Friday, June 17, 2011

ਨੇਤਾ ਤੇ ਜਨਤਾ :


ਨੇਤਾ ਤੇ ਜਨਤਾ

 

ਯੁੱਧ ਦੇ ਸਮਾਪਤ ਹੁੰਦਿਆਂ-ਹੁੰਦਿਆਂ ਹਿੰਦੁਸਤਾਨ ਨੇ ਇਕ ਭਿਅੰਕਰ ਜਵਾਲਾ ਮੁੱਖੀ ਦਾ ਰੂਪ ਧਾਰਣ ਕਰ ਲਿਆ— ਜਿਸ ਦੀਆਂ ਲਾਟਾਂ ਇੱਥੇ-ਉੱਥੇ ਹਰ ਜਗ੍ਹਾ ਫੁੱਟ ਨਿਕਲਦੀਆਂ ਸਨ। ਸਮੁੱਚੀ ਜਨਤਾ ਵਿਚ ਅਸਾਧਾਰਣ ਅਸੰਤੋਖ ਫੈਲਿਆ ਹੋਇਆ ਸੀ।
 


ਯੁੱਧ ਦੇ ਦਿਨਾਂ ਵਿਚ ਵਿਦੇਸ਼ਾਂ ਤੋਂ ਮਾਲ ਆਉਣਾ ਬੰਦ ਹੋ ਗਿਆ ਸੀ ਤੇ ਸਰਕਾਰ ਦੀਆਂ ਜ਼ਰੂਰਤਾਂ ਵਧ ਗਈਆਂ ਸਨ। ਇਸ ਲਈ ਭਾਰਤੀ ਉਦਯੋਗਾਂ ਦੀ ਤੇ ਵਿਸ਼ੇਸ਼ ਤੌਰ 'ਤੇ ਕੱਪੜੇ ਤੇ ਲੋਹੇ ਦੇ ਉਦਯੋਗ ਦੀ ਜਿਹੜੀ ਤਰੱਕੀ ਹੋਈ ਸੀ, ਉਸ ਨਾਲ ਵੱਡੇ ਕਾਰਖ਼ਾਨੇਦਾਰ, ਮਾਲਦਾਰ ਹੋ ਗਏ ਸਨ। ਉਹ ਆਪਣੇ ਮੁਨਾਫ਼ੇ ਨੂੰ ਹੋਰ ਵਧਾਉਣ ਤੇ ਉਸਨੂੰ ਨਵੇਂ ਧੰਦਿਆਂ ਵਿਚ ਲਾਉਣ ਦੇ ਸੁਪਨੇ ਦੇਖਣ ਲੱਗ ਪਏ ਸਨ—-ਇਹ ਤਾਂਹੀ ਸੰਭਵ ਸੀ ਜੇ ਵਿਦੇਸ਼ੀ ਸਾਮਰਾਜ ਦੀ ਜਕੜ ਢਿੱਲੀ ਹੁੰਦੀ।
ਨਵੇਂ-ਨਵੇਂ, ਛੋਟੇ-ਵੱਡੇ, ਕਾਰਖ਼ਾਨੇ ਲੱਗ ਜਾਣ ਨਾਲ ਮਜ਼ਦੂਰਾਂ ਦੀ ਗਿਣਤੀ ਤਾਂ ਖਾਸੀ ਵਧ ਗਈ ਸੀ; ਪਰ ਉਹਨਾਂ ਦੀ ਆਰਥਿਕ ਸਥਿਤੀ ਬਹੁਤੀ ਚੰਗੀ ਨਹੀਂ ਸੀ ਹੋਈ। ਆਮ ਜਨਤਾ ਉੱਤੇ ਤਾਂ ਟੈਕਸਾਂ ਤੇ ਲਗਾਨ ਦਾ ਭਾਰ ਹੀ ਵਧਿਆ ਸੀ ਤੇ ਵਧਦੀ ਹੋਈ ਮਹਿੰਗਾਈ ਨੇ ਉਹਨਾਂ ਦੀ ਕੰਡ ਕੁੱਬੀ ਕੀਤੀ ਹੋਈ ਸੀ। ਮਜ਼ਦੂਰਾਂ, ਕਿਸਾਨਾਂ ਤੇ ਮੱਧਵਰਗੀ ਲੋਕਾਂ ਵਿਚ ਭਾਰੀ ਬੇਚੈਨੀ ਸੀ। ਸਿਪਾਹੀ ਜਿਹੜੇ ਯੁੱਧ ਦੇ ਮੋਰਚਿਆਂ ਤੋਂ ਵਾਪਸ ਆਏ ਸਨ, ਪਹਿਲਾਂ ਵਾਂਗ 'ਜੋ ਹੁਕਮ' ਵਾਲੇ ਸਿਪਾਹੀ ਨਹੀਂ ਸੀ ਰਹੇ। ਉਹਨਾਂ ਦਾ ਗਿਆਨ ਤੇ ਅਨੁਭਵ ਵਧ ਚੁੱਕਿਆ ਸੀ ਤੇ ਉਹ ਵੀ ਬਹੁਤੇ ਸੰਤੁਸ਼ਟ ਨਹੀਂ ਸਨ। 1915 ਵਿਚ ਕਰਾਂਤੀ ਦੇ ਯਤਨ ਨਿਸਫਲ ਬਣਾ ਦਿੱਤੇ ਜਾਣ ਪਿੱਛੋਂ ਵੀ ਫੌਜ ਵਿਚ ਲਗਾਤਾਰ ਬਗ਼ਾਵਤਾਂ ਹੁੰਦੀਆਂ ਰਹਿੰਦੀਆਂ ਸਨ ਸੋ ਇਹਨਾਂ ਕਾਰਨਾਂ ਕਾਰਕੇ ਸਰਕਾਰ ਬੁਰੀ ਤਰ੍ਹਾਂ ਹਿੱਲੀ ਪਈ ਸੀ।
ਫੇਰ ਰੂਸ ਦੀ ਮਹਾਨ ਅਕਤੂਬਰ ਕਰਾਂਤੀ ਨੇ ਦੁਨੀਆਂ ਨੂੰ ਹਿਲਾਅ ਕੇ ਰੱਖ ਦਿੱਤਾ ਸੀ। ਸਦੀਆਂ ਤੋਂ ਪੀੜੇ ਜਾ ਰਹੇ ਮਿਹਨਤਕਸ਼ ਲੋਕਾਂ ਵਿਚ ਇਕ ਨਵੇਂ ਜੋਸ਼ ਤੇ ਉਤਸਾਹ ਨੇ ਜਨਮ ਲਿਆ ਸੀ। ਉਹਨਾਂ ਸਾਹਮਣੇ ਆਪਣੇ ਲੋਟੂਆਂ ਤੇ ਹਾਕਮਾਂ ਤੋਂ ਕਰਾਂਤੀ ਰਾਹੀਂ ਮੁਕਤੀ ਪ੍ਰਾਪਤ ਕਰਨ ਦਾ ਰਸਤਾ ਖੁੱਲ੍ਹ ਗਿਆ ਸੀ।
ਮਹਾਯੁੱਧ ਤੇ ਰੂਸੀ ਕਰਾਂਤੀ ਕਾਰਨ ਪੂਰਬ ਦੇ ਸਾਰੇ ਉਪਨਿਵੇਸ਼ਾਂ ਵਿਚ ਰਾਸ਼ਟਰੀ ਅੰਦੋਲਨ ਦੀ ਲਹਿਰ ਖਾਸੀ ਜ਼ੋਰ ਫੜ੍ਹ ਚੁੱਕੀ ਸੀ।
ਇਹਨਾਂ ਹਾਲਾਤਾਂ ਵਿਚ ਨੇਤਾਵਾਂ ਦਾ 'ਕੁਛ ਨਾ ਕੁਛ' ਕਰਨਾ ਲਾਜ਼ਮੀ ਬਣਦਾ ਸੀ ਤੇ ਇਸ 'ਕੁਛ ਨਾ ਕੁਛ' ਦੀ ਸ਼ੁਰੂਆਤ ਇੰਜ ਹੋਈ ਕਿ ਜਨਵਰੀ 1919 ਵਿਚ ਸਰਕਾਰ ਨੇ ਕੇਂਦਰੀ ਅਸੈਂਬਲੀ ਵਿਚ ਰੋਲਟ ਬਿੱਲ ਪੇਸ਼ ਕੀਤਾ। ਇਹ ਵਿਚ ਕਾਨੂੰਨੀ ਕਾਰਵਾਈ ਕੀਤੇ ਬਿਨਾਂ ਹੀ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਤੁੰਨ ਦੇਣ ਦੀ ਧਾਰਾ ਰੱਖੀ ਗਈ ਸੀ। ਗਾਂਧੀ ਨੇ ਵਾਇਸਰਾਏ ਨੂੰ ਅਰਜ ਕੀਤੀ ਕਿ ਸਰਕਾਰ ਇਸ ਬਿੱਲ ਨੂੰ ਕਾਨੂੰਨ ਨਾ ਬਣਾਵੇ। ਗਾਂਧੀ ਦੀ ਇਹ ਅਰਜ ਕਿੰਜ ਮੰਨੀ ਜਾਂਦੀ? ਸਰਕਾਰ ਰਾਸ਼ਟਰੀ ਅੰਦੋਲਨ ਦੀ ਵਧੀ ਹੋਈ ਲਹਿਰ ਨੂੰ ਦਮਨਕਾਰੀ ਕਾਨੂੰਨਾਂ ਰਾਹੀਂ ਕੁਚਲਨ ਦੀ ਤਿਆਰੀ ਕਰ ਰਹੀ ਸੀ। ਰੋਲਟ ਬਿੱਲ ਨੂੰ ਮਾਰਚ ਵਿਚ ਕਾਨੂੰਨ ਬਣਾ ਦਿੱਤਾ ਗਿਆ।
ਗਾਂਧੀ ਨੇ ਰੋਲਟ ਐਕਟ ਵਿਰੁੱਧ ਨਾਰਾਜ਼ਗੀ ਜ਼ਾਹਿਰ ਕਰਨ ਲਈ ਅਹਿੰਸਾਤਮਕ ਸਤਿਆਗ੍ਰਹਿ ਦੀ ਯੋਜਨਾ ਬਣਾਈ—ਉਹ ਦੱਖਣੀ ਅਫ਼ਰੀਕਾ ਵਿਚ ਅਹਿੰਸਾਤਮਕ ਸਤਿਆਗ੍ਰਹਿ ਦਾ ਕਾਫੀ ਅਨੁਭਵ ਪ੍ਰਾਪਤ ਕਰ ਚੁੱਕੇ ਸਨ। ਇਸ ਦਾ ਮਤਲਬ ਸੀ, ਦਮਨ ਦੀ ਸ਼ਕਤੀ ਨੂੰ ਸ਼ਾਂਤਮਈ ਢੰਗ ਨਾਲ ਟੱਕਰ ਦੇਣੀ ਤੇ ਜਿਹੜਾ ਕਾਨੂੰਨ ਸਾਨੂੰ ਪਸੰਦ ਨਹੀਂ, ਉਸਨੂੰ ਤੋੜ ਕੇ ਜੇਲ੍ਹ ਜਾਣਾ, ਇਸੇ ਦੇ ਆਧਾਰ ਉੱਤੇ ਗਾਂਧੀ ਨੇ ਇਕ ਸਤਿਆਗ੍ਰਹਿ ਸਭਾ ਬਣਾਈ। ਇਸ ਦੇ ਹਰੇਕ ਮੈਂਬਰ ਤੋਂ ਇਹ ਪ੍ਰਤੀਗਿਆ ਕਰਵਾਈ ਜਾਂਦੀ ਕਿ ਉਹ ਸਰਕਾਰ ਦੁਆਰਾ ਉਤੇਜਨਾ ਦਿਖਾਏ ਜਾਣ 'ਤੇ ਵੀ ਸ਼ਾਂਤ ਰਹੇਗਾ ਤੇ ਰੋਲਟ ਕਾਨੂੰਨ ਤੋੜ ਕੇ ਜੇਲ੍ਹ ਜਾਵੇਗਾ।
ਜਵਾਹਰ ਲਾਲ ਲਿਖਦੇ ਹਨ : “ਜਦ ਮੈਂ ਅਖ਼ਬਾਰਾਂ ਵਿਚ ਇਹ ਖ਼ਬਰ ਪੜ੍ਹੀ ਤਾਂ ਮੈਨੂੰ ਬੜਾ ਸੰਤੋਖ ਹੋਇਆ। ਆਖ਼ਰ ਇਸ ਉਲਝਣ ਨਾਲ ਨਿਬੜਨ ਦਾ ਇਕ ਰਸਤਾ ਮਿਲ ਗਿਆ ਸੀ। ਵਾਰ ਕਰਨ ਲਈ ਇਕ ਹਥਿਆਰ ਮਿਲਿਆ ਸੀ, ਜਿਹੜਾ ਸਿੱਧਾ, ਖੁੱਲ੍ਹਾ ਤੇ ਬਹੁਤ ਹੱਦ ਤਕ ਰਾਮ-ਬਾਣ ਹੀ ਸੀ। ਮੇਰੇ ਉਤਸਾਹ ਦਾ ਪਾਰ ਨਾ ਰਿਹਾ...”
ਉਹ ਤੁਰੰਤ ਸਤਿਆਗ੍ਰਹਿ ਸਭਾ ਵਿਚ ਭਰਤੀ ਹੋਣ ਲਈ ਤਿਆਰ ਹੋ ਗਏ; ਪਰ ਮੋਤੀਲਾਲ ਨੇ ਤਕੜਾ ਵਿਰੋਧ ਕੀਤਾ। ਜਵਾਹਰ ਲਾਲ ਨੇ ਇਸਦੇ ਦੋ ਕਾਰਨ ਦੱਸੇ ਹਨ—ਇਕ ਤਾਂ ਇਹ ਕਿ ਉਹ ਨਵੇਂ-ਨਵੇਂ ਸੁਝਾਵਾਂ ਪਿੱਛੇ ਲੱਗਣ ਵਾਲੇ ਨਹੀਂ ਸਨ। ਕੋਈ ਨਵਾਂ ਪੈਰ ਪੁੱਟਣ ਤੋਂ ਪਹਿਲਾਂ ਉਹ ਉਸਦੇ ਨਤੀਜਿਆਂ ਬਾਰੇ ਚੰਗੀ ਤਰ੍ਹਾਂ ਵਿਚਾਰ ਕਰ ਲੈਣਾ ਚਾਹੁੰਦੇ ਸਨ। ਦੂਜਾ ਕਾਰਨ ਇਹ ਸੀ ਕਿ ਉਹ ਆਪਣੇ ਬੱਚਿਆਂ ਨਾਲ ਬੜਾ ਪਿਆਰ ਕਰਦੇ ਸਨ ਤੇ ਉਹਨਾਂ ਨੂੰ ਜਵਾਹਰਲਾਲ ਦਾ ਜੇਲ੍ਹ ਜਾਣਾ ਬੜਾ ਮਾੜਾ ਲੱਗਦਾ ਸੀ। ਦਰਅਸਲ ਪਹਿਲਾ ਕਾਰਨ ਹੀ ਠੀਕ ਲੱਗਦਾ ਹੈ, ਕਿਉਂਕਿ ਜਦੋਂ ਜੇਲ੍ਹ ਜਾਣ ਦਾ ਸਮਾਂ ਆਇਆ ਸੀ ਤਾਂ ਜਵਾਹਰ ਲਾਲ ਨੂੰ ਜੇਲ੍ਹ ਵੀ ਭੇਜਿਆ ਗਿਆ ਸੀ ਤੇ ਖ਼ੁਦ ਵੀ ਗਏ ਸਨ। ਉਹਨਾਂ ਗਾਂਧੀ ਦੀ ਭੂਮਿਕਾ ਤੇ ਸਤਿਆਗ੍ਰਹਿ ਨੂੰ ਉਦੋਂ ਤਕ ਸਮਝਿਆ ਨਹੀਂ ਸੀ ਸ਼ਾਇਦ। ਇਸੇ ਲਈ 27 ਫਰਬਰੀ 1920 ਦੇ ਜਵਹਾਰ ਲਾਲ ਦੇ ਨਾਂ ਇਕ ਖ਼ਤ ਵਿਚ ਲਿਖਿਆ ਹੈ...:
“ਜਿੱਥੇ ਤੀਕ ਗਾਂਧੀ ਦੇ ਰਾਜਨੀਤਕ ਵਿਚਾਰਾਂ ਨਾਲ ਕਦਮ ਮਿਲਾ ਕੇ ਤੁਰਨ ਵਾਲੀ ਗੱਲ ਹੈ, ਮੈਂ ਉਹਨਾਂ ਦੇ ਪ੍ਰਤੀ ਆਦਰ ਰੱਖਦਿਆਂ ਹੋਇਆ ਵੀ ਉਹਨਾਂ ਵਿਚਾਰਾਂ ਨੂੰ ਮਹਜ਼ ਇਸ ਕਰਕੇ ਮੰਨਣ ਲਈ ਤਿਆਰ ਨਹੀਂ ਹਾਂ ਕਿ ਉਹ ਉਹਨਾਂ ਦੇ ਵਿਚਾਰ ਹਨ। ਮੈਂ ਦਾਸ ਨੂੰ ਪਹਿਲਾਂ ਹੀ ਸੁਚੇਤ ਕਰ ਚੁੱਕਿਆ ਹਾਂ ਕਿ ਸਾਨੂੰ ਜ਼ੋਰਦਾਰ ਖਿੱਚੋਤਾਣ ਲਈ ਤਿਆਰ ਰਹਿਣਾ ਚਾਹੀਦਾ ਹੈ। ਗਾਂਧੀਜੀ, ਸ਼ਾਸਤਰੀ (ਸ਼੍ਰੀਨਿਵਾਸ ਸ਼ਾਸਤਰੀ) ਨਾਲ ਗੱਲ ਕਰਨ ਲਈ ਦਿੱਲੀ ਜਾ ਰਹੇ ਹਨ। ਉਹਨਾਂ ਦਾ ਮਾਲਵੀਯ ਨਾਲ ਲਗਾਤਾਰ ਤਾਅਲੁਕ (ਸੰਬੰਧ) ਤੇ ਉਸਦੀ ਆਮ ਰਜ਼ਾਮੰਦੀ ਸਾਡੇ ਦਲ ਲਈ ਚੰਗੀ ਨਿਸ਼ਾਨੀ ਨਹੀਂ ਹੈ ਤੇ ਨਾ ਹੀ ਖ਼ੁਦ ਗਾਂਧੀਜੀ ਲਈ ਹੀ ਬਹੁਤੀ ਸ਼ੁਭ ਹੈ। ਆਪਣੀ ਲੋਕਪ੍ਰਿਯਤਾ ਉੱਤੇ ਹੱਦੋਂ ਵੱਧ ਭਰੋਸਾ ਕਰਨਾ ਠੀਕ ਨਹੀਂ ਹੈ। ਮਿਸੇਜ ਬੇਸੇਂਟ ਉਸਦੀ ਕੀਮਤ ਚੁਕਾਅ ਰਹੀ ਹੈ ਤੇ ਹੋਰਾਂ ਨਾਲ ਵੀ ਇਵੇਂ ਹੀ ਹੋਈ ਹੈ। ਮੈਨੂੰ ਬੜਾ ਦੁੱਖ ਹੋਏਗਾ ਜੇ ਗਾਂਧੀਜੀ ਨਾਲ ਵੀ ਇਵੇਂ ਹੋਈ। ਆਪਣੀ ਮੌਜ਼ੂਦਾ ਹਾਲਤ ਵਿਚ ਮੈਨੂੰ ਕਿਸੇ ਨਾਲ ਵੀ ਰਾਜਨੀਤਕ ਵਿਚਾਰਾਂ ਦਾ ਝਗੜਾ ਕਰਨ ਦਾ ਅਧਿਕਾਰ ਨਹੀਂ, ਫੇਰ ਗਾਂਧੀਜੀ ਤੇ ਮਾਲਵੀਯਜੀ ਵਰਗੇ ਪ੍ਰਸਿੱਧ ਵਿਅਕਤੀਆਂ ਨਾਲ ਝਗੜਾ ਕਰਨ ਵਾਲੀ ਗੱਲ ਤਾਂ ਹੋਰ ਵੀ ਦੂਰ ਹੈ; ਪਰ ਜਿਸ ਢੰਗ ਦੀ ਸ਼ਕਲ ਦੇਸ਼ ਧਾਰ ਰਿਹਾ ਹੈ, ਉਸ ਪਾਸਿਓਂ ਅੱਖਾਂ ਨਹੀਂ ਮੀਚੀਆਂ ਜਾ ਸਕਦੀਆਂ। ਅਧਿਕਾਰੀਆਂ ਜਾਂ ਨਰਮ-ਦਲ ਵਾਲਿਆਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਦਾ ਨਤੀਜਾ ਬਰਬਾਦੀ ਹੋਏਗਾ, ਭਾਵੇਂ ਉਹ ਕਿਸੇ ਵੀ ਜ਼ਰੀਏ ਹੋਏ। ਜੋ ਹਾਲਾਤ ਹਨ ਉਹਨਾਂ ਬਾਰੇ ਮੇਰੀ ਆਪਣੀ ਤਾਂ ਇਹੋ ਰਾਏ ਹੈ।”
ਇਹ ਖ਼ਤ ਉਹਨਾਂ ਆਗਰੇ ਤੋਂ ਲਿਖਿਆ ਸੀ। ਇਸ ਨਾਲ ਦੇਸ਼ ਦੀ ਭਾਵੀ ਰਾਜਨੀਤੀ ਤੇ ਗਾਂਧੀ ਬਾਰੇ ਉਹਨਾਂ ਦਾ ਦ੍ਰਿਸ਼ਟੀਕੋਣ ਸਪਸ਼ਟ ਹੋ ਜਾਂਦਾ ਹੈ।
ਪ੍ਰਤੱਖ ਹੈ ਕਿ ਉਹ ਗਾਂਧੀ ਦੇ ਸਤਿਆਗ੍ਰਹਿ ਵਾਲੇ ਰਸਤੇ ਨੂੰ ਪਸੰਦ ਨਹੀਂ ਸੀ ਕਰਦੇ ਤੇ ਉਹ ਉਹਨਾਂ ਦੀਆਂ ਨੀਤੀਆਂ ਨੂੰ ਸਮਝੌਤਾ-ਪ੍ਰਸਤੀ ਦੀਆਂ ਸੁਧਾਰਵਾਦੀ ਨੀਤੀਆਂ ਮੰਨਦੇ ਸਨ ਤੇ ਇਹ ਖ਼ਤ ਲਿਖਣ ਸਮੇਂ ਤਕ ਮੰਨਦੇ ਰਹੇ ਸਨ। ਪਰ ਜਵਾਹਰ ਲਾਲ ਨੇ ਆਪਣੇ ਮਨ ਵਿਚ ਸਤਿਆਗ੍ਰਹਿ ਦੇ ਰਸਤੇ ਉੱਤੇ ਚੱਲਣ ਦੀ ਪੱਕੀ ਧਾਰ ਲਈ ਸੀ ਤੇ ਇਸ ਗੱਲ ਨੂੰ ਲੈ ਕੇ ਪਿਉ-ਪੁੱਤਰ ਵਿਚਕਾਰ ਕਾਫੀ ਤਣਾਅ ਰਿਹਾ ਸੀ।
ਆਖ਼ਰ ਮੋਤੀਲਾਲ ਨੇ ਗਾਂਧੀ ਨੂੰ ਇਲਾਹਾਬਾਦ ਬੁਲਾਇਆ। ਦੋਵਾਂ ਵਿਚਕਾਰ ਖਾਸੀ ਦੇਰ ਗੱਲਬਾਤ ਹੋਈ। ਉਸ ਪਿੱਛੋਂ ਖ਼ੁਦ ਗਾਂਧੀ ਨੇ ਜਵਾਹਰ ਲਾਲ ਨੂੰ ਸਲਾਹ ਦਿੱਤੀ ਕਿ ਉਹ ਜਲਦਬਾਜੀ ਵਿਚ ਕੋਈ ਅਜਿਹਾ ਕਦਮ ਨਾ ਚੁੱਕੇ ਜਿਹੜਾ ਪਿਤਾ ਨੂੰ ਪਸੰਦ ਨਾ ਹੋਵੇ।
ਪਰ ਸਤਿਆਗ੍ਰਹਿ ਕਰਨ ਦੀ ਨੌਬਤ ਹੀ ਨਹੀਂ ਸੀ ਆਈ—ਘਟਨਾਵਾਂ ਨੇ ਦੂਜਾ ਮੋੜ ਕੱਟ ਲਿਆ ਸੀ।
ਗਾਂਧੀ ਨੇ ਖੁੱਲ੍ਹਾ ਵਿਰੋਧ ਪ੍ਰਦਰਸ਼ਨ ਕਰਨ ਲਈ ਛੇ ਅਪਰੈਲ ਦਾ ਦਿਨ ਰੱਖਿਆ ਸੀ, ਜਿਸ ਨੂੰ ਬਾਅਦ ਵਿਚ ਤੇਰਾਂ ਅਪਰੈਲ ਕਰ ਦਿੱਤਾ ਗਿਆ। ਦੋਵੇਂ ਦਿਨ ਛੁੱਟੀ ਵਾਲੇ ਦਿਨ ਸਨ। ਤੀਲੀ ਦਿਖਾਉਣ ਦੀ ਦੇਰ ਸੀ ਜਵਾਲਾਮੁਖੀ ਫਟ ਗਿਆ। ਦੇਸ਼ ਭਰ ਵਿਚ ਹੜਤਾਲਾਂ ਸ਼ੁਰੂ ਹੋ ਗਈਆਂ ਤੇ ਸਾਰੇ ਕੰਮ-ਕਾਜ ਠੱਪ ਹੋ ਗਏ। ਦਿੱਲੀ, ਅੰਮ੍ਰਿਤਸਰ ਤੇ ਇਲਾਹਾਬਾਦ ਵਿਚ ਪੁਲਿਸ ਤੇ ਫੌਜ ਨੇ ਪ੍ਰਦਰਸ਼ਨ-ਕਾਰੀਆਂ ਉੱਤੇ ਗੋਲੀਆਂ ਚਲਾਈਆਂ। ਇਸ ਨਾਲ ਲੋਕਾਂ ਦਾ ਗੁੱਸਾ ਹੋਰ ਭੜਕ ਗਿਆ। ਉਹਨਾਂ ਵੀ ਸਰਕਾਰ ਦੀ ਬੱਬਰ ਦਮਨਕਾਰੀ ਸ਼ਕਤੀ ਉਪਰ ਜਵਾਬੀ ਹਮਲੇ ਕੀਤੇ। ਕੁਝ ਬੈਂਕਾਂ ਤੇ ਹੋਰ ਸਰਕਾਰੀ ਇਮਾਰਤਾਂ ਨੂੰ ਅੱਗਾਂ ਲਾ ਦਿੱਤੀ ਗਈਆਂ।
ਅੰਮ੍ਰਿਤਸਰ ਜਲ੍ਹਿਆਂ ਵਾਲਾ ਬਾਗ਼ ਹੱਤਿਆ ਕਾਂਢ ਵੀ ਇਸੇ ਦਿਨ ਦੀ ਘਟਨਾ ਹੈ। ਉੱਥੇ ਇਸ ਨਾਂ ਦੇ ਇਕ ਬਾਗ਼ ਵਿਚ ਇਕ ਜਨਤਕ ਜਲਸਾ ਹੋ ਰਿਹਾ ਸੀ। ਹਜ਼ਾਰਾਂ ਲੋਕ ਇਕੱਤਰ ਹੋਏ ਹੋਏ ਸਨ। ਬਾਹਰ ਨਿਕਲਣ ਲਈ ਸਿਰਫ ਇਕ ਛੋਟਾ ਜਿਹਾ ਰਸਤਾ ਸੀ। ਜਰਨਲ ਡਾਇਰ ਨੇ ਉਸ ਉੱਤੇ ਤੋਪ ਬੀੜ ਦਿੱਤੀ ਤੇ ਲੋਕਾਂ ਨੂੰ ਬਗ਼ੈਰ ਕੋਈ ਚਿਤਾਵਨੀ ਦਿੱਤਿਆਂ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਅੰਨ੍ਹੇਵਾਹ ਕੋਈ 1600 ਰਾਊਂਡ ਚਲਾਏ ਗਏ। ਹਫੜਾ-ਦਫੜੀ ਵਿਚ ਕੁਝ ਲੋਕ ਇਕ ਦੂਜੇ ਦੇ ਪੈਰਾਂ ਹੇਠ ਮਿੱਧੇ ਗਏ; ਨੇੜੇ ਹੀ ਇਕ ਖ਼ੂਹ ਸੀ, ਕੁਝ ਉਸ ਵਿਚ ਜਾ ਡਿੱਗੇ। ਇਕ ਪਾਸੇ ਇਕ ਛੋਟੀ ਜਿਹੀ ਕੰਧ ਸੀ, ਜਦੋਂ ਲੋਕਾਂ ਨੇ ਉਸਨੂੰ ਟੱਪ ਕੇ ਨਿਕਲ ਜਾਣਾ ਚਾਹਿਆ ਤਾਂ ਤੋਪ ਤੇ ਬੰਦੂਕਾਂ ਦਾ ਮੂੰਹ ਉਸ ਪਾਸੇ ਵਲ ਮੋੜ ਦਿੱਤਾ ਗਿਆ। ਉਸ ਕੰਧ ਉੱਤੇ ਅੱਜ ਵੀ ਗੋਲੀਆਂ ਦੇ ਨਿਸ਼ਾਨ ਮੌਜ਼ੂਦ ਹਨ।
ਇਸ ਹੱਤਿਆ-ਕਾਂਡ ਵਿਚ ਕਿੰਨੇ ਕੁ ਲੋਕਾਂ ਦੀ ਜਾਨ ਗਈ ਹੋਵੇਗੀ, ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਸੀ। ਪਰ ਸਰਕਾਰੀ ਰਿਪੋਰਟ ਅਨੁਸਾਰ 372 ਜਣੇ ਮਰੇ ਸਨ ਤੇ 1200 ਜਖ਼ਮੀ ਹੋਏ ਸਨ। ਇਹ ਆਂਕੜੇ ਵੀ ਘਟਨਾ ਦੀ ਭਿਅੰਕਰਤਾ ਨੂੰ ਦਰਸਾਉਣ ਲਈ ਘੱਟ ਨਹੀਂ। ਡਾਇਰ ਨੇ ਸਰਕਾਰ ਦੀ ਬਣਾਈ ਹੰਟਰ ਕਮੇਟੀ ਸਾਹਮਣੇ ਬਿਆਨ ਦਿੰਦਿਆਂ ਹੋਇਆਂ ਕਿਹਾ ਸੀ—“ਮੈਂ ਸੈਨਿਕ ਨਜ਼ਰੀਏ ਨਾਲ ਨਾ ਸਿਰਫ ਉਹਨਾਂ ਲੋਕਾਂ ਉੱਤੇ ਜਿਹੜੇ ਉੱਥੇ ਮੌਜ਼ੂਦ ਸਨ ਬਲਕਿ ਪੂਰੇ ਪੰਜਾਬ ਦੀ ਜਨਤਾ ਉੱਤੇ ਨੈਤਿਕ ਪ੍ਰਭਾਵ ਪਾਉਣਾ ਚਾਹਿਆ ਸੀ।” ਭਾਵ ਉਹਨਾਂ ਨੂੰ ਡਰਾਉਣਾ ਚਾਹਿਆ ਸੀ। ਇੰਗਲੈਂਡ ਦੇ ਹਾਊਸ ਆਫ ਲਾਰਡਸ ਨੇ ਡਾਇਰ ਨੂੰ ਆਪਣੇ ਇਸ 'ਕਾਰਨਾਮੇ' ਲਈ ਵੀਹ ਹਜ਼ਾਰ ਪਾਊਂਡ ਦਾ ਇਨਾਮ ਦਿੱਤਾ।
ਪਰ ਪੰਜਾਬ ਦੀ ਬਹਾਦੁਰ ਜਨਤਾ ਤੇ ਸਮੁੱਚੇ ਦੇਸ਼ ਦੀ ਜਨਤਾ ਭੈਭੀਤ ਹੋਣ ਦੀ ਬਜਾਏ ਆਪਣਾ ਖ਼ੂਨ ਚੁਸਣ ਵਾਲੇ ਵਿਦੇਸ਼ੀ ਹਾਕਮਾਂ ਦੇ ਵਿਰੁੱਧ ਉੱਠ ਖੜ੍ਹੀ ਹੋਈ। ਕਲਕੱਤੇ, ਬੰਬਈ, ਅਹਿਮਦਾਬਾਦ ਤੇ ਹੋਰ ਕਈ ਥਾਈਂ ਅੰਗਰੇਜ਼ੀ ਸਰਕਾਰ ਉੱਤੇ ਜਬਰਦਸਤ ਹਮਲੇ ਸ਼ੁਰੂ ਹੋ ਗਏ। ਸਰ ਵਾਲੇਂਟਾਈਨ ਦੇ ਸ਼ਬਦਾਂ ਵਿਚ : “ਅੰਦੋਲਨ ਨੇ ਬ੍ਰਿਟਿਸ਼ ਰਾਜ ਵਿਰੁੱਧ ਇਕ ਸੰਗਠਿਤ ਬਗ਼ਾਵਤ ਦਾ ਰੂਪ ਧਾਰ ਲਿਆ।”
ਪਰ ਗਾਂਧੀ ਇਸ ਉੱਤੇ ਖੁਸ਼ ਹੋਣ ਦੀ ਬਜਾਏ ਨਾਰਾਜ਼ ਹੋ ਗਏ। ਉਹਨਾਂ ਇਕ ਹਫਤੇ ਬਾਅਦ ਹੀ ਅੰਦੋਲਨ ਵਾਪਸ ਲੈ ਲਿਆ ਤੇ ਇਕ ਬਿਆਨ ਵਿਚ ਕਿਹਾ—“ਮੈਂ ਹਿਮਾਲਿਆ ਜਿੱਡੀ ਵੱਡੀ ਗਲਤੀ ਕੀਤੀ, ਜਿਸ ਨਾਲ ਸੱਚੇ ਸਤਿਆਗ੍ਰਹੀਆਂ ਨੂੰ ਨਹੀਂ, ਬਲਕਿ ਉਗਰਵਾਦੀਆਂ ਨੂੰ ਮਾਹੌਲ ਵਿਗਾੜਨ ਦਾ ਮੌਕਾ ਮਿਲ ਗਿਆ।” 21 ਜੁਲਾਈ ਨੂੰ ਪ੍ਰੈੱਸ ਦੇ ਨਾਂ ਇਕ ਪੱਤਰ ਵਿਚ ਲਿਖਿਆ : “ਸਤਿਆਗ੍ਰਹੀ ਦਾ ਮੰਸ਼ਾ ਸਰਕਾਰ ਨੂੰ ਪ੍ਰੇਸ਼ਾਨ ਕਰਨਾ ਕਦੀ ਨਹੀਂ ਹੁੰਦਾ।”
1909 ਵਾਂਗ ਹੀ ਅੰਗਰੇਜ਼ ਸਰਕਾਰ ਨੇ ਹੁਣ ਵੀ ਕਰਾਂਤੀਕਾਰੀ ਜਨਤਾ ਨੂੰ ਕੁਚਲਨ ਲਈ ਇਕ ਪਾਸੇ ਦਮਨਕਾਰੀ ਚੱਕਰ ਚਲਾਇਆ ਤੇ ਦੂਜੇ ਪਾਸੇ ਮਾਡਰੇਟਾਂ ਨੂੰ ਰਿਝਾਉਣ ਲਈ ਮਾਨਟੇਗੂ ਸੁਧਾਰਾਂ ਦਾ ਟੁੱਕੜਾ ਸੁੱਟਿਆ। ਇਹਨਾਂ ਸੁਧਾਰਾਂ ਨੂੰ ਕਾਨੂੰਨ 1919 ਵਿਚ ਬਣਾਇਆ ਗਿਆ; ਪਰ ਐਲਾਨ 1917 ਵਿਚ ਕਰ ਦਿੱਤਾ ਗਿਆ ਸੀ। ਮਾਡਰੇਟਾਂ ਨੇ ਦਿਲੋਂ ਇਸ ਐਲਾਨ ਦਾ ਸਵਾਗਤ ਕੀਤਾ ਸੀ ਤੇ ਉਹਨਾਂ 1918 ਵਿਚ ਕਾਂਗਰਸ ਵਿਚੋਂ ਨਿਕਲ ਕੇ ਲਿਬਰਲ ਫੈਡਰੇਸ਼ਨ ਨਾਂ ਦੀ ਇਕ ਵੱਖਰੀ ਸੰਸਥਾ ਬਣਾ ਲਈ ਸੀ।
1919 ਦਾ ਹਿੰਦੁਸਤਾਨ 1909 ਦੇ ਹਿੰਦੁਸਤਾਨ ਨਾਲੋਂ ਬਿਲਕੁਲ ਭਿੰਨ ਸੀ। ਸਥਿਤੀ ਵਿਚ ਭਾਰੀ ਪਰੀਵਰਤਨ ਆ ਚੁੱਕਿਆ ਸੀ। ਜਿਵੇਂ ਕਿ ਮੋਤੀਲਾਲ ਨੇ ਆਪਣੇ ਪੁੱਤਰ ਦੇ ਨਾਂ ਇਕ ਖ਼ਤ ਵਿਚ ਲਿਖਿਆ ਹੈ, 'ਕਿਸੇ ਵੀ ਨੇਤਾ ਲਈ ਇਸ ਪਰੀਵਰਤਨ ਨੂੰ ਅੱਖੋਂ ਪਰੋਖੇ ਕਰਨਾ ਆਪਣੇ ਹੱਥੀਂ ਰਾਜਨੀਤਕ ਮੌਤ ਸਹੇੜਨਾ ਹੈ।' ਇਸ ਲਈ 1909 ਵਾਲੇ ਬਹੁਤ ਸਾਰੇ ਮਾਡਰੇਟ ਹੁਣ ਕਾਂਗਰਸ ਵਿਚ ਹੀ ਟਿਕੇ ਰਹੇ। (ਇਸ ਵਿਚ ਸ਼ੱਕ ਨਹੀਂ ਕਿ ਉਹਨਾਂ ਵਿਚੋਂ ਕਈ ਸਮੇਂ ਦੇ ਨਾਲ ਅੱਗੇ ਵੀ ਵਧੇ ਸਨ।) ਲਿਬਰਲ ਫੈਡਰੇਸ਼ਨ ਵਿਚ ਬੜੇ ਘਟ ਲੋਕ ਗਏ, ਜਿਹੜੇ ਗਏ ਉਹ ਸਰਕਾਰ ਦੇ ਪਿੱਠੁ ਜਾਂ ਟੋਡੀ ਅਖਵਾਏ।
'ਮਾਨਟੇਗੂ ਚੇਮਸਫੋਰਡ' ਦੇ ਸੁਧਾਰਾਂ ਨੂੰ ਮੰਨਣ ਜਾਂ ਨਾ-ਮੰਨਣ ਦੇ ਸਵਾਲ ਉੱਤੇ ਕਾਂਗਰਸ ਵਿਚ ਤਿੱਖਾ ਮੱਤਭੇਦ ਸੀ। ਸੀ.ਆਰ.ਦਾਸ ਤੇ ਮਿਸੇਜ ਬੇਸੇਂਟ ਸਰਕਾਰ ਨਾਲ ਸਹਿਯੋਗ ਕਰਨ ਦੇ ਪੱਖ ਵਿਚ ਸਨ। ਗਾਂਧੀ ਨੇ ਮਾਰਸ਼ਲ-ਲਾ, ਜਲ੍ਹਿਆਂ ਵਾਲਾ ਬਾਗ਼, ਕਲਕੱਤਾ, ਬੰਬਈ ਅਤੇ ਅਹਿਮਦਾਬਾਦ ਦੀਆਂ ਘਟਨਾਵਾਂ ਪਿੱਛੋਂ ਵੀ 31 ਦਸੰਬਰ 1919 ਦੀ ਆਪਣੀ ਅਖ਼ਬਾਰ 'ਯੰਗ ਇੰਡੀਆ' ਵਿਚ ਲਿਖਿਆ ਸੀ...:
“ਸੁਧਾਰ, ਕਨੂੰਨ ਤੇ ਐਲਾਨ ਹਿੰਦੁਸਤਾਨ ਦੇ ਨਾਲ ਨਿਆਂ ਕਰਨ ਦੀ ਬ੍ਰਿਟਿਸ਼ ਲੋਕਾਂ ਦੀ ਨੀਅਤ ਦੀ ਸੱਚਾਈ ਦਾ ਪ੍ਰਮਾਣ ਹੈ...ਇਸ ਲਈ ਸਾਡਾ ਫਰਜ਼ ਸੁਧਾਰਾਂ ਦੀ ਕਰੜੀ ਅਲੋਚਨਾਂ ਕਰਨਾ ਨਹੀਂ ਬਲਕਿ ਸਾਡਾ ਫਰਜ਼ ਇਹ ਹੈ ਕਿ ਅਸੀਂ ਉਹਨਾਂ ਨੂੰ ਸਫਲ ਬਣਾਉਣ ਲਈ ਚੁੱਪਚਾਪ ਕੰਮ ਸ਼ੁਰੂ ਕਰ ਦੇਈਏ।”
ਏਧਰ ਸਰਕਾਰ ਨਾਲ ਸਹਿਯੋਗ ਕਰਨ ਦੀ ਸਲਾਹ ਦਿੱਤੀ ਜਾ ਰਹੀ ਸੀ, ਉਧਰ ਪੀੜੀ ਜਾ ਰਹੀ ਜਨਤਾ ਕਰਾਂਤੀ ਦੇ ਰਾਹ ਉੱਤੇ ਤੇਜੀ ਨਾਲ ਅੱਗੇ ਵਧ ਰਹੀ ਸੀ। ਦਸੰਬਰ 1918 ਵਿਚ ਬੰਬਈ ਮਿਲ ਮਜ਼ਦੂਰਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ, ਜਿਹੜੀ ਏਨੀ ਵਿਆਪਕ ਸੀ ਕਿ ਜਨਵਰੀ ਵਿਚ ਹੜਤਾਲੀ ਮਜ਼ਦੂਰਾਂ ਦੀ ਗਿਣਤੀ 125000 ਤਕ ਜਾ ਪਹੁੰਚੀ ਸੀ। ਜੰਗ ਪਿੱਛੋਂ ਜਿਉਂ-ਜਿਉਂ ਆਰਥਿਕ ਸੰਕਟ ਵਧਦਾ ਗਿਆ, ਜਨਤਾ ਦਾ ਸਬਰ ਵੀ ਮੁੱਕਦਾ ਗਿਆ। 1920 ਦੇ ਅੰਤ ਤਕ ਇਸ ਸੰਕਟ ਨੇ ਭਿਆਨਕ ਰੂਪ ਧਾਰਣ ਕਰ ਲਿਆ ਸੀ। ਇਸ ਵਰ੍ਹੇ ਦੇ ਪਹਿਲੇ ਅੱਧ ਵਿਚ ਹੀ 200 ਹੜਤਾਲਾਂ ਹੋਈਆਂ ਸਨ, ਜਿਹਨਾਂ ਵਿਚ ਪੰਦਰਾਂ ਹਜ਼ਾਰ ਮਜ਼ਦੂਰਾਂ ਨੇ ਹਿੱਸਾ ਲਿਆ ਸੀ।
ਜੂਨ ਦੇ ਮਹੀਨੇ ਵਿਚ ਕੋਈ 200 ਕਿਸਾਨ ਪ੍ਰਤਾਪਗੜ੍ਹ ਦੇ ਪਿੰਡਾਂ ਵਿਚੋਂ ਲਗਭਗ ਪੰਜਾਹ ਮੀਲ ਪੈਦਲ ਚੱਲ ਕੇ ਇਲਾਹਾਬਾਦ ਆਏ ਤਾਂਕਿ ਆਪਣੇ ਦੁੱਖਾਂ ਤੇ ਮੁਸੀਬਤਾਂ ਦੀ ਕਹਾਣੀ ਖਾਸ-ਖਾਸ ਨੇਤਾਵਾਂ ਨੂੰ ਸੁਣਾਅ ਸਕਣ। ਬਾਬਾ ਰਾਮਚੰਦ ਨਾਂ ਦਾ ਇਕ ਬਜ਼ੁਰਗ ਆਦਮੀ ਉਹਨਾਂ ਦਾ ਮੋਹਰੀ ਸੀ ਤੇ ਇਹ ਲੋਕ ਜਮਨਾ ਕਿਨਾਰੇ ਡੇਰਾ ਲਾ ਕੇ ਬੈਠੇ ਹੋਏ ਸਨ। ਜਵਾਹਰ ਲਾਲ ਕੁਝ ਮਿੱਤਰਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਮਿਲਣ ਗਏ। ਕਿਸਾਨਾਂ ਨੇ ਦੱਸਿਆ ਕਿ ਤਾਅਲੁਕੇਦਾਰ ਜੋਰ-ਜਬਰਦਸਤੀ ਨਾਲ ਵਸੂਲੀ ਕਰਦੇ ਹਨ, ਕੈਸਾ ਉਹਨਾਂ ਦਾ ਅਣਮਨੁੱਖੀ ਵਿਹਾਰ ਹੈ, ਤੇ ਉਹਨਾਂ ਦੀ ਹਾਲਤ ਕਿੰਨੀ ਪਤਲੀ ਹੋਈ ਹੋਈ ਹੈ।
ਕਿਸਾਨਾਂ ਦੀ ਬੇਨਤੀ ਉੱਤੇ ਜਵਾਹਰ ਲਾਲ ਆਪਣੇ ਸਾਥੀਆਂ ਨਾਲ ਉਹਨਾਂ ਦੇ ਪਿੰਡਾਂ ਵੱਲ ਵੀ ਗਏ ਤਾਂਕਿ ਹਾਲਾਤ ਦੀ ਸੱਚਾਈ ਨੂੰ ਆਪਣੇ ਅੱਖੀਂ ਵੇਖ ਸਕਣ। ਤਿੰਨ ਦਿਨ ਉਹਨਾਂ ਉੱਥੇ ਰਹਿ ਕੇ ਜੋ ਕੁਝ ਵੇਖਿਆ ਉਸਦਾ ਵਰਨਣ ਇੰਜ ਕੀਤਾ ਹੈ...:
“ਅਸੀਂ ਦੇਖਿਆ, ਸਾਰੇ ਪੇਂਡੂ ਇਲਾਕੇ ਵਿਚ ਉਤਸਾਹ ਦੀ ਲਹਿਰ ਦੌੜ ਗਈ; ਉਹਨਾਂ ਵਿਚ ਅਜੀਬ ਜੋਸ਼ ਨਜ਼ਰ ਆਉਣ ਲੱਗਾ—ਜ਼ਰਾ ਜ਼ੁਬਾਨੀ ਕਹਿ ਦਿੱਤਾ ਤੇ ਵੱਡੀਆਂ ਵੱਡੀਆਂ ਸਭਾਵਾਂ ਲਈ ਲੋਕ ਇਕੱਤਰ ਹੋ ਗਏ। ਇਕ ਪਿੰਡ ਤੋਂ ਦੂਜੇ ਪਿੰਡ ਤੇ ਦੂਜੇ ਪਿੰਡ ਤੋਂ ਤੀਜੇ ਪਿੰਡ—ਸਾਰੇ ਪਿੰਡਾਂ ਵਿਚ ਸੁਨੇਹਾ ਪਹੁੰਚ ਜਾਂਦਾ ਸੀ ਤੇ ਦੇਖਦੇ-ਦੇਖਦੇ ਹੀ ਸਾਰੇ ਪਿੰਡ ਖ਼ਾਲੀ ਹੋ ਜਾਂਦੇ ਸਨ ਤੇ ਖੇਤਾਂ ਵਿਚ ਦੂਰ-ਦੂਰ ਤਕ ਸਭਾ-ਸਥਾਨ ਵੱਲ ਆਉਂਦੇ ਆਦਮੀ, ਔਰਤਾਂ ਤੇ ਬੱਚੇ ਦਿਖਾਈ ਦੇਂਦੇ ਸਨ...
...ਤੇ ਸਾਡੇ ਵੱਲ ਆਸ ਤੇ ਮੋਹ-ਭਰੀਆਂ ਅੱਖਾਂ ਨਾਲ ਦੇਖਦੇ ਸਨ—ਜਿਵੇਂ ਅਸੀਂ ਕੋਈ ਸੁਭ ਸੁਨੇਹਾਂ ਸੁਨਾਉਣ ਆਏ ਹੋਈਏ, ਜਾਂ ਉਹਨਾਂ ਦੇ ਰਾਹਨੁਮਾ (ਰਾਹ-ਵਿਖੇਵੇ) ਹੋਈਏ, ਜਿਹੜੇ ਉਹਨਾਂ ਨੂੰ ਆਪਣੀ ਮੰਜ਼ਿਲ ਤਕ ਪਹੁੰਚਾ ਦਿਆਂਗੇ।”
ਹੋਰ ਲਿਖਿਆ ਹੈ...:
“ਜਿਹੜੇ ਲੋਕ ਉੱਥੇ ਆਏ ਸਨ, ਉਹਨਾਂ ਵਿਚ ਬਹੁਤਿਆਂ ਕੋਲ ਜ਼ਮੀਨ ਨਹੀਂ ਸੀ ਤੇ ਜਿਹਨਾਂ ਨੂੰ ਜ਼ਿਮੀਂਦਾਰਾਂ ਨੇ ਬੇਦਖ਼ਲ ਕਰ ਦਿੱਤਾ ਸੀ। ਉਹਨਾਂ ਕੋਲ ਸਹਾਰੇ ਲਈ ਨਾ ਆਪਣੀ ਜ਼ਮੀਨ ਸੀ ਤੇ ਨਾ ਆਪਣੀ ਝੁੱਗੀ। ਉਂਜ ਜ਼ਮੀਨ ਉਪਜਾਊ ਸੀ; ਮਗਰ ਉਸ ਉੱਤੇ ਲਗਾਨ ਆਦੀ ਦਾ ਬੋਝ ਬੜਾ ਭਾਰੀ ਸੀ। ਖੇਤ ਛੋਟੇ ਛੋਟੇ ਸਨ ਤੇ ਇਕ ਇਕ ਖੇਤ ਲੈਣ ਲਈ ਕਿੰਨੇ ਹੀ ਲੋਕ ਲੜ ਮਰਦੇ ਸਨ। ਉਹਨਾਂ ਦੀ ਇਸ ਹਿਰਸ ਦਾ ਫਾਇਦ ਉਠਾਅ ਕੇ ਜ਼ਿਮੀਂਦਾਰਾਂ ਨੇ, ਜਿਹੜੇ ਕਾਨੂੰਨ ਦੇ ਅਨੁਸਾਰ ਇਕ ਹੱਦ ਤੋਂ ਵੱਧ ਲਗਾਨ ਨਹੀਂ ਸੀ ਵਧਾਅ ਸਕਦੇ, ਕਾਨੂੰਨ ਨੂੰ ਛਿੱਕੇ-ਟੰਗ ਕੇ ਭਾਰੀ ਨਜ਼ਰਾਨੇ ਲਾ ਦਿੱਤੇ ਸਨ। ਵਿਚਾਰਾ ਕਿਸਾਨ ਕੋਈ ਚਾਰਾ ਨਾ ਦੇਖ ਕੇ ਰੁਪਏ ਉਧਾਰ ਲੈਂਦਾ ਤੇ ਨਜ਼ਰਾਨਾ ਵਗ਼ੈਰਾ ਦੇ ਦਿੰਦਾ ਤੇ ਫੇਰ ਜਦ ਕਰਜਾ ਤੇ ਲਗਾਨ ਦੋਹੇਂ ਨਾ ਦੇ ਸਕਦਾ ਤਾਂ ਬੇਦਖ਼ਲ ਕਰ ਦਿੱਤਾ ਜਾਂਦਾ...।”
ਇਹਨਾਂ ਹਾਲਾਤਾਂ ਵਿਚ ਕਿਸਾਨਾਂ ਦਾ ਬਾਗ਼ੀ ਹੋਣਾ ਸੁਭਾਵਿਕ ਹੀ ਸੀ। ਇਸੇ ਸਾਲ ਸਰਦੀਆਂ ਵਿਚ ਸਰਕਾਰ ਨੇ ਉਹਨਾਂ ਦੇ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ। ਉਹਨਾਂ ਉੱਤੇ ਪ੍ਰਤਾਪਗੜ੍ਹ ਵਿਚ ਮੁਕੱਦਮਾ ਚਲਾਇਆ ਜਾਣ ਵਾਲਾ ਸੀ ਕਿ ਕਿਸਾਨਾਂ ਦੀ ਇਕ ਬੜੀ ਵੱਡੀ ਭੀੜ ਅਦਾਲਤ ਵਿਚ ਆ ਵੜੀ ਤੇ ਜੇਲ੍ਹ ਤਕ, ਜਿਸ ਵਿਚ ਨੇਤਾਵਾਂ ਨੂੰ ਰੱਖਿਆ ਹੋਇਆ ਸੀ, ਲੋਕ ਹੀ ਲੋਕ ਨਜ਼ਰ ਆਉਣ ਲੱਗੇ। ਮਜਿਸਟ੍ਰੇਟ ਨੇ ਘਬਰਾ ਕੇ ਮੁਕੱਦਮੇ ਦੀ ਸੁਣਵਾਈ ਅੱਗੇ ਪਾ ਦਿੱਤੀ। ਕਿਸਾਨ ਡਟੇ ਰਹੇ ਤੇ ਦੂਜੇ ਦਿਨ ਜਦੋਂ ਉਹਨਾਂ ਦੇ ਨੇਤਾਵਾਂ ਨੂੰ ਰਿਹਾਅ ਕੀਤਾ ਗਿਆ, ਤਾਂ ਹੀ ਉੱਥੋਂ ਹਟੇ।
ਇੰਜ 1920 ਦੇ ਅੰਤ ਵਿਚ ਦੇਸ਼, ਉਸ ਸਾਲ ਦੇ ਕਾਂਗਰਸ ਇਜਲਾਸ ਦੇ ਪ੍ਰਧਾਨ ਲਾਲਾ ਲਾਜਪਤ ਰਾਏ ਦੇ ਸ਼ਬਦਾਂ ਵਿਚ 'ਕਰਾਂਤੀ ਦੇ ਮੂਹਾਨੇ ਉੱਤੇ ਖੜ੍ਹਾ ਸੀ' ਪਰ ਕਰਾਂਤੀ ਨੇਤਾਵਾਂ ਦੇ 'ਸੰਸਕਾਰ ਤੇ ਪਰੰਪਰਾਵਾਂ ਦੇ ਪ੍ਰਤੀਕੂਲ (ਉਲਟ) ਸੀ।'
ਆਪਣੇ ਉਪਰੋਕਤ ਪਿੰਡਾਂ ਦੇ ਦੌਰੇ ਬਾਰੇ ਲਿਖਦਿਆਂ ਹੋਇਆਂ, ਸੱਚਾਈ ਦੇ ਪਲਾਂ ਵਿਚ, ਜਵਾਹਰ ਲਾਲ ਨੇ ਇਸ ਗੱਲ ਨੂੰ ਇੰਜ ਸਵੀਕਾਰ ਕੀਤਾ ਹੈ...:
“...ਮੈਨੂੰ ਤਾਅਜੁਬ (ਹੈਰਾਨੀ) ਹੁੰਦਾ ਸੀ ਕਿ ਆਪਣੇ ਆਸ-ਪਾਸ ਜਮ੍ਹਾਂ ਹੋਣ ਵਾਲੇ ਇਹਨਾਂ ਹਜ਼ਾਰਾਂ ਆਦਮੀਆਂ ਨਾਲੋਂ ਹਰ ਗੱਲ ਵਿਚ, ਆਪਣੀਆਂ ਆਦਤਾਂ ਵਿਚ, ਇੱਛਾਵਾਂ ਵਿਚ, ਮਾਨਸਿਕ ਤੇ ਅਧਿਆਤਮਕ ਦ੍ਰਿਸ਼ਟੀ ਪੱਖੋਂ, ਬੜਾ ਵੱਖਰਾ ਹੁੰਦਿਆਂ ਹੋਇਆਂ ਵੀ, ਇਹਨਾਂ ਲੋਕਾਂ ਦੀਆਂ ਸੁਭਇੱਛਾਵਾਂ ਤੇ ਵਿਸ਼ਵਾਸ ਕਿੰਜ ਹਾਸਿਲ ਕਰ ਲਿਆ ਹੈ ਮੈਂ? ਕੀ ਇਸ ਦਾ ਸਬਬ ਇਹ ਤਾਂ ਨਹੀਂ ਸੀ ਕਿ ਇਹਨਾਂ ਲੋਕਾਂ ਨੇ ਮੈਨੂੰ ਮੇਰੇ ਮੂਲ ਸਰੂਪ ਨਾਲੋਂ ਕੁਛ ਵੱਖਰਾ ਸਮਝਿਆ ਹੋਇਆ ਹੈ? ਜਦ ਇਹ ਮੈਨੂੰ ਕੁਛ ਜ਼ਿਆਦਾ ਪਛਾਣ ਲੈਣਗੇ, ਕੀ ਤਦ ਵੀ ਮੈਨੂੰ ਏਨਾ ਹੀ ਚਾਹੁੰਦੇ ਰਹਿਣਗੇ? ਕੀ ਮੈਂ ਲੰਮੀਆਂ-ਚੌੜੀਆਂ ਗੱਲਾਂ ਸੁਣਾ ਕੇ ਹੀ ਉਹਨਾਂ ਦੀਆਂ ਸ਼ੁਭਇੱਛਾਵਾਂ ਪ੍ਰਾਪਤ ਕਰ ਰਿਹਾ ਹਾਂ?...ਮਗਰ ਮੇਰਾ ਇਹ ਵਿਚਾਰ ਨਾ ਡੋਲਿਆ ਕਿ ਉਹਨਾਂ ਨੂੰ ਮੇਰੇ ਨਾਲ ਪ੍ਰੇਮ ਹੈ, ਮੈਂ ਜੈਸਾ ਕੁਛ ਹਾਂ, ਉਹਨਾਂ ਲਈ ਨਹੀਂ, ਬਲਕਿ ਮੇਰੀ ਬਾਬਤ ਉਹਨਾਂ ਨੇ ਜਿਹੜੀ ਸੁੰਦਰ ਕਲਪਣਾ ਕੀਤੀ ਹੋਈ ਸੀ, ਉਸਦੇ ਕਰਕੇ ਸੀ। ਇਹ ਝੂਠੀ ਕਲਪਣਾ ਕਿੰਨਾ ਸਮਾਂ ਟਿਕੀ ਰਹਿ ਸਕਦੀ ਹੈ? ਤੇ ਉਹ ਟਿਕੀ ਰਹਿਣ ਵੀ ਕਿਉਂ ਦਿੱਤੀ ਜਾਏ? ਜਦ ਉਹਨਾਂ ਦੀ ਇਹ ਕਲਪਣਾ ਝੂਠੀ ਨਿਕਲੇਗੀ ਤੇ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗੇਗਾ,  ਉਦੋਂ ਫੇਰ ਕੀ ਹੋਏਗਾ?”
    --- --- ---

No comments:

Post a Comment