Wednesday, June 15, 2011

ਰਾਸ਼ਟਰੀਅਤਾ ਤੇ ਅੰਤਰ-ਰਾਸ਼ਟਰੀਅਤਾ :

    
ਰਾਸ਼ਟਰੀਅਤਾ ਤੇ ਅੰਤਰ-ਰਾਸ਼ਟਰੀਅਤਾ

 


ਜਵਾਹਰ ਲਾਲ ਦੇਸ਼ ਦੇ ਰੂੜ੍ਹੀਗ੍ਰਸੇ ਸੰਪਰਦਾਇਕ ਵਾਤਾਵਰਣ ਤੋਂ ਅੱਕ ਕੇ ਯੂਰਪ ਗਏ ਸਨ। ਕੋਈ ਪੌਣੇ ਦੋ ਸਾਲ ਬਾਅਦ 1927 ਦੇ ਅੰਤ ਵਿਚ ਬੜੀ ਵਧੀਆ ਸਿਹਤ ਤੇ ਮਾਨਸਿਕਤਾ ਸਮੇਤ ਵਾਪਸ ਆਏ ਤੇ ਆਪਣੀ ਇਸ ਅਵਸਥਾ ਨੂੰ ਉਹਨਾਂ ਖ਼ੁਦ ਇੰਜ ਚਿੱਤਰਿਆ...:
“ਮੈਂ ਇੰਜ ਮਹਿਸੂਸ ਕਰਦਾ ਸਾਂ ਕਿ ਮੇਰੇ ਅੰਦਰ ਸ਼ਕਤੀ ਤੇ ਜੀਵਨ ਨੱਕੋ-ਨੱਕ ਭਰ ਗਿਆ ਹੈ, ਤੇ ਇਸ ਤੋਂ ਪਹਿਲਾਂ ਅੰਤਰ-ਦਵੰਧ ਤੇ ਵਿਉਂਤਾਂ ਦੇ ਵਿਗੜ ਜਾਣ ਦਾ, ਜਿਹੜਾ ਖ਼ਿਆਲ ਮੈਨੂੰ ਅਕਸਰ ਪ੍ਰੇਸ਼ਾਨ ਕਰਦਾ ਰਹਿੰਦਾ ਸੀ, ਉਹ ਇਸ ਸਮੇਂ ਨਹੀਂ ਸੀ ਰਿਹਾ। ਮੇਰਾ ਦ੍ਰਿਸ਼ਟੀ-ਬਿੰਦੂ ਵਿਆਪਕ ਹੋ ਗਿਆ ਸੀ ਤੇ ਸਿਰਫ ਰਾਸ਼ਟਰੀਤਾ ਦਾ ਟੀਚਾ ਮੈਨੂੰ ਪੱਕੇ ਤੌਰ 'ਤੇ ਬੜਾ ਛੋਟਾ ਤੇ ਸੌੜਾ ਜਿਹਾ ਜਾਪਦਾ ਹੁੰਦਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਜਨੀਤਕ ਸੁਤੰਤਰਤਾ ਲਾਜ਼ਮੀ ਸੀ, ਲੇਕਿਨ ਉਹ ਤਾਂ ਸਹੀ ਦਿਸ਼ਾ ਵਿਚ ਇਕ ਕਦਮ ਹੈ ਸਿਰਫ। ਜਦ ਤਕ ਸਮਾਜਿਕ ਆਜ਼ਾਦੀ ਨਹੀਂ ਹੋਏਗੀ ਤੇ ਸਮਾਜ ਤੇ ਰਾਜ ਦੀ ਬਣਤਰ ਸਮਾਜਵਾਦੀ ਨਹੀਂ ਹੋਏਗੀ, ਤਦ ਤਕ ਨਾ ਦੇਸ਼ ਹੀ ਵੱਧ ਤੱਰਕੀ ਕਰ ਸਕਦਾ ਹੈ, ਨਾ ਉਸ ਵਿਚ ਰਹਿਣ ਵਾਲੇ ਲੋਕ ਹੀ। ਮੈਂ ਇਹ ਮਹਿਸੂਸ ਕਰਨ ਲੱਗ ਪਿਆ ਕਿ ਮੈਨੂੰ ਦੁਨੀਆਂ ਦੇ ਮਾਮਲੇ ਵਧੇਰੇ ਸਾਫ ਦਿਖਾਈ ਦੇ ਰਹੇ ਹਨ। ਅੱਜਕੱਲ੍ਹ ਦੀ ਦੁਨੀਆਂ ਦੇ, ਜਿਹੜੀ ਕਿ ਹਰ ਵਕਤ ਬਦਲਦੀ ਰਹਿੰਦੀ ਹੈ—ਚਾਲੂ ਮਾਮਲਿਆਂ ਤੇ ਰਾਜਨੀਤੀ ਬਾਰੇ ਹੀ ਨਹੀਂ, ਬਲਕਿ ਸੰਸਕ੍ਰਿਤਕ ਤੇ ਵਿਗਿਆਨਕ ਅਤੇ ਹੋਰ ਵੀ ਅਜਿਹੇ ਵਿਸ਼ੇ ਜਿਹਨਾਂ ਵਿਚ ਮੇਰੀ ਦਿਲਚਸਪੀ ਸੀ, ਮੈਂ ਖ਼ੂਬ ਪੜ੍ਹੇ। ਯੂਰੋਪ ਤੇ ਅਮਰੀਕਾ ਵਿਚ ਜਿਹੜੇ ਵੱਡੇ-ਵੱਡੇ ਰਾਜਨੀਤਕ, ਆਰਥਿਕ ਤੇ ਸੰਸਕ੍ਰਿਤਕ ਪ੍ਰੀਵਰਤਨ ਹੋ ਰਹੇ ਸਨ, ਉਹਨਾਂ ਦੇ ਅਧਿਅਨ ਵਿਚ ਮੈਨੂੰ ਬੜਾ ਲੁਤਫ਼ ਆਉਂਦਾ ਸੀ। ਭਾਵੇਂ ਸੋਵੀਅਤ ਰੂਸ ਦੇ ਕਈ ਪੱਖ ਮੈਨੂੰ ਚੰਗੇ ਨਹੀਂ ਸੀ ਲੱਗਦੇ ਹੁੰਦੇ, ਫੇਰ ਵੀ ਉਹ ਪੂਰੀ ਤਰ੍ਹਾਂ ਮੈਨੂੰ ਆਪਣੇ ਵੱਲ ਖਿੱਚਦਾ ਸੀ ਤੇ ਇੰਜ ਮਹਿਸੂਸ ਹੁੰਦਾ ਸੀ ਕਿ ਉਹ ਦੁਨੀਆਂ ਨੂੰ ਆਸ ਦਾ ਸੁਨੇਹਾ ਦੇ ਰਿਹਾ ਹੈ। 1925 ਦੇ ਆਸਪਾਸ ਯੂਰੋਪ ਇਕ ਤਰੀਕੇ ਨਾਲ ਇਕ ਥਾਵੇਂ ਨਿੱਠ ਕੇ ਬੈਠਣ ਦੀ ਕੋਸ਼ਿਸ਼ ਕਰ ਰਿਹਾ ਸੀ। ਮਹਾਨ ਆਰਥਿਕ ਸੰਕਟ ਤਾਂ ਇਸ ਪਿੱਛੋਂ ਆਉਣਾ ਸੀ। ਲੇਕਿਨ ਮੈਂ ਉੱਥੋਂ ਇਹ ਵਿਸ਼ਵਾਸ ਲੈ ਕੇ ਪਰਤਿਆ ਕਿ ਨਿੱਠ ਕੇ ਬੈਠਣ ਦੀ ਇਹ ਕੋਸ਼ਿਸ਼ ਤਾਂ ਵਿਖਾਵਾ ਹੈ ਤੇ ਨੇੜਲੇ ਭਵਿੱਖ ਵਿਚ ਯੂਰੋਪ ਤੇ ਹੋਰ ਦੁਨੀਆਂ ਵਿਚ ਭਾਰੀ ਉਥਲ-ਪੁਥਲ ਹੋਣ ਵਾਲੀ ਹੈ ਤੇ ਵੱਡੇ-ਵੱਡੇ ਧਮਾਕੇ ਹੋਣ ਵਾਲੇ ਹਨ।
"ਮੈਨੂੰ ਫੌਰੀ ਕਰਨ ਵਾਲਾ ਸਭ ਤੋਂ ਪਹਿਲਾ ਕੰਮ ਇਹ ਦਿਖਾਈ ਦਿੱਤਾ ਕਿ ਅਸੀਂ ਦੇਸ਼ ਨੂੰ ਇਹਨਾਂ ਵਿਸ਼ਵ ਵਿਆਪੀ ਘਟਨਾਵਾਂ ਲਈ ਚੇਤਨ ਤੇ ਸਿੱਖਿਅਤ ਕਰੀਏ, ਉਸਨੂੰ ਉਹਨਾਂ ਲਈ ਜਿੱਥੋਂ ਤਕ ਹੋ ਸਕੇ ਤਿਆਰ-ਬਰ-ਤਿਆਰ ਰੱਖੀਏ। ਇਹ ਤਿਆਰੀ ਵਧੇਰੇ ਕਰਕੇ ਵਿਚਾਰਾਂ ਦੀ ਤਿਆਰੀ ਸੀ, ਜਿਸ ਵਿਚ ਸਭ ਤੋਂ ਪਹਿਲੀ ਗੱਲ ਇਹ ਸੀ ਕਿ ਸਾਡੀ ਰਾਜਨੀਤਕ ਆਜ਼ਾਦੀ ਦੇ ਨਿਸ਼ਾਨੇ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਇਹ ਗੱਲ ਤਾਂ ਸਾਰਿਆਂ ਨੂੰ ਸਾਫ ਸਾਫ ਸਮਝ ਲੈਣੀ ਚਾਹੀਦੀ ਹੈ ਕਿ ਸਾਡਾ ਇਕੋਇਕ ਸਾਂਝਾ ਰਾਜਨੀਤਕ ਮੰਤਕ ਇਹੀ ਹੋ ਸਕਦਾ ਹੈ ਕਿ ਔਪਨਿਵੇਸ਼ਕ ਪਦ ਬਾਰੇ ਜੋ ਗੋਲ-ਮੋਲ ਤੇ ਅਸਪਸ਼ਟ ਗੱਲਾਂ ਕੀਤੀਆਂ ਜਾਂਦੀਆਂ ਹਨ, ਆਜ਼ਾਦੀ ਉਹਨਾਂ ਨਾਲੋਂ ਬਿਲਕੁਲ ਵੱਖਰੀ ਚੀਜ ਹੈ। ਇਸ ਦੇ ਇਲਾਵਾ ਸਮਾਜਿਕ ਨਿਸ਼ਾਨਾ ਵੀ ਸੀ। ਮੈਂ ਮਹਿਸੂਸ ਕੀਤਾ ਕਿ ਕਾਂਗਰਸ ਤੋਂ ਇਹ ਉਮੀਦ ਕਰਨਾ ਕਿ ਅਜੇ ਇਸ ਤਰ੍ਹਾਂ ਉਹ ਵੱਧ ਅੱਗੇ ਜਾ ਸਕੇਗੀ, ਬੜੀ ਵੱਡੀ ਗੱਲ ਹੋਏਗੀ। ਕਾਂਗਰਸ ਤਾਂ ਸਿਰਫ ਇਕ ਰਾਜਨੀਤਕ ਰਾਸ਼ਟਰੀ ਸੰਸਥਾ ਹੈ, ਜਿਸਨੂੰ ਦੂਜੇ ਤਰੀਕਿਆਂ ਨਾਲ ਸੋਚਣ ਦਾ ਅਭਿਆਸ ਨਹੀਂ। ਲੇਕਿਨ, ਫੇਰ ਵੀ ਇਸ ਦਿਸ਼ਾ ਵਿਚ ਸ਼ੁਰੂਆਤ ਕੀਤੀ ਜਾ ਸਕਦੀ ਹੈ। ਕਾਂਗਰਸ ਦੇ ਬਾਹਰ ਮਜ਼ਦੂਰ ਮੰਡਲਾਂ ਵਿਚ ਤੇ ਨੌਜਵਾਨਾਂ ਵਿਚ ਵਿਚਾਰ ਨੂੰ ਕਾਂਗਰਸ ਨਾਲੋਂ ਵੱਧੇਰੇ ਦੂਰ ਤੀਕ ਫੈਲਾਇਆ ਜਾ ਸਕਦਾ ਸੀ, ਇਸ ਲਈ ਮੈਂ ਆਪਣੇ ਆਪ ਨੂੰ ਕਾਂਗਰਸ ਦੇ ਦਫ਼ਤਰੀ ਕੰਮਾਂ ਤੋਂ ਵੱਖ ਰੱਖਣਾ ਚਾਹੁੰਦਾ ਸਾਂ। ਇਸ ਦੇ ਇਲਾਵਾ ਮੇਰੇ ਮਨ ਵਿਚ ਕੁਛ-ਕੁਛ ਇਹ ਖ਼ਿਆਲ ਵੀ ਸੀ ਕਿ ਮੈਂ ਕੁਛ ਮਹੀਨੇ ਦੂਰ ਦੁਰੇਡੇ ਦੇ ਪਿੰਡਾਂ ਵਿਚ ਰਹਿ ਕੇ ਉਹਨਾਂ ਦੀ ਹਾਲਤ ਦਾ ਅਧਿਐਨ ਕਰਨ ਵਿਚ ਬਿਤਾਵਾਂ। ਲੇਕਿਨ ਇੰਜ ਹੋਣਾ ਨਹੀਂ ਸੀ ਤੇ ਘਟਨਾਵਾਂ ਨੇ ਪੱਕੀ ਧਾਰੀ ਹੋਈ ਸੀ ਕਿ ਉਹ ਮੈਨੂੰ ਕਾਂਗਰਸ ਦੀ ਰਾਜਨੀਤੀ ਵਿਚ ਘਸੀਟ ਲੈਣਗੀਆਂ।” (ਮੇਰੀ ਕਹਾਣੀ)
ਉਤਾਰਾ ਬੜਾ ਲੰਮਾਂ ਹੋ ਗਿਆ ਹੈ। ਪਰ ਇਸ ਸਮੇਂ ਦੇਸ਼ ਇਕ ਇਤਿਹਾਸਕ ਮੋੜ ਉੱਤੇ ਸੀ। ਸੋ ਇਹ ਉਤਾਰਾ ਇਸ ਮੋੜ ਦੀਆਂ ਅਗਲੀਆਂ ਘਟਨਾਵਾਂ ਨੂੰ, ਸਾਡੀ ਰਾਜਨੀਤੀ ਨੂੰ ਤੇ ਖ਼ੁਦ ਜਵਾਹਰ ਲਾਲ ਨੂੰ ਸਮਝਣ ਦੀ ਕੁੰਜੀ ਹੈ। 'ਕੁਛ-ਕੁਛ ਇਹ ਖ਼ਿਆਲ ਵੀ ਸੀ' ਦੀ ਦੁਚਿੱਤੀ ਤੇ ਇਸ ਵਾਕ ਪਿੱਛੋਂ 'ਲੇਕਿਨ ਇੰਜ ਹੋਣਾ ਨਹੀਂ ਸੀ ਤੇ ਘਟਨਾਵਾਂ ਨੇ ਧਾਰੀ ਹੋਈ ਸੀ ਕਿ ਉਹ ਮੈਨੂੰ ਕਾਂਗਰਸ ਦੀ ਰਾਜਨੀਤੀ ਵਿਚ ਘਸੀਟ ਲੈਣਗੀਆਂ' ਉਪਰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਅਚਾਨਕ ਉਰਦੂ ਦਾ ਇਕ ਸ਼ਿਅਰ ਯਾਦ ਆ ਗਿਆ ਹੈ। ਸ਼ਿਅਰ ਹੈ...:
 ਜੀਅ ਮੇਂ ਆਤਾ ਹੈ ਲਗਾ ਦੂੰ ਆਗ ਕੋਹੇ ਤੁਰ ਕੋ,
 ਫਿਰ ਖ਼ਯਾਲ ਆਤਾ ਹੈ ਮੂਸਾ ਬੇਵਤਨ ਹੋ ਜਾਏਗਾ।
ਸ਼ਾਇਰ ਰੂੜ੍ਹੀ ਤੇ ਅੰਧਵਿਸ਼ਵਾਸ਼ ਦੇ ਖ਼ਿਲਾਫ਼ ਬਾਗ਼ੀ ਭਾਵਨਾ ਨਾਲ ਭਰਿਆ ਹੋਇਆ ਹੈ। ਉਸਨੂੰ ਇਹ ਕਹਾਣੀ ਕਿ ਹਜਰਤ ਮੂਸਾ ਨੇ ਕੋਹੇ ਤੂਰ ਉਪਰ ਜਲਵਾ ਦਿਖਾਇਆ ਸੀ, ਸਰਾਸਰ ਝੂਠੀ ਲੱਗਦੀ ਹੈ। ਇਸ ਝੂਠ ਨੂੰ ਮੇਟਣ ਖਾਤਰ ਉਹ ਚਾਹੁੰਦਾ ਹੈ ਕਿ ਕੋਹੇ ਤੂਰ ਨੂੰ ਹੀ ਅੱਗ ਲਾ ਦਿਆਂ। ਪਰ ਫੌਰਨ ਹੀ ਸੋਚਦਾ ਹੈ ਕਿ ਜੇ ਇਹ ਝੂਠ ਹੀ ਮਿਟਾਅ ਦਿੱਤਾ ਤਾਂ ਇਸ ਕਹਾਣੀ ਦੀ ਕੀ ਹੋਂਦ ਰਹਿ ਜਾਵੇਗੀ ਤੇ ਹਜਰਤ ਮੂਸਾ ਦਾ ਕੀ ਬਣੇਗਾ? ਉਸਨੂੰ ਕੌਣ ਪੁੱਛੇਗਾ? ਮੂਸਾ ਵਿਚ ਸ਼ਾਇਰ ਦੀ ਆਸਥਾ ਹੈ, ਇਸ ਲਈ ਉਹ ਕੋਹੇ ਤੂਰ ਨੂੰ ਅੱਗ ਲਾਉਣ ਦਾ ਆਪਣਾ ਬਾਗ਼ੀ ਵਿਚਾਰ ਤਿਆਗ ਦਿੰਦਾ ਹੈ।
ਪੰਡਿਤ ਜਵਾਹਰ ਲਾਲ ਨਹਿਰੂ ਦੇ ਹਜਰਤ ਮੂਸਾ ਸਨ, ਮਹਾਤਮਾ ਗਾਂਧੀ-ਇਹ ਗੱਲ ਚੇਤੇ ਰੱਖਣ ਵਾਲੀ ਹੈ।
ਯੂਰਪ ਤੋਂ ਵਾਪਸ ਆਉਂਦੇ ਹੀ ਜਵਾਹਰ ਲਾਲ ਕਾਂਗਰਸ ਦੇ ਮਦਰਾਸ ਇਜਲਾਸ ਵਿਚ ਸ਼ਾਮਿਲ ਹੋਏ। ਉੱਥੇ ਉਹਨਾਂ ਮੁਕੰਮਲ ਆਜ਼ਾਦੀ ਬਾਰੇ, ਯੁੱਧ ਦੇ ਖ਼ਤਰਿਆਂ ਬਾਰੇ, ਤੇ ਸਮਾਜ ਵਿਰੋਧੀ ਲੀਗ ਬਾਰੇ ਲਗਭਗ ਚਾਰ ਮਤੇ ਰੱਖੇ, ਜਿਹੜੇ ਬਿਨਾਂ ਕਿਸੇ ਵਿਰੋਧ ਦੇ ਪਾਸ ਹੋ ਗਏ। ਆਜ਼ਾਦੀ ਦੇ ਮਤੇ ਦਾ ਤਾਂ ਮਿਸੇਜ ਐਨੀ ਬੇਸੇਂਟ ਨੇ ਵੀ ਸਮਰਥਨ ਕਰ ਦਿੱਤਾ। ਚੌਂਹ ਪਾਸਿਓਂ ਮਿਲੇ ਇਸ ਸਮਰਥਨ ਕਾਰਨ ਜਵਾਹਰ ਲਾਲ ਨੂੰ ਖੁਸ਼ੀ ਹੋਣ ਦੀ ਬਜਾਏ ਪ੍ਰਸ਼ਾਨੀ ਹੋਣ ਲੱਗੀ—'ਕਿਉਂਕਿ ਉਹਨਾਂ ਲੋਕਾਂ ਨੇ ਜਾਂ ਤਾਂ ਇਹਨਾਂ ਮਤਿਆਂ ਦੇ ਅਰਥ ਤੇ ਮਹੱਤਵ ਨੂੰ ਨਹੀਂ ਸੀ ਸਮਝਿਆ ਜਾਂ ਆਪਣੇ ਮਨ ਵਿਚ ਇਹ ਸੋਚਿਆ ਸੀ ਕਿ ਜੇ ਨੌਜਵਾਨ ਮਤੇ ਪਾਸ ਕਰ ਦੇਣ ਨਾਲ ਖੁਸ਼ ਹੁੰਦੇ ਨੇ, ਤਾਂ ਪਾਸ ਕਰ ਦਿਓ, ਇਸ ਵਿਚ ਹਰਜ਼ ਹੀ ਕੀ ਹੈ?'
ਟਾਲਨ ਵਾਲੀ ਗੱਲ ਹੀ ਸੀ। ਉਸੇ ਸਮੇਂ ਉਸੇ ਬੈਠਕ ਵਿਚ ਇਕ ਹੋਰ ਮਤਾ ਆਇਆ, ਜਿਹੜਾ ਸਾਈਮਨ-ਕਮਿਸ਼ਨ ਦੇ ਬਾਈਕਾਟ ਬਾਰੇ ਸੀ ਤੇ ਜਿਸ ਵਿਚ ਇਹ ਤਜਵੀਜ਼ ਰੱਖੀ ਗਈ ਸੀ ਕਿ ਸਾਰੇ ਦਲਾਂ ਦੀ ਇਕ ਕਾਂਗਰਸ ਬੁਲਾਈ ਜਾਵੇ, ਜਿਹੜੀ ਹਿੰਦੁਸਤਾਨ ਦੀ ਹਕੂਮਤ ਲਈ ਵਿਧਾਨ ਤਿਆਰ ਕਰੇ। ਜ਼ਾਹਿਰ ਹੈ ਕਿ ਜਿਹੜਾ ਹਕੂਮਤੀ-ਵਿਧਾਨ ਮਾਡਰੇਟਾਂ ਸਮੇਤ ਸਾਰੇ ਦਲਾਂ ਦੇ ਸਹਿਯੋਗ ਨਾਲ ਤਿਆਰ ਹੋਣਾ ਸੀ, ਉਹ ਡੋਮੀਨੀਅਨ ਸਟੇਟਸ ਯਾਨੀ ਔਪਨਿਵੇਸ਼ਕ-ਪਦ ਨਾਲੋਂ ਵੱਧ ਹੋਰ ਕੀ ਹੋ ਸਕਦਾ ਸੀ? ਸਰਵ-ਦਲ-ਸੰਮੇਲਨ ਦੇ ਇਸ ਮਤੇ ਨੇ ਆਜ਼ਾਦੀ ਦੇ ਮਤੇ ਨੂੰ ਬੋਦਾ, ਰੱਦੀ ਕਾਗਜ਼ ਬਣਾਅ ਕੇ ਰੱਖ ਦਿੱਤਾ।
ਪ੍ਰਧਾਨ ਡਾ. ਅੰਸਾਰੀ ਸਨ। ਨੌਜਵਾਨਾਂ ਦੇ ਪ੍ਰਤੀਨਿੱਧ ਜਵਾਹਰ ਲਾਲ ਤੇ ਸੁਭਾਸ਼ ਬੋਸ ਦੋਵਾਂ ਨੂੰ ਸਕੱਤਰ ਬਣਾ ਦਿੱਤਾ ਗਿਆ।
ਜਵਾਹਰ ਲਾਲ ਨੇ ਸੁਭਾਸ਼ ਦਾ ਜ਼ਿਕਰ ਨਹੀਂ ਕੀਤਾ ਸਿਰਫ ਆਪਣੇ ਹੀ ਸਕੱਤਰ ਬਣਾਏ ਜਾਣ ਦੀ ਗੱਲ ਲਿਖੀ ਹੈ ਤੇ ਆਜ਼ਾਦੀ ਦਾ ਮਤਾ ਬੇਅਸਰ ਤੇ ਖ਼ਤਮ ਕਰ ਦਿੱਤੇ ਜਾਣ ਦੇ ਬਾਵਜੂਦ ਆਪਣੇ ਇਸ ਪਦ ਉੱਤੇ ਰਹਿਣ ਦੇ ਦੋ ਕਾਰਨ ਦੱਸੇ ਹਨ : ਇਕ ਇਹ ਕਿ 'ਡਾ.ਅੰਸਾਰੀ ਮੇਰੇ ਬੜੇ ਪੁਰਾਣੇ ਤੇ ਪਿਆਰੇ ਦੋਸਤ ਸਨ, ਤੇ ਉਹਨਾਂ ਦੀ ਇੱਛਾ ਸੀ ਕਿ ਮੈਂ ਸੈਕਰੇਟਰੀ ਬਣਾ।' ਦੂਜਾ ਅਸਲ ਕਾਰਣ ਇਹ ਸੀ ਕਿ 'ਉਹਨੀਂ ਦਿਨੀ ਕਾਂਗਰਸ ਦੁਚਿੱਤੀ ਵਿਚ ਫਸੀ ਹੋਈ ਸੀ—ਕਦੀ ਰੋਹੀਲਿਆਂ ਵੱਲ ਵਧਦੀ ਸੀ ਤੇ ਕਦੀ ਨਰਮ-ਦਲੀਆਂ ਵੱਲ ਪਲਟ ਆਉਂਦੀ ਸੀ। “ਮੈਂ ਚਾਹੁੰਦਾ ਸਾਂ ਕਿ ਜਿੱਥੋਂ ਤਕ ਮੈਥੋਂ ਹੋ ਸਕੇਗਾ ਉੱਥੋਂ ਤੀਕ ਇਸ ਦੁਚਿੱਤੀ ਵਿਚ ਲਟਕ ਰਹੀ ਕਾਂਗਰਸ ਨੂੰ ਨਰਮੀ ਵਾਲੇ ਪਾਸੇ ਨਾ ਡਿੱਗਣ ਦਿਆਂ। ਤੇ ਉਸਨੂੰ ਆਜ਼ਾਦੀ ਦੇ ਮਤੇ ਉਪਰ ਟਿਕਾਈ ਰੱਖਾਂ।”
ਪਰ ਅਸੀਂ ਦੇਖਾਂਗਾ ਕਿ ਜਿੱਥੇ ਸੁਭਾਸ਼ ਆਪਣੇ ਮੰਸ਼ੇ ਤੇ ਮਤੇ  ਉੱਤੇ ਅੜਿੰਗ ਰਹੇ, ਉੱਥੇ ਘਟਨਾਵਾਂ ਜਵਾਹਰ ਲਾਲ ਨੂੰ ਆਪਣੇ ਨਾਲ ਘਸੀਟ ਕੇ ਲੈ ਗਈਆਂ।
ਬਾਅਦ ਵਿਚ ਜਵਾਹਰ ਲਾਲ ਦੇ ਮਤਿਆਂ ਦਾ ਵਿਰੋਧ ਹੋਇਆ ਤੇ ਸਭ ਤੋਂ ਵਧ ਵਿਰੋਧ ਗਾਂਧੀ ਨੇ ਹੀ ਕੀਤਾ। ਇਹਨਾਂ ਮਤਿਆਂ ਦੀ ਉਸਨੇ 'ਜਲਦਬਾਜੀ ਵਿਚ ਤੇ ਬਿਨਾਂ ਸੋਚੇ ਸਮਝੇ ਪੇਸ਼ ਕੀਤੇ ਗਏ ਮਤੇ' ਕਹਿ ਕੇ ਨਿੰਦਿਆ ਕੀਤੀ। 4 ਜਨਵਰੀ 1928 ਨੂੰ ਜਵਾਹਰ ਲਾਲ ਦੇ ਨਾਂ ਲਿਖੇ ਆਪਣੇ ਇਕ ਪੱਤਰ ਵਿਚ ਇਸ ਵਿਰੋਧ ਨੂੰ ਇਹਨਾਂ ਸ਼ਬਦਾਂ ਦਾ ਰੂਪ ਦਿੱਤਾ...:
“ਪਿਆਰੇ ਜਵਾਹਰ ਲਾਲ,
ਮੇਰਾ ਵਿਚਾਰ ਹੈ, ਤੂੰ ਮੇਰੇ ਨਾਲ ਏਨਾ ਪ੍ਰੇਮ ਕਰਦਾ ਹੈਂ ਕਿ ਮੈਂ ਜੋ ਕੁਝ ਲਿਖਣ ਲੱਗਿਆ ਹਾਂ ਉਸਦਾ ਤੂੰ ਬੁਰਾ ਨਹੀਂ ਮੰਨੇਗਾ। ਜੋ ਹੋਏ, ਮੈਨੂੰ ਤਾਂ ਤੇਰੇ ਨਾਲ ਏਨਾ ਜ਼ਿਆਦਾ ਪ੍ਰੇਮ ਹੈ ਕਿ ਜਦ ਮੈਨੂੰ ਲਿਖਣ ਦੀ ਭਲ਼ ਉੱਠਦੀ ਹੈ ਤਦ ਮੈਂ ਆਪਣੀ ਕਲਮ ਨੂੰ ਰੋਕ ਨਹੀਂ ਸਕਦਾ।
ਤੂੰ ਬੜਾ ਹੀ ਤੇਜ਼ ਚੱਲ ਰਿਹਾ ਹੈਂ। ਤੈਨੂੰ ਸੋਚਣ ਤੇ ਪ੍ਰਸਥਿਤੀਆਂ ਦੇ ਅਨੁਕੂਲ ਬਣਨ ਲਈ ਸਮਾਂ ਲੈਣਾ ਚਾਹੀਦਾ ਹੈ। ਤੂੰ ਜਿਹੜੇ ਮਤੇ ਪਾਸ ਕਰਵਾਏ, ਉਹਨਾਂ ਵਿਚੋਂ ਬਹੁਤਿਆਂ ਲਈ ਅਜੇ ਇਕ ਸਾਲ ਦੀ ਦੇਰੀ ਹੈ। 'ਗਣਤੰਤਰੀ ਸੈਨਾ (Republican army) ਵਿਚ ਤੇਰਾ ਕੁੱਦ ਪੈਣਾ ਜਲਦਬਾਜੀ ਦਾ ਕਦਮ ਸੀ। ਪਰ ਮੈਨੂੰ ਤੇਰੇ ਇਹਨਾਂ ਕੰਮਾਂ ਦੀ ਏਨੀ ਪ੍ਰਵਾਹ ਨਹੀਂ, ਜਿੰਨਾ ਤੇਰੇ ਹੁੱਲੜਬਾਜਾਂ ਤੇ ਸ਼ਰਾਰਤੀ ਲੋਕਾਂ ਦਾ ਹੌਸਲਾ ਵਧਾਉਣ ਦੀ। ਪਤਾ ਨਹੀਂ ਤੂੰ ਹੁਣ ਵੀ ਸ਼ੁੱਧ-ਅਹਿੰਸਾ ਵਿਚ ਵਿਸ਼ਵਾਸ ਕਰਦਾ ਹੈਂ ਜਾਂ ਨਹੀਂ। ਪਰ ਤੂੰ ਆਪਣੇ ਵਿਚਾਰ ਬਦਲ ਲਏ ਹੋਣ ਤਾਂ ਵੀ ਤੂੰ ਇਹ ਨਹੀਂ ਸੋਚ ਸਕਦਾ ਕਿ ਬੇ-ਮੁਹਾਰੀ ਤੇ ਵੱਸੋਂ-ਵੀਹਰੀ ਹਿੰਸਾ ਨਾਲ ਦੇਸ਼ ਦਾ ਭਲਾ ਹੋਣ ਵਾਲਾ ਹੈ। ਜੇ ਆਪਣੇ ਯੂਰੋਪੀ ਅਨੁਭਵ ਦੇ ਚਾਨਣ ਵਿਚ ਦੇਸ਼ ਦੇ ਧਿਆਨ ਪੂਰਨ ਵਿਸ਼ਲੇਸ਼ਣ ਪਿੱਛੋਂ ਤੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਪ੍ਰਚੱਲਤ ਤੌਰ-ਤਰੀਕੇ ਗਲਤ ਹਨ ਤਾਂ ਬੇਸ਼ਕ ਆਪਣੇ ਵਿਚਾਰਾਂ ਉਪਰ ਹੀ ਅਮਲ ਕਰ, ਪਰ ਮਿਹਰਬਾਨੀ ਕਰਕੇ ਅਨੁਸ਼ਾਸਨ ਵਾਲਾ ਕੋਈ ਦਲ ਬਣਾ ਲੈ। ਕਾਨ੍ਹਪੁਰ ਦਾ ਅਨੁਭਵ ਤੈਨੂੰ ਹੈ ਹੀ। ਹਰੇਕ ਸੰਗਰਾਮ ਵਿਚ ਅਜਿਹੇ ਮਨੁੱਖਾਂ ਦੀਆਂ ਟੋਲੀਆਂ ਚਾਹੀਦੀਆਂ ਹਨ, ਜਿਹੜੀਆਂ ਅਨੁਸ਼ਾਸਨ ਨੂੰ ਮੰਨਣ। ਤੂੰ ਆਪਣੇ ਹਥਿਆਰਾਂ ਪੱਖੋ ਲਾਪ੍ਰਵਾਹ ਹੋ ਕੇ ਇਸ ਤੱਤ ਦੀ ਉਲੰਘਣਾ ਕਰ ਰਿਹਾ ਹੈਂ।
ਹੁਣ ਤੂੰ ਰਾਸ਼ਟਰੀ ਮਹਾਸਭਾ ਦਾ ਕਾਰਜਸ਼ੀਲ ਮੰਤਰੀ ਹੈਂ। ਇਸ ਸੂਰਤ ਵਿਚ ਤੈਨੂੰ ਸਲਾਹ ਦੇ ਸਕਦਾ ਹਾਂ ਕਿ ਤੇਰਾ ਕਰਤੱਵ ਹੈ ਕਿ ਕੇਂਦਰੀ ਮਤੇ ਯਾਨੀ ਏਕਤਾ ਤੇ ਸਾਈਮਨ-ਕਮਿਸ਼ਨ ਦੇ ਬਾਈਕਾਟ ਵਰਗੇ ਮਹੱਤਵਪੂਰਣ ਪਰ ਗੌਣ (ਸਹਾਇਕ) ਮੁੱਦੇ ਉੱਤੇ ਆਪਣੀ ਸਾਰੀ ਸ਼ਕਤੀ ਲਾ ਦੇ। ਏਕਤਾ ਦੇ ਮੁੱਦੇ ਨੂੰ ਇੱਕਜੁਟ ਕਰਨ ਤੇ ਸਮਝਾਉਣ ਲਈ ਤੇਰੇ ਸਾਰੇ ਵੱਡੇ ਗੁਣਾ ਦੀ ਲੋੜ ਹੈ। ਮੇਰੇ ਕੋਲ ਆਪਣੀ ਗੱਲ ਦਾ ਵਿਸਥਾਰ ਕਰਨ ਦਾ ਸਮਾਂ ਨਹੀਂ, ਪਰ ਬੁੱਧੀਮਾਨ ਲਈ ਇਸ਼ਾਰਾ ਹੀ ਕਾਫੀ ਹੋਣਾ ਚਾਹੀਦਾ ਹੈ।
ਆਸ ਹੈ, ਕਮਲਾ ਦੀ ਸਿਹਤ ਯੂਰੋਪ ਵਾਂਗ ਅੱਛੀ ਹੋਏਗੀ।
          ਸਪ੍ਰੇਮ ਤੇਰਾ-ਬਾਪੂ”
ਸ਼ਾਇਦ ਜਵਾਹਰ ਲਾਲ ਨੇ ਵੀ ਇਸ ਦੇ ਉਤਰ ਵਿਚ ਆਪਣੇ ਭਾਵ ਪ੍ਰਗਟ ਕੀਤੇ ਹੋਣ—ਪਰ ਉਹਨਾਂ ਦਾ ਖ਼ਤ ਸਾਡੇ ਕੋਲ ਨਹੀਂ। ਪਰ ਗਾਂਧੀ ਨੇ 17 ਜਨਵਰੀ ਨੂੰ ਇਸੇ ਸਿਲਸਿਲੇ ਵਿਚ ਇਕ ਹੋਰ ਲੰਮਾਂ ਪੱਤਰ ਲਿਖਿਆ। ਉਸਦਾ ਸਿਰਫ ਅੰਤਿਮ ਪੈਰਾ ਦੇਖੋ...:
“ਤੇਰਾ ਝੰਡਾ ਝੂਲੇ, ਇਸ ਦਾ ਇਕ ਸ਼ਾਨਦਾਰ ਤਰੀਕਾ ਦੱਸਾਂ। ਮੈਨੂੰ ਛਾਪਣ ਲਈ ਇਕ ਪੱਤਰ ਲਿਖ, ਜਿਸ ਵਿਚ ਤੇਰੇ ਮੱਤਭੇਦ ਪ੍ਰਗਟ ਕੀਤੇ ਗਏ ਹੋਣ। ਮੈਂ ਉਸਨੂੰ 'ਯੰਗ ਇੰਡੀਆ' ਵਿਚ ਛਾਪ ਦਿਆਂਗਾ। ਤੇਰਾ ਪਹਿਲਾ ਪੱਤਰ ਮੈਂ ਪੜ੍ਹਨ ਤੇ ਜਵਾਬ ਦੇਣ ਪਿੱਛੋਂ ਪਾੜ ਦਿੱਤਾ ਸੀ। ਦੂਜਾ ਰੱਖ ਲਿਆ ਹੈ ਤੇ ਜੇ ਹੋਰ ਕੋਈ ਲਿਖਣ ਦੀ ਤਕਲੀਫ ਨਹੀਂ ਕਰਨਾ ਚਾਹੁੰਦਾ ਤਾਂ ਜਿਹੜਾ ਮੇਰੇ ਸਾਹਮਣੇ ਹੈ ਉਸੇ ਨੂੰ ਛਾਪਣ ਲਈ ਤਿਆਰ ਹਾਂ। ਮੈਨੂੰ ਪਤਾ ਨਹੀਂ ਕਿ ਇਸ ਵਿਚ ਕੋਈ ਬੁਰਾ ਲੱਗਣ ਵਾਲਾ ਅੰਸ਼ ਹੈ। ਪਰ ਜੇ ਕੋਈ ਹੋਇਆ ਤਾਂ ਵਿਸ਼ਵਾਸ ਰੱਖੀਂ ਮੈਂ ਉਸਨੂੰ ਕੱਟ ਦਿਆਂਗਾ। ਮੈਂ ਉਸ ਪੱਤਰ ਨੂੰ ਇਕ ਸਪਸ਼ਟ ਤੇ ਪ੍ਰਮਾਣਿਕ ਦਸਤਾਵੇਜ਼ ਮੰਨਦਾ ਹਾਂ।”
ਕੀ ਇਹ ਪਬਲਿਕ ਨਾਲ ਬਲੈਕਮੇਲਿੰਗ ਦਾ ਸੁਝਾਅ ਨਹੀਂ ਸੀ? ਰਤਾ ਸੋਚੋ ਕਿ ਕੀ ਇਸੇ ਦਾ ਨਾਂ ਸੱਚ ਤੇ ਅਹਿੰਸਾ ਹੈ?
ਜਵਾਹਰ ਲਾਲ ਨੇ ਆਪਣੀ ਆਤਮਕਥਾ 'ਮੇਰੀ ਕਹਾਣੀ' ਵਿਚ ਗਾਂਧੀ ਦੇ ਇਸ ਵਿਰੋਧ ਦਾ ਤੇ ਇਹਨਾਂ ਚਿੱਠੀਆਂ ਦਾ ਕੋਈ ਜ਼ਿਕਰ ਨਹੀਂ ਕੀਤਾ। ਬਲਕਿ ਲਿਖਿਆ ਹੈ...:
“ਗਾਂਧੀਜੀ ਉਹਨੀਂ ਦਿਨੀ ਮਦਰਾਸ ਵਿਚ ਹੀ ਸਨ। ਉਹ ਕਾਂਗਰਸ ਦੇ ਖੁੱਲ੍ਹੇ ਇਜਲਾਸ ਵਿਚ ਆਏ ਸਨ; ਲੇਕਿਨ ਉਹਨਾਂ ਨੇ ਕਾਂਗਰਸ ਦੇ ਨੀਤੀ-ਨਿਰਮਾਣ ਵਿਚ ਕੋਈ ਹਿੱਸਾ ਨਹੀਂ ਲਿਆ। ਉਹ ਕਾਰਜ-ਕਮਟੀ ਦੇ ਮੈਂਬਰ ਸਨ, ਪਰੰਤੂ ਉਸਦੀ ਬੈਠਕ ਵਿਚ ਵੀ ਸ਼ਾਮਿਲ ਨਹੀਂ ਸੀ ਹੋਏ। ਜਦ ਦਾ ਕਾਂਗਰਸ ਵਿਚ ਸਵਰਾਜ ਪਾਰਟੀ ਦਾ ਜ਼ੋਰ ਹੋਇਆ ਹੈ, ਤਦੇ ਦਾ ਕਾਂਗਰਸ ਪ੍ਰਤੀ ਉਹਨਾਂ ਦਾ ਆਪਣਾ ਰਾਜਨੀਤਕ ਰਵੱਈਆ ਇਹੋ ਰਹਿੰਦਾ ਸੀ। ਲੇਕਿਨ ਹਾਂ ਉਹਨਾਂ ਤੋਂ ਸਮੇਂ-ਸਮੇਂ ਸਲਾਹ ਲੈ ਲਈ ਜਾਂਦੀ ਸੀ ਤੇ ਕੋਈ ਵੀ ਮਹੱਤਵਪੂਰਨ ਗੱਲ ਉਹਨਾਂ ਨੂੰ ਪੁੱਛੇ ਬਿਨਾਂ ਨਹੀਂ ਸੀ ਕੀਤੀ ਜਾਂਦੀ। ਮੈਨੂੰ ਨਹੀਂ ਪਤਾ ਕਿ ਮੈਂ ਕਾਂਗਰਸ ਵਿਚ ਜਿਹੜੇ ਮਤੇ ਪੇਸ਼ ਕੀਤੇ, ਉਹਨਾਂ ਨੂੰ ਉਹ ਕਿੱਥੋਂ ਤਕ ਪਸੰਦ ਕਰਦੇ ਸਨ? ਮੇਰਾ ਖ਼ਿਆਲ ਤਾਂ ਇਹ ਹੈ ਕਿ ਉਹ ਉਹਨਾਂ ਨੂੰ ਨਾਪਸੰਦ ਕਰਦੇ ਸਨ—ਉਹਨਾਂ ਮਤਿਆਂ ਵਿਚ ਜੋ ਕੁਛ ਕਿਹਾ ਗਿਆ ਸੀ, ਉਸ ਕਰਕੇ ਓਨਾਂ ਨਹੀਂ, ਜਿੰਨਾ ਆਪਣੀ ਸਾਧਾਰਣ ਪ੍ਰਵਿਰਤੀ ਤੇ ਦ੍ਰਿਸ਼ਟੀਕੋਣ ਦੇ ਕਾਰਣ। ਲੇਕਿਨ ਉਹਨਾਂ ਕਿਸੇ ਵੀ ਮੌਕੇ ਉਹਨਾਂ ਉਪਰ ਨੁਕਤਾਚੀਨੀ ਨਹੀਂ ਕੀਤੀ।”
ਦਰਅਸਲ ਗਾਂਧੀ ਨੇ 1921 ਪਿੱਛੋਂ ਜਦੋਂ ਦਾ ਉਹ ਨੇਤਰਿਤਵ ਵਿਚ ਆਇਆ ਕਾਂਗਰਸ ਉਪਰ ਕਦੀ ਆਪਣੀ ਜਕੜ ਢਿੱਲੀ ਨਹੀਂ ਸੀ ਹੋਣ ਦਿੱਤੀ। ਉਸਨੇ ਗਾਂਧੀ-ਸੇਵਾ-ਸੰਘ, ਚਰਖਾ-ਸੰਘ ਤੇ ਅਖਿਲ-ਭਾਰਤੀਯ ਗ੍ਰਾਮਉਦਯੋਗ-ਸੰਘ ਜ਼ਰੀਏ ਆਪਣੀ ਪਕੜ ਸ਼ਕਤੀ ਨੂੰ ਖ਼ੂਬ ਮਜ਼ਬੂਤ ਕੀਤਾ ਹੋਇਆ ਸੀ ਤੇ ਇਸੇ ਕਰਕੇ ਕਾਂਗਰਸ ਉੱਤੇ ਭਾਰੂ ਰਹਿੰਦਾ ਸੀ। ਇਸ ਮਾਮਲੇ ਵਿਚ ਉਹ ਕਾਂਗਰਸ ਦੇ ਹੋਰ ਪੁਰਾਣੇ ਨੇਤਾਵਾਂ ਨਾਲੋਂ ਵੱਧ ਚਲਾਕ ਸੀ। ਫੇਰ ਦੇਸ਼ ਦੇ ਤੇ ਵਿਦੇਸ਼ਾਂ ਦੇ ਅਖ਼ਬਾਰਾਂ ਵਿਚ ਜਿਹਨਾਂ ਉੱਤੇ ਗੁੱਝੇ-ਸਵਾਰਥ ਭਾਰੂ ਸਨ, ਗਾਂਧੀ ਨੂੰ 'ਮਹਾਤਮਾ' ਬਣਾਉਣ ਲਈ ਜਬਰਦਸਤ ਪ੍ਰਚਾਰ ਕੀਤਾ ਜਾਂਦਾ ਸੀ। ਖ਼ੁਦ ਗਾਂਧੀ ਨੇ ਲੰਗੋਟੀ ਬੰਨ੍ਹ ਕੇ ਅਣਪੜ੍ਹ ਜਨਤਾ ਦੀ ਅਤੀ ਦਲਿੱਦਰਤਾ ਨੂੰ 'ਨਾਰਾਇਣ' ਦਾ ਰੂਪ ਦੇ ਦਿੱਤਾ ਸੀ ਤੇ ਇੰਜ ਆਪਣੇ ਆਪ ਨੂੰ ਅਨੇਕਾਂ ਧਾਰਮਿਕ ਅੰਧਵਿਸ਼ਵਾਸਾਂ ਰਾਹੀਂ ਲੋਕਾਂ ਨਾਲ ਪੂਰੀ ਤਰ੍ਹਾਂ ਜੋੜਿਆ ਹੋਇਆ ਸੀ। ਗਾਂਧੀ ਦੀ ਇਸੇ ਸ਼ਕਤੀ ਦਾ ਨਾਂ 'ਅਗਿਆਤ-ਤੱਤ' ਸੀ, ਜਿਸਨੂੰ ਜਵਾਹਰ ਲਾਲ ਨੇ ਚੰਗੀ ਤਰ੍ਹਾਂ ਦੇਖ ਤੇ ਸਮਝ ਲਿਆ ਸੀ। ਇਸੇ ਲਈ ਲਿਖਿਆ ਹੈ ਕਿ 'ਕੋਈ ਵੀ ਮਹੱਤਵਪੂਰਨ ਗੱਲ ਉਹਨਾਂ ਨੂੰ ਦੱਸੇ ਬਿਨਾਂ ਨਹੀਂ ਸੀ ਕੀਤੀ ਜਾਂਦੀ।' ਯੂਰਪ ਦੇ ਆਪਣੇ ਇਸ ਦੌਰੇ ਵਿਚ ਨਹਿਰੂ ਨੇ ਜੋ ਕੁਝ ਵੀ ਕੀਤਾ, ਉਸਦੀ ਪੂਰੀ ਜਾਣਕਾਰੀ ਲਗਾਤਾਰ ਗਾਂਧੀ ਨੂੰ ਦੇਂਦੇ ਰਹੇ ਤੇ ਉਸਦੀ ਰਾਏ ਪੁੱਛਦੇ ਰਹੇ। ਉਦਾਹਰਨ ਦੇ ਤੌਰ 'ਤੇ ਮਦਰਾਸ ਇਜਲਾਜ ਵਿਚ, ਜਿਸ ਸਾਮਰਾਜ ਵਿਰੋਧੀ ਲੀਗ ਬਾਰੇ ਮਤਾ ਪਾਸ ਕੀਤਾ ਗਿਆ, ਉਸ ਦਾ ਗਠਨ ਬਰਸੇਲਸ ਵਿਚਲੇ ਦਲਿਤ ਰਾਸ਼ਟਰਾਂ ਦੇ ਸੰਮੇਲਨ ਨੇ ਕੀਤਾ ਸੀ, ਜਿਸ ਵਿਚ ਨਹਿਰੂ ਕਾਂਗਰਸ ਦੇ ਪ੍ਰਤੀਨਿੱਧ ਦੇ ਰੂਪ ਵਿਚ ਸ਼ਾਮਿਲ ਹੋਏ ਸਨ। ਉਸ ਬਾਰੇ ਗਾਂਧੀ ਨੇ ਜਵਾਹਰ ਲਾਲ ਦੇ ਨਾਂ ਆਪਣੇ 25 ਮਈ 1927 ਦੇ ਪੱਤਰ ਵਿਚ ਇਹ ਰਾਏ ਪੇਸ਼ ਕੀਤੀ ਹੈ...:
“ਦਲਿਤ ਰਾਸ਼ਟਰ ਸੰਮੇਲਨ ਦੀ ਕਾਰਵਾਈ ਬਾਰੇ ਮੈਂ ਤੇਰਾ ਸਰਵਪੱਖੀ ਵਿਸਥਾਰ ਤੇ ਤੇਰੇ ਨਿੱਜੀ ਗੁਪਤ ਵਿਚਾਰ ਵੀ ਬੜੇ ਧਿਆਨ ਨਾਲ ਪੜ੍ਹੇ। ਖ਼ੁਦ ਮੈਨੂੰ ਤਾਂ ਇਸ ਸੰਘ ਤੋਂ ਬਹੁਤੀ ਉਮੀਦ ਨਹੀਂ ਹੈ, ਕਿਉਂਕਿ ਹੋਰ ਕੋਈ ਕਾਰਣ ਨਾ ਵੀ ਹੋਏ ਤਾਂ ਵੀ ਇਹ ਤਾਂ ਹੈ ਕਿ ਉਸਦੀ ਸੁਤੰਤਰ ਪ੍ਰਵਿਰਤੀ ਦਾ ਦਾਰੋਮਦਾਰ ਉਹਨਾਂ ਤਾਕਤਾਂ ਦੇ ਸਦਭਾਵ ਉੱਤੇ ਹੈ, ਜਿਹੜੀਆਂ ਦਲਿਤ ਰਾਸ਼ਟਰਾਂ ਦੇ ਸ਼ੋਸਣ ਵਿਚ ਹਿੱਸੇਦਾਰ ਹਨ ਤੇ ਮੇਰਾ ਖ਼ਿਆਲ ਹੈ ਕਿ ਯੂਰੋਪੀਅਨ ਰਾਸ਼ਟਰਾਂ ਦੇ, ਜਿਹੜੇ ਮੈਂਬਰ ਇਸ ਸੰਘ ਵਿਚ ਸ਼ਾਮਿਲ ਹੋਏ ਹਨ, ਉਹ ਅੰਤ ਤਕ ਗਰਮੀ ਕਾਇਮ ਨਹੀਂ ਰੱਖ ਸਕਣਗੇ। ਕਾਰਣ, ਜਿਹਨਾਂ ਤੋਂ ਉਹ ਆਪਣੇ ਸਵਾਰਥ ਦੀ ਹਾਨੀ ਹੁੰਦੀ ਦੇਖਣਗੇ, ਉਹਨਾਂ ਵਿਚ ਉਹ ਰਚਮਿਚ ਹੀ ਨਹੀਂ ਸਕਣਗੇ। ਇਧਰ ਇਹ ਖ਼ਤਰਾ ਹੈ ਕਿ ਸਾਡੇ ਲੋਕ ਆਪਣੀ ਅੰਦਰੂਨੀ ਸ਼ਕਤੀ ਦਾ ਵਿਕਾਸ ਕਰਕੇ ਮੁਕਤੀ ਪ੍ਰਾਪਤ ਕਰਨ ਦੀ ਬਜਾਏ ਉਸ ਦੇ ਲਈ ਫੇਰ ਬਾਹਰਲੀਆਂ ਸ਼ਕਤੀਆਂ ਵੱਲ ਦੇਖਣ ਤੇ ਬਾਹਰਲੀ ਮਦਦ ਦੀ ਝਾਕ ਕਰਨ ਲੱਗ ਪੈਣਗੇ। ਮਗਰ ਇਹ ਤਾਂ ਕੋਰੀ ਦਿਮਾਗ਼ੀ ਰਾਏ ਹੈ। ਮੈਂ ਯੂਰੋਪ ਦੀਆਂ ਘਟਨਾਵਾਂ ਦਾ ਧਿਆਨ ਨਾਲ ਵਿਸ਼ਲੇਸ਼ਣ ਬਿਲਕੁਲ ਨਹੀਂ ਕਰ ਰਿਹਾ। ਤੂੰ ਮੌਕੇ ਉਪਰ ਹੈਂ ਤੇ ਤੈਨੂੰ ਉੱਥੋਂ ਦੇ ਵਾਯੂਮੰਡਲ ਵਿਚ ਸੁਧਾਰ ਦਿਖਾਈ ਦੇ ਸਕਦਾ ਹੈ, ਜਿਹੜਾ ਮੈਨੂੰ ਬਿਲਕੁਲ ਦਿਖਾਈ ਨਹੀਂ ਦਿੰਦਾ।”
ਜਿਹਨਾਂ ਲੋਕਾਂ ਨੇ ਦੇਸ਼ ਦੀ ਅਗਵਾਈ ਦੀ ਭੂਮਿਕਾ ਅਦਾਅ ਕਰਨੀ ਹੁੰਦੀ ਹੈ, ਉਹਨਾਂ ਲਈ ਲਾਜ਼ਮੀਂ ਹੁੰਦਾ ਹੈ ਕਿ ਉਹ ਨਾ ਸਿਰਫ ਰਾਸ਼ਟਰੀ ਬਲਕਿ ਅੰਤਰ-ਰਾਸ਼ਟੀ ਰਾਜਨੀਤੀ ਨੂੰ ਵੀ ਬਾਖ਼ੂਬੀ ਸਮਝਣ ਤੇ ਨਿੱਕੀਆਂ-ਵੱਡੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰਕੇ ਉਹਨਾਂ ਦਾ ਵਿਰੋਧ ਜਾਂ ਸਮਰਥਨ ਕਰਨ। ਗਾਂਧੀ ਵੀ ਸਮਝਦਾ ਸੀ ਪਰ ਉਸਨੇ ਮੌਕੇ ਉੱਤੇ ਨਾ ਹੋਣ ਦੀ ਗੱਲ ਤਾਂ ਉਂਜ ਹੀ ਲਿਖ ਦਿੱਤੀ ਹੈ, ਅਸਲ ਵਿਚ ਉਸਨੂੰ ਕਾਂਗਰਸ ਯਾਨੀ ਹਿੰਦੁਸਤਾਨ ਦਾ ਸੰਬੰਧ ਸਾਮਰਾਜ ਵਿਰੋਧੀ ਲੀਗ ਨਾਲ ਜੋੜ ਦੇਣਾ ਪਸੰਦ ਨਹੀਂ ਸੀ। ਉਸਦੀ ਇਸ ਨਾਪਸੰਦੀ ਜਾਂ ਵਿਰੋਧ ਦਾ ਕਾਰਣ ਕੀ ਸੀ? ਕਾਰਣ ਵੀ ਉਸਨੇ ਖ਼ੁਦ ਹੀ ਦੱਸ ਦਿੱਤਾ ਹੈ, ਪਰ ਹਕੀਕਤ ਨੂੰ ਸਮਝਣ ਲਈ ਸਾਨੂੰ ਵੀ ਅੰਤਰ-ਰਾਸ਼ਟਰੀ ਰਾਜਨੀਤੀ ਨੂੰ ਤੇ 1927 ਦੀ ਇਸ ਸਾਮਰਾਜ ਵਿਰੋਧੀ ਲੀਗ ਦੇ ਪਿੱਛੇ ਕੰਮ ਕਰਨ ਵਾਲੀਆਂ ਸ਼ਕਤੀਆਂ ਨੂੰ ਸਮਝਣਾ ਪਵੇਗਾ, ਤਾਂਹੀ ਅਸੀਂ ਗਾਂਧੀ ਦੇ ਵਿਰੋਧ ਨੂੰ ਸਮਝ ਸਕਾਂਗੇ।
ਇਸ ਲਈ ਸਾਨੂੰ ਇਤਿਹਾਸ ਦੇ ਦਸ ਸਾਲ ਪਿੱਛੇ ਜਾਣਾ ਪਵੇਗਾ।
ਰੂਸ ਦੀ ਅਕਤੂਬਰ 1917 ਦੀ ਮਹਾਨ ਕਰਾਂਤੀ ਨਾਲ ਅੰਤਰਰਾਸ਼ਟਰੀ ਰਾਜਨੀਤੀ ਵਿਚ ਜਿਹੜਾ ਵਿਸ਼ੇਸ਼ ਪ੍ਰੀਵਰਤਨ  ਆਇਆ ਸੀ। 1918 ਵਿਚ ਕਰਾਂਤੀ ਦੀ ਪਹਿਲੀ ਵਰ੍ਹੇ-ਗੰਢ ਦੇ ਮੌਕੇ 'ਤੇ ਆਪਣੇ ਭਾਸ਼ਣ ਵਿਚ ਸਤਾਲਿਨ ਨੇ ਇਸ ਪ੍ਰੀਵਰਤਨ ਦੀ ਵਿਆਖਿਆ ਇੰਜ ਕੀਤੀ ਸੀ...:
(1) ਇਸ ਨੇ (ਅਕਤੂਬਰ ਕਰਾਂਤੀ ਨੇ) ਰਾਸ਼ਟਰੀ ਪ੍ਰਸ਼ਨ ਦੀ ਸਮੱਸਿਆ ਨੂੰ ਵਿਸ਼ਾਲ-ਰੂਪ ਕਰ ਦਿੱਤਾ ਹੈ। ਹੁਣ ਇਹ ਵਿਸ਼ੇਸ਼ ਰੂਪ ਵਿਚ ਯੂਰਪ ਵਿਚਲੇ ਰਾਸ਼ਟਰੀ ਦਮਨ ਦੇ ਵਿਰੋਧ ਦਾ ਪ੍ਰਸ਼ਨ ਨਹੀਂ ਰਹਿ ਗਿਆ ਬਲਕਿ ਨਪੀੜੇ ਰਾਸ਼ਟਰਾਂ, ਉਪਨਿਵੇਸ਼ ਤੇ ਅਰਧਉਪਨਿਵਸ਼ਾਂ ਨੂੰ ਸਾਮਰਾਜ ਦੀ ਗ਼ੁਲਾਮੀਂ ਤੋਂ ਮੁਕਤ ਕਰਨ ਦੀ ਆਮ ਸਮੱਸਿਆ ਬਣ ਗਈ ਹੈ।
(2) ਇਸਨੇ ਉਹਨਾਂ ਦੀ ਆਜ਼ਾਦੀ ਲਈ ਵਿਸ਼ਾਲ ਸੰਭਾਵਨਾਵਾਂ ਪੈਦਾ ਕਰ ਦਿੱਤੀਆਂ ਹਨ ਤੇ ਨਵੇਂ ਰਸਤੇ ਖੋਲ੍ਹ ਦਿੱਤੇ ਹਨ। ਹੁਣ ਪੱਛਮ ਤੇ ਪੂਰਬ ਦੇ ਨਪੀੜੇ ਹੋਏ ਰਾਸ਼ਟਰਾਂ ਲਈ ਆਜ਼ਾਦੀ ਪ੍ਰਪਤ ਕਰ ਲੈਣਾ ਸਹਿਜ ਹੋ ਗਿਆ ਹੈ ਤੇ ਇਹਨਾਂ ਸਰਿਆਂ ਨੂੰ ਸਾਮਰਾਜ ਦੇ ਵਿਰੁੱਧ ਵਿਜਈ-ਸੰਘਰਸ਼ ਦੀ ਸਾਂਝੀ-ਲਹਿਰ ਵਿਚ ਇਕੱਠਿਆਂ ਕਰ ਦਿੱਤਾ ਹੈ।
(3) ਇਸਨੇ ਵਿਸ਼ਵ ਸਾਮਰਾਜਵਾਦ ਦੇ ਵਿਰੁੱਧ ਇਕ ਨਵਾਂ ਮੋਰਚਾ ਕਾਇਮ ਕਰਕੇ, ਜਿਸ ਵਿਚ ਰੂਸੀ ਕਰਾਂਤੀ ਰਾਹੀਂ ਪੱਛਮ ਦੇ ਸਰਵਹਾਰਾ ਤੋਂ ਲੈ ਕੇ ਪੂਰਬ ਦੇ ਨਪੀੜੇ ਹੋਏ ਰਾਸ਼ਟਰ ਸ਼ਾਮਿਲ ਹਨ, ਸਾਮਰਾਜਵਾਦੀ ਪੱਛਮ ਤੇ ਗ਼ੁਲਾਮ ਪੂਰਬ ਦੇ ਵਿਚਕਾਰ ਇਕ ਪੁਲ ਨਿਰਮਾਣ ਕਰ ਦਿੱਤਾ ਹੈ।
ਸਾਰੀ ਦੁਨੀਆਂ ਨੂੰ ਇਕ ਸੂਤ ਜਾਂ ਜ਼ੰਜੀਰ ਵਿਚ ਸਾਮਰਾਜ ਨੇ ਖ਼ੁਦ ਬੰਨ੍ਹਿਆਂ ਸੀ। ਇਹ ਜ਼ੰਜੀਰ 1917 ਦੀ ਅਕਤੂਬਰ ਕਰਾਂਤੀ ਨੇ ਤੋੜ ਦਿੱਤੀ ਤੇ ਸਾਮਰਾਜਵਾਦ ਦੀ ਕਰਾਂਤੀ ਵਿਰੋਧੀ ਸ਼ਕਤੀ ਦੇ ਵਿਸ਼ਵ ਮੋਰਚੇ ਦੇ ਖ਼ਿਲਾਫ਼ ਸਾਮਰਾਜ ਵਿਰੋਧੀ ਕਰਾਂਤੀਕਾਰੀ ਸ਼ਕਤੀਆਂ ਦਾ ਇਕ ਵਿਸ਼ਵ ਮੋਰਚਾ ਕਾਇਮ ਹੋ ਗਿਆ, ਜਿਸ ਵਿਚ ਗ਼ੁਲਾਮ ਦੇਸ਼ਾਂ ਦੀ ਆਜ਼ਾਦੀ ਦੀਆਂ ਸੰਭਾਵਨਾਵਾਂ ਬੜੀਆਂ ਵਧ ਗਈਆਂ। ਬਰਸੇਲਸ ਦੇ ਦਲਿਤ-ਰਾਸ਼ਟਰ ਸੰਮੇਲਨ ਵਿਚ ਥਾਪੀ ਇਸ ਸਾਮਰਾਜ ਵਿਰੋਧੀ ਲੀਗ ਦੇ ਪਿੱਛੇ ਇਹੀ ਕਰਾਂਤੀਕਾਰੀ ਸ਼ਕਤੀਆਂ ਕੰਮ ਕਰ ਰਹੀਆਂ ਸਨ।
ਨਹਿਰੂ ਨੇ ਰਾਜਨੀਤਕ ਸਥਿਤੀ ਦਾ ਇਹ ਵਿਸ਼ਲੇਸ਼ਣ ਤਾਂ ਨਹੀਂ ਕੀਤਾ, ਸ਼ਾਇਦ ਉਹ ਕਰਨਾ ਵੀ ਨਹੀਂ ਸਨ ਚਾਹੁੰਦੇ , ਪਰ ਉਹਨਾਂ ਨੇ 'ਮੇਰੀ ਕਹਾਣੀ' ਵਿਚ ਬਰਸੇਲਸ ਦੇ ਪੀੜਤਾਂ ਦੀ ਸਭਾ ਦਾ ਵੇਰਵਾ ਇਹਨਾਂ ਸ਼ਬਦਾਂ ਵਿਚ ਦਿੱਤਾ ਹੈ...:
“ਪਦ-ਦਲਿਤ ਕੌਮਾਂ ਵਿਚ ਆਪੋ ਵਿਚ ਤੇ ਇਹਨਾਂ ਕੌਮਾਂ ਵਿਚਲੇ ਹੋਰ ਮਜ਼ਦੂਰ ਗਰਮ-ਦਲਾਂ ਵਿਚ ਇਕ ਦੂਜੇ ਨਾਲ ਰਲ ਕੇ ਸਾਂਝੇ ਰੂਪ ਵਿਚ ਕੁਛ ਕੰਮ ਕਰਨ ਦਾ ਖ਼ਿਆਲ ਉਹਨੀਂ ਦਿਨੀ ਲੋਕਾਂ ਵਿਚ ਫੈਲਿਆ ਹੋਇਆ ਸੀ। ਲੋਕ ਵਧੇਰੇ ਕਰਕੇ ਇਹ ਮਹਿਸੂਸ ਕਰਦੇ ਪਏ ਸਨ ਕਿ ਸਾਮਰਾਜਵਾਦ ਨਾਂ ਦੀ ਚੀਜ ਵਿਰੁੱਧ ਆਜ਼ਾਦੀ ਦੀ ਲੜਾਈ ਸਭਨਾਂ ਲਈ ਇਕੋ ਜਿਹੀ ਹੈ, ਇਸ ਲਈ ਇਹ ਮੁਨਾਸਿਬ ਜਾਪਦਾ ਹੈ ਕਿ ਲੜਾਈ ਬਾਰੇ ਮਿਲ ਕੇ ਗੌਰ ਕੀਤਾ ਜਾਏ ਤੇ ਜਿੱਥੇ ਹੋ ਸਕੇ ਉੱਥੇ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਏ। ਇੰਗਲੈਂਡ, ਫਰਾਂਸ ਇਟਲੀ ਵਗ਼ੈਰਾ ਜਿਹਨਾਂ ਰਾਸ਼ਟਰਾਂ ਕੋਲ ਉਪਨਿਵੇਸ਼ ਸਨ ਉਹ ਕੁਦਰਤਨ ਇਸ ਗੱਲ ਦੇ ਖ਼ਿਲਾਫ਼ ਸਨ ਕਿ ਅਜਿਹੀ ਕੋਈ ਕੋਸ਼ਿਸ਼ ਕੀਤੀ ਜਾਏ। ਲੇਕਿਨ ਲੜਾਈ ਪਿੱਛੋਂ ਜਰਮਨੀ ਕੋਲ ਤਾਂ ਉਪਨਿਵੇਸ਼ ਰਹੇ ਨਹੀਂ ਸਨ, ਇਸ ਲਈ ਜਰਮਨ ਸਰਕਾਰ ਦੂਜੀਆਂ ਤਾਕਤਾਂ ਦੇ ਉਪਨਿਵੇਸ਼ਾਂ ਤੇ ਅਧੀਨ ਦੇਸ਼ਾਂ ਦੇ ਅੰਦੋਲਨ ਦੇ ਵਾਧੇ ਨੂੰ ਇਕ ਹਿਤੈਸ਼ੀ ਦੀ ਜੁਗਿਆਸਾ ਨਾਲ ਦੇਖਦੀ ਸੀ। ਇਹ ਉਹਨਾਂ ਕਾਰਣਾ ਵਿਚੋਂ ਇਕ ਸੀ, ਜਿਸਨੇ ਬਰਲਿਨ ਨੂੰ ਇਕ ਕੇਂਦਰ ਬਣਾ ਦਿੱਤਾ ਸੀ। ਉਹਨਾਂ ਲੋਕਾਂ ਵਿਚ ਸਭ ਤੋਂ ਵੱਧ ਮਸ਼ਹੂਰ ਤੇ ਕ੍ਰਿਆਸ਼ੀਲ ਉਹ ਚੀਨੀ ਸੀ, ਜਿਹੜਾ ਉੱਥੋਂ ਦੀ ਕਯੋਮਿਨਤਾਂਗ ਪਾਰਟੀ ਦੇ ਗਰਮ ਦਲ ਦਾ ਸੀ। ਇਹ ਪਾਰਟੀ ਉਹਨੀਂ ਦਿਨੀ ਤੂਫ਼ਾਨ ਵਾਂਗ ਜਿੱਤਦੀ ਜਾ ਰਹੀ ਸੀ ਤੇ ਉਸਦੀ ਅਰੋਕ ਗਤੀ ਸਾਹਮਣੇ ਪੁਰਾਣੇ ਜ਼ਮਾਨੇ ਦੇ ਜਾਗੀਰੂ ਤੱਤ ਜ਼ਮੀਨ 'ਤੇ ਲੁੜਕਦੇ ਨਜ਼ਰ ਆ ਰਹੇ ਸਨ। ਚੀਨ ਦੇ ਇਸ ਨਵੇਂ ਚਮਤਦਾਰ ਦੇ ਸਾਹਮਣੇ ਸਾਮਰਾਜਵਾਦੀ ਤਾਕਤਾਂ ਨੇ ਵੀ ਆਪਣੀ ਤਾਨਾਸ਼ਾਹੀ ਤੇ ਧੌਂਸ ਨੂੰ ਛੱਡ ਦਿੱਤਾ ਸੀ। ਇੰਜ ਜਾਪਦਾ ਸੀ ਕਿ ਹੁਣ ਚੀਨ ਦੇ ਤੇ ਉਸਦੀ ਆਜ਼ਾਦੀ ਦੇ ਮਾਮਲੇ ਦੇ ਹੱਲ ਹੋ ਜਾਣ ਵਿਚ ਬਹੁਤੀ ਦੇਰ ਨਹੀਂ ਲੱਗੇਗੀ। ਕਯੋਮਿਨਤਾਂਗ ਖੁਸ਼ੀ ਵਿਚ ਫੁੱਲ ਕੇ ਕੁੱਪਾ ਹੋਈ ਹੋਈ ਸੀ। ਲੇਕਿਨ ਉਸ ਸਾਹਮਣੇ, ਜਿਹੜੀਆਂ ਮੁਸੀਬਤਾਂ ਆਉਣ ਵਾਲੀਆਂ ਸਨ, ਉਹਨਾਂ ਬਾਰੇ ਵੀ ਉਹ ਜਾਣਦੀ ਸੀ। ਇਸ ਲਈ ਉਹ ਅੰਤਰ-ਰਾਸ਼ਟਰੀ ਪ੍ਰਚਾਰ ਰਾਹੀਂ ਆਪਣੀ ਤਾਕਤ ਵਧਾਉਣੀ ਚਾਹੁੰਦੀ ਸੀ। ਗਾਲਿਬਨ ਇਸ ਪਾਰਟੀ ਦੇ ਖੱਬੇ ਦਲ ਦੇ ਲੋਕਾਂ ਨੇ ਹੀ—ਜਿਹੜੇ ਦੂਜੇ ਦੋ ਕਮਿਊਨਿਸਟਾਂ ਨਾਲ ਰਲਦੇ ਮਿਲਦੇ ਲੋਕਾਂ ਨਾਲ ਰਲ ਕੇ ਕੰਮ ਕਰਦੇ ਸਨ—ਇਸ ਤਰ੍ਹਾਂ ਦੇ ਪ੍ਰਚਾਰ ਉੱਤੇ ਜ਼ੋਰ ਦਿੱਤਾ ਸੀ, ਜਿਸ ਨਾਲ ਉਹ ਦੂਜੇ ਮੁਲਕਾਂ ਵਿਚ ਚੀਨ ਦੀ ਰਾਸ਼ਟਰੀ ਪ੍ਰਸਥਿਤੀ ਨੂੰ ਤੇ ਘਰੇ ਪਾਰਟੀ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਸਕਣ।”
ਕਯੋਮਿਨਤਾਂਗ ਚੀਨ ਵਿਚ ਸਾਡੀ ਕਾਂਗਰਸ ਵਰਗੀ ਹੀ ਰਾਸ਼ਟਰੀ ਸੰਸਥਾ ਸੀ, ਜਿਸ ਵਿਚ ਦੇਸ਼ ਦੀ ਆਜ਼ਾਦੀ ਦੇ ਲਈ ਲੜਨ ਵਾਲੇ ਹਰ ਕਿਸਮ ਦੇ ਤੱਤ ਸ਼ਾਮਿਲ ਸਨ। ਪਰ ਡਾ. ਸੁਨਯਾਤ ਸੇਨ ਨੇ 1919 ਦੇ ਚਾਰ ਮਈ ਦੇ ਅੰਦੋਲਨ ਪਿੱਛੋਂ ਹੀ ਇਸ ਨੂੰ ਸਾਮਰਾਜ ਵਿਰੋਧੀ ਕਰਾਂਤੀਕਾਰੀ ਸੰਸਾਰ ਮੋਰਚੇ ਦਾ ਅੰਗ ਬਣਾ ਦਿੱਤਾ ਸੀ। ਉਹ ਇਕ ਪਾਸੇ ਸਾਮਰਾਜਵਾਦੀਆਂ ਨਾਲ ਲੋਹਾ ਲੈ ਰਹੀ ਸੀ ਤੇ ਦੂਜੇ ਪਾਸੇ ਸਦੀਆਂ ਤੋਂ ਖ਼ੂਨ ਚੂਸਦੇ ਆ ਰਹੇ ਘਰੇਲੂ ਸਾਮੰਤੀ ਤੱਤਾਂ ਦਾ ਸਫਾਇਆ ਕਰ ਰਹੀ ਸੀ। ਇਸ ਨਾਲ ਮਿਹਨਤਕਸ਼ ਚੀਨੀ ਜਨਤਾ ਏਡੀ ਵੱਡੀ ਗਿਣਤੀ ਵਿਚ ਤੇ ਏਨੀ ਤੇਜੀ ਨਾਲ ਹਰਕਤ ਵਿਚ ਆਈ ਕਿ ਕਯੋਮਿਨਤਾਂਗ ਨੂੰ ਉਹ ਸ਼ਾਨਦਾਰ ਕਾਮਯਾਬੀਆਂ ਮਿਲੀਆਂ, ਜਿਹਨਾਂ ਦਾ ਉਲੇਖ ਜਵਾਹਰ ਲਾਲ ਨੇ ਕੀਤਾ ਹੈ। ਪਰ 1927 ਵਿਚ ਦਲਾਲ ਪੂੰਜੀਵਾਦੀ ਵਰਗ ਚਯਾਂਗਕਾਈ ਸ਼ੇਕ ਦੀ ਰਾਹਨੁਮਾਈ ਵਿਚ ਜਾਗੀਰਦਾਰਾਂ ਤੇ ਸਾਮਰਾਜਵਾਦੀਆਂ ਨਾਲ ਜਾ ਰਲਿਆ ਤੇ ਕਰਾਂਤੀ ਵਿਰੋਧੀ ਬਣ ਗਿਆ। ਹੁਣ ਆਜ਼ਾਦੀ ਦੇ ਝੰਡੇ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਨੇ, ਜਿਹੜੀ ਕਯੋਮਿਨਤਾਂਗ ਦਾ ਹੀ ਇਕ ਅੰਗ ਸੀ, ਉੱਚਾ ਚੁੱਕਿਆ ਤੇ ਦੇਸ਼ ਦੀ ਪੀੜਿਤ, ਸ਼ੋਸ਼ਿਤ ਜਨਤਾ ਤੇ ਪ੍ਰਗਤੀਸ਼ੀਲ ਤੱਤਾਂ ਦੇ ਸਹਿਯੋਗ ਨਾਲ ਕਰਾਂਤੀਕਾਰੀ ਸੰਘਰਸ਼ ਨੂੰ ਜਾਰੀ ਰੱਖਿਆ, ਨਾਲ ਹੀ ਸਾਮਰਾਜ ਵਿਰੋਧੀ ਕਰਾਂਤੀਕਾਰੀ ਸੰਸਾਰ ਮੋਰਚੇ ਨਾਲ ਆਪਣੇ ਸੰਬੰਧਾਂ ਨੂੰ ਦ੍ਰਿੜ੍ਹ ਵੀ ਬਣਾਇਆ, ਕਿਉਂਕਿ ਕਰਾਂਤੀ ਦੀ ਸਫਲਤਾ ਲਈ ਇਹ ਵੀ ਅਤੀ ਜ਼ਰੂਰੀ ਸੀ। ਮਾਉਤਸੇਤੁੰਗ ਨੇ ਆਪਣੇ ਨਵੇਂ 'ਜਨ ਗਨਤੰਤਰ' ਨਿਬੰਧ ਵਿਚ ਲਿਖਿਆ ਹੈ...:
“ਅੱਜ ਦੀ ਅੰਤਰ-ਰਾਸ਼ਟਰੀ ਸਥਿਤੀ ਵਿਚ ਉਪਨਿਵੇਸ਼ਾਂ ਤੇ ਅਰਧਉਪਨਿਵੇਸ਼ਾਂ ਦੇ 'ਹੀਰੋ' ਜਾਂ ਤਾਂ ਸਾਮਰਾਵਾਦੀ ਮੋਰਚੇ ਵਿਚ ਸ਼ਾਮਿਲ ਹੋ ਕੇ ਸੰਸਾਰ ਕਰਾਂਤੀ ਵਿਰੋਧੀ ਸ਼ਕਤੀਆਂ ਦਾ ਸਾਥ ਦੇਣ ਜਾਂ ਸਾਮਰਾਜ ਵਿਰੋਧੀ ਮੋਰਚੇ ਵਿਚ ਆ ਮਿਲਨ ਤੇ ਸੰਸਾਰ ਕਰਾਂਤੀ ਦੀਆਂ ਸ਼ਕਤੀਆਂ ਦਾ ਅੰਗ ਬਣ ਜਾਣ। ਇਹਨਾਂ ਦੋਹਾਂ ਵਿਚੋਂ ਉਹਨਾਂ ਨੂੰ ਇਕ ਰਸਤਾ ਚੁਣਨਾ ਪਏਗਾ, ਹੋਰ ਕੋਈ ਤੀਸਰਾ ਰਸਤਾ ਹੈ ਹੀ ਨਹੀਂ ਹੈ।”
ਯਾਨੀ ਸਥਿਤੀ ਇਹ ਸੀ ਕਿ ਹਰੇਕ ਪਰ-ਅਧੀਨ-ਰਾਸ਼ਟਰ ਦਾ ਆਜ਼ਾਦੀ ਘੋਲ ਜੇ ਉਹ ਵਾਕਈ ਆਜ਼ਾਦੀ ਦਾ ਘੋਲ ਸੀ ਤਾਂ ਸਾਮਰਾਜ ਵਿਰੁੱਧ 1917 ਤੋਂ ਸ਼ੁਰੂ ਹੋਈ ਸੰਸਾਰ ਕਰਾਂਤੀ ਦਾ ਇਕ ਅਨਿੱਖੜਵਾਂ ਤੇ ਜ਼ਰੂਰੀ ਅੰਗ ਸੀ। ਇਸ ਨਾਲ ਉਹਨਾਂ ਦੀ ਸ਼ਕਤੀ ਵਧਦੀ ਸੀ। ਚੀਨ ਦੇ ਕਰਾਂਤੀਕਾਰੀਆਂ ਨੇ ਇਸ ਤੱਥ ਨੂੰ ਸਮਝ ਲਿਆ ਸੀ ਤੇ ਜਵਾਹਰ ਲਾਲ ਦੇ ਕਥਨ ਅਨੁਸਾਰ ਬਰੇਸਲਸ ਦੇ ਦਲਿਤ ਰਾਸ਼ਟਰਾਂ ਦੇ ਸੰਮੇਲਨ ਵਿਚ ਕਯੋਮਿਨਤਾਂਗ ਪਾਰਟੀ ਦੇ ਗਰਮ-ਦਲ ਸਭ ਨਾਲੋਂ ਵਧ ਕ੍ਰਿਆਸ਼ੀਲ ਸਨ। ਉਹਨਾਂ ਦੇ ਇਲਾਵਾ ਬਰਸੇਲਸ ਵਿਚ ਏਸ਼ੀਆ, ਅਫ਼ਰੀਕਾ ਤੇ ਲੇਟਿਨ ਅਮਰੀਕਾ ਦੇ ਸਾਰੇ ਉਪਨਿਵੇਸ਼ਾਂ ਤੇ ਅਰਧਉਪਨਿਵੇਸ਼ਾਂ ਦੇ ਲੋਕ ਸ਼ਾਮਿਲ ਸਨ। ਯੂਰਪ ਵਿਚ ਆਪਣੇ ਹੀ ਪੂੰਜੀਵਾਦ ਤੇ ਸਾਮਰਾਜਵਾਦ ਦੇ ਵਿਰੁੱਧ ਲੜਨ ਵਾਲੇ ਮਜ਼ਦੂਰ ਨੇਤਾ ਸਨ। ਕਮਿਊਨਿਸਟ ਵੀ ਕਾਫੀ ਸੰਖਿਆ ਵਿਚ ਸਨ, ਪਰ ਕਮਿਊਨਿਸਟਾਂ ਦੀ ਹੈਸੀਅਤ ਨਾਲ ਨਹੀਂ, ਕਿਸੇ ਮਜ਼ਦੂਰ ਸੰਘ ਜਾਂ ਕਿਸੇ ਓਹੋ ਜਿਹੀ ਹੀ ਸੰਸਥਾ ਦੇ ਪ੍ਰਤੀਨਿੱਧ ਬਣ ਕੇ ਆਏ ਸਨ।
ਉੱਥੇ ਜਿਹੜੀ ਸਾਮਰਾਜਵਾਦ ਵਿਰੋਧੀ ਲੀਗ ਨਾਂ ਦੀ ਸੰਸਥਾ ਬਣਾਈ ਗਈ ਸੀ, ਜਵਾਹਰ ਲਾਲ ਵੀ ਹਿੰਦੁਸਤਾਨ ਵੱਲੋਂ ਉਸਦੇ ਮੈਂਬਰ ਬਣੇ। ਬਰਸੇਲਸ ਦੇ ਬਾਅਦ ਵੀ ਇਸ ਲੀਗ ਦੀਆਂ ਵੱਖ ਵੱਖ ਥਾਵਾਂ 'ਤੇ ਕਈ ਮੀਟਿੰਗਾਂ ਹੋਈਆਂ, ਜਿਹਨਾਂ ਵਿਚ ਜਵਾਹਰ ਲਾਲ ਨੇ ਵੀ ਭਾਗ ਲਿਆ ਤੇ ਉਹਨਾਂ ਤੋਂ ਜਿਹੜਾ ਅਨੁਭਵ ਪ੍ਰਾਪਤ ਹੋਇਆ, ਉਸਨੂੰ ਇੰਜ ਬਿਆਨ ਕੀਤਾ...:
“ਇਸ ਸਭ ਨਾਲ ਮੈਨੂੰ ਅਧੀਨ ਤੇ ਔਪਨਿਵੇਸ਼ਕ ਦੇਸ਼ਾਂ ਦੀਆਂ ਕੁਛ ਸਮਸਿਆਵਾਂ ਨੂੰ ਸਮਝਣ ਵਿਚ ਬੜੀ ਮਦਦ ਮਿਲੀ। ਉਹਨਾਂ ਕਾਰਣ ਪੱਛਮੀ ਸੰਸਾਰ ਦੇ ਮਜ਼ਦੂਰਾਂ ਦੇ, ਜਿਹੜੇ ਅੰਦਰੂਨੀ ਸੰਘਰਸ਼ ਚੱਲ ਰਹੇ ਸਨ, ਉਹਨਾਂ ਦੀ ਤੈਹ ਤੀਕ ਪਹੁੰਚਣ ਵਿਚ ਮੈਨੂੰ ਆਸਾਨੀ ਹੋਈ। ਉਹਨਾਂ ਬਾਬਤ ਮੈਂ ਬੜਾ ਕੁਛ ਪੜ੍ਹਿਆ ਸੀ...ਲੇਕਿਨ ਮੇਰੇ ਉਸ ਗਿਆਨ ਦੇ ਪਿੱਛੇ ਕੋਈ ਅਸਲੀਅਤ ਨਹੀਂ ਸੀ ਕਿਉਂਕਿ ਉਸ ਨਾਲ ਮੇਰਾ ਕੋਈ ਜਾਤੀ ਵਾਹ ਨਹੀਂ ਸੀ ਪੈਂਦਾ ਹੁੰਦਾ, ਲੇਕਿਨ ਹੁਣ ਮੈਂ ਉਹਨਾਂ ਦੇ ਸੰਪਰਕ ਵਿਚ ਆਇਆ ਤੇ ਕਦੀ ਕਦੀ ਮੈਨੂੰ ਉਹਨਾਂ ਮਾਮਲਿਆਂ ਦਾ ਭੀ ਸਾਹਮਣਾ ਕਰਨਾ ਪਿਆ, ਜਿਹੜੇ ਇਹਨਾਂ ਅੰਦਰੂਨੀ ਸੰਘਰਸ਼ਾਂ ਨਾਲ ਪੈਦਾ ਹੁੰਦੇ ਹਨ। ਦੂਜੀ ਇੰਟਰਨੈਸ਼ਨਲ ਤੇ ਤੀਜੀ ਇੰਟਰਨੈਸ਼ਨਲ ਨਾਂ ਦੀਆਂ ਮਜ਼ਦੂਰਾਂ ਦੀਆਂ ਜਿਹੜੀਆਂ ਦੋ ਸੰਸਥਾਵਾਂ ਹਨ, ਉਹਨਾਂ ਵਿਚੋਂ ਮੇਰੀ ਹਮਦਰਦੀ ਤੀਜੀ ਨਾਲ ਸੀ। ਲੜਾਈ ਤੋਂ ਲੈ ਕੇ ਹੁਣ ਤਕ ਦੂਜੀ ਇੰਟਰਨੈਸ਼ਨਲ ਨੇ ਜੋ ਕੁਛ ਕੀਤਾ, ਉਸ ਵਿਚ ਮੈਨੂੰ ਅਰੂਚੀ ਹੋ ਗਈ ਤੇ ਸਾਨੂੰ ਤਾਂ ਹਿੰਦੁਸਤਾਨ ਵਿਚ ਇਸ ਇੰਟਰਨੈਸ਼ਨਲ ਦੇ ਸਭ ਤੋਂ ਵੱਡੇ ਸਮਰਥਕ ਬ੍ਰਿਟਿਸ਼ ਮਜ਼ਦੂਰ ਦਲ ਦੇ ਢੰਗ-ਤਰੀਕਿਆਂ ਦਾ ਖ਼ੂਬ ਤਜ਼ੁਰਬਾ ਹੋ ਚੁੱਕਿਆ ਹੈ। ਇਸ ਲਈ ਲਾਜ਼ਮੀ ਤੌਰ 'ਤੇ ਕਮਿਊਨਿਜ਼ਮ ਬਾਰੇ ਮੇਰੇ ਖ਼ਿਆਲ ਭਲੇ ਹੋ ਗਏ...ਕਮਿਊਨਿਜ਼ਮ ਨਾਲ ਮੇਰੇ ਇਹ ਸੰਬੰਧ ਉਸਦੇ ਸਿਧਾਤਾਂ ਕਰਕੇ ਨਹੀਂ ਸਨ, ਕਿਉਂਕਿ ਕਮਿਊਨਿਜ਼ਮ ਦੀਆਂ ਕਈ ਸੂਖਮ ਗੱਲਾਂ ਬਾਰੇ ਮੈਂ ਬਹੁਤਾ ਨਹੀਂ ਸਾਂ ਜਾਣਦਾ। ਉਸ ਸਮੇਂ ਉਸ ਨਾਲ ਮੇਰੀ ਜਾਣ-ਪਛਾਣ ਸਿਰਫ ਉਸਦੀਆਂ ਮੋਟੀਆਂ-ਮੋਟੀਆਂ ਗੱਲਾਂ ਤਕ ਹੀ ਸੀਮਿਤ ਸੀ। ਇਹ ਗੱਲਾਂ ਤੇ ਹੋਰ ਵੀ ਵੱਡੇ-ਵੱਡੇ ਪ੍ਰੀਵਰਤਨ ਜਿਹੜੇ ਰੂਸ ਵਿਚ ਹੋ ਰਹੇ ਸਨ, ਮੈਨੂੰ ਖਿੱਚ ਰਹੇ ਸਨ।” (ਮੇਰੀ ਕਹਾਣੀ)
ਜਵਾਹਰ ਲਾਲ 1927 ਵਿਚ ਆਪਣੇ ਪਿਤਾ ਨਾਲ ਸੋਵੀਅਤ ਰੂਸ ਦੀ ਯਾਤਰਾ 'ਤੇ ਵੀ ਗਏ ਸਨ ਤੇ ਉਹਨਾਂ ਨੇ ਇਹ ਵੱਡੇ ਵੱਡੇ ਪ੍ਰੀਵਰਤਨ ਆਪ ਅੱਖੀਂ ਦੇਖੇ ਸਨ। ਇਹੀ ਸਾਰੇ ਅਨੁਭਵ ਲੈ ਕੇ ਉਹ 'ਸਵੱਛ' ਮਾਨਸਿਕ ਅਵਸਥਾ ਵਿਚ ਸਵਦੇਸ਼ ਪਰਤੇ ਸਨ ਤੇ ਕਾਂਗਰਸ ਦੇ ਮਦਰਾਸ ਇਜਲਾਸ ਵਿਚ ਆਪਣੇ ਗਰਮਾ-ਗਰਮ ਮਤੇ ਰੱਖੇ ਸਨ।
ਅਸੀਂ ਦੇਖਿਆ ਕਿ ਗਾਂਧੀ ਨੂੰ ਇਹ ਮਤੇ ਪਸੰਦ ਨਹੀਂ ਆਏ। ਉਸਨੇ ਨਾ ਸਿਰਫ ਆਪਣਾ ਵਿਰੋਧ ਪ੍ਰਗਟ ਕੀਤਾ ਬਲਕਿ ਜਵਾਹਰ ਲਾਲ ਨੂੰ ਸਹਿਜੇ ਹੀ ਆਪਣਾ ਝੰਡਾ ਲਹਿਰਾਉਣ ਦਾ ਸੁਝਾਅ ਵੀ ਦੇ ਦਿੱਤਾ।
ਦਰਅਸਲ ਗਾਂਧੀ ਨੇ ਦਲਿਤ ਰਾਸ਼ਟਰ ਸੰਘ ਬਾਰੇ ਜਿਹੜਾ ਪੱਤਰ ਲਿਖਿਆ ਸੀ ਉਸੇ ਵਿਚ ਜਵਾਹਰ ਲਾਲ ਨੂੰ ਬਹੁਤਾ ਅੱਗੇ ਨਾ ਵਧਣ ਦੀ ਚੇਤਾਵਨੀ ਵੀ ਦਿੱਤੀ ਸੀ। ਉਸਨੇ ਜੋ ਇਹ ਲਿਖਿਆ ਸੀ ਕਿ ਸਾਨੂੰ ਲੋਕਾਂ ਨੂੰ ਆਪਣੀ ਅੰਦਰੂਨੀ ਸ਼ਕਤੀ ਦਾ ਵਿਕਾਸ ਕਰਕੇ ਆਜ਼ਾਦੀ ਪ੍ਰਪਤ ਕਰਨੀ ਚਾਹੀਦੀ ਹੈ, ਇਸ ਵਿਚ ਰਤਾ ਵੀ ਸੱਚਾਈ ਨਹੀਂ ਸੀ। ਇਹ ਅੰਦਰੂਨੀ ਸ਼ਕਤੀ ਚੀਨ ਵਾਂਗ ਇਕ ਪਾਸੇ ਵਿਦੇਸ਼ੀ ਸਾਮਰਾਜਵਾਦ ਤੇ ਦੂਜੇ ਪਾਸੇ ਘਰੇਲੂ ਜਾਗੀਰਦਾਰਾਂ ਦੇ ਖ਼ਿਲਾਫ਼ ਕਰਾਂਤੀਕਾਰੀ ਸੰਘਰਸ਼ ਰਾਹੀਂ ਹੀ ਵਿਕਸਤ ਹੋ ਸਕਦੀ ਸੀ। 'ਰਘੁਪਤੀ ਰਾਘਵ ਰਾਜਾ ਰਾਮ' ਦੇ ਭਜਨ ਗਾਉਣ ਨਾਲ ਤਾਂ ਇਹ ਖੁੰਡੀ ਤੇ ਠੁੱਸ ਹੋ ਜਾਣੀ ਸੀ ਤੇ ਗਾਂਧੀ ਦੀ ਚੰਗੀ ਤਰ੍ਹਾਂ ਸੋਚੀ-ਵਿਚਾਰੀ ਰਾਜਨੀਤੀ ਦਾ ਮੂਲ ਮਕਸਦ ਵੀ ਇਸ ਸ਼ਕਤੀ ਨੂੰ ਉਭਾਰਣਾ ਨਹੀਂ ਠੁੱਸ ਕਰ ਦੇਣਾ ਸੀ। ਸੋ ਸਾਮਰਾਜ ਵਿਰੋਧੀ ਲੀਗ ਵਿਚ ਉਸਦੀ ਦਿਲਚਸਪੀ ਨਾ ਹੋਣਾ ਸੁਭਾਵਿਕ ਗੱਲ ਸੀ।
ਪਰ ਸਾਮਰਾਜ ਵਿਰੋਧੀ ਅੰਤਰ-ਰਾਸ਼ਟਰੀ ਕਰਾਂਤੀਕਾਰੀ ਅੰਦੋਲਨ ਦਾ, ਜਿਸਦਾ ਨੇਤਾ ਉਸ ਸਮੇਂ ਸੋਵੀਅਤ ਰੂਸ ਸੀ, ਇਕ ਇਤਿਹਾਸਕ ਮਹੱਤਵ ਸੀ। ਜਵਾਹਰ ਲਾਲ ਨੇ ਇਸ ਮਹੱਤਵ ਨੂੰ ਸਮਝਿਆ ਤੇ ਉਸਨੂੰ ਕਾਂਗਰਸ ਦੀ ਤੇ ਵਿਸ਼ੇਸ਼ ਤੌਰ 'ਤੇ ਆਪਣੀ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਸਥਿਤੀ ਮਜ਼ਬੂਤ ਬਣਾਉਣ ਲਈ ਇਸਤੇਮਾਲ ਕੀਤਾ। ਪਰ ਉਹ ਸਾਮਰਾਜ ਵਿਰੋਧੀ ਲੀਗ ਦੇ ਮੈਂਬਰ ਬਹੁਤੇ ਦਿਨ ਨਹੀਂ ਰਹਿ ਸਕੇ। 1931 ਵਿਚ ਜਦੋਂ ਉਹਨਾਂ ਗਾਂਧੀ-ਇਰਵਿਨ ਸਮਝੌਤੇ ਦਾ ਸਮਰਥਨ ਕੀਤਾ ਤਾਂ ਲੀਗ ਨੇ ਇਕ ਮਤਾ ਪਾ ਕੇ ਉਹਨਾਂ ਨੂੰ ਕੱਢ ਦਿੱਤਾ। ਨਹਿਰੂ ਨੇ ਖ਼ੁਦ ਲਿਖਿਆ ਹੈ : “ਮੈਂ ਇਹ ਮੰਜ਼ੂਰ ਕਰਦਾ ਹਾਂ ਕਿ ਮੈਂ ਉਹਨੂੰ ਨਾਰਾਜ਼ ਹੋਣ ਦਾ ਕਾਫੀ ਮਸਾਲਾ ਦਿੱਤਾ ਸੀ; ਲੇਕਿਨ ਫਿਰ ਵੀ ਉਹ ਮੈਨੂੰ ਸਥਿਤੀ ਨੂੰ ਸਪਸ਼ਟ ਕਰਨ ਦਾ ਕੁਛ ਮੌਕਾ ਤਾਂ ਦੇ ਹੀ ਸਕਦੀ ਹੈ।” (ਮੇਰੀ ਕਹਾਣੀ)
  –––   –––   –––   ––– 

No comments:

Post a Comment