Thursday, June 9, 2011

ਨਵੇਂ ਜਾਲ :

     ਨਵੇਂ ਜਾਲ


ਨਮਕ-ਸਤਿਆਗ੍ਰਹਿ ਭਾਵੇਂ 1921-22 ਦੇ ਸਵਿਨਯ-ਭੰਗ ਅੰਦੋਲਨ ਵਾਂਗ ਹਥਿਆਰ ਸੁੱਟ ਕੇ ਸਮਾਪਤ ਹੋ ਚੁੱਕਿਆ ਸੀ, ਪਰ ਇਸ ਨਾਲ ਸਾਰੇ ਵਿਚਾਰ ਤੇ ਚਿੰਤਨ ਵਿਚ ਗੁਣਨਾਤਮਕ ਪ੍ਰੀਵਰਤਨ ਆਇਆ ਸੀ। 1927-28 ਵਿਚ ਜਿਹੜੇ ਸਮਾਜਵਾਦੀ ਵਿਚਾਰ ਬਣਨੇ ਸ਼ੁਰੂ ਹੋਏ ਸਨ ਤੇ ਜਿਹੜੇ ਮਜ਼ਦੂਰਾਂ, ਕਿਸਾਨਾਂ ਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਅੰਦੋਲਨ ਕਰਨੇ ਸ਼ੁਰੂ ਕਰ ਦਿੱਤੇ ਸਨ, ਉਹ ਸੰਘਰਸ਼ ਦੇ ਇਹਨਾਂ ਸਾਲਾਂ ਵਿਚ ਵਧੇਰੇ ਸਪਸ਼ਟ ਤੇ ਪੱਕੇ ਪੈਰੀਂ ਹੋ ਗਏ ਸਨ ਤੇ ਸਾਧਾਰਣ ਜਨਤਾ ਦੀ ਚੇਤਨਾ ਵਿਚ ਰਚ-ਮਿਚ ਕੇ ਭੌਤਿਕ ਸ਼ਕਤੀ ਬਣਦੇ ਜਾ ਰਹੇ ਸਨ।
ਜਵਾਹਰ ਲਾਲ ਨੇ ਆਪਣੀ ਆਤਮ-ਕਥਾ ਭਾਵ 'ਮੇਰੀ ਕਹਾਣੀ' ਇਹਨੀਂ ਦਿਨੀ ਜੇਲ੍ਹ ਵਿਚ ਲਿਖੀ ਤੇ ਆਪਣੇ ਆਪ ਨੂੰ ਸਮੇਂ ਅਨੁਸਾਰ ਢਾਲ ਕੇ ਹੌਲੀ-ਹੌਲੀ ਵਿਕਸਤ ਹੋ ਰਹੀ ਕਰਾਂਤੀਕਾਰੀ ਵਿਚਾਰਧਾਰਾ ਨੂੰ ਆਪਣੇ ਹੀ ਢੰਗ ਨਾਲ ਪ੍ਰਭਾਵਿਤ ਕਰਨ ਦੇ ਦ੍ਰਿਸ਼ਟੀਕੋਣ ਨਾਲ ਲਿਖੀ। ਉਹਨਾਂ ਨੇ ਬਦਲਦੀ ਹੋਈ ਪ੍ਰਸਥਿਤੀ ਨੂੰ ਇੰਜ ਲਿਖਿਆ ਹੈ...:
“ਜਿਉਂ-ਜਿਉਂ ਸਾਡੀ ਲੜਾਈ ਮੱਠੀ ਪੈਣ ਲੱਗੀ ਤੇ ਉਸਦੀ ਚਾਲ ਹੌਲੀ ਹੋ ਗਈ, ਤਿਵੇਂ-ਤਿਵੇਂ ਉਸ ਵਿਚ ਜੋਸ਼ ਤੇ ਉਤਸਾਹ ਦੀ ਕਮੀ ਆਉਂਦੀ ਗਈ-ਹਾਂ, ਵਿਚ-ਵਿਚਕਾਰ ਕਦੀ ਲੰਮੇ ਅਰਸੇ ਬਾਅਦ ਕੁਛ ਉਤੇਜਨਾ ਹੋ ਜਾਂਦੀ ਹੁੰਦੀ ਸੀ। ਮੇਰੇ ਖ਼ਿਆਲਾਤ ਦੂਜੇ ਮੁਲਕਾਂ ਵੱਲ ਵਧੇਰੇ ਜਾਣ ਲੱਗੇ ਤੇ ਜੇਲ੍ਹ ਵਿਚ ਜਿੰਨਾ ਵੀ ਹੋ ਸਕਿਆ, ਮੈਂ ਸੰਸਾਰ ਪੱਧਰੀ ਮੰਦੀ ਨਾਲ ਗਰਸੀ ਦੁਨੀਆਂ ਦੀ ਹਾਲਤ ਦਾ ਨਿਰੀਖਣ ਤੇ ਅਧਿਅਨ ਕਰਨ ਲੱਗਾ। ਇਸ ਵਿਸ਼ੇ ਉੱਤੇ ਜਿੰਨੀਆਂ ਵੀ ਕਿਤਾਬਾਂ ਮੈਨੂੰ ਮਿਲੀਆਂ, ਉਹਨਾਂ ਨੂੰ ਪੜ੍ਹਦਾ ਗਿਆ ਤੇ ਜਿੰਨਾ ਪੜ੍ਹਦਾ ਜਾਂਦਾ ਓਨਾਂ ਹੀ ਉਸ ਵੱਲ ਖਿਚਿਆ ਜਾਂਦਾ ਰਿਹਾ ਸਾਂ। ਮੈਨੂੰ ਦਿਖਾਈ ਦਿੱਤਾ ਕਿ ਹਿੰਦੁਸਤਾਨ ਆਪਣੀਆਂ ਖਾਸ ਸਮਸਿਆਵਾਂ ਤੇ ਸੰਘਰਸ਼ਾਂ ਨੂੰ ਲੈ ਕੇ ਵੀ ਵਿਸ਼ਵਨਾਟਕ, ਰਾਜਨੈਤਿਕ ਤੇ ਆਰਥਿਕ ਸ਼ਕਤੀਆਂ ਦੀ ਉਸ ਲੜਾਈ ਦਾ, ਜਿਹੜੀ ਅੱਜ ਸਾਰੇ ਰਾਸ਼ਟਰਾਂ ਵਿਚ ਪਰਸਪਰ ਹੋ ਰਹੀ ਹੈ, ਸਿਰਫ ਇਕ ਹਿੱਸਾ ਹੀ ਹੈ। ਉਸ ਲੜਾਈ ਵਿਚ ਮੇਰੀ ਆਪਣੀ ਹਮਦਰਦੀ ਕਮਿਊਨਿਜ਼ਮ (ਸਮਾਜਵਾਦ) ਨਾਲ ਵਧ ਤੋਂ ਵਧ ਹੁੰਦੀ ਗਈ।
ਸਮਾਜਵਾਦ ਤੇ ਕਮਿਊਨਿਜ਼ਮ ਵੱਲ ਮੇਰੀ ਬੜੇ ਸਮੇਂ ਤੋਂ ਖਿੱਚ ਸੀ ਤੇ ਰੂਸ ਮੈਨੂੰ ਚੰਗਾ ਲੱਗਦਾ ਸੀ। ਹਾਲਾਂਕਿ ਰੂਸ ਦੀਆਂ ਬਹੁਤ ਸਾਰੀਆਂ ਗੱਲਾਂ ਮੈਨੂੰ ਪਸੰਦ ਵੀ ਨਹੀਂ ਹਨ।” ਤਰਕ ਇੱਥੇ ਵੀ ਦੋਵੇਂ ਪਾਸੇ ਚੱਲਦਾ ਹੈ। ਰੂਸ ਦੀ ਨਿਰੰਕੁਸ਼ਤਾ ਤੇ ਦਮਨ ਦੀ ਗੱਲ ਕਹਿਣ ਪਿੱਛੋਂ ਲਿਖਿਆ ਹੈ, “ਮਗਰ ਪੁੰਜੀਵਾਦੀ ਦੁਨੀਆਂ ਵਿਚ ਵੀ ਤਾਂ ਬਲ-ਪ੍ਰਯੋਗ ਤੇ ਦਮਨ ਘੱਟ ਨਹੀਂ ਹੋ ਰਿਹਾ। ਤੇ ਮੈਨੂੰ ਵਧ ਤੋਂ ਵਧ ਮਹਿਸੂਸ ਹੋਣ ਲੱਗਾ ਕਿ ਸਾਡੇ ਸੰਗ੍ਰਹਿਸ਼ੀਲ ਸਮਾਜ ਦਾ ਤੇ ਸਾਡੀ ਸੰਪਤੀ ਦਾ ਤਾਂ ਆਧਾਰ ਤੇ ਬੁਨਿਆਦ ਹੀ ਬਲ-ਪ੍ਰਯੋਗ ਹੈ, ਬਲ-ਪ੍ਰਯੋਗ ਬਿਨਾਂ ਉਹ ਵਧੇਰੇ ਦਿਨ ਟਿਕ ਨਹੀਂ ਸਕਦਾ। ਜਦ ਤਕ ਭੁੱਖੇ ਮਰਨ ਦਾ ਡਰ ਸਭ ਥਾਈਂ ਵਧੇਰੇ ਜਨਤਾ ਨੂੰ, ਉਹਨਾਂ ਮੁੱਠੀ ਭਰ ਲੋਕਾਂ ਦੀ ਇੱਛਾ ਦੇ ਅਧੀਨ ਹੋਣ ਲਈ ਹਮੇਸ਼ਾ ਮਜ਼ਬੂਰ ਕਰ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਉਹਨਾਂ ਥੋੜ੍ਹੇ ਜਿਹੇ ਲੋਕਾਂ ਦਾ ਧਨ ਮਾਣ ਹੀ ਵਧ ਰਿਹਾ ਹੈ, ਤਦ ਤਕ ਰਾਜਨੀਤਕ ਸੁਤੰਤਰਾ ਦੇ ਹੋਣ ਦਾ ਵੀ ਅਸਲ ਵਿਚ ਕੋਈ ਅਰਥ ਨਹੀਂ।”
ਫੇਰ ਪੁੰਜੀਵਾਦੀ ਤੇ ਸਮਾਜਵਾਦੀ ਪ੍ਰਬੰਧਾਂ ਦਾ ਵਿਸਥਾਰ ਨਾਲ ਅਧਿਅਨ ਤੇ ਵਿਸ਼ਲੇਸ਼ਣ ਕਰਨ ਪਿੱਛੋਂ ਇਹ ਪਾਠਕ ਨੂੰ ਇਸ ਸਿੱਟੇ ਉੱਤੇ ਅਪੜਾਉਂਦੇ ਹਨ ; “ਹਿੰਦੁਸਤਾਨ ਦੀ ਭੋਇੰ ਤੇ ਕਲ-ਕਾਰਖ਼ਨੇ ਦੋਹਾਂ ਨਾਲ ਸੰਬੰਧ ਰੱਖਣ ਵਾਲੇ ਪ੍ਰਸ਼ਨਾਂ ਦਾ ਤੇ ਦੇਸ਼ ਦੀ ਹਰ ਵੱਡੀ ਸਮੱਸਿਆ ਦਾ ਹੱਲ ਸਿਰਫ ਕਿਸੇ ਕਰਾਂਤੀਕਰੀ ਯੋਜਨਾ ਨਾਲ ਹੀ ਹੋ ਸਕਦਾ ਹੈ।”
ਹੁਣ ਇੱਥੇ ਪਹੁੰਚ ਕੇ ਕਰਾਂਤੀਕਾਰੀ ਯੋਜਨਾ ਪੇਸ਼ ਕਰਨ ਦੀ ਬਜਾਏ ਕਰਾਂਤੀਕਾਰੀ ਯੋਜਨਾ ਦਾ ਵਿਚਾਰ ਹੀ ਨਿਰਅਰਥਕ ਹੌਸਲੇ ਵਿਚ ਆਪਣੀ ਸ਼ਕਤੀ ਬਰਬਾਦ ਕਰਨਾ ਲੱਗਣ ਲੱਗ ਪਿਆ ਹੈ ਤੇ ਤਰਕ ਪੁੱਠੇ ਪਾਸੇ ਵੱਲ ਘੁੰਮ ਗਿਆ ਹੈ : “...ਕੀ ਕਾਂਗਰਸ ਆਪਣੀ ਮੌਜੂਦਾ ਸਥਿਤੀ ਨੂੰ ਰੱਖਦਿਆਂ ਹੋਇਆਂ ਕਦੀ ਵੀ ਅਸਲ ਵਿਚ ਮੌਲਿਕ ਸਾਮਾਜਿਕ ਹੱਲ ਨੂੰ ਅਪਣਾਅ ਸਕੇਗੀ? ਜੇ ਉਹਨਾਂ ਸਾਹਮਣੇ ਅਜਿਹਾ ਸਵਾਲ ਰੱਖ ਦਿੱਤਾ ਜਾਏ, ਤਾਂ ਉਸ ਦਾ ਨਤੀਜਾ ਇਹੀ ਹੋਏਗਾ ਕਿ ਉਸਦੇ ਦੋ ਜਾਂ ਚਾਰ ਟੁਕੜੇ ਹੋ ਜਾਣਗੇ, ਜਾਂ ਘੱਟੋਘੱਟ ਬਹੁਤ ਸਾਰੇ ਲੋਕ ਉਸ ਨਾਲੋਂ ਵੱਖ ਹੋ ਜਾਣਗੇ ਤੇ ਕਾਂਗਰਸ ਵਿਚ ਇਕ ਮਜ਼ਬੂਤ ਸੰਗਠਿਤ ਦਲ, ਚਾਹੇ ਉਹ ਬਹੁਮਤ ਵਿਚ ਹੋਏ ਜਾਂ ਅਲਪਮਤ ਵਿਚ, ਇਕ ਮੌਲਿਕ ਸਮਾਜਵਾਦੀ ਕਾਰਜ ਨੂੰ ਲੈ ਕੇ ਖੜ੍ਹਾ ਹੋ ਜਾਏਗਾ।
ਲੇਕਿਨ ਇਸ ਸਮੇਂ ਤਾਂ ਕਾਂਗਰਸ ਦਾ ਅਰਥ ਹੈ ਗਾਂਧੀਜੀ। ਉਹ ਕੀ ਕਰਨਾ ਚਾਹੁਣਗੇ। ਵਿਚਾਰਧਾਰਾ ਦੀ ਦ੍ਰਿਸ਼ਟੀ ਤੋਂ ਕਦੀ ਕਦੀ ਉਹ ਹੈਰਾਨੀ ਭਰਪੂਰ ਰੂਪ ਵਿਚ ਪਿੱਛੜੇ ਰਹਿੰਦੇ ਹਨ, ਲੇਕਿਨ ਫੇਰ ਵੀ ਵਿਹਾਰ ਵਿਚ ਉਹ ਹਿੰਦੁਸਤਾਨ ਵਿਚ ਇਸ ਯੁੱਗ ਦੇ ਸਭ ਤੋਂ ਵੱਡੇ ਕਰਾਂਤੀਕਾਰੀ ਰਹੇ ਹਨ। ਉਹ ਇਕ ਅਨੋਖੇ ਵਿਅਕਤੀ ਹਨ ਤੇ ਉਹਨਾਂ ਨੂੰ ਮਾਮੂਲੀ ਪੈਮਾਨੇ ਨਾਲ ਨਾਪਣਾ ਜਾਂ ਉਹਨਾਂ ਉਪਰ ਤਰਕ ਸ਼ਾਸਤਰ ਦੇ ਮਾਮੂਲੀ ਨਿਯਮ ਨੂੰ ਲਾਗੂ ਕਰਨਾ ਵੀ ਮੁਮਕਿਨ/ਸੰਭਵ ਨਹੀਂ ਹੈ। ਲੇਕਿਨ, ਚੂੰਕਿ ਉਹ ਹਿਰਦੇ ਵਿਚ ਕਰਾਂਤੀਕਾਰੀ ਹਨ ਤੇ ਹਿੰਦੁਸਤਾਨ ਦੀ ਰਾਜਨੀਤਕ ਸੁਤੰਤਰਤਾ ਦੀ ਪ੍ਰਤੀਗਿਆ ਕਰੀ ਬੈਠੇ ਹਨ, ਇਸ ਲਈ ਜਦ ਤਕ ਉਹ ਸੁਤੰਤਰਤਾ ਮਿਲ ਨਹੀਂ ਜਾਂਦੀ, ਤਦ ਤਕ ਉਹ ਇਸ ਉੱਤੇ ਅਟੱਲ ਰਹਿ ਕੇ ਹੀ ਆਪਣਾ ਕੰਮ ਕਰਨਗੇ ਤੇ ਇਸੇ ਤਰ੍ਹਾਂ ਕਰਦੇ ਹੋਏ ਉਹ ਜਨਤਾ ਦੀ ਪਰਚੰਡ ਸ਼ਕਤੀ ਨੂੰ ਜਗਾ ਦੇਣਗੇ ਤੇ ਮੈਨੂੰ ਕਾਫੀ ਉਮੀਦ ਹੈ, ਉਹ ਖ਼ੁਦ ਵੀ ਸਾਮਾਜਿਕ ਟੀਚੇ ਵੱਲ ਇਕ ਇਕ ਪੈਰ ਅੱਗੇ ਵਧਦੇ ਰਹਿਣਗੇ।” (ਮੇਰੀ ਕਹਾਣੀ)
ਗਾਂਧੀ ਵਰਤਾਰੇ ਵਿਚ ਕਿੰਨੇ ਕੁ ਵੱਡੇ ਕਰਾਂਤੀਕਾਰੀ ਹਨ ਤੇ ਜਨਤਾ ਦੀ ਪਰਚੰਡ ਕਾਰਜ ਸ਼ਕਤੀ ਨੂੰ ਕਿੱਥੋਂ ਤਕ ਜਗਾਉਣਾ ਚਾਹੁੰਦੇ ਹਨ, ਇਹ ਚੌਰੀ-ਚੌਰਾ ਦੀ ਘਟਨਾ ਦੇ ਬਾਅਦ ਅੰਦੋਲਨ ਬੰਦ ਕਰਨ ਨਾਲ ਤੇ ਗਾਂਧੀ-ਇਰਵਿਨ ਸਮਝੌਤੇ ਨਾਲ ਬੜੀ ਚੰਗੀ ਤਰ੍ਹਾਂ ਸਿੱਧ ਹੋ ਚੁੱਕਿਆ ਸੀ। ਪਰ ਉਹ 'ਚੂੰਕਿ' ਗਾਂਧੀ ਹੈ ਇਸ ਲਈ ਉਸਨੂੰ ਮਾਮੂਲੀ ਪੈਮਾਨੇ ਨਾਲ ਤੇ ਤਰਕਸ਼ਾਸਤਰ ਦੇ ਮਾਮੂਲੀ ਨਿਯਮਾਂ ਨਾਲ ਮਾਪਣਾ ਸੰਭਵ ਨਹੀਂ। ਉਸ ਵਿਚ ਤਾਂ ਕੋਈ 'ਅਗਿਆਤ-ਤੱਤ' ਹੈ, ਜਿਸ ਲਈ ਉਹ ਖ਼ੁਦ ਵੀ ਜਵਾਬ ਦੇਹ ਨਹੀਂ ਹੈ।
ਸੰਘਰਸ਼ ਜਿੰਨਾ ਤਿੱਖਾ ਹੋਵੇ ਤੇ ਜਿੰਨਾ ਲੰਮਾਂ ਚੱਲੇ, ਜਨਤਾ ਦੀ ਪਰਚੰਡ ਕਾਰਜ ਸ਼ਕਤੀ ਓਨੀ ਹੀ ਜਾਗ੍ਰਿਤ ਦੇ ਵਿਕਸਤ ਹੁੰਦੀ ਹੈ ਤੇ ਸੰਘਰਸ਼ ਦੀ ਅਗਨੀ-ਦੀਕਸ਼ਾ ਵਿਚ ਤਪ ਕੇ ਰਾਸ਼ਟਰ ਦਾ ਕਰਾਂਤੀਕਾਰੀ ਚਰਿੱਤਰ ਨਿੱਖਰਦਾ ਹੈ, ਸੰਵਰਦਾ ਹੈ। ਇਸ ਲਈ ਗਾਂਧੀ ਸੰਘਰਸ਼ ਦੇ ਉਗਰ ਰੂਪ ਧਾਰਣ ਤੇ ਲੰਮਾਂ ਹੋਣ ਤੋਂ ਘਬਰਾਉਂਦਾ ਰਿਹਾ। ਇਸ ਵਾਰੀ ਵੀ, ਜਦੋਂ ਉਸਦੇ ਗੋਲ-ਮੇਜ ਸੰਮੇਲਨ ਤੋਂ ਪਰਤ ਕੇ ਆਉਣ ਦੇ ਬਾਅਦ ਸਰਕਾਰ ਨੇ ਆਪਣੇ ਵੱਲੋਂ ਜਨਤਾ ਦੀਆਂ ਕਰਾਂਤੀਕਾਰੀ ਸ਼ਕਤੀਆਂ ਨੂੰ ਕੁਚਲਣ ਲਈ ਹਿੰਸਕ ਵਾਰ ਕੀਤਾ ਤੇ ਉਸਦੇ ਸਿੱਟੇ ਵਜੋਂ ਉਹ ਮੁੜ ਸ਼ੁਰੂ ਹੋਇਆ ਤਾਂ ਇਸ ਉੱਤੇ ਗਾਂਧੀ ਦਾ ਕੋਈ ਕੰਟਰੋਲ ਨਹੀਂ ਸੀ ਰਿਹਾ। ਜਨਤਾ ਨੇ ਇਸਨੂੰ ਬਿਨਾਂ ਕਿਸੇ ਉਪਰਲੇ ਕੰਟਰੋਲ ਤੋਂ ਹੀ ਚਲਾਇਆ ਸੀ ਤੇ ਬ੍ਰਿਟਿਸ਼ ਸਰਕਾਰ ਦੀ ਕਰੂਰਤਾ, ਬੱਬਰਤਾ ਤੇ ਅੰਨ੍ਹੇ ਦਮਨ ਦਾ ਬੜਾ ਡਟਵਾਂ ਮੁਕਾਬਲਾ ਕੀਤਾ ਸੀ। ਗਾਂਧੀ ਤੋਂ ਇਹ ਮੁਕਾਬਲਾ ਵੀ ਸਹਿ ਨਾ ਹੋਇਆ। ਪਹਿਲਾਂ ਉਸਨੇ ਆਤਮ ਸ਼ੁੱਧੀ ਨਹੀਂ ਵਰਤ ਰੱਖ ਕੇ ਤਿੰਨ ਹਫਤਿਆਂ ਲਈ ਉਸਨੂੰ ਮੁਲਤਵੀ ਕੀਤਾ, ਬਾਅਦ ਵਿਚ ਇਹ ਸਮਾਂ ਛੇ ਹਫਤੇ ਤਕ ਵਧਾ ਦਿੱਤਾ ਤੇ ਫੇਰ ਸਮੂਹਿਕ ਦੀ ਬਜਾਏ ਵਿਅਕਤੀਗਤ ਤਰੀਕੇ ਨਾਲ ਸ਼ੁਰੂ ਕੀਤਾ। ਵਾਇਸਰਾਏ ਨਾਲ ਗੱਲ ਕਰਨੀ ਚਾਹੀ ਪਰ ਵਾਇਸਰਾਏ ਲਾਰਡ ਇਰਵਿਨ ਨੇ ਮੁਲਾਕਾਤ ਦੀ ਬੇਨਤੀ ਤਕ ਠੁਕਰਾਅ ਦਿੱਤੀ। ਸੋ ਅੰਦੋਲਨ 1933 ਦੇ ਬਾਅਦ 1934 ਵਿਚ ਓਵੇਂ ਹੀ ਚੱਲਦਾ ਰਿਹਾ। ਦੇਸ਼ ਦੀ ਦਲੇਰ ਜਨਤਾ ਨੇ ਸਾਮਰਾਜਵਾਦੀ ਦਮਨ ਸਾਹਮਣੇ ਆਤਮ ਸਮਰਪਣ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ।
ਜਵਾਹਰ ਲਾਲ 30 ਅਗਸਤ 1933 ਨੂੰ ਰਿਹਾਅ ਹੋ ਗਏ, ਪਰ ਕੋਈ ਸਾਢੇ ਪੰਜ ਮਹੀਨੇ ਬਾਹਰ ਰਹਿ ਕੇ ਫਰਬਰੀ 1934 ਨੂੰ ਫੇਰ ਜੇਲ੍ਹ ਗਏ—ਅੰਦੋਲਨ ਉਦੋਂ ਵੀ ਚੱਲ ਰਿਹਾ ਸੀ। ਅਪ੍ਰੈਲ ਵਿਚ ਜਦੋਂ ਉਹ ਅਲੀਪੁਰ ਜੇਲ੍ਹ ਵਿਚ ਸਨ, ਅਚਾਨਕ ਅਖ਼ਬਾਰ ਵਿਚ ਗਾਂਧੀ ਦਾ ਇਕ ਬਿਆਨ ਪੜ੍ਹਿਆ, ਜਿਸ ਦੁਆਰਾ ਅੰਦੋਲਨ ਬੰਦ ਕਰ ਦਿੱਤਾ ਗਿਆ ਸੀ। ਲਿਖਿਆ ਸੀ...:
“ਇਸ ਬਿਆਨ ਦੀ ਪ੍ਰੇਰਣਾ ਸਤਿਆਗ੍ਰਹਿ ਆਸ਼ਰਮ ਦੇ ਸਾਥੀਆਂ ਨਾਲ ਹੋਈ ਇਕ ਆਪਸੀ ਬਾਤਚੀਤ ਦਾ ਸਿੱਟਾ ਹੈ...ਇਸ ਦਾ ਮੁੱਖ ਕਾਰਣ ਉਹ ਅੱਖਾਂ ਖੋਹਲ ਦੇਣ ਵਾਲੀ ਖ਼ਬਰ ਸੀ, ਜਿਹੜੀ ਮੈਨੂੰ ਇਕ ਬੜੇ ਪੁਰਾਣੇ ਤੇ ਮੁੱਲਵਾਨ ਸਾਥੀ ਦੇ ਸੰਬੰਧ ਵਿਚ ਮਿਲੀ ਸੀ। ਉਹ ਜੇਲ੍ਹ ਦਾ ਕੰਮ ਪੂਰਾ ਕਰਨ ਲਈ ਰਾਜ਼ੀ ਨਹੀਂ ਸਨ ਤੇ ਉਸ ਦੀ ਬਜਾਏ ਕਿਤਾਬਾਂ ਪੜ੍ਹਨੀਆਂ ਪਸੰਦ ਕਰਦੇ ਸਨ। ਇਹ ਸਭ ਕੁਝ ਸਤਿਆਗ੍ਰਹਿ ਦੇ ਨਿਯਮਾਂ ਦੇ ਹਰ ਪੱਖੋਂ ਵਿਰੁਧ ਸੀ। ਇਸ ਗੱਲ ਨਾਲ ਇਸ ਮਿੱਤਰ ਦੀਆਂ, ਜਿਸਨੂੰ ਮੈਂ ਬੜਾ ਹੀ ਪਿਆਰ ਕਰਦਾ ਸੀ, ਕਮਜ਼ੋਰੀਆਂ ਨਾਲੋਂ ਵਧ ਮੈਨੂੰ ਆਪਣੀਆਂ ਕਮਜ਼ੋਰੀਆਂ ਦਾ ਅਹਿਸਾਸ ਵੱਧੇਰੇ ਹੋਇਆ। ਉਸ ਮਿੱਤਰ ਨੇ ਕਿਹਾ ਕਿ ਤੁਸੀਂ ਮੇਰੀਆਂ ਕਮਜ਼ੋਰੀਆਂ ਦੇਖ ਸਕਦੇ ਹੋ, ਲੇਕਿਨ ਮੈਂ ਅੰਨ੍ਹਾਂ ਹਾਂ। ਨੇਤਾ ਵਿਚ ਅੰਨ੍ਹਾਪਨ ਇਕ ਨਾ ਬਖ਼ਸ਼ਿਆ ਜਾਣ ਵਾਲਾ ਅਪਰਾਧ ਹੁੰਦਾ ਹੈ। ਮੈਂ ਫੌਰਨ ਇਹ ਤਾੜ ਗਿਆ ਕਿ ਘੱਟੋਘੱਟ ਇਸ ਸਮੇਂ ਤਾਂ ਮੈਂ ਇਕੱਲਾ ਹੀ ਕਾਰਜਸ਼ੀਲ ਸਤਿਆਗ੍ਰਹੀ ਰਹਾਂਗਾ।”
ਨੇਤਾ ਦਾ ਅੰਨ੍ਹਾਪਨ ਤੇ ਨਾ ਬਖ਼ਸ਼ਿਆ ਜਾ ਸਕਣ ਵਾਲਾ ਅਪਰਾਧ ਅਸਲ ਵਿਚ ਇਹ ਸੀ ਕਿ ਉਹ ਜਨਤਾ ਦੇ ਅਜਿੱਤ ਸਾਹਸ ਤੇ ਜਾਗਰੂਕਤਾ ਨੂੰ ਸਮਝਣ ਵਿਚ ਅਸਮਰਥ ਰਿਹਾ ਤੇ ਇਹ ਨਹੀਂ ਦੇਖ ਸਕਿਆ ਕਿ ਉਸਦੀਆਂ ਸਾਰੀਆਂ ਵਿਰੋਧੀ ਕੋਸ਼ਿਸ਼ਾਂ ਦੇ ਬਾਵਜੂਦ ਸੰਘਰਸ਼ ਏਨਾ ਲੰਮਾ ਹੋ ਜਾਏਗਾ। ਇਸ ਸਾਹਸ ਤੇ ਜਗਰੁਕਤਾ ਦੇ ਸੰਘਰਸ਼ ਦਾ ਲੰਮਾ ਹੋਣਾ ਹੀ ਤਾਂ ਉਹਨਾਂ ਦੇ ਗੁੱਝੇ-ਸਵਾਰਥਾਂ ਲਈ ਖ਼ਤਰਨਾਕ ਸੀ, ਜਿਹਨਾਂ ਦੀ ਰੱਖਿਆ ਲਈ ਉਹ ਕਾਂਗਰਸ ਦਾ ਨੇਤਾ ਬਣਿਆ ਸੀ।
ਗਾਂਧੀ ਨੇ ਆਪਣੇ ਇਸ ਬਿਆਨ ਵਿਚ ਕਾਂਗਰਸ-ਜਨਾਂ ਨੂੰ ਜਿਹੜਾ ਰਚਨਾਤਮਕ ਕਾਰਜ ਕਰਨ ਦਾ ਸੁਝਾਅ ਦਿੱਤਾ ਸੀ, ਉਹ ਵੀ ਦੇਖ ਲਵੋ...:
“ਉਹਨਾਂ ਨੂੰ ਆਤਮ-ਤਿਆਗ ਤੇ ਸਵੈਇੱਛਾ ਨਾਲ ਗ੍ਰਹਿਣ ਕੀਤੀ ਗਈ ਦਲਿੱਦਰਤਾ ਦੀ ਕਲਾ ਤੇ ਸੁੰਦਰਤਾ ਨੂੰ ਸਮਝਣਾ ਪਏਗਾ; ਉਹਨਾਂ ਨੂੰ ਰਾਸ਼ਟਰੀ ਨਿਰਮਾਣ ਦੇ ਕਾਰਜ ਵਿਚ ਲੱਗ ਜਾਣਾ ਚਾਹੀਦਾ ਹੈ; ਉਹਨਾਂ ਨੂੰ ਆਪਣੇ ਹੱਥੀਂ ਕੱਤ-ਬੁਣ ਕੇ ਖੱਦਰ ਦਾ ਪ੍ਰਚਾਰ ਕਰਨਾ ਚਾਹੀਦਾ ਹੈ; ਉਹਨਾਂ ਨੂੰ ਹਰੇਕ ਖੇਤਰ ਵਿਚ ਇਕ ਦੂਜੇ ਨਾਲ ਨਿਰਦੋਸ਼ ਸੰਪਰਕ ਬਣਾ ਕੇ ਲੋਕਾਂ ਦੇ ਹਿਰਦੇ ਵਿਚ ਸੰਪਰਦਾਇਕ ਏਕਤਾ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਖ਼ੁਦ ਉਦਹਾਰਨ ਬਣ ਕੇ ਛੂਈ-ਛੂਤ ਦੇ ਹਰੇਕ ਭਰਮ ਨੂੰ ਮਿਟਾਉਣਾ ਚਾਹੀਦਾ ਹੈ। ਤੇ ਨਸ਼ਈਆਂ ਨਾਲ ਸੰਪਰਕ ਕਰਕੇ ਤੇ ਆਪਣੇ ਆਚਰਣ ਨੂੰ ਪਵਿੱਤਰ ਰੱਖ ਕੇ ਨਸ਼ੀਲੀਆਂ ਚੀਜਾਂ ਦੇ ਤਿਆਗ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਇਹ ਸੇਵਾਵਾਂ ਹਨ, ਜਿਹਨਾਂ ਦੁਆਰਾ ਗਰੀਬਾਂ ਵਾਂਗ ਗੁਜਾਰਾ ਹੋ ਸਕਦਾ ਹੈ। ਜਿਹੜੇ ਲੋਕ ਗਰੀਬੀ ਵਿਚ ਨਾ ਰਹਿ ਸਕਦੇ ਹੋਣ, ਉਹਨਾਂ ਨੂੰ ਕਿਸੇ ਛੋਟੇ ਮੋਟੇ ਰਾਸ਼ਟਰੀ ਧੰਦੇ ਵਿਚ ਪੈ ਜਾਣਾ ਚਾਹੀਦਾ ਹੈ, ਜਿਸ ਤੋਂ ਤਨਖ਼ਾਹ ਮਿਲ ਜਾਏ।”
ਜਵਾਹਰ ਲਾਲ ਨੂੰ ਇਹ ਸਭ ਕੁਝ ਬੜਾ ਭਿਅੰਕਰ ਤੇ ਬੇਨਿਯਮਤ ਲਗਿਆ, ਉਹਨਾਂ ਦੇ ਆਦਰਸ਼ਾਂ ਨੂੰ ਜਬਰਦਸਤ ਧੱਕਾ ਲੱਗਾ ਤੇ ਅਤੀ ਤੀਬਰ ਪੀੜ ਨਾਲ ਮਹਿਸੂਸ ਕੀਤਾ ਕਿ 'ਇਕ ਬੜਾ ਵੱਡਾ ਅੰਤਰ ਉਹਨਾਂ ਨੂੰ ਗਾਂਧੀ ਨਾਲੋਂ ਵੱਖ ਕਰ ਰਿਹਾ ਹੈ ਤੇ ਭਗਤੀ ਦੀਆਂ ਉਹ ਤੰਦਾਂ ਜਿਹੜੀਆਂ ਏਨੇ ਵਰ੍ਹਿਆਂ ਤੋਂ ਉਹਨਾਂ ਨਾਲ ਵੱਝੀਆਂ ਹੋਈਆਂ ਸਨ, ਟੁੱਟ ਰਹੀਆਂ ਹਨ। ਇਸੇ 'ਤੀਬਰ ਪੀੜ' ਸਦਕਾ ਜਦੋਂ, ਜਵਾਹਰ ਲਾਲ ਵਿਸ਼ੇ ਤੋਂ ਭਟਕ ਜਾਂਦੇ ਹਨ ਤੇ ਦਲਿੱਦਰਤਾ ਨੂੰ ਜੜੋਂ ਮੁੱਢੋਂ ਉਖਾੜ ਦੇਣ ਤੋਂ ਲੈ ਕੇ ਯੂਰਪੀਅਨ ਸਮਾਜਵਾਦੀ ਬਰਨਾਰਡ ਸ਼ਾਹ ਦੇ 'ਸ਼ਿਲਾ ਪਰ' ਨਾਟਕ ਦੀ ਭੂਮਿਕਾ ਤੇ ਫਰਾਈਡ ਦੇ ਆਡੀਪਸ ਕਾਂਪਲੈਕਸ ਤਕ ਦੀ ਚਰਚਾ ਕੁਝ ਇਸ ਢੰਗ ਨਾਲ ਕਰਦੇ ਹਨ ਕਿ ਅਸਾਧਾਰਣ ਬੁੱਧੀ ਨੂੰ ਚੱਕਰ ਵਿਚ ਪਾ ਦੇਣਾ ਹੀ ਇਸ ਚਰਚਾ ਦਾ ਮੰਤਕ ਰਹਿ ਜਾਂਦਾ ਹੈ ਕਿਉਂਕਿ ਇਸ ਚਰਚਾ ਦਾ ਅੰਤ ਵਿਅਕਤੀਗਤ ਢੰਗ ਨਾਲ ਇੰਜ ਕੀਤਾ ਹੁੰਦਾ ਹੈ, “ਖੁਸ਼ਕਿਸਮੀ ਨਾਲ ਮੈਂ ਬੜਾ ਖੁਸ਼ਮਿਜਾਜ਼ ਹਾਂ ਤੇ ਮਾਯੂਸੀ ਦੇ ਹਮਲਿਆਂ ਤੋਂ ਬੜੀ ਛੇਤੀ ਸੰਭਲ ਜਾਂਦਾ ਹਾਂ। ਇਸ ਲਈ ਮੈਂ ਆਪਣੇ ਦੁੱਖ ਨੂੰ ਭੁੱਲ ਜਾਣ ਲੱਗਾ। ਇਸ ਪਿੱਛੋਂ ਜੇਲ੍ਹ ਵਿਚ ਕਮਲਾ ਨਾਲ ਮੇਰੀ ਮੁਲਾਕਾਤ ਹੋਈ। ਉਸ ਨਾਲ ਮੈਨੂੰ ਹੋਰ ਵੀ ਖੁਸ਼ੀ ਹੋਈ ਤੇ ਮੇਰੇ ਇਕੱਲੇਪਨ ਦੀ ਭਾਵਨਾ ਦੂਰ ਹੋ ਗਈ। ਮੈਂ ਮਹਿਸੂਸ ਕੀਤਾ ਕਿ ਕੁਛ ਵੀ ਕਿਉਂ ਨਾ ਹੋਏ ਅਸੀਂ ਇਕ ਦੂਸਰੇ ਦੇ ਜੀਵਨ ਸਾਥੀ ਤਾਂ ਹਾਂ ਹੀ।” (ਮੇਰੀ ਕਹਾਣੀ)
ਕੋਈ ਚਾਰ ਮਹੀਨੇ ਬਾਅਦ ਕਮਲਾ ਦੀ ਬਿਮਾਰੀ ਕਾਰਣ ਜਵਾਹਰ ਲਾਲ ਨੂੰ ਜੇਲ੍ਹ ਵਿਚੋਂ ਗਿਆਰਾਂ ਦਿਨਾਂ ਦੀ ਛੁੱਟੀ ਮਿਲੀ। ਉਦੋਂ ਉਹਨਾਂ ਗਾਂਧੀ ਦੇ ਨਾਂ ਇਕ ਲੰਮਾ ਖ਼ਤ ਲਿਖਿਆ। ਉਸ ਵਿਚ ਕੋਈ ਖ਼ਾਸ ਗੱਲ ਨਹੀਂ ਹੈ। ਉਹਨਾਂ ਦੇ ਖ਼ਤ ਦੇ ਜਵਾਬ ਵਿਚ 17 ਅਗਸਤ ਨੂੰ ਗਾਂਧੀ ਨੇ ਜਿਹੜਾ ਪੱਤਰ ਲਿਖਿਆ, ਉਸਦੇ ਇਹ ਸ਼ਬਦ ਧਿਆਨ ਦੇਣ ਯੋਗ ਹਨ...:
“ਮੈਂ ਤੈਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਤੂੰ ਮੇਰੇ ਅੰਦਰ ਆਪਣਾ ਸਾਥੀ ਗੁਆਇਆ ਨਹੀਂ। ਮੈਂ ਉਹੀ ਹਾਂ ਜਿਹਾ ਤੂੰ ਮੈਨੂੰ 1917 ਵਿਚ ਤੇ ਉਸ ਤੋਂ ਪਿੱਛੋਂ ਦੇਖਦਾ ਰਿਹਾ ਹੈਂ। ਤੇ ਜਿਹਨਾਂ ਮਤਿਆਂ ਕਾਰਣ ਤੈਨੂੰ ਤਕਲੀਫ਼ ਹੋਈ ਹੈ, ਉਹਨਾਂ ਲਈ ਤੇ ਉਹਨਾਂ ਦੀ ਸਾਰੀ ਕਲਪਨਾ ਲਈ ਪੂਰੀ ਜ਼ਿੰਮੇਵਾਰੀ ਮੇਰੀ ਹੈ। ਤੇ ਮੇਰਾ ਵਿਚਾਰ ਹੈ ਕਿ ਮੈਨੂੰ ਸਮੇਂ ਦੀ ਲੋੜ ਪਛਾਣ ਲੈਣ ਦੀ ਅਟਕਲ ਆਉਦੀ ਹੈ।”
ਇੱਥੇ ਗਾਂਧੀ ਨੇ ਅਗਿਆਤ-ਤੱਤ ਦੀ ਗੱਲ ਨਹੀਂ ਕੀਤੀ। 'ਸਮੇਂ ਦੀ ਲੋੜ' ਨੂੰ ਪਛਾਣਨ ਦੀ ਸਿੱਧੀ ਸਾਦੀ ਗੱਲ ਕਹੀ ਹੈ ਤੇ ਇਸ ਨਾਲ ਜਵਾਹਰ ਲਾਲ ਦੀ ਤੱਸਲੀ ਹੋ ਗਈ—ਜਿਵੇਂ ਅਕਸਰ ਪਹਿਲਾਂ ਹੋ ਜਾਂਦੀ ਹੁੰਦੀ ਸੀ। ਚਿਹਰੇ ਭਾਵੇਂ ਅਲਗ ਅਲਗ ਸਨ ਪਰ ਦੋਵਾਂ ਦਾ ਮੰਸ਼ਾ ਇਕੋ ਹੀ ਸੀ।
ਪਰ ਗਾਂਧੀ ਦੀ ਇਸ ਸਮਝੌਤੇਬਾਜੀ ਤੇ ਆਤਮ ਸਮਰਪਨ ਦੀ ਨੀਤੀ ਕਾਰਣ ਬਹੁਤ ਸਾਰੇ ਲੋਕਾਂ ਦੇ ਭਰਮ ਟੁੱਟ ਗਏ ਸਨ। ਵਿਸ਼ੇਸ਼ ਕਰਕੇ ਉਹਨਾਂ ਨੌਜਵਾਨਾਂ ਦੇ, ਜਿਹੜੇ ਬੜੇ ਜੋਸ਼ ਤੇ ਉਤਸਾਹ ਨਾਲ ਤਨ-ਮਨ ਨਾਲ ਅੰਦੋਲਨ ਵਿਚ ਕੁੱਦ ਪਏ ਸਨ। ਗਾਂਧੀਵਾਦ ਤੇ ਅਹਿੰਸਾ ਤੋਂ ਉਹਨਾਂ ਦਾ ਵਿਸ਼ਵਾਸ ਮੁੱਕ ਗਿਆ ਸੀ। ਨੌਜਵਾਨਾਂ ਦੇ ਚਿੰਤਨ ਵਿਚ ਜਿਹੜਾ ਫਰਕ ਆਇਆ ਉਸਨੂੰ ਸਾਡੇ ਲੋਕ ਪੱਖੀ ਲੇਖਕ ਪ੍ਰੇਮ ਚੰਦ ਨੇ, ਜਿਹੜੇ ਪਹਿਲਾਂ ਆਪ ਵੀ ਗਾਂਧੀਵਾਦੀ ਸਨ, ਆਪਣੀ 'ਭਾੜੇ ਦੇ ਟੱਟੂ' ਕਹਾਣੀ ਵਿਚ ਇੰਜ ਉਘਾੜਿਆ ਹੈ...:
“ਰਮੇਸ਼ ਜੇਲ੍ਹ ਵਿਚੋਂ ਛੁੱਟ ਕੇ ਪੱਕਾ ਕਰਾਂਤੀਕਾਰੀ ਬਣ ਗਿਆ ਸੀ। ਜੇਲ੍ਹ ਦੀ ਹਨੇਰੀ ਕੋਠੜੀ ਵਿਚ ਸਾਰੇ ਦਿਨ ਦੀ ਕਰੜੀ ਮਿਹਨਤ ਪਿੱਛੋਂ ਉਹ ਦੁਨੀਆਂ ਦੇ ਭਲੇ ਤੇ ਸੁਧਾਰ ਦੀਆਂ ਵਿਉਂਤਾਂ ਬਣਾਉਂਦਾ ਰਹਿੰਦਾ ਸੀ। ਸੋਚਦਾ, ਮਨੁੱਖ ਕਿਉਂ ਪਾਪ ਕਰਦਾ ਹੈ? ਇਸ ਲਈ ਨਾ ਕਿ ਸੰਸਾਰ ਵਿਚ ਏਨਾ ਭੇਦਭਾਵ ਹੈ; ਕੋਈ ਤਾਂ ਮਹਿਲਾਂ ਅਟਾਰੀਆਂ ਵਿਚ ਰਹਿੰਦਾ ਹੈ—ਤੇ ਕਿਸੇ ਨੂੰ ਰੁੱਖ਼ ਦੀ ਛਾਂ ਵੀ ਨਸੀਬ ਨਹੀਂ। ਕੋਈ ਰੇਸ਼ਮ ਤੇ ਰਤਨਾਂ ਨਾਲ ਮੜ੍ਹਿਆ ਹੋਇਆ ਹੈ, ਕਿਸੇ ਲਈ ਲੱਥੜ ਵੀ ਨਹੀਂ। ਅਜਿਹੇ ਨਿਆਂ ਹੀਣੇ ਸੰਸਾਰ ਵਿਚ ਜੇ ਚੋਰੀ, ਹੱਤਿਆ ਤੇ ਡਾਕਾ ਅਧਰਮ ਹੈ, ਤਾਂ ਇਹ ਕਿਸ ਦਾ ਦੋਸ਼ ਹੈ? ਉਹ ਇਕ ਅਜਿਹੀ ਸਭਾ ਬਣਾਉਣ ਦਾ ਸੁਪਨਾ ਦੇਖਣ ਲੱਗਦਾ, ਜਿਸ ਦਾ ਕੰਮ ਸੰਸਾਰ ਦੇ ਇਸ ਪਾੜੇ ਨੂੰ ਮਿਟਾਅ ਦੇਣਾ ਹੋਵੇ। ਸੰਸਾਰ ਸਾਰਿਆਂ ਲਈ ਹੈ ਤੇ ਇਸ ਵਿਚ ਸੁਖ ਭੋਗਣ ਦਾ ਸਭ ਨੂੰ ਬਰਾਬਰ ਦਾ ਅਧਿਕਾਰ ਹੈ। ਨਾ ਡਾਕਾ, ਡਾਕਾ ਹੈ; ਨਾ ਚੋਰੀ, ਚੋਰੀ ਹੈ। ਸ਼ਾਹੁਕਾਰ ਜੇ ਆਪਣਾ ਧਨ ਖੁਸ਼ੀ ਨਾਲ ਨਹੀਂ ਵੰਡ ਦਿੰਦੇ ਤਾਂ ਉਹਨਾਂ ਦੀ ਇੱਛਾ ਦੇ ਵਿਰੁੱਧ ਵੰਡ ਲੈਣ ਵਿਚ ਕੀ ਪਾਪ ਹੈ? ਸ਼ਾਹ ਉਸਨੂੰ ਪਾਪ ਕਹਿੰਦਾ ਹੈ ਤਾਂ ਕਹੇ। ਉਹਨਾਂ ਦਾ ਬਣਾਇਆ ਹੋਇਆ ਕਾਨੂੰਨ ਜੇ ਸਜ਼ਾ ਦੇਣਾ ਚਾਹੁੰਦਾ ਹੈ ਤਾਂ ਦੇਵੇ। ਸਾਡੀ ਅਦਾਲਤ ਵੀ ਅਸਲੀ ਹੋਵੇਗੀ। ਉਸ ਸਾਹਮਣੇ ਉਹ ਸਾਰੇ ਬੰਦੇ ਅਪਰਾਧੀ ਹੋਣਗੇ, ਜਿਹਨਾਂ ਕੋਲ ਲੋੜ ਨਾਲੋਂ ਵਧ ਸੁਖਭੋਗ ਸਮਗਰੀ ਹੈ। ਜੇਲ੍ਹ ਵਿਚੋਂ ਨਿਕਦਿਆਂ ਹੀ ਉਸਨੇ ਇਸ ਸਮਾਜਿਕ ਕਰਾਂਤੀ ਦਾ ਐਲਾਨ ਕਰ ਦਿੱਤਾ। ਗੁਪਤ ਸਭਾਵਾਂ ਬਣਨ ਲੱਗੀਆਂ, ਹਥਿਆਰ ਇਕੱਠੇ ਕੀਤੇ ਜਾਣ ਲੱਗ ਪਏ।”
ਪ੍ਰੇਮਚੰਦ ਨੂੰ, ਜਿਹੜੇ ਇਸ ਤੋਂ ਪਹਿਲਾਂ ਪੱਕੇ ਗਾਂਧੀ-ਭਗਤ ਸਨ, ਹੁਣ ਕਾਂਗਰਸੀ ਲੀਡਰਾਂ ਦੀ ਨੀਤੀ ਦੀ ਤਹਿ ਵਿਚ ਸੌਦੇਬਾਜੀ ਸਾਫ ਨਜ਼ਰ ਆਉਣ ਲੱਗ ਪਈ ਸੀ—ਤੇ ਉਹਨਾਂ ਨੂੰ ਇਹ ਗੱਲ ਜਚਣ ਲੱਗ ਪਈ ਸੀ ਕਿ ਇਹਨਾਂ ਲੋਕਾਂ ਰਾਹੀਂ ਜਿਹੜੀ ਆਜ਼ਾਦੀ ਆਵੇਗੀ, ਉਸ ਵਿਚ ਵੀ ਲੁੱਟ-ਖਸੁੱਟ ਇਵੇਂ ਹੀ ਬਣੀ ਰਹੇਗੀ। ਉਹਨਾਂ ਦੀ 'ਆਹੁਤੀ' ਕਹਾਣੀ ਦੀ ਨਾਇਕਾ ਰੂਪਮਣੀ ਇਸ ਸ਼ੱਕ ਨੂੰ ਇੰਜ ਜ਼ਾਹਿਰ ਕਰਦੀ ਹੈ...:
“ਜੇ ਆਜ਼ਾਦੀ ਆਉਣ ਪਿੱਛੋਂ ਵੀ ਸੰਪਤੀ ਉੱਤੇ ਇਹੀ ਕਬਜਾ ਰਹੇ ਤੇ ਪੜ੍ਹਿਆ-ਲਿਖਿਆ ਸਮਾਜ ਇਵੇਂ ਹੀ ਸਵਾਰਥੀ ਬਣਿਆ ਰਹੇ, ਤਾਂ ਮੈਂ ਕਹਾਂਗੀ ਕਿ ਅਜਿਹੀ ਆਜ਼ਾਦੀ ਦਾ ਨਾ ਆਉਣ ਹੀ ਚੰਗਾ ਹੈ। ਅੰਗਰੇਜ਼ ਮਹਾਜਨਾਂ ਦੀ ਧਨ-ਲਾਲਸਾ ਤੇ ਪੜ੍ਹੇ-ਲਿਖਿਆਂ ਦਾ ਨਿੱਜੀ ਹਿਤ ਹੀ ਅੱਜ ਸਾਨੂੰ ਪੀਸ ਰਿਹਾ ਹੈ। ਜਿਹਨਾਂ ਬੁਰੀਆਂ ਨੂੰ ਦੂਰ ਕਰਨ ਲਈ ਅੱਜ ਅਸੀਂ ਜਾਨ ਹਥੇਲੀ ਉੱਤੇ ਲਈ ਫਿਰਦੇ ਹਾਂ, ਉਹਨਾਂ ਬੁਰਾਈਆਂ ਨੂੰ ਕੀ ਪਰਜਾ ਇਸ ਲਈ ਸਿਰਾਂ ਉੱਤੇ ਢੋਏਗੀ ਕਿ ਉਹ ਵਿਦੇਸ਼ੀ ਨਹੀਂ ਸਵਦੇਸ਼ੀ ਨੇ। ਘੱਟੋਘੱਟ ਮੇਰੇ ਲਈ ਤਾਂ ਆਜ਼ਾਦੀ ਜਾਂ ਸਵਰਾਜ ਦੇ ਇਹ ਅਰਥ ਨਹੀਂ ਕਿ ਜਾਨ ਦੀ ਥਾਂ ਗੋਵਿੰਦ ਬੈਠ ਜਾਵੇ।”
ਇਹ ਭਵਿੱਖਬਾਣੀ ਸੀ ਜਿਹੜੀ ਸੰਘਰਸ਼-ਜਾਈ ਨਵੀਂ-ਚੇਤਨਾ ਦੀ ਦੇਣ ਸੀ। ਇਸ ਲਈ ਗਾਂਧੀ ਸੰਘਰਸ਼ ਦੇ ਲੰਮੇ ਹੋਣ ਤੋਂ ਘਬਰਾਉਂਦਾ ਸੀ, ਇਸੇ ਲਈ ਕਿਸੇ ਨਾ ਕਿਸੇ ਬਹਾਨੇ ਉਸਨੂੰ ਤੁਰੰਤ ਬੰਦ ਕਰ ਦੇਂਦਾ ਸੀ ਤੇ ਇਸ ਲਈ ਆਜ਼ਾਦੀ ਦੀ ਵਿਆਖਿਆ, ਪੂਰਨ-ਸਵਰਾਜ ਜਾਂ ਮੁਕੰਮਲ-ਆਜ਼ਾਦੀ, ਕਰ ਦੇਣਾ ਉਸ ਲਈ ਅਸਹਿ ਸੀ ਕਿਉਂਕਿ ਉਹ ਮਨੁੱਖ ਦੇ ਚਿੰਤਨ ਨੂੰ ਅਸਪਸ਼ਟ ਤੇ ਸੀਮਿਤ ਰੱਖਣਾ ਚਾਹੁੰਦਾ ਸੀ, ਜਾਣ-ਬੁੱਝ ਦੇ ਅੱਗੇ ਦੀ ਗੱਲ ਸੋਚਣ ਦੀ ਮਨਾਹੀ ਕਰਦਾ ਸੀ। ਲੋਕ ਸਮਾਜਵਾਦ ਬਾਰੇ ਸੋਚਣ ਇਹ ਵੀ ਉਸ ਤੋਂ ਸਹਿ ਨਹੀਂ ਸੀ ਹੁੰਦਾ। 30 ਜੁਲਾਈ 1936 ਵਿਚ ਜਵਾਹਰ ਲਾਲ ਦੇ ਨਾਂ ਆਪਣੇ ਇਕ ਪੱਤਰ ਵਿਚ ਲਿਖਿਆ ਹੈ...:
“ਮੈਂ ਇੱਥੇ ਸਮਾਜਵਾਦ ਦੀ ਚਰਚਾ ਨਹੀਂ ਕਰਾਂਗਾ। ਜਿਵੇਂ ਹੀ ਮੈਂ ਆਪਣੀ ਟਿੱਪਣੀ ਨੂੰ ਦੁਬਾਰਾ ਦੇਖ ਕੇ ਖਤਮ ਕਰ ਲਵਾਂਗਾ, ਤੇਰੇ ਕੋਲ ਉਸਦਾ ਖਰੜਾ ਪਹੁੰਚ ਜਾਏਗਾ ਤੇ ਬਾਅਦ ਵਿਚ ਅਖ਼ਬਾਰਾਂ ਨੂੰ ਭੇਜਿਆ ਜਾਏਗਾ। ਮੇਰੀ ਕਠਿਨਾਈ ਦੂਰ ਖਲੋਤਾ ਭਵਿੱਖ ਨਹੀਂ, ਮੈਂ ਸਦਾ ਵਰਤਮਾਨ ਉਪਰ ਹੀ ਪੂਰਾ ਧਿਆਨ ਲਾ ਸਕਦਾ ਹਾਂ ਤੇ ਉਸੇ ਦੀ ਮੈਨੂੰ ਕਦੀ-ਕਦੀ ਚਿੰਤਾ ਹੁੰਦੀ ਹੈ। ਜੇ ਵਰਤਮਾਨ ਨੂੰ ਸੰਭਾਲ ਲਿਆ ਜਾਏ ਤਾਂ ਭਵਿੱਖ ਆਪਣੇ ਆਪ ਸੰਭਲ ਜਾਏਗਾ। ਪਰ ਮੈਨੂੰ ਅੱਗੇ ਦੀ ਗੱਲ ਨਹੀਂ ਸੋਚਣੀ ਚਾਹੀਦੀ।”
ਪਰ ਉਹ 'ਅੱਗੇ ਦੀ ਗੱਲ' ਸੋਚਦਾ ਵੀ ਸੀ ਤੇ ਪੂਰੀ ਤਰ੍ਹਾਂ ਘੋਖਦਾ ਵੀ ਸੀ। ਇਹ ਦੇਖ ਕੇ ਕਿ ਸਮਾਜਵਾਦੀ ਗਰੁੱਪ ਆਪਣੀ ਗਿਣਤੀ ਤੇ ਪ੍ਰਭਾਵ ਦੋਵਾਂ ਵਿਚ ਹੀ ਵਧ ਰਹੇ ਹਨ, ਉਹ ਸਤੰਬਰ 1934 ਵਿਚ ਕਾਂਗਰਸ ਤੋਂ 'ਅਲਗ' ਹੋ ਗਿਆ ਤੇ ਵਿਉਂਤ-ਬੱਧ ਤਰੀਕੇ ਨਾਲ ਅਗਵਾਈ ਦੀ ਬਾਗ਼ਡੋਰ ਜਵਾਹਰ ਲਾਲ ਦੇ ਹੱਥ ਸੌਂਪ ਦਿੱਤੀ ਕਿਉਂਕਿ ਪ੍ਰਸਥਿਤੀਆਂ ਨੂੰ ਜਵਾਹਰ ਲਾਲ ਰਾਹੀਂ ਹੀ ਸੰਭਾਲਿਆ ਜਾ ਸਕਦਾ ਸੀ।
ਜਵਾਹਰ ਲਾਲ ਨੇ 'ਮੇਰੀ ਕਹਾਣੀ' ਤੇ 'ਵਿਸ਼ਵ ਇਤਿਹਾਸ ਕੀ ਝਲਕ' ਲਿਖ ਕੇ ਜਨਤਾ ਵਿਚ ਇਹ ਪ੍ਰਭਾਵ ਪੈਦਾ ਕੀਤਾ ਸੀ ਕਿ ਉਹ ਪੱਕਾ ਸਮਾਜਵਾਦੀ ਹੈ ਤੇ ਉਸਦਾ ਦ੍ਰਿਸ਼ਟੀਕੋਣ ਗਾਂਧੀ ਦੇ ਦ੍ਰਿਸ਼ਟੀਕੋਣ ਨਾਲੋਂ ਬੜਾ ਵੱਖਰਾ ਹੈ। ਇਸ ਦੇ ਇਲਾਵਾ ਜਦੋਂ ਉਹ 1933 ਵਿਚ ਰਿਹਾਅ ਹੋ ਕੇ ਪੰਜ ਸਾਢੇ ਪੰਜ ਮਹੀਨੇ ਜੇਲ੍ਹ ਵਿਚੋਂ ਬਾਹਰ ਰਹੇ (ਹਾਲਾਂਕਿ ਸੰਘਰਸ਼ ਦੇ ਦਿਨਾਂ ਵਿਚ ਨੇਤਾਵਾਂ ਦਾ ਜੇਲ੍ਹ ਵਿਚੋਂ ਬਾਹਰ ਰਹਿਣਾ ਹੈਰਾਨੀ ਦੀ ਗੱਲ ਹੈ।) ਉਹਨਾਂ ਆਪਣੇ ਭਾਸ਼ਣਾ ਰਾਹੀਂ ਤੇ ਅਖ਼ਬਾਰਾਂ ਵਿਚ ਲੇਖ ਤੇ ਭਾਸ਼ਣ ਛਪਵਾ ਕੇ ਸਮਾਜਵਾਦੀ ਵਿਚਾਰਾਂ ਦਾ ਖ਼ੂਬ ਪ੍ਰਚਾਰ ਕੀਤਾ ਸੀ। ਇਹਨੀਂ ਦਿਨੀ ਗਾਂਧੀ ਨੇ 'ਮਦਰਾਸ ਮੇਲ' ਵਿਚ ਆਪਣਾ ਇਕ ਇੰਟਰਵਿਊ ਛਪਵਾਇਆ, ਜਿਸ ਵਿਚ ਜਵਾਹਰ ਲਾਲ ਦੇ ਕਾਰਜ ਕੰਮਾਂ ਉੱਤੇ ਕੁਝ ਦੁੱਖ ਪ੍ਰਗਟ ਕਰਦਿਆਂ, ਉਸਦੇ ਸੁਧਰ ਜਾਣ ਦੀ ਪੱਕੀ ਆਸ ਪ੍ਰਗਟ ਕੀਤੀ ਸੀ। ਇਸੇ ਇੰਟਰਵਿਊ ਵਿਚ ਉਹਨਾਂ ਜ਼ਿਮੀਂਦਾਰੀਆਂ ਤੇ ਤਾਅਲੁਕੇਦਾਰੀਆਂ ਨੂੰ ਰਾਸ਼ਟਰੀ ਵਿਵਸਥਾ ਦਾ ਜ਼ਰੂਰੀ ਅੰਗ ਦਸ ਕੇ ਗੁੱਝੇ-ਸਵਾਰਥਾਂ ਦੀ ਵਕਾਲਤ ਕੀਤੀ ਸੀ। ਇਸ ਉੱਤੇ ਟਿੱਪਣੀ ਕਰਦਿਆਂ ਹੋਇਆਂ ਜਵਾਹਰ ਲਾਲ ਨੇ ਲਿਖਿਆ ਹੈ, “ਭਵਿੱਖ ਵਿਚ ਮੈਂ ਉਹਨਾਂ ਨਾਲ ਕਿੱਥੋਂ ਤਾਈਂ ਸਹਿਯੋਗ ਕਰ ਸਕਾਂਗਾ।” ਯਾਨੀ ਇਸ ਤਰ੍ਹਾਂ ਦੇ ਭਰਮ ਪੈਦਾ ਕਰਕੇ ਜਵਾਹਰ ਲਾਲ ਨੇ ਨਵੀਂ ਚੇਤਨਾ ਦੀ ਅਗਵਾਈ ਹਥਿਆ ਲਈ ਤੇ ਇਸ ਗੱਲ ਨੂੰ ਗਾਂਧੀ ਹੀ ਨਹੀਂ ਉਸਦੇ ਹੋਰ ਅਨੁਯਾਯੀ, ਦੂਜੇ ਕਾਂਗਰਸੀ ਨੇਤਾ ਵੀ, ਚੰਗੀ ਤਰ੍ਹਾਂ ਸਮਝਦੇ ਸਨ।
ਇਸ ਵਾਰੀ ਜਵਾਹਰ ਲਾਲ 4 ਸਤੰਬਰ 1935 ਨੂੰ ਜੇਲ੍ਹ 'ਚੋਂ ਰਿਹਾਅ ਹੋਏ ਤੇ ਤੁਰੰਤ ਹਵਾਈ ਜਹਾਜ਼ ਰਾਹੀਂ ਜਰਮਨੀ ਚਲੇ ਗਏ ਕਿਉਂਕਿ ਉੱਥੇ ਬ੍ਰੇਡੇਨਵਾਇਲਰ ਦੇ ਸਿਹਤ ਕੇਂਦਰ ਵਿਚ ਕਮਲਾ ਦੀ ਹਾਲਤ ਨਾਜ਼ੁਕ ਹੋ ਗਈ ਸੀ। ਉੱਥੋਂ ਉਹ ਪਤਨੀ ਨੂੰ ਸਵਿਟਜ਼ਰਲੈਂਡ ਲੈ ਆਏ, ਸਿਹਤ ਵਿਚ ਪਹਿਲਾਂ ਕੁਝ ਸੁਧਾਰ ਹੋਇਆ ਪਰ ਆਖ਼ਰ ਉੱਥੇ ਹੀ 28 ਫਰਬਰੀ 1936 ਨੂੰ ਕਮਲਾ ਦਾ ਦੇਹਾਂਤ ਹੋ ਗਿਆ।
ਇਸ ਦੌਰਾਨ ਵੀ ਜਵਾਹਰ ਲਾਲ ਨਹਿਰੂ ਨੇ ਕਾਂਗਰਸ ਨੇਤਾਵਾਂ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ। 19 ਦਸੰਬਰ 1935 ਨੂੰ ਰਾਜੇਂਦਰ ਪ੍ਰਸਾਦ ਨੇ ਉਹਨਾਂ ਨੂੰ ਆਪਣੇ ਪੱਤਰ ਵਿਚ ਲਿਖਿਆ ਸੀ...:
“ਆਸਾਰ ਅਜਿਹੇ ਨਜ਼ਰ ਆ ਰਹੇ ਹਨ ਕਿ ਅਗਲੀ ਕਾਂਗਰਸ ਦੇ ਪ੍ਰਧਾਨ ਵੀ ਤੁਸੀਂ ਹੀ ਚੁਣੇ ਜਾਓਗੇ। ਮੈਨੂੰ ਪਤਾ ਹੈ ਕਿ ਤੁਹਾਡੇ ਤੇ ਵੱਲਭ ਭਾਈ, ਜਮਨਾਲਾਲਜੀ ਤੇ ਮੇਰੇ ਵਰਗੇ ਆਦਮੀਆਂ ਦੇ ਦ੍ਰਿਸ਼ਟੀਕੋਣ ਵਿਚ ਕੁਝ ਅੰਦਰ ਹੈ। ਅੰਤਰ ਬੁਨਿਆਦੀ ਢੰਗ ਦਾ ਹੈ। ਮੈਂ ਸਮਝਦਾ ਹਾਂ ਕਿ ਇਹ ਅੰਤਰ ਵਰ੍ਹਿਆਂ ਦਾ ਹੈ ਤੇ ਫੇਰ ਵੀ ਅਸੀਂ ਲੋਕ ਨਾਲੋ ਨਾਲ ਕੰਮ ਕਰ ਸਕਦੇ ਹਾਂ। ਹੁਣ ਜਦਕਿ ਬਾਪੂ ਇਕ ਤਰ੍ਹਾਂ ਅਲਗ ਹੋ ਗਏ ਹਨ ਤੇ ਪੁੱਛਣ ਉਪਰ ਹੀ ਸਲਾਹ ਦਿੰਦੇ ਹਨ, ਇਹ ਸੰਭਵ ਹੈ ਕਿ ਇਹ ਅੰਤਰ ਕੁਝ ਹੋਰ ਉੱਘੜ ਆਏ। ਪਰ ਮੈਨੂੰ ਵਿਸ਼ਵਾਸ ਹੈ ਕਿ ਜਦ ਤਕ ਸਾਡੇ ਕਾਰਜਾਂ ਤੇ ਕੰਮ ਦੇ ਤਰੀਕੇ ਵਿਚ ਕਰਾਂਤੀਕਾਰੀ ਪ੍ਰੀਵਰਤਨ ਨਹੀਂ ਹੁੰਦਾ ਤਦ ਤਕ ਇਹ ਸੰਭਵ ਰਹੇਗਾ ਕਿ ਅਸੀਂ ਸਾਰੇ ਮਿਲ ਕੇ ਇਕੱਠੇ ਕੰਮ ਕਰਦੇ ਰਹੀਏ।” ਫੇਰ ਵਰਤਮਾਨ ਸਥਿਤੀ ਤੇ ਮੁਸ਼ਕਿਲਾਂ ਦਾ ਜ਼ਿਕਰ ਕਰਦਿਆਂ ਲਿਖਿਆ ਹੈ, “ਸੰਘਰਸ਼ ਵਿਚ ਸਾਨੂੰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਤੇ ਸਾਨੂੰ ਚਾਹੇ ਕਿੰਨਾਂ ਹੀ ਰੋਸਾ ਤੇ ਚਿੜਚਿੜਾਹਟ ਹੋਏ, ਕੌੜੇ ਘੁੱਟ ਪੀਣੇ ਹੀ ਪੈਂਦੇ ਹਨ-ਤੇ ਅਨੁਕੂਲ ਸਮਾਂ ਆਉਣ ਤਕ ਕੰਮ ਕਰਦੇ ਰਹਿਣਾ ਪੈਂਦਾ ਹੈ। ਅਜਿਹੇ ਸੰਕਟਾਂ ਵਿਚੋਂ, ਇਕ ਵਿਚੋਂ, ਅਸੀਂ ਲੰਘ ਰਹੇ ਹਾਂ।”
ਅਪ੍ਰੈਲ 1936 ਵਿਚ ਕਾਂਗਰਸ ਦਾ ਇਜਲਾਸ ਲਖ਼ਨਊ ਵਿਚ ਹੋਇਆ। 'ਸੰਕਟ ਨੂੰ ਟਾਲਨ' ਤੇ 'ਅਨੁਕੂਲ ਸਮਾਂ' ਲਿਆਉਣ ਲਈ ਜਵਾਹਰ ਲਾਲ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ। ਜਵਾਹਰ ਲਾਲ ਨੇ ਆਪਣੇ ਭਾਸ਼ਣ ਵਿਚ ਸਮਾਜਵਾਦ ਦੀ ਤੇ ਪਾੜੇ ਮਿਟਾਉਣ ਦੀ ਗੱਲ ਬੜਾ ਜ਼ੋਰ ਦੇ ਕੇ ਆਖੀ ਤੇ ਵਰਤਮਾਨ ਸਥਿਤੀ ਦੀ ਖੁੱਲ੍ਹ ਕੇ ਅਲੋਚਨਾ ਕੀਤੀ—ਤੇ ਕਾਂਗਰਸ ਦੀਆਂ ਕਮਜ਼ੋਰੀਆਂ ਗਿਣਾਉਂਦਿਆਂ ਹੋਇਆਂ ਮੰਨਿਆਂ ਕਿ 'ਅਸੀਂ ਕਾਫੀ ਹੱਦ ਤਕ ਜਨਤਾ ਨਾਲੋਂ ਟੁੱਟ ਚੁੱਕੇ ਹਾਂ।'
ਇਹ ਇਕ ਹਕੀਕਤ ਸੀ ਤੇ ਅੰਦੋਲਨ ਨਾਲ ਗਾਂਧੀ ਦੀ ਲੁਕਣ-ਮੀਟੀ ਦਾ ਸਿੱਟਾ ਵੀ। ਪਰ ਇਸ ਭਾਸ਼ਣ ਨਾਲ ਲੋਕਾਂ ਵਿਚ ਜਵਾਹਰ ਲਾਲ ਦੀ ਪੜਤ ਖਾਸੀ ਵਧ ਗਈ ਸੀ।
1935 ਦੇ ਨਵੇਂ ਵਿਧਾਨ ਅਨੁਸਾਰ, ਜਿਹੜੀ ਚੋਣ ਲੜੀ ਜਾਣੀ ਸੀ, ਲਖ਼ਨਊ ਇਜਲਾਸ ਵਿਚ ਕਾਂਗਰਸ ਨੇ ਉਸ ਵਿਚ ਹਿੱਸਾ ਲੈਣ ਦਾ ਫੈਸਲਾ ਕਰ ਲਿਆ ਤੇ ਚੋਣ ਐਲਾਨ ਨਾਮੇ ਵਿਚ ਕਿਹਾ ਗਿਆ ਕਿ, 'ਇਸ ਵਿਧਾਨ ਨਾਲ ਕਿਸੇ ਕਿਸਮ ਦਾ ਸਹਿਯੋਗ ਦੇਸ਼ ਦੇ ਸਵਾਧੀਨਤਾ-ਸੰਗਰਾਮ ਨਾਲ ਗੱਦਾਰੀ ਤੇ ਬ੍ਰਿਟਿਸ਼ ਸਾਮਰਾਜ ਦੇ ਸ਼ਿਕੰਜੇ ਨੂੰ ਮਜ਼ਬੂਤ ਕਰਨਾ ਹੈ ਤੇ ਭਾਰਤੀ ਜਨਤਾ ਦੇ ਸ਼ੋਸ਼ਣ ਨੂੰ, ਜਿਹੜੀ ਸਾਮਰਾਜ ਦੀ ਗ਼ੁਲਾਮੀ ਤੋਂ ਪਹਿਲਾਂ ਹੀ ਅਤੀ ਦਲਿੱਦਰਤਾ ਦਾ ਜੀਵਨ ਬਿਤਾਅ ਰਹੀ ਹੈ, ਹੋਰ ਵਧਾਉਣਾ ਹੈ।'
ਜਵਾਹਰ ਲਾਲ ਦੇ ਪ੍ਰਧਾਨ ਬਣਨ ਤੇ ਇਹ ਸਾਰੀਆਂ ਗੱਲਾਂ ਕਹਿਣ ਦੇ ਬਾਵਜੂਦ, ਜਿਹੜੀ ਕਾਰਜ ਕਮੇਟੀ ਬਣਾਈ ਗਈ, ਉਸ ਬਾਰੇ ਰਫ਼ੀ ਅਹਿਮਦ ਕਿਦਵਾਈ ਦੀ ਰਾਏ ਦੋਖੋ। ਉਹਨਾਂ 20 ਅਪ੍ਰੈਲ ਨੂੰ ਜਵਾਹਰ ਲਾਲ ਦੇ ਨਾਂ ਇਹ ਖ਼ਤ ਲਿਖਿਆ...:
“ਪਿਆਰੇ ਜਵਾਹਰ ਲਾਲ ਜੀ
ਪਿੱਛਲੇ ਕੁਝ ਦਿਨ ਮੈਂ ਬੜੀ ਤਕਲੀਫ਼ ਵਿਚ ਕੱਟੇ। ਜ਼ਾਹਿਰਾ (ਪਰਤੱਖ) ਤੌਰ 'ਤੇ ਤੁਸੀਂ ਹੀ ਸਿਰਫ ਸਾਡੀ ਇਕ ਉਮੀਦ ਸੌ, ਲੇਕਿਨ ਕੀ ਤੁਸੀਂ ਵੀ ਖ਼ਿਆਲੀ ਸਿੱਧ ਹੋਣ ਵਾਲੇ ਹੋ? ਤੁਸੀਂ ਗਾਂਧੀਵਾਦ ਦੇ ਅਸਰ ਦਾ ਤੇ ਉਸ ਨਾਲ ਮਿਲਦੀ ਜੁਲਦੀ ਮੁਖਾਲਫ਼ਤ ਦਾ ਕਿੱਥੋਂ ਤਕ ਮੁਕਾਬਲਾ ਕਰ ਸਕੋਗੇ, ਇਸ ਵਿਚ ਕੁਝ ਲੋਕਾਂ ਦੇ ਆਪੋ ਆਪਣੇ ਸ਼ੱਕ ਹਨ।
ਤੁਹਾਨੂੰ ਵਰਕਿੰਗ ਕਮੇਟੀ ਨੂੰ ਮੁੜ ਬਣਾਉਣ ਦਾ ਮੌਕਾ ਦਿੱਤਾ ਗਿਆ ਸੀ। ਤੁਸੀਂ ਟੰਡਨ, ਨਰੀਮਾਨ, ਪੱਟਾਭਿ, ਸਰਦੂਰਲ ਸਿੰਘ ਨੂੰ ਵਿਸਾਰ ਦਿੱਤਾ। ਤੁਸੀਂ ਗੋਵਿੰਦਦਾਸ ਤੇ ਸ਼ਰਤ ਬੋਸ ਦੇ ਮੁਕਾਬਲੇ ਭੋਲਾ ਭਾਈ ਤੇ ਰਾਜਗੋਪਾਲਾਚਾਰੀ ਨੂੰ ਸ਼ਾਮਿਲ ਕੀਤਾ ਹੈ। ਇਹਨਾਂ ਲੋਕਾਂ ਤੋਂ ਤੁਹਾਨੂੰ ਤਾਕਤ ਮਿਲਦੀ ਹੈ। ਇਹਨਾਂ ਨੇ ਛਲ ਕਰਕੇ ਤੁਹਾਨੂੰ ਵਿਚਕਾਰਲੇ ਲੋਕਾਂ ਨਾਲੋਂ ਤੋੜ ਦਿੱਤਾ ਹੈ। ਅਸੀਂ ਏ.ਆਈ.ਸੀ.ਸੀ. ਤੇ ਡੈਲੀਗੇਟ ਵਿਚ ਕਮਜ਼ੋਰ ਪੈ ਗਏ ਹਾਂ। ਜਿਹੜੀ ਵਰਕਿੰਗ ਕਮੇਟੀ ਤੁਸੀਂ ਬਣਾਈ ਹੈ, ਇਹ ਪਿੱਛਲਿਆਂ ਦੇ ਮੁਕਾਬਲੇ ਵਧੇਰੇ ਦਕੀਆਨੁਸੀ (ਰੂੜ੍ਹੀਪੰਥੀ) ਹੋਏਗੀ।
ਹੋ ਸਕਦਾ ਹੈ ਮੇਰਾ ਨਜ਼ਰੀਆ ਬਹੁਤਾ ਤੰਗ ਹੋਵੇ। ਅਸੂਲੀ ਬਹਿਸ ਦੇ ਮੁਕਾਬਲੇ ਅਕਸਰੀਅਤ (ਬਹੁਮਤ) ਵਿਚ ਮੈਨੂੰ ਵਧ ਭਰੋਸਾ ਰਹਿੰਦਾ ਹੈ। ਹਾਲਾਤ ਦਾ ਮੇਰੇ ਉੱਤੇ ਜੋ ਅਸਰ ਹੋਇਆ, ਉਹ ਦਸਣ ਲਈ ਮੈਂ ਬੇਚੈਨ ਸਾਂ।” (ਰਫ਼ੀ)
ਰਫ਼ੀ ਅਹਿਮਦ ਕਿਦਵਈ ਨੂੰ ਕੀ ਪਤਾ ਸੀ ਕਿ ਛਲ ਜਵਾਹਰ ਲਾਲ ਦੇ ਨਾਲ ਨਹੀਂ ਜਨਤਾ ਦੇ ਨਾਲ ਕੀਤਾ ਜਾ ਰਿਹਾ ਹੈ ਤੇ ਉਸ ਵਿਚ ਖ਼ੁਦ ਜਵਾਹਰ ਲਾਲ ਵੀ ਸ਼ਾਮਿਲ ਹੈ। ਸ਼ਿਕਾਰੀ ਪੁਰਾਣੇ ਸਨ ਸਿਰਫ ਜਾਲ ਨਵਾਂ ਸੀ।
    --- --- ---

No comments:

Post a Comment