Sunday, June 19, 2011

ਵੱਡੇ ਵਡੇਰੇ :

    

ਵੱਡੇ ਵਡੇਰੇ


 


ਜਵਾਹਰ ਲਾਲ ਨਹਿਰੂ ਬਾਰੇ ਇਹ ਗੱਲ ਅਕਸਰ ਆਖੀ ਜਾਂਦੀ ਹੈ ਕਿ ਉਹ ਇਕ ਵੱਡੇ ਪਿਓ ਦੇ ਵੱਡੇ ਪੁੱਤਰ ਸਨ, ਇਸੇ ਕਰਕੇ ਦੇਸ਼ ਦੀ ਰਾਜਨੀਤੀ ਵਿਚ ਬੜੀ ਛੇਤੀ ਬੜੇ ਵੱਡੇ ਆਦਮੀ ਬਣ ਗਏ। ਇਸ ਵਿਚ ਸ਼ੱਕ ਨਹੀਂ ਕਿ ਮੋਤੀਲਾਲ ਨਹਿਰੂ ਦੇ ਵੱਡਾ ਆਦਮੀ ਹੋਣ ਕਰਕੇ ਹੀ ਜਵਾਹਰ ਲਾਲ ਨੂੰ ਵੀ ਵੱਡਾ ਆਦਮੀ ਬਣਨ ਵਿਚ ਪੂਰੀ ਮਦਦ ਮਿਲੀ; ਪਰ ਦੂਜੀ ਗੱਲ ਜਿਸਨੇ ਉਹਨਾਂ ਨੂੰ ਵੱਡਾ ਆਦਮੀ ਬਣਾਇਆ, ਇਕ ਇਤਿਹਾਸਕ ਰਹੱਸ ਹੈ—ਜਿਹੜਾ ਅਸੀਂ ਇਸ ਪੁਸਤਕ ਦੇ 'ਪਿਓ ਪੁੱਤਰ' ਕਾਂਢ ਵਿਚ ਖੋਹਲਾਂ-ਫਰੋਲਾਂਗੇ।
ਉਹਨਾਂ ਦੇ ਗੁਣਾ ਤੇ ਸੁਭਾਅ ਨੂੰ ਸਮਝਣ ਲਈ ਉਹਨਾਂ ਦੀ ਕੁਲ਼ ਤੇ ਖ਼ਾਨਦਾਨੀ ਬਾਰੇ ਜਾਣਨਾ-ਸਮਝਣਾ ਅਤੀ ਜ਼ਰੂਰੀ ਹੈ—ਕਿਉਂਕਿ ਕੁਲ਼ ਤੇ ਖ਼ਾਨਦਾਨ ਪੱਖੋਂ ਜਿਹੜੇ ਸੰਸਕਾਰ ਆਦਮੀ ਨੂੰ ਵਿਰਸੇ ਵਿਚ ਮਿਲਦੇ ਹਨ, ਜੇ ਉਹ ਕਿਸੇ ਖਾਸ ਪ੍ਰਸਥਿੱਤੀ ਜਾਂ ਸੰਘਰਸ਼ ਵਿਚ ਪੈ ਕੇ ਉਹਨਾਂ ਨੂੰ ਝਟਕ ਨਹੀਂ ਦੇਂਦਾ ਤਾਂ ਉਹਨਾਂ ਸੰਸਕਾਰਾਂ ਦੀ ਨੀਂਹ ਉੱਤੇ ਹੀ ਉਸਦੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ।
ਜਵਾਹਰ ਲਾਲ ਨਹਿਰੂ ਕੁਲ਼ ਦੇ ਨਾਤੇ ਕਸ਼ਮੀਰੀ ਪੰਡਿਤ ਸਨ। ਇਹ ਆਪਣੀ ਸੰਸਕ੍ਰਿਤ ਦੇ ਗਿਆਨ ਸਦਕਾ ਰਾਜ-ਦਰਬਾਰਾਂ ਵਿਚ ਆਦਰ-ਸਨਮਾਣ ਪ੍ਰਾਪਤ ਕਰਨ ਵਾਲਾ ਇਕ ਪ੍ਰੋਹਿਤ ਵਰਗ ਸੀ, ਜਿਸਨੂੰ ਅਸੀਂ ਅੱਜ ਕਲ੍ਹ ਦੀ ਪਰਿਭਾਸ਼ਾ ਵਿਚ ਰਾਜਭਗਤ-ਬੁੱਧੀਜੀਵੀ ਵਰਗ ਵੀ ਆਖ ਸਕਦੇ ਹਾਂ। ਜਦੋਂ ਮੁਸਲਮਾਨਾਂ ਦਾ ਰਾਜ ਆਇਆ ਤੇ ਫਾਰਸੀ ਦਰਬਾਰੀ ਭਾਸ਼ਾ ਬਣੀ ਤਾਂ ਇਹਨਾਂ ਲੋਕਾਂ ਨੇ ਝੱਟ ਫਾਰਸੀ ਪੜ੍ਹਨੀ ਸ਼ੁਰੂ ਕਰ ਦਿੱਤੀ। ਇਸੇ ਕਰਕੇ ਜਵਾਹਰ ਲਾਲ ਨਹਿਰੂ ਕਾ ਇਕ ਵੱਡਾ-ਵਡੇਰਾ ਜਿਸਦਾ ਨਾਂ ਰਾਜਕੌਲ ਸੀ, ਕੋਈ ਢਾਈ ਸੌ ਸਾਲ ਪਹਿਲਾਂ ਅਠਾਰਵੀਂ ਸਦੀ ਦੇ ਸ਼ੁਰੂ ਵਿਚ, ਕਸ਼ਮੀਰ ਛੱਡ ਕੇ, ਆਪਣੇ ਪਰਿਵਾਰ ਸਮੇਤ ਦਿੱਲੀ ਆਣ ਵੱਸਿਆ ਸੀ। ਉਹ ਸੰਸਕ੍ਰਿਤ ਤੇ ਫਾਰਸੀ ਦਾ ਮੰਨਿਆ-ਪ੍ਰਮੰਨਿਆ ਵਿਦਵਾਨ ਸੀ। ਇਹ ਮੁਗ਼ਲ ਸਾਮਰਾਜ ਦੇ ਪਤਨ ਦੇ ਦਿਨ ਸਨ। ਔਰੰਗਜੇਬ ਮਰ ਚੁੱਕਿਆ ਸੀ ਤੇ ਫਰੁੱਖ਼ਸੀਅਰ ਬਾਦਸ਼ਾਹ ਸੀ। ਇਕ ਵਾਰੀ ਜਦੋਂ ਉਹ ਕਸ਼ਮੀਰ ਗਿਆ ਤਾਂ ਉਸਦੀ ਨਿਗਾਹ ਰਾਜਕੌਲ 'ਤੇ ਪਈ। ਉਸੇ ਦੇ ਕਹਿਣ 'ਤੇ 1716 ਦੇ ਆਸ-ਪਾਸ ਕੌਲ ਪਰਿਵਾਰ ਦਿੱਲੀ ਆ ਗਿਆ। ਬਾਦਸ਼ਾਹ ਨੇ ਉਹਨਾਂ ਨੂੰ ਇਕ ਬੜੀ ਵੱਡੀ ਜਾਗੀਰ ਦੇ ਇਲਾਵਾ, ਇਕ ਮਕਾਨ ਵੀ ਦਿੱਤਾ-ਜਿਹੜਾ ਨਹਿਰ ਦੇ ਕਿਨਾਰੇ ਬਣਿਆ ਹੋਇਆ ਸੀ ਤੇ ਇਸੇ ਕਰਕੇ ਲੋਕ ਉਹਨਾਂ ਨੂੰ 'ਨਹਿਰੂ' ਕਹਿਣਾ ਲਗ ਪਏ ਸਨ—ਹੌਲੀ ਹੌਲੀ 'ਕੌਲ' ਝੜ ਗਿਆ ਤੇ 'ਨਹਿਰੂ' ਉਹਨਾਂ ਨਾਲ ਪੱਕੇ ਤੌਰ 'ਤੇ ਜੁੜ ਗਿਆ।
ਜਿਵੇਂ-ਜਿਵੇਂ ਮੁਗ਼ਲਾਂ ਦੀ ਚੜ੍ਹਤ ਲੱਥਦੀ ਗਈ, ਨਹਿਰੂ ਪਰਿਵਾਰ ਦੀ ਜਾਗੀਰ ਵੀ ਘਟਦੀ-ਘਟਦੀ ਖ਼ਤਮ ਹੋਣ ਵਾਲੀ ਹੋ ਗਈ। ਜਵਾਹਰ ਲਾਲ ਦੇ ਪੜਦਾਦੇ ਲਕਸ਼ਮੀ ਨਾਰਾਇਣ ਨਹਿਰੂ ਨੇ ਹਵਾ ਦੇ ਰੁਖ਼ ਨੂੰ ਪਛਾਣਿਆ ਤੇ ਮੁਗ਼ਲਾਂ ਦੀ ਬਜਾਏ ਅੰਗਰੇਜ਼ਾਂ ਦੀ ਨੌਕਰੀ ਕਰ ਲਈ। ਉਹ ਦਿੱਲੀ ਦਰਬਾਰ ਵਿਚ ਕੰਪਨੀ ਸਰਕਾਰ ਦੇ ਪਹਿਲੇ ਵਕੀਲ ਨਿਯੁਕਤ ਹੋਏ ਸਨ।
ਜਵਾਹਰ ਲਾਲ ਦੇ ਦਾਦਾ ਗੰਗਾਧਰ ਨਹਿਰੂ 1857 ਦੇ ਆਜ਼ਾਦੀ ਸੰਗਰਾਮ ਤੋਂ ਕੁਝ ਚਿਰ ਪਹਿਲਾਂ ਤਕ ਦਿੱਲੀ ਦੇ ਕੋਤਵਾਲ ਹੁੰਦੇ ਸਨ। 1861 ਵਿਚ ਜਦੋਂ ਉਹ 34 ਸਾਲ ਦੇ ਭਰਪੂਰ ਜਵਾਨ ਆਦਮੀ ਸਨ ਤਾਂ ਅਚਾਨਕ ਉਹਨਾਂ ਦੀ ਅਕਾਲ ਮਿਰਤੂ ਹੋ ਗਈ। 'ਮੇਰੀ ਕਹਾਣੀ' ਵਿਚ ਜਵਾਹਰ ਲਾਲ ਨੇ ਲਿਖਿਆ ਹੈ : “ਮੇਰੇ ਦਾਦਾਜੀ ਦੀ ਇਕ ਛੋਟੀ ਜਿਹੀ ਤਸਵੀਰ ਸਾਡੇ ਕੋਲ ਹੈ, ਜਿਸ ਵਿਚ ਉਹਨਾਂ ਮੁਗ਼ਲਾਂ ਦਾ ਦਰਬਾਰੀ ਲਿਬਾਸ ਪਾਇਆ ਹੋਇਆ ਹੈ ਤੇ ਹੱਥ ਵਿਚ ਇਕ ਕੁੰਢੀ ਤਲਵਾਰ ਫੜੀ ਹੋਈ ਹੈ। ਉਸ ਵਿਚ ਉਹ ਕਿਸੇ ਮੁਗ਼ਲ ਸਰਦਾਰ ਵਰਗੇ ਲੱਗਦੇ ਹਨ। ਹਾਲਾਂਕਿ ਸ਼ਕਲ-ਸੂਰਤ ਉਹਨਾਂ ਦੀ ਕਸ਼ਮੀਰੀਆਂ ਵਰਗੀ ਹੀ ਸੀ।”
ਮੋਤੀਲਾਲ ਦਾ ਜਨਮ ਪਿਤਾ ਦੀ ਮੌਤ ਤੋਂ ਤਿੰਨ ਮਹੀਨੇ ਪਿੱਛੋਂ 6 ਮਈ 1861 ਨੂੰ ਆਗਰੇ ਵਿਚ ਹੋਇਆ। 1857 ਤੋਂ ਬਾਅਦ ਬਹੁਤ ਸਾਰੇ ਪਰਿਵਾਰ ਦਿੱਲੀ ਛੱਡ ਕੇ ਇਧਰ-ਉਧਰ ਚਲੇ ਗਏ ਸਨ। ਇਸੇ ਹਿਲਜੁਲ ਵਿਚ ਨਹਿਰੂ ਪਰਿਵਾਰ ਵੀ ਦਿੱਲੀ ਤੋਂ ਆਗਰੇ ਆ ਗਿਆ ਸੀ। ਮੋਤੀਲਾਲ ਦੇ ਦੋ ਭਰਾ ਹੋਰ ਸਨ, ਜਿਹੜੇ ਉਮਰ ਵਿਚ ਏਨੇ ਵੱਡੇ ਸਨ ਕਿ ਮੋਤੀਲਾਲ ਦੇ ਜਨਮ ਸਮੇਂ ਉਹ ਦੋਵੇਂ ਜਵਾਨ ਸਨ। ਹੁਣ ਉਹਨਾਂ ਲੋਕਾਂ ਨੇ ਫਾਰਸੀ ਦੇ ਨਾਲ ਨਾਲ ਅੰਗਰੇਜ਼ੀ ਪੜ੍ਹਨੀ ਵੀ  ਸ਼ੁਰੂ ਕਰ ਦਿੱਤੀ ਸੀ। ਦਿੱਲੀ ਤੋਂ ਆਗਰੇ ਆਉਂਦਿਆਂ ਕੁਝ ਅੰਗਰੇਜ਼ ਸਿਪਾਹੀਆਂ ਨੇ ਉਹਨਾਂ ਨੂੰ ਘੇਰ ਲਿਆ—ਦੋਵਾਂ ਭਰਾਵਾਂ ਦੀ ਅੰਗਰੇਜ਼ੀ-ਸਿਖਿਆ ਤੇ ਖ਼ਾਨਦਾਨੀ-ਰਾਜਭਗਤੀ ਸਦਕਾ ਹੀ ਪਰਿਵਾਰ ਦੀ ਜਾਨ ਬਚ ਸਕੀ ਸੀ।
ਆਗਰੇ ਪਹੁੰਚ ਕੇ ਥੋੜ੍ਹੇ ਦਿਨਾਂ ਬਾਅਦ ਹੀ ਮੋਤੀਲਾਲ ਦੇ ਵੱਡੇ ਭਰਾ ਬੰਸੀਧਰ ਬ੍ਰਿਟਿਸ਼ ਸਰਕਾਰ ਦੇ ਨਿਆਂ ਵਿਭਾਗ ਵਿਚ ਨੌਕਰ ਹੋ ਗਏ। ਨੌਕਰੀ ਕਾਰਣ, ਜਗ੍ਹਾ-ਜਗ੍ਹਾ, ਉਹਨਾਂ ਦੀ ਬਦਲੀ ਹੁੰਦੀ ਰਹਿੰਦੀ ਸੀ, ਜਿਸ ਕਰਕੇ ਪਰਿਵਾਰ ਨਾਲੋਂ ਉਹਨਾਂ ਦਾ ਸੰਬੰਧ ਟੁੱਟ ਜਿਹਾ ਗਿਆ ਸੀ। ਜਵਾਹਰ ਲਾਲ ਦੇ ਛੋਟੇ ਤਾਊ ਨੰਦਲਾਲ ਨਹਿਰੂ ਰਾਜਪੁਤਾਨਾ ਦੀ ਇਕ ਛੋਟੀ ਜਿਹੀ ਰਿਆਸਤ ਖੇਤੜੀ ਦੇ ਕੋਈ ਦਸ ਕੁ ਸਾਲ ਦੀਵਾਨ ਰਹੇ। ਬਾਅਦ ਵਿਚ ਉਹਨਾਂ ਨੌਕਰੀ ਛੱਡ ਕੇ ਕਾਨੂੰਨ ਪੜ੍ਹਿਆ ਤੇ ਆਗਰੇ ਵਿਚ ਵਕਾਲਤ ਸ਼ੁਰੂ ਕਰ ਦਿੱਤੀ। ਜਦੋਂ ਹਾਈਕੋਰਟ ਆਗਰੇ ਤੋਂ ਇਲਾਹਾਬਾਦ ਚਲਾ ਗਿਆ ਤਾਂ ਨਹਿਰੂ ਪਰਿਵਾਰ ਵੀ ਇਲਾਹਾਬਾਦ ਜਾ ਵੱਸਿਆ।
ਮੋਤੀਲਾਲ ਨਹਿਰੂ ਦਾ ਪਾਲਨ-ਪੋਸ਼ਣ ਇਸੇ ਦੂਜੇ ਭਰਾ ਨੰਦਲਾਲ ਨਹਿਰੂ ਨੇ ਕੀਤਾ। ਬੱਚਿਆਂ ਵਿਚ ਸਭਨਾਂ ਤੋਂ ਛੋਟੇ ਹੋਣ ਕਰਕੇ ਮੋਤੀਲਾਲ ਸੁਭਾਵਿਕ ਹੀ ਮਾਂ ਦੇ ਲਾਡਲੇ ਸਨ। ਜਵਾਹਰ ਲਾਲ ਨੇ 'ਮੇਰੀ ਕਹਾਣੀ' ਵਿਚ ਦਾਦੀ ਦਾ ਇਹ ਸ਼ਬਦ ਚਿੱਤਰ ਪੇਸ਼ ਕੀਤਾ ਹੈ : “ਉਹ ਖਾਸੇ ਬਿਰਧ ਸਨ ਪਰ ਬੜੇ ਹੀ ਦਬੰਗ ਸਨ। ਕਿਸੇ ਦੀ ਮਜ਼ਾਲ ਨਹੀਂ ਸੀ ਕਿ ਉਹਨਾਂ ਦੀ ਗੱਲ ਨੂੰ ਟੁੱਕ ਦਏ। ਉਹਨਾਂ ਨੂੰ ਮਰਿਆਂ ਹੁਣ ਪੰਜਾਹ ਵਰ੍ਹੇ ਹੋ ਚੱਲੇ ਹਨ, ਪਰ ਬਜ਼ੁਰਗ ਕਸ਼ਮੀਰੀ ਔਰਤਾਂ ਅੱਜ ਵੀ ਉਹਨਾਂ ਨੂੰ ਯਾਦ ਕਰਦੀਆਂ ਹਨ ਤੇ ਕਹਿੰਦੀਆਂ ਹਨ ਕਿ 'ਉਹ ਬੜੀ ਜ਼ੋਰਦਾਰ ਜ਼ਨਾਨੀ ਸੀ। ਜੇ ਕਿਸੇ ਨੇ ਉਹਦੀ ਮਰਜ਼ੀ ਦੇ ਖ਼ਿਲਾਫ਼ ਕੋਈ ਕੰਮ ਕੀਤਾ ਤਾਂ ਸਮਝੋ ਮਾਰਿਆ ਗਿਆ'।”
ਮੋਤੀਲਾਲ ਪਹਿਲਾਂ ਕਾਨ੍ਹਪੁਰ ਵਿਚ ਤੇ ਫੇਰ ਇਲਾਹਾਬਾਦ ਵਿਚ ਪੜ੍ਹਦੇ ਰਹੇ। ਪੜ੍ਹਨ ਲਿਖਣ ਦੀ ਬਜਾਏ ਖੇਡਾਂ ਵਿਚ ਵਧੇਰੇ ਦਿਲਚਸਪੀ ਸੀ ਉਹਨਾਂ ਨੂੰ। ਕਾਲਜ ਵਿਚ ਉਹ ਧੱਕੜ-ਮੁੰਡਿਆਂ ਦੇ ਗਰੁੱਪ ਦੇ ਆਗੂ ਸਮਝੇ ਜਾਂਦੇ ਸਨ। 'ਮੇਰੀ ਕਹਾਣੀ' ਵਿਚ ਜਵਾਹਰ ਲਾਲ ਨੇ ਲਿਖਿਆ ਹੈ : “ਉਹਨਾਂ ਦਾ ਝੁਕਾਅ ਪੱਛਮੀ ਲਿਬਾਸ ਵੱਲ ਹੋ ਗਿਆ ਸੀ ਤੇ ਉਹ ਵੀ ਉਸ ਸਮੇਂ ਜਦਕਿ ਹਿੰਦੁਸਤਾਨ ਵਿਚ ਕਲਕੱਤੇ ਤੇ ਬੰਬਈ ਵਰਗੇ ਵੱਡੇ ਸ਼ਹਿਰਾਂ ਨੂੰ ਛੱਡ ਕੇ ਕਿਤੇ ਵੀ ਇਸਦਾ ਰਿਵਾਜ਼ ਨਹੀਂ ਸੀ ਆਇਆ। ਉਹ ਤੇਜ-ਮਿਜਾਜ਼ ਤੇ ਅੱਖੜ ਸਨ, ਤਾਂਵੀ ਉਹਨਾਂ ਦੇ ਅੰਗਰੇਜ਼ ਪ੍ਰੋਫ਼ੈਸਰ ਉਹਨਾਂ ਨੂੰ ਬੜਾ ਚਾਹੁੰਦੇ ਸਨ ਤੇ ਅਕਸਰ ਮੁਸ਼ਕਿਲਾਂ ਵਿਚੋਂ ਬਚਾਅ ਵੀ ਲੈਂਦੇ ਹੁੰਦੇ ਸਨ। ਉਹ ਉਹਨਾਂ ਦੀ ਸਪਿਰਟ ਨੂੰ ਪਸੰਦ ਕਰਦੇ ਸਨ। ਉਹਨਾਂ ਦੀ ਬੁੱਧੀ ਤੇਜ ਸੀ ਤੇ ਕਦੀ-ਕਦੀ ਇਕਦਮ ਜ਼ੋਰ ਮਾਰ ਕੇ ਉਹ ਕਲਾਸ ਵਿਚ ਵੀ ਆਪਣਾ ਕੰਮ ਠੀਕ-ਠਾਕ ਚਲਾ ਲੈਂਦੇ ਸਨ।”
ਮੋਤੀਲਾਲ ਨੇ ਮੈਟ੍ਰਿਕ ਦਾ ਇਮਤਿਹਾਨ ਇਲਾਹਾਬਾਦ ਤੋਂ ਪਾਸ ਕੀਤਾ, ਪਰ ਬੀ.ਏ. ਦਾ ਇਮਤਿਹਾਨ ਦੇਣ ਲਈ ਆਗਰੇ ਜਾਣਾ ਪਿਆ। ਪਹਿਲਾ ਪਰਚਾ ਹੀ ਮਨ ਮੁਤਾਬਿਕ ਨਹੀਂ ਆਇਆ; ਇਸ ਲਈ ਇਮਤਿਹਾਨ ਛੱਡ ਕੇ ਤਾਜ ਮਹੱਲ ਦੇਖਣ ਤੁਰ ਗਏ। ਇਸ ਪਿੱਛੋਂ ਬੀ.ਏ. ਪਾਸ ਕਰਨ ਦੀ ਨੌਬਤ ਹੀ ਨਹੀਂ ਆਈ।
ਉਹਨਾਂ ਦੀ ਰੁਚੀ ਕਾਨੂੰਨ ਵਿਚ ਸੀ। ਵਕਾਲਤ ਦਾ ਇਮਤਿਹਾਨ ਦਿੱਤਾ ਤੇ ਅੱਵਲ ਦਰਜੇ ਵਿਚ ਸਫਲ ਹੋਏ। ਕਾਨ੍ਹਪੁਰ ਦੀ ਅਦਾਲਤ ਵਿਚ ਵਕਾਲਤ ਸ਼ੁਰੂ ਕੀਤਾ ਤੇ ਏਨੀ ਲਗਨ ਤੇ ਮਿਹਨਤ ਨਾਲ ਕੰਮ ਕੀਤਾ ਕਿ ਥੋੜ੍ਹੇ ਦਿਨਾਂ ਵਿਚ ਹੀ ਆਪਣੀ ਕਾਬਲੀਅਤ ਦਾ ਸਿੱਕਾ ਜਮਾ ਦਿੱਤਾ। ਹੁਣ ਵੀ ਉਹ ਖੇਡ-ਤਮਾਸ਼ਿਆਂ ਦੇ ਸ਼ੌਕੀਨ ਸਨ ਤੇ ਕੁਸ਼ਤੀਆਂ ਵਿਚ ਖਾਸੀ ਦਿਲਚਸਪੀ ਸੀ ਉਹਨਾਂ ਨੂੰ।
ਤਿੰਨ ਸਾਲ ਬਾਅਦ ਉਹ ਵੀ ਕਾਨ੍ਹਪੁਰ ਤੋਂ ਇਲਾਹਾਬਾਦ ਆ ਗਏ ਤੇ ਹਾਈਕੋਰਟ ਵਿਚ ਵਕਾਲਤ ਸ਼ੁਰੂ ਕਰ ਦਿੱਤੀ। ਇਹਨੀਂ ਦਿਨੀ ਵੱਡੇ ਭਰਾ ਨੰਦਲਾਲ ਦੀ ਅਚਾਨਕ ਮੌਤ ਹੋ ਗਈ। ਹੁਣ ਸਾਰੇ ਪਰਿਵਾਰ ਦਾ ਭਾਰ ਮੋਤੀਲਾਲ ਦੇ ਮੋਢਿਆਂ ਉੱਤੇ ਆਣ ਪਿਆ।
ਉਹ ਆਪਣੇ ਪੇਸ਼ੇ ਵਿਚ ਜੀਅ ਜਾਨ ਨਾਲ ਜੁਟ ਗਏ। ਵੱਡੇ ਭਰਾ ਦੇ ਲਗਭਗ ਸਾਰੇ ਕੇਸ ਉਹਨਾਂ ਨੂੰ ਮਿਲ ਗਏ ਤੇ ਉਹਨਾਂ ਵਿਚ ਖ਼ੂਬ ਸਫਲਤਾ ਵੀ ਮਿਲੀ। ਛੋਟੀ ਜਿਹੀ ਉਮਰ ਵਿਚ ਆਪਣੇ ਪੇਸ਼ੇ ਵਿਚ ਉਹਨਾਂ ਨੇ ਏਨਾ ਨਾਂ ਖੱਟਿਆ ਕਿ ਮੁਕੱਦਮੇ ਧੜਾਧੜ ਆਉਣ ਲੱਗ ਪਏ ਤੇ ਰੁਪਈਆਂ ਦਾ ਮੀਂਹ ਵਰ੍ਹਣਾ ਸ਼ੁਰੂ ਹੋ ਗਿਆ। ਹੁਣ ਉਹਨਾਂ ਖੇਡ ਤਮਾਸ਼ਿਆਂ ਤੇ ਹੋਰਨਾਂ ਗੱਲਾਂ ਵੱਲੋਂ ਮਨ ਹਟਾਅ ਕੇ ਆਪਣਾ ਪੂਰਾ ਧਿਆਨ ਵਕਾਲਤ ਵਿਚ ਲਾ ਦਿੱਤਾ ਸੀ। ਕਾਂਗਰਸ ਚਾਹੇ ਉਹਨੀਂ ਦਿਨੀ ਮੱਧ ਵਰਗ ਦੇ ਪੜ੍ਹੇ-ਲਿਖੇ ਲੋਕਾਂ, ਡਾਕਟਰਾਂ ਤੇ ਵਕੀਲਾਂ ਦੀ ਜਮਾਤ ਹੀ ਸੀ, ਪਰ ਮੋਤੀਲਾਲ ਨੇ ਇਸ ਪਾਸੇ ਰਤਾ ਵੀ ਧਿਆਨ ਨਹੀਂ ਸੀ ਦਿੱਤਾ। ਪੁੱਤਰ ਲਿਖਦਾ ਹੈ :
“ਸਾਧਾਰਣ ਅਰਥਾਂ ਵਿਚ ਉਹ ਜ਼ਰੂਰ ਰਾਸ਼ਟਰਵਾਦੀ ਸਨ। ਮਗਰ ਉਹ ਅੰਗਰੇਜ਼ਾਂ ਤੇ ਉਹਨਾਂ ਦੇ ਤੌਰ-ਤਰੀਕਿਆਂ ਦੇ ਕਦਰਦਾਨ ਸਨ। ਉਹਨਾਂ ਦਾ ਇਹ ਖ਼ਿਆਲ ਬਣ ਗਿਆ ਸੀ ਕਿ ਸਾਡੇ ਦੇਸ਼ਵਾਸੀ ਹੇਠਾਂ ਵੱਲ ਜਾ ਰਹੇ ਹਨ ਤੇ ਉਹ ਜਿਸ ਹਾਲਤ ਵਿਚ ਹਨ, ਕਾਫੀ ਹੱਦ ਤਕ ਉਸੇ ਦੇ ਲਾਇਕ ਵੀ ਹਨ। ਜਿਹੜੇ ਰਾਜਨੀਤਕ ਲੋਕ ਸਿਰਫ ਗੱਲਾਂ ਹੀ ਕਰਦੇ ਹਨ, ਕਰਦੇ-ਕਰਾਂਦੇ ਕੁਛ ਵੀ ਨਹੀਂ, ਉਹਨਾਂ ਨਾਲ ਉਹ ਮਨ ਹੀ ਮਨ ਕੁਛ ਨਫ਼ਰਤ-ਜਿਹੀ ਕਰਦੇ ਸਨ। ਹਾਲਾਂਕਿ ਉਹ ਇਹ ਨਹੀਂ ਸੀ ਜਾਣਦੇ ਕਿ ਇਸ ਨਾਲੋਂ ਵਧ ਹੋਰ ਕਰ ਹੀ ਕੀ ਸਕਦੇ ਸਨ ਉਹ? ਹਾਂ, ਇਕ ਹੋਰ ਖ਼ਿਆਲ ਵੀ ਉਹਨਾਂ ਦੇ ਦਿਮਾਗ਼ ਵਿਚ ਸੀ, ਜਿਹੜਾ ਉਹਨਾਂ ਦੀ ਕਾਮਯਾਬੀ ਦੇ ਨਸ਼ੇ ਵਿਚੋਂ ਪੈਦਾ ਹੋਇਆ ਸੀ। ਉਹ ਇਹ ਕਿ ਜਿਹੜੇ ਰਾਜਨੀਤੀ ਵਿਚ ਪਏ ਹੋਏ ਹਨ, ਉਹਨਾਂ ਵਿਚੋਂ ਬਹੁਤੇ—ਸਾਰੇ ਨਹੀਂ—ਉਹ ਲੋਕ ਹਨ ਜਿਹੜੇ ਆਪਣੇ ਜੀਵਨ ਵਿਚ ਫੇਲ੍ਹ ਹੋ ਚੁੱਕੇ ਹਨ।”
ਖ਼ੈਰ, ਜਿਵੇਂ-ਜਿਵੇਂ ਆਮਦਨ ਵਧ ਰਹੀ ਸੀ, ਰਹਿਣ-ਸਹਿਣ ਵਿਚ ਪ੍ਰੀਵਰਤਨ ਆ ਰਿਹਾ ਸੀ। ਮੋਤੀਲਾਲ ਦਲੇਰ ਸੁਭਾਅ ਦੇ ਸ਼ਾਹ ਖ਼ਰਚ ਆਦਮੀ ਸਨ, ਨਾਲੇ ਉਹਨਾਂ ਨੂੰ ਆਪਣੇ ਆਪ ਉੱਤੇ ਇਹ ਭਰੋਸਾ ਸੀ ਕਿ ਉਹ ਜਿੰਨਾ ਖ਼ਰਚ ਕਰਨਗੇ, ਉਸ ਨਾਲੋਂ ਕਿਤੇ ਵੱਧ ਗੱਲਾਂ-ਗੱਲਾਂ ਵਿਚ ਹੀ ਕਮਾਅ ਵੀ ਲੈਣਗੇ। ਨਤੀਜਾ ਇਹ ਹੋਇਆ ਕਿ ਪਰਿਵਾਰ ਦਾ ਜੀਵਨ ਦੇਖਦੇ-ਦੇਖਦੇ ਪੂਰੀ ਤਰ੍ਹਾਂ ਵਿਲਾਇਤੀ ਸਾਂਚੇ ਵਿਚ ਢਲ ਗਿਆ।
ਇਸੇ ਵਾਤਾਵਰਣ ਵਿਚ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ, 1889 ਨੂੰ ਹੋਇਆ।
    --- --- ---

No comments:

Post a Comment