Sunday, June 5, 2011

ਮੌਤ ਦੇ ਬਾਅਦ :





     ਮੌਤ ਦੇ ਬਾਅਦ

ਭਰਮ ਪਾਲਣਾ ਤੇ ਭੁੱਲਾਂ ਨੂੰ ਦੁਹਰਾਉਣਾ ਮੌਤ ਹੈ। ਭੁੱਲਾਂ ਨੂੰ ਸੁਧਾਰਨਾਂ ਦੇ ਤਾਜਾਦਮ ਹੋ ਕੇ ਅੱਗੇ ਵਧਣਾ ਜ਼ਿੰਦਗੀ।
ਪ੍ਰਧਾਨ-ਮੰਤਰੀ, ਉਪ-ਪ੍ਰਧਾਨ ਮੰਤਰੀ ਤੇ ਸਾਰੇ-ਦਾ-ਸਾਰਾ ਹਾਕਮ ਵਰਗ ਬੜੇ ਜ਼ੋਰ-ਸ਼ੋਰ ਨਾਲ ਇਹ ਗੱਲ ਕਹਿੰਦਾ ਹੈ ਅਤੇ ਜਨਤਕ ਤੌਰ 'ਤੇ ਇਹ ਪ੍ਰਤੀਗਿਆ ਕਰਦਾ ਹੈ ਕਿ ਅਸੀਂ ਜਵਾਹਰ ਲਾਲ ਦੇ ਪਦ-ਚਿੰਨ੍ਹਾਂ ਉੱਤੇ, ਉਸਦੀਆਂ ਨੀਤੀਆਂ ਉੱਤੇ ਚੱਲਦੇ ਹੋਏ ਦੇਸ਼ ਨੂੰ ਮਹਾਨ ਬਣਉਣਾ ਹੈ।
ਇਸ ਦਾ ਇਕੋ ਇਕ ਉਦੇਸ਼ ਇਹ ਹੈ ਕਿ ਆਪਣੀ ਸਵਾਰਥ ਸਿੱਧੀ ਲਈ ਜਨਤਾ ਨੂੰ ਭਰਮ ਵਿਚ ਰੱਖਿਆ ਜਾਵੇ—ਵਰਨਾ ਦੇਸ਼ ਸਾਹਮਣੇ ਅੱਜ ਜਿਹੜਾ ਸਮੱਸਿਆਵਾਂ ਦਾ ਢੇਰ ਲਗਿਆ ਹੋਇਆ ਹੈ, ਉਹ ਸਾਨੂੰ ਜਵਾਹਰ ਲਾਲ ਨਹਿਰੂ ਤੋਂ ਹੀ ਵਿਰਾਸਤ ਵਿਚ ਮਿਲੀਆਂ ਹਨ। ਉਹ ਉਹਨਾਂ ਦੀਆਂ ਨੀਤੀਆਂ ਦਾ ਹੀ ਨਤੀਜਾ ਹਨ। ਦਰਅਸਲ ਇਹ ਨੀਤੀਆਂ ਵੀ ਉਹਨਾਂ ਦੀਆਂ ਆਪਣੀਆਂ ਨਹੀਂ, ਬਲਕਿ ਉਸ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਸ਼ੋਸ਼ਕ (ਧਨ-ਲੋਟੂ) ਵਰਗ ਦੀਆਂ ਨੀਤੀਆਂ ਹਨ, ਜਿਹਨਾਂ ਨੇ ਨਿੱਜੀ ਤੇ ਗੁੱਝੇ-ਸਵਾਰਥਾਂ ਦੀ ਰਾਖੀ ਲਈ ਉਹਨਾਂ ਨੂੰ ਪ੍ਰਧਾਨ-ਮੰਤਰੀ ਤੇ 'ਮਹਾਨ' ਨੇਤਾ ਬਣਾਇਆ ਸੀ।
ਇਹਨਾਂ ਨੀਤੀਆਂ ਕਾਰਣ ਸਾਡਾ ਇਹ ਪ੍ਰਾਚੀਨ ਮਹਾਨ ਦੇਸ਼ ਬੌਣਾ, ਮੰਗਤਾ ਤੇ ਮੁਥਾਜ਼ ਬਣਿਆ ਹੋਇਆ ਹੈ। ਹਰ ਪਾਸੇ ਡਰ, ਭੈਅ ਤੇ ਨਿਰਾਸ਼ਾ ਛਾਈ ਹੋਈ ਹੈ। ਸਤਰ ਕਰੋੜ ਜਨਤਾ ਦੇ ਇਸ ਵਿਸ਼ਾਲ ਦੇਸ਼ ਦਾ ਦੁਨੀਆਂ ਵਿਚ ਰਤਾ ਵੀ ਆਦਰ-ਮਾਣ ਨਹੀਂ ਹੈ। ਅੰਗਰੇਜ਼ ਸਾਮਰਾਜਵਾਦੀਆਂ ਦੇ ਪੂੰਜੀਗਤ ਹਿਤ ਤਾਂ ਸੁਰੱਖਿਅਤ ਰਹੇ ਹੀ, ਅਮਰੀਕਾ, ਸੋਧਵਾਦੀ ਰੂਸ, ਪੱਛਮੀ ਜਰਮਨੀ ਤੇ ਜਾਪਾਨ ਆਦੀ ਦੇ ਲਈ ਵੀ ਦਰਵਾਜ਼ੇ ਖੁੱਲ੍ਹ ਗਏ ਹਨ ਕਿ ਬਿਰਲੇ ਟਾਟੇ ਨਾਲ ਹਿੱਸੇਦਾਰੀ ਵਿਚ ਰੁਪਈਆ ਲਾਉਣ, ਕਾਂਗਰਸ ਦੀ ਕਣਕ-ਵੰਨੀ ਸਰਕਾਰ ਉਹਨਾਂ ਦੀ ਪੂੰਜੀ ਤੇ ਮੁਨਾਫ਼ੇ ਦੀ ਰਾਖੀ ਕਰੇਗੀ। ਇਸ ਦਾ ਨਾਂ ਨਵੀਨ-ਉਪਨਿਵੇਸ਼ਵਾਦ ਹੈ, ਜਿਹੜਾ ਸਾਮਰਾਜਵਾਦ ਦੀ ਦਾਸਤਾ ਦਾ ਅਤੀ-ਅਧੁਨਿਕ ਰੂਪ ਹੈ। ਗ਼ੁਲਾਮੀ ਦੇ ਇਸ ਰੂਪ ਵਿਚ ਧਨ-ਲੋਟੂ ਵਰਗ ਦੀ ਦੇਸੀ ਸਰਕਾਰ ਨਾ ਸਿਰਫ ਵਿਦੇਸ਼ੀ ਪੂੰਜੀ ਦੀ ਰਾਖੀ ਕਰਦੀ ਹੈ ਬਲਕਿ ਇਸ ਪੂੰਜੀ ਤੇ ਮੁਨਾਫ਼ੇ ਨੂੰ ਵਧਾਉਣ ਦੇ ਹੁਕਮਾਂ ਨੂੰ ਵੀ ਉਸੇ ਤਰ੍ਹਾਂ ਮੰਨਦੀ ਹੈ, ਜਿਸ ਤਰ੍ਹਾਂ ਕਰਜੇ ਦਾ ਦਾਬੂ ਹੋਇਆ ਗਰੀਬ ਕਿਸਾਨ ਆਪਣੀ ਖ਼ੂਨ-ਪਸੀਨੇ ਨਾਲ ਉਗਾਈ ਫਸਲ ਦੇ ਭਾਅ ਲਈ ਸ਼ਾਹੂਕਾਰ ਦੇ ਆਦੇਸ਼ ਮੰਨਦਾ ਹੈ। ਇਸੇ ਆਦੇਸ਼ ਨਾਲ ਸਾਡੇ ਦੇਸ਼ ਦੇ ਰੁਪਈਏ ਦਾ ਮੁੱਲ ਹੇਠਾਂ ਆਇਆ, ਤੇ ਵਿਦੇਸ਼ੀ ਪੂੰਜੀ ਤੇ ਮੁਨਾਫ਼ਾ ਛੂਮੰਤਰ ਵਾਂਗ ਵਧ ਗਿਆ ਤੇ ਮਹਿੰਗਾਈ ਦੇਖਦੇ ਦੇਖਦੇ ਹੀ ਅਸਮਾਨ ਨੂੰ ਛੂਹ ਗਈ।
ਇਹਨਾਂ ਨੀਤੀਆਂ ਨਾਲ ਮੁੱਠੀ ਭਰ ਕਰੋੜ-ਪਤੀ ਭਾਵੇਂ ਅਰਬ-ਪਤੀ ਬਣ ਗਏ, ਪਰ ਆਮ ਜਨਤਾ ਦੀ ਤਾਂ ਗਰੀਬੀ ਹੀ ਵਧੀ ਹੈ—ਤੇ ਇਸ ਦੀ ਹਾਲਤ ਬਦ-ਤੋਂ-ਬਦਤਰ ਹੁੰਦੀ ਜਾ ਰਹੀ ਹੈ। ਉਹ ਇਹ ਕਿੰਜ ਬਰਦਾਸ਼ਤ ਕਰੇਗੀ ਕਿ ਦੇਸ਼ ਹੁਣ ਵੀ ਇਹਨਾਂ ਨੀਤੀਆਂ ਉਪਰ ਚੱਲੇ?
ਦੂਜੀ ਜਵਾਹਰ ਲਾਲ ਦੇ ਪਦ ਚਿੰਨ੍ਹਾਂ ਉੱਤੇ ਚੱਲਣ ਦੀ ਗੱਲ ਉਂਜ ਵੀ ਮਿਥਿਆ ਤੇ ਭਰਮ ਫੈਲਾਉਣ ਵਾਲੀ ਹੈ ਕਿ ਸਾਡੇ ਰਾਸ਼ਟਰੀ ਅੰਦੋਲਨ ਦੇ ਇਤਿਹਾਸ ਵਿਚ ਕੀ ਨਹਿਰੂ ਨੇ ਆਪਣੇ ਕੋਈ ਪਦ-ਚਿੰਨ੍ਹ ਵੀ ਬਣਾਏ ਹਨ? ਉਹਨਾਂ ਗੱਲਾਂ ਭਾਵੇਂ ਕੁਝ ਵੀ ਕੀਤੀਆਂ, ਪਰ 'ਕਾਮ ਸਰੀਰਾਂ' ਦੇ ਸੁਪਨੇ ਦੇਖੇ ਤੇ ਆਕਾਸ਼ ਵਿਚ ਦੂਰ ਦੂਰ ਤੀਕ ਉੱਡਦੇ ਰਹੇ, ਤੇ ਜਦੋਂ ਧਰਤੀ 'ਤੇ ਤੁਰਨ ਦਾ ਸਵਾਲ ਆਇਆ ਤਾਂ ਹਮੇਸ਼ਾ ਗਾਂਧੀ ਦੇ ਪਿੱਛੇ-ਪਿੱਛੇ ਤੁਰੇ। 1917 ਵਿਚ ਉਹਨਾਂ ਗਾਂਧੀ ਦਾ ਪੱਲਾ ਫੜ੍ਹਿਆ ਤੇ ਅੰਤ ਤਾਈਂ ਫੜ੍ਹੀ ਰੱਖਿਆ। ਪ੍ਰਧਾਨ-ਮੰਤਰੀ ਬਣਨ ਪਿੱਛੋਂ ਭਾਵੇਂ ਉਹਨਾਂ ਨੇ ਖ਼ੁਦ ਹਿੰਸਾ ਦਾ ਇਸਤੇਮਾਲ ਬੜੀ ਉਦਾਰਤਾ ਨਾਲ ਕੀਤਾ ਪਰ ਦੇਸ਼ ਤੇ ਦੁਨੀਆਂ ਦੀ ਹਰੇਕ ਛੋਟੀ ਵੱਡੀ ਆਰਥਿਕ ਤੇ ਰਾਜਨੀਤਕ ਸਮੱਸਿਆ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣ ਦੀ ਸਿਖਿਆ ਦਿੰਦੇ ਰਹੇ। ਇਸੇ ਲਈ ਮੌਤ ਤੋਂ ਪਿੱਛੋਂ ਵੀ ਗਾਂਧੀ ਦਾ ਸਾਥ ਨਾ ਛੁੱਟੇ, ਰਾਜਘਾਟ ਦੀ ਵੱਖੀ ਵਿਚ ਉਹਨਾਂ ਲਈ ਸ਼ਾਂਤੀਘਾਟ ਦਾ ਨਿਰਮਾਣ ਕੀਤਾ ਗਿਆ ਹੈ।
ਗਾਂਧੀ ਰਾਮ ਰਾਜ ਦੀਆਂ, ਟਰਸਟੀ ਸ਼ਿਪ ਦੀਆਂ ਤੇ ਹਿਰਦੇ-ਪ੍ਰੀਵਰਤਨ ਦੀਆਂ ਜਿਹੜੀਆਂ ਗੱਲਾਂ ਕਰਦੇ ਸਨ, ਅਸੀਂ ਦੇਖਿਆ ਕਿ ਜਵਾਹਰ ਲਾਲ ਖ਼ੁਦ ਉਹਨਾਂ ਦੇ ਕਾਇਲ ਨਹੀਂ ਸਨ। ਜਦੋਂ ਉਹ ਇਹਨਾਂ ਨੂੰ ਮੰਨਦੇ ਸਨ—ਜਾਂ ਇੰਜ ਕਹੀਏ ਕਿ ਜਦੋਂ ਉਹ ਆਪਣੇ ਵਰਗ-ਸੁਭਾਅ ਤੋਂ ਮਜ਼ਬੂਰ ਹੋ ਕੇ ਇਹਨਾਂ ਸਾਹਵੇਂ ਆਤਮ-ਸਮਰਪਣ ਕਰਦੇ ਸਨ ਤਾਂ ਤਰਕਸ਼ਾਸਤਰ ਦੇ ਸਾਰੇ ਨਿਯਮ ਛਿੱਕੇ-ਟੰਗ ਕੇ ਉਹਨਾਂ ਨੂੰ ਗਾਂਧੀ ਵਿਚ 'ਅਗਿਆਤ-ਤੱਤ' ਦੀ ਘਾੜਤ ਘੜਨੀ ਪੈਂਦੀ ਸੀ—ਇਸ ਨਾਲੋਂ ਵੱਡਾ ਭਰਮ ਹੋਰ ਕੀ ਹੋ ਸਕਦਾ ਹੈ?...
ਸੱਚ, ਅਹਿੰਸਾ ਤੇ ਹਿਰਦੇ-ਪ੍ਰੀਵਰਤਨ ਦਾ ਗਾਂਧੀਵਾਦੀ ਦਰਸ਼ਨ ਗੁੱਝੇ-ਸਵਾਰਥਾਂ ਤੇ ਨਿੱਜੀ-ਸੰਪਤੀ ਦੇ ਚੌਕੀਦਾਰੇ ਦਾ ਦਰਸ਼ਨ ਹੈ। ਇਸ ਗੱਲ ਨੂੰ ਤੇ ਉਸਦੀ ਅਵਿਹਾਰਕਤਾ ਦੇ ਹੌਲੇਪਣ ਨੂੰ ਵੀ ਖ਼ੁਦ ਜਵਾਹਰ ਲਾਲ ਨੇ ਮੰਨਿਆਂ ਹੈ। 'ਮੇਰੀ ਕਹਾਣੀ' ਦੇ 'ਹਿਰਦੇ-ਪ੍ਰੀਵਰਤਨ ਜਾਂ ਬਲ-ਪ੍ਰਯੋਗ' ਵਿਸ਼ੇ ਹੇਠ ਉਹ ਲਿਖਦੇ ਹਨ...:
“ਜੇ ਇਤਿਹਾਸ ਤੋਂ ਕੋਈ ਗੱਲ ਸਿੱਧ ਹੁੰਦੀ ਹੈ ਤਾਂ ਉਹ ਹੈ ਕਿ ਆਰਥਿਕ ਹਿਤ ਹੀ ਗੁੱਟਾਂ ਤੇ ਵਰਗਾਂ ਦੇ ਦ੍ਰਿਸ਼ਟੀਕੋਣ ਦੇ ਨਿਰਮਾਤਾ ਹੁੰਦੇ ਹਨ। ਇਹਨਾਂ ਹਿਤਾਂ ਸਾਹਮਣੇ ਨਾ ਤਰਕ ਚੱਲਦਾ ਹੈ ਤੇ ਨਾ ਹੀ ਕੋਈ ਨੈਤਿਕ ਵਿਚਾਰ। ਹੋ ਸਕਦਾ ਹੈ ਕਿ ਕੁਛ ਵਿਅਕਤੀ ਰਾਜ਼ੀ ਹੋ ਜਾਣ ਤੇ ਆਪਣੇ ਵਿਸ਼ੇਸ਼ ਅਧਿਕਾਰ ਛੱਡ ਦੇਣ, ਫੇਰ ਵੀ ਇੰਜ ਵਿਰਲੇ ਲੋਕ ਹੀ ਕਰਦੇ ਹੋਣਗੇ, ਲੇਕਿਨ ਗੁੱਟ ਤੇ ਵਰਗ ਇੰਜ ਕਦੀ ਨਹੀਂ ਕਰਦੇ। ਇਸ ਲਈ ਹਾਕਮ ਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗ ਨੂੰ ਆਪਣੀ ਸੱਤਾ ਤੇ ਨਜਾਇਜ਼ ਅਧਾਕਰਾਂ ਨੂੰ ਛੱਡ ਦੇਣ ਲਈ ਰਾਜ਼ੀ ਕਰਨ ਦੀਆਂ ਜਿੰਨੀਆਂ ਕੋਸ਼ਿਸ਼ਾਂ ਹੁਣ ਤਕ ਕੀਤੀਆਂ ਗਈਆਂ, ਉਹ ਸਾਰੀਆਂ ਨਾਕਾਮਯਾਬ ਹੋਈਆਂ ਹਨ ਤੇ ਇਸ ਗੱਲ ਨੂੰ ਮੰਨਣ ਦਾ ਕੋਈ ਕਾਰਣ ਦਿਖਾਈ ਨਹੀਂ ਦਿੰਦਾ ਕਿ ਉਹ ਭਵਿੱਖ ਵਿਚ ਕਾਮਯਾਬ ਹੋ ਜਾਣਗੀਆਂ।...”
ਫੇਰ ਰਾਇਨ-ਹੋਲਡ ਨਾਇਬਰ ਦੀ 'ਮਾਡਲ ਮੈਨ ਐਂਡ ਇਮਾਰਲ ਸੋਸਾਇਟੀ' ਪੁਸਤਕ ਦੇ ਹਾਵਲੇ ਨਾਲ ਅੱਗੇ ਲਿਖਿਆ : “ਸਮਾਜਿਕ ਸਥਿਤੀ ਵਿਚ ਵਿਵੇਕ ਸਦਾ ਹੀ ਕੁਛ ਹੱਦ ਤਕ ਸਵਾਰਥ ਦਾ ਦਾਸ ਹੁੰਦਾ ਹੈ, ਸਿਰਫ ਨੀਤੀ ਜਾਂ ਬੁੱਧੀ ਦੇ ਜਾਗ੍ਰਿਤ ਹੋ ਜਾਣ ਨਾਲ ਸਮਾਜ ਵਿਚ ਨਿਆਂ ਸਥਾਪਿਤ ਨਹੀਂ ਹੋ ਸਕਦਾ। ਸੰਘਰਸ਼ ਲਾਜ਼ਮੀ ਹੈ ਤੇ ਇਸ ਸੰਘਰਸ਼ ਵਿਚ ਸ਼ਕਤੀ ਦਾ ਮੁਕਾਬਲਾ ਸ਼ਕਤੀ ਨਾਲ ਹੀ ਕੀਤਾ ਜਾਣਾ ਚਾਹੀਦਾ ਹੈ।”
ਰਾਇਨ-ਹੋਲਡ ਨਾਇਬਰ ਨੇ ਠੀਕ ਹੀ ਲਿਖਿਆ ਹੈ ਤੇ ਇਸਨੂੰ ਜਵਾਹਰ ਲਾਲ ਵੀ ਮੰਨਦੇ ਹਨ ਕਿ ਸਿਰਫ ਬੁੱਧੀ ਦੇ ਜਾਗ੍ਰਿਤ ਹੋ ਜਾਣ ਨਾਲ ਸਮਾਜ ਵਿਚ ਨਿਆਂ ਸਥਾਪਿਤ ਨਹੀਂ ਹੋ ਜਾਂਦਾ, ਉਸ ਲਈ ਹਮੇਸ਼ਾ ਤਾਕਤ ਦੇ ਨਾਲ ਸੰਘਰਸ਼ ਕਰਨਾ ਪੈਂਦਾ ਹੈ। ਪਰ ਜਿਹਨਾਂ ਲੋਕਾਂ ਦੀ ਬੁੱਧ ਵਿਸ਼ੇਸ਼-ਅਧਿਕਾਰ ਪ੍ਰਾਪਤ ਵਰਗਾਂ ਦੇ ਸਵਾਰਥ ਦੀ ਦਾਸ ਹੁੰਦੀ ਹੈ, ਉਹ ਨਾ ਸਿਰਫ ਇਹ ਕਿ ਤਾਕਤ ਦਾ ਮੁਕਾਬਲਾ ਤਾਕਤ ਨਾਲ ਵਾਲੇ ਸੰਘਰਸ਼ ਤੋਂ ਖ਼ੁਦ ਦੂਰ ਰਹਿੰਦੇ ਹਨ, ਬਲਕਿ ਕਿਸੇ ਨਾ ਕਿਸੇ ਮਿਥਿਆ ਦਰਸ਼ਨ ਦਾ ਸਹਾਰਾ ਲੈ ਕੇ ਪੀੜਤ ਤੇ ਲੁੱਟੀ ਜਾ ਰਹੀ ਜਨਤਾ ਨੂੰ ਵੀ ਉਸ ਰਸਤੇ ਤੋਂ ਭਟਕਾਉਂਦੇ ਤੇ ਦੂਰ ਰੱਖਦੇ ਹਨ। ਅਸੀਂ ਦੇਖ ਚੁੱਕੇ ਹਾਂ ਕਿ ਗਾਂਧੀਵਾਦ ਵੀ ਅਜਿਹਾ ਹੀ ਕਰਾਂਤੀ-ਵਿਰੋਧੀ ਮਿਥਿਆ ਦਰਸ਼ਨ ਹੈ। ਜਵਾਹਰ ਲਾਲ ਨੇ ਤੇ ਦੇਸ਼ ਦੇ ਅਨੇਕਾਂ ਚਿੰਤਕਾਂ, ਵਿਚਾਰਕਾਂ ਤੇ ਬੁੱਧੀਜੀਵੀਆਂ ਨੇ ਜੇ ਇਸ ਨੂੰ ਅਪਣਾਇਆ ਤਾਂ ਇਸ ਦਾ ਇਕ ਕਾਰਣ ਇਹ ਸੀ ਕਿ ਬਹੁਤਿਆਂ ਦੇ ਵਰਗ-ਹਿਤ, ਵਿਸ਼ੇਸ਼-ਅਧਿਕਾਰ ਪ੍ਰਾਪਤ ਵਰਗਾਂ ਦੇ ਹਿਤਾਂ ਨਾਲ ਜੁੜੇ ਹੋਏ ਸਨ। ਦੂਜਾ ਇਹ ਸਿਖਿਆ ਪ੍ਰਣਾਲੀ ਹੀ ਦੂਸ਼ਿਤ ਹੈ। ਪਹਿਲਾਂ ਇਹ ਵਿਦੇਸ਼ੀ ਸਰਕਾਰ ਲਈ ਦਾਸ-ਬਿਰਤੀ ਤੇ ਨਿੱਜੀ-ਸਵਾਰਥ ਭਰੇ ਪੜ੍ਹੇ ਲਿਖੇ ਬੁੱਧੀਜੀਵੀ ਘੜਦੀ ਸੀ—ਜਿਹੜੇ ਮਿਹਨਤਕਸ਼ ਜਨਤਾ ਦੇ ਦਮਨ ਤੇ ਲੁੱਟ ਵਿਚ ਸਹਿਜੇ ਹੀ ਸਰਕਾਰ ਦੀ ਹਿੰਸਕ ਮਸ਼ੀਨਰੀ ਦਾ ਪੁਰਜਾ ਬਣ ਜਾਂਦੇ ਸਨ—ਹੁਣ ਇਹ ਦਲਾਲ ਪੂੰਜੀਪਤੀਆਂ ਤੇ ਸਾਮੰਤਾਂ ਦੀ ਦੇਸੀ ਸਰਕਾਰ ਲਈ ਪੁਰਜੇ ਘੜਦੀ ਰਹਿੰਦੀ ਹੈ ਤੇ ਇਸੇ ਲਈ ਇਸ ਸਿਖਿਆ ਪ੍ਰਣਾਲੀ ਨੂੰ ਬਦਲਿਆ ਨਹੀਂ ਜਾ ਰਿਹਾ। ਜਦੋਂ ਸਮਾਜ ਵਿਚ ਆਰਥਿਕ ਸੰਬੰਧ ਬਦਲਦੇ ਹਨ ਉਦੋਂ ਹਕੂਮਤੀ ਪ੍ਰਣਾਲੀ ਬਦਲਦੀ ਹੈ ਤੇ ਤਦੇ ਹੀ ਸਿਖਿਆ ਪ੍ਰਣਾਲੀ ਨੂੰ ਬਦਲਣਾ ਸੰਭਵ ਹੁੰਦਾ ਹੈ; ਪਹਿਲਾਂ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸਿਖਿਆ ਪ੍ਰਣਾਲੀ ਦਾ ਕੰਮ ਹੀ ਵਰਗ, ਸਮਾਜ ਤੇ ਸਰਕਾਰ ਦੀ ਸੇਵਾ ਕਰਨਾ ਹੈ।
ਦੁਹਰਾ ਚਰਿੱਤਰ ਇਸ ਸਿਖਿਆ ਪ੍ਰਣਾਲੀ ਦੀ ਵਿਸ਼ੇਸ਼ ਦੇਣ ਹੈ। ਸਾਨੂੰ ਆਪਣੇ ਰਾਸ਼ਟਰੀ ਜੀਵਨ ਵਿਚ ਜਿਹੜੀ ਆਦਰਸ਼ਹੀਣਤਾ, ਲੋੜਾਂ-ਥੁੜਾਂ ਤੇ ਭਰਿਸ਼ਟਾਚਾਰ ਦਾ ਲਾਇਲਾਜ਼ ਰੋਗ ਦਿਖਾਈ ਦਿੰਦਾ ਹੈ ਤੇ ਜਿਸਨੂੰ ਅਸੀਂ ਮਜ਼ਬੂਰੀ ਤੇ ਬੇਵੱਸੀ ਸਦਕਾ ਆਮ ਹਾਲਾਤ ਮੰਨੀ ਬੈਠੇ ਹਾਂ, ਉਹ ਇਸੇ ਡੇਢ ਸੌ ਸਾਲ ਤੋਂ ਵੱਧ ਬੁੱਢੀ, ਬਾਸੀ ਸਿਖਿਆ ਦਾ ਨਤੀਜਾ ਹੈ—ਕਰਾਂਤੀ ਹੀ ਇਸ ਰੋਗ ਦਾ ਇਕੋ ਇਕ ਇਲਾਜ਼ ਸੀ, ਜਿਸਨੂੰ ਟਾਲ ਦਿੱਤਾ ਗਿਆ।
ਪਰ ਸਾਡੇ ਰਾਸ਼ਟਰੀ ਅੰਦੋਲਨ ਦਾ ਨੇਤਰਿਤਵ ਵੀ ਇਸੇ ਸਵਾਰਥੀ ਸਿਖਿਅਤ ਵਰਗ ਨੇ ਹਥਿਆ ਲਿਆ ਸੋ ਉਸਦਾ ਸਤਿਆਗ੍ਰਹਿ ਦੇ ਕਰਾਂਤੀ-ਵਿਰੋਧੀ ਰਸਤੇ ਉੱਤੇ ਪੈ ਜਾਣਾ ਸੁਭਾਵਿਕ ਹੀ ਸੀ—ਸਿੱਟਾ ਇਹ ਨਿਕਲਿਆ ਕਿ ਰੋਗ ਘੱਟ ਹੋਣ ਦੀ ਬਜਾਏ ਵਧਦਾ ਰਿਹਾ ਤੇ ਭਿਅੰਕਰ ਰੂਪ ਧਾਰਨ ਕਰ ਗਿਆ।
ਸਾਡੇ ਦੇਸ਼ ਵਿਚ, ਜਿਹੜੇ ਵੱਡੇ-ਵੱਡੇ ਕਮਿਊਨਿਸਟ ਤੇ ਸੋਸ਼ਲਿਸਟ ਹਨ, ਉਹ ਵੀ ਤਾਂ ਇਸੇ ਸਿਖਿਆ ਪ੍ਰਣਾਲੀ ਦੇ ਘੜੇ ਹੋਏ ਚੱਟੇ-ਵੱਟੇ ਹਨ। ਉਹ ਵੀ ਚੱਲਦੇ ਸੱਜੇ ਤੇ ਗੱਲਾਂ ਖੱਬੇ ਦੀਆਂ ਕਰਦੇ ਹਨ। ਜਵਾਹਰ ਲਾਲ ਨੇ ਕਿਉਂਕਿ ਇਕ ਮਾਹਿਰ ਨਟ ਦੀ ਕਲਾਕਾਰੀ ਤੇ ਗਰਮਾ-ਗਰਮ ਸ਼ਬਦਬਾਰੀ ਨਾਲ ਇਹਨਾਂ ਦੇ ਸਮੂਹਿਕ ਦੁਹਰੇ ਚਰਿੱਤਰ ਨੂੰ ਕਲਾਤਮਕ ਰੂਪ ਦੇ ਦਿੱਤਾ ਹੈ, ਇਸ ਲਈ ਇਹਨਾਂ ਲੋਕਾਂ ਦਾ ਜਵਾਹਰ ਲਾਲ ਨਾਲ ਇਕ ਸੁਰ ਹੋ ਜਾਣਾ ਤੇ ਉਹਨੂੰ ਆਪਣਾ ਚਰਿੱਤਰ ਨਾਇਕ ਮੰਨ ਲੈਣਾ ਸੁਭਾਵਿਕ ਹੀ ਸੀ। ਜਵਾਹਰ ਲਾਲ ਦੀ ਮੌਤ ਉਪਰ ਬੜੇ ਈਮਨਦਾਰ ਤੇ ਮਾਰਕਸਵਾਦ ਦੇ ਪੰਡਿਤ ਸਮਝੇ ਜਾਣ ਵਾਲੇ 'ਕਮਿਊਨਿਸਟ' ਨੇਤਾ ਐੱਮ.ਐੱਸ. ਨੰਬੂਦਿਰੀਪਾਦ ਦਾ ਇਕ ਲੇਖ 'ਜਿਨ ਸੇ ਮੁਝੇ ਸਮਾਜਵਾਦ ਕਾ ਪਹਿਲਾ ਪਾਠ ਮਿਲਾ' ਛਪਿਆ ਸੀ, ਜਿਸ ਵਿਚ ਉਹ ਲਿਖਦੇ ਹਨ...:
“ਮੇਰੀ ਬੌਧਿਕ ਉੱਨਤੀ ਦੇ ਨਿਰਣਾਇਕ ਸਮੇਂ ਵਿਚ ਉਸਨੂੰ ਰੂਪ ਦੇਣ ਵਾਲੇ ਨੇਤਾ ਦੇ ਰੂਪ ਵਿਚ ਪੂਰਣ ਆਦਰ ਤੇ ਸ਼ਰਧਾ ਨਾਲ ਅੱਜ ਵੀ ਉਹਨਾਂ ਨੂੰ ਦੇਖਦਾ ਹਾਂ।” ਅਤੇ “ਇਸ ਅਰਥ ਵਿਚ ਸਾਡਾ ਹੀ ਇਕ ਹਿੱਸਾ ਨਸ਼ਟ ਹੋਇਆ, ਇੰਜ ਜਾਪਦਾ ਹੈ” (ਆਜਕਲ, ਨਹਿਰੂ-ਸਮਰਿਤੀ ਅੰਕ)
ਸੰਸਦਵਾਦ ਨੇ ਇਹਨਾਂ ਲੋਕਾਂ ਲਈ ਸਵਾਰਥ-ਸਿੱਧੀ ਦਾ ਇਕ ਹੋਰ ਰਸਤਾ ਖੋਲ੍ਹ ਦਿੱਤਾ ਹੈ। ਇਹਨਾਂ ਵਿਚੋਂ ਬਹੁਤਿਆਂ ਨੇ ਤਾਂ ਰਾਜਨੀਤੀ ਨੂੰ ਹੀ ਆਪਣਾ ਕੈਰੀਅਰ ਬਣਾਇਆ ਹੋਇਆ ਹੈ। ਲੋਕਸਭਾ, ਰਾਜਸਭਾ ਤੇ ਵਿਧਾਨਸਭਾਵਾਂ ਦੇ ਮੈਂਬਰ ਬਣ ਕੇ ਸਮਾਜ ਵਿਚ ਯਕਦਮ ਆਦਰ-ਮਾਣ ਵਧ ਜਾਂਦਾ ਹੈ; ਤਨਖ਼ਾਹ, ਭੱਤੇ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਸਹੂਲਤਾਂ ਪ੍ਰਾਪਤ ਹੋ ਜਾਂਦੀਆਂ ਹਨ, ਇੰਜ ਇਹਨਾਂ ਦਾ ਨਿੱਜੀ ਸਵਾਰਥ ਵਿਸ਼ੇਸ਼-ਅਧਿਕਾਰ ਪ੍ਰਾਪਤ ਵਰਗ ਦੇ ਸਵਾਰਥ ਨਾਲ ਜਾ ਜੁੜਦਾ ਹੈ ਤੇ ਇਹ ਵੋਟ ਪਾਉਣ ਦੇ ਅਧਿਕਾਰ ਨੂੰ ਹੀ ਦੇਸ਼ ਦੇ ਦੁੱਖ-ਦਰਦ, ਗਰੀਬੀ ਤੇ ਮੁਸੀਬਤਾਂ ਮਿਟਾਉਣ ਵਾਲਾ ਇਕੋਇਕ ਹੱਲ ਦਸਦੇ ਭੌਂਦੇ ਫਿਰਦੇ ਹਨ। 1967 ਦੀਆਂ ਆਮ ਚੋਣਾ ਨੇ ਤਾਂ, ਜਿਹਨਾਂ ਪਿੱਛੋਂ ਸਾਂਝੀਆਂ ਸਰਕਾਰਾਂ ਬਣੀਆ, ਸਾਰਿਆਂ ਦੇ ਸਵਾਰਥ ਨੂੰ ਪੂਰੀ ਤਰ੍ਹਾਂ ਨੰਗਿਆਂ ਕਰ ਦਿੱਤਾ ਹੈ। ਸੋਧਵਾਦੀ ਤੇ ਨਵ-ਸੋਧਵਾਦੀ ਕਮਿਊਨਿਸਟ ਸਭੇ ਬੜੀ ਬੇਸ਼ਰਮੀ ਨਾਲ 'ਲੋਕਤੰਤਰ' ਦੀ ਰਾਖੀ ਕਰਨ ਦਾ ਨਾਅਰਾ ਲਾਉਂਦੇ ਤੇ ਲੋਕਾਂ ਨੂੰ ਭਰਮ ਵਿਚ ਪਾ ਕੇ ਸੰਘਰਸ਼ ਵਿਚ ਸ਼ਕਤੀ ਦੇ ਮੁਕਾਬਲੇ ਸ਼ਕਤੀ ਦੀ ਵਰਤੋਂ ਤੋਂ ਦੂਰ ਲੈ ਜਾਂਦੇ ਨਜ਼ਰ ਆਉਂਦੇ ਹਨ।
ਲੋਕਾਂ ਨੇ ਵੀ ਆਪਣੇ ਲੰਮੇਂ ਤਜ਼ੁਰਬੇ ਤੋਂ ਖ਼ੂਬ ਸਮਝ ਲਿਆ ਹੈ ਕਿ ਇਹਨਾਂ ਦੀ ਬੁੱਧ ਆਪਣੇ ਸਵਾਰਥ ਦੀ ਦਾਸ ਹੈ। ਤੇ ਹੌਲੀ ਹੌਲੀ ਇਹਨਾਂ ਸਭਨਾਂ ਵਿਚੋਂ ਲੋਕਾਂ ਦਾ ਵਿਸ਼ਵਾਸ ਉੱਡਦਾ ਜਾ ਰਿਹਾ ਹੈ ਤੇ ਉਹ ਸ਼ਕਤੀ ਦਾ ਤੋੜ ਸ਼ਕਤੀ ਵਾਲਾ ਰਾਹ ਅਪਣਾਅ ਰਹੇ ਹਨ।
ਅਸੀਂ ਸਿਰਫ ਗੋਰੀ ਨੌਕਰਸ਼ਾਹੀ ਨੂੰ ਹੀ ਨਹੀਂ ਹਟਾਉਣਾ ਸੀ, ਰਾਜ ਦੇ ਇਸ ਦਮਨਕਾਰੀ ਢਾਂਚੇ ਨੂੰ ਵੀ ਬਦਲਣਾ ਸੀ ਤੇ ਨਾਲੇ ਇਸ ਸਮਾਜਿਕ ਪ੍ਰਬੰਧ ਨੂੰ ਬਦਲਣਾ ਸੀ, ਜਿਸ ਦਾ ਆਧਾਰ ਜਾਤਪਾਤ ਹੈ, ਜਿਸ ਵਿਚ ਹਰ ਮਿਹਨਤਕਸ਼ ਅਛੂਤ ਹੈ; ਜਿਸ ਦੇ ਰਹਿੰਦਿਆਂ ਧਰਮ ਨਿਰਪੱਖਤਾ ਤੇ ਰਾਸ਼ਟਰੀ ਏਕਤਾ ਦੀ ਗੱਲ ਕਰਨੀ ਬੇਈਮਾਨੀ ਹੈ; ਦੇਸ਼ ਦੇ ਉੱਜਲ ਭਵਿੱਖ ਦੇਖਣਾ, ਦਿਖਾਉਣਾ ਬੇਈਮਾਨੀ ਹੈ; ਤੇ ਇਸ ਦੇ ਹੁੰਦਿਆਂ ਸੱਚ ਤੇ ਅਹਿੰਸਾ ਦੀਆਂ ਗੱਲਾਂ ਕਰਨਾ ਥੋਥੀ ਕਲਾਕਾਰੀ ਹੈ। ਇਸ ਨੇ ਮਿਥਿਕ ਤੇ ਕਰੂਰਤਾ ਨੂੰ ਧਾਰਮਿਕ ਪਵਿੱਤਰਤਾ ਦਾ ਸਰੂਪ ਦਿੱਤਾ ਹੋਇਆ ਹੈ। ਇਸ ਦਾ ਨਾਸ਼ ਕਰਨ ਲਈ ਸਾਡੇ ਰਾਸ਼ਟਰੀ ਅੰਦੋਲਨ ਨੂੰ ਡਾਇਨਾਮਾਈਟ ਬਣਾਉਣਾ ਚਾਹੀਦਾ ਸੀ, ਪਰ ਬਣਾਇਆ ਵੀ ਤਾਂ ਕੀ ਬਣਾਇਆ ਸ਼ਾਂਤੀਪੂਰਣ ਸਤਿਆਗ੍ਰਹੀ। ਸਿੱਟਾ ਇਹ ਕਿ ਹਿੰਸਾ ਨੂੰ ਆਪਣੇ ਅੰਦਰ ਪੁਸ਼ਟ ਕਰਨ ਵਾਲੀ ਇਹ ਸਦੀਆਂ ਪੁਰਾਣੀ ਵਰਣ-ਵਿਵਸਥਾ ਜਿਵੇਂ ਦੀ ਤਿਵੇਂ ਰਹੀ। ਅਸੀਂ ਪੜ੍ਹਿਆ ਕਿ ਪਿਛਲੇ ਵਰ੍ਹੇ ਆਂਧਰਾ ਦੇ ਇਕ ਜ਼ਿਮੀਂਦਾਰ ਨੇ ਇਕ ਅਛੂਤ ਮੁੰਡੇ ਨੂੰ ਦਰਖ਼ਤ ਨਾਲ ਬੰਨ੍ਹ ਕੇ ਜਿਊਂਦਿਆਂ ਸਾੜ ਦਿੱਤਾ ਤੇ ਇਸ ਵਰ੍ਹੇ ਮਈ ਦੇ ਮਹੀਨੇ ਵਿਚ ਰਾਜਸਥਾਨ ਦੇ ਉਦਯਪੁਰ ਜਿਲ੍ਹੇ ਵਿਚ ਇਕ ਤਲਾਅ ਦੇ ਨਿਰਮਾਣ ਸਮੇਂ ਇਕ ਠੇਕੇਦਾਰ ਨੇ 2 ਸਾਲ ਦੇ ਮਜ਼ਦੂਰ ਬੱਚੇ ਦੀ ਬਲੀ ਚੜ੍ਹਾਈ। ਅਸਾਂ ਇਹ ਵੀ ਪੜ੍ਹਿਆ ਕਿ ਭੁੱਖ ਦੀ ਸਤਾਈ ਇਕ ਮਾਂ ਆਪਣੇ ਬੱਚੇ ਸਮੇਤ ਖ਼ੂਹ ਵਿਚ ਛਾਲ ਮਾਰ ਗਈ।...
25 ਦਸੰਬਰ 1968 ਨੂੰ ਇਕ ਖ਼ਬਰ ਆਈ ਕਿ ਤਮਿਲਨਾਡੂ ਦੇ ਥੰਜਾਵੁਰ ਜਿਲ੍ਹੇ ਦੇ ਕਿਲੇ ਵੇਨਿਯਾਨੀ ਪਿੰਡ ਦੇ ਜ਼ਿਮੀਂਦਾਰ ਨੇ ਹਥਿਆਰਬੰਦ ਆਦਮੀ ਲਿਜਾਅ ਕੇ ਖੇਤ-ਮਜ਼ਦੂਰਾਂ ਉੱਤੇ ਹਮਲਾ ਕੀਤਾ, ਉਹਨਾਂ ਦੀਆਂ ਝੌਂਪੜੀਆਂ ਨੂੰ ਅੱਗ ਲਾ ਦਿੱਤੀ। ਇਹਨਾਂ ਵਿਚ ਇਕ ਝੌਂਪੜੀ ਅਜਿਹੀ ਸੀ, ਜਿਸ ਵਿਚ ਵੀਹ ਔਰਤਾਂ, 19 ਬੱਚੇ ਤੇ ਤਿੰਨ ਬੁੱਢੇ ਇਸ ਹਮਲੇ ਦੇ ਭੈਅ ਕਾਰਣ ਲੁਕੇ ਹੋਏ ਸਨ। ਜ਼ਿਮੀਂਦਾਰ ਦੇ ਗੁੰਡਿਆਂ ਨੇ ਝੌਂਪੜੀ ਉੱਤੇ ਪੇਟਰੋਲ ਛਿਕ ਕੇ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਤੇ ਅੱਗ ਲਾ ਦਿੱਤੀ। ਬਿਆਲੀ ਦੇ ਬਿਆਲੀ ਜਣੇ ਮੱਚ ਕੇ ਮਰ ਗਏ।
ਕੀ 15 ਅਗਸਤ 1947 ਨੂੰ ਪ੍ਰਾਚੀਨਤਾ ਤੋਂ ਇਸੇ ਨਵੀਨਤਾ ਵੱਲ ਕਦਮ ਪੁੱਟਿਆ ਗਿਆ ਸੀ? ਇਹਨਾਂ ਖੇਤ-ਮਜ਼ਦੂਰਾਂ ਦਾ ਜਿਹਨਾਂ ਉੱਤੇ ਹਮਲਾ ਕੀਤਾ ਗਿਆ ਸੀ, ਗੁਨਾਹ ਸਿਰਫ ਇਹ ਸੀ ਕਿ ਉਹ ਕੱਟੀ ਜਾਣ ਵਾਲੀ ਫਸਲ ਦੇ ਹਰ 48 ਕਿਲੋ ਪਿੱਛੇ 5 ਕਿਲੋ ਦੀ ਬਜਾਏ ਛੇ ਕਿਲੋ ਧਾਈਂ ਦੀ ਮੰਗ ਕਰ ਰਹੇ ਸਨ। ਕੀ ਅੱਜ ਦੇ ਹਾਲਾਤ ਵਿਚ ਉਹਨਾਂ ਦੀ ਇਹ ਮੰਗ ਨਾਜਾਇਜ਼ ਹੈ? ਕੀ ਇਸ ਪ੍ਰਤੀਕਰਾਂਤੀਕਾਰੀ ਗ੍ਰਹਿਯੁੱਧ ਦਾ ਮੁਕਾਬਲਾ ਕਰਾਂਤੀਕਾਰੀ ਗ੍ਰਹਿ ਯੁੱਧ ਨਾਲ ਹੀ ਸੰਭਵ ਨਹੀਂ?...
ਅਗਲੇ ਦਿਨ ਐਵੇਂ ਹੀ ਸਬੱਬ ਨਾਲ ਮੈਂ 'ਗ੍ਰਾਮਉਦਯੋਗ ਪੱਤਰਿਕਾ' ਦੇਖ ਰਿਹਾ ਸਾਂ। ਉਸ ਵਿਚ ਇਕ ਲੇਖ ਸੀ—'ਕਰਾਂਤੀ ਕੇ ਤੀਨ ਪ੍ਰਕਾਸ਼ ਸਤੰਭ : ਮਾਰਕਸ, ਗਾਂਧੀ ਔਰ ਵਿਨੋਬਾ।' ਨਾਲ ਹੀ ਮਾਰਕਸ, ਗਾਂਧੀ ਤੇ ਵਿਨੋਬਾ ਦਾ ਇਕ ਅਜਿਹਾ ਚਿੱਤਰ ਬਣਾਇਆ ਹੋਇਆ ਸੀ, ਜਿਹਾ ਕਿ ਕੋਈ ਪੰਦਰਾਂ ਕੁ ਸਾਲ ਪਹਿਲਾਂ ਮਾਸਕੋ ਤੋਂ ਛਪ ਕੇ ਆਉਣ ਵਾਲੀਆਂ ਕਮਿਊਨਿਜ਼ਮ ਦੀਆਂ ਕਿਤਾਬਾਂ ਉੱਤੇ ਮਾਰਕਸ, ਏਂਜ਼ਲ, ਲੇਨਿਨ, ਸਤਾਲਿਨ ਦਾ ਬਣਿਆ ਹੁੰਦਾ ਸੀ।
ਮੈਂ ਲੇਖ ਦਾ ਹੈਡਿੰਗ ਪੜ੍ਹਿਆ ਤੇ ਚਿੱਤਰ ਦੇਖ ਕੇ ਮਨ ਹੀ ਮਨ ਮੁਸਕਰਾਇਆ।
ਸੋਚਿਆ, ਇਸ ਤੋਂ ਵੱਡਾ ਝੂਠ ਹੋਰ ਕਿਹੜਾ ਹੋ ਸਕਦਾ ਹੈ ਕਿ ਮਾਰਕਸ ਦੇ ਨਾਲ ਗਾਂਧੀ ਤੇ ਵਿਨੋਬਾ ਦਾ ਨਾਂ ਜੋੜਿਆ ਜਾਵੇ। ਇਸ ਤੋਂ ਜੇ ਕੋਈ ਗੱਲ ਸਿੱਧ ਹੁੰਦੀ ਹੈ ਤਾਂ ਇਹੀ ਕਿ ਗਾਂਧੀਵਾਦ ਨੂੰ ਜਿਉਂਦਿਆਂ ਰੱਖਣ ਲਈ ਹੁਣ ਬੁੱਧਵਾਦ ਤੇ ਟਾਲਸਟਾਏਵਾਦ ਦੀਆਂ ਡੰਗੋਰੀਆਂ ਕੰਮ ਨਹੀਂ ਦੇ ਰਹੀਆਂ ਤਾਂ ਇੰਜ ਨਵੀਆਂ ਬਣਾ ਲਓ।
ਲੇਨਿਨ ਦੇ ਕਥਨ ਅਨੁਸਾਰ ਰੂਸ ਵਿਚ ਟਾਲਸਟਾਏਵਾਦ 1905 ਦੀ ਅਸਫਲ ਕਰਾਂਤੀ ਪਿੱਛੋਂ ਸਮਾਪਤ ਹੋ ਗਿਆ ਸੀ ਕਿਉਂਕਿ ਹਾਰੀ ਹੋਈ ਫੌਜ ਵਾਂਗ ਹੀ ਹਾਰੀ ਹੋਈ ਜਨਤਾ ਵੀ ਵਧੇਰੇ ਕੁਝ ਸਿਖ ਜਾਂਦੀ ਹੈ। ਸਾਡੀ ਜਨਤਾ ਨੇ ਵੀ 'ਨਮਕ ਸਤਿਆਗ੍ਰਹਿ' ਦੀ ਹਾਰ ਪਿੱਛੋਂ ਖਾਸਾ ਕੁਝ ਸਿਖਿਆ ਤੇ ਗਾਂਧੀਵਾਦ ਰਾਹੀਂ ਲਿਆਂਦੀ ਗਈ ਇਸ ਆਜ਼ਾਦੀ ਨੂੰ ਦੇਖ ਪਰਖ ਕੇ ਵੀ ਸਿਖਿਆ। ਆਖ਼ਰ ਉਹ ਕਦੋਂ ਤਕ ਭਰਮ ਪਾਲਦੀ ਰਹੇਗੀ ਤੇ ਕਦੋਂ ਤੀਕ ਵਾਧੂ ਦਾ ਬੋਝ ਸਿਰਾਂ ਉੱਤੇ ਚੁੱਕੀ ਰੱਖੇਗੀ?
ਮਾਰਕਸ ਤੇ ਗਾਂਧੀ ਦਾ ਕੀ ਸੰਬੰਧ? ਗਾਂਧੀ ਰਾਮਰਾਜ ਦੀ—ਪਿੱਛੇ ਲਿਜਾਣ ਵਾਲੀ ਸੋਚ ਦੀ-ਗੱਲ ਕਰਦਾ ਹੈ। ਇਸ ਦੇ ਉਲਟ ਮਾਰਕਸ ਨੇ ਲੁੱਟੀ ਜਾ ਰਹੀ ਪੀੜਤ ਜਨਤਾ ਲਈ ਸਦੀਆਂ ਅੱਗੇ ਦੀ ਕਰਾਂਤੀਕਾਰੀ ਕਾਰਜ ਵਿਧੀ ਨੂੰ ਠੀਕ ਰਾਹ ਦੱਸਿਆ ਤੇ ਦੱਸਿਆ ਹੈ ਕਿ ਪੂੰਜੀਵਾਦੀ ਵਿਵਸਥਾ ਦੀ ਥਾਂ ਲਾਜ਼ਮੀ ਤੌਰ 'ਤੇ ਸਮਾਜਵਾਦੀ ਵਿਵਸਥਾ ਹੀ ਲਵੇਗੀ। ਮਾਰਕਸ ਦੀ ਇਹ ਭਵਿੱਖਬਾਣੀ ਸਾਡੀਆਂ ਅੱਖਾਂ ਸਾਹਮਣੇ ਸਿੱਧ ਵੀ ਹੋ ਰਹੀ ਹੈ।
ਬੁੱਧ, ਟਾਲਸਟਾਏ ਤੇ ਗਾਂਧੀ ਨੇ ਅਨਿਆਂ ਤੇ ਜ਼ੁਲਮ ਦੇ ਖ਼ਿਲਾਫ਼ ਲੜਨ ਲਈ ਬਲ-ਪ੍ਰਯੋਗ ਨੂੰ ਪਾਪ ਦੱਸਿਆ। ਇਸ ਦੇ ਵਿਪਰੀਤ ਮਾਰਕਸ ਨੇ ਕਿਹਾ ਕਿ ਜਦੋਂ ਪੁਰਾਣੇ ਸਮਾਜ ਦੇ ਗਰਭ ਵਿਚ ਕਰਾਂਤੀ ਪੱਕ ਚੁੱਕੀ ਹੋਵੇ ਤਾਂ ਬਲ-ਪ੍ਰਯੋਗ ਦਾਈ ਦਾ ਕੰਮ ਕਰਦਾ ਹੈ ਤੇ ਇਹੀ ਕਰਾਂਤੀ ਦਾ ਇਤਿਹਾਸਕ ਰਾਜਪਥ ਹੈ। 1928 ਵਿਚ ਜਦੋਂ ਮਾਰਕਸਵਾਦੀ ਵਿਚਾਰ ਸਾਡੇ ਦੇਸ਼ ਵਿਚ ਜੜ ਫੜ੍ਹ ਰਹੇ ਸਨ ਤਾਂ ਜਵਾਹਰ ਲਾਲ ਨਹਿਰੂ ਨੇ 12 ਦਸੰਬਰ ਨੂੰ ਬੰਬਈ ਪ੍ਰੇਸਿਡੈਂਸੀ ਦੇ ਯੁਵਕ ਸੰਮੇਲਨ ਵਿਚ ਕਿਹਾ ਸੀ...:
“ਜੇ ਤੁਹਾਡੇ ਵਿਚੋਂ ਕੋਈ ਇਹ ਮਹਿਸੂਸ ਕਰਦਾ ਹੈ ਕਿ ਅਸੀਂ ਸੱਤਾਧਾਰੀਆਂ ਦੇ ਅਧਿਕਾਰ ਮਿੱਠੇ ਤਰਕਾਂ ਤੇ ਬਹਿਸਾਂ ਨਾਲ ਲੈ ਸਕਦੇ ਹਾਂ, ਤਾਂ ਮੈਂ ਇਹੀ ਕਹਿ ਸਕਦਾ ਹਾਂ ਕਿ ਤੁਸੀਂ ਨਾ ਤਾਂ ਇਤਿਹਾਸ ਚੰਗੀ ਤਰ੍ਹਾਂ ਪੜ੍ਹਿਆ ਹੈ ਤੇ ਨਾ ਹੀ ਭਾਰਤ ਦੀਆਂ ਅਹਿ ਹੁਣੇ ਹੁਣੇ ਹੋਈਆਂ ਘਟਨਾਵਾਂ ਵੱਲ ਬਹੁਤਾ ਧਿਆਨ ਦਿੱਤਾ ਹੈ। ਸਾਡੇ ਸਾਹਮਣੇ ਜਿਹੜੀ ਸਮੱਸਿਆ ਹੈ, ਉਹ ਹੈ ਤਾਕਤ ਨੂੰ ਲੜ ਕੇ ਜਿੱਤਣ ਦੀ। ਅਸੀਂ ਆਪਣੀਆਂ ਕੌਂਸਿਲਾਂ ਤੇ ਅਸੈਂਬਲੀਆਂ ਵਿਚ ਦੇਖਦੇ ਹਾਂ ਕਿ ਉੱਥੇ ਤਰਕ ਤੇ ਬਹਿਸਾਂ ਦੀ ਬਾਹਰੀ ਤੜਕ ਭੜਕ ਹੁੰਦੀ ਹੈ ਤੇ ਉਸ ਉੱਤੇ ਵੀ ਸਰਕਾਰੀ ਬੁਲਾਰਿਆਂ ਦਾ ਬੇਹੁਦਾ ਅਪਮਾਨ ਭਰਪੂਰ ਤੇ ਅਸਹਿ ਅੰਕੁਸ਼ ਹੁੰਦਾ ਹੈ, ਉੱਥੇ ਹੋਣ ਵਾਲੇ ਵਧੀਆ ਭਾਸ਼ਣ, ਚਾਹੇ ਉਹ ਸਖ਼ਤ ਤੋਂ ਸਖ਼ਤ ਸ਼ਬਦਾਂ ਨਾਲ ਭਰੇ ਹੋਣ, ਸੱਤਾ ਦੀ ਕੁਰਸੀ ਉੱਤੇ ਕੋਈ ਪ੍ਰਭਾਵ ਨਹੀਂ ਦਿਖਾਉਂਦੇ। ਤੁਸੀਂ ਖੇਤਾਂ ਵਿਚ ਜਾਂ ਬਾਜ਼ਾਰਾਂ ਵਿਚ ਜਾਓ ਤਾਂ ਦੇਖੋਗੇ ਕਿ ਜਿੱਥੇ ਜਿੱਥੇ ਜਨਤਾ ਤੇ ਸਰਕਾਰ ਦੀਆਂ ਇੱਛਾਵਾਂ ਵਿਚਕਾਰ ਟਕਰਾਅ ਹੈ, ਉੱਥੇ ਲੋਕ ਕਿੰਨੇ ਵੀ ਸ਼ਾਂਤ ਕਿਉਂ ਨਾ ਹੋਣ, ਸਰਕਾਰ ਜਨਤਾ ਨੂੰ ਬਹਿਸ ਜਾਂ ਦਲੀਲ ਨਾਲ ਨਹੀਂ ਸਮਝਾਉਂਦੀ ਬਲਕਿ ਬੰਦੂਕ ਦੀ ਬੱਟ, ਪੁਲਿਸ ਦੇ ਡੰਡੇ, ਗੋਲੀਆਂ ਤੇ ਕਦੀ ਕਦੀ ਫੌਜੀ ਕਾਨੂੰਨ ਨਾਲ ਦਬਾਉਂਦੀ ਹੈ। ਅਜਿਹੀ ਪ੍ਰਸਥਿਤੀ ਵਿਚ ਬੁਨਿਆਦੀ ਤੱਥ ਬੰਦੂਕ ਤੇ ਡੰਡਾ ਹੁੰਦੇ ਹਨ। ਸਰਦ ਲੋਹੇ ਤੇ ਸੁੱਕੀ ਲਕੜੀ (ਹਿਰਦੇਹੀਣ ਵਸਤਾਂ) ਦੇ ਸਾਹਮਣੇ ਤੁਹਾਡੇ ਤਰਕ ਤੇ ਮਿੱਠੀਆਂ ਦਲੀਲਾਂ ਕਿੰਜ ਕੰਮ ਕਰਨਗੀਆਂ? ਜੇ ਤੁਸੀਂ ਇਹਨਾਂ (ਹਿਰਦੇਹੀਣਾ) ਨੂੰ ਜਿੱਤਨਾਂ ਚਾਹੁੰਦੇ ਹੋ ਤਾਂ ਤੁਹਾਨੂੰ ਦੂਜੇ ਤਰੀਕੇ ਇਸਤੇਮਾਲ ਕਰਨੇ ਪੈਣਗੇ, ਮੁਕਾਬਲੇ ਵਿਚ ਆਉਣ ਵਾਲੀਆਂ ਬੰਦੂਕਾਂ ਦੇ ਬੱਟਾਂ ਤੇ ਡੰਡਿਆਂ ਨਾਲੋਂ ਵੀ ਵੱਡੇ ਤੇ ਸ਼ਕਤੀਸ਼ਾਲੀ ਤਰੀਕੇ ਅਪਣਾਉਣੇ ਪੈਣਗੇ।”
ਪਰ ਅਸੀਂ ਦੇਖ ਚੁੱਕੇ ਹਾਂ ਕਿ ਨਾ ਕਦੀ ਕਾਂਗਰਸੀ ਨੇਤਾਵਾਂ ਨੇ ਇਹ ਤਰੀਕੇ ਇਸਤੇਮਾਲ ਕੀਤੇ ਤੇ ਨਾ ਡਾਂਗੇ-ਪੰਥੀ ਤੇ ਨੰਬੂਦਿਰੀਪਾਦ-ਪੰਥੀ ਦਸੌਰੀ-ਕਮਿਊਨਿਸਟਾਂ ਨੇ ਹੀ ਇਸਤੇਮਾਲ ਕੀਤੇ। ਸਿਰਫ ਸ਼ਬਦੀ-ਛਣਕਣਿਆ ਨਾਲ ਜਨਤਾ ਨੂੰ ਭਰਮਾਉਂਦੇ-ਬਹਿਕਾਉਂਦੇ ਰਹੇ। ਸਿੱਟਾ ਇਹ ਹੈ ਕਿ ਅੱਜ ਵੀ ਸਾਡਾ ਦੇਸ਼ ਉੱਥੇ ਹੀ ਹੈ ਜਿੱਥੇ 1857 ਵਿਚ ਸੀ—ਜਦੋਂ ਸਾਡੇ ਵੱਡੇ-ਵਡੇਰਿਆਂ ਨੇ ਵਿਦੇਸ਼ੀ ਸਾਮਰਾਜ ਨੂੰ ਪਹਿਲੀ ਵੇਰ ਲਲਕਾਰਿਆ ਸੀ ਤੇ ਆਜ਼ਾਦੀ ਹਾਸਿਲ ਕਰਨ ਦੀ ਕੋਸ਼ਿਸ਼ ਵਿਚ ਲੋਹੇ ਨਾਲ ਲੋਹਾ ਟਕਰਾਇਆ ਸੀ। ਉਸ ਪਿੱਛੋਂ 1859 ਵਿਚ ਅੰਗਰੇਜ਼ਾਂ ਨੇ ਜਿਹੜੀ ਰਾਜਸੱਤਾ ਕਾਇਮ ਕੀਤੀ ਉਸਨੂੰ ਕਾਂਗਰਸੀਆਂ ਜਾਂ ਕਮਿਊਨਿਸਟਾਂ ਨੇ ਕਦੀ ਕੋਈ ਗੰਭੀਰ ਲਲਕਰਾ ਨਹੀਂ ਮਾਰਿਆ।
ਇਹ ਕਰਾਂਤੀ ਹਥਿਆਰਬੰਦ-ਵਰਗ-ਸੰਘਰਸ਼ ਦੁਆਰਾ ਹੀ ਸੰਭਵ ਹੈ, ਖੇਤੀ-ਕਰਾਂਤੀ ਇਸਦੀ ਪਹਿਲੀ ਸ਼ਰਤ ਹੈ ਤੇ ਇਸਦੀ ਪ੍ਰਮੁੱਖ ਸ਼ਕਤੀ ਕਿਸਾਨ ਹਨ, ਜਿਹਨਾਂ ਮਜ਼ਦੂਰ-ਵਰਗ ਦੇ ਨੇਤਰਿਤਵ ਵਿਚ ਇਹ ਸੰਘਰਸ਼ ਲੜਨਾ ਹੈ। ਇਹ ਕਰਾਂਤੀ ਪਿੰਡਾਂ ਵਿਚੋਂ ਸ਼ੁਰੂ ਹੋ ਕੇ ਸ਼ਹਿਰਾਂ ਵੱਲ ਵਧੇਗੀ। ਇਸ ਕਰਾਂਤੀ ਦਾ ਨਿਸ਼ਾਨਾ ਹਨ (1) ਸਾਮੰਤਵਾਦੀ ਤੱਤ ਜਿਹਨਾਂ ਨੂੰ ਬ੍ਰਿਟਿਸ਼ ਸਾਮਰਾਜਵਾਦ ਨੇ ਆਪਣਾ ਸਹਿਯੋਗੀ ਬਣਾ ਕੇ ਪਾਲਿਆ। (2) ਵੱਡੇ ਪੂੰਜੀਪਤੀ ਜਿਹੜੇ ਸਾਮਰਾਜਵਾਦ ਦੇ ਦਲਾਲ ਜਾਂ ਹਿੱਸੇਦਾਰ ਬਣ ਗਏ ਹਨ ਤੇ (3) ਅਮਰੀਕੀ ਸਾਮਰਾਜਵਾਦ ਤੇ ਰੂਸੀ ਸਾਮਾਜਿਕ ਸਾਮਰਾਜਵਾਦ ਜਿਹੜਾ ਸਾਡੇ ਦੇਸ਼ ਨੂੰ ਨਵਉਪਨਿਵੇਸ਼ ਬਣਾਈ ਰੱਖਣਾ ਚਾਹੁੰਦਾ ਹੈ।
ਇਸ ਕਰਾਂਤੀ ਦੇ ਪੂਰਾ ਹੋ ਜਾਣ ਪਿੱਛੋਂ ਹੀ ਅਸੀਂ ਸਮਾਜਵਾਦ ਦੇ ਵੱਲ ਵਧ ਸਕਾਂਗੇ, ਨਹੀਂ ਤਾਂ ਨਹੀਂ—ਇਹੀ ਸਾਡੀ ਕਰਾਂਤੀ ਦੀ ਪਹਿਲੀ ਤੇ ਸਮਾਜਵਾਦ ਦੀ ਦੂਜੀ ਮੰਜ਼ਿਲ ਹੈ।
ਖੁਸ਼ੀ ਦੀ ਗੱਲ ਇਹ ਹੈ ਕਿ ਭਰਮ ਟੁੱਟ ਰਹੇ ਹਨ, ਜਨਤਾ ਨੇ ਆਪਣੇ ਮਿੱਤਰਾਂ ਨੂੰ ਪਛਾਨਣਾ ਸ਼ੁਰੂ ਕਰ ਦਿੱਤਾ ਹੈ ਤੇ ਉਹ ਸੰਘਰਸ਼ ਵਿਚ ਸ਼ਕਤੀ ਦਾ ਮੁਕਾਬਲਾ ਸ਼ਕਤੀ ਨਾਲ ਕਰਨ ਦੇ ਰਾਹ 'ਤੇ ਤੁਰ ਪਈ ਹੈ, ਪਰ ਇਹ ਸੰਘਰਸ਼ ਏਨਾ ਸਹਿਜ ਨਹੀਂ ਹੈ। ਸਾਨੂੰ  ਆਜ਼ਾਦੀ ਦੀ ਪਹਿਲੀ ਮੰਜ਼ਿਲ ਤਕ ਪਹੁੰਚ ਵਿਚ ਹੀ ਕਈ ਵਰ੍ਹੇ ਲੱਗ ਜਾਣੇ ਹਨ ਤੇ ਬਹੁਤ ਸਾਰੀਆਂ ਕੁਰਬਾਨੀਆਂ ਦੇਣੀਆਂ ਪੈਣੀਆਂ ਹਨ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅਸੀਂ ਭੂਤ ਤੇ ਭਵਿੱਖ ਵਿਚ ਦੂਰ ਤਕ ਝਾਕ ਕੇ ਦੇਖੀਏ ਤੇ ਇਕ ਨਰੋਆ ਦ੍ਰਿਸ਼ਟੀਕੋਣ ਲੈ ਕੇ ਤੁਰੀਏ। ਔਖੇ ਸੰਘਰਸ਼ਾਂ ਵਿਚ ਸਫਲਤਾ ਲਈ ਲੰਮੀ ਯੋਜਨਾ ਦੇ ਦ੍ਰਿੜ੍ਹ ਇਰਾਦੇ ਦੀ ਲੋੜ ਹੁੰਦੀ ਹੈ। 'ਪੰਚਤੰਤਰ' ਦੀ ਇਕ ਕਥਾ ਹੈ, ਜਿਸ ਵਿਚ ਬਦਲਾ ਲੈਣ ਦੀ ਭਾਵਨਾਂ ਨਾਲ ਸਮੁੰਦਰ ਨੂੰ ਸੁਕਾਅ ਦੇਣ ਦੀ ਗੱਲ ਆਉਂਦੀ ਹੈ ਤਾਂ ਨਰ ਪੰਛੀ ਮਾਦਾ ਨੂੰ ਕਹਿੰਦਾ ਹੈ...:
“ਪਿਆਰੀਏ, ਉਤਸਾਹ ਹੀ ਨਿਸ਼ਾਨੇ ਦੀ ਨੱਥ ਹੈ। ਮੇਰੀ ਚੁੰਝ ਲੋਹੇ ਵਰਗੀ ਹੈ ਤੇ ਰਾਤ-ਦਿਨ ਕਾਫੀ ਵੱਡੇ ਹਨ, ਫੇਰ ਸਮੁੰਦਰ ਕਿਵੇਂ ਨਾ ਸੁੱਕੂ?”
ਰਾਸ਼ਟਰਾਂ ਦੇ ਜੀਵਨ ਵਿਚ ਦਸ, ਵੀਹ, ਪੰਜਾਹ ਸਾਲ ਬਲਕਿ ਸਦੀਆਂ ਵੀ ਛਿਣਾ ਵਿਚ ਬੀਤ ਜਾਂਦੀਆਂ ਹਨ। ਰੁੱਖ ਆਪਣੇ ਲਈ ਨਹੀਂ, ਆਉਣ ਵਾਲੀਆਂ ਨਸਲਾਂ ਲਈ ਲਾਏ ਜਾਂਦੇ ਹਨ।
    --- --- ---

No comments:

Post a Comment