Sunday, June 19, 2011

ਬਚਪਨ ਅਤੇ ਸਿਖਿਆ :


    ਬਚਪਨ ਅਤੇ ਸਿਖਿਆ


ਜਵਾਹਰ ਲਾਲ ਮੋਤੀਲਾਲ ਦੇ ਇਕਲੌਤੇ ਪੁੱਤਰ ਸਨ, ਜ਼ਾਹਿਰ ਹੈ ਕਿ ਲਾਡਲੇ ਪੁੱਤਰ ਸਨ। ਵਿਜੇ ਲਕਸ਼ਮੀ ਤੇ ਕ੍ਰਿਸ਼ਣਾ ਜਵਾਹਰ ਲਾਲ ਦੀਆਂ ਦੋ ਭੈਣਾ ਸਨ, ਜਿਹੜੀਆਂ ਕਰਮਵਾਰ ਗਿਆਰਾਂ ਤੇ ਚੌਦਾਂ ਸਾਲ ਬਾਅਦ ਪੈਦਾ ਹੋਈਆਂ। ਵੈਸੇ ਨਹਿਰੂ-ਪਰਿਵਾਰ ਇਕ ਭਰਿਆ-ਪੂਰਾ ਪਰਿਵਾਰ ਸੀ। ਜਵਾਹਰ ਲਾਲ ਦੇ ਬਹੁਤ ਸਾਰੇ ਚਚੇਰੇ ਭਰਾ-ਭੈਣਾ ਵੀ ਸਨ। ਪਰ ਉਮਰ ਵਿਚ ਸਾਰੇ ਕਾਫੀ ਵੱਡੇ ਸਨ ਤੇ ਸਕੂਲ ਜਾਂਦੇ ਸਨ। ਜਵਾਹਰ ਲਾਲ ਉਹਨਾਂ ਸਾਰਿਆਂ ਦਾ ਨੰਨ੍ਹਾਂ-ਮੁੰਨਾਂ ਖਿਡੌਣਾ ਸੀ।
ਜਵਾਹਰ ਲਾਲ ਦਾ ਪਾਲਨ-ਪੋਸ਼ਣ ਬਿਲਕੁਲ ਅੰਗਰੇਜ਼ੀ ਢੰਗ-ਤਰੀਕੇ ਨਾਲ ਹੋਇਆ ਤੇ ਉਹਨਾਂ ਦੀ ਸਾਂਭ-ਸੰਭਾਲ ਲਈ ਅੰਗਰੇਜ਼ ਆਇਆ ਰੱਖੀ ਗਈ। ਹਰ ਸਾਲ ਜਵਾਹਰ ਲਾਲ ਦਾ ਜਨਮ-ਦਿਨ ਬੜੀ ਧੂੰਮਧਾਮ ਨਾਲ ਮਨਾਇਆ ਜਾਂਦਾ। ਉਸ ਦਿਨ ਉਹਨਾਂ ਨੂੰ ਕਣਕ ਤੇ ਹੋਰ ਅਨਾਜ ਨਾਲ ਤੋਲਿਆ ਜਾਂਦਾ ਤੇ ਇਹ ਅਨਾਜ ਗਰੀਬਾਂ ਵਿਚ ਵੰਡ ਦਿੱਤਾ ਜਾਂਦਾ। ਮਾਂ ਆਪਣੇ ਲਾਡਲੇ ਨੂੰ ਆਪਣੇ ਹੱਥੀਂ ਨੁਹਾਅ-ਧੁਹਾਅ ਕੇ ਨਵੇਂ ਕੱਪੜੇ ਪਾਉਂਦੀ, ਫੇਰ ਜਵਾਹਰ ਲਾਲ ਨੂੰ ਭਾਂਤ-ਸੁਭਾਂਤੇ ਤੋਹਫ਼ੇ ਦਿੱਤੇ ਜਾਂਦੇ ਤੇ ਰਾਤ ਨੂੰ ਇਕ ਸ਼ਾਨਦਾਰ ਪਾਰਟੀ ਹੁੰਦੀ—ਜਿਸ ਵਿਚ ਸ਼ਹਿਰ ਦੇ ਅਮੀਰਾਂ, ਵਕੀਲਾਂ ਦੇ ਇਲਾਵਾ ਮੋਤੀਲਾਲ ਨਹਿਰੂ ਦੇ ਅੰਗਰੇਜ਼ ਦੋਸਤ ਵੀ ਸ਼ਾਮਿਲ ਹੁੰਦੇ ਸਨ।
ਜਵਾਹਰ ਲਾਲ ਨੂੰ ਹੋਰਨਾਂ ਬੱਚਿਆਂ ਵਾਂਗ ਸਕੂਲ ਨਹੀਂ ਸੀ ਭੇਜਿਆ ਗਿਆ, ਉਹਨਾਂ ਦੀ ਪੜ੍ਹਾਈ ਅੰਗਰੇਜ਼ ਔਰਤਾਂ ਰਾਹੀਂ ਘਰੇ ਹੀ ਸ਼ੁਰੂ ਹੋਈ। ਜਦੋਂ ਉਹ ਗਿਆਰਾਂ ਸਾਲ ਦੇ ਹੋਏ ਤਾਂ ਐਫ.ਟੀ. ਬਰੁਕਸ ਨਾਂ ਦੇ ਇਕ ਅੰਗਰੇਜ਼ ਅਧਿਆਪਕ ਨੂੰ ਉਹਨਾਂ ਦੀ ਸਿਖਿਆ ਲਈ ਨਿਯੁਕਤ ਕਰ ਦਿੱਤਾ ਗਿਆ। ਉਸ ਸਮੇਂ ਇਹ ਲੋਕ 'ਆਨੰਦ ਭਵਨ' ਵਿਚ ਰਹਿੰਦੇ ਸਨ ਜਿਹੜਾ ਮੋਤੀਲਾਲ ਨੇ ਪਿੱਛੇ ਜਿਹੇ ਹੀ ਬਣਵਾਇਆ ਸੀ।
ਬਰੁਕਸ ਵੀ ਉਹਨਾਂ ਦੇ ਨਾਲ ਹੀ ਆਨੰਦ ਭਵਨ ਵਿਚ ਰਹਿੰਦਾ ਸੀ। ਇਸ ਵਿਅਕਤੀ ਦੀ ਸੰਗਤ ਨੇ ਜਵਾਹਰ ਲਾਲ ਨੂੰ ਕਈ ਪੱਖ ਤੋਂ ਪ੍ਰਭਾਵਿਤ ਕੀਤਾ। ਪਹਿਲੀ ਗੱਲ ਤਾਂ ਇਹ ਕਿ ਜਵਾਹਰ ਲਾਲ ਨੂੰ ਕਿਤਾਬਾਂ ਪੜ੍ਹਨ ਦੀ ਚੇਟਕ ਲੱਗ ਗਈ ਤੇ ਉਹਨਾਂ ਨੂੰ ਕੇਰੋਲ ਤੇ ਕਿਪਲਿੰਗ ਦੀਆਂ ਪੁਸਤਕਾਂ ਖਾਸ ਤੌਰ 'ਤੇ ਪਸੰਦ ਆਈਆਂ। ਸਰਵੇਂਟੀਜ਼ ਦਾ ਪ੍ਰਸਿੱਧ ਉਪਨਿਆਸ 'ਡਾਨ ਕਵਿਕਜਾਟ' ਵੀ ਇਹਨੀਂ ਦਿਨੀ ਪੜ੍ਹਿਆ।
ਦੂਜਾ ਬਰੁਕਸ ਨੇ ਵਿਗਿਆਨ ਦੇ ਰਹੱਸਾਂ ਬਾਰੇ ਵੀ ਜਵਾਹਰ ਲਾਲ ਨੂੰ ਖਾਸਾ ਕੁਝ ਦੱਸਿਆ। ਜਵਾਹਰ ਲਾਲ ਨੇ ਲਿਖਿਆ ਹੈ ਕਿ 'ਆਨੰਦ ਭਵਨ ਵਿਚ ਵਿਗਿਆਨ ਲਈ ਇਕ ਪ੍ਰਯੋਗਸ਼ਾਲਾ ਬਣਾ ਲਈ ਗਈ ਸੀ, ਜਿਸ ਵਿਚ ਉਹ ਘੰਟਿਆਂ ਬੱਧੀ ਵਸਤੂ-ਵਿਗਿਆਨ ਤੇ ਰਸਾਇਨ-ਵਿਗਿਆਨ ਦੇ ਪ੍ਰਯੋਗ ਕਰਦੇ ਹੁੰਦੇ ਸਨ, ਜਿਹੜੇ ਬੜੇ ਹੀ ਦਿਲਚਸਪ ਲੱਗਦੇ ਸਨ।'
ਤੀਜੀ ਗੱਲ ਇਹ ਹੈ ਕਿ ਬਰੁਕਸ ਦੀ ਸੰਗਤ ਵਿਚ ਹੀ ਜਵਾਹਰ ਲਾਲ ਉੱਤੇ ਥਿਓਸੌਫੀ (Theosophy) ਦਾ ਖ਼ਬਤ ਸਵਾਰ ਹੋਇਆ ਤੇ ਕੁਝ ਸਮੇਂ ਤਕ ਪੂਰੀ ਤਰ੍ਹਾਂ ਭਾਰੂ ਰਿਹਾ।
ਬਰੁਕਸ ਨੂੰ ਪ੍ਰਸਿੱਧ ਕਾਂਗਰਸੀ ਨੇਤਰੀ ਮਿਸੇਜ਼ ਐਨੀ ਬੇਸੇਂਟ ਦੀ ਸਿਫ਼ਾਰਿਸ਼ ਉੱਤੇ ਜਵਾਹਰ ਲਾਲ ਦਾ ਅਧਿਆਪਕ ਲਾਇਆ ਗਿਆ ਸੀ। ਮਿਸੇਜ ਬੇਸੇਂਟ ਵੀ ਥਿਓਸੌਫਿਸਟ ਸੀ (ਥਿਓਸੌਫਿਸਟ : ਇਲਮ ਇਲਾਹੀ; ਈਸ਼ਵਰ ਵਿਦਿਆ; ਬ੍ਰਹਮਵਾਦ ਨੂੰ ਮੰਨਣ ਵਾਲੇ ਨੂੰ ਕਹਿੰਦੇ ਹਨ। ਇਹ ਇਕ ਅਜਿਹਾ ਧਾਰਮਿਕ ਟੋਲਾ ਹੈ, ਜਿਹੜਾ ਅਵਤਾਰਾਂ ਵਿਚ ਵਿਸ਼ਵਾਸ ਕਰਦਾ ਹੈ ਤੇ ਭਗਵਾਨ ਦੇ ਨੇੜੇ ਪਹੁੰਚਣ ਲਈ ਅਧਿਆਤਮਕ ਆਨੰਦ ਵਿਚ ਡੁੱਬ ਜਾਣਾ ਜ਼ਰੂਰੀ ਸਮਝਦਾ ਹੈ।) ਤੇ ਬਰੁਕਸ ਵੀ ਥਿਓਸੌਫਿਸਟ ਸੀ। ਉਸਦੇ ਕਮਰੇ ਵਿਚ ਹਰ ਰੋਜ਼ ਥਿਓਸੌਫਿਸਟਾਂ ਦੀਆਂ ਸਭਾਵਾਂ ਹੁੰਦੀਆਂ; ਜਿਹਨਾਂ ਵਿਚ 'ਅਵਤਾਰਾਂ', 'ਕਾਮ-ਸਰੀਰਾਂ', 'ਅਲੌਕਿਕ-ਸਰੀਰਾਂ' ਤੇ 'ਦੇਵ-ਪੁਰਖਾਂ' ਦੇ ਆਸ-ਪਾਸ ਰਹਿਣ ਵਾਲੇ 'ਬ੍ਰਹਮ-ਤੇਜ' ਦੀ ਚਰਚਾ ਹੁੰਦੀ ਸੀ ਤੇ ਫੇਰ ਯੂਨਾਨੀ, ਈਰਾਨੀ ਦਾਰਸ਼ਨਿਕਾਂ ਦੇ ਇਲਾਵਾ ਬੁੱਧ-ਧਰਮ ਦੇ ਧਾਰਮਿਕ ਗ੍ਰੰਥਾਂ ਦੀ ਮਹਿਮਾ ਵੀ ਗਾਈ ਜਾਂਦੀ ਸੀ। ਜਵਾਹਰ ਲਾਲ ਨੇ ਵੀ ਇਹਨਾਂ ਸਭਾਵਾਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਸਭਾਵਾਂ ਦਾ ਜਿਹੜਾ ਪ੍ਰਭਾਵ ਉਹਨਾਂ ਉੱਤੇ ਪਿਆ, ਉਸ ਬਾਰੇ 'ਮੇਰੀ ਕਹਾਣੀ' ਵਿਚ ਲਿਖਿਆ ਹੈ : “ਉਹ ਸਭ ਕੁਛ ਮੇਰੀ ਸਮਝ ਵਿਚ ਤਾਂ ਨਹੀਂ ਸੀ ਆਉਂਦਾ; ਪਰੰਤੂ ਮੈਨੂੰ ਉਹ ਬੜਾ ਰਹੱਸਮਈ ਤੇ ਖਿੱਚ-ਭਰਪੂਰ ਜਾਪਦਾ ਸੀ, ਤੇ ਮੈਂ ਮੰਨਣ ਲੱਗ ਪਿਆ ਸੀ ਕਿ ਸਾਰੇ ਸੰਸਾਰ ਦੇ ਰਹੱਸਾਂ ਦੀ ਕੁੰਜੀ ਇਹੋ ਹੈ।...ਮੈਨੂੰ 'ਕਾਮ-ਸਰੀਰਾਂ' ਦੇ ਸੁਪਨੇ ਆਉਂਦੇ ਤੇ ਮੈਂ ਬੜੀ ਦੂਰ ਤੀਕ ਆਕਾਸ਼ ਵਿਚ ਉੱਡਦਾ ਰਹਿੰਦਾ। ਬਿਨਾਂ ਕਿਸੇ ਵਿਮਾਨ ਦੇ ਇੰਜ ਉੱਚੇ ਆਕਾਸ਼ ਵਿਚ ਉੱਡ ਜਾਣ ਦੇ ਸੁਪਨੇ ਮੈਨੂੰ ਜੀਵਨ ਵਿਚ ਅਕਸਰ ਹੀ ਆਉਂਦੇ ਰਹਿੰਦੇ ਹਨ।”
ਜਵਾਹਰ ਲਾਲ ਥਿਓਸੌਫੀਕਲ ਸੁਸਾਇਟੀ ਦਾ ਮੈਂਬਰ ਵੀ ਬਣ ਗਏ ਤੇ ਖ਼ੁਦ ਮਿਸੇਜ ਬੇਸੇਂਟ ਨੇ ਉਹਨਾਂ ਨੂੰ ਦੀਕਸ਼ਾ ਦਿੱਤੀ। ਪਰ ਤਿੰਨ ਸਾਲ ਬਾਅਦ ਜਦੋਂ ਬਰੁਕਸ ਚਲਾ ਗਿਆ ਤਾਂ ਥਿਓਸੌਫੀ ਦਾ ਖ਼ਬਤ ਵੀ ਜਵਾਹਰ ਲਾਲ ਦੇ ਸਿਰੋਂ ਲੱਥ ਗਿਆ। ਪਰ ਉਸਦਾ ਪ੍ਰਭਾਵ ਸਥਾਈ ਰੂਪ ਰਿਹਾ। ਇਸੇ ਕਾਰਕੇ ਉਹ ਹਮੇਸ਼ਾ ਹਵਾ ਵਿਚ ਉੱਡਨ ਦੇ ਸੁਪਨੇ ਦੇਖਦੇ ਰਹੇ ਤੇ ਇਸ ਕਾਰਣੇ ਹੀ ਧਾਰਮਿਕ-ਰਹੱਸਵਾਦ ਉਹਨਾਂ ਦੇ ਵਿਗਿਆਨ ਵਿਚ ਹਮੇਸ਼ਾ ਗੱਡਮੱਡ ਹੁੰਦਾ ਰਿਹਾ। ਦਰਅਸਲ ਇਹ ਗੱਲ ਉਹਨਾਂ ਦੇ ਵਰਗ-ਸੁਭਾਅ ਨਾਲ ਮੇਲ ਖਾਂਦੀ ਸੀ।
ਚੌਥਾ ਪ੍ਰਭਾਵ ਜਵਾਹਰ ਲਾਲ ਨਹਿਰੂ ਉੱਤੇ ਇਤਿਹਾਸਕ ਪ੍ਰਸਥਿਤੀਆਂ ਦਾ ਪਿਆ। ਜਦੋਂ ਉਹਨਾਂ ਦੀ ਉਮਰ ਪੰਦਰਾਂ  ਸਾਲ ਦੀ ਸੀ, ਰੂਸ ਤੇ ਜਪਾਨ ਵਿਚਕਾਰ ਯੁੱਧ ਛਿੜ ਗਿਆ। ਏਸ਼ੀਆ ਦੇ ਲੋਕਾਂ ਨੂੰ ਇਸ ਯੁੱਧ ਵਿਚ ਖਾਸੀ ਦਿਲਚਸਪੀ ਸੀ। ਜਵਾਹਰ ਲਾਲ ਤਾਜਾ ਅਖ਼ਬਾਰ ਪੜ੍ਹਨ ਲਈ ਉਤਸੁਕ ਰਹਿੰਦੇ ਤੇ ਜਪਾਨੀਆਂ ਦੀ ਜਿੱਤ ਦੀਆਂ ਖ਼ਬਰਾਂ ਪੜ੍ਹ ਕੇ ਉਹਨਾਂ ਦਾ ਦਿਲ ਉਤਸਾਹ ਨਾਲ ਭਰ ਜਾਂਦਾ। ਇੰਜ ਜਪਾਨ ਵਿਚ ਉਹਨਾਂ ਦੀ ਦਿਲਚਸਪੀ ਵਧਦੀ ਗਈ। ਉਹਨਾਂ ਸਿਰਫ ਜਪਾਨ ਦਾ ਇਤਿਹਾਸ ਹੀ ਨਹੀਂ ਬਲਕਿ ਪੁਰਾਣੇ ਯੋਧਿਆਂ, ਸਰਦਾਰਾਂ ਦੀਆਂ ਕਹਾਣੀਆਂ ਵੀ ਬੜੀ ਰੂਚੀ ਨਾਲ ਪੜ੍ਹੀਆਂ।
ਜਵਾਹਰ ਲਾਲ ਨੇ 'ਮੇਰੀ ਕਹਾਣੀ' ਵਿਚ ਆਪਣੇ ਇਸ ਪ੍ਰਭਾਵ ਨੂੰ ਇਹਨਾਂ ਸ਼ਬਦਾਂ ਵਿਚ ਉਲੀਕਿਆ ਹੈ...:
“ਮੇਰਾ ਦਿਲ ਰਾਸ਼ਟਰੀ ਭਾਵਾਂ ਨਾਲ ਭਰਿਆ ਰਹਿੰਦਾ ਸੀ। ਮੈਂ ਯੂਰੋਪ ਦੇ ਪੰਜੇ ਵਿਚੋਂ ਏਸ਼ੀਆ ਤੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਦੀਆਂ ਸੋਚਾਂ ਵਿਚ ਖ਼ੁੱਭਿਆ ਰਹਿੰਦਾ ਸੀ। ਮੈਂ ਬਹਾਦੁਰੀ ਦੇ ਵੱਡੇ-ਵੱਡੇ ਮਨਸੂਬੇ ਬਣਾਉਦਾ ਰਹਿੰਦਾ ਸੀ ਕਿ ਕਿੰਜ ਹੱਥ ਵਿਚ ਤਲਵਾਰ ਫੜ੍ਹ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ ਲੜਾਂਗਾ।”
ਤੇ ਅਸੀਂ ਦੇਖਾਂਗੇ ਕਿ ਉਹਨਾਂ ਸਿਰਫ 'ਮਨਸੂਬੇ' ਹੀ ਬਣਾਏ, ਤਲਵਾਰ ਵੱਲ ਹੱਥ ਕਦੀ ਨਹੀਂ ਵਧਾਇਆ, ਬਲਕਿ ਤਲਵਾਰ ਚੁੱਕਣ ਦਾ ਹਮੇਸ਼ਾ ਵਿਰੋਧ ਹੀ ਕੀਤਾ ਹੈ।
ਮਈ 1905 ਵਿਚ ਉਹਨਾਂ ਨੂੰ ਅੱਗੇ ਪੜ੍ਹਨ ਲਈ ਇੰਗਲੈਂਡ ਭੇਜ ਦਿੱਤਾ ਗਿਆ ਤੇ ਉੱਥੇ ਉਹ ਲੰਦਨ ਦੇ ਹੈਰੋ ਸਕੂਲ ਵਿਚ ਭਰਤੀ ਹੋ ਗਏ। ਇਸ ਸਕੂਲ ਵਿਚ ਅੰਗਰੇਜ਼ ਲਾਰਡਾਂ ਤੇ ਅਮੀਰਾਂ ਦੇ ਬੱਚੇ ਪੜ੍ਹਦੇ ਸਨ। ਹਿੰਦੁਸਤਾਨੀ ਰਾਜੇ-ਮਹਾਰਾਜਿਆਂ ਤੇ ਨਵਾਬਾਂ ਦੇ ਮੁੰਡੇ ਵੀ ਅਕਸਰ ਇੱਥੇ ਹੀ ਦਾਖ਼ਲ ਹੁੰਦੇ। ਜਦੋਂ ਜਵਾਹਰ ਲਾਲ ਨਹਿਰੂ ਦਾਖ਼ਲਾ ਹੋਏ, ਉਦੋਂ ਵੀ ਚਾਰ ਪੰਜ ਅਜਿਹੇ ਹੀ ਹਿੰਦੁਸਤਾਨੀ ਮੁੰਡੇ ਉੱਥੇ ਪੜ੍ਹ ਰਹੇ ਸਨ। ਉਹਨਾਂ ਵਿਚ ਇਕ ਮਹਾਰਾਜਾ ਬੜੌਦਾ ਦਾ ਲੜਕਾ ਸੀ, ਜਿਹੜਾ ਜਵਾਹਰ ਲਾਲ ਤੋਂ ਕਾਫੀ ਅੱਗੇ ਸੀ। ਦੂਜਾ ਮਹਾਰਾਜਾ ਕਪੂਰਥਲਾ ਦਾ ਵੱਡਾ ਪੁੱਤਰ ਪਰਮਜੀਤ ਸਿੰਘ ਸੀ। ਉਸਦਾ ਸੁਭਾਅ ਬੜਾ ਹੀ ਵਚਿੱਤਰ ਸੀ। ਮੁੰਡੇ ਉਸਦੇ ਤੌਰ-ਤਰੀਕਿਆਂ ਦਾ ਮਜ਼ਾਕ ਉਡਾਉਂਦੇ ਤਾਂ ਉਹ ਚਿੜ ਕੇ ਆਖਦਾ ਕਿ 'ਜਦੋਂ ਤੁਸੀਂ ਕਪੂਰਥਲੇ ਆਓਗੇ, ਮੈਂ ਤੁਹਾਡੀ ਖ਼ਬਰ ਲਵਾਂਗਾ।' ਇਸ ਉੱਤੇ ਉਸਦਾ ਹੋਰ ਵੱਧ ਮਜ਼ਾਕ ਉਡਦਾ ਸੀ।
ਘਰ ਤੋਂ ਦੂਰ ਤੇ ਅਜਨਬੀਆਂ ਵਿਚਕਾਰ ਰਹਿਣ ਦਾ ਜਵਾਹਰ ਲਾਲ ਦਾ ਇਹ ਪਹਿਲਾ ਮੌਕਾ ਸੀ। ਸ਼ੁਰੂ ਸ਼ੁਰੂ ਵਿਚ ਤਾਂ ਮਨ ਨਾ ਲੱਗਿਆ; ਪਰ ਹੌਲੀ ਹੌਲੀ ਉਹਨਾਂ ਨੇ ਆਪਣੇ ਆਪ ਨੂੰ ਵਾਤਾਵਰਣ ਅਨੁਸਾਰ ਢਾਲ ਲਿਆ। ਸਕੂਲ ਦੇ ਕੰਮ ਦੇ ਇਲਾਵਾ, ਉਹ ਬਾਹਰਲੀ ਦੁਨੀਆਂ ਵਿਚ ਵੀ ਦਿਲਚਸਪੀ ਲੈਣ ਲੱਗ ਪਏ।
ਉਹਨੀਂ ਦਿਨੀ ਹਵਾਈ ਜਹਾਜ਼ ਉਡਨੇ ਸ਼ੁਰੂ ਹੋਏ ਸਨ। ਇਹ ਉਹ ਜ਼ਮਾਨਾ ਸੀ, ਜਦੋਂ ਰਾਈਟ ਬਰਦਰਸ ਨੇ ਹਵਾਈ ਜਹਾਜ਼ ਦੀ ਕਾਢ ਅਜੇ ਕੱਢੀ ਹੀ ਸੀ। ਵਿਗਿਆਨ ਦੀਆਂ ਕਾਢਾਂ ਵਿਚ ਤੇ ਖਾਸ ਕਰਕੇ ਹਵਾਈ ਜਹਾਜ਼ਾਂ ਵਿਚ ਜਵਾਹਰ ਲਾਲ ਨੂੰ ਬੜੀ ਦਿਲਚਸਪੀ ਸੀ। ਉਹਨਾਂ ਨੇ ਇਕ ਵਾਰੀ ਜੋਸ਼ ਵਿਚ ਆ ਕੇ ਪਿਤਾ ਨੂੰ ਲਿਖਿਆ ਸੀ ਕਿ 'ਉਹ ਦਿਨ ਦੂਰ ਨਹੀਂ, ਜਦੋਂ ਮੈਂ ਹਰ ਐਤਵਾਰ ਦੀ ਛੁੱਟੀ ਵਾਲੇ ਦਿਨ ਹਵਾਈ ਜਹਾਜ਼ ਵਿਚ ਉੱਡ ਕੇ ਤੁਹਾਨੂੰ ਮਿਲਣ ਹਿੰਦੁਸਤਾਨ ਆਇਆ ਕਰਾਂਗਾ।'
1905 ਦੇ ਅੰਤ ਵਿਚ ਬ੍ਰਿਟਿਸ਼ ਪਾਰਲੀਮੈਂਟ ਦੀਆਂ ਚੋਣਾ ਹੋਈਆਂ, ਜਿਸ ਵਿਚ ਲਿਬਰਲ ਪਾਰਟੀ ਦੀ ਭਾਰੀ ਜਿੱਤ ਹੋਈ। ਜਵਾਹਰ ਲਾਲ ਨੇ ਉਸ ਵਿਚ ਏਨੀ ਦਿਲਚਸਪੀ ਲਈ ਕਿ ਸੰਸਦੀ ਚੋਣ ਪ੍ਰਣਾਲੀ ਨੂੰ ਪੂਰੀ ਖ਼ੂਬੀ ਨਾਲ ਸਮਝ ਲਿਆ। ਪਿੱਛੋਂ ਉਹਨਾਂ ਦੇ ਦਰਜੇ ਦੇ ਮਾਸਟਰ ਨੇ ਇਸ ਸੰਬੰਧ ਵਿਚ ਕੁਝ ਸਵਾਲ ਪੁੱਛੇ ਤਾਂ ਅੰਗਰੇਜ਼ ਮੁੰਡੇ ਤਾਂ ਉਹਨਾਂ ਦਾ ਜਵਾਬ ਨਾ ਦੇ ਸਕੇ...ਪਰ ਜਵਾਹਰ ਲਾਲ ਨੇ ਸਾਰੇ ਸਵਾਲਾਂ ਦੇ ਠੀਕ-ਠੀਕ ਜਵਾਬ ਦੇ ਦਿੱਤੇ—ਉਹਨਾਂ ਨੂੰ ਤਾਂ ਨਵੇਂ ਮੰਤਰੀ-ਮੰਡਲ ਦੇ ਲਗਭਗ ਸਾਰੇ ਮੈਂਬਰਾਂ ਦੇ ਨਾਂਅ ਵੀ ਚੇਤੇ ਸਨ।
ਸਕੂਲ ਵਿਚ ਚੰਗੀ ਕਾਰਗੁਜਾਰੀ ਲਈ ਉਹਨਾਂ ਨੂੰ ਇਕ ਪੁਸਤਕ ਇਨਾਮ ਵਿਚ ਮਿਲੀ। ਇਹ ਇਟਲੀ ਦੇ ਦੇਸ਼ ਭਗਤ ਨੇਤਾ ਗੈਰੀ ਬਾਲਡੀ ਬਾਰੇ ਸੀ। ਇਸ ਪੁਸਤਕ ਨੂੰ ਪੜ੍ਹ ਕੇ ਪਤਾ ਲੱਗਿਆ ਕਿ ਗੈਰੀ ਬਾਲਡੀ ਨੇ ਕਿੰਜ ਆਪਣੇ ਦੇਸ਼ ਨੂੰ ਫਰਾਂਸ ਤੇ ਆਸਟ੍ਰੇਲੀਆ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਇਆ ਸੀ।
ਉਹਨੀਂ ਦਿਨੀ ਹਿੰਦੁਸਤਾਨ ਵਿਚ ਵੱਡੀਆਂ-ਵੱਡੀਆਂ ਘਟਨਾਵਾਂ ਵਾਪਰ ਰਹੀਆਂ ਸਨ ਤੇ ਕਾਂਗਰਸ ਦਾ ਰੂਪ ਬਦਲ ਰਿਹਾ ਸੀ। ਲਾਰਡ ਕਰਜਨ ਨੇ ਬੰਗਾਲ ਨੂੰ ਵੰਡ ਦੇਣ ਦੀ ਯੋਜਨਾ ਬਣਾਈ ਸੀ ਤੇ ਉਸਦੇ ਵਿਰੁੱਧ ਇਕ ਦੇਸ਼-ਵਿਆਪੀ ਅੰਦੋਲਨ ਉੱਠ ਖੜ੍ਹਾ ਹੋਇਆ ਸੀ। ਵਿਦੇਸ਼ੀ ਕੱਪੜੇ ਦਾ ਬਾਈਕਾਟ ਤੇ ਸਵਦੇਸ਼ੀ ਕੱਪੜੇ ਦਾ ਇਸਤੇਮਾਲ ਇਸ ਅੰਦੋਲਨ ਦਾ ਵੱਡਾ ਨਾਅਰਾ ਸੀ। ਮਹਾਰਾਸ਼ਟਰ ਦੇ ਬਾਲ ਗੰਗਾਧਰ ਤਿਲਕ, ਪੰਜਾਬ ਦੇ ਲਾਲਾ ਲਾਜਪਤਰਾਏ ਤੇ ਬੰਗਾਲ ਦੇ ਬਿਪਨ ਚੰਦਰ ਪਾਲ ਇਸ ਅੰਦੋਲਨ ਵਿਚ ਏਨੇ ਪ੍ਰਸਿੱਧ ਹੋਏ ਕਿ ਸਾਰੇ ਹਿੰਦੁਸਤਾਨ ਵਿਚ ਬਾਲ, ਲਾਲ ਤੇ ਪਾਲ—ਤਿੰਨੇ ਨਾਂ ਇਕੱਠੇ ਲਏ ਜਾਣ ਲੱਗ ਪਏ। ਇਸ ਅੰਦੋਲਨ ਦੀਆਂ ਖ਼ਬਰਾਂ ਇੰਗਲੈਂਡ ਦੇ ਅਖ਼ਬਾਰਾਂ ਵਿਚ ਘੱਟ ਛਪਦੀਆਂ ਸਨ, ਪਰ ਉਹ ਆਪਣੇ ਚਚਰੇ ਭਰਾ ਤੋਂ ਇਹਨਾਂ ਦੀ ਥਹੁ ਲੈਂਦੇ ਰਹਿੰਦੇ ਸਨ।
ਦੋ ਵਰ੍ਹੇ ਹੈਰੋ ਵਿਚ ਬਿਤਾਅ ਕੇ ਜਵਾਹਰ ਲਾਲ ਅਕਤੂਬਰ 1907 ਵਿਚ ਕੈਂਬ੍ਰਿਜ ਦੇ ਟ੍ਰਿਨਿਟੀ ਕਾਲੇਜ ਵਿਚ ਪਹੁੰਚ ਗਏ। ਉਦੋਂ ਉਹਨਾਂ ਦੀ ਉਮਰ ਸਤਾਰਾਂ-ਅਠਾਰਾਂ ਸਾਲ ਦੇ ਲਗਭਗ ਸੀ। ਜ਼ਿੰਦਗੀ ਨੇ ਨਾਬਾਲਿਗੀ ਦੀ ਸੀਮਾਂ ਲੰਘ ਕੇ  ਜਵਾਨੀ ਦੀ ਦਹਿਲੀਜ਼ ਉਪਰ ਪੈਰ ਰੱਖ ਲਿਆ ਸੀ। ਤੇ ਲਿਖਿਆ ਹੈ : “ਮੈਂ ਪੂਰੀ ਮੜਕ ਨਾਲ ਕੈਂਬ੍ਰਿਜ ਦੇ ਵਿਸ਼ਾਲ ਭਵਨਾਂ ਤੇ ਉਸਦੀਆਂ ਭੀੜੀਆਂ ਗਲੀਆਂ ਦੇ ਚੱਕਰ ਕੱਟਦਾ ਤੇ ਜੇ ਕੋਈ ਜਾਣ-ਪਛਾਣ ਵਾਲਾ ਮਿਲ ਪੈਂਦਾ ਤਾਂ ਬੜਾ ਖੁਸ਼ ਹੁੰਦਾ।”
ਕੈਂਬ੍ਰਿਜ ਦਾ ਮਾਹੌਲ ਹੈਰੋ ਨਾਲੋਂ ਬਿਲਕੁਲ ਵੱਖਰਾ ਸੀ। ਇੱਥੇ ਜਵਾਹਰ ਲਾਲ ਨੂੰ ਜਿਹੜੇ ਲੋਕ ਮਿਲੇ, ਉਹ ਲਗਭਗ ਸਾਰੇ ਹੀ ਜਵਾਨੀ ਦੇ ਨਸ਼ੇ ਵਿਚ ਮੜਕ ਨਾਲ ਆਕੜ ਕੇ ਤੁਰਨ ਵਾਲੇ ਸਨ। ਉਹ ਆਪਣੇ ਗਿਆਨ-ਪ੍ਰਦਰਸ਼ਨ ਲਈ ਸਾਹਿਤ ਤੇ ਇਤਿਹਾਸ ਬਾਰੇ, ਰਾਜਨੀਤੀ ਤੇ ਅਰਥਸ਼ਾਸਤਰ ਬਾਰੇ, ਵਧਾਅ-ਚੜ੍ਹਾਅ ਕੇ ਗੱਲਾਂ ਕਰਦੇ। ਕੋਈ ਵੀ ਆਪਣਾ ਅਗਿਆਨ ਦੂਜੇ ਉੱਤੇ ਜ਼ਾਹਿਰ ਨਹੀਂ ਸੀ ਹੋਣ ਦੇਣਾ ਚਾਹੁੰਦਾ। ਇਸ ਲਈ ਹਰੇਕ ਗੱਲਬਾਤ ਦੌਰਾਨ ਉੱਚੇ ਸਤਰ ਦੀਆਂ ਕਿਤਾਬਾਂ ਦੇ ਹਵਾਲੇ ਦਿੰਦਾ ਤੇ ਵੱਡੇ-ਵੱਡੇ ਲੇਖਕਾਂ ਤੇ ਵਿਚਾਰਕਾਂ ਦੇ ਨਾਂ ਗਿਣਾਉਣ ਲੱਗ ਪੈਂਦਾ। ਜਵਹਾਰ ਲਾਲ ਨੇ ਪ੍ਰਾਕ੍ਰਿਤਕ ਵਿਗਿਆਨ ਦਾ ਕੋਰਸ ਲਿਆ ਹੋਇਆ ਸੀ, ਜਿਸ ਦੇ ਵਿਸ਼ੇ ਰਸਾਇਨ-ਸ਼ਾਸ਼ਤਰ, ਭੂੰਗਰਭ-ਸ਼ਾਸਤਰ ਤੇ ਵਣਸਪਤੀ-ਸ਼ਾਸ਼ਤਰ ਸਨ। ਪਰ ਆਪਣੇ ਆਪ ਨੂੰ ਵਾਤਾਵਰਣ ਅਨੁਸਾਰ ਢਾਲਨ ਤੇ ਦੂਜਿਆਂ ਦੀ ਗੱਲਬਾਤ ਵਿਚ ਸਫਲਤਾ ਨਾਲ ਹਿੱਸਾ ਲੈਣ ਲਈ ਉਹਨਾਂ ਵੀ ਸਾਹਿਤ, ਦਰਸ਼ਨ ਤੇ ਇਤਿਹਾਸ ਦੀਆਂ ਕਿਤਾਬਾਂ ਪੜ੍ਹੀਆਂ। ਬਰਨਾਰਡ ਸ਼ਾਹ, ਆਸਕਰ ਵਾਈਲਡ ਤੇ ਵਾਲਟਰ ਪੇਟਰ ਕੈਂਬ੍ਰਿਜ ਦੇ ਵਿਦਿਆਰਥੀਆਂ ਦੇ ਚਿੱਤ-ਲੱਗੇ ਸਾਹਿਤਕਾਰ ਸਨ, ਪਰ ਜਵਾਹਰ ਲਾਲ ਦੇ ਆਪਣੇ ਸ਼ਬਦਾਂ ਵਿਚ “ਓਹਨੀਂ ਦਿਨੀ ਕੈਂਬਿਜ ਵਿਚ ਨੀਤਸੇ ਦੀਆਂ ਧੁੰਮਾਂ ਸਨ।” ਨੀਤਸੇ ਦੁਨੀਆਂ ਦਾ ਸਭ ਤੋਂ ਵੱਡਾ ਸਨਕੀ ਦਾਰਸ਼ਨਿਕ ਹੋਇਆ ਹੈ। ਉਸਦੀ ਨਜ਼ਰ ਵਿਚ 'ਝੂਠ ਸੱਚ, ਤੇ ਸੱਚ ਝੂਠ ਹੈ', 'ਨੈਤਿਕ ਮੁੱਲਾਂ ਨੂੰ—ਨੇਕੀ ਬਦੀ ਨੂੰ—ਸਿਰਫ ਨਿਰਬਲ ਲੋਕ ਹੀ ਮੰਨਦੇ ਹਨ, ਜਿਹੜਾ ਬਲਵਾਨ ਹੈ, 'ਅਤੀ-ਮਾਨਵ' (ਸੁਪਰਮੈਨ) ਹੈ, ਉਹ ਇਹਨਾਂ ਭਰਮਾਂ ਤੇ ਬੰਨ੍ਹਣਾ ਵਿਚ ਨਹੀਂ ਵੱਝਦਾ। ਉਸਦਾ ਆਪਣਾ ਆਚਰਨ ਹੀ ਨੈਤਿਕਤਾ ਹੈ ਤੇ ਉਹ ਕਾਨੂੰਨ ਤੋਂ ਉੱਚਾ ਹੈ।'
ਨੀਤਸੇ ਦਾ ਦਰਸ਼ਨ ਕੈਂਬ੍ਰਿਜ ਦੇ ਅੰਗਰੇਜ਼ ਮੁੰਡਿਆਂ ਦੀ ਮਨੋਬਿਰਤੀ ਦੇ ਪੂਰੀ ਤਰ੍ਹਾਂ ਅਨੁਕੂਲ ਸੀ। ਬ੍ਰਿਟਿਸ਼ ਸਾਮਰਾਜ ਉਹਨੀਂ ਦਿਨੀ ਦੁਨੀਆਂ ਦਾ ਸਭ ਤੋਂ ਵੱਡਾ ਸਾਮਰਾਜ ਸੀ, ਜਿਸ ਵਿਚ ਸੂਰਜ ਨਹੀਂ ਸੀ ਡੁੱਬਦਾ ਹੁੰਦਾ। ਕੈਂਬ੍ਰਿਜ ਵਿਚ ਪੜ੍ਹਨ ਵਾਲੇ ਸਾਮਰਾਜ ਦੇ ਚਹੇਤੇ ਬੇਟਿਆਂ ਵਿਚ 'ਅਤੀ-ਮਾਨਵ' ਦੀ ਭਾਵਨਾਂ ਦਾ ਪੈਦਾ ਹੋ ਜਾਣਾ ਸੁਭਾਵਿਕ ਹੀ ਸੀ। ਇੱਥੋਂ ਨਿਕਲ ਕੇ ਉਹ ਉਪਨਿਵੇਸ਼ਾਂ ਵਿਚ ਹਾਕਮ ਬਣ ਕੇ ਜਾਂਦੇ ਸਨ—ਤੇ ਉੱਥੋਂ ਦੀ ਪੀੜੀ ਹੋਈ ਜਨਤਾ ਉੱਤੇ ਜ਼ੁਲਮ ਢਾਉਣ ਤੇ ਉਹਨਾਂ ਦੀ ਲੁੱਟ-ਖਸੁਟ ਕਰਨ ਨੂੰ ਤੇ ਆਪਣੇ ਤੇ ਆਪਣੀ ਜਾਤ-ਬਰਾਦਰੀ ਵਾਲਿਆਂ ਲਈ ਐਸ਼ੋਆਰਾਮ ਦੇ ਸਾਧਨ ਇਕੱਤਰ ਕਰਨ ਨੂੰ, ਆਪਣਾ ਜਨਮ-ਸਿੱਧ ਅਧਿਕਾਰ ਸਮਝਦੇ ਸਨ। ਨੀਤਸੇ ਦਾ ਦਰਸ਼ਨ ਉਹਨਾਂ ਨੂੰ ਹਰ ਕਿਸਮ ਦੀ ਆਤਮ-ਗਿਲਾਨੀ ਤੋਂ ਬਚਾਈ ਰੱਖਦਾ ਸੀ। ਆਸਕਰ ਵਾਈਲਡ ਤੇ ਵਾਲਟਰ ਪੇਟਰ ਦਾ ਸਾਹਿਤ ਵੀ ਨੀਤੀ ਤੇ ਧਰਮ ਦੇ ਦਮਨਕਾਰੀ ਬੰਧਨਾਂ ਤੋਂ ਉੱਚੇ ਉੱਠ ਕੇ ਆਨੰਦ ਨਾਲ ਜਿਊਣ ਦੀ ਲਾਲਸਾ ਤੇ ਭੋਗਵਾਦ ਦੀ ਭਾਵਨਾ ਦੀ ਪੁਸ਼ਟੀ ਕਰਦਾ ਸੀ।
ਜਵਾਹਰ ਲਾਲ ਨੇ ਆਪਣੇ ਉਪਰ ਪਏ ਇਸ ਪ੍ਰਭਾਵ ਨੂੰ 'ਮੇਰੀ ਕਹਾਣੀ' ਵਿਚ ਇੰਜ ਬਿਆਨਿਆਂ ਹੈ : “ਮੇਰਾ ਰੁਝਾਨ ਜੀਵਨ ਦਾ ਸਰਬ-ਉੱਤਮ ਉਪਭੋਗ ਕਰਨ ਤੇ ਉਸਦਾ ਪੂਰਾ-ਸੂਰਾ ਆਨੰਦ ਮਾਨਣ ਵੱਲ ਸੀ। ਮੈਂ ਜੀਵਨ ਦਾ ਉਪਭੋਗ ਕਰਦਾ ਸਾਂ ਤੇ ਇਸ ਗੱਲ ਤੋਂ ਇਨਕਾਰ ਕਰਦਾ ਸਾਂ ਕਿ ਮੈਂ ਉਸ ਵਿਚ ਪਾਪ ਵਾਲੀ ਕੋਈ ਗੱਲ ਕਿਉਂ ਸਮਝਾਂ? ਨਾਲ ਹੀ ਖ਼ਤਰੇ ਤੇ ਸਾਹਸ ਭਰੇ ਕੰਮ ਵੀ ਮੈਨੂੰ ਆਪਣੇ ਵੱਲ ਖਿੱਚਦੇ ਰਹਿੰਦੇ ਸਨ। ਪਿਤਾ ਜੀ ਵਾਂਗ ਮੈਂ ਵੀ ਉਦੋਂ ਕੁਛ ਹੱਦ ਤਕ ਇਕ ਜੁਆਰੀ ਹੀ ਸਾਂ। ਪਹਿਲਾਂ ਆਪਣੇ ਰੁਪਏ ਦਾ ਜੁਆਰੀ ਤੇ ਫੇਰ ਵੱਡੀਆਂ-ਵੱਡੀਆਂ ਬਾਜੀਆਂ ਦਾ ਤੇ ਜੀਵਨ ਦੇ ਵੱਡੇ-ਵੱਡੇ ਆਦਰਸ਼ਾਂ ਦਾ।” ਸੰਖੇਪ ਵਿਚ ਇਹ ਕਿ ਜਵਾਹਰ ਲਾਲ ਦੇ ਸੰਸਕਾਰ ਉਹੀ ਸਨ, ਜਿਹੜੇ ਬ੍ਰਿਟਿਸ਼ ਸਾਮਰਾਜਵਾਦ ਦੇ ਚਹੇਤੇ ਬੇਟਿਆਂ ਦੇ ਸਨ।
ਜਵਾਹਰ ਲਾਲ ਜਿੰਨੇ ਦਿਨ ਇੰਗਲੈਂਡ ਵਿਚ ਰਹੇ, ਉਹਨਾਂ ਵਿਚ ਜੀਵਨ ਦੇ ਸਰਬ-ਉੱਤਮ ਉਪਭੋਗ ਤੇ ਵੰਨ-ਸੁਵੰਨੇ ਆਨੰਦ ਮਾਨਣ ਦਾ ਰੁਝਾਨ ਵਧਦਾ ਗਿਆ। 1910 ਵਿਚ ਉਹ ਕੈਂਬ੍ਰਿਜ ਤੋਂ ਡਿਗਰੀ ਲੈ ਕੇ ਨਿਕਲੇ ਤੇ ਕਾਨੂੰਨ ਪੜ੍ਹਨ ਲਈ ਇਨਰ ਟੈਂਪਿਲ ਵਿਚ ਜਾ ਭਰਤੀ ਹੋਏ। ਉੱਥੇ ਉਹਨਾਂ ਨੂੰ ਹੈਰੋ ਦੇ ਕੁਝ ਪੁਰਾਣੇ ਦੋਸਤ ਮਿਲੇ। ਉਹਨਾਂ ਨਾਲ ਰਹਿ ਕੇ ਜਵਾਹਰ ਲਾਲ ਦੀਆਂ ਆਦਤਾਂ ਹੋਰ ਵੀ ਖ਼ਰਚੀਲੀਆਂ ਹੋ ਗਈਆਂ। ਪਿਉ ਖ਼ਰਚੇ ਲਈ ਕਾਫੀ ਪੈਸਾ ਭੇਜ ਦੇਂਦਾ ਸੀ, ਪਰ ਪੁੱਤਰ ਉਸ ਤੋਂ ਵੱਧ ਖ਼ਰਚ ਕਰ ਵਿਖਾਉਂਦਾ ਸੀ। ਪੈਸੇ ਦੀ ਕਮੀ ਨਹੀਂ ਸੀ ਤੇ ਮੌਜ-ਮਸਤੀ ਦੇ ਸਾਰੇ ਸਾਧਨ ਹਾਜ਼ਰ ਸਨ।
ਕੈਂਬ੍ਰਿਜ 'ਚੋਂ ਨਿਕਲ ਕੇ ਜਵਾਹਰ ਲਾਲ ਦੇ ਸਾਹਮਣੇ ਜਦੋਂ ਇਹ ਸਵਾਲ ਆਇਆ ਕਿ ਉਹਨਾਂ ਨੂੰ 'ਕੈਰੀਅਰ' ਕਿਹੜਾ ਚੁਣਨਾ ਚਾਹੀਦਾ ਹੈ ਤਾਂ ਬੜੀ ਸੋਚ-ਵਿਚਾਰ ਪਿੱਛੋਂ ਪਿਤਾ ਵਾਲਾ ਪੇਸ਼ਾ ਅਪਣਾਉਣ ਦਾ ਫੈਸਲਾ ਕੀਤਾ। ਵਕਾਲਤ ਪੜ੍ਹਨ ਵਿਚ ਉਹਨਾਂ ਨੂੰ ਕੋਈ ਖਾਸ ਦਿੱਕਤੀ ਨਹੀਂ ਹੋਈ। ਇਹਨਾਂ ਦੋ ਸਾਲਾਂ ਵਿਚ ਉਹ ਲੰਦਨ ਵਿਚ ਖ਼ੂਬ ਇਧਰ-ਉਧਰ ਘੁੰਮੇ-ਫਿਰੇ—ਆਇਰਲੈਂਡ ਗਏ ਤੇ ਜਰਮਨੀ, ਫਰਾਂਸ ਆਦੀ ਯੂਰਪ ਦੇ ਦੇਸ਼ਾਂ ਦਾ ਸੈਰ-ਸਪਾਟਾ ਵੀ ਕੀਤੀ।
1912 ਵਿਚ ਉਹਨਾਂ ਨੇ ਬੈਰਿਸਟਰੀ ਪਾਸ ਕਰ ਲਈ ਤੇ ਸੱਤ ਸਾਲ ਬਾਅਦ ਜਦੋਂ ਇੰਗਲੈਂਡ ਤੋਂ ਘਰ ਜਾਣ ਲਈ ਰਵਾਨਾ ਹੋਏ ਤਾਂ ਹਿੰਦੁਸਤਾਨੀ ਘੱਟ, ਅੰਗਰੇਜ਼ ਵਧੇਰੇ ਲੱਗ ਰਹੇ ਸਨ ਉਹ।
    --- --- ---

No comments:

Post a Comment