Friday, June 3, 2011

ਦਾਰਸ਼ਨਿਕ ਵਿਚਾਰ


    ਦਾਰਸ਼ਨਿਕ ਵਿਚਾਰ
ਇਕ ਵਾਰੀ ਅਮਰੀਕਾ ਦੇ ਇਕ ਪ੍ਰਕਾਸ਼ਕ ਨੇ ਆਪਣੇ ਇਕ ਸੰਗ੍ਰਹਿ ਲਈ ਜਵਾਹਰ ਲਾਲ ਤੋਂ ਉਹਨਾਂ ਦੇ ਜੀਵਨ-ਦਰਸ਼ਨ ਉਪਰ ਇਕ ਲੇਖ ਮੰਗਿਆ ਸੀ। 'ਹਿੰਦੁਸਤਾਨ ਦੀ ਕਹਾਣੀ' ਵਿਚ ਇਸ ਗੱਲ ਦੀ ਚਰਚਾ ਕਰਦਿਆਂ ਉਹਨਾਂ ਲਿਖਿਆ ਹੈ : “ਇਹ ਖ਼ਿਆਲ ਮੈਨੂੰ ਅੱਛਾ ਲੱਗਿਆ, ਲੇਕਿਨ ਮੈਂ ਪਸ਼ੋਪੇਸ਼ ਵਿਚ ਫਸ ਗਿਆ ਤੇ ਜਿੰਨਾ ਹੀ ਮੈਂ ਇਸ ਬਾਰੇ ਗੌਰ ਕੀਤੀ, ਮੇਰੀ ਪਸ਼ੋਪੇਸ਼ ਵਿਚ ਵਾਧਾ ਹੁੰਦਾ ਗਿਆ, ਆਖ਼ਿਰਕਾਰ ਮੈਂ ਇਹ ਮਜ਼ਮੂਨ ਨਹੀਂ ਲਿਖਿਆ।”
ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜਾ 'ਖ਼ਿਆਲ ਅੱਛਾ ਲੱਗਿਆ', ਉਸਨੂੰ 'ਆਖ਼ਿਰਕਾਰ' ਟਾਲ ਕਿਉਂ ਦਿੱਤਾ ਗਿਆ? ਇਸ ਪਸ਼ੋਪੇਸ਼ ਦਾ, ਜਾਂ ਛਿਛੋਪੰਜ ਦਾ, ਜਿਹੜੀ ਸੋਚਣ ਨਾਲ ਵਧਦੀ ਹੀ ਗਈ, ਕਾਰਣ ਕੀ ਸੀ?
ਹੁਣ ਜਦੋਂ ਅਸੀਂ ਜਵਾਹਰ ਲਾਲ ਦੇ ਜੀਵਨ ਦਾ ਅਧਿਅਨ ਕਰ ਲਿਆ ਹੈ, ਉਹਨਾਂ ਦੇ ਵਰਗ-ਸੁਭਾਅ ਨੂੰ ਤੇ ਰਾਸ਼ਟਰੀ-ਅੰਦੋਲਨ ਵਿਚ ਉਹਨਾਂ ਦੀ ਭੂਮਿਕਾ ਨੂੰ ਸਮਝ ਲਿਆ ਹੈ ਤਾਂ ਇਸ ਕਾਰਣ ਨੂੰ ਤੇ ਉਹਨਾਂ ਦੀ ਮਾਨਸਿਕ ਉਧੇੜ-ਬੁਣ ਨੂੰ ਸਮਝ ਲੈਣਾ ਕੋਈ ਔਖਾ ਨਹੀਂ ਹੈ।
ਜਵਾਹਰ ਲਾਲ ਦਾ ਬੌਧਿਕ ਰੁਝਾਨ ਵਿਗਿਆਨ ਤੇ ਭੌਤਿਕ ਵਿਗਿਆਨ ਵੱਲ ਸੀ। ਉਹ ਜੀਵਨ ਦੀਆਂ ਸਮੱਸਿਆਵਾਂ ਬਾਰੇ ਦੂਰ ਤਕ ਸੋਚਦੇ ਤੇ ਆਪਣੇ ਚਿੰਤਨ ਵਿਚ ਤਰਕ ਨੂੰ ਬੜਾ ਡੂੰਘਾ ਤੇ ਉੱਚਾ ਲੈ ਜਾਂਦੇ ਸਨ। ਮਨਨ ਸ਼ਕਤੀ ਨੂੰ ਵਧਾਉਣ ਤੇ ਆਪਣੇ ਗਿਆਨ ਨੂੰ ਅਤੀ-ਅਧੁਨਿਕ ਬਣਾਉਣ ਵਿਚ ਉਹ ਅਧਿਆਤਮਕ ਸੁਖ ਤੇ ਮਾਣ ਮਹਿਸੂਸ ਕਰਦੇ ਸਨ। ਇਸੇ ਲਈ ਉਹਨਾਂ ਨੇ ਮਾਰਕਸਵਾਦ ਦਾ ਅਧਿਅਨ ਕੀਤਾ ਤੇ ਉਸਦਾ ਉਹਨਾਂ ਉਪਰ ਜੋ ਪ੍ਰਭਾਵ ਪਿਆ, ਉਸਨੂੰ ਇੰਜ ਬਿਆਨ ਕੀਤਾ...:
“ਮਾਰਕਸ ਤੇ ਲੇਨਿਨ ਦੀਆਂ ਰਚਨਾਵਾਂ ਦਾ ਮੇਰੇ ਉੱਤੇ ਡੂੰਘਾ ਅਸਰ ਪਿਆ ਤੇ ਇਸ ਨਾਲ ਇਤਿਹਾਸ ਤੇ ਮੌਜ਼ੂਦਾ ਜ਼ਮਾਨੇ ਦੇ ਮਾਮਲਿਆਂ ਨੂੰ ਇਕ ਨਵੀਂ ਰੌਸ਼ਨੀ ਵਿਚ ਦੇਖਣ ਵਿਚ ਮਦਦ ਮਿਲੀ। ਇਤਿਹਾਸ ਤੇ ਸਮਾਜ ਦੇ ਵਿਕਾਸ ਦੇ ਲੰਮੇਂ ਸਿਲਸਿਲੇ ਵਿਚ ਇਕ ਮਤਲਬ ਤੇ ਆਪਸ ਦਾ ਰਿਸ਼ਤਾ ਜਾਪਿਆ ਤੇ ਭਵਿੱਖ ਦਾ ਧੁੰਧਲਾਪਨ ਕੁਛ ਦੂਰ ਹੋ ਗਿਆ।”             (ਹਿੰਦੁਸਤਾਨ ਕੀ ਕਹਾਣੀ)
ਪਰ ਉਹਨਾਂ ਆਪਣੇ ਕਰਮ ਨੂੰ ਚਰਖੇ ਨਾਲ ਬੰਨ੍ਹਿਆਂ ਹੋਇਆ ਸੀ, ਜਿਸਦਾ ਆਧਾਰ ਅਹਿੰਸਾ, ਸਤਿਆਗ੍ਰਹਿ ਤੇ ਹਿਰਦੇ-ਪ੍ਰੀਵਰਤਨ ਦਾ ਗਾਂਧੀ ਦਰਸ਼ਨ ਸੀ। ਵਿਚਾਰ ਤੇ ਕਰਮ ਦੀ ਸਾਂਝ ਬੜੀ ਪੱਕੀ-ਪੀਢੀ ਹੁੰਦੀ ਹੈ। ਇਸ ਲਈ ਕਿਸੇ ਵੀ ਵਿਅਕਤੀ ਲਈ ਦੋਵਾਂ ਨੂੰ ਵੱਖ-ਵੱਖ ਰੱਖਣਾ ਸੰਭਵ ਨਹੀਂ। ਇਸੇ ਲਈ ਜਵਾਹਰ ਲਾਲ ਨੂੰ ਅਨੇਕ ਵਾਰ ਗਾਂਧੀ ਦੇ ਅਗਿਆਤ-ਤੱਤ ਦੇ ਦਰਸ਼ਨ ਹੁੰਦੇ ਰਹੇ ਸਨ ਤੇ ਉਹ ਤਰਕ ਨੂੰ ਛਿੱਕੇ-ਟੰਗ ਕੇ ਆਧੀਭੌਤਿਕਵਾਦ ਨਾਲ ਆਪਣੇ ਭੌਤਿਕਵਾਦ ਦਾ ਮੇਲ ਮਿਲਾਅ ਲੈਂਦੇ ਸਨ—ਤੇ ਗਾਂਧੀਵਾਦ ਮਾਰਕਸਵਾਦ ਵਿਚ, ਯਾਨੀ ਆਦਰਸ਼ਵਾਦ ਭੌਤਿਕਵਾਦ ਵਿਚ ਰਲਗਡ ਹੋ ਜਾਂਦਾ ਸੀ।
ਅਮਰੀਕੀ ਪ੍ਰਕਾਸ਼ਕ ਨੇ ਆਪਣੇ ਸੰਗ੍ਰਹਿ ਲਈ, ਜਿਹੜਾ ਲੇਖ ਮੰਗਿਆ ਸੀ, ਉਸ ਵਿਚ ਇਕ ਠੋਸ ਗੱਲ ਕਰਨੀ ਲਾਜ਼ਮੀ ਸੀ। ਪਰ ਜਵਾਹਰ ਲਾਲ, ਜਿਹਨਾਂ ਦੇ ਵਿਚਾਰ ਤੇ ਕਰਮ ਯਾਨੀ ਕਥਨੀ ਤੇ ਕਰਨੀ ਵਿਚ ਅੰਤਰ ਸੀ, ਠੋਸ ਗੱਲ ਕਿਵੇਂ ਕਰ ਸਕਦੇ ਸਨ? ਇਸੇ ਅਸਥਿਰਤਾ ਕਾਰਣ ਛਿਛੋਪੰਜ ਵਿਚ ਫਸੇ ਰਹੇ, ਜਿਹੜੀ ਇਸ ਬਾਰੇ ਸੋਚਣ ਉੱਤੇ ਵੱਧਦੀ ਗਈ, ਤੇ ਉਹਨਾਂ ਇਕ 'ਅੱਛਾ' ਲਗਣ ਵਾਲੇ ਖ਼ਿਆਲ ਨੂੰ ਵੀ ਟਾਲ ਦਿੱਤਾ।
ਲੇਕਿਨ' ਆਪਣੀ ਪੁਸਤਕ 'ਹਿੰਦੁਸਤਾਨ ਕੀ ਕਹਾਣੀ' ਵਿਚ ਜਵਾਹਰ ਲਾਲ ਨੇ ਅਮਰੀਕੀ ਪ੍ਰਕਾਸ਼ਕ ਨੂੰ ਟਾਲ ਦੇਣ ਦੇ ਬਾਵਜੂਦ ਜ਼ਿੰਦਗੀ ਦੇ ਫਲਸਫੇ ਉਪਰ ਵਿਸਥਾਰ ਨਾਲ ਵਿਚਾਰ ਕੀਤਾ ਹੈ। 'ਮਗਰ' ਜੋ ਕੁਝ ਲਿਖਿਆ ਹੈ, ਉਹ ਬੜਾ ਹੀ ਅਸਪਸ਼ਟ ਤੇ ਕੱਚਾ-ਪਿੱਲਾ ਜਿਹਾ ਹੈ। ਲਗਦਾ ਹੈ ਲੇਖਕ ਕਿਸੇ ਗੱਲ ਨੂੰ ਰੱਦ ਜਾਂ ਕਬੂਲ ਕਰਨ ਤੋਂ ਜਾਣ-ਬੁੱਝ ਕੇ ਕੰਨੀ-ਕਤਰਾ ਰਿਹਾ ਹੈ ਤੇ ਗੋਲ-ਮੋਲ ਗੱਲਾਂ ਕਰਕੇ ਪਾਠਕ ਨੂੰ ਜਾਂ ਆਪਣੇ ਆਪ ਨੂੰ ਪ੍ਰਚਾਉਣਾ ਚਾਹੁੰਦਾ ਹੈ। ਉਦਾਹਰਨ ਵਜੋਂ ਆਤਮਾ ਤੇ ਪੂਨਰ-ਜਨਮ ਦੇ ਸਿਧਾਂਤ ਨੂੰ ਹੀ ਲੈ ਲਓ। ਲਿਖਿਆ ਹੈ...:
“ਅਸਲ ਵਿਚ ਮੇਰੀ ਦਿਲਚਸਪੀ ਇਸ ਦੁਨੀਆਂ ਵਿਚ ਹੈ, ਕਿਸੇ ਦੂਜੀ ਦੁਨੀਆਂ ਜਾਂ ਆਉਣ ਵਾਲੀ ਜ਼ਿੰਦਗੀ ਵਿਚ ਨਹੀਂ। ਆਤਮਾ ਵਰਗੀ ਕੋਈ ਚੀਜ ਹੈ ਵੀ ਜਾਂ ਨਹੀਂ, ਮੈਂ ਨਹੀਂ ਜਾਣਦਾ। ਤੇ ਭਾਵੇਂ ਇਹ ਸਵਾਲ ਮਹੱਤਵਪੂਰਣ ਹਨ, ਫੇਰ ਵੀ ਮੈਨੂੰ ਇਹਨਾਂ ਦੀ ਕੁਛ ਚਿੰਤਾ ਨਹੀਂ। ਜਿਸ ਵਾਤਾਵਰਣ ਵਿਚ ਮੈਂ ਬਚਪਨ ਵਿਚ ਪਲਿਆ ਹਾਂ, ਉਸ ਵਿਚ ਆਤਮਾ ਤੇ ਭਵਿੱਖ ਦੀ ਜ਼ਿੰਦਗੀ, ਕੰਮਾਂ-ਧੰਦਿਆਂ ਦੇ ਕਰਮ-ਸਿਧਾਂਤ ਤੇ ਪੂਨਰ-ਜਨਮ, ਇਹ ਮੰਨ ਲਈਆਂ ਗਈਆਂ ਚੀਜਾਂ ਹਨ। ਮੇਰੇ ਉੱਤੇ ਇਹਨਾਂ ਦਾ ਅਸਰ ਪਿਆ ਹੈ, ਇਸ ਲਈ ਇਕ ਅਰਥ ਵਿਚ ਇਹਨਾਂ ਸਿਧਾਤਾਂ ਵੱਲ ਮੇਰੇ ਭਾਵਾਂ ਦਾ ਝੁਕਾਅ ਵੀ ਹੈ। ਸਰੀਰ ਦੇ ਭੌਤਿਕ ਵਿਨਾਸ਼ ਪਿੱਛੋਂ ਹੋ ਸਕਦਾ ਹੈ ਕਿ ਆਤਮਾ ਰਹਿੰਦੀ ਹੋਏ, ਇਹ ਗੱਲ ਤਰਕ-ਭਰਪੂਰ ਜਾਪਦੀ ਹੈ। ਜੇ ਅਸੀਂ ਮੂਲ ਕਾਰਣ ਉਪਰ ਧਿਆਨ ਦੇਈਏ ਤਾਂ ਇਹ ਸਿਧਾਂਤ ਜ਼ਾਹਿਰਾ (ਪ੍ਰਤੱਖ) ਤੌਰ 'ਤੇ ਕਠਨਾਈਆਂ ਹੀ ਪੈਦਾ ਕਰਦਾ ਹੈ। ਇਹ ਮੰਨ ਲਿਆ ਜਾਏ ਕਿ ਆਤਮਾ ਹੈ, ਤਾਂ ਪੁਨਰ-ਜਨਮ ਦੇ ਸਿਧਾਂਤ ਵਿਚ ਵੀ ਕੁਛ ਦਲੀਲ ਜਾਪਦੀ ਹੈ।”
ਪਰ 'ਕੁਛ ਦਲੀਲ' ਮੰਨ ਲੈਣ ਨਾਲ ਵੀ ਉਹਨਾਂ ਦੇ ਆਪਣੇ ਅੰਦਰ ਦਾ ਦਵੰਦ ਸ਼ਾਂਤ ਨਹੀਂ ਹੁੰਦਾ। ਇਸ ਲਈ ਤਰਕ ਜਾਰੀ ਰਹਿੰਦਾ ਹੈ ਤੇ ਇਕ ਅਨਿਸ਼ਚਿਤ ਦਿਸ਼ਾ ਵਿਚ ਭਟਕ ਜਾਂਦਾ ਹੈ।
“ਲੇਕਿਨ ਇਹਨਾਂ ਸਿਧਾਤਾਂ ਤੇ ਮੰਨੀਆਂ ਹੋਈਆਂ ਗੱਲਾਂ ਵਿਚ ਮੇਰਾ ਯਕੀਨ ਕੋਈ ਮਜਹਬੀ (ਧਾਰਮਿਕ) ਤੌਰ 'ਤੇ ਨਹੀਂ ਹੈ। ਇਹ ਤਾਂ ਇਕ ਅਣਜਾਣ ਪ੍ਰਦੇਸ਼ ਬਾਰੇ ਦਿਮਾਗ਼ੀ ਅਟਕਟ ਦੀਆਂ ਗੱਲਾਂ ਹਨ, ਜਿਹੜੀਆਂ ਮੇਰੀ ਜ਼ਿੰਦਗੀ ਉਪਰ ਅਸਰ ਨਹੀਂ ਪਾਉਂਦੀਆਂ ਤੇ ਅੱਗੇ ਚੱਲ ਕੇ ਸੱਚੀਆਂ ਸਾਬਤ ਹੁੰਦੀਆਂ ਹਨ ਜਾਂ ਰੱਦ ਕਰ ਦਿੱਤੀਆਂ ਜਾਂਦੀਆਂ ਹਨ—ਮੇਰੇ ਲਈ ਯੱਕ-ਸਾਂ (ਇਕੋ ਗੱਲ) ਹੈ।”
ਇਸ 'ਦਿਮਾਗ਼ੀ ਅਟਕਟ' ਦਾ ਅਸਰ ਜਵਾਹਰ ਲਾਲ ਦੀ ਜ਼ਿੰਦਗੀ ਉਪਰ ਭਾਵੇਂ ਨਾ ਪਵੇ,ਪਰ ਦਿਸ਼ਾ-ਭਟਕ ਬੁੱਧੀ ਉੱਤੇ ਜ਼ਰੂਰ ਪਿਆ ਹੈ ਤੇ ਉਹ ਭੂਤ-ਪ੍ਰਤਾਂ ਦੇ ਚੱਕਰ ਵਿਚ ਜਾ ਫਸੀ ਹੈ। ਲਿਖਿਆ ਹੈ...:
“ਪ੍ਰੇਤ-ਵਿਦਿਆ ਜਿਸ ਦੇ ਜ਼ਰੀਏ ਰੂਹਾਂ ਨੂੰ ਬੁਲਾਉਣ ਦਾ ਦਿਖਾਵਾ ਹੁੰਦਾ ਹੈ ਤੇ ਇਸ ਕਿਸਮ ਦੇ ਹੋਰ ਧੰਦੇ ਮੈਨੂੰ ਕੁਛ ਬੇਤੁਕੇ ਜਿਹੇ ਜਾਪਦੇ ਹਨ।...ਮੁਮਕਿਨ ਹੈ ਇਹਨਾਂ ਅਧਿਆਤਮਕ ਵਪਾਰਾਂ ਵਿਚ ਕੁਛ ਸੱਚਾਈ ਦਾ ਅੰਸ਼ ਹੋਏ। ਮੈਂ ਇਸ ਤੋਂ ਇਨਕਾਰ ਨਹੀਂ ਕਰਦਾ।”
ਮਤਲਬ ਇਹ ਕਿ ਉਹ ਤਰਕ ਨੂੰ ਛਿੱਕੇ-ਟੰਗ ਕੇ ਇੱਥੇ ਵੀ ਕਰਮ ਨਾਲ ਵਿਚਾਰ ਦੀ ਸੁਰ ਮੇਲ ਲੈਂਦੇ ਹਨ...:
“ਇਹ ਗੱਲ ਮੈਨੂੰ ਬੜੀ ਪਸੰਦ ਆਉਂਦੀ ਹੈ ਕਿ ਜ਼ਿੰਦਗੀ ਪ੍ਰਤੀ ਸਾਡੇ ਰੁਖ਼ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਨੈਤਿਕ ਜਾਂ ਇਖ਼ਲਾਕੀ ਆਧਾਰ ਹੋਣਾ ਚਾਹੀਦਾ ਹੈ—ਹਾਂ, ਦਲੀਲ ਨਾਲ ਇਸ ਦਾ ਸਮਰਥਨ ਕਰਨਾ ਮੇਰੇ ਲਈ ਮੁਸ਼ਕਿਲ ਹੋਏਗਾ। ਗਾਂਧੀ ਸਹੀ ਸਾਧਨਾ ਉਪਰ ਜਿਹੜਾ ਜ਼ੋਰ ਦਿੰਦੇ ਹਨ, ਉਹਨਾਂ ਵੱਲ ਮੇਰੀ ਖਿੱਚ ਰਹਿੰਦੀ ਹੈ ਤੇ ਮੇਰਾ ਖ਼ਿਆਲ ਹੈ ਕਿ ਸਾਡੇ ਜਨਤਕ ਜੀਵਨ ਲਈ ਗਾਂਧੀਜੀ ਦੀ ਇਹ ਸਭ ਤੋਂ ਵੱਡੀ ਦੇਣ ਹੈ।”
ਗਾਂਧੀ ਦੀ ਇਸ ਵੱਡੀ ਦੇਣ ਨੂੰ ਕਬੂਲ ਕਰ ਲੈਣ ਦਾ ਨਤੀਜਾ ਇਹ ਨਿਕਲਦਾ ਹੈ ਕਿ ਮਾਰਕਸ ਤੇ ਲੇਨਿਨ ਦੀਆਂ ਰਚਨਾਵਾਂ ਦੇ ਅਧਿਅਨ ਨਾਲ, ਜਿਹੜਾ ਚਾਨਣ ਹੋਇਆ ਸੀ, ਉਹ ਬੁਝ ਜਾਂਦਾ ਹੈ ਤੇ ਭਵਿੱਖ ਦਾ ਧੰਦਲਾਪਨ ਫੇਰ ਗਾੜ੍ਹਾ ਹੋ ਜਾਂਦਾ ਹੈ...:
“ਮਾਰਕਸਵਾਦ ਦੇ ਦਾਰਸ਼ਨਿਕ ਦ੍ਰਿਸ਼ਟੀਕੋਣ ਵਿਚ ਬੜਾ ਕੁਛ ਅਜਿਹਾ ਹੈ, ਜਿਸਨੂੰ ਮੈਂ ਬਗ਼ੈਰ ਦਿੱਕਤ ਦੇ ਮੰਨ ਸਕਦਾ ਹਾਂ—ਉਸ ਵਿਚ ਦੱਸੀ ਗਈ ਜੜ ਤੇ ਚੇਤਨ ਦੀ ਏਕਤਾ ਤੇ ਅਦਵੈਤ ਨੂੰ; ਜੜ ਦੀ ਗਤੀਸ਼ੀਲਤਾ ਨੂੰ ਵਿਕਾਸ-ਚੱਕਰ ਨਾਲ ਜਾਂ ਅਚਾਨਕ ਹੋ ਜਾਣ ਵਾਲੇ ਨਿਰਅੰਦਰ ਪ੍ਰੀਵਰਤਨ ਦੇ ਦਵੰਧ ਨੂੰ, ਤੇ ਕਿਰਿਆ ਪ੍ਰਕਿਰਿਆ, ਕਾਰਣ ਤੇ ਉਤਪਤੀ, ਵਿਰੋਧ ਤੇ ਸਮਾਨਤਾ ਦੇ ਜ਼ਰੀਏ ਹੋਣ ਵਾਲੇ ਦਵੰਧ ਨੂੰ। ਫੇਰ ਵੀ ਇਸ ਨਾਲ ਮੇਰੀ ਪੂਰੀ ਤਰ੍ਹਾਂ ਤੱਸਲੀ ਨਹੀਂ ਹੋਈ। ਨਾ ਇਸ ਵਿਚ ਉਹਨਾਂ ਸਾਰੀਆਂ ਗੱਲਾਂ ਦਾ ਹੱਲ ਪੇਸ਼ ਕੀਤਾ ਗਿਆ, ਜਿਹੜੀਆਂ ਮੇਰੇ ਦਿਮਾਗ਼ ਵਿਚ ਸਨ ਤੇ ਮੇਰੇ ਦਿਮਾਗ਼ ਵਿਚ ਇਕ ਅਸਪਸ਼ਟ ਆਦਰਸ਼ਵਾਦੀ ਰੱਸਤਾ, ਜਿਵੇਂ ਅਣਜਾਣੇ ਵਿਚ, ਦਿਖਾਈ ਦੇਣ ਲੱਗਾ। ਇਹ ਰਸਤਾ ਕੁਛ-ਕੁਛ ਵੇਦਾਂਤ ਦੇ ਮਾਰਗ ਜਿਹਾ ਸੀ। ਜੜ ਤੇ ਚੇਤਨ ਦੇ ਭੇਦ ਦਾ ਹੀ ਮਾਮਲਾ ਨਹੀਂ ਸੀ ਇਹ, ਬਲਕਿ ਕੁਛ ਅਜਿਹੀ ਚੀਜ ਸੀ, ਜਿਹੜੀ ਦਿਮਾਗ਼ ਤੋਂ ਪਰ੍ਹੇ ਸੀ। ਫੇਰ ਇਕ ਨੈਤਿਕ ਪਿਛੋਕੜ ਦਾ ਵੀ ਖ਼ਿਆਲ ਸੀ। ਮੈਂ ਇਹ ਵੀ ਸਮਝਿਆ ਕਿ ਇਖ਼ਲਾਕ ਯਾਨੀ ਨੀਤੀ ਦਾ ਰਸਤਾ ਇਕ ਬਦਲਦਾ ਹੋਇਆ ਰਸਤਾ ਹੈ ਤੇ ਵਿਕਸਿਤ ਹੁੰਦੇ ਹੋਏ ਦਿਮਾਗ਼ ਤੇ ਤੱਰਕੀ ਕਰ  ਰਹੀ ਸਭਿਅਤਾ ਉੱਤੇ ਨਿਰਭਰ ਕਰਦਾ ਹੈ। ਇਸ ਯੁੱਗ ਦੀ ਮਾਨਸਿਕ ਅਵਸਥਾ ਦਾ ਨਤੀਜਾ ਹੈ। ਲੇਕਿਨ ਇਸ ਵਿਚ ਕੁਛ ਹੋਰ ਗੱਲਾਂ ਵੀ ਸਨ; ਯਾਨੀ ਕੁਛ ਬੁਨਿਆਦੀ ਪ੍ਰੇਰਨਾਵਾਂ, ਜਿਹੜੀਆਂ ਦੋਹਾਂ ਦੇ ਮੁਕਾਬਲੇ ਵਧ ਪਾਏਦਾਰ ਸਨ। ਮੈਂ ਕਮਿਊਨਿਸਟਾਂ ਤੇ ਹੋਰਾਂ ਦੇ ਵਿਹਾਰ ਵਿਚ, ਉਹਨਾਂ ਦੇ ਕੰਮਾਂ ਤੇ ਇਹਨਾਂ ਬੁਨਿਆਦੀ ਪ੍ਰੇਰਨਾਵਾਂ ਜਾਂ ਸਿਧਾਤਾਂ ਵਿਚ, ਜਿਹੜਾ ਵੱਖਰੇਵਾਂ ਦੇਖਦਾ ਸਾਂ, ਉਸਨੂੰ ਪਸੰਦ ਨਹੀਂ ਸੀ ਕਰਦਾ। ਇਸ ਲਈ ਮੇਰੇ ਦਿਮਾਗ਼ ਵਿਚ ਕੁਛ ਐਸਾ ਗਡਮਡ ਹੋ ਗਿਆ ਕਿ ਮੈਂ ਉਸਨੂੰ ਬੁੱਧੀ ਨਾਲ ਸਪਸ਼ਟ ਜਾਂ ਹਲ ਨਹੀਂ ਕਰ ਸਕਦਾ।” ਇਸ ਲਈ—“ਇਕ ਆਮ ਪ੍ਰਵਿਰਤੀ ਇਹ ਸੀ ਕਿ ਇਹਨਾਂ ਬੁਨਿਆਦੀ ਸਵਾਲਾਂ ਉਪਰ, ਜਿਹੜੇ ਆਪਣੀ ਪਹੁੰਚ ਤੋਂ ਬਾਹਰ ਜਾਪਦੇ ਹਨ, ਸੋਚਿਆ ਵਿਚਾਰਿਆ ਨਾ ਜਾਏ, ਬਲਕਿ ਜ਼ਿੰਦਗੀ ਦੇ ਉਹਨਾਂ ਪ੍ਰਸ਼ਨਾ ਵੱਲ ਧਿਆਨ ਦਿੱਤਾ ਜਾਏ, ਜਿਹੜੇ ਸਾਡੇ ਸਾਹਮਣੇ ਆਉਂਦੇ ਹਨ ਤੇ ਉਹਨਾਂ ਬਾਰੇ ਕੀ ਤੇ ਕਿੰਜ ਕਰਨਾ ਚਾਹੀਦਾ ਹੈ—ਇਹ ਸੋਚਿਆ ਜਾਏ। ਆਖ਼ਰ ਅਸਲੀਅਤ ਜੋ ਵੀ ਹੋਏ, ਤੇ ਉਸਨੂੰ ਪੂਰੀ ਤਰ੍ਹਾਂ ਜਾਂ ਕੁਛ ਅੰਸ਼ਾਂ ਵਿਚ ਅਸੀਂ ਹਾਸਿਲ ਕਰ ਸਕੀਏ ਜਾਂ ਨਾ, ਇਹ ਗੱਲ ਪੱਕੀ ਹੈ ਕਿ ਮਨੁੱਖ ਦੇ ਗਿਆਨ ਨੂੰ, ਚਾਹੇ ਉਹ ਆਤਮਗਤ ਹੀ ਕਿਉਂ ਨਾ ਹੋਏ, ਵਧਾਉਣ ਦੀ ਤੇ ਰਹਿਣ-ਸਹਿਣ ਤੇ ਸਮਾਜਿਕ ਸੰਗਠਨ ਨੂੰ ਸੁਧਾਰਨ ਤੇ ਅੱਗੇ ਵਧਾਉਣ ਦੀ ਵੱਡੀ ਸੰਭਾਵਨਾ ਫੇਰ ਵੀ ਰਹਿ ਜਾਂਦੀ ਹੈ।”
ਜੀਵਨ ਦਰਸ਼ਨ ਜਿਸ ਚੀਜ ਦਾ ਨਾਂ ਹੈ, ਉਸਦਾ ਕੰਮ ਹੀ ਬੁਨਿਆਦੀ ਸਵਾਲਾਂ ਦੇ ਹੱਲ ਪੇਸ਼ ਕਰਨਾ ਹੈ। ਦਰਸ਼ਨ ਦੀਆਂ ਭੌਤਿਕਵਾਦੀ ਤੇ ਆਦਰਸ਼ਵਾਦੀ ਦੋਵੇਂ ਪਗਡੰਡੀਆਂ ਆਪੋ-ਆਪਣੇ ਢੰਗ ਨਾਲ ਬੁਨਿਆਦੀ ਸਵਾਲਾਂ ਦਾ ਹੱਲ ਪੇਸ਼ ਕਰਦੀਆਂ ਹਨ। ਆਪਣੇ ਆਦਿਮ ਯੁੱਗ ਵਿਚ ਮਨੁੱਖ ਲਗਭਗ ਭੌਤਿਕਵਾਦੀ ਸੀ। ਵਿਅਕਤੀਗਤ ਸੰਪਤੀ ਦੇ ਫੁਰਨੇ ਨੇ ਆਦਰਸ਼ਵਾਦੀ ਦਰਸ਼ਨ ਨੂੰ ਜਨਮ ਦਿੱਤਾ, ਕਿਉਂਕਿ ਆਤਮਾ, ਪ੍ਰਮਾਤਮਾ ਤੇ ਭਾਗਾਂ ਦੀ ਸਰਿਸ਼ਟੀ ਦੇ ਬਿਨਾਂ ਲੋਟੂਆਂ ਦੁਆਰਾ ਦੂਜਿਆਂ ਦੀ ਕਿਰਤ ਦੀ ਲੁੱਟ ਨੂੰ ਉੱਚਿਤ ਸਿਧ ਕਰਨਾ ਸੰਭਵ ਨਹੀਂ ਸੀ। ਤੇ ਇਤਿਹਾਸ ਗਵਾਹ ਹੈ ਕਿ ਆਦਰਸ਼ਵਾਦੀ ਵਿਚਾਰਕਾਂ ਨੇ ਲੁੱਟ ਦੀ ਹਰ ਅਵਸਥਾ ਨੂੰ-ਚਾਹੇ ਸਾਮੰਤੀ ਹੋਵੇ ਚਾਹੇ ਪੂੰਜੀਵਾਦੀ, ਸਥਾਈ, ਨਿਰਪੱਖ ਤੇ ਪਵਿੱਤਰ ਦਸ ਕੇ ਤਿਵੇਂ ਦੀ ਤਿਵੇਂ ਬਣਾਈ ਰੱਖਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਹੈ ਤੇ ਪ੍ਰੀਵਰਤਨ ਦੇ ਭੈਅ ਸਦਕਾ ਭਵਿੱਖ ਵਿਚ ਝਾਕਣ ਤੋਂ ਇਨਕਾਰ ਕੀਤਾ ਹੈ। ਸੋ ਜਦੋਂ ਜਵਾਹਰ ਲਾਲ ਨਹਿਰੂ ਬੁਨਿਆਦੀ ਸਵਾਲਾਂ ਨੂੰ ਪਹੁੰਚ ਤੋਂ ਬਾਹਰ ਦੱਸ ਕੇ ਜ਼ਿੰਦਗੀ ਵਿਚ ਸਾਹਮਣੇ ਆਉਣ ਵਾਲੇ ਪ੍ਰਸ਼ਨਾ ਉੱਤੇ ਧਿਆਨ ਦੇਣ ਦੀ ਹੀ ਗੱਲ ਕਹਿੰਦੇ ਹਨ ਤਾਂ ਉਹਨਾਂ ਵਿਚ ਇਸੇ ਪ੍ਰੀਵਰਤਨ ਦੇ ਭੈਅ ਸਦਕਾ ਭਵਿੱਖ ਵਿਚ ਝਾਕਣ ਦੀ ਤੇ ਹਕੀਕਤ ਨਾਲ ਅੱਖ ਮਿਲਾਉਣ ਦੀ ਜ਼ੁਰੱਤ ਨਹੀਂ ਰਹਿੰਦੀ ਤੇ ਉਹ ਆਪਣੇ ਵਿਗਿਆਨਕ ਚਿੰਤਨ ਨੂੰ ਤਿਲਾਂਜਲੀ ਦੇ ਕੇ ਗਾਂਧੀਵਾਦ ਨਾਲ ਸਮਝੌਤਾ ਕਰ ਲੈਂਦੇ ਹਨ। ਗਾਂਧੀ ਵੀ ਤਾਂ ਇਹੀ ਕਹਿੰਦਾ ਹੈ ਕਿ 'ਮੈਂ ਸਿਰਫ ਵਰਤਮਾਨ ਦੀ ਗੱਲ ਸੋਚਦਾ ਹਾਂ, ਭਵਿੱਖ ਦੀ ਚਿੰਤਾ ਨਹੀਂ ਕਰਦਾ।' ਹਾਲਾਂਕਿ ਉਹਨਾਂ ਨੂੰ ਗਾਂਧੀ ਦਾ ਦਲਿੱਦਰਤਾ ਦਾ ਗੁਣਗਾਣ ਕਰਨਾ ਤੇ ਇਹ ਕਹਿਣਾ ਕਿ 'ਨਾਰਾਇਦ ਖਾਸ ਕਰਕੇ ਗਰੀਬਾਂ ਦਾ ਨਾਰਾਇਣ ਹੈ, ਗਰੀਬ ਉਸਦੇ ਪਿਆਰੇ ਹਨ।' ਪਸੰਦ ਨਹੀਂ ਸੀ ਤੇ ਉਹ ਗਾਂਧੀ ਨਾਲ ਇਸ ਬਾਰੇ ਵਿਚ ਵੀ ਸਹਿਮਤ ਨਹੀਂ ਸਨ ਕਿ ਸਮਾਜ ਵਿਚ ਗਰੀਬ ਤੇ ਅਮੀਰ ਹਮੇਸ਼ਾ ਇਵੇਂ ਬਣੇ ਰਹਿਣਗੇ। ਲਿਖਿਆ ਹੈ...:
“ਜਦ ਕਦੀ ਮੈਨੂੰ ਇਸ ਬਾਰੇ ਗਾਂਧੀਜੀ ਨਾਲ ਬਹਿਸ ਕਰਨ ਦਾ ਮੌਕਾ ਮਿਲਦਾ, ਤਦ ਉਹ ਇਸ ਗੱਲ ਉੱਤੇ ਜ਼ੋਰ ਦਿੰਦੇ ਸਨ ਕਿ ਅਮੀਰ ਲੋਕਾਂ ਨੂੰ ਆਪਣੀ ਦੌਲਤ ਜਨਤਾ ਦੀ ਧਰੋਹਰ (ਅਮਾਨਤ) ਵਾਂਗ ਸਮਝਣੀ ਚਾਹੀਦੀ ਹੈ। ਇਹ ਦ੍ਰਿਸ਼ਟੀਕੋਣ ਕਾਫੀ ਪੁਰਾਣਾ ਹੈ, ਹਿੰਦੁਸਤਾਨ ਵਿਚ, ਮੱਧਕਾਲੀ ਯੂਰੋਪ ਵਿਚ ਵੀ, ਅਕਸਰ ਇਵੇਂ ਹੀ ਕਿਹਾ ਜਾਂਦਾ ਹੈ। ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਸਮਝ ਸਕਿਆ ਹਾਂ ਕਿ ਕੋਈ ਵੀ ਸ਼ਖ਼ਸ ਅਜਿਹਾ ਹੋ ਜਾਣ ਦੀ ਉਮੀਦ ਕਿੰਜ ਕਰ ਸਕਦਾ ਹੈ ਜਾਂ ਇਹ ਕਿਵੇਂ ਕਲਪਨਾ ਕਰ ਲੈਂਦਾ ਹੈ ਕਿ ਇਸੇ ਨਾਲ ਸਮਾਜ ਦੀ ਸਮੱਸਿਆ ਹੱਲ ਹੋ ਜਾਏਗੀ।” (ਮੇਰੀ ਕਹਾਣੀ)
ਗਾਂਧੀ ਪੁਨਰਉਥਾਨਵਾਦੀ ਸੀ ਤੇ ਉਸਦਾ ਆਦਰਸ਼ਵਾਦ ਮੱਧਕਾਲੀ ਸਾਮੰਤੀ ਦਰਸ਼ਨ ਸੀ। ਇਸ ਦੇ ਵਿਪਰੀਤ ਜਵਾਹਰ ਲਾਲ ਦੇ ਵਿਗਿਆਨਕ ਚਿੰਤਨ ਨੇ, ਮਾਰਕਸ ਤੇ ਲੇਨਿਨ ਦੀਆਂ ਰਚਨਾਵਾਂ ਦੇ ਚਿੰਤਨ ਨੇ, ਉਸਦੇ ਦਿਮਾਗ਼ ਵਿਚ ਸੰਸਾਰ ਦਾ ਇਕ ਅਜਿਹਾ ਪਾਰਥਿਵ (ਮਿੱਟੀ ਦਾ ਪੁਤਲਾ, ਨਾਸ਼ਵਾਨ, ਮਾਇਆ, ਮਿਥਿਆ) ਚਰਿੱਤਰ ਬਣਾ ਦਿੱਤਾ ਸੀ ਜਿਹੜਾ ਨਿਰੰਤਰ ਵਿਕਾਸਸ਼ੀਲ ਤੇ ਪ੍ਰੀਵਰਤਨਸ਼ੀਲ ਸੀ। ਇਸ ਨਾਲ ਉਹਨਾਂ ਦੀ ਜੋ ਸੋਚ ਬਣੀ ਸੀ ਉਹ ਭਵਿੱਖ ਵਿਚ ਝਾਕਣ, ਅੱਗੇ ਵਧਨ ਤੇ ਸਮੱਸਿਆਵਾਂ ਦੇ ਹੱਲ ਲਈ ਨਵੀਆਂ ਸੱਚਾਈਆਂ ਦੀ ਖੋਜ ਕਰਨ ਦੀ ਇੱਛਾ ਵੀ ਪੈਦਾ ਕਰਦੀ ਸੀ। “ਅਸੀਂ ਬ੍ਰਹਮ ਭੌਤਿਕ ਯਥਾਰਥ ਦੇ ਨਿਰੀਖਣ ਦੁਆਰਾ ਕੋਸ਼ਿਸ਼ ਕਰ ਸਕਦੇ ਹਾਂ ਤੇ ਪ੍ਰਯੋਗ ਤੇ ਅਭਿਆਸ, ਪ੍ਰੀਖਣਾ ਤੇ ਗਲਤੀਆਂ ਦੁਆਰਾ ਵੱਧ ਤੋਂ ਵੱਧ ਗਿਆਨ ਤੇ ਸੱਚ ਵੱਲ ਰਸਤਾ ਟੋਲਦੇ ਹੋਏ ਵਧ ਸਕਦੇ ਹਾਂ।” (ਹਿੰਦੁਸਤਾਨ ਕੀ ਕਹਾਣੀ)
ਇਸੇ ਚਿੰਤਨ ਦੇ ਆਧਾਰ 'ਤੇ ਇਹ ਵੀ ਲਿਖਿਆ ਹੈ ਕਿ ਦੁਨੀਆਂ ਨੂੰ ਸਮਝਣ ਤੇ ਮੁੱਖ ਸਮੱਸਿਆਵਾਂ ਦੇ ਹੱਲ ਲਈ-“ਚੀਜਾਂ ਨੂੰ ਨੇੜਿਓਂ ਦੇਖਣ ਲਈ, ਅਸਲੀ ਤੱਥਾਂ ਤੇ ਵਿਗਿਆਨਕ ਆਧਾਰ ਉਪਰ ਸਾਵਧਾਨੀ ਨਾਲ ਕੱਢੇ ਗਏ ਸਿੱਟਿਆਂ ਦੀ ਲੋੜ ਹੈ।” (ਭਾਰਤ ਕੀ ਵਿਦੇਸ਼ ਨੀਤੀ, ਭਾਸ਼ਣੋਂ ਕਾ ਸੰਗ੍ਰਹਿ)
ਪਰ ਦੁਖਾਂਤ ਇਹ ਹੈ ਕਿ ਹਿੰਦੁਸਤਾਨ ਵਿਚ ਸਾਮੰਤਵਾਦ ਤੇ ਪੂੰਜੀਵਾਦ ਜੁੜਵੇਂ ਭਰਾ ਹਨ ਤੇ ਸਾਮਾਜਿਕ ਕਰਾਂਤੀ ਦੇ ਭੈਅ ਵੱਸ ਦੋਵੇਂ ਹੀ ਵਿਹਾਰਕ ਰੂਪ ਵਿਚ ਨਾਲੋ ਨਾਲ ਰਹਿਣ ਉੱਤੇ ਮਜ਼ਬੂਰ ਹਨ। ਰਾਸ਼ਟਰੀ ਅੰਦੋਲਨ ਵਿਚ ਗਾਂਧੀ ਦਾ ਨੇਤਰਿਤਵ ਇਸੇ ਮਜ਼ਬੂਰੀ ਦਾ ਨਤੀਜਾ ਸੀ। ਜਵਾਹਰ ਲਾਲ ਦੇ ਚਿੰਤਨ ਵਿਚ ਇਹ ਜਿਹੜਾ ਅੰਤਰ-ਵਿਰੋਧ ਹੈ, ਜਬਰਦਸਤ ਆਪਾ-ਵਿਰੋਧੀ ਹਲਚਲ ਹੈ, ਉਹ ਵੀ ਇਸੇ ਦਾ ਨਤੀਜਾ ਹੈ। ਦਾਰਸ਼ਨਿਕ ਭਾਸ਼ਾ ਵਿਚ ਇਸ ਨੂੰ ਵਿਹਾਰ ਅੱਗੇ ਵਿਚਾਰ ਦਾ ਆਤਮਸਮਰਪਣ ਕਹਿਣਾ ਠੀਕ ਹੋਵੇਗਾ। ਅਜਿਹਾ ਹੋਣਾ ਕੋਈ ਅਚਰਜ ਵਾਲੀ ਗੱਲ ਨਹੀਂ, ਕਿਉਂਕਿ ਜ਼ਿੰਦਗੀ ਵਿਚ ਪ੍ਰਧਾਨਤਾ ਵਿਚਾਰ ਨੂੰ ਨਹੀਂ ਵਿਹਾਰ ਨੂੰ ਪ੍ਰਾਪਤ ਹੈ।
ਗਾਂਧੀਵਾਦ ਕਾਂਗਰਸ ਦਾ ਅਧਿਕਾਰਿਕ ਦਰਸ਼ਨ ਹੈ, ਜਿਹੜਾ ਉਸਨੇ 1921 ਵਿਚ ਗਾਂਧੀ ਦੇ ਨੇਤਾ ਬਣਦਿਆਂ ਹੀ ਅਪਣਾਇਆ ਸੀ ਤੇ ਉਸਦੀ ਮੌਤ ਤੋਂ ਬਾਅਦ ਅੱਜ ਤਕ ਅਪਣਾਇਆ ਹੋਇਆ ਹੈ। ਜਵਾਹਰ ਲਾਲ ਨਹਿਰੂ ਨੇ ਚੌਦਾਂ ਪੰਦਰਾਂ ਸਾਲ ਤਕ ਪ੍ਰਧਾਨਮੰਤਰੀ ਬਣੇ ਰਹਿਣ ਬਾਅਦ 'ਬਲਿਟਜ਼' ਦੇ ਸੰਪਾਦਕ ਕਰੰਜੀਆ ਨੂੰ ਇਕ ਇੰਟਰਵਿਊ ਦੌਰਾਨ ਕਿਹਾ ਸੀ : “ਜਿਹੜਾ ਨੀਤੀ ਦਰਸ਼ਨ ਅਸੀਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਸਾਨੂੰ ਗਾਂਧੀਜੀ ਦੁਆਰਾ ਦੱਸੀਆਂ ਗਈਆਂ ਨੀਤੀਆਂ ਦਾ ਦਰਸ਼ਨ ਹੈ।” (ਦ ਮਾਇੰਡ ਆਫ ਮਿਸਟਰ ਨਹਿਰੂ)
ਪਰ ਇਹ ਸਵੀਕਾਰ ਕਰਦਿਆਂ ਹੋਇਆਂ ਕਿ ਵਿਗਿਆਨ ਜੀਵਨ ਵਿਚ ਕਰਾਂਤੀ ਲਿਆ ਸਕਦਾ ਹੈ ਤੇ ਸਮਾਜ ਦੀ ਪ੍ਰਗਤੀ ਲਈ ਨਵੀਆਂ ਸੰਭਾਵਨਾਵਾਂ ਦੇ ਬੂਹੇ ਖੋਲ੍ਹ ਦਿੰਦਾ ਹੈ, ਜਵਾਹਰ ਲਾਲ ਨੇ ਇਹ ਵੀ ਲਿਖਿਆ : “ਸਾਨੂੰ ਜੀਵਨ ਦਾ ਸਾਹਮਣਾ ਅਜਿਹੇ ਰੁਝਾਨ ਤੇ ਦ੍ਰਿਸ਼ਟੀਕੋਣ ਨਾਲ ਕਰਨਾ ਚਾਹੀਦਾ ਹੈ, ਜਿਸਦੇ ਵਿਆਪਕ ਘੇਰੇ ਵਿਚ ਅਤੀਤ ਤੇ ਵਰਤਮਾਨ ਆਪਣੀਆਂ ਸਮੁੱਚੀਆਂ ਉਚਾਈਆਂ ਤੇ ਗਹਿਰਾਈਆਂ ਸਮੇਤ ਹਾਜ਼ਰ-ਨਾਜ਼ਰ ਰਹਿਣ ਤੇ ਤਦ ਹੀ ਅਸੀਂ ਸੁੰਦਰ ਭਵਿੱਖ ਦੇਖ ਸਕਾਂਗੇ।”
ਸਮਾਜ ਦੇ ਵਿਕਾਸ ਦੀ ਅਸਲ ਸ਼ਕਤੀ ਹੁੰਦੀ ਹੈ—ਮਨੁੱਖ ਦੀ ਕਿਰਤ, ਉਸਦੀ ਪੈਦਾਵਾਰੀ ਸ਼ਕਤੀ। ਜਿਉਂ ਜਿਉਂ ਇਤਿਹਾਸ ਚੱਕਰ ਵਿਚ ਪੈਦਾਵਾਰੀ ਸ਼ਕਤੀਆਂ ਵਿਕਸਤ ਹੋਈਆਂ ਹਨ, ਭੌਤਿਕਵਾਦੀ ਦਰਸ਼ਨ ਵੀ ਸੁਤੇ ਹੀ ਵਿਕਸਤ ਹੋਇਆ ਹੈ। ਇਸ ਵਿਕਾਸ ਨੂੰ ਰੋਕਣਾ ਹਾਕਮ ਤੇ ਲੋਟੂ ਵਰਗ ਦੇ ਹੱਥ-ਵੱਸ ਨਹੀਂ ਸੀ, ਬਲਕਿ ਇਸ ਦੇ ਪ੍ਰਭਾਵ ਨਾਲ ਉਹਨਾਂ ਦੇ ਆਪਣੇ ਆਦਰਸ਼ਵਾਦ ਦੀਆਂ ਹੱਦਾਂ ਵੀ ਫੈਲਦੀਆਂ ਰਹੀਆਂ। ਹੇਗਲ ਆਦਰਸ਼ਵਾਦੀ ਇਸ ਲਈ ਸੀ ਕਿ ਉਹ ਸਮਾਜ ਦੇ ਵਿਕਾਸ ਤੇ ਪ੍ਰਗਤੀ ਦਾ ਮੂਲ ਧੁਰਾ ਵਿਚਾਰ ਨੂੰ ਮੰਨਦਾ ਸੀ। ਪਰ ਉਸਨੇ ਉਦਯੋਗਿਕ ਕਰਾਂਤੀ ਤੇ ਮਹਾਨ ਵਿਗਿਆਨਕ ਕਾਢਾਂ ਦੇ ਦਬਾਅ ਹੇਠ ਦਵੰਧਵਾਦ ਦਾ ਨਵਾਂ ਰੂਪ ਘੜ ਕੇ ਆਦਰਸ਼ਵਾਦ ਨੂੰ ਉਸਦੀ ਅੰਤਿਮ ਸੀਮਾ ਤਕ ਪਹੁੰਚਾ ਦਿੱਤਾ। ਮਾਰਕਸ ਨੇ ਹੇਗਲ ਦੇ ਦਰਸ਼ਨ ਨੂੰ, ਜਿਹੜਾ ਸਿਰ ਦੇ ਬਲ ਖੜ੍ਹਾ ਸੀ, ਪੈਰਾਂ ਉਪਰ ਖੜ੍ਹਾ ਕੀਤਾ ਤੇ ਆਪਣੇ ਦਵੰਧਆਤਮਕ ਭੌਤਿਕਵਾਦ ਦੁਆਰਾ ਦਰਸ਼ਨ ਤੇ ਵਿਗਿਆਨ ਵਿਚ ਸੁਮੇਲ ਸਥਾਪਤ ਕੀਤਾ। ਪਰ ਦਵੰਧਾਤਮਕ ਭੌਤਿਕਵਾਦ ਲੋਟੂ ਵਰਗ ਦਾ ਨਹੀਂ, ਕਿਰਤੀ ਵਰਗ ਦਾ ਕਰਾਂਤੀਕਾਰੀ ਦਰਸ਼ਨ ਹੈ, ਗਰੀਬ ਤੇ ਅਮੀਰ ਦੇ ਪਾੜੇ ਨੂੰ ਹਮੇਸ਼ਾ ਲਈ ਮੁਕਾਅ ਦੇਣ ਦਾ ਦਰਸ਼ਨ ਹੈ। ਗਾਂਧੀਵਾਦ ਨਾਲ, ਜਿਹੜਾ ਸਥਿਤੀ ਨੂੰ ਜਿਉਂ ਦੀ ਤਿਉਂ ਬਣਾਈ ਰੱਖਣ ਦਾ ਕਰਾਂਤੀਵਿਰੋਧੀ ਦਰਸ਼ਨ ਹੈ, ਇਸਦਾ ਕੋਈ ਵੀ ਮੇਲ ਨਹੀਂ।
ਪ੍ਰੰਪਰਾਗਤ ਵੇਦਾਂਤ-ਦਰਸ਼ਨ ਨੂੰ ਮੰਨਣ ਵਾਲਿਆਂ ਨੇ ਵੀ, ਜਿਹਨਾਂ ਦੀ ਅਕਲ ਅਨੁਸਾਰ ਜਗਤ ਮਾਇਆ ਤੇ ਸਿਰੇ ਦੇ ਸੱਚ ਬ੍ਰਹਮ ਦਾ ਇਕ ਅਸੁੰਦਰ ਰੂਪ ਹੈ, ਉਗਾਈਆਂ ਤੇ ਮਨੁੱਖ ਦੀਆਂ ਬਣਾਈਆਂ ਵਸਤਾਂ ਲੈਣ ਤੋਂ ਕਦੀ ਇਨਕਾਰ ਨਹੀਂ ਕੀਤਾ, ਬਲਕਿ ਕਿਰਤ ਦੀ ਲੁੱਟ ਕਰਕੇ ਉਹਨਾਂ ਆਪਣੇ ਲਈ ਸੁਖ-ਸੁਵਿਧਾ ਦੇ ਅਪਾਰ ਸਾਧਨ ਇੱਕਠੇ ਕੀਤੇ। ਇੰਜ ਉਹਨਾਂ ਦੇ ਵਿਚਾਰ ਤੇ ਵਿਹਾਰ ਵਿਚ, ਕਥਨੀ ਤੇ ਕਰਨੀ ਵਿਚ ਹਮੇਸ਼ਾ ਅੰਤਰ ਰਿਹਾ, ਜਿਸ ਨਾਲ ਜਾਣ-ਬੁੱਝ ਕੇ ਜਾਂ ਅਣਜਾਣੇ ਵਿਚ ਧਾਰਮਿਕ ਪਾਖੰਡ, ਅੰਧਵਿਸ਼ਵਾਸ ਤੇ ਮਿਥਿਆਚਰਣ ਦਾ ਵਾਧਾ ਹੋਇਆ। ਜਵਾਹਰ ਲਾਲ ਲਿਖਦੇ ਹਨ...:
“ਜਦ ਸੰਸਾਰ ਨੂੰ ਮਾਇਆ ਅਥਵਾ ਭਰਮ ਕਿਹਾ ਗਿਆ ਤਦ ਵੀ ਪੂਰਨ ਸੱਚ ਦੇ ਰੂਪ ਵਿਚ ਨਹੀਂ, ਜਿਸ ਚੀਜ ਨੂੰ ਸਿਰੇ ਦਾ ਸੱਚ ਸਮਝਿਆ ਜਾਂਦਾ ਸੀ, ਉਸਦੀ ਤੁਲਨਾਂ ਵਿਚ ਇਕ ਛੋਟੇ ਸੱਚ ਦੇ ਰੂਪ ਵਿਚ ਤੇ ਸੰਸਾਰ ਨੂੰ ਉਸਦੇ ਅਸਲੀ ਰੂਪ ਵਿਚ ਹੀ ਸਵੀਕਾਰ ਕੀਤਾ ਗਿਆ।” (ਹਿੰਦੁਸਤਾਨ ਕੀ ਕਹਾਣੀ)
ਗਾਂਧੀ ਜਿਸ ਸੱਚ ਉੱਤੇ ਵਧੇਰੇ ਜ਼ੋਰ ਦਿੰਦਾ ਹੈ, ਵਸਤੂ-ਸਰੂਪ ਅਧੂਰਾ-ਸੱਚ ਨਹੀਂ, ਜਿਹੜਾ ਛਿਣ ਛਿਣ ਬਦਲ ਰਿਹਾ ਹੈ ਤੇ ਜਿਸਨੂੰ ਮਾਨਵ ਕਿਰਤ ਦੀਆਂ ਨਵੀਆਂ-ਨਵੀਆਂ ਪ੍ਰਾਪਤੀਆਂ ਤੇ ਖੋਜਾਂ ਵਧ ਤੋਂ ਵਧ ਪੂਰਨ ਤੇ ਸਮਰਿਧ ਬਣਾਈ ਜਾ ਰਹੀਆਂ ਹਨ, ਬਲਕਿ ਇਕ ਅਪਰਿਵਰਤਨਸ਼ੀਲ ਚਰਮ (ਸਿਰੇ ਦਾ) ਸੱਚ ਹੈ, ਜਿਸਦਾ ਚਿੰਤਨ ਵੇਦਾਂਤੀਆਂ ਤੇ ਸਾਰੇ ਆਦਰਸ਼ਵਾਦੀਆਂ ਦੁਆਰਾ 'ਬ੍ਰਹਮ' ਦੇ ਰੂਪ ਵਿਚ ਕੀਤਾ ਜਾਂਦਾ ਹੈ। ਇਸ ਸਿਰੇ ਦੇ ਸੱਚ ਯਾਨੀ ਬ੍ਰਹਮ ਦਾ ਇਕ ਅੰਸ਼ ਸੰਸਾਰ ਦੇ ਹਰੇਕ ਪ੍ਰਾਣੀ ਵਿਚ ਬਿਰਾਜਮਾਨ ਹੈ। ਤਪ, ਤਿਆਗ, ਵਰਤ ਤੇ ਆਤਮਸ਼ੁੱਧੀ ਦੁਆਰਾ ਇਸ ਅੰਸ਼ ਨੂੰ ਵਧਾਇਆ ਤੇ ਜਗਾਇਆ ਵੀ ਜਾ ਸਕਦਾ ਹੈ ਤੇ ਕਸ਼ਟ ਸਹਿ ਕੇ, ਮਾਰ ਖਾ ਕੇ, ਇਸ ਅੰਸ਼ ਨੂੰ ਕਸ਼ਟ ਦੇਣ ਤੇ ਮਾਰਨ ਵਾਲੇ ਵਿਚ ਵੀ ਜਗਾਇਆ-ਵਧਾਇਆ ਜਾ ਸਕਦਾ ਹੈ। ਗਾਂਧੀਵਾਦ ਦਾ ਇਹੀ ਸਾਰ ਤੱਤ ਹੈ, ਜਿਹੜਾ ਅੰਦਰੂਨੀ ਪ੍ਰੀਵਰਤਨ ਰਾਹੀਂ ਪਾਪ, ਲੋਭ ਤੇ ਕਰੋਧ ਦੇ ਬਡਰੂਪ-ਤੱਤ ਨੂੰ ਹੌਲੀ ਹੌਲੀ ਘਟ ਤੇ ਅੰਤ ਵਿਚ ਬਿਲਕੁਲ ਅਲੋਪ ਕਰਕੇ ਨਾ ਸਿਰਫ ਵਿਅਕਤੀ ਨੂੰ ਬਲਕਿ ਸਮੂਹ ਮਾਨਵ ਸਮਾਜ ਨੂੰ ਬ੍ਰਹਮ-ਸਰੂਪ ਬਣਾਉਣਾ ਆਪਣਾ ਆਦਰਸ਼ ਐਲਾਨਦਾ ਹੈ।
ਪਰ ਮਨੁੱਖ ਦਾ ਸਦੀਆਂ ਪੁਰਾਣਾ ਇਤਿਹਾਸਕ ਤਜ਼ੁਰਬਾ ਇਸ ਆਦਰਸ਼ ਨੂੰ ਬੜੀ ਪਹਿਲਾਂ ਝੁਠਿਆ ਚੁੱਕਿਆ ਹੈ। ਸਾਡੇ ਦੇਸ਼ ਦੇ ਜੋਗੀਆਂ ਤੇ ਗੋਰਖ ਪੰਥੀਆਂ ਨੇ ਇਸ ਬ੍ਰਹਮ ਨੂੰ ਪਾਉਣ ਦੀ ਲਾਲਸਾ ਵਿਚ ਇਸ ਪਾਰਥਿਵ ਜਗਤ ਨੂੰ ਛੱਡਿਆ, ਜੰਗਲ ਜੰਗਲ ਘੁੰਮੇ, ਘੋਰ ਤਪਸਿਆਵਾਂ ਕੀਤੀਆਂ ਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਹਠਕ੍ਰਿਆਵਾਂ ਸਾਧੀਆਂ। ਇਹਨਾਂ ਸਾਰਿਆਂ ਦਾ ਸਿੱਟ ਇਹ ਨਿਕਲਿਆ ਕਿ ਜਦੋਂ ਜਦੋਂ ਉਹਨਾਂ ਨੂੰ ਭੁੱਖ ਨੇ ਸਤਾਇਆ ਉਦੋਂ ਉਦੋਂ ਇਸੇ ਪਾਰਥਿਵ ਜਗਤ ਵੱਲ ਪਰਤੇ ਤੇ ਗ੍ਰਹਿਸਤੀਆਂ ਦੇ ਬੂਹਿਆਂ 'ਤੇ 'ਅਲਖ਼ ਨਿਰੰਜਨ' ਦੀ ਸਦਾ ਲਾਉਂਦਿਆਂ ਹੋਇਆਂ ਸਵੀਕਾਰ ਕੀਤਾ ਕਿ ਸਾਡੀ ਸਾਰੀ ਮਿਹਨਤ ਬੇਕਾਰ ਹੈ, 'ਬ੍ਰਹਮ ਨੂੰ ਦੇਖਿਆ-ਪਾਇਆ ਨਹੀਂ ਜਾ ਸਕਦਾ।' ਗਾਂਧੀਵਾਦੀ ਕਾਂਗਰਸੀਆਂ ਦੀ ਤਾਂ ਗੱਲ ਹੀ ਕੀ ਕਰੀਏ, ਉਹਨਾਂ ਦੀ ਸਾਰੀ ਭੱਜ-ਨੱਠ, ਆਜ਼ਾਦੀ ਸੰਗਰਾਮ ਦੇ ਦਿਨਾਂ ਵਿਚ ਤੇ ਉਸ ਤੋਂ ਪਿੱਛੋਂ ਵੀ—ਕੁਰਸੀਆਂ, ਅਹੂਦਿਆਂ, ਤਨਖ਼ਾਹ-ਭੱਤਿਆਂ, ਬੰਗਲਿਆਂ ਅਤੇ ਕਾਰਾਂ ਲਈ ਰਹੀ ਹੈ। 1921 ਤੋਂ ਅੱਜ ਤਕ ਦੇ ਲਗਭਗ ਪੰਜਾਹ ਵਰ੍ਹਿਆਂ ਵਿਚ ਗਾਂਧੀਵਾਦ ਦਾ, ਜਿਹੜਾ ਵਿਵਹਾਰਕ ਰੂਪ ਵਿਕਸਤ ਹੋਇਆ ਹੈ, ਉਸ ਵਿਚ ਅਸੀਂ ਚਰਮ-ਸੱਚ (ਸਿਰੇ ਦਾ ਸੱਚ) ਜਾਂ ਬ੍ਰਹਮ ਦਾ ਅੰਸ਼ ਸਿਰਫ ਇਹੀ ਦੇਖਦੇ ਹਾਂ ਕਿ ਕੁਝ ਪੁਰਾਣੇ ਝੂਠਾਂ ਦਾ ਨਾਂ ਸੱਚ ਰੱਖ ਦਿੱਤਾ ਗਿਆ ਹੈ—ਜਾਂ ਫੇਰ ਸੱਚ ਦੇ ਨਾਂ ਉਪਰ ਕੁਝ ਨਵੇਂ ਝੂਠ ਘੜੇ ਗਏ ਹਨ, ਜਿਹਨਾਂ ਨੂੰ ਅਸੀਂ ਭਰਿਸ਼ਟਾਚਾਰ ਤੇ ਆਦਰਸ਼ਹੀਣਤਾ ਦੇ ਦੁਖਾਂਤ ਦੇ ਰੂਪ ਵਿਚ ਭੋਗ ਰਹੇ ਹਾਂ।
ਇਕ ਮੱਧਕਾਲੀ ਗ਼ੈਰ-ਵਿਹਾਰਕ ਦਰਸ਼ਨ ਨੂੰ ਅਪਣਾਅ ਲੈਣ ਦਾ ਨਤੀਜਾ ਇਸਦੇ ਇਲਾਵਾ ਹੋਰ ਕੁਝ ਹੋ ਹੀ ਨਹੀਂ ਸਕਦਾ ਸੀ। ਜਵਾਹਰ ਲਾਲ ਇਹ ਸਭ ਸਮਝਦੇ ਸਨ ਤੇ ਅਗਸਤ 1942 ਦੇ ਅੰਦੋਲਨ ਦੇ ਸਿਲਸਿਲੇ ਵਿਚ, ਜਦੋਂ ਉਹ ਅਹਿਮਦਾਬਾਦ ਕਿਲੇ ਵਿਚ ਨਜ਼ਰਬੰਦ ਸਨ, ਉਦੋਂ ਲਿਖਿਆ ਸੀ...:
“ਜਿਵੇਂ ਅਸੀਂ ਪਹਿਲਾਂ ਸੀ, ਉਸਦੇ ਮੁਕਾਬਲੇ ਵਿਚ ਅਸੀਂ ਕੋਈ ਵਧ ਸੱਚੇ ਨਹੀਂ ਬਣ ਗਏ, ਲੇਕਿਨ ਅਟਲ ਸੱਚ ਦੇ ਪ੍ਰਤੀਕ ਗਾਂਧੀਜੀ ਲਗਾਤਾਰ ਸਾਡੇ ਸਾਹਮਣੇ ਸਨ, ਜਿਹੜੇ ਸਾਨੂੰ ਉਪਰ ਖਿੱਚਦੇ ਸਨ ਤੇ ਸੱਚ ਉੱਤੇ ਡਟੇ ਰਹਿਣ ਦਾ ਰਸਤਾ ਦਿਖਾਉਂਦੇ ਸਨ। ਸੱਚ ਕੀ ਹੈ?...” ਹੁਣ ਇੱਥੇ ਅੰਤਰਵਿਰੋਧ ਸਿਰ ਚੁੱਕਦਾ ਹੈ ਤੇ ਦਿਮਾਗ਼ ਵਿਚ ਕੁਝ ਅਜਿਹਾ ਗਡਮਡ ਹੋ ਜਾਂਦਾ ਹੈ ਕਿ ਇਕ ਸਪਸ਼ਟ ਪਰੀਭਾਸ਼ਾ ਦੇਣ ਦੀ ਬਜਾਏ ਜਵਾਹਰ ਲਾਲ ਆਪਣੀ ਮਜ਼ਬੂਰੀ ਦਾ ਐਲਾਨ ਕਰਦੇ ਹਨ—“ਪੱਕੇ ਤੌਰ 'ਤੇ ਮੈਂ ਇਹ ਨਹੀਂ ਜਾਣਦਾ ਤੇ ਸਾਡੇ ਸੱਚ, ਮਨ ਭਾਉਂਦੇ ਤੇ ਪੂਰੇ ਦੇ ਪੂਰੇ ਸਾਡੀ ਪਹੁੰਚ ਦੇ ਪਰ੍ਹੇ ਹਨ। ਅਲਗ-ਅਲਗ ਆਦਮੀ ਸੱਚ ਨੂੰ ਅਲਗ-ਅਲਗ ਤਰੀਕੇ ਨਾਲ ਲੈਂਦਾ ਹੈ ਤੇ ਹਰ ਆਦਮੀ ਉੱਤੇ ਆਪੋ-ਅਪਣੇ ਪਿਛੋਕੜ, ਸਿਖਿਆ ਤੇ ਪ੍ਰਵਿਰਤੀ ਦਾ ਬੜਾ ਅਸਰ ਹੁੰਦਾ ਹੈ।”
ਜਵਾਹਰ ਲਾਲ ਉੱਤੇ ਉਹਨਾਂ ਦੇ ਪਿਛੋਕੜ, ਸਿਖਿਆ ਤੇ ਪ੍ਰਵਿਰਤੀ ਦੇ ਅਸਰ ਨੂੰ ਅਸੀਂ ਵਿਸਥਾਰ ਨਾਲ ਦੇਖ ਚੁੱਕੇ ਹਾਂ। ਉਹਨਾਂ ਦੇ ਪਰਿਵਾਰ ਦਾ ਸਾਮੰਤਵਾਦ ਨਾਲ ਪੀਢਾ ਸੰਬੰਧ ਸੀ, ਜਿਸ ਵਿਚ ਪ੍ਰੰਪਰਾਗਤ ਵੇਦਾਂਤ-ਦਰਸ਼ਨ ਉਹਨਾਂ ਨੂੰ ਵਿਰਸੇ ਵਿਚ ਮਿਲਿਆ ਸੀ। ਹਾਲਾਂਕਿ ਪਿਤਾ ਨੇ ਸਾਮੰਤਵਾਦੀ ਤੱਤਾਂ ਨੂੰ ਝਟਕ ਕੇ ਆਪਣੇ ਚਿੰਤਨ ਨੂੰ ਕਾਫੀ ਹੱਦ ਤਕ ਵਿਗਿਆਨਕ ਬਣਾ ਲਿਆ ਸੀ ਤੇ ਆਪਣੇ ਜੀਵਨ ਨੂੰ ਤੇ ਘਰ ਦੇ ਵਾਤਾਵਰਨ ਨੂੰ ਪੂੰਜੀਵਾਦੀ ਸਭਿਅਤਾ ਦੇ ਢਾਂਚੇ ਵਿਚ ਢਾਲ ਲਿਆ ਸੀ, ਪਰ ਜਵਾਹਰ ਲਾਲ ਦਾ ਪਾਲਨ ਪੋਸ਼ਣ ਜਿਸ ਵਿਲਾਸਤਾ ਵਿਚ ਹੋਇਆ, ਉਸ ਨੇ ਉਹਨਾਂ ਵਿਚ ਵੇਦਾਂਤ ਦਰਸ਼ਨ ਦੇ ਪ੍ਰਭਾਵ ਨੂੰ ਪੱਕਾ ਬਣਾਈ ਰੱਖਿਆ। ਇਸੇ ਕਾਰਣ ਉਹ ਐਨੀ ਬੇਸੇਂਟ ਤੇ ਬਰੁਕਸ ਦੇ ਬ੍ਰਹਮਵਾਦ ਵੱਲ ਖਿੱਚੇ ਗਏ ਤੇ ਥਿਓਸੌਫੀ ਦੀ ਦੀਕਸ਼ਾ ਲਈ। ਫੇਰ ਜਦੋਂ ਅੱਗੇ ਪੜ੍ਹਨ ਲਈ ਵਲਾਇਤ ਗਏ ਤਾਂ ਪਤਨ ਮੂੰਹ ਖੜ੍ਹੀ ਪੱਛਮੀ ਸਭਿਅਤਾ ਦੀ ਭੋਗਵਾਦ ਪ੍ਰਵਿਰਤੀ ਨੇ ਤੇ ਨੀਤਸੇ ਦੇ ਸਨਕੀਪਨ ਤੇ—ਅਤੀ-ਮਾਨਵ ਦੇ ਸਿਧਾਂਤ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਜਦੋਂ ਉਹ ਸਵਦੇਸ਼ ਪਰਤੇ ਤਾਂ ਉਹਨਾਂ ਦਾ ਵਰਗ-ਚਰਿੱਤਰ ਇਕ ਠੋਸ ਤੇ ਦ੍ਰਿੜ੍ਹ ਰੂਪ ਧਾਰਨ ਕਰ ਚੁੱਕਿਆ ਸੀ। ਇਹ ਠੀਕ ਹੈ ਕਿ ਵਿਗਿਆਨ ਵਿਚ ਉਹਨਾਂ ਦੀ ਰੂਚੀ ਸੀ; ਪਰ ਵਿਗਿਆਨ ਦੇ ਪ੍ਰਤੀ ਵੀ ਉਹਨਾਂ ਦਾ ਦ੍ਰਿਸ਼ਟੀਕੋਣ ਆਦਰਸ਼ਵਾਦੀ ਸੀ। ਪਦਾਰਥ ਦੀ ਸੱਚਾਈ ਨੂੰ ਮੰਨਦੇ ਹੋਏ ਵੀ ਉਹ ਆਤਮਾ ਦੀ ਸੁਤੰਤਰ ਹੋਂਦ ਵਿਚ ਵਿਸ਼ਵਾਸ ਕਰਦੇ ਸਨ। ਯਾਨੀ ਦਵੈਤਵਾਦੀ ਸਨ। ਲਿਖਿਆ ਹੈ...:
“ਅਧਿਆਤਮਕ ਚੀਜਾਂ ਵਿਚ, ਜਿਹੜੀਆਂ ਸਾਡੀ ਭੌਤਿਕ ਦੁਨੀਆਂ ਦੀ ਹੱਦ ਤੋਂ ਅੱਗੇ ਹਨ, ਥੋੜ੍ਹੀ ਬਹੁਤ ਆਸਥਾ ਜ਼ਰੂਰ ਮਹਿਸੂਸ ਹੁੰਦੀ ਹੈ; ਨੈਤਿਕ, ਅਧਿਆਤਮਕ ਤੇ ਆਦਰਸ਼ਵਾਦੀ ਧਾਰਨਾਵਾਂ ਉਪਰ ਥੋੜ੍ਹੀ ਬਹੁਤ ਨਿਰਭਰਤਾ ਜ਼ਰੂਰੀ ਹੈ, ਨਹੀਂ ਤਾਂ ਸਾਡੇ ਕੋਲ ਕੋਈ ਉਦੇਸ਼ ਜਾਂ ਸਮਰਥਾ ਨਹੀਂ ਰਹਿ ਜਾਏਗੀ। ਅਸੀਂ ਈਸ਼ਵਰ ਵਿਚ ਵਿਸ਼ਵਾਸ ਕਰੀਏ ਜਾਂ ਨਾ ਕਰੀਏ, ਲੇਕਿਨ ਕਿਸੇ ਚੀਜ ਵਿਚ ਵੀ ਵਿਸ਼ਵਾਸ ਨਾ ਹੋਣਾ ਅਸੰਭਵ ਹੈ, ਅਸੀਂ ਉਸਨੂੰ ਪ੍ਰਾਣਦਾਤੀ ਰਚਨਾਤਮਕ ਸ਼ਕਤੀ ਕਹੀਏ ਜਾਂ ਪਦਾਰਥ ਵਿਚ ਛੁਪੀ ਸ਼ਕਤੀ—ਉਹ ਭਾਵੇਂ ਅਸਪਸ਼ਟ ਹੈ, ਫੇਰ ਵੀ ਉਹ ਓਨੀ ਹੀ ਸੱਚ ਹੈ, ਜਿੰਨਾ ਮੌਤ ਦੀ ਤੁਲਨਾ ਵਿਚ ਜੀਵਨ।” (ਮੇਰੀ ਕਹਾਣੀ)
ਮਰਨ ਪਿੱਛੋਂ ਦਾਹ-ਸੰਸਕਾਰ ਦੀ ਤੇ ਅਸਥੀਆਂ ਦੇ ਗੰਗਾ-ਪ੍ਰਵਾਹ ਦੀ ਜਵਾਹਰ ਲਾਲ ਨੇ ਜਿਹੜੀ ਵਸੀਅਤ ਲਿਖੀ ਹੈ ਭਾਵੇਂ ਉਸਨੂੰ ਸੁੰਦਰ ਲਫ਼ਜ਼ਸਾਜ਼ੀ ਨਾਲ ਸਜਾਇਆ ਗਿਆ ਹੈ, ਪਰ ਉਸਦੀ ਤੈਹ ਵਿਚ ਵੀ ਇਸੇ ਵਿਸ਼ਵਾਸ ਦੀ ਪ੍ਰੇਰਨਾ ਹੈ। ਵਰਨਾ ਇਸ ਮਾਮਲੇ—ਵਿਚ ਡਾ. ਰਾਮਮਨੋਹਰ ਲੋਹੀਆ ਤੇ ਸਾਵਰਕਰ ਹੁਰੀਂ ਉਹਨਾਂ ਨਾਲੋਂ ਕਿਤੇ ਵੱਧ ਪ੍ਰਗਤੀਸ਼ੀਲ ਸਿੱਧ ਹੋਏ, ਜਿਹਨਾਂ ਆਪਣਾ ਦਾਹ-ਸੰਸਕਾਰ ਬਿਜਲੀ ਦੁਆਰਾ ਕਰਨ ਲਈ ਕਿਹਾ।
ਪ੍ਰਤੀਕ੍ਰਿਆਵਾਦ ਤੇ ਪਤਨ-ਮੂੰਹ ਖੜ੍ਹੇ ਪੂੰਜੀਵਾਦ ਦੇ ਪੂਰੇ ਯੁੱਗ ਦੀ ਰਾਜਨੀਤੀ ਤੇ ਸੰਸਕ੍ਰਿਤੀ ਦਾ ਆਧਾਰ ਆਦਰਸ਼ਵਾਦ ਹੈ, ਜਿਸਨੇ ਵਿਗਿਆਨਕ ਤੱਰਕੀ ਤੇ ਮਾਰਕਸਵਾਦੀ ਅਲੋਚਨਾ ਦੇ ਦਬਾਅ ਨਾਲ ਮਨੋਗਤ ਆਦਰਸ਼ਵਾਦ, ਵਸਤੂਗਤ ਆਦਰਸ਼ਵਾਦ, ਵਿਵਹਾਰਵਾਦ, ਰਹੱਸਵਾਦ, ਆਸਿਸਤਵਵਾਦ, ਪ੍ਰਯੋਗਵਾਦ ਤੇ ਅਰਾਜਕਤਾਵਾਦ ਆਦੀ ਅੱਡਰੇ-ਵੱਖਰੇ ਰੂਪ ਧਾਰਨ ਕੀਤੇ ਹੋਏ ਹਨ। ਇਹਨਾਂ ਵਿਚ ਵਿਵਹਾਰਵਾਦ (Pragmatism) ਨੂੰ ਜਿਸਦਾ ਰੂਪ ਅਮਰੀਕੀ ਮਨੋਵਿਗਿਆਨ ਦੇ ਵਿਸ਼ੇਸ਼ਕ ਵਿਲੀਅਮ ਜੇਮਸ ਨੇ ਘੜਿਆ ਹੈ, ਸਭ ਤੋਂ ਸ਼ਕਤੀਮਾਨ ਤੇ ਆਧੁਨਿਕ ਮੰਨਿਆਂ ਜਾਂਦਾ ਹੈ। ਇਹ ਵਿਵਹਾਰਕਤਾ ਉਪਰ ਬਲ ਦਿੰਦਾ ਹੈ ਤੇ ਜੇਮਸ ਨੇ ਇਸਨੂੰ 'ਕਰਮ ਦਾ ਦਰਸ਼ਨ' ਕਿਹਾ ਹੈ। ਇਸ ਅਨੁਸਾਰ 'ਕੋਈ ਵੀ ਵਿਚਾਰ ਉਸ ਸਮੇਂ ਤਕ 'ਸੱਚ' ਹੈ, ਜਦੋਂ ਤਕ ਉਸ ਉੱਤੇ ਵਿਸ਼ਵਾਸ ਕਰਨ ਨਾਲ ਸਾਨੂੰ ਆਪਣੇ ਜੀਵਨ ਵਿਚ ਲਾਭ ਹੁੰਦਾ ਹੈ।' ਦਰਅਸਲ ਇਹ ਮੁਨਾਫ਼ਾਖੋਰ ਅਮਰੀਕੀ ਸਾਮਰਾਜਵਾਦੀਆਂ ਤੇ ਵਪਾਰੀਆਂ ਦਾ ਦਰਸ਼ਨ ਹੈ, ਜਿਸਨੂੰ ਦੂਜੇ ਦੇਸ਼ਾਂ ਦੇ ਉਹਨਾਂ ਦੇ ਭਾਈ-ਵਾਲਾਂ ਨੇ ਵੀ ਅਪਣਾਅ ਲਿਆ ਹੈ। ਜਵਾਹਰ ਲਾਲ ਨੇ ਗਾਂਧੀਵਾਦੀ ਸੱਚ ਦੀ, ਜਿਹੜੀ ਉਪਰੋਕਤ ਵਿਵਹਾਰਕ ਪਰਿਭਾਸ਼ਾ ਦਿੱਤੀ ਹੈ, ਉਹ ਇਸ ਨਾਲੋਂ ਬਹੁਤੀ ਵੱਖਰੀ ਨਹੀਂ। ਪੂਰੇ ਰਾਸ਼ਟਰੀ-ਅੰਦੋਲਨ ਵਿਚ ਕਰਾਂਤੀ-ਸੰਘਰਸ਼ ਨੂੰ ਟਾਲਨ ਤੇ ਗੁੱਝੇ ਨਿੱਜੀ-ਸਵਾਰਥਾਂ ਦੀ ਰੱਖਿਆ ਕਰਨ ਲਈ ਸਮੇਂ-ਸਮੇਂ ਅਜਿਹੇ 'ਸੱਚ' ਦਾ ਹੀ ਸਹਾਰਾ ਲਿਆ ਗਿਆ ਤੇ ਅੱਜ ਵੀ ਸਾਡੇ ਰਾਸ਼ਟਰੀ ਜੀਵਨ ਵਿਚ ਸਾਮਾਜਿਕ, ਆਰਥਿਕ ਅਤੇ ਰਾਜਨੀਤਕ ਪ੍ਰੀਵਰਤਨ ਨੂੰ ਰੋਕਣ ਲਈ ਏਸੇ 'ਸੱਚ' ਦਾ ਸਹਾਰਾ ਲੈ ਕੇ ਉਹਨਾਂ ਵਰਗਾਂ ਦੇ ਸਵਾਰਥਾਂ ਦੀ ਰਾਖੀ ਕੀਤੀ ਜਾ ਰਹੀ ਹੈ, ਜਿਹਨਾਂ ਦੀ ਕਾਂਗਰਸ ਪ੍ਰਤੀਨਿੱਧਤਾ ਕਰਦੀ ਹੈ। ਸਮਾਜਵਾਦੀ ਸਮਾਜ ਦੇ ਨਿਰਮਾਣ ਦਾ ਨਾਅਰਾ ਵੀ ਇਕ ਅਜਿਹਾ ਹੀ 'ਸੱਚ' ਹੈ।
ਜਵਾਹਰ ਲਾਲ ਨੇ ਕਰੰਜਿਯਾ ਨਾਲ ਆਪਣੀ ਮੁਲਾਕਾਤ ਵਿਚ ਕਿਹਾ ਸੀ—'ਮੈਂ ਸਮਾਜਵਾਦ ਵਿਚ ਪਿੱਛਲੇ ਪੰਜਾਹ ਵਰ੍ਹਿਆਂ ਤੋਂ ਯਕੀਨ ਕਰਦਾ ਆ ਰਿਹਾ ਹਾਂ ਤੇ...ਉਸ ਵਿਚ ਵਿਸ਼ਵਾਸ ਕਰਦਾ ਤੇ ਉਸ ਲਈ ਕੰਮ ਕਰਦਾ ਰਹਾਂਗਾ।' (ਦ ਮਾਇੰਡ ਆਫ ਮਿਸਟਰ ਨਹਿਰੂ)
ਪਰ ਉਹਨਾਂ ਦੇ ਇਸ ਯਕੀਨ/ਵਿਸ਼ਵਾਸ ਦਾ ਦਾਰਸ਼ਨਿਕ ਆਧਾਰ ਕੀ ਸੀ? ਤੇ ਉਹਨਾਂ ਦੇ ਦਿਮਾਗ਼ ਵਿਚ ਸਮਾਜਵਾਦ ਦੀ ਧਾਰਨਾ ਕੀ ਸੀ? 15 ਅਗਸਤ 1958 ਨੂੰ ਆਪਣੇ 'ਮੂਲਭੂਤ ਦ੍ਰਿਸ਼ਟੀਕੋਣ' ਨਿਬੰਧ ਵਿਚ ਲਿਖਿਆ ਸੀ : “ਲੇਕਿਨ, ਸਮਾਜਵਾਦ ਕੀ ਹੈ? ਇਸਦਾ ਕੋਈ ਠੀਕ ਉਤਰ ਦੇਣਾ ਕਠਿਨ ਹੈ—ਸਮਾਜਵਾਦ ਦੀਆਂ ਅਨੇਕ ਪ੍ਰੀਭਾਸ਼ਾਵਾਂ ਹਨ। ਕੁਛ ਲੋਕ ਸ਼ਾਇਦ ਅਸਪਸ਼ਟ ਢੰਗ ਨਾਲ ਇਹ ਸੋਚਦੇ ਹਨ ਕਿ ਉਹ ਕੋਈ ਅੱਛੀ ਚੀਜ ਹੈ ਤੇ ਉਸਦਾ ਮਕਸਦ ਸਮਾਨਤਾ ਸਥਾਪਤ ਕਰਨਾ ਹੈ। ਲੇਕਿਨ ਇਹ ਸੋਚ ਸਾਨੂੰ ਕਿਸੇ ਸਿੱਟੇ ਉਪਰ ਨਹੀਂ ਪਹੁੰਚਾਉਂਦੀ।” ਜਦੋਂ ਉਹਨਾਂ ਕੋਲ ਕੋਈ ਠੋਸ ਉਤਰ ਨਹੀਂ ਤੇ ਉਹਨਾਂ ਦੇ ਦਿਮਾਗ਼ ਵਿਚ ਕੋਈ ਨਿਸ਼ਚਿਤ ਪਰੀਭਾਸ਼ਾ ਹੀ ਨਹੀਂ ਤਾਂ ਉਹਨਾਂ ਦਾ ਇਸ ਵਿਚ ਵਿਸ਼ਵਾਸ ਕਿੰਜ ਵੱਝਿਆ? ਤੇ ਉਹਨਾਂ ਕਿਸ ਸਮਾਜਵਾਦ ਲਈ ਕੀ ਕੰਮ ਕੀਤਾ? ਇਸ ਸਿਲਸਿਲੇ ਵਿਚ ਉਹਨਾਂ ਸਪਸ਼ਟ ਸਿਰਫ ਏਨਾ ਹੀ ਕਿਹਾ ਹੈ, “ਸਮਾਜਵਾਦ ਬੁਨਿਆਦੀ ਤੌਰ 'ਤੇ ਪੂੰਜੀਵਾਦ ਨਾਲੋਂ ਭਿੰਨ ਮਾਰਗ ਹੈ, ਫੇਰ ਵੀ ਖ਼ਿਆਲ ਹੈ ਕਿ ਦੋਹਾਂ ਦਾ ਵੱਡਾ ਅੰਤਰ ਖ਼ਤਮ ਹੁੰਦਾ ਜਾ ਰਿਹਾ ਹੈ ਕਿਉਂਕਿ ਸਮਾਜਵਾਦ ਦੇ ਬਹੁਤ ਸਾਰੇ ਵਿਚਾਰ ਹੌਲੀ ਹੌਲੀ ਪੂੰਜੀਵਾਦੀ ਵਿਵਸਥਾ ਦਾ ਅੰਗ ਬਣਦੇ ਜਾ ਰਹੇ ਹਨ।” ਭਾਵ ਇਹ ਕਿ ਸਮਾਜਵਾਦ ਦੇ ਵਿਚਾਰ ਅਪਣਾਅ ਲੈਣ ਨਾਲ ਪੂੰਜੀਵਾਦ ਦੇ ਖ਼ੁਦ-ਬ-ਖ਼ੁਦ ਸਮਾਜਵਾਦ ਵਿਚ ਬਦਲ ਜਾਣ ਦੀ ਸੰਭਾਵਨਾ ਹੈ। ਕਾਂਗਰਸ ਸਰਕਾਰ ਨੇ ਸਮਾਜਵਾਦੀ ਸਮਾਜ ਦੇ ਨਿਰਮਾਣ ਦਾ ਜਿਹੜਾ ਰਸਤਾ ਚੁਣਿਆਂ ਹੈ, ਉਸਦਾ ਆਧਾਰ ਵੀ ਇਹੀ ਹੈ। ਉਹ ਲਿਖਦੇ ਹਨ...:
“ਇਸ ਲਈ ਵਿਊਂਤਬੰਦੀ ਜ਼ਰੂਰੀ ਹੈ ਵਰਨਾ ਅਸੀਂ ਆਪਣੇ ਸਾਧਨਾਂ ਨੂੰ, ਜਿਹੜੇ ਅਤੀ ਸੀਮਿਤ ਹਨ, ਵਿਅਰਥ ਗੰਵਾਹ ਰਹੇ ਹਾਂ। ਵਿਊਂਤਬੰਦੀ ਦਾ ਮਤਲਬ ਹੈ ਪ੍ਰਗਤੀ ਦੇ ਆਧਾਰ ਉੱਤੇ ਗਤੀ ਦੇ ਪੱਕੇ ਪੈਰੀਂ ਹੋਣ ਦਾ ਪੱਕਾ ਰਾਹ, ਤਾਂਕਿ ਸਮਾਜ ਸਾਰੇ ਮੋਰਚਿਆਂ ਉਪਰ ਅੱਗੇ ਵਧ ਸਕੇ।” (ਇਕਨਾਮਿਕ ਰਵਿਊ)
ਅਸਲ ਸਵਾਲ ਨਿੱਜੀ ਸੰਪਤੀ ਤੇ ਉਤਪਾਦਨ ਸੰਬੰਧਾਂ ਦਾ ਹੈ। ਪੂੰਜੀਵਾਦ ਨੇ ਕਿਰਤ ਦਾ ਸਮਾਜੀਕਰਣ ਕੀਤਾ, ਸਮਾਜਵਾਦ ਸੰਪਤੀ ਦਾ ਸਮਾਜੀਕਰਣ ਕਰੇਗਾ, ਜੇ ਖੇਤੀ ਦੇ ਖੇਤਰ ਵਿਚ ਜ਼ਿਮੀਂਦਾਰੀ ਨਾ ਖਤਮ ਕੀਤੀ ਜਾਵੇ ਤੇ ਉਦਯੋਗ ਦੇ ਖੇਤਰ ਵਿਚ ਘਰੇਲੂ ਤੇ ਵਿਦੇਸ਼ੀ ਪੂੰਜੀਪਤੀਆਂ ਦੀ ਇਜਾਰਾਦਾਰੀ ਇਉਂ ਦੀ ਇਉਂ ਹੀ ਬਣੀ ਰਹੇ ਤਾਂ ਕਿਸਾਨਾਂ ਤੇ ਮਜ਼ਦੂਰਾਂ ਦੀ ਗਰੀਬੀ ਕਿੰਜ ਦੂਰ ਹੋਵੇਗੀ? ਤੇ ਲੁੱਟ ਕਿੰਜ ਮੁੱਕੇਗੀ? ਜ਼ਾਹਿਰ ਹੈ ਕਿ ਜਿਸ ਸਮਾਜਵਾਦ ਵਿਚ ਜਵਾਹਰ ਲਾਲ ਦਾ ਵਿਸ਼ਵਾਸ ਸੀ, ਉਹ ਸਮਾਜਵਾਦ ਨਹੀਂ ਕੋਈ ਹੋਰ ਸ਼ੈ ਹੈ। ਤਿੰਨ ਪੰਜ ਸਾਲੀਆਂ ਯੋਜਨਾਵਾਂ ਦਾ ਹਸ਼ਰ ਉਹ ਖ਼ੁਦ ਦੇਖ ਚੁੱਕੇ ਸਨ ਤੇ ਚੌਥੀ ਦਾ ਹੋਰ ਵੀ ਮਾੜਾ ਹਸ਼ਰ ਉਹਨਾਂ ਦੇ ਉਤਰਾਧਿਕਾਰੀ ਦੇਖ ਰਹੇ ਹਨ। ਗਰੀਬੀ ਤੇ ਲੁੱਟ ਦੇ ਹੁੰਦਿਆਂ ਤੇ ਅੰਗਰੇਜ਼ ਸਾਮਰਾਜਵਾਦੀਆਂ ਤੋਂ ਮਿਲੀ ਇਸ ਪੁਰਾਣੀ ਨੌਕਰਸ਼ਾਹੀ ਮਸ਼ੀਨਰੀ ਦੇ ਰਹਿੰਦਿਆਂ ਕਿਸੇ ਵੀ ਵਿਊਂਤਬੰਦੀ ਦੀਆਂ ਗੱਲਾਂ ਕਰਨਾ ਬੁੱਢੀ ਘੋੜੀ ਲਾਲ ਲਗਾਮ ਵਾਲੀ ਕਹਾਵਤ ਦਾ ਚੇਤਾ ਕਰਵਾਉਂਦੀ ਹੈ।
ਮਾਰਕਸ ਨੇ ਸਮਾਜਵਾਦ ਦੀ ਵਿਗਿਆਨਕ ਪਰੀਭਾਸ਼ਾ ਦੇ ਕੇ ਪਹਿਲਾਂ ਤੋਂ ਪਰਚੱਲਤ ਕਈ ਕਿਸਮਾਂ ਦੇ ਕਲਪਿਤ ਸਮਾਜਵਾਦਾਂ ਤੇ ਉਹਨਾਂ ਦੁਆਰਾ ਫੈਲਾਏ ਗਏ ਭਰਮਾਂ ਨੂੰ ਦੂਰ ਕੀਤਾ। ਇਸ ਪਰੀਭਾਸ਼ਾ ਦੇ ਆਧਾਰ ਉੱਤੇ ਸਮਾਜਵਾਦ ਦਾ ਨਾਂ ਮਾਰਕਸਵਾਦ, ਵਿਗਿਆਨਕ ਸਮਾਜਵਾਦ ਤੇ ਕਮਿਊਨਿਜ਼ਮ ਪਿਆ। ਪਰ ਜਵਾਹਰ ਲਾਲ ਸਮਾਜਵਾਦ ਦੀ ਇਸ ਪਰੀਭਾਸ਼ਾ ਨੂੰ ਸਵੀਕਾਰ ਨਹੀਂ ਕਰਦੇ, ਕਿਉਂਕਿ ਉਹਨਾਂ ਦੇ ਕਥਨ ਅਨੁਸਾਰ ਕਮਿਊਨਿਜ਼ਮ ਮਨੁੱਖ ਦੀਆਂ ਅਧਿਆਤਮਕ ਲੋੜਾਂ ਪੂਰੀਆਂ ਨਹੀਂ ਕਰਦਾ, ਕਮਿਊਨਿਜ਼ਮ ਵਿਚ ਵਿਆਕਤੀ ਨੂੰ ਸਮਾਜ ਉੱਤੇ ਕੁਰਬਾਨ ਕੀਤਾ ਜਾਂਦਾ ਹੈ, ਜਿਹੜਾ ਗਾਂਧੀ ਦੇ ਸ਼ਾਂਤੀਪੂਰਨ ਤੇ ਅਹਿੰਸਾਤਮਕ ਮਾਰਗ ਦੇ ਯਕਦਮ ਵਿਪਰੀਤ ਹੈ। ਪਰ ਜਵਾਹਰ ਲਾਲ ਜਿਸ ਸਰਕਾਰ ਦੇ ਲਗਾਤਾਰ 17 ਸਾਲ ਪ੍ਰਧਾਨ-ਮੰਤਰੀ ਰਹੇ, ਕੀ ਉਹ ਹਿੰਸਾ ਦਾ ਹੀ ਸੰਗਠਿਤ ਰੂਪ ਨਹੀਂ ਹੈ? ਤੇ ਉਹਨਾਂ ਦੇ ਰਾਜ ਦੇ ਇਹਨਾਂ 17 ਸਾਲਾਂ ਵਿਚ ਗਾਂਧੀ ਦੇ 'ਸ਼ਾਂਤੀਪੂਰਨ ਮਾਰਗ' ਨੂੰ ਹਿੰਦੁਸਤਾਨ ਦੀ ਮਿਹਨਕਸ਼ ਜਨਤਾ ਨੇ ਜਿੰਨਾ ਭੁਗਤਿਆ ਹੈ ਏਨੇ ਸਮੇਂ ਵਿਚ ਕਿਸੇ ਦੂਜੇ ਦੇਸ਼ ਦੀ ਮਿਹਨਤਕਸ਼ ਜਨਤਾ ਨੇ ਓਨਾ ਨਹੀਂ ਭੁਗਤਿਆ ਹੋਣਾ—ਤੇ 17 ਸਤੰਬਰ ਦੀ ਸਰਕਾਰੀ ਮੁਲਾਜ਼ਮਾਂ ਦੀ ਸੰਕੇਤਿਕ ਹੜਤਾਲ ਨੂੰ ਕੁਚਲਨ ਲਈ ਜਾਰੀ ਕੀਤੇ ਗਏ ਹੁਕਮ ਤੇ ਪੁਲਿਸ ਦਾ ਬੱਬਰ ਦਮਨ ਇਸ ਸ਼ਾਂਤੀਪੂਰਨ ਤੇ ਅਹਿੰਸਾਤਮਕ ਰਾਹ ਦੀ ਸੱਚਾਈ ਦੇ ਤਾਜੇ ਨਮੂਨੇ ਹਨ।
ਹਿੰਸਾ ਦਾ ਆਧਾਰ ਸ਼ੋਸ਼ਣ ਹੈ। ਜਦੋਂ ਤਕ ਇਕ ਵਰਗ ਹੱਥੋਂ ਦੂਜੇ ਵਰਗਾਂ ਦਾ ਸ਼ੋਸ਼ਣ ਹੁੰਦਾ ਰਹੇਗਾ, ਮਨੁੱਖੀ ਸਮਾਜ ਵਿਚ ਹਿੰਸਾ ਵੀ ਲਾਜ਼ਮੀ ਰੂਪ ਵਿਚ ਹੁੰਦੀ ਰਹੇਗੀ। ਹਿੰਸਾ ਤੇ ਇਹਨਾਂ ਕੁਰੀਤੀਆਂ ਨੂੰ ਦੂਰ ਕਰਨ ਦਾ ਇਹ ਉਪਾਅ ਨਹੀਂ ਕਿ ਲੋਟੂ ਤੇ ਲੁੱਟੇ ਜਾ ਰਹੇ ਵਿਚ ਪ੍ਰੇਰਨਾਂ ਤੇ ਉਪਦੇਸ਼ਾਂ ਰਾਹੀਂ ਬ੍ਰਹਮ ਦੇ ਕਲਪਿਤ ਅੰਸ਼ ਨੂੰ ਜਗਾਇਆ-ਵਧਾਇਆ ਜਾਵੇ, ਇਹ ਉਪਾਅ ਥੋਥੇ ਤੇ ਕਲਪਿਤ ਹਨ, ਜਿਹਨਾਂ ਨੂੰ ਮਨੁੱਖੀ ਅਨੁਭਵ ਬੜੀ ਪਹਿਲਾਂ ਰੱਦ ਕਰ ਚੁੱਕਿਆ ਹੈ। ਕਮਿਊਨਿਜ਼ਮ ਇਸ ਦਾ ਇਤਿਹਾਸਕ ਉਪਾਅ ਇਹ ਦੱਸਦਾ ਹੈ ਕਿ ਲੋਟੂ ਵਰਗ ਦੀ ਪ੍ਰਤੀਕ੍ਰਿਆਵਾਦੀ ਹਿੰਸਾ ਦੇ ਖ਼ਿਲਾਫ ਕਰਾਂਤੀਕਾਰੀ ਸੰਗਠਿਤ ਹਿੰਸਾ ਦਾ ਪ੍ਰਯੋਗ ਕੀਤਾ ਜਾਵੇ। ਜਦੋਂ ਪਹਿਲਾਂ ਲੁੱਟ ਦੀ ਅਵਸਥਾ, ਆਪਣੇ ਸਾਰੇ ਰੂਪਾਂ-ਬਡਰੂਪਾਂ ਸਮੇਤ ਖ਼ਤਮ ਕਰ ਦਿੱਤੀ ਜਾਵੇਗੀ ਉਦੋਂ ਹੀ ਹਿੰਸਾ, ਵਿਅਕਤੀ ਤੇ ਸਮਾਜ ਵਿਚਲੀਆਂ ਕੁਰੀਤੀਆਂ ਦੂਰ ਹੋਣਗੀਆਂ। ਉਹਨਾਂ ਨੂੰ ਖ਼ਤਮ ਕਰਨਾ ਹੀ ਕਮਿਊਨਿਜ਼ਮ ਦਾ ਅਸਲ ਨਿਸ਼ਾਨਾ ਹੈ।
ਜਵਾਹਰ ਲਾਲ ਜਦੋਂ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ ਤਾਂ ਮਨੁੱਖ ਦੇ ਸਦੀਆਂ ਲੰਮੇਂ ਅਨੁਭਵ ਨੂੰ ਯਾਨੀ ਇਤਿਹਾਸ ਦੇ ਪ੍ਰਸਥਿਤੀਆਂ ਜਾਏ ਦਰਸ਼ਨ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ।
ਜਵਾਹਰ ਲਾਲ ਨੇ ਆਪਣੇ 'ਮੂਲਭੂਤ ਦ੍ਰਿਸ਼ਟੀਕੋਣ' ਨਿਬੰਧ ਵਿਚ ਵਿਗਿਆਨ ਪ੍ਰਤੀ ਵੀ ਨਿਰਾਸ਼ਾ ਦਰਸਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਇਸ ਸਪੂਤਨਿਕ ਤੇ ਪਰਮਾਣੂੰ ਯੁੱਗ ਵਿਚ ਵਿਗਿਆਨ ਸਾਹਵੇਂ ਏਨੀਆਂ ਸਮੱਸਿਆਵਾਂ ਖੜ੍ਹੀਆਂ ਹਨ ਕਿ ਉਹਨਾਂ ਦੇ ਹੱਲ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਮਨੁੱਖ-ਬੁੱਧੀ ਉਹਨਾਂ ਨੂੰ ਸਮਝਣ ਤੋਂ ਵੀ ਅਸਮਰਥ ਹੈ। ਤੇ ਫੇਰ ਵਿਗਿਆਨ ਨੇ ਹਿੰਸਾ ਤੇ ਵਿਨਾਸ਼ ਦੀ ਸ਼ਕਤੀ ਨੂੰ ਵਿਕਸਿਤ ਕਰਕੇ ਮਨੁੱਖ ਨੂੰ ਮੌਤ ਦੇ ਬੂਹੇ ਉੱਤੇ ਲਿਆ ਖੜ੍ਹਾ ਕੀਤਾ ਹੈ, ਸਾਮਾਜਿਕ ਸੁਰੱਖਿਆ ਪੂਰੀ ਤਰ੍ਹਾਂ ਖਤਰੇ ਵਿਚ ਹੈ।
ਇਸ ਲਈ ਬੁੱਧੀ, ਗਿਆਨ ਤੇ ਤਰਕ ਨੂੰ—ਤੇ ਹਰ ਭਾਂਤ ਦੇ ਜੀਵਨ ਦਰਸ਼ਨ ਨੂੰ ਮਹੱਤਵਹੀਣ ਕਹਿ ਕੇ ਫੈਸਲਾ ਦਿੰਦੇ ਹਨ...:
“ਇਹ ਗੱਲ ਸਪਸ਼ਟ ਹੈ ਕਿ ਅਸਲ ਮਹੱਤਵ ਚੰਗੇ ਮਨੁੱਖਾਂ ਦਾ ਹੈ। ਰਾਸ਼ਟਰ ਤੇ ਧਨ ਤੇ ਸੰਸਕ੍ਰਿਤਕ ਵਿਕਾਸ ਦਾ ਮਨੁੱਖ ਹੀ ਇਕੋ ਇਕ ਸਾਧਨ ਹੈ। ਇਸ ਲਈ ਚੰਗੇ ਮਨੁੱਖ ਪੈਦਾ ਕਰਨ ਲਈ ਸਿਖਿਆ ਤੇ ਸਿਹਤ ਦਾ ਬੜਾ ਮਹੱਤਵ ਹੈ। ਇੱਥੇ ਵੀ ਵਸੀਲਿਆਂ ਦੀ ਕਮੀ ਸਾਡੇ ਲਈ ਵੱਡਾ ਅੜਿੱਕਾ ਬਣੇਗੀ; ਲੇਕਿਨ ਫੇਰ ਵੀ ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਹੀ ਸਿਖਿਆ ਤੇ ਚੰਗੀ ਸਿਹਤ ਹੀ ਆਰਥਿਕ, ਸੰਸਕ੍ਰਿਤਿਕ, ਅਧਿਆਤਮਕ ਵਿਕਾਸ ਦਾ ਆਧਾਰ ਬਣਾ ਸਕਣਗੇ।”
ਜਵਾਹਰ ਲਾਲ ਦਾ ਇਹ ਅਮੂਰਤ ਚਿੰਤਨ ਸਾਧਨਾ ਦੀ ਇਸ ਥੁੜ ਨੂੰ ਪੂਰਾ ਕਰਨ ਦਾ ਕੋਈ ਉਪਾਅ ਨਹੀਂ ਦੱਸਦਾ ਫੇਰ ਸਿਖਿਆ ਤੇ ਸਿਹਤ ਦੀਆਂ ਗੱਲ ਕਰਨ ਦਾ ਕੀ ਲਾਭ ਰਹਿ ਜਾਂਦਾ ਹੈ? ਜਵਾਹਰ ਲਾਲ ਜਦੋਂ ਸਹੀ ਸਿਖਿਆ ਨੂੰ ਏਨਾ ਮਹੱਤਵ ਦਿੰਦੇ ਸਨ ਤਾਂ ਸਿਖਿਆ ਦੀ ਵਰਤਮਾਨ ਕੋਝੀ ਪ੍ਰਣਾਲੀ ਨੂੰ ਕਿਉਂ ਰੱਖੀ ਬੈਠੇ ਰਹੇ?
ਜੀਵਨ ਦਰਸ਼ਨ ਬਾਰੇ ਮਾਰਕਸ ਦਾ ਬੜਾ ਪ੍ਰਸਿੱਧ ਤੇ ਪਿਆਰਾ ਸਿਧਾਂਤ ਹੈ : “ਮਨੁੱਖੀ-ਸੱਤਾ (Being) ਚੇਤਨਾ ਨੂੰ ਨਿਰਧਾਰਿਤ ਕਰਦੀ ਹੈ, ਚੇਤਨਾ ਮਨੁੱਖੀ ਸੱਤਾ ਨੂੰ ਨਿਰਧਾਰਿਤ ਨਹੀਂ ਕਰਦੀ।” ਇਸ ਗੱਲ ਨੂੰ ਅਸੀਂ ਇੰਜ ਵੀ ਕਹਿ ਸਕਦੇ ਹਾਂ ਕਿ ਅਮਲ ਤੇ ਫਲਸਫਾ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹਨ, ਇਕ ਦਾ ਦੂਜੇ ਤੋਂ ਵੱਡਾ ਜਾਂ ਛੋਟਾ ਹੋਣਾ ਸੰਭਵ ਨਹੀਂ। ਇਸ ਲਈ ਜਵਾਹਰ ਲਾਲ ਦੇ ਚਿੰਤਨ ਵਿਚ, ਜਿਹੜਾ ਏਨਾ ਅੰਤਰਵਿਰੋਧ, ਦੁਚਿੱਤੀ, ਛਿਛੋਪੰਜ ਤੇ ਅਸਥਿਰਤਾ ਹੈ,  ਇਹ ਸਭ ਉਹਨਾਂ ਦੀ ਕਰਨੀ ਤੇ ਕਥਨੀ ਦੇ ਫਰਕ ਤੋਂ ਪੈਦਾ ਹੋਇਆ ਹੈ। ਜਿਸ ਕਰਕੇ ਕਿਸੇ ਨੇ ਉਹਨਾਂ ਨੂੰ ਭਾਰਤੀ ਰਾਜਨੀਤਕ ਰੰਗਮੰਚ ਦਾ ਹੈਮਲੇਟ ਠੀਕ ਹੀ ਕਿਹਾ ਹੈ। ਇਸਨੂੰ ਉਹਨਾਂ ਖ਼ੁਦ ਵੀ ਮਹਿਸੂਸ ਕੀਤਾ ਹੈ...:
“ਹੁੰਦਾ ਇਹ ਹੈ ਕਿ ਆਮ ਤੌਰ 'ਤੇ ਕੰਮ ਤੇ ਵਿਚਾਰ, ਇਹਨਾਂ ਵਿਚੋਂ ਇਕ ਦੂਜੇ ਨਾਲੋਂ ਅੱਗੇ ਵਧ ਜਾਂਦਾ ਹੈ, ਇੰਜ ਦੋਹਾਂ ਵਿਚ ਸੁਮੇਲ ਨਹੀਂ ਰਹਿੰਦਾ ਦੇ ਦੋਹਾਂ ਦੇ ਮਿਲਾਣ ਵਿਚ ਫਜ਼ੂਲ ਖੇਚਲ ਹੁੰਦੀ ਹੈ।” ਪਰ ਜਦੋਂ ਅਮਲ ਚਰਖੇ ਨਾਲ ਵੱਝੇ ਹੋਣ ਤਾਂ ਖੇਚਲ ਵਿਅਰਥ ਹੋਣੀ ਹੀ ਹੈ। ਤੇ ਅੰਤ ਵਿਚ ਜਵਾਹਰ ਲਾਲ ਦਾ ਅਮੂਰਤ ਚਿੰਤਨ ਕਰਮ ਨੂੰ ਤਜ ਕੇ ਆਕਾਸ਼ ਵਿਚ ਉੱਡਦੇ ਰਹਿਣ ਵਿਚ ਹੀ ਸੁਖ ਮਹਿਸੂਸ ਕਰਦਾ ਹੈ-“ਸ਼ਾਇਦ ਮੈਨੂੰ ਇਕ ਉਡਾਕ ਹੋਣਾ ਚਾਹੀਦਾ ਸੀ-ਇਸ ਲਈ ਕਿ ਜਦ ਜ਼ਿੰਦਗੀ ਦਾ ਧੀਮਾਪਨ ਤੇ ਉਦਾਸੀ ਮੇਰੇ ਉੱਤੇ ਛਾਉਣ ਲੱਗਦੀ ਤਾਂ ਮੈਂ ਉੱਡ ਕੇ ਬਦਲਾਂ ਦੇ ਝੁਰਮਟ ਵਿਚ ਸਮਾਅ ਜਾਂਦਾ ਤੇ ਆਪਣੇ ਆਪ ਨੂੰ ਕਹਿੰਦਾ : 'ਮੈਂ ਸਭ ਕੁਛ ਤੋਲ ਕੇ ਦੇਖ ਲਿਆ, ਸਾਰੀਆਂ ਗੱਲਾਂ ਉੱਤੇ ਵਿਚਾਰ ਕਰ ਲਈ, ਜਿਹੜੇ ਆਉਣ ਵਾਲੇ ਸਾਲ ਹਨ, ਉਹ ਸਾਹਾਂ ਦੀ ਬਰਬਾਦੀ ਵਾਂਗ ਲੱਗੇ, ਜਿਹੜੇ ਸਾਲ ਪਿੱਛੇ ਰਹਿ ਗਏ, ਉਹਨਾਂ ਵਿਚ ਵੀ ਸਾਹਾਂ ਦੀ ਬਰਬਾਦੀ ਹੀ ਹੁੰਦੀ ਰਹੀ ਹੈ। ਇਸ ਜ਼ਿੰਦਗੀ ਤੇ ਮੌਤ ਦੇ ਮੁਕਾਬਲੇ ਵਿਚ ਜੇ ਉਹਨਾਂ ਨੂੰ ਤੋਲਿਆ ਜਾਏ'।”
          (ਹਿੰਦੁਸਤਾਨ ਕੀ ਕਹਾਣੀ)

ਏਨੇ ਵੱਡੇ ਨੇਤਾ ਵਿਚ ਆਖ਼ਰ ਇਹ ਨਿਰਾਸ਼ਾ ਤੇ ਸਾਹਾਂ ਦੀ ਬਰਬਾਦੀ ਦਾ ਅਹਿਸਾਸ ਕਿਉਂ?
ਅਧੁਨਿਕ ਸੋਧਵਾਦੀ ਰੂਸੀ ਹਾਕਮਾਂ ਜਮਾਤ ਦੀ ਦਿਲਚਸਪੀ ਕਿਉਂਕਿ ਕਰਾਂਤੀ ਵਿਚ ਨਹੀਂ ਬਲਕਿ ਯਥਾਸਥਿਤੀ ਬਣਾਈ ਰੱਖਣਾ ਹੈ, ਇਸ ਲਈ ਗਾਂਧੀ ਤੇ ਜਵਾਹਰ ਲਾਲ ਦਾ ਨਾਂ ਉਛਾਲ ਕੇ ਸਾਡੀ ਮਿਹਨਤਕਸ਼ ਜਨਤਾ ਵਿਚ ਭਰਮ ਫੈਲਾਉਣ ਦੇ ਸਿਲਸਿਲੇ ਵਿਚ ਉਹ ਵੀ ਅਮਰੀਕੀ ਸਾਮਰਾਜਵਾਦੀਆਂ ਤੇ ਪ੍ਰਤੀਕ੍ਰਿਆਵਾਦੀ ਕਾਂਗਰਸੀ ਹਾਕਮਾਂ ਨਾਲੋਂ ਕਿਸੇ ਤਰ੍ਹਾਂ ਪਿੱਛੇ ਨਹੀਂ ਹਨ। ਪਿੱਛੇ ਸਾਲ ਨਵੀਂ ਦਿੱਲੀ ਵਿਚ ਸਥਿਤ ਰੂਸੀ ਸੂਚਨਾ ਵਿਭਾਗ ਨੇ 'ਨਹਿਰੂ ਜੀ ਕੀ ਸਮਰਿਤੀ ਮੇਂ' ਨਾਂ ਦੀ ਇਕ ਸੋਵੀਅਤ ਭੂਮੀ ਕਿਤਾਬੜੀ ਪ੍ਰਕਾਸ਼ਤ ਕੀਤੀ ਸੀ। ਉਸ ਵਿਚ ਚਾਰ ਰੂਸੀ ਵਿਦਵਾਨਾਂ ਦੇ ਲੇਖ ਸ਼ਾਮਿਲ ਹਨ, ਜਿਹਨਾਂ ਨੂੰ ਪੜ੍ਹ ਦੇ ਕਿਤਾਬੜੀ ਦਾ ਉਦੇਸ਼ ਭਰਮ ਫੈਲਾਉਣ ਦੇ ਇਲਾਵਾ ਹੋਰ ਕੁਝ ਨਜ਼ਰ ਨਹੀਂ ਆਉਂਦਾ। ਉਦਾਹਰਨ ਵਜੋਂ ਐਨ ਨਿਕੋਲਾਏਵ ਦੀ ਲਿਖੀ 'ਭੂਮਿਕਾ' ਦਾ ਸਾਰ ਤੱਤ ਇਹਨਾਂ ਸਤਰਾਂ ਵਿਚ ਦੋਖੋ...:
“ਆਪਣੇ ਪਰਿਵਾਰ ਦੇ ਪਿੱਛਲੇ ਸੰਸਕਾਰਾਂ ਤੇ ਉਸ ਸਮੇਂ ਭਾਰਤੀ ਸੁਤੰਤਰਤਾ ਅੰਦੋਲਨ ਦੀਆਂ ਰਾਸ਼ਟਰਵਾਦੀ ਸੀਮਾਵਾਂ ਦੇ ਬਾਵਜੂਦ ਉਹਨਾਂ ਦੀ ਅਥੱਕ ਸ਼ਕਤੀ ਕਾਰਣ ਹੀ ਰਾਸ਼ਟਰੀ ਕਾਂਗਰਸ ਨੇ ਸਮਾਜਵਾਦੀ ਸਮਾਜ ਦੇ ਨਿਰਮਾਣ ਨੂੰ ਆਪਣਾ ਨਿਸ਼ਾਨਾਂ ਐਲਾਨ ਦਿੱਤਾ। ਨਹਿਰੂ ਦੇ ਵਿਚਾਰਾਂ ਨੂੰ ਮਾਰਕਸਵਾਦ ਸਮਝਣਾ ਗ਼ਲਤ ਹੋਏਗਾ; ਪਰ ਆਪਣੇ ਸਮਾਜਵਾਦੀ ਆਦਰਸ਼ਾਂ ਦੀ ਪ੍ਰਾਪਤੀ ਲਈ ਉਹਨਾਂ ਸੱਚੇ ਮਨ ਨਾਲ ਜਿਹੜੇ ਪ੍ਰਯਤਨ ਕੀਤੇ, ਉਹਨਾਂ ਕਾਰਣ ਉਹਨਾਂ ਪ੍ਰਤੀ ਆਦਰ ਭਾਵ ਪੈਦਾ ਹੁੰਦਾ ਹੈ।”
ਮਤਲਬ ਇਹ ਕਿ ਨਵਸੋਧਵਾਦੀਆਂ ਦੀ ਨਜ਼ਰ ਵਿਚ ਮਾਰਕਸਵਾਦ ਦੇ ਬਿਨਾਂ ਵੀ ਸਮਾਜਵਾਦੀ ਆਦਰਸ਼ਾਂ ਦੀ ਪ੍ਰਾਪਤੀ ਸੰਭਵ ਹੈ-ਉਹਨਾਂ ਲਈ ਨਿਸ਼ਠਾ/ਨਿਹਚਾ ਦਾ ਵੀ ਕੋਈ ਵਰਗ-ਆਧਾਰ ਨਹੀਂ, ਉਹ ਇਕ ਅਮੂਰਤ ਵਸਤੂ ਹੈ। ਉਹਨਾਂ ਦੇ ਇਸ ਅੰਨ੍ਹੇ ਚਿੰਤਨ ਨਾਲ ਨਹਿਰੂ ਦੇ ਪ੍ਰਤੀ ਉਹਨਾਂ ਦੇ ਆਦਰ-ਭਾਵ ਦਾ ਵਰਗ-ਆਧਾਰ ਸਹਿਜੇ ਹੀ ਸਮਝਿਆ ਜਾ ਸਕਦਾ ਹੈ।
  –––   –––   –––   –––

No comments:

Post a Comment