਹੁੰਚਿਆ ਜਾ ਸਕਦਾ ਹੈ।

 ਸਰੀਰ ਦੀ ਤੰਦਰੁਸਤੀ ਲਈ ਕੌੜੀ ਦਵਾਈ ਪੀਣਾ ਤੇ ਮਾਨਸਿਕ ਤੰਦਰੁਸਤੀ ਲਈ ਕੌੜੇ ਸੱਚ ਨੂੰ ਪਚਾਉਣਾ ਲਾਜ਼ਮੀ ਹੁੰਦਾ ਹੈ।

ਜਵਾਹਰ ਲਾਲ ਨਹਿਰੂ ਤੇ ਗਾਂਧੀ ਸਾਡੇ ਰਾਸ਼ਟਰੀ-ਸੰਘਰਸ਼ ਦੇ ਦੋ ਪ੍ਰਮੁੱਖ ਨੇਤਾ ਸਨ। ਉਹਨਾਂ ਦੇ ਜੀਵਨ ਦੇ ਅਧਿਅਨ ਦਾ ਅਰਥ ਹੈ, ਰਾਸ਼ਟਰੀ-ਸੰਘਰਸ਼ ਦੇ ਇਤਿਹਾਸ ਦਾ ਅਧਿਅਨ। ਵਿਅਕਤੀ ਆਉਂਦੇ ਹਨ ਤੇ ਚਲੇ ਜਾਂਦੇ ਹਨ, ਪਰ ਰਾਸ਼ਟਰ ਆਪਣੀ ਥਾਵੇਂ ਸਥਿਰ ਰਹਿੰਦਾ ਹੈ। ਉਸਦਾ ਜੀਵਨ ਇਕ ਸ਼ਾਂਤ ਵਗਦੀ ਨਦੀ ਵਾਂਗ, ਸਮੇਂ ਦਾ ਇਕ ਅਟੁੱਟ ਗੇੜ ਹੁੰਦਾ ਹੈ। ਇਸ ਲਈ ਇਤਿਹਾਸ ਦੀ ਕੋਈ ਵੀ ਪ੍ਰਕ੍ਰਿਆ ਸਿਰਫ ਆਪਣੇ ਯੁੱਗ ਵਿਚ ਹੀ ਸਮਾਪਤ ਨਹੀਂ ਹੋ ਜਾਂਦੀ, ਬਲਕਿ ਉਹ ਆਪਣੇ ਅਗਲੇਰੇ ਇਤਿਹਾਸ ਦੀਆਂ ਘਟਨਾਵਾਂ ਤੇ ਪ੍ਰਕ੍ਰਿਆਵਾਂ ਨੂੰ ਵੀ ਪ੍ਰਭਾਵਿਤ ਕਰਦੀ ਰਹਿੰਦੀ ਹੈ। ਇਹ ਪ੍ਰਭਾਵ ਚੰਗਾ ਵੀ ਹੋ ਸਕਦਾ ਹੈ ਤੇ ਮਾੜਾ ਵੀ। ਦਰਅਸਲ ਚੰਗੇ-ਮਾੜੇ ਦਾ ਫੈਸਲਾ ਵਰਗ-ਦ੍ਰਿਸ਼ਟੀਕੋਣ ਰਾਹੀਂ ਕੀਤਾ ਜਾਂਦਾ ਹੈ। ਜਿਸ ਜਾਂ ਜਿਹੜੇ ਵਰਗ ਦੇ ਹੱਥ ਵਿਚ ਸੱਤਾ ਹੁੰਦੀ ਹੈ, ਉਹ ਆਪਣੇ ਪ੍ਰਚਾਰ ਦੇ ਵਿਸ਼ਾਲ ਵਸੀਲਿਆਂ ਰਾਹੀਂ ਮਾੜੇ ਪ੍ਰਭਾਵਾਂ ਨੂੰ ਵੀ ਚੰਗੇਰਾ ਬਣਾਅ ਕੇ ਵਿਖਾਲ ਦਿੰਦਾ ਹੈ ਤੇ ਉਸਨੂੰ ਆਪਣੇ ਨਿੱਜੀ ਤੇ ਗੁੱਝੇ-ਸਵਾਰਥਾਂ ਦੀ ਰਾਖੀ ਖਾਤਰ ਇਸਤੇਮਾਲ ਕਰਦਾ ਰਹਿੰਦਾ ਹੈ।
ਸਾਡੇ ਰਾਸ਼ਟਰੀ-ਸੰਘਰਸ਼ ਦੀ ਪ੍ਰਕ੍ਰਿਆ ਵੀ 1947 ਵਿਚ ਜਾਂ ਗਾਂਧੀ ਤੇ ਜਵਾਹਰ ਲਾਲ ਦੀ ਮੌਤ ਪਿੱਛੋਂ ਹੀ ਸਮਾਪਤ ਨਹੀਂ ਹੋ ਗਈ ਸੀ—ਉਹ ਅੱਜ ਵੀ ਸਾਡੇ ਚਿੰਤਨ ਤੇ ਕਰਮ ਨੂੰ ਨਾ ਸਿਰਫ ਰਾਜਨੀਤੀ ਦੇ ਖੇਤਰ ਵਿਚ ਬਲਕਿ ਸਾਹਿਤ, ਸੰਸਕ੍ਰਿਤੀ ਤੇ ਸਮਾਜ ਦੇ ਹਰੇਕ ਖੇਤਰ ਵਿਚ ਪ੍ਰਭਾਵਿਤ ਕਰ ਰਹੀ ਹੈ। ਗਾਂਧੀ ਤੇ ਜਵਾਹਰ ਲਾਲ ਸਾਡੇ ਇਸ ਰਾਸ਼ਟਰੀ-ਸੰਘਰਸ਼ ਦੇ ਨਾਇਕ ਤੇ ਉਪਨਾਇਕ ਸਨ, ਇਸ ਲਈ ਉਹਨਾਂ ਦਾ ਵਿਅਕਤੀਤਵ ਇਸ ਪ੍ਰਭਾਵ ਨੂੰ ਮੂਰਤੀ-ਰੂਪ ਪ੍ਰਦਾਨ ਕਰਦਾ ਹੈ। ਇਸੇ ਲਈ ਉਹਨਾਂ ਉੱਤੇ ਬੜਾ ਕੁਝ ਲਿਖਿਆ ਜਾ ਰਿਹਾ ਹੈ ਤੇ ਲਿਖਿਆ ਵੀ ਜਾਵੇਗਾ।
ਤੇ ਮੈਂ ਵੀ ਇਸੇ ਲਈ ਜਵਾਹਰ ਲਾਲ ਦੇ ਜੀਵਨ ਦਾ ਇਹ ਅਧਿਅਨ ਪੇਸ਼ ਕਰਨ ਦੀ ਲੋੜ ਮਹਿਸੂਸ ਕੀਤੀ ਹੈ।
ਇਹ ਗਾਂਧੀ ਸ਼ਤਾਬਦੀ ਵਰ੍ਹਾ ਹੈ ਤੇ ਸ਼ਤਾਬਦੀ ਦਾ ਉਦੇਸ਼ ਵੀ ਇਹੋ ਹੈ ਕਿ ਗਾਂਧੀ ਨੇ ਰਾਸ਼ਟਰੀ-ਸ਼ੰਘਰਸ ਵਿਚ ਜਿਹੜੀ ਭੂਮਿਕਾ ਨਿਭਾਈ ਹੈ, ਉਸ ਨੂੰ ਉਜਾਗਰ ਕੀਤਾ ਜਾਵੇ। ਮੇਰਾ ਇਹ ਅਧਿਅਨ ਵੀ ਇਸ ਸਿਲਸਿਲੇ ਦੀ ਇਕ ਕੜੀ ਹੀ ਹੈ। ਕੜੀ ਇਸ ਲਈ ਹੈ ਕਿ ਜਵਾਹਰ ਲਾਲ ਤੇ ਗਾਂਧੀ ਇਕੋ-ਰੂਪ ਹਨ ਤੇ ਜਵਾਹਰ ਲਾਲ ਦੇ ਚਰਿੱਤਰ ਵਿਸ਼ਲੇਸ਼ਣ ਨਾਲ ਗਾਂਧੀ ਨੂੰ ਸਮਝਣ ਵਿਚ ਵੀ ਮਦਦ ਮਿਲਦੀ ਹੈ। ਜਵਾਹਰ ਲਾਲ ਸਾਡੇ ਰਾਸ਼ਟਰੀ-ਸੰਘਰਸ਼ ਦੇ ਵਾਮ-ਪੱਖ ਦੇ ਨੇਤਾ ਵਜੋਂ ਮਸ਼ਹੂਰ ਰਹੇ ਹਨ ਤੇ ਉਹਨਾਂ ਦਾ ਸੰਬੰਧ ਸਮਾਜਵਾਦੀ ਵਿਚਾਰਧਾਰਾ ਨਾਲ ਜੋੜਿਆ ਜਾਂਦਾ ਹੈ, ਪਰ ਹਕੀਕਤ ਇਹ ਹੈ ਕਿ ਉਹਨਾਂ ਗੱਲਾਂ ਭਾਵੇਂ ਕੁਝ ਵੀ ਕੀਤੀਆਂ ਹੋਣ, ਉਹਨਾਂ ਦਾ ਵਰਤਾਰਾ ਹਮੇਸ਼ਾ ਗਾਂਧੀਵਾਦ ਰਿਹਾ ਹੈ।


15-08-1969           —ਹੰਸਰਾਜ ਰਹਿਬਰ         
ਨਵੀਨ ਸ਼ਾਹਦਰਾ, ਦਿੱਲੀ-110032
    --- --- ---

No comments:

Post a Comment