Friday, June 3, 2011

ਇਤਿਹਾਸ ਲੇਖਕ

     ਇਤਿਹਾਸ ਲੇਖਕ

ਇਕ ਵਾਰੀ ਦੀ ਗੱਲ ਹੈ, ਚੈਕ ਦੁਤਾਵਾਸ ਵਿਚ ਕੋਈ ਪਾਰਟੀ ਚੱਲ ਰਹੀ ਸੀ। ਪ੍ਰਧਾਨ-ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਵੀ ਮੌਜ਼ੂਦ ਸਨ। ਕੁਝ ਮਿੱਤਰ ਲੇਖਕਾਂ ਨੇ ਮੈਨੂੰ ਕਿਹਾ—“ਰਹਿਬਰ ਸਾਹਬ, ਚਲੋ ਰਹਿਬਰੀ ਕਰੋ, ਪੰਡਿਤ ਜੀ ਨਾਲ ਕੁਝ ਗੱਲਾਂ ਕੀਤੀਆਂ ਜਾਣ।”
ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਲਈ ਇਹ ਕੋਈ ਠੀਕ ਜਗ੍ਹਾ ਨਹੀਂ ਸੀ, ਪਰ ਮੈਂ ਇਸ ਪੱਖ ਉੱਤੇ ਵਿਚਾਰ ਨਹੀਂ ਕੀਤਾ। ਸਬੱਬ ਨਾਲ ਲਾਨ ਵਿਚ ਉਸ ਸਮੇਂ ਉਹ ਇਕੱਲੇ ਸਨ। ਮੈਂ ਰਹਿਬਰੀ ਦੇ ਸ਼ੌਕ ਵਿਚ ਮਿੱਤਰਾਂ ਨਾਲ ਅੱਗੇ ਵਧਿਆ। “ਪੰਡਿਤਜੀ, ਨਮਸਤੇ” ਮੈਂ ਉਹਨਾਂ ਦੇ ਸਾਹਮਣੇ ਜਾ ਕੇ ਬੜੀ ਨਿਮਰਤਾ ਨਾਲ ਕਿਹਾ।
“ਨਮਸਤੇ।” ਪੰਡਿਤਜੀ ਨੇ ਮੁਸਕਰਾਂਦੇ ਹੋਏ ਉਤਰ ਦਿੱਤਾ।
“ਤੁਹਾਨੂੰ ਤਾਂ ਕੀ ਯਾਦ ਹੋਣਾ ਏਂ?” ਮੈਂ ਗੱਲ ਸ਼ੁਰੂ ਕੀਤੀ, “ਲੁਧਿਆਣੇ ਅਖਿਲ-ਭਾਰਤੀ ਪਰਜਾ-ਮੰਡਲ ਵਿਚ ਤੁਹਾਡੇ ਨਾਲ ਕੰਮ ਕੀਤਾ ਸੀ।”
“ਲੁਧਿਆਣੇ!” ਉਹਨਾਂ ਦਿਮਾਗ਼ ਉੱਤੇ ਜ਼ੋਰ ਦਿੰਦਿਆਂ ਦੁਹਰਾਇਆ।
“ਹਾਂ, ਜੀ। ਫਰਬਰੀ 1939 ਦੀ ਗੱਲ ਏ।”
ਮੇਰੇ ਜੀਵਨ ਵਿਚ ਤਾਂ ਇਸ ਤਾਰੀਖ਼ ਤੇ ਇਸ ਸੰਮੇਲਨ ਦਾ ਬੜਾ ਵੱਡਾ ਮਹੱਤਵ ਸੀ ਤੇ ਰਾਜਨੀਤਕ ਜੀਵਨ ਵਿਚ ਵੀ ਸ਼ਾਇਦ ਇਹ ਘਟਨਾ ਸਭ ਤੋਂ ਵੱਡੀ ਸੀ। ਪਰ ਪੰਡਿਤਜੀ ਦਾ ਜੀਵਨ ਤਾਂ ਇਸ ਨਾਲੋਂ ਕਿਤੇ ਵੱਧ ਮਹੱਤਵਪੂਰਣ ਘਟਨਾਵਾਂ, ਸੰਮੇਲਨਾ ਤੇ ਤਾਰੀਖ਼ਾਂ ਨਾਲ ਭਰਿਆ ਹੋਇਆ ਸੀ। “ਓਅ! ਬੜੇ ਦਿਨ ਹੋ ਗਏ।” ਯਾਦਾਂ ਦੇ ਢੇਰ ਫਰੋਲਦਿਆਂ ਹੋਇਆਂ ਉਹਨਾਂ ਕਿਹਾ।
“ਅਸੀਂ ਸਾਰੇ ਲੇਖਕ ਹਾਂ।” ਆਪਣੇ ਮਿੱਤਰਾਂ ਨਾਲ ਜਾਣ-ਪਛਾਣ ਕਰਾਂਦਿਆਂ ਮੈਂ ਵਿਸ਼ਾ ਬਦਲਿਆ।
“ਮੈਂ ਵੀ ਲੇਖਕ ਹਾਂ।” ਪੰਡਿਤਜੀ ਨੇ ਖੁਸ਼ ਹੁੰਦਿਆਂ ਕਿਹਾ, “ਪਰ ਰਾਜਨੀਤੀ ਵਿਚ ਉਲਝਿਆ ਹੋਇਆ ਹਾਂ—ਤੇ ਲੇਖਕ ਹੋਣ ਵਾਲੀ ਗੱਲ ਭੁੱਲ ਜਿਹੀ ਗਈ ਹੈ।”
“ਮੈਂ ਤੁਹਾਡੀ ਕਿਤਾਬ 'ਵਿਸ਼ਵ ਇਤਿਹਾਸ ਕੀ ਝਲਕ' ਅਗਸਤ 1942 ਦੀ ਨਜ਼ਰਬੰਦੀ ਦੌਰਾਨ ਦੋ ਵਾਰੀ ਪੜ੍ਹੀ ਸੀ। ਇਕ ਵਾਰੀ ਪਿੱਛੇ ਜਿਹੇ ਹੀ ਫੇਰ ਪੜ੍ਹੀ ਹੈ। ਪਹਿਲਾਂ ਬੜੀ ਚੰਗੀ ਲੱਗੀ ਸੀ, ਪਰ ਇਸ ਵਾਰੀ ਮਨ ਕੁਝ ਖੁੱਭਿਆ ਨਹੀਂ।”
“ਹਾਂ, ਉਹ ਛੋਟੀ ਬੱਚੀ ਲਈ ਚਿੱਠੀਆਂ ਵਿਚ ਲਿਖੀ ਗਈ ਸੀ।” ਪੰਡਿਤਜੀ ਨੇ ਉਤਰ ਦਿੱਤਾ।
“ਉਹ ਤਾਂ ਤੁਹਾਡੀ ਸ਼ੈਲੀ ਹੋਈ, ਤੇ ਕਾਫੀ ਰੌਚਕ ਹੈ। ਪਰ ਮੈਂ ਤਾਂ ਗੱਲ ਦ੍ਰਿਸ਼ਟੀਕੋਣ ਦੀ ਕਰ ਰਿਹਾਂ।”
ਪੰਡਿਤਜੀ ਸਿਰਫ ਮੁਸਕਰਾਏ; ਅੱਗੇ ਵੱਲ ਪੈਰ ਪੁੱਟਿਆ।
ਉਹ ਉਹੀ ਰਹੱਸਵਾਦੀ ਮੁਸਕਾਨ ਸੀ, ਜਿਸਨੂੰ ਉਹ ਲੋਕ ਇਕੱਠਾਂ ਦੀ ਸਦਭਾਵਨਾ ਪ੍ਰਾਪਤ ਕਰਨ ਲਈ ਸਮੇਂ ਸਮੇਂ ਨਾਟਕੀ ਢੰਗ ਨਾਲ ਬੁੱਲ੍ਹਾਂ ਉੱਤੇ ਲਿਆਉਣ ਦੇ ਆਦੀ ਹੋ ਚੁੱਕੀ ਸਨ। ਪਰ ਮੈਨੂੰ ਇਸ ਮੁਸਕਾਨ ਦੇ ਅਰਥ ਸਮਝਣ ਆਉਣ ਲੱਗ ਪਏ ਸਨ ਤੇ ਇਸ ਮੁਲਾਕਾਤ ਦੇ ਦਸ ਬਾਰਾਂ ਸਾਲ ਬਾਅਦ ਤਾਂ ਹੋਰ ਵੀ ਸਪਸ਼ਟ ਹੋਣ ਲੱਗੇ ਸਨ। ਇਸ ਮੁਸਕਾਨ ਨੂੰ ਸਮਝ ਲੈਣ ਪਿੱਛੋਂ ਜ਼ਿੰਦਗੀ ਦੇ ਪ੍ਰਤੀ, ਰਾਸ਼ਟਰੀ ਅੰਦੋਲਨ ਦੇ ਪ੍ਰਤੀ ਤੇ ਇਤਿਹਾਸ ਦੇ ਪ੍ਰਤੀ ਉਹਨਾਂ ਦੇ ਰੁਖ਼ ਨੂੰ ਸਮਝ ਲੈਣਾ ਕੋਈ ਔਖਾ ਨਹੀਂ ਸੀ।
ਹਿੰਦੁਸਤਾਨ ਕੀ ਕਹਾਣੀ' ਯਾਨੀ 'ਭਾਰਤ ਕੀ ਖੋਜ' ਨਾਂ ਦੀ ਆਪਣੀ ਇਤਿਹਾਸਕ ਕਿਤਾਬ ਦਾ ਉਦੇਸ਼ ਅਤੀਤ ਨੂੰ ਸਮਝਣ ਤੇ ਵਰਤਮਾਨ ਤੇ ਭਵਿੱਖ ਨਾਲ ਉਸਦਾ ਸੰਬੰਧ ਜੋੜਨ ਬਾਰੇ ਦੱਸਦਿਆਂ ਜਵਾਹਰ ਲਾਲ ਨੇ ਲਿਖਿਆ ਹੈ...:
“ਗੁਜ਼ਰੇ ਹੋਏ ਜ਼ਮਾਨੇ ਨੂੰ ਤੇ ਉਸਦੇ ਮੌਜ਼ੂਦਾ ਜ਼ਮਾਨੇ ਨਾਲ ਰਿਸ਼ਤੇ ਨੂੰ ਟੋਲਨ ਦੀ ਇਸ ਕੋਸ਼ਿਸ਼ ਨੇ, ਅੱਜ ਤੋਂ ਬਾਰਾਂ ਵਰ੍ਹੇ ਪਹਿਲਾਂ, ਆਪਣੀ ਲੜਕੀ ਦੇ ਨਾਂ ਲਿਖੇ ਗਏ ਖ਼ਤਾਂ ਦੇ ਰੂਪ ਵਿਚ, ਮੈਨੂੰ 'ਵਿਸ਼ਵ ਇਤਿਹਾਸ ਕੀ ਝਲਕ' ਲਿਖਣ ਲਈ ਪ੍ਰੇਰਿਆ ਸੀ। ਮੈਂ ਕੁਛ ਸਤਹੀ ਢੰਗ ਦੀ ਚੀਜ ਲਿਖੀ ਤੇ ਜਿੱਥੋਂ ਤਕ ਹੋ ਸਕਿਆ ਸਾਦੇ ਢੰਗ ਨਾਲ ਲਿਖੀ, ਕਿਉਂਕਿ ਉਹ ਇਕ ਬੱਚੀ ਦੇ ਪੜ੍ਹਨ ਲਈ ਲਿਖੀ ਸੀ, ਜਿਸਦੀ ਉਮਰ ਪੰਦਰਾਂ ਸੋਲ੍ਹਾਂ ਸਾਲ ਸੀ। ਲੇਕਿਨ ਇਸ ਨੂੰ ਲਿਖਣ ਦੇ ਪਿੱਛੋਂ ਉਹੀ ਟੋਲ, ਤਲਾਸ਼ ਤੇ ਖੋਜ ਸੀ...
ਇਸੇ ਕਿਸਮ ਦੀ ਇਕ ਤਲਾਸ਼ ਨੇ ਭਾਵੇਂ ਉਹ ਜ਼ਿਆਦਾ ਨਜ਼ਦੀਕੀ ਵਕਤ ਤੇ ਲੋਕਾਂ ਤੀਕ ਸੀਮਿਤ ਸੀ, ਮੈਨੂੰ ਆਪਣੀ ਕਹਾਣੀ ਲਿਖਣ ਲਈ ਉਕਸਾਇਆ।”
ਇਸੇ ਖੋਜ ਦੇ ਸਿਲਸਿਲੇ ਵਿਚ ਬਾਰਾਂ ਸਾਲ ਬਾਅਦ ਜਦੋਂ ਉਹ ਵਧੇਰੇ ਵਿਚਾਰਸ਼ੀਲ ਤੇ ਗੰਭੀਰ ਹੋ ਗਏ ਸਨ, ਉਹਨਾਂ 'ਹਿੰਦੁਸਤਾਨ ਕੀ ਕਹਾਣੀ' ਲਿਖੀ ਕਿਉਂਕਿ ਜਦੋਂ ਤਕ ਬੀਤੇ ਤੇ ਅਜੋਕੇ ਸਮੇਂ ਵਿਚ, ਜਿੱਥੇ ਏਨੀ ਖਿੱਚੋਤਾਨੀ ਹੋ ਰਹੀ ਹੈ ਤੇ ਹੱਲ ਕਰਨ ਲਈ ਏਨੇ ਸਾਲ ਪਏ ਹਨ, ਇਕ ਜਿਉਂਦੀ ਜਾਗਦੀ ਕੜੀ ਨਾ ਬਣਾ ਸਕੀਏ, ਉਦੋਂ ਤਕ ਅਸੀਂ ਇਸ ਜ਼ਿੰਦਗੀ ਨੂੰ ਜ਼ਿੰਦਗੀ ਨਹੀਂ ਕਹਿ ਸਕਦੇ। ਇਹ ਕਲਾ, ਕਲਾ ਦੇ ਲਈ ਵਰਗੀ ਇਕ ਚੀਜ ਬਣ ਜਾਂਦੀ ਹੈ, ਜਿਸ ਵਿਚ ਕੋਈ ਉਤਸਾਹ ਨਹੀਂ, ਕੰਮ ਕਰਨ ਦੀ ਉਮੰਗ ਨਹੀਂ, ਜਿਹੜਾ ਬਸ਼ ਜ਼ਿੰਦਗੀ ਦਾ ਸਾਰ ਹੈ।
ਇਤਿਹਾਸ ਕੀ ਹੈ? ਮਨੁੱਖ ਦੇ ਸਦੀਆਂ ਦੇ ਸੰਘਰਸ਼ ਦੀ ਕਹਾਣੀ ਦਾ ਨਾਂ ਹੀ ਇਤਿਹਾਸ ਹੈ। ਇਸ ਸੰਘਰਸ਼ ਦੇ ਭਿੰਨ–ਭਿੰਨ ਰੂਪ ਹਨ। ਜਿਵੇਂ ਪ੍ਰਕ੍ਰਿਤੀ ਦੀ ਅੰਨ੍ਹੀ ਸ਼ਕਤੀ ਦੇ ਵਿਰੁੱਧ ਸੰਘਰਸ਼, ਆਪਣੇ ਹੀ ਅਗਿਆਨ ਦੇ ਵਿਰੁੱਧ ਸ਼ੰਘਰਸ਼, ਅਨਿਆਂ ਤੇ ਲੁੱਟ ਦੇ ਵਿਰੁੱਧ ਸੰਘਰਸ਼, ਦਾਸਤਾ ਦੇ ਕਰੂਰਤਾ ਦੇ ਵਿਰੁੱਧ ਸੰਘਰਸ਼। ਇਹ ਸੰਘਰਸ਼ ਗੰਗਾ ਦੀ ਧਾਰ ਵਾਂਗ ਵਹਿੰਦੀ, ਫੈਲਦੀ, ਇਠਲਾਉਂਦੀ-ਮਚਲਦੀ-ਇਕ ਅਟੁੱਟ ਪ੍ਰਕ੍ਰਿਆ ਹੈ। ਕਿਸੇ ਵੀ ਜ਼ਮਾਨੇ ਦਾ ਸੰਘਰਸ਼ ਉਸੇ ਸਮੇਂ ਸਮਾਪਤ ਨਹੀਂ ਹੋ ਜਾਂਦਾ ਬਲਕਿ ਇਕ ਇਤਿਹਾਸਕ ਪ੍ਰਕ੍ਰਿਆ ਆਉਣ ਵਾਲੇ ਜ਼ਮਾਨੇ ਦੀਆਂ ਘਟਨਾਵਾਂ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ। ਸਾਡੇ ਵਿਚਾਰਾਂ ਉਪਰ ਇਸੇ ਅਟੁੱਟ ਸੰਘਰਸ਼ ਦੇ ਪ੍ਰਭਾਵ ਦਾ ਨਾਂ ਪਰੰਪਰਾ ਹੈ। ਜਦੋਂ ਅਸੀਂ ਪਰੰਪਰਾ ਦੀ ਡੋਰ ਨੂੰ ਫੜ੍ਹ ਲੈਂਦੇ ਹਾਂ ਤਾਂ ਜੀਵਨ ਦੇ ਭੁੱਲ-ਭੁਲੇਵਿਆਂ ਵਿਚ ਗਵਾਚ ਜਾਣ ਦਾ ਖਤਰਾ ਨਹੀਂ ਰਹਿੰਦਾ, ਅਸੀਂ ਉਤਸਾਹ ਤੇ ਉਮੰਗ ਭਰੇ ਮਜ਼ਬੂਤ ਕਦਮਾਂ ਨਾਲ ਅੱਗੇ ਵਧਦੇ ਰਹਿੰਦੇ ਹਾਂ। ਇਸ ਲਈ ਇਤਿਹਾਸ ਦਾ ਅਧਿਅਨ ਕਰਨਾ ਇਸ ਪਰੰਪਰਾ ਨੂੰ, ਵੱਡੇ-ਵਡੇਰਿਆਂ ਦੀ ਵਿਰਾਸਤ ਨੂੰ, ਸਮਝਣਾ ਹੈ। ਲਿਖਿਆ ਹੈ...:
“ਮੇਰੀ ਵਿਰਾਸਤ ਕੀ ਹੈ? ਮੈਂ ਕਿਸ ਚੀਜ਼ ਦਾ ਵਾਰਿਸ ਹਾਂ? ਉਸ ਸਭ ਕਾਸੇ ਦਾ, ਜਿਸਨੂੰ ਇਨਸਾਨ ਨੇ ਸੈਂਕੜੇ, ਹਜ਼ਾਰਾਂ ਸਾਲਾਂ ਵਿਚ ਹਾਸਿਲ ਕੀਤਾ ਹੈ। ਉਸ ਸਭ ਕਾਸੇ ਦਾ, ਜਿਸ ਉਪਰ ਉਸਨੇ ਵਿਚਾਰ ਕੀਤਾ ਹੈ, ਜਿਸਦਾ ਉਸਨੇ ਅਨੁਭਵ ਕੀਤਾ ਹੈ; ਜਿਸਨੂੰ ਉਸਨੇ ਝੱਲਿਆ ਹੈ; ਜਿਸ ਵਿਚੋਂ ਸੁਖ ਪਾਇਆ ਹੈ—ਉਸਦੀ ਜਿੱਤ ਦੀਆਂ ਕਿਲਕਾਰੀਆਂ ਦਾ ਤੇ ਉਸਦੀ ਹਾਰ ਦੀਆਂ ਪੀੜ-ਪਰੁੱਚੀਆਂ ਚੀਕਾਂ ਦਾ, ਉਸ ਅਚਰਜ ਭਰੀ ਜ਼ਿੰਦਗੀ ਦਾ, ਜਿਹੜੀ ਏਨੀ ਪਹਿਲਾਂ ਸ਼ੁਰੂ ਹੋਈ ਸੀ ਤੇ ਅੱਜ ਵੀ ਚੱਲ ਰਹੀ ਹੈ ਤੇ ਜਿਹੜੀ ਸਾਨੂੰ ਆਪਣੇ ਵੱਲ ਇਸ਼ਾਰੇ ਕਰ-ਕਰ ਬੁਲਾਅ ਰਹੀ ਹੈ। ਇਸ ਸਭ ਕਾਸੇ ਦਾ ਬਲਕਿ ਇਸ ਨਾਲੋਂ ਵਧ ਦਾ—ਸਾਰੇ ਇਨਸਾਨਾਂ ਸਮੇਤ, ਮੈਂ ਵੀ। ਲੇਕਿਨ ਸਾਡੀ ਹਿੰਦੁਸਤਾਨੀਆਂ ਦੀ ਇਕ ਖਾਸ ਵਿਰਾਸਤ ਹੈ ਤੇ ਦੇਣ ਹੈ—ਅਜਿਹਾ ਨਹੀਂ ਕਿ ਦੂਜੇ ਉਸ ਤੋਂ ਵਾਂਝੇ ਰਹਿਣ, ਕਿਉਂਕਿ ਸਾਰੀਆਂ ਵਿਰਾਸਤਾਂ ਕਿਸੇ ਇਕ ਜਾਤੀ ਦੀਆਂ ਨਾ ਹੋ ਕੇ ਸਾਰੀ ਮਨੁੱਖ ਜਾਤੀ ਦੀਆਂ ਹੁੰਦੀਆਂ ਹਨ। ਫੇਰ ਵੀ, ਉਹ ਅਜਿਹੀ ਹੈ ਜਿਹੜੀ ਸਾਡੇ ਉਪਰ ਖਾਸ ਤੌਰ 'ਤੇ ਲਾਗੂ ਹੁੰਦੀ ਹੈ ਤੇ ਜੋ ਕੁਛ ਅਸੀਂ ਹਾਂ ਜਾਂ ਹੋ ਸਕਦੇ ਹਾਂ, ਉਸ ਵਿਚ ਉਸਦਾ ਹੱਥ ਹੈ।” (ਹਿੰਦੁਸਤਾਨ ਕੀ ਕਹਾਣੀ)
ਜਵਾਹਰ ਲਾਲ ਵਿਚਾਰਕ ਤੇ ਇਤਿਹਾਸ-ਲੇਖਕ ਹੀ ਨਹੀਂ, ਸਾਡੇ ਰਾਸ਼ਟਰੀ ਸੰਘਰਸ਼ ਦੇ ਪ੍ਰਮੁੱਖ ਨੇਤਾ ਵੀ ਸਨ। ਇਸ ਲਈ ਇਤਿਹਾਸ ਦਾ ਅਧਿਅਨ, ਅਧਿਅਨ ਲਈ ਵਜੋਂ ਪੇਸ਼ ਕਰਨਾ ਨਹੀਂ ਬਲਕਿ ਉਹਨਾਂ ਦਾ ਉਦੇਸ਼ ਸੰਘਰਸ਼ ਦੌਰਾਨ ਪੈਦਾ ਹੋਣ ਵਾਲੀਆਂ ਰਾਜਨੀਤਕ, ਆਰਥਿਕ, ਸੰਸਕ੍ਰਿਤਕ ਤੇ ਸੰਪਰਦਾਇਕ ਸਮੱਸਿਆਵਾਂ ਦਾ ਹੱਲ ਪੇਸ਼ ਕਰਕੇ ਰਾਸ਼ਟਰੀ ਏਕਤਾ ਨੂੰ ਦ੍ਰਿੜ ਬਣਾਉਣਾ ਤੇ ਆਜ਼ਾਦੀ ਲਈ ਲੜਨ ਵਾਲੀ ਜਨਤਾ ਦੀ ਚੇਤਨਾ ਤੇ ਕਰਮ ਨੂੰ ਹਲੂਣ ਕੇ ਸੰਘਰਸ਼ ਦੀ ਸਫਲਤਾ ਦੀ ਮੰਜ਼ਿਲ ਉੱਤੇ ਪਹੁੰਚਾਉਣਾ ਹੋਣਾ ਚਾਹੀਦਾ ਸੀ। ਇਸ ਵਿਚ ਉਹ ਕਿੱਥੋਂ ਤਕ ਸਫਲ ਹੋ ਸਕੇ, ਇਸ ਦਾ ਅੰਦਾਜ਼ਾ ਅਸੀਂ ਆਪਣੇ ਰਾਸ਼ਟਰੀ-ਸੰਘਰਸ਼ ਦੇ ਸਿੱਟਿਆਂ ਤੋਂ ਸਹਿਜੇ ਹੀ ਲਾ ਸਕਦੇ ਹਾਂ। ਇਸ ਨਾਲ ਅਸੀਂ ਕਿੱਥੇ ਕੁ ਪਹੁੰਚੇ ਹਾਂ, ਜਾਂ ਕਿੱਥੇ ਪਹੁੰਚਣ ਦੀ ਸੰਭਾਵਨਾ ਹੈ, ਇਹ ਹੁਣ ਬਿਲਕੁਲ ਸਪਸ਼ਟ ਹੈ।
ਵਿਸ਼ਵ ਇਤਿਹਾਸ ਕੀ ਝਲਕ' ਭਾਵੇਂ ਉਹਨਾਂ ਇਕ ਪੰਦਰਾਂ ਸੋਲਾਂ ਸਾਲ ਦੀ ਉਮਰ ਦੀ ਬੱਚੀ ਲਈ, ਸਾਦੇ ਢੰਗ ਨਾਲ ਲਿਖੀ ਸੀ, ਇਸ ਨਾਲ ਦ੍ਰਿਸ਼ਟੀਕੋਣ ਵਿਚ ਤਾਂ ਕੋਈ ਅੰਤਰ ਨਹੀਂ ਆਉਂਦਾ। ਰਾਸ਼ਟਰੀ ਅੰਦੋਲਨ ਪ੍ਰਤੀ ਉਹਨਾਂ ਦੇ ਰੁਖ਼ ਨੇ, ਕਥਨੀ ਤੇ ਕਰਨੀ ਦੇ ਫਰਕ ਨੇ ਉਹਨਾਂ ਦੇ ਚਿੰਤਨ ਵਿਚ ਜਿਹੜਾ ਅੰਦਰ-ਵਿਰੋਧ ਪੈਦਾ ਕਰ ਦਿੱਤਾ ਸੀ, ਉਹ 'ਮੇਰੀ ਕਹਾਣੀ' ਤੇ 'ਹਿੰਦੁਸਤਾਨ ਕੀ ਕਹਾਣੀ' ਵਾਂਗ ਇਸ ਵਿਚ ਵੀ ਝਲਕ ਰਿਹਾ ਹੈ। ਭੂਮਿਕਾ ਵਿਚ ਲਿਖਿਆ ਹੈ...:
“ਦਿਮਾਗ਼ ਵਿਚ ਵਹਿੰਦੇ ਹੋਏ ਵਿਚਾਰਾਂ ਨੂੰ ਫੜ੍ਹ ਕੇ ਕਾਗਜ਼ ਉੱਤੇ ਲਿਖਣ ਨਾਲ ਸੋਚਣ ਵਿਚ ਵੀ ਆਸਾਨੀ ਹੁੰਦੀ ਹੈ ਤੇ ਉਹਨਾਂ ਦੇ ਨਵੇਂ-ਨਵੇਂ ਰੂਪ ਵੀ ਨਜ਼ਰ ਆਉਂਦੇ ਹਨ।”
ਇਹ ਠੀਕ ਹੈ ਕਿ ਭਾਸ਼ਾ ਵਿਚਾਰਾਂ ਨੂੰ ਭੌਤਿਕ ਰੂਪ ਦਿੰਦੀ ਹੈ। ਪਰ ਲਿਖਣ ਦੀ ਪ੍ਰਕ੍ਰਿਆ ਵਿਚ ਉਹਨਾਂ ਦੇ ਜਿਹੜੇ ਨਵੇਂ-ਨਵੇਂ ਰੂਪ ਨਜ਼ਰੀਂ ਪੈਂਦੇ ਹਨ, ਉਹਨਾਂ ਨੂੰ ਲਿਖਣ ਵਾਲੇ ਦਾ ਦ੍ਰਿਸ਼ਟੀਕੋਣ ਹੀ ਕੋਈ ਨੁਹਾਰ ਦਿੰਦਾ ਹੈ। ਜਵਾਹਰ ਲਾਲ ਦਾ ਦ੍ਰਿਸ਼ਟੀਕੋਣ ਪਹਿਲੀ ਚਿੱਠੀ ਵਿਚ ਹੀ ਸਪਸ਼ਟ ਹੋ ਜਾਂਦਾ ਹੈ। ਲਿਖਿਆ ਹੈ...:
“ਇਤਿਹਾਸ ਪੜ੍ਹ ਕੇ ਸਾਨੂੰ ਇਹ ਵੀ ਸਿਖਣਾ ਚਾਹੀਦਾ ਹੈ ਕਿ ਦੁਨੀਆਂ ਨੇ ਕਿਵੇਂ ਆਹਿਸਤਾ-ਆਹਿਸਤਾ, ਲੇਕਿਨ ਨਿਸ਼ਚਿਤ ਰੂਪ ਵਿਚ ਤੱਰਕੀ ਕੀਤੀ ਹੈ। ਦੁਨੀਆਂ ਦੇ ਮੁੱਢਲੇ ਸਰਲ ਜੀਵਾਂ ਦੀ ਜਗ੍ਹਾਂ, ਵਧੇਰੇ ਉੱਨਤ ਦੇ ਗੁੰਝਲਦਾਰ ਜੀਵ ਕਿੰਜ ਆ ਗਏ ਤੇ ਸਭ ਤੋਂ ਆਖ਼ਰ ਵਿਚ ਜੀਵਾਂ ਦਾ ਸਰਤਾਜ ਆਦਮੀ ਪੈਦਾ ਹੋਇਆ ਤੇ ਆਪਣੀ ਬੁੱਧੀ ਦੇ ਜ਼ੋਰ 'ਤੇ ਉਸਨੇ ਕਿੰਜ ਦੂਜਿਆਂ ਉਪਰ ਜਿੱਤ ਪ੍ਰਾਪਤ ਕੀਤੀ। ਬੱਬਰਤਾ 'ਚੋਂ ਨਿਕਲ ਕੇ ਸਭਿਅਤਾ ਵੱਲ ਮਨੁੱਖ ਦੀ ਪ੍ਰਗਤੀ ਦਾ ਹਾਲ ਇਤਿਹਾਸ ਦਾ ਵਿਸ਼ਾ ਮੰਨਿਆਂ ਜਾਂਦਾ ਹੈ।” ਇਹ ਨਿਰੋਲ ਵਿਗਿਆਨਕ ਚਿੰਤਨ ਹੈ, ਡਾਰਵਿਨ ਦੇ ਵਿਕਾਸਵਾਦ ਦੀ ਸੰਖੇਪ ਵਿਆਖਿਆ ਹੈ। ਪਰ ਜਵਾਹਰ ਲਾਲ ਆਪਣੀ ਇਸ ਵਿਆਖਿਆ ਉਪਰ ਵੀ ਸਥਿਰ ਨਹੀਂ ਰਹਿੰਦੇ। ਇੱਥੋਂ ਹੀ ਅੰਤਰ-ਵਿਰੋਧ ਸਿਰ ਚੁੱਕਦਾ ਹੈ, “ਲੇਕਿਨ ਕਦੀ-ਕਦੀ ਜਦ ਅਸੀਂ ਇਤਿਹਾਸ ਦੇ ਲੰਮੇਂ ਜ਼ਮਾਨੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਇਹ ਵਿਸ਼ਵਾਸ ਕਰਨਾ ਮੁਸ਼ਕਿਲ ਹੁੰਦਾ ਹੈ ਕਿ ਅਸੀਂ ਲੋਕ ਬੜੇ ਸਭਿਅ ਜਾਂ ਉੱਨਤ ਹੋ ਗਏ ਹਾਂ। ਸਹਿਯੋਗ ਦੀ ਘਾਟ ਅੱਜ ਵੀ ਖਾਸੀ ਦੇਖੀ ਜਾਂਦੀ ਹੈ।” ਤੇ ਫੇਰ ਤਰਕ ਨੂੰ ਘੁਮਾਅ-ਫਿਰਾਅ ਦੇ ਇੱਥੋਂ ਤਕ ਅੱਗੇ ਵਧਾ ਦਿੱਤਾ ਗਿਆ ਹੈ, “ਲੇਕਿਨ ਜੇ ਆਪਸ ਦੇ ਸਹਿਯੋਗ ਤੇ ਸਮਾਜ ਦੀ ਭਲਾਈ ਲਈ ਤਿਆਗ ਨੂੰ ਸਭਿਅਤਾ ਦੀ ਕਸੌਟੀ ਮੰਨੀਏਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਲਿਹਾਜ਼ ਨਾਲ ਸਿਓਂਕ ਤੇ ਕੀੜੀਆਂ ਮਨੁੱਖ ਜਾਤੀ ਨਾਲੋਂ ਚੰਗੀਆਂ ਹਨ।” ਇੰਜ ਅਮੂਰਤ ਚਿੰਤਨ ਰਾਹੀਂ, ਕੁਝ ਗੱਲਾਂ ਵਿਚ ਕੁਝ ਜੀਵਾਂ ਨੂੰ ਆਦਮੀ ਨਾਲੋਂ ਉੱਤਮ ਦਸ ਕੇ ਸਤਿਆਗ੍ਰਹਿ ਲਈ ਤਰਕਹੀਣ ਸਹਿਯੋਗ ਤੇ ਤਿਆਗ ਦੀ ਗੁੰਜਾਇਸ਼ ਪੈਦਾ ਕਰ ਲਈ ਗਈ ਹੈ। ਇਸੇ ਲਿਖਤ ਵਿਚ ਜਵਾਹਰ ਲਾਲ ਨੇ ਮਹਾਨ ਸਭਿਅਤਾ ਤੇ ਵਿਗਿਆਨ ਦੇ ਚਮਤਕਾਰਾਂ ਨੂੰ ਵਿਅਰਥ ਦੀਆਂ ਫੜਾਂ ਦੱਸਿਆ ਹੈ, ਜਿਹੜਾ ਪ੍ਰਤੀਕ੍ਰਿਆਵਾਦ ਦਾ ਪਤਨ-ਮੂੰਹ ਖੜ੍ਹਾ ਦਰਸ਼ਨ ਹੈ।
ਇਸ ਸਹਿਕਦੇ ਹੋਏ ਦਰਸ਼ਨ ਨੂੰ ਬਾਰਾਂ ਸਾਲ ਬਾਅਦ 'ਹਿੰਦੁਸਤਾਨ ਕੀ ਕਹਾਣੀ' ਵਿਚ ਇੰਜ ਪੇਸ਼ ਕੀਤਾ ਗਿਆ...:
“ਜਾਂ ਫੇਰ ਸੰਭਵ ਹੈ ਕਿ ਵਿਗਿਆਨ ਦੀ ਤੱਰਕੀ ਹੀ ਨੈਤਿਕ ਸੰਜਮ ਨੂੰ ਤੋੜ ਕੇ ਸ਼ਕਤੀ ਤੇ ਵਿਨਾਸ਼ ਦੇ ਉਹਨਾਂ ਭਿਆਨਕ ਸਾਧਨਾ ਨੂੰ ਜਿਹੜੇ ਉਹਨਾਂ ਤਿਆਰ ਕੀਤੇ ਹਨ, ਬੁਰੇ ਤੇ ਸਵਾਰਥੀ ਲੋਕਾਂ ਦੇ ਹੱਥ ਵਿਚ ਸੌਂਪ ਦੇਣ, ਅਜਿਹੇ ਲੋਕਾਂ ਦੇ ਹੱਥ ਵਿਚ , ਜਿਹੜੇ ਦੂਜਿਆਂ ਉੱਤੇ ਕਬਜਾ ਕਰਨ ਦੀ ਕੋਸ਼ਿਸ਼ ਵਿਚ ਹੋਣ—ਤੇ ਇੰਜ ਖ਼ੁਦ ਆਪਣੇ ਵੱਡੇ ਕਾਰਨਾਮਿਆਂ ਦਾ ਖਾਤਮਾ ਕਰ ਦੇਣ। ਇਸ ਤਰ੍ਹਾਂ ਦੀਆਂ ਗੱਲਾਂ ਵਾਪਰਦਿਆ ਅਸੀਂ ਦੇਖ ਰਹੇ ਹਾਂ ਅੱਜ ਕੱਲ੍ਹ—ਤੇ ਇਸ ਯੁੱਧ ਪਿੱਛੇ ਹੈ, ਮਨੁੱਖ ਦੀ ਆਤਮਾ ਦਾ ਅੰਦਰੂਨੀ ਸੰਘਰਸ਼।”
ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਗਾਂਧੀ ਨੇ ਗੀਤਾ ਦਾ ਜਿਹੜਾ ਭਾਸ਼ਯ (ਸੂਤਰਾਂ ਦੀ ਵਿਆਖਿਆ, ਟੀਕਾ) ਲਿਖਿਆ ਹੈ, ਉਸ ਵਿਚ ਵੀ ਕੁਰੂਕਸ਼ੇਤਰ ਦੇ ਯੁੱਧ ਨੂੰ ਮਨੁੱਖ ਦੀ ਆਤਮਾ ਦਾ ਅੰਦਰੂਨੀ ਸੰਘਰਸ਼ ਦੱਸਿਆ ਗਿਆ ਹੈ। ਤੇ ਜਵਾਹਰ ਲਾਲ ਦੇ ਸ਼ਬਦਾਂ ਵਿਚ ਹੀ ਇਸ ਸੰਘਰਸ਼ ਦਾ ਕਾਰਣ ਇਹ ਹੈ ਕਿ 'ਮਨੁੱਖ ਵਿਚ ਜਿਸ ਤਰ੍ਹਾਂ ਕੁਛ ਗੱਲਾਂ ਦੇਵਤਿਆਂ ਵਰਗੀਆਂ ਹਨ, ਉਸੇ ਤਰ੍ਹਾਂ ਕੁਛ ਸ਼ੈਤਾਨ ਵਰਗੀਆਂ ਵੀ ਹਨ।'
ਮਤਲਬ ਇਹ ਕਿ ਸ਼ੈਤਾਨ ਯਾਨੀ ਬੁਰਾਈ ਇਸ ਵਰਗ ਵੰਡੇ ਸਮਾਜ ਵਿਚ ਨਹੀਂ ਮਨੁੱਖ ਦੇ ਆਪਣੇ ਅੰਦਰ ਹੈ, ਇਸ ਲਈ ਲੋਟੂ ਤੇ ਅਨਿਆਈ ਦੇ ਵਿਰੁੱਧ ਲੜਨ ਦੀ ਬਜਾਏ ਆਪਣੀ ਤੇ ਉਸਦੀ ਆਤਮ ਸ਼ੁੱਧੀ ਲਈ ਵਰਤ ਵਗ਼ੈਰਾ ਰੱਖੇ ਜਾਣ।
ਦਰਅਸਲ ਜਵਾਹਰ ਲਾਲ ਨੇ ਜਦੋਂ 'ਵਿਸ਼ਵ ਇਤਿਹਾਸ ਕੀ ਝਲਕ' ਲਿਖੀ ਸੀ, ਉਹ ਕਾਂਗਰਸ ਦੀ ਬੁਰਜੁਆ ਰਾਜਨੀਤੀ ਵਿਚ ਗਾਂਧੀ ਦੇ ਆਸ਼ੀਰਵਾਦ ਨਾਲ ਪਦ ਉੱਤੇ ਬਿਰਾਜਮਾਨ ਸਨ ਤੇ ਸੱਤਾ ਉਪਰ ਬਿਰਾਜਮਾਨ ਹੋਣ ਲਈ ਯਤਨ ਕਰ ਰਹੇ ਸਨ। ਇਸੇ ਯਤਨ ਵਿਚ ਉਹਨਾਂ ਨੇ ਚਰਖੇ ਤੇ ਸਤਿਆਗ੍ਰਹਿ ਦੀ ਪ੍ਰਤੀਕ੍ਰਿਆਵਾਦੀ ਨੀਤੀ ਨਾਲ ਸਮਝੌਤਾ ਕੀਤਾ ਤੇ ਸਿਰ ਦੇ ਜ਼ਖ਼ਮੀ ਹੋਣ ਜਾਣ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਕੰਡਿਆਂ ਦਾ ਤਾਜ ਲਈ ਰੱਖਿਆ। ਪਰ ਬਾਰਾਂ ਸਾਲ ਬਾਅਦ ਜਦੋਂ 'ਹਿੰਦੁਸਤਾਨ ਕੀ ਕਹਾਣੀ' ਲਿਖੀ ਤਾਂ ਸੱਤਾ ਉੱਤੇ ਬਿਰਾਜਮਾਨ ਹੋ ਚੁੱਕੇ ਸਨ ਤੇ ਸਮਾਜਵਾਦੀ ਵਿਚਾਰਾਂ ਦੇ ਪ੍ਰਚਾਰ ਰਾਹੀਂ ਏਨੀ ਲੋਕ ਪ੍ਰਸਿੱਧੀ ਪ੍ਰਾਪਤ ਕਰ ਲਈ ਸੀ ਕਿ ਹੋਰ ਨੇਤਾਵਾਂ ਦੀ ਤਾਂ ਗੱਲ ਹੀ ਛੱਡੋ ਕਿਸੇ ਵੀ ਮਾਮਲੇ ਵਿਚ ਖ਼ੁਦ ਗਾਂਧੀ ਨਾਲ ਉਲਝ ਜਾਣ ਦੀ ਤਾਕਤ ਵੀ ਉਹਨਾਂ ਵਿਚ ਪੈਦਾ ਹੋ ਗਈ ਸੀ।
ਪਰ ਇਸ ਲੋਕ ਪ੍ਰਸਿੱਧੀ ਦੀ ਕੀਮਤ ਦੇਣੀ ਵੀ ਜ਼ਰੂਰੀ ਸੀ ਤੇ ਉਹ ਜਵਾਹਰ ਲਾਲ ਨੂੰ ਇੰਜ ਦੇਣੀ ਪਈ ਕਿ ਸ਼ੁਰੂ ਸ਼ੁਰੂ ਵਿਚ ਵਿਗਿਆਨਕ ਵਿਚਾਰਧਾਰਾ ਨੂੰ ਅਧਿਭੌਤਿਕਵਾਦ ਵਿਚ ਗਡਮਡ ਕਰਦਿਆਂ ਹੋਇਆਂ, ਜਿਸ ਸੰਕੋਚ, ਦੁਚਿੱਤੀ ਤੇ ਆਤਮਕ ਪੀੜ ਦਾ ਅਹਿਸਾਸ ਹੁੰਦਾ ਸੀ ਤੇ ਜਿਸ ਵਿਚ ਗਰੀਬ ਜਨਤਾ ਨੂੰ ਧੋਖਾ ਦੇਣ ਦਾ ਅਹਿਸਾਸ ਵੀ ਸ਼ਾਮਿਲ ਹੁੰਦਾ ਸੀ, ਉਹ ਗੱਲ ਹੁਣ ਨਹੀਂ ਸੀ ਰਹੀ। ਉਹ ਦੁਹਰਾ ਚਰਿੱਤਰ ਉਹਨਾਂ ਦਾ ਸਹਿਜ ਸੁਭਾਅ ਬਣ ਚੁੱਕਿਆ ਸੀ ਤੇ ਜਵਾਹਰ ਲਾਲ ਨੇ ਇਸ ਗੱਲ ਨੂੰ ਇੰਜ ਸਵੀਕਾਰ ਕੀਤਾ ਹੈ...:
“ਮਨ ਦੀ ਉਥਲ ਪੁਥਲ ਤੇ ਪ੍ਰੇਸ਼ਾਨੀ ਘੱਟ ਹੋ ਗਈ ਹੈ, ਜਾਂ ਇੰਜ ਹੈ ਕਿ ਜ਼ਿਆਦਾ ਦੇਰ ਤੀਕ ਠਹਿਰਦੀ ਨਹੀਂ, ਹਾਲਾਂਕਿ ਕਿਤੇ ਵੱਡੇ ਪੈਮਾਨੇ ਉਪਰ ਮੇਰੇ ਉਪਰੋਂ ਮੁਸੀਬਤਾਂ ਲੰਘੀਆਂ ਹਨ। ਮੈਨੂੰ ਹੈਰਾਨੀ ਹੁੰਦੀ ਹੈ ਕਿ ਇੰਜ ਕਿਉਂ ਹੋਇਆ। ਕੀ ਇਹ ਤਿਆਗ ਦੀ ਭਾਵਨਾ ਵਧ ਜਾਣ ਦਾ ਸਬੱਬ ਹੈ, ਜਾਂ ਅਹਿਸਾਸ ਹੀ ਕਰੰਡ ਹੋ ਗਿਆ ਹੈ…!”
          (ਹਿੰਦੁਸਤਾਨ ਕੀ ਕਹਾਣੀ)

ਆਪਣੀ ਇਸ ਰਚਨਾ ਦੀ ਭੂਮਿਕਾ, ਉਹਨਾਂ ਇਹਨਾਂ ਸ਼ਬਦਾਂ ਨਾਲ ਸਮਾਪਤ ਕੀਤੀ ਹੈ...:
“ਇਹ ਮੇਰੀ ਹੈ, ਲੇਕਿਨ ਅੱਜ ਜੋ ਮੇਰੀ ਹਾਲਤ ਹੈ, ਉਸਨੂੰ ਦੇਖਦਿਆਂ ਹੋਇਆਂ ਬਿਲਕੁਲ ਮੇਰੀ ਨਹੀਂ ਹੈ, ਬਲਕਿ ਇਹ ਮੇਰੇ ਕਿਸੇ ਪੁਰਾਣੇ ਦੀ ਨੁਮਾਇੰਦਗੀ ਕਰਦੀ ਹੈ, ਜਿਹੜਾ ਉਹਨਾਂ ਵਿਅਕਤੀਤਵਾਂ ਵਿਚ ਸ਼ਾਮਿਲ ਹੋ ਚੁੱਕਿਆ ਹੈ ਜਿਹੜੇ ਕੁਛ ਵਕਤ ਕਾਇਮ ਰਹਿ ਕੇ ਮਿਟ ਗਏ ਹਨ ਤੇ ਆਪਣੀ ਮਹਿਜ਼  (ਸਿਰਫ) ਇਕ ਯਾਦ ਛੱਡ ਗਏ ਹਨ।”
ਭਾਵ ਉਹ ਜਵਾਹਰ ਲਾਲ ਜਿਹੜਾ ਵਿਗਿਆਨ ਦੀ, ਵਰਗ-ਸੰਘਰਸ਼ ਤੇ ਕਰਾਂਤੀ ਦੀ ਗੱਲ ਕਰਦਾ ਹੁੰਦਾ ਸੀ, ਉਹ ਸਮਝੌਤੇ ਦੀ ਰਾਜਨੀਤੀ ਵਿਚ ਸੱਤਾਰੂੜ ਹੋਣ ਦੇ ਯਤਨਾਂ ਵਿਚ ਇੱਥੋਂ ਤਕ ਪਹੁੰਚਦਿਆਂ-ਪਹੁੰਚਦਿਆਂ ਆਪਣੇ ਆਪ ਨੂੰ ਮਿਟਾਅ ਚੁੱਕਿਆ ਸੀ। ਨਿਸ਼ਚਿਤ ਰੂਪ ਵਿਚ ਇਹ ਅਜਿਹੇ ਨਿਰਾਸ਼ ਆਦਮੀ ਦੇ ਸ਼ਬਦ ਹਨ, ਜਿਹੜਾ ਆਪਣੀਆਂ ਸਾਰੀਆਂ ਸ਼ਕਤੀਆਂ ਸਿੱਥਲ ਹੋ ਗਈਆਂ ਮਹਿਸੂਸ ਕਰਦਾ ਹੈ।
ਇਸ ਅੰਤਰ ਨੂੰ ਸਮਝਣ ਲਈ ਦੋਵਾਂ ਪੁਸਤਕਾਂ ਵਿਚੋਂ ਕੁਝ ਹੋਰ ਉਦਾਹਰਨ ਲਏ ਜਾ ਸਕਦੇ ਹਨ। ਜਿਵੇਂ ਆਤਮਾ ਬਾਰੇ 'ਵਿਸ਼ਵ ਇਤਿਹਾਸ ਕੀ ਝਲਕ' ਦੀ ਪਹਿਲੀ ਚਿੱਠੀ ਵਿਚ ਹੀ ਲਿਖਿਆ ਹੈ...:
“ਆਤਮਾ ਕੀ ਚੀਜ ਹੈ, ਇਸਨੂੰ ਸਾਡੇ ਵਿਚੋਂ ਨਾ ਕੋਈ ਸਮਝਦਾ ਹੈ ਤੇ ਨਾ ਦੱਸ ਸਕਦਾ ਹੈ ਤੇ ਹਰੇਕ ਆਦਮੀ ਆਤਮਾ ਦਾ ਅਰਥ ਆਪਣੇ-ਆਪਣੇ ਖ਼ਿਆਲ ਮੁਤਾਬਿਕ ਅਲਗ-ਅਲਗ ਕੱਢਦਾ ਰਹਿੰਦਾ ਹੈ।”
ਪਰ 'ਹਿੰਦੁਸਤਾਨ ਕੀ ਕਹਾਣੀ' ਲਿਖਣ ਸਮੇਂ 'ਸਰੀਰ ਦੇ ਭੌਤਿਕ ਵਿਨਾਸ਼ ਬਾਅਦ ਆਤਮਾ ਦੇ ਰਹਿਣ' ਵਿਚ ਬਲਕਿ  'ਪੂਨਰ-ਜਨਮ ਦੇ ਸਿਧਾਂਤ ਵਿਚ ਵੀ ਦਲੀਲ ਜਾਪਦੀ ਹੈ।' ਤੇ ਮਜ਼ੇ ਵਾਲੀ ਗੱਲ ਇਹ ਹੈ ਕਿ ਉਹ ਮਨੁੱਖ ਦੀ ਆਤਮਾ ਦੇ ਅੰਦਰੂਨੀ-ਸੰਘਰਸ਼ ਨੂੰ ਯੁੱਧ ਦਾ ਕਾਰਣ ਸਮਝਦੇ ਹਨ। ਇਸ ਦੇ ਵਿਪਰੀਤ 'ਵਿਸ਼ਵ ਇਤਿਹਾਸ ਕੀ ਝਲਕ' ਵਿਚ 1914-18 ਦੇ ਮਹਾਯੁੱਧ ਦਾ ਬਿਆਨ ਇੰਜ ਸ਼ੁਰੂ ਕਰਦੇ ਹਨ...:
“ਮੈਂ ਇਸ ਯੁੱਧ ਦੇ ਕੁਛ ਕਾਰਣਾ ਦੀ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਹੈ : ਕਿਸ ਤਰ੍ਹਾਂ ਪੂੰਜੀਵਾਦੀ ਉਦਯੋਗ-ਪ੍ਰਧਾਨ ਦੇਸ਼ਾਂ ਦੀ ਲਾਲਚੀ ਬਿਰਤੀ ਤੇ ਸਾਮਰਾਜਵਾਦੀ ਸ਼ਕਤੀਆਂ ਦੀ ਪ੍ਰਤੀਦਵੰਦਤਾ ਟਕਰਾਈ ਤੇ ਉਸ ਦੇ ਕਾਰਣ ਸੰਘਰਸ਼ ਲਾਜ਼ਮੀ ਹੋ ਗਿਆ; ਇਹਨਾਂ ਵਿਚੋਂ ਹਰੇਕ ਦੇਸ਼ ਦੇ ਉਦਯੋਗਪਤੀ ਲਾਭ ਉਠਾਉਣ ਲਈ ਕਿਸ-ਕਿਸ ਤਰ੍ਹਾਂ ਵੱਧ ਤੋਂ ਵੱਧ ਮੌਕੇ ਤੇ ਖੇਤਰ ਚਾਹੁੰਦੇ ਸਨ; ਕਿਸ ਤਰ੍ਹਾਂ ਸਾਹੂਕਾਰ ਲੋਕ ਖ਼ੂਬ ਰੁਪਿਆ ਕਮਾਉਣ ਦੀ ਧੁਨ ਵਿਚ ਸਨ; ਕਿਸ ਤਰ੍ਹਾਂ ਯੁੱਧ ਸਾਮਗਰੀ ਬਣਾਉਣ ਵਾਲੇ ਲੰਮੇ ਚੌੜੇ ਮੁਨਾਫੇ ਕਮਾਉਣਾ ਚਾਹੁੰਦੇ ਸਨ। ਬਸ, ਇਹ ਲੋਕ ਯੁੱਧ ਵਿਚ ਕੁੱਦ ਪਏ...”
ਸਾਮੰਤਵਾਦ ਤੇ ਪੂੰਜੀਵਾਦ ਵਿਚ ਵਿਚਾਰ-ਧਾਰਾ ਦਾ ਜਿਹੜਾ ਸੰਘਰਸ਼ ਸੀ, ਉਸਦਾ ਉਲੇਖ ਕਰਦਿਆਂ ਹੋਇਆਂ ਲਿਖਿਆ ਹੈ...:
“ਹੋਰਾਂ ਦੇਸ਼ਾਂ ਵਾਂਗ ਯੂਰੋਪ ਵਿਚ ਵੀ ਤੇ ਹੋਰ ਧਰਮਾਂ ਵਾਂਗ ਈਸਾਈ ਧਰਮ ਵਿਚ ਵੀ ਪੁਰਾਣੀ ਧਾਰਨਾਂ ਇਹ ਸੀ ਕਿ ਪਾਪ ਤੇ ਦੁੱਖ ਸਾਰੇ ਮਨੁੱਖਾਂ ਨੂੰ ਲਾਜ਼ਮੀ ਤੌਰ 'ਤੇ ਭੋਗਣੇ ਪੈਂਦੇ ਹਨ। ਧਰਮ ਨੇ ਜਿਵੇਂ ਇਸ ਸੰਸਾਰ ਵਿਚ ਦਲਿੱਦਰਤਾ ਤੇ ਮੁਸੀਬਤਾਂ ਨੂੰ ਇਕ ਸਥਾਈ ਤੇ ਇੱਥੋਂ ਤਕ ਇਕ ਉੱਚਾ ਆਸਨ ਦੇ ਦਿੱਤਾ ਸੀ। ਧਰਮ ਦੇ ਲਾਲਚ ਤੇ ਇਨਾਮ ਸਾਰੇ ਕਿਸੇ ਪ੍ਰਲੋਕ ਲਈ ਸਨ; ਇੱਥੇ ਤਾਂ ਸਾਨੂੰ ਇਹੀ ਉਪਦੇਸ਼ ਦਿੱਤਾ ਜਾਂਦਾ ਸੀ ਕਿ ਸਬਰ ਸੰਤੋਖ ਨਾਲ ਆਪਣੇ ਕਰਮਾਂ ਦੇ ਭੋਗ ਭੋਗਦੇ ਰਹੀਏ ਤੇ ਕਿਸੇ ਮੌਲਿਕ ਪ੍ਰੀਵਰਤਨ ਦੇ ਪਿੱਛੇ ਨਾ ਪਈਏ। ਦਾਨ-ਪੁੰਨ ਯਾਨੀ ਗਰੀਬਾਂ ਨੂੰ ਟੁਕੜਾ ਸੁੱਟਣ ਦੀ ਪ੍ਰਵਿਰਤੀ ਨੂੰ ਉਤਸਾਹਿਤ ਕੀਤਾ ਜਾਂਦਾ ਸੀ। ਮਗਰ ਗਰੀਬ ਜਾਂ ਗਰੀਬੀ ਪੈਦਾ ਕਰਨ ਵਾਲੀ ਪ੍ਰਣਾਲੀ ਦਾ ਨਾਸ਼ ਕਰਨ ਦੀ ਕੋਈ ਕਲਪਣਾ (ਸੋਚ) ਨਹੀਂ ਸੀ। ਆਜ਼ਾਦੀ ਤੇ ਸਮਾਨਤਾ ਦੇ ਵਿਚਾਰ ਹੀ ਚਰਚ ਤੇ ਸਮਾਜ ਦੇ ਅਧਿਕਾਰਵਾਦੀ ਦ੍ਰਿਸ਼ਟੀਕੋਣ ਦੇ ਵਿਰੋਧੀ ਸਨ।”      
          (ਵਿਸ਼ਵ ਇਤਿਹਾਸ ਕੀ ਝਲਕ)

ਤੇ ਬਾਰਾਂ ਵਰ੍ਹਿਆਂ ਪਿੱਛੋਂ ਇਸੇ ਵਿਸ਼ੇ ਦਾ ਉਲੇਖ ਇੰਜ ਕੀਤਾ ਹੈ...:
“ਧਰਮ ਸ਼ਬਦ ਦਾ ਵਿਆਪਕ ਅਰਥ ਲੈਂਦਿਆਂ ਹੋਇਆਂ ਅਸੀਂ ਦੇਖਾਂਗੇ ਕਿ ਇਸ ਦਾ ਸੰਬੰਧ ਮਨੁੱਖ ਦੇ ਉਹਨਾਂ ਅਨੁਭਵਾਂ ਤੇ ਉਹਨਾਂ ਧਾਰਨਾਵਾਂ ਨਾਲ ਹੈ, ਜਿਹਨਾਂ ਨੂੰ ਠੀਕ-ਠੀਕ ਮਾਪਿਆ ਨਹੀਂ ਜਾ ਸਕਿਆ ਹੈ, ਯਾਨੀ ਜਿਹੜੇ ਵਿਗਿਆਨ ਦੀ ਨਿਸ਼ਚਿਤ ਜਾਣਕਾਰੀ ਦੀ ਹੱਦ ਵਿਚ ਨਹੀਂ ਆਏ।...ਸ਼ਾਇਦ ਵਿਗਿਆਨ ਦੇ ਸਾਧਾਰਨ ਤਰੀਕੇ ਤੇ ਇਹ ਗੱਲ ਕਿ ਉਸਦਾ ਸੰਬੰਧ ਦ੍ਰਿਸ਼-ਜਗਤ ਤੇ ਉਸਦੀਆਂ ਕ੍ਰਿਆਵਾਂ ਨਾਲ ਹੈ, ਉਸਨੂੰ ਉਹਨਾਂ ਗੱਲਾਂ ਵਿਚ ਪੂਰੀ ਤਰ੍ਹਾਂ ਕਾਰਗਰ ਨਾ ਹੋਣ ਦੇਣ, ਜਿਹੜੀਆਂ ਆਤਮਿਕ, ਕਲਾਤਮਿਕ, ਅਧਿਆਤਮਿਕ ਅਦ੍ਰਿਸ਼ ਜਗਤ ਨਾਲ ਸੰਬੰਧ ਰੱਖਣ ਵਾਲੀਆਂ ਹਨ। ਜਿਹੜੀਆਂ ਅਸੀਂ ਦੇਖਦੇ, ਸੁਣਦੇ ਤੇ ਅਨੁਭਵ ਕਰਦੇ ਹਾਂ, ਯਾਨੀ ਦਿਖਾਈ ਦੇਣ ਵਾਲੀਆਂ ਤੇ ਸਮੇਂ ਤੇ ਬ੍ਰਹਾਮੰਡ ਦੇ ਵਿਚਾਲੇ ਪ੍ਰੀਵਰਤਨਸ਼ੀਲ ਦੁਨੀਆਂ ਤਕ ਹੀ ਜ਼ਿੰਦਗੀ ਸੀਮਿਤ ਨਹੀਂ ਹੈ। ਇਹ ਲਗਾਤਾਰ ਛੂਹ ਰਹੀ ਹੈ ਕਿਸੇ ਇਕ ਅਨੋਖੀ ਦੁਨੀਆਂ ਨੂੰ, ਜਿਸ ਵਿਚ ਦੂਜੇ ਸੰਭਾਵੀ ਵਧੇਰੇ ਟਿਕਾਊ ਜਾਂ ਓਨੇ ਹੀ ਪ੍ਰੀਵਰਤਨਸ਼ੀਲ ਤੱਤ ਹਨ ਤੇ ਕੋਈ ਵਿਚਾਰਵਾਨ ਆਦਮੀ ਇਸ ਅਣਦੇਖੀ ਦੁਨੀਆਂ ਤੋਂ ਇਨਕਾਰ ਨਹੀਂ ਕਰ ਸਕਦਾ।” (ਹਿੰਦੁਸਤਾਨ ਕੀ ਕਹਾਣੀ)
ਧਰਮ ਦੀ ਇਹ ਵਿਆਖਿਆ ਤੇ ਅਣਦੇਖੀ ਦੁਨੀਆਂ ਦੀ ਸਰਿਸ਼ਟੀ ਨਿਸ਼ਚਿਤ ਰੂਪ ਵਿਚ ਅੰਧਵਿਸ਼ਵਾਸ ਫੈਲਾਉਣ ਵਾਲਾ ਪ੍ਰਤੀਕ੍ਰਿਆਵਾਦੀ ਦਰਸ਼ਨ ਹੈ। ਕਾਰਣ ਇਹ ਸੀ ਜਵਾਹਰ ਲਾਲ ਦਾ ਯਥਾਸਥਿਤੀ (ਵਰਤਮਾਨ ਹਾਲਾਤ) ਨਾਲ ਪੂਰਾ ਸਮਝੌਤਾ ਹੋ ਚੁੱਕਿਆ ਸੀ ਤੇ ਬਾਰਾਂ ਸਾਲ ਪਹਿਲਾਂ ਆਪਣੇ ਆਪ ਨੂੰ ਸੱਤਾਰੂੜ ਕਰਨ ਲਈ ਉਹਨਾਂ ਨੂੰ ਜਿਹੜੇ ਕਰਾਂਤੀਕਾਰੀ ਤੇ ਪ੍ਰਗਤੀਸ਼ੀਲ ਵਿਚਾਰਾਂ ਦਾ ਦਿਖਾਵਾ ਕਰਨਾ ਪਿਆ ਸੀ, ਉਹਨਾਂ ਦੀ ਹੁਣ ਲੋੜ ਨਹੀਂ ਸੀ ਰਹੀ। ਇਸ ਲਈ ਉਹਨਾਂ ਦੇ ਚਿੰਤਨ ਵਿਚ ਜਿਹੜਾ ਪ੍ਰਤੀਕ੍ਰਿਆਵਾਦੀ ਤੱਤ ਸੀ ਉਸਦੀ ਮਾਤਰਾ ਘੱਟ ਹੋਣ ਦੀ ਬਜਾਏ ਹੋਰ ਵਧ ਗਈ ਸੀ। 'ਵਿਸ਼ਵ ਇਤਿਹਾਸ ਕੀ ਝਲਕ' ਲਿਖਣ ਸਮੇਂ ਵਰਣ-ਵਿਵਸਥਾ ਤੇ ਜਾਤ-ਪਾਤ ਬਾਰੇ ਉਹਨਾਂ ਦੇ ਵਿਚਾਰ ਸਨ...:
“ਅਜ ਦੇ ਸਮਾਜ ਦੇ ਸੰਦਰਭ ਵਿਚ ਜਾਤੀ ਪ੍ਰਥਾ ਤੇ ਉਸਦੇ ਨਾਲ ਦੀਆਂ ਸਾਰੀਆਂ ਹੋਰ ਚੀਜਾਂ ਪਿੱਛੜੀਆਂ, ਪ੍ਰਤੀਕ੍ਰਿਆਵਾਦੀ, ਬੰਨ੍ਹਣ-ਵੱਝੀਆਂ ਤੇ ਪ੍ਰਗਤੀ ਦੇ ਮਾਰਗ ਵਿਚ ਅੜਿੱਕਾ ਪਾਉਣ ਵਾਲੀਆਂ ਹਨ। ਉਹਨਾਂ ਦੇ ਹੁੰਦਿਆਂ ਸਥਿਤੀ ਤੇ ਮੌਕਿਆਂ ਵਿਚ ਸਮਾਨਤਾ ਨਹੀਂ ਹੋ ਸਕਦੀ, ਨਾ ਤਾਂ ਉਹਨਾਂ ਦੇ ਹੁੰਦਿਆਂ ਰਾਜਨੀਤਕ ਤੇ ਨਾ ਹੀ ਆਰਥਿਕ ਜਨਤੰਤਰ ਹੋ ਸਕਦਾ ਹੈ, ਦੋ ਮਾਨਤਾਵਾਂ ਵਿਚ ਟਕਰਾਅ ਲਾਜ਼ਮੀ ਹੈ ਤੇ ਉਸ ਟਕਰਾਅ ਵਿਚ ਉਹਨਾਂ ਵਿਚੋਂ ਇਕ ਹੀ ਬਚ ਸਕੇਗੀ।”
ਤੇ 'ਹਿੰਦੁਸਤਾਨ ਕੀ ਕਹਾਣੀ' ਲਿਖਣ ਸਮੇਂ ਇਸੇ ਵਰਣ-ਵਿਵਸਥਾ ਬਾਰੇ ਉਹਨਾਂ ਦਾ ਰੁਖ਼ ਇਹ ਸੀ...:
“'ਵਰਣ' ਜਾਂ 'ਜਾਤੀ' ਸ਼ਬਦ ਦੇ ਇਸਤੇਮਾਲ ਨਾਲ ਕੁਛ ਗਲਤ ਫਹਿਮੀ ਹੁੰਦੀ ਹੈ, ਕਿਉਂਕਿ ਅਲਗ-ਅਲਗ ਲੋਕ ਇਸ ਦੇ ਅਲਗ-ਅਲਗ ਅਰਥ ਕੱਢਦੇ ਹਨ। ਸਾਧਾਰਨ ਯੂਰੋਪੀਅਨ ਜਾਂ ਉਸ ਵਰਗੇ ਵਿਚਾਰਾਂ ਵਾਲਾ ਹਿੰਦੁਸਤਾਨੀ ਇਹ ਸਮਝਦਾ ਹੈ ਕਿ ਇਹ ਸਿਰਫ ਵਰਣਾ ਨੂੰ ਪੱਥਰ ਵਾਂਗ ਮਜ਼ਬੂਤ ਕਰਕੇ ਅਲਗ-ਅਲਗ ਕਰ ਦੇਣਾ ਹੈ ਤੇ ਇਹ ਸਿਰਫ ਇਸ ਗੱਲ ਦੀ ਤਰਕੀਬ ਹੈ ਕਿ ਵਰਣ ਭੇਦ ਬਣਿਆ ਰਹੇ, ਉੱਚੇ ਵਰਣ ਦੇ ਲੋਕ ਸਦਾ-ਸਦਾ ਲਈ ਟੀਸੀ ਉਪਰ ਬੈਠੇ ਰਹਿਣ ਤੇ ਹੇਠਲੇ ਵਰਣ ਦੇ ਲੋਕ ਸਦਾ-ਸਦਾ ਲਈ ਹੇਠਾਂ ਰਹਿਣ। ਇਸ ਵਿਚਾਰ ਵਿਚ ਸੱਚਾਈ ਹੈ...ਲੇਕਿਨ ਸੱਚਾਈ ਦਾ ਇਹ ਸਿਰਫ ਇਕ ਪਾਸ ਹੈ ਤੇ ਇਸ ਹਾਲਤ ਵਿਚ ਇਹ ਨਹੀਂ ਪਤਾ ਲੱਗਦਾ ਕਿ ਆਖ਼ਰ ਇਸ ਵਿਵਸਥਾ ਵਿਚ ਏਨੀ ਸ਼ਕਤੀ ਤੇ ਮਜ਼ਬੂਤੀ ਕਿਉਂ ਰਹੀ ਕਿ ਇਹ ਅਜ ਤਕ ਚੱਲ ਰਹੀ ਹੈ। ਉਸਨੇ ਬੌਧ-ਧਰਮ ਦੀ ਟੱਕਰ ਨੂੰ ਝੱਲ ਲਿਆ ਤੇ ਅਫ਼ਗਾਨ ਤੇ ਮੁਗ਼ਲ ਰਾਜ ਤੇ ਇਸਲਾਮ ਦੇ ਪ੍ਰਚਾਰ ਦੀਆਂ ਕਈ ਸਦੀਆਂ ਹੀ ਨਹੀਂ ਦੇਖੀਆਂ, ਬਲਕਿ ਅਣਗਿਣਤ ਹਿੰਦੂ ਸੁਧਾਰਕਾਂ ਦੇ, ਜਿਹਨਾਂ ਨੇ ਇਸ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ, ਵਾਰ ਸਹੇ ਤੇ ਇਹ ਤਾਂ ਸਿਰਫ ਅਜ ਕੱਲ੍ਹ ਹੀ ਇਵੇਂ ਹੋਇਆ ਹੈ ਕਿ ਉਸਦੀ ਬੁਨਿਆਦ ਉੱਤੇ ਹੀ ਹਮਲਾ ਹੋ ਰਿਹਾ ਹੈ ਤੇ ਉਸ ਦਾ ਵਜੂਦ ਹੀ ਖਤਰੇ ਵਿਚ ਹੈ।”...ਜ਼ਿੰਦਗੀ ਦੇ ਹਾਲਾਤ ਵਿਚ ਤਬਦੀਲੀ ਆ ਗਈ ਹੈ, “ਵਿਚਾਰ ਦੇ ਢੰਗ ਬਦਲ ਗਏ ਹਨ, ਇੱਥੋਂ ਤਕ ਕਿ ਹੁਣ ਅਸੰਭਵ ਜਾਪਦਾ ਹੈ ਕਿ ਵਰਣ-ਵਿਵਸਥਾ ਕਾਇਮ ਰਹਿ ਸਕੇਗੀ।” ਪਰ “ਉਸਦੀ ਜਗ੍ਹਾ ਕਿਹੜੀ ਚੀਜ ਲਏਗੀ, ਇਹ ਮੈਂ ਨਹੀਂ ਕਹਿ ਸਕਦਾ ਕਿਉਂਕਿ ਸਿਰਫ ਵਰਣ-ਵਿਵਸਥਾ ਹੀ ਖਤਰੇ ਵਿਚ ਨਹੀਂ ਹੈ। ਸੰਘਰਸ਼ ਹੈ, ਸਾਮਾਜਿਕ ਸੰਗਠਨ ਦੇ ਮਸਲੇ ਉਪਰ ਦੋ ਜੁਦਾ-ਜੁਦਾ ਨਜ਼ਰੀਆਂ ਦਾ। ਇਕ ਪਾਸੇ ਪੁਰਾਣਾ ਹਿੰਦੂ ਵਿਚਾਰ ਕਿ ਵਰਣ ਜਾਂ ਗਿਰੋਹ ਸੰਗਠਨ ਦੀ ਬੁਨਿਆਦੀ ਇਕਾਈ ਹੈ; ਦੂਜੇ ਪਾਸੇ ਪੱਛਮ ਦਾ ਵਿਚਾਰ ਹੈ, ਜਿਹੜਾ ਬਹੁਤਾ ਵਿਆਕਤੀਵਾਦ ਉੱਤੇ ਜ਼ੋਰ ਦਿੰਦਾ ਹੈ, ਜਿਹੜਾ ਵਿਆਕਤੀ ਨੂੰ ਵਰਣ ਤੋਂ ਉਪਰ ਰੱਖਦਾ ਹੈ।”
ਘੁਮਾਅ ਫਿਰਾਅ ਦੇ ਖੂਬਸੂਰਤ ਢੰਗ ਨਾਲ ਵਰਣ-ਵਿਵਸਥਾ ਦੀ ਵਾਕਲਤ ਕੀਤੀ ਗਈ ਹੈ। ਤੇ ਇਸ ਦੇ ਲਈ ਹਿੰਦੂ ਸਮਨਵਯਵਾਦ ਤੇ ਪੱਛਮ ਦੇ ਵਿਅਕਤੀਵਾਦ ਦੀ ਵਿਚਾਰਧਾਰਾ ਦੇ ਸੰਘਰਸ਼ ਦਾ ਅਵਿਗਿਆਨਕ ਤੇ ਪ੍ਰਤੀਕ੍ਰਿਆਵਾਦ ਦਾ ਬੋਦਾ ਤਰਕ ਪੇਸ਼ ਕੀਤਾ ਗਿਆ ਹੈ।
ਜਵਾਹਰ ਲਾਲ ਜਿੱਥੇ ਕਰਾਂਤੀ ਦੀ ਗੱਲ ਨੂੰ ਘੁਮਾਅ ਫਿਰਾਅ ਕੇ ਟਾਲਦੇ ਹਨ, ਉੱਥੇ ਸੁਧਾਰਵਾਦ ਦੀ ਗੱਲ ਵੀ ਬੜੇ ਸਿੱਧੇ ਢੰਗ ਨਾਲ ਤੇ ਉਤਸਾਹ ਨਾਲ ਬਿਆਨ ਕਰਦੇ ਹਨ...:
“ਇਸ ਵਿਚ ਮੈਨੂੰ ਜ਼ਰਾ ਵੀ ਸ਼ੱਕ ਨਹੀਂ ਕਿ ਸਦੀਆਂ ਤੋਂ ਹਿੰਦੁਸਤਾਨ ਦੇ ਪਤਨ ਦੇ ਕਾਰਣਾ ਵਿਚ ਇਕ ਖਾਸ ਕਾਰਣ ਔਰਤਾਂ ਨੂੰ ਪਰਦੇ ਵਿਚ ਰੱਖਣ ਦਾ ਰਿਵਾਜ਼ ਹੈ। ਮੈਨੂੰ ਇਸ ਦਾ ਸਭ ਤੋਂ ਵਧ ਯਕੀਨ ਹੈ ਕਿ ਇਸ ਵਾਹਿਯਾਤ ਰਿਵਾਜ਼ ਦਾ ਪੂਰੀ ਤਰ੍ਹਾਂ ਖਤਮਾ ਹੋਣਾ ਸਾਡੀ ਸਮਾਜੀ ਜ਼ਿੰਦਗੀ ਦੀ ਤੱਰਕੀ ਲਈ ਲਾਜ਼ਮੀ ਹੈ। ਔਰਤ ਨੂੰ ਇਸ ਦਾ ਨੁਕਸਾਨ ਹੁੰਦਾ ਹੈ ਇਹ ਸਪਸ਼ਟ ਜਿਹੀ ਗੱਲ ਹੈ, ਲੇਕਿਨ ਜਿਹੜਾ ਨੁਕਸਾਨ ਮਰਦ ਨੂੰ ਹੁੰਦਾ ਹੈ, ਜਿਹੜਾ ਵਧ ਫੁੱਲ ਰਹੇ ਬੱਚੇ ਨੂੰ ਹੁੰਦਾ ਹੈ, ਜਿਸਨੂੰ ਆਪਣਾ ਬਹੁਤਾ ਸਮਾਂ ਔਰਤਾਂ ਨਾਲ ਪਰਦੇ ਵਿਚ ਬਿਤਾਉਣਾ ਪੈਂਦਾ ਹੈ, ਉਹ ਘੱਟ ਵੱਡਾ ਨਹੀਂ ਹੁੰਦਾ। ਖੁਸ਼ਕਿਸਮਤੀ ਨਾਲ ਇਹ ਰਿਵਾਜ਼ ਹਿੰਦੂਆਂ ਵਿਚ ਬੜੀ ਤੇਜੀ ਨਾਲ ਘਟ ਰਿਹਾ ਹੈ ਤੇ ਮੁਸਲਮਾਨਾਂ ਵਿਚ ਕੁਛ ਧੀਮੀ ਰਿਫ਼ਤਾਰ ਨਾਲ। ਪਰਦੇ ਦੇ ਚੁੱਕੇ ਜਾਣ ਵਿਚ ਸਭ ਤੋਂ ਵੱਡਾ ਹੱਥ ਕਾਂਗਰਸ ਦੇ ਸਿਆਸੀ ਤੇ ਸਮਾਜੀ ਘੋਲਾਂ ਦਾ ਹੈ, ਜਿਹਨਾਂ ਨੇ ਮੱਧ ਵਰਗ ਦੀਆਂ ਸੈਂਕੜੇ, ਹਜ਼ਾਰਾਂ ਔਰਤਾਂ ਨੂੰ ਆਪਣੇ ਵਲ ਖਿੱਚਿਆ ਹੈ ਤੇ ਜਿਹੜੀਆਂ ਕਿਸੇ ਨਾ ਕਿਸੇ ਜਨਤਕ ਧੰਦੇ ਨਾਲ ਜੁੜੀਆਂ ਹਨ। ਗਾਂਧੀਜੀ ਪਰਦੇ ਦੇ ਰਿਵਾਜ਼ ਦੇ ਕੱਟੜ ਵਿਰੋਧੀ ਰਹੇ ਹਨ ਤੇ ਹੁਣ ਵੀ ਹਨ ਤੇ ਉਹਨਾਂ ਉਸਨੂੰ 'ਦੋਖੀ ਤੇ ਬੱਬਰ ਰਿਵਾਜ਼' ਦੱਸਿਆ ਹੈ, ਜਿਸਨੇ ਔਰਤਾਂ ਨੂੰ ਤੱਰਕੀ ਦੇ ਰਾਹ ਤੋਂ ਵਾਂਝਿਆਂ ਰੱਖਿਆ ਹੈ।”
         (ਹਿੰਦੁਸਤਾਨ ਕੀ ਕਹਾਣੀ)

ਜਦੋਂ 'ਮੇਰੀ ਕਹਾਣੀ' ਤੇ 'ਵਿਸ਼ਵ ਇਤਿਹਾਸ ਕੀ ਝਲਕ' ਲਿਖੀ ਉਦੋਂ ਸਾਡੀ ਰਾਜਨੀਤੀ ਵਿਚ ਸਮਾਜਵਾਦੀ ਵਿਚਾਰਾਂ ਦਾ ਪ੍ਰਭਾਵ ਵਧ ਰਿਹਾ ਸੀ ਤੇ ਜਵਾਹਰ ਲਾਲ ਨੇ ਆਪਣੇ ਆਪ ਨੂੰ ਸਮਾਜਵਾਦੀ ਤੇ ਕਰਾਂਤੀਕਾਰੀ ਸਿੱਧ ਕਰਨਾ ਸੀ, ਇਸ ਲਈ ਇਹਨਾਂ ਦੋਵਾਂ ਕਿਤਾਬਾਂ ਵਿਚ ਬੁਰਜੁਆ ਸੰਸਦਵਾਦ ਤੇ ਚੋਣ ਦੀ ਰਾਜਨੀਤੀ ਦੀ ਵੀ ਅਲੋਚਨਾ ਮਿਲੇਗੀ। ਜਿਵੇਂ 'ਵਿਸ਼ਵ ਇਤਿਹਾਸ ਕੀ ਝਲਕ' ਵਿਚ ਲਿਖਿਆ ਹੈ...:
“ਵੋਟ ਦੇਣ ਦਾ ਅਧਿਕਾਰ ਰਾਜਨੀਤਕ ਸੱਤਾ ਦਾ ਪ੍ਰਤੀਕ ਹੈ, ਤੇ ਇਹ ਮੰਨ ਲਿਆ ਗਿਆ ਹੈ ਕਿ ਜੇ ਹਰ ਆਦਮੀ ਨੂੰ ਇਹ ਅਧਿਕਾਰ ਹੋਏ, ਤਾਂ ਉਸਨੂੰ ਰਾਜਨੀਤਕ ਸੱਤਾ ਵਿਚ ਬਰਾਬਰ ਦਾ ਹਿੱਸਾ ਮਿਲ ਜਾਏਗਾ। ਇਸ ਲਈ ਸਾਰੀ ਉਨੀਵੀਂ ਸਦੀ ਵਿਚ ਲੋਕਤੰਤਰਵਾਦ ਦੀ ਮੁੱਖ ਮੰਗ ਇਹ ਸੀ ਕਿ ਵੋਟ ਪਾਉਣ ਦਾ ਅਧਿਕਾਰ ਵਧਾਇਆ ਜਾਏ।...
ਪਰ ਵਚਿੱਤਰ ਗੱਲ ਇਹ ਹੋਈ ਕਿ ਜਦੋਂ ਵਧੇਰੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ, ਉਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਹਾਲਤ ਵਿਚ ਕੋਈ ਵੱਡਾ ਅੰਦਰ ਨਹੀਂ ਆਇਆ। ਵੋਟ ਦਾ ਅਧਿਕਾਰ ਮਿਲ ਜਾਣ ਪਿੱਛੋਂ ਵੀ ਜਾਂ ਤਾਂ ਉਹਨਾਂ ਨੂੰ ਜ਼ਰਾ ਵੀ ਸੱਤਾ ਨਹੀਂ ਮਿਲੀ ਜਾਂ ਥੋੜ੍ਹੀ ਬਹੁਤੀ ਮਿਲੀ। ਭੁੱਖੇ ਆਦਮੀ ਲਈ ਵੋਟ ਦਾ ਅਧਿਕਾਰ ਕਿਸ ਕੰਮ ਦਾ? ਅਸਲੀ ਸੱਤਾ ਤਾਂ ਉਹਨਾਂ ਲੋਕਾਂ ਦੇ ਹੱਥ ਵਿਚ ਰਹੀ, ਜਿਹੜੇ ਉਹਦੀ ਭੁੱਖ ਦਾ ਲਾਭ ਉਠਾਅ ਸਕਦੇ ਸਨ ਤੇ ਉਸ ਤੋਂ ਮਜ਼ਦੂਰੀ ਕਰਵਾ ਕੇ ਆਪਣੇ ਫਾਇਦੇ ਦਾ ਕੋਈ ਮਨਚਾਹਿਆ ਕੰਮ ਕਰਵਾ ਲੈਂਦੇ ਸਨ। ਵੋਟ ਦੇ ਅਧਿਕਾਰ ਨਾਲ ਜਿਸ ਰਾਜਨੀਤਕ ਸੱਤਾ ਦੇ ਮਿਲਣ ਦਾ ਖ਼ਿਆਲ ਸੀ, ਉਹ ਆਰਥਿਕ ਸੱਤਾ ਰਹਿਤ ਬਿਨਾਂ ਅਸਲੀਅਤ ਵਾਲਾ ਪ੍ਰਛਾਵਾਂ ਸਿੱਧ ਹੋਇਆ ਤੇ ਮੁੱਢਲੇ ਲੋਕਤੰਤਰਵਾਦੀਆਂ ਦੇ ਉਹ ਰੌਣਕਦਾਰ ਸੁਪਨੇ ਕਿ ਵੋਟ ਦਾ ਅਧਿਕਾਰ ਮਿਲਦਿਆਂ ਹੀ ਸਮਾਨਤਾ ਆ ਜਾਏਗੀ, ਨਿਰਅਰਥ ਹੋ ਗਏ।”
ਪਰ ਬਾਰ੍ਹਾਂ ਵਰ੍ਹਿਆਂ ਬਾਅਦ ਜਦੋਂ 'ਹਿੰਦੁਸਤਾਨ ਕੀ ਕਹਾਣੀ' ਲਿਖੀ ਤਾਂ ਪ੍ਰਸਥਿਤੀਆਂ ਬਦਲ ਚੁੱਕੀਆਂ ਸਨ। 1937 ਦੀ ਚੋਣ ਜਿੱਤ ਕੇ ਕਾਂਗਰਸ ਨੇ ਦੋ ਢਾਈ ਸਾਲ ਅੱਠ ਨੌਂ ਸੁਬਿਆਂ ਉੱਤੇ ਰਾਜ ਕੀਤਾ ਸੀ ਤੇ 1945 ਵਿਚ ਜਦੋਂ ਜਵਾਹਰ ਲਾਲ ਨਹਿਰੂ ਦੂਜੇ ਕਾਂਗਰਸੀ ਨੇਤਾਵਾਂ ਨਾਲ ਅਹਿਮਦਨਗਰ ਕਿਲੇ ਵਿਚ ਨਜ਼ਰਬੰਦ ਸਨ ਤਾਂ ਅਧਿਕਾਰਾਂ ਦੀ ਬੜੀ ਵੱਡੀ ਕਿਸ਼ਤ ਯਾਨੀ ਔਪਨਿਵੇਸ਼ਕ-ਪਦ ਮਿਲ ਜਾਣ ਦੀ ਉਮੀਦ ਵੱਝ ਚੁੱਕੀ ਸੀ। ਇਸ ਲਈ 'ਆਮ ਚੁਣਾਵ' ਵਿਸ਼ੇ ਅਧੀਨ ਲਿਖਿਆ ਹੈ ਕਿ 'ਜਨ-ਸੱਤਾ ਜਾਂ ਜਮਹੂਰੀ ਹਕੂਮਤ ਲਈ ਚੋਣਾ ਜ਼ਰੂਰੀ ਜਾਂ ਲਾਜ਼ਮੀ ਹੁੰਦੀਆਂ ਹਨ।' ਚੋਣ ਦੀ ਰਾਜਨੀਤੀ ਵਿਚ ਕੁਝ ਬੁਰਾਈਆਂ ਜ਼ਰੂਰ ਹਨ; ਪਰ...:
“ਚੋਣਾ ਦੀਆਂ ਇਹ ਬੁਰਾਈਆਂ ਖਾਸ ਤੌਰ 'ਤੇ ਉੱਥੇ ਵੱਧ ਫੈਲਦੀਆਂ ਹਨ ਜਿੱਥੇ ਚੋਣ ਕਰਤਾਵਾਂ ਦੀ ਗਿਣਤੀ ਬੜੀ ਘੱਟ ਹੁੰਦੀ ਹੈ। ਜੇ ਇਹ ਗਿਣਤੀ ਵੱਡੀ ਹੋਏ ਤਾਂ ਇਹਨਾਂ ਵਿਚੋਂ ਬਹੁਤ ਸਾਰੀਆਂ ਬੁਰਾਈਆਂ ਦੂਰ ਹੋ ਜਾਂਦੀਆਂ ਹਨ ਜਾਂ ਘੱਟੋਘਟ—ਏਨੀਆਂ ਜ਼ਾਹਿਰ ਨਹੀਂ ਹੁੰਦੀਆਂ।” ਇਸੇ ਲਈ “ਮੇਰਾ ਯਕੀਨ ਹੈ ਕਿ ਸਾਰੇ ਬਾਲਿਗਾਂ ਨੂੰ, ਉਹ ਮਰਦ ਹੋਣ ਜਾਂ ਔਰਤਾਂ, ਚੁਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਤੇ ਭਾਵੇਂ ਮੈਂ ਸਮਝਦਾ ਹਾਂ ਇਸ ਰਸਤੇ ਵਿਚ ਦਿੱਕਤਾਂ ਹਨ, ਫੇਰ ਵੀ ਮੈਨੂੰ ਯਕੀਨ ਹੈ ਕਿ ਜੇ ਇਸ ਦੇ ਖ਼ਿਲਾਫ਼ ਹਿੰਦੁਸਤਾਨ ਵਿਚ ਕੋਈ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਤਾਂ ਉਸ ਵਿਚ ਜ਼ਿਆਦਾ ਦਮ ਨਹੀਂ ਤੇ ਇਸ ਦੇ ਪਿੱਛੇ ਉਹਨਾਂ ਲੋਕਾਂ ਦਾ ਡਰ ਹੈ, ਜਿਹਨਾਂ ਨੂੰ ਇਹ ਖਾਸ ਹੱਕ ਹਾਸਿਲ ਹੈ।”
ਮਤਲਬ ਇਹ ਕਿ ਹਿੰਦੁਸਤਾਨ ਵਿਚ, ਕਿਉਂਕਿ ਵੋਟਰ ਸਮੂਹ ਵੱਡਾ ਹੈ, ਇਸ ਲਈ ਹਰੇਕ ਆਦਮੀ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਦਿਆਂ ਹੀ ਇੱਥੇ ਭੁੱਖ ਤੇ ਗਰੀਬੀ ਦਾ ਮਸਲਾ ਹੱਲ ਹੋ ਜਾਏਗਾ ਤੇ ਸ਼ੋਸ਼ਕ ਵਰਗ ਦੇ ਖਾਸ ਅਧਿਕਾਰ ਖ਼ਤਮ ਹੋ ਜਾਣਗੇ। ਇਹ ਸਾਡੀ ਮਿਹਨਤਕਸ਼ ਜਨਤਾ ਨੂੰ ਬੁਰਜੁਆ ਸੰਸਦਵਾਦ—ਚੋਣਾ ਦੇ ਰਾਜਨੀਤਕ ਧੰਦੇ ਵਿਚ ਲਾਉਣ ਦੀ ਸੋਚੀ-ਸਮਝੀ ਚਾਲ ਸੀ, ਕਿਉਂਕਿ ਯੁੱਧ ਪਿੱਛੋਂ 'ਜਨ-ਸੱਤਾ ਵਾਲੀ' ਹਕੂਮਤ ਮਿਲ ਜਾਣ ਦਾ ਜਿਹੜਾ ਵਿਸ਼ਵਾਸ ਪੈਦਾ ਹੋ ਗਿਆ ਸੀ, ਉਸਨੂੰ ਜਵਾਹਰ ਲਾਲ ਨੇ ਇਸੇ ਕਿਤਾਬ ਦੇ 'ਤਲਾਸ਼' ਵਿਸ਼ੇ ਅਧੀਨ ਇੰਜ ਪ੍ਰਗਟ ਕੀਤਾ ਹੈ...:
“ਫਿਰ ਬੀਤੇ ਹੋਏ ਜ਼ਮਾਨੇ ਦੀ ਵਿਸ਼ਾਲ ਤਸਵੀਰ ਹੌਲੀ ਹੌਲੀ ਮੌਜ਼ੂਦਾ ਜ਼ਮਾਨੇ ਦੀ ਬਦਕਿਮਸਤੀ ਵਿਚ ਬਦਲ ਜਾਂਦੀ ਹੈ। ਜਦਕਿ ਹਿੰਦੁਸਤਾਨ ਆਪਣੇ ਬੀਤੇ ਦਿਨਾਂ ਦੇ ਵੱਡਪਣ ਦੇ ਬਾਵਜੂਦ ਇਕ ਗ਼ੁਲਾਮ ਮੁਲਕ ਹੈ ਤੇ ਇੰਗਲਿਸ਼ਤਾਨ ਦਾ ਪਿੱਠੂ ਬਣਿਆ ਹੋਇਆ ਹੈ ਤੇ ਸਾਰੀ ਦੁਨੀਆਂ ਇਕ ਭਿਆਨਕ ਤੇ ਵਿਨਾਸ਼ਕਾਰੀ ਲੜਾਈ ਦੇ ਸ਼ਿਕੰਜੇ ਵਿਚ ਹੈ ਤੇ ਇਨਸਾਨ ਨੂੰ ਵਹਿਸ਼ੀ ਬਣਾਇਆ ਹੋਇਆ ਹੈ। ਲੇਕਿਨ ਪੰਜ ਹਜ਼ਾਰ ਵਰ੍ਹਿਆਂ ਦੀ ਇਸ ਕਲਪਨਾ ਨੇ ਮੈਨੂੰ ਇਕ ਨਵੀਂ ਨਿਗਾਹ ਦਿੱਤੀ ਤੇ ਅਜੋਕੇ ਜ਼ਮਾਨੇ ਦਾ ਬੋਝ ਕੁਛ ਹਲਕਾ ਮਹਿਸੂਸ ਹੋਇਆ। ਅੰਗਰੇਜ਼ ਸਰਕਾਰ ਦੀ ਇਕ ਸੌ ਅੱਸੀ ਸਾਲ ਦੀ ਹਕੂਮਤ ਹਿੰਦੁਸਤਾਨ ਦੀ ਲੰਮੀ ਕਹਾਣੀ ਦੀ ਮਹਿਜ਼ ਇਕ ਦੁਖਦਾਈ ਘਟਨਾ ਜਾਪਦੀ ਹੈ।” ਉਹ ਫਿਰ ਸੰਭਲਨ ਲੱਗਾ ਹੈ, “ਤੇ ਇਸ ਅਧਿਆਏ ਦੇ ਆਖ਼ਰੀ ਸਫੇ ਦਾ ਲਿਖਿਆ ਜਾਣ ਸ਼ੁਰੂ ਹੋ ਗਿਆ ਹੈ। ਦੁਨੀਆਂ ਵੀ ਇਸ ਵਹਿਸ਼ਤਨਾਕ ਹਾਲਤ ਨੂੰ ਪਾਰ ਕਰੇਗੀ ਤੇ ਇਕ ਨਵੀਂ ਨੀਂਹ ਉਪਰ ਆਪਣਾ ਨਿਰਮਾਣ ਕਰੇਗੀ।”
ਯੁੱਧ ਕਰਕੇ ਇਨਸਾਨ ਨੂੰ ਵਹਿਸ਼ੀ ਬਣਿਆ ਹੋਇਆ ਕਹਿਣਾ ਤੇ ਉਸ ਪੂੰਜੀਵਾਦੀ ਲੋਟੂ ਟੋਲੇ ਨੂੰ ਅੱਖੋਂ ਓਹਲੇ ਕਰ ਜਾਣਾ, ਜਿਹੜਾ ਇਸ ਵਹਿਸ਼ਤ ਲਈ ਅਸਲ ਜ਼ਿੰਮੇਵਾਰ ਹੈ, ਜਿਹੜਾ ਮੁਨਾਫ਼ੇ ਦੀ ਹਵਸ ਅਤੇ ਮੰਡੀਆਂ ਦੇ ਵੰਡਾਰੇ ਲਈ ਯੁੱਧ ਛੇੜਦਾ ਹੈ। ਮਨੁੱਖ ਬਾਰੇ ਇਹ ਅਮੂਰਤ ਚਿੰਤਨ ਜਨ ਵਿਰੋਧੀ ਬੁਰਜੁਆ ਦ੍ਰਿਸ਼ਟੀਕੋਣ ਹੈ, ਜਿਸਨੂੰ ਜਵਾਹਰ ਲਾਲ ਨੇ ਇੰਜ ਅੱਗੇ ਵਧਾਇਆ ਹੈ...:
“ਮੈਂ ਆਪਣੇ ਵਰਗੇ ਜਾਂ ਆਪਣੇ ਵਰਗ ਦੇ ਲੋਕਾਂ ਨੂੰ ਸਲਾਹੁਣ ਵਾਲਾ ਨਹੀਂ ਸੀ, ਲੇਕਿਨ ਮੈਨੂੰ ਉਮੀਦ ਸੀ ਕਿ ਹੋਏ ਨਾ ਹੋਏ ਉਹੀ ਹਿੰਦੁਸਤਾਨ ਦੀ ਹਿਫ਼ਾਜ਼ਤ ਦੀ ਲੜਾਈ ਲਈ ਅੱਗੇ ਆਉਣਗੇ।” ਯਾਨੀ ਰਾਸ਼ਟਰੀ ਆਜ਼ਾਦੀ ਦੀ ਲੜਾਈ ਲੜਨ ਦਾ ਸਿਹਰਾ ਸਿਰਫ ਬੁਰਜੁਆ ਵਰਗ ਨੂੰ ਜਾਂਦਾ ਹੈ, “ਮੱਧ ਵਰਗ ਆਪਣੇ ਆਪ ਨੂੰ ਕੈਦ ਤੇ ਜਕੜਿਆ ਹੋਇਆ ਮਹਿਸੂਸ ਕਰਦਾ ਸੀ ਤੇ ਖ਼ੁਦ ਵਧਣਾ ਤੇ ਤੱਰਕੀ ਕਰਨਾ ਚਾਹੁੰਦਾ ਸੀ ਤੇ ਕਿਉਂਕਿ ਅੰਗਰੇਜ਼ ਹਕੂਮਤ ਦੇ ਚੌਖਟੇ ਵਿਚ ਗ੍ਰਿਫਤਾਰ ਰਹਿੰਦਿਆਂ ਹੋਇਆਂ, ਉਸ ਲਈ ਇੰਜ ਕਰਨਾ ਮੁਮਕਿਨ/ਸੰਭਵ ਨਹੀਂ ਸੀ, ਇਸ ਹਕੂਮਤ ਦੇ ਖ਼ਿਲਾਫ਼ ਉਸ ਵਿਚ ਬਗ਼ਾਵਤ ਕਰਨ ਦਾ ਜਜ਼ਬਾ ਪੈਦਾ ਹੋ ਗਿਆ, ਫਿਰ ਵੀ ਇਹ ਜਜ਼ਬਾ ਉਸ ਢਾਣੀ ਦੇ ਖ਼ਿਲਾਫ਼ ਨਹੀਂ ਸੀ, ਜਿਹੜੀ ਸਾਨੂੰ ਪਿੱਛੇ ਧਰੀਕ ਰਹੀ ਸੀ। ਦਰਅਸਲ ਉਹ ਸਿਰਫ ਅੰਗਰੇਜ਼ੀ ਬਾਗਡੋਰ ਨੂੰ ਬਦਲ ਕੇ, ਉਸਨੂੰ ਕਇਮ ਰੱਖਣਾ ਚਾਹੁੰਦਾ ਸੀ। ਇਹ ਵਿਚਕਾਰਲਾ ਵਰਗ ਖ਼ੁਦ ਇਸ ਢਾਂਚੇ ਦੀ ਪੈਦਾਵਾਰ ਸੀ ਤੇ ਇਸ ਵਰਗ ਲਈ ਇਹ ਮੁਮਕਿਨ ਨਹੀਂ ਸੀ ਕਿ ਉਸਨੂੰ ਲਲਕਾਰੇ ਤੇ ਪਛਾੜ ਸੁੱਟੇ।”
ਦਰਅਸਲ ਇਹ ਖ਼ੁਦ ਕਾਂਗਰਸ ਦੀ, ਸਾਡੇ ਦਲਾਲ ਪੂੰਜੀਵਾਦ ਦੀ, ਆਪਣੀ ਘੜੀ ਰਾਜਨੀਤੀ ਸੀ ਜਿਹੜੀ ਅੰਗਰੇਜ਼ੀ ਬਾਗਡੋਰ ਨੂੰ ਬਦਲ ਕੇ ਸਾਨੂੰ ਪਿਛਾਂਹ ਧਰੀਕਣ ਵਾਲੇ ਇਸ ਔਪਨਿਵੇਸ਼ਕ ਢਾਂਚੇ ਦੀ ਸੱਤਾ ਨੂੰ ਆਪਣੇ ਹੱਥ ਵਿਚ ਲੈਣਾ ਚਾਹੁੰਦੀ ਸੀ। ਪਰ ਆਪਣੇ ਇਰਾਦਿਆਂ ਨੂੰ ਛਿਪਾਉਣ ਲਈ ਜਵਾਹਰ ਲਾਲ ਨੇ ਇਸਨੂੰ ਮੱਧ-ਵਰਗ ਦੇ ਸਿਰ ਮੜ੍ਹ ਦਿੱਤਾ ਹੈ ਤੇ ਆਪਦੇ ਆਪ ਨੂੰ ਤੇ ਆਪਣੇ ਵਰਗ ਨੂੰ ਕਰਾਂਤੀਕਾਰੀ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੋਰ ਦੋਖੋ...:
“ਆਮ ਜਨਤਾ ਦੀ ਮੈਂ ਆਦਰਸ਼ਵਾਦੀ ਕਲਪਨਾ ਨਹੀਂ ਕਰਦਾ, ਤੇ ਜਿੱਥੋਂ ਤਕ ਹੋ ਸਕਦਾ ਹੈ, ਅਮੂਰਤ ਰੂਪ ਵਿਚ ਉਹਨਾਂ ਦਾ ਖ਼ਿਆਲ ਕਰਨ ਤੋਂ ਬਚਦਾ ਹਾਂ : ਹਿੰਦੁਸਤਾਨ ਦੀ ਜਨਤਾ ਏਨੀ ਭਾਂਤੀ ਤੇ ਵਿਸ਼ਾਲ ਹੁੰਦੀ ਹੋਈ ਵੀ ਮੇਰੇ ਲਈ ਬੜੀ ਵੱਡੀ ਸੱਚਾਈ ਹੈ। ਮੈਂ ਉਸਦਾ ਖ਼ਿਆਲ ਅਸਪਸ਼ਟ ਗੁਟਾਂ ਦੇ ਤੌਰ 'ਤੇ ਨਹੀਂ, ਬਲਕਿ ਵਿਅਕਤੀ ਦੇ ਰੂਪ ਵਿਚ ਕਰਨਾ ਚਾਹੁੰਦਾ ਹਾਂ। ਇਹ ਹੋ ਸਕਦਾ ਹੈ ਕਿ ਮੈਂ ਉਹਨਾਂ ਤੋਂ ਕੋਈ ਵੱਡੀ ਉਮੀਦ ਨਹੀਂ ਰੱਖਦਾ ਸੀ, ਇਸ ਲਈ ਮੈਨੂੰ ਕੋਈ ਮਾਯੂਸੀ ਨਹੀਂ ਹੋਈ। ਜਿੰਨੀ ਮੈਂ ਆਸ ਕੀਤੀ ਸੀ, ਉਸ ਨਾਲੋਂ ਮੈਂ, ਉਹਨਾਂ ਨੂੰ ਵੱਧ ਹੀ ਪਾਇਆ ਕਿ ਉਹਨਾਂ ਵਿਚ ਜਿਹੜੀ ਮਜ਼ਬੂਤੀ ਤੇ ਅੰਦਰੂਨੀ ਤਾਕਤ ਹੈ, ਉਸਦਾ ਕਾਰਣ ਇਹ ਹੈ ਕਿ ਉਹ ਆਪਣੀ ਪਰੰਪਰਾ ਹੁਣ ਤਕ ਅਪਣਾਈ ਬੈਠੇ ਹਨ।”
ਕਿੰਨਾਂ ਡੂੰਘਾ ਤੇ ਕਪਟੀ ਤਰਕ ਹੈ! ਦੇਸ਼ ਦੀ ਆਮ ਜਨਤਾ ਨੂੰ ਆਰਥਿਕ ਆਧਾਰ ਉਪਰ ਮਜ਼ਦੂਰਾਂ, ਕਿਸਾਨਾਂ ਤੇ ਮੱਧ ਵਰਗ ਵਿਚ ਤੇ ਹੋਰ ਵਰਣ-ਵਿਵਸਥਾ ਦੇ ਆਧਾਰ ਉਪਰ ਸ਼ੋਸ਼ਿਤ ਤੇ ਪੀੜਤ ਜਾਤੀਆਂ ਵਿਚ ਵੰਡਿਆਂ ਦੇਖਣਾ ਆਦਰਸ਼ਵਾਦੀ ਕਲਪਨਾ ਹੈ। ਮਤਲਬ ਇਹ ਕਿ ਹੁਣ ਜਦੋਂ ਸੱਤਾ ਵੀ ਬਾਗਡੋਰ ਕਾਂਗਰਸ ਦੇ ਹੱਥ ਵਿਚ ਆਉਣ ਵਾਲੀ ਹੈ ਤਾਂ ਆਮ ਜਨਤਾ ਦੇ ਲਈ ਵਰਗ-ਆਧਾਰ ਉੱਤੇ ਸੰਗਠਤ ਹੋ ਕੇ ਸੰਘਰਸ਼ ਜਾਰੀ ਰੱਖਣ ਦੀ ਲੋੜ ਨਹੀਂ ਰਹਿ ਜਾਂਦੀ। ਬਿਹਤਰ ਇਹ ਹੈ ਕਿ ਵਰਗਾਂ ਤੇ ਜਾਤਾਂ ਦੀ ਬਜਾਏ ਉਹ ਆਪਣੇ ਬਾਰੇ ਵਿਚ ਵਿਅਕਤੀਆਂ ਦੇ ਰੂਪ ਵਿਚ ਵਿਚਾਰ ਕਰਨਾ ਸਿਖੇ ਤੇ ਪ੍ਰਾਚੀਨ ਸੰਸਕ੍ਰਿਤੀ ਦੀ ਮਹਾਨ ਪਰੰਪਰਾ ਤੇ ਅੰਦਰੂਨੀ ਤਾਕਤ ਉਪਰ, ਜਿਹੜੀ ਆਤਮਾ ਤੇ ਪੁਨਰ-ਜਨਮ ਦੇ ਵਿਸ਼ਵਾਸ਼ ਨਾਲ ਉਤਪੰਨ ਹੁੰਦੀ ਹੈ, ਗਰਵ ਕਰਦੀ ਹੋਈ ਗਰੀਬੀ ਵਿਚ ਖੁਸ਼ ਰਹੇ, ਜਿਵੇਂ ਕਿ ਇਹ ਆਰਥਿਕ ਸ਼ੋਸ਼ਣ ਤੇ ਜਾਤ-ਪਾਤ ਦੇ ਧਰਮਿਕ ਦਮਨ ਦੇ ਬਾਵਜੂਦ ਸਦੀਆਂ ਤੋਂ ਰਹਿੰਦੀ ਆਈ ਹੈ।
ਜਵਾਹਰ ਲਾਲ ਜਾਣਦੇ ਸਨ ਕਿ ਭਾਰਤੀ ਜਨਤਾ ਵਿਚ ਵਰਣ-ਵਿਵਸਥਾ ਦੇ ਰਾਖਿਆਂ ਨੇ ਆਤਮਾ ਦੀ ਅਮਰਤਾ ਤੇ ਪੂਨਰ-ਜਨਮ ਦਾ ਵਿਸ਼ਵਾਸ ਸਦੀਆਂ ਦੇ ਧਾਰਮਿਕ ਪ੍ਰਚਾਰ ਰਾਹੀਂ ਏਨਾਂ ਡੂੰਘਾ ਭਰ ਦਿੱਤਾ ਹੈ ਕਿ ਉਹ ਘੋਰ ਵਿਆਕਤੀਵਾਦੀ ਬਣ ਗਈ ਹੈ। ਜਦੋਂ ਤਕ ਉਸ ਵਿਚ ਇਹ ਵਿਸ਼ਵਾਸ ਰਹੇਗਾ, ਉਸ ਤੋਂ ਕਰਾਂਤੀ ਦੀ ਜਾਂ ਸ਼ੋਸ਼ਣ ਦੀ ਇਸ ਬੱਬਰ ਵਿਵਸਥਾ ਨੂੰ ਉਖਾੜ ਸੁੱਟਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਤੇ ਜਵਾਹਰ ਲਾਲ ਤੇ ਦੂਜੇ ਮਾਡਰੇਟ ਕਾਂਗਰਸੀ ਨੇਤਾਵਾਂ ਨੇ ਉਸ ਤੋਂ ਕੋਈ ਅਜਿਹੀ ਵੱਡੀ ਉਮੀਦ ਵੀ ਨਹੀਂ ਸੀ ਕੀਤੀ। ਉਹ ਤਾਂ ਇਸਨੂੰ ਰਾਜਨੀਤਕ ਦੇ ਸਮਾਜਿਕ ਢਾਂਚੇ ਦੇ ਅੰਦਰ ਸੁਧਾਰਵਾਦੀ ਢੰਗ ਨਾਲ ਜਿਸ ਹਦ ਤਕ ਲੜਾਉਣਾ ਚਾਹੁੰਦੇ ਸਨ, ਜਨਤਾ ਉਸ ਤੋਂ ਕਿਤੇ ਵੱਧ ਲੜੀ ਤੇ ਲੜੀ ਇਸ ਲਈ ਕਿ...:
“ਹਿੰਦੁਸਤਾਨ ਦੀ ਆਜ਼ਾਦੀ ਲਈ ਪਿੱਛਲੀ ਚੌਥਾਈ ਸਦੀ ਦੀ ਲੜਾਈ ਤੇ ਅੰਗਰੇਜ਼ੀ ਸਰਕਾਰ ਨਾਲ ਮੋਰਚਾ ਲੈਣ ਵਿਚ ਮੇਰੇ ਮਨ ਵਿਚ ਤੇ ਬਹੁਤ ਸਾਰੇ ਹੋਰ ਲੋਕਾਂ ਦੇ ਮਨ ਵਿਚ ਜਿਹੜੀ ਖ਼ਵਾਹਿਸ਼ ਰਹੀ ਹੈ, ਉਹ ਉਸਦੀ ਜੀਵੰਤ ਸ਼ਕਤੀ ਨੂੰ ਮੁੜ ਜਗਾਉਣ ਦੀ ਖ਼ਵਾਹਿਸ਼ ਰਹੀ ਹੈ।...ਦਰਅਸਲ ਸਾਡਾ ਮਕਸਦ ਉਹਨਾਂ ਵਿਚ ਇਕ ਅੰਦਰੂਨੀ ਤਾਕਤ ਪੈਦਾ ਕਰਨਾ ਸੀ—ਇਹ ਜਾਣਦੇ ਹੋਏ ਕਿ ਹੋਰ ਗੱਲਾਂ ਖ਼ੁਦ-ਬ-ਖ਼ੁਦ ਆ ਜਾਣਗੀਆਂ। ਅਸੀਂ ਪੀੜ੍ਹੀਆਂ ਦੀ ਗ਼ੁਲਾਮੀ ਤੇ ਇਕ ਮਗਰੂਰ ਵਿਦੇਸ਼ੀ ਤਾਕਤ ਦੀ ਅਧੀਨਤਾ ਨੂੰ ਮਿਟਾਅ ਦੇਣਾ ਸੀ।”
          (ਹਿੰਦੁਸਤਾਨ ਕੀ ਕਹਾਣੀ)

ਮਤਲਬ ਇਹ ਕਿ ਕਾਂਗਰਸ ਦੇ ਮਾਡਰੇਟ ਨੇਤਾਵਾਂ ਦੇ ਮਨ ਵਿਚ ਅੰਗਰੇਜ਼ ਦੀ ਗ਼ੁਲਾਮੀ ਦੇ ਖ਼ਿਲਾਫ਼ ਲੜਨ ਦੀ ਖ਼ਵਾਹਿਸ਼ ਪੈਦਾ ਹੋਈ ਇਸ ਲਈ ਉਹਨਾਂ ਨੇ ਜਨਤਾ ਦੀ ਅੰਦਰੂਨੀ ਤਾਕਤ ਨੂੰ ਉੱਘਾੜਿਆ ਤੇ ਉਸਨੂੰ ਆਪਣਾ ਮਕਸਦ ਪੂਰਾ ਹੋਣ ਤਕ ਲੜਾਇਆ। ਜਨਤਾ ਵਿਚ ਇਹ ਅੰਦਰੂਨੀ ਤਾਕਤ ਉੱਘਾੜਨ ਦਾ ਸਭ ਤੋਂ ਵਧ ਸਿਹਰਾ 'ਮਹਾਤਮਾ' ਗਾਂਧੀ ਦੇ ਵੱਝਦਾ ਹੈ, ਕਿਉਂਕਿ ਉਹ ਆਪਣੇ ਅੰਦਰ ਵਿਚ ਅਲੌਕਿਕ ਸ਼ਕਤੀ—ਇਕ ਅਗਿਆਤ ਤੱਤ ਲੈ ਕੇ ਪੈਦਾ ਹੋਏ ਸਨ, ਸਾਡੇ ਇਸ ਯੁੱਗ ਦੇ ਅਵਤਾਰ ਸਨ। 'ਮੱਧ ਵਰਗ ਕੀ ਬੇਬਸੀ : ਗਾਂਧੀ ਕਾ ਆਗਮਨ' ਸਿਰਲੇਖ ਹੇਠ ਅੰਗਰਜ਼ਾਂ ਦੀ ਦਮਨਕਾਰੀ ਨੀਤੀ ਦਾ ਉਲੇਖ ਕਰਦਿਆਂ ਹੋਇਆਂ ਲਿਖਿਆ ਹੈ...:
“ਇੰਜ ਮਹਿਸੂਸ ਹੁੰਦਾ ਸੀ ਕਿ ਕਿਸੇ ਪੁਰਾਤਨ ਸ਼ਕਤੀਮਾਨ ਰਾਕਸ਼ਸ ਦੀ ਕੈਦ ਵਿਚ ਅਸੀਂ ਬੇਵੱਸ ਹਾਂ, ਸਾਡੇ ਜਿਸਮ ਦੇ ਹਿੱਸਿਆਂ ਨੂੰ ਲਕਵਾ ਮਾਰ ਗਿਆ ਹੈ ਤੇ ਸਾਡੇ ਦਿਮਾਗ਼ ਮੁਰਦਾ ਹੋ ਗਏ ਹਨ। ਕਿਸਾਨ ਵਰਗ ਦੱਬੂ ਸੀ ਤੇ ਉਸਦੇ ਅੰਦਰ ਡਰ ਸਮਾਇਆ ਹੋਇਆ ਸੀ; ਕਾਰਖ਼ਾਨੇ ਦੇ ਮਜ਼ਦੂਰਾਂ ਦੀ ਹਾਲਤ ਵੀ ਉਹਨਾਂ ਨਾਲੋਂ ਕੋਈ ਬਿਹਤਰ ਨਹੀਂ ਸੀ। ਮੱਧ ਵਰਗ ਦੇ ਤੇ ਪੜ੍ਹੇ-ਲਿਖੇ ਲੋਕ, ਜਿਹੜੇ ਇਸ ਹਨੇਰੇ ਵਾਤਾਵਰਣ ਨੂੰ ਰੌਸ਼ਨੀ ਦਿਖਾਅ ਸਕਦੇ ਸਨ, ਖ਼ੁਦ ਹੀ ਇਸ ਹਨੇਰੇ ਵਿਚ ਡੁੱਬੇ ਹੋਏ ਸਨ।...
ਅਸੀਂ ਕੀ ਕਰ ਸਕਦੇ ਸਾਂ? ਗਰੀਬੀ ਤੇ ਢੱਠੇ ਹੋਏ ਹੌਸਲਿਆਂ ਦੀ ਇਸ ਦਲਦਲ ਵਿਚੋਂ, ਜਿਹੜੀ ਹਿੰਦੁਸਤਾਨ ਨੂੰ ਆਪਣੇ ਅੰਦਰ ਖਿੱਚੀ ਜਾ ਰਹੀ ਸੀ, ਅਸੀਂ ਉਸਨੂੰ ਕਿਸ ਤਰ੍ਹਾਂ ਬਾਹਰ ਕੱਢ ਸਕਦੇ ਸਾਂ?...
ਤੇ ਤਦ ਗਾਂਧੀਜੀ ਦਾ ਅਗਮਨ ਹੋਇਆ। ਗਾਂਧੀਜੀ ਤਾਜ਼ੀ ਹਵਾ ਦੇ ਉਸ ਪ੍ਰਬਲ ਵਹਾਅ ਵਾਂਗ ਸਨ, ਜਿਸਨੇ ਸਾਡੇ ਲਈ ਪੂਰੀ ਤਰ੍ਹਾਂ ਫੈਲਨਾ ਤੇ ਸਾਹ ਲੈਣਾ ਸੰਭਵ ਕੀਤਾ। ਉਹ ਰੌਸ਼ਨੀ ਦੀ ਉਸ ਕਿਰਨ ਵਾਂਗ ਸਨ, ਜਿਹੜੀ ਹਨੇਰੇ ਵਿਚ ਪੁਰ ਗਈ ਤੇ ਉਸਨੇ ਸਾਡੀਆਂ ਅੱਖਾਂ ਅੱਗੋਂ ਹਨੇਰੇ ਦੇ ਪਰਦੇ ਨੂੰ ਪਾੜ ਸੁੱਟਿਆ...”
          (ਹਿੰਦੁਸਤਾਨ ਕੀ ਕਹਾਣੀ)

ਬਾਰਾਂ ਤੇਰਾਂ ਸਾਲ ਪਹਿਲਾਂ ਜਵਾਹਰ ਲਾਲ ਨੇ ਇਸ ਦੇ ਬਿਲਕੁਲ ਵਿਪਰੀਤ ਇਹ ਵੀ ਲਿਖਿਆ ਸੀ...:
“ਕੋਈ ਨੇਤਾ ਸ਼ੁੰਨ ਵਿਚ ਜਾਦੂ ਦਾ ਡੰਡਾ ਘੁਮਾਅ ਕੇ ਜਨ-ਅੰਦੋਲਨ ਖੜ੍ਹਾ ਨਹੀਂ ਕਰ ਸਕਦਾ—ਹਾਂ, ਇਕ ਵਿਸ਼ੇਸ਼ ਅਵਸਥਾ ਪੈਦਾ ਹੋਣ 'ਤੇ ਉਸਦਾ ਲਾਭ ਲਿਆ ਜਾ ਸਕਦਾ ਹੈ—ਉਹਨਾਂ ਅਵਸਥਾਵਾਂ ਦੇ ਲਾਭ ਲੈਣ ਦੀ ਤਿਆਰੀ ਕਰ ਸਕਦਾ ਹੈ, ਲੇਕਿਨ ਖ਼ੁਦ ਉਹ ਅਵਸਥਾ ਪੈਦਾ ਨਹੀਂ ਕਰ ਸਕਦਾ।”  (ਮੇਰੀ ਕਹਾਣੀ)
ਜਦੋਂ ਗਾਂਧੀ ਨੇਤਾ ਬਣਿਆ ਸੀ ਉਦੋਂ ਅਸਲ ਸਥਿਤੀ ਇਹ ਸੀ ਕਿ ਯੁੱਧ ਦੌਰਾਨ ਮਿਹਨਤਕਸ਼ ਜਨਤਾ ਦਾ ਜਿਹੜਾ ਸ਼ੋਸ਼ਣ ਹੋਇਆ, ਉਸ ਨਾਲ ਵਰਗ-ਸੰਘਰਸ਼ ਤੇਜ ਹੋ ਗਿਆ ਸੀ; ਮਜ਼ਦੂਰ, ਕਿਸਾਨ ਤੇ ਮੱਧ ਵਰਗ ਦੇ ਲੋਕ ਆਪਣੇ ਆਰਥਿਕ ਦਬਾਅ ਕਾਰਣ ਖ਼ੁਦ ਹੀ ਲੜਨ ਲਈ ਤਿਆਰ ਬੈਠੇ ਸਨ। ਉਸ ਸਮੇਂ ਦੇਸ਼ ਦਾ ਜਿਹੜਾ ਵਾਤਾਵਰਣ ਸੀ ਸਤੰਬਰ 1920 ਦੇ ਕਾਂਗਰਸ ਦੇ ਵਿਸ਼ੇਸ਼ ਇਜਲਾਸ ਵਿਚ ਉਸ ਬਾਰੇ ਇਜਲਾਸ ਦੇ ਪ੍ਰਧਾਨ ਲਾਲ ਲਾਜਪਤ ਰਾਏ ਨੇ ਇਹ ਵਿਚਾਰ ਪੇਸ਼ ਕੀਤਾ ਸੀ—“ਦੇਸ਼ ਕਰਾਂਤੀ ਤੇ ਮੁਹਾਨੇ ਉੱਤੇ ਖੜ੍ਹਾ ਹੈ, ਪਰ ਕਰਾਂਤੀ ਸਾਡੇ ਨੇਤਾਵਾਂ ਦੇ ਸੁਭਾਅ ਤੇ ਸੰਸਕਾਰ ਦੇ ਅਨੁਕੂਲ ਨਹੀਂ ਹੈ।”
ਗਾਂਧੀ ਨੇ ਚਰਖਾ ਕੱਤਨ ਤੇ ਸਤਿਆਗ੍ਰਹਿ ਕਰਕੇ ਜੇਲ੍ਹ ਜਾਣ ਦਾ ਪ੍ਰੋਗ੍ਰਾਮ ਇਸ ਲਈ ਦਿੱਤਾ ਸੀ ਕਿ ਜਨਤਾ ਦੇ ਜੋਸ਼ ਨੂੰ ਸੁਧਾਰਵਾਦ ਦੀ ਲਕੀਰ ਤਕ ਸੀਮਿਤ ਰੱਖਿਆ ਜਾ ਸਕੇ। ਪਰ ਜਦੋਂ ਅੰਦੋਲਨ ਇਸ ਲਕੀਰ ਨੂੰ ਲੰਘ ਕੇ ਫੈਲ ਗਿਆ ਤੇ ਉਸਨੇ ਕਰਾਂਤੀਕਾਰੀ ਰੂਪ ਧਾਰਨ ਕਰ ਲਿਆ ਤਾਂ ਗਾਂਧੀ ਨੇ ਚੌਰੀ-ਚੌਰਾ ਦੀ ਘਟਨਾ ਪਿੱਛੋਂ ਉਸਨੂੰ ਝੱਟ ਬੰਦ ਕਰ ਦਿੱਤਾ। ਸਾਡੀ ਰਾਸ਼ਟਰੀ ਏਕਤਾ ਟੁੱਟੀ, ਦੇਸ਼ ਵਾਸੀਆਂ ਦੇ ਹੌਸਲੇ ਢੱਠੇ ਤੇ ਸੰਪਰਦਾਇਕ ਦੰਗਿਆਂ ਦਾ ਵਾਤਾਵਰਣ ਬਣਿਆ। ਉਦੋਂ ਖ਼ੁਦ ਜਵਾਹਰ ਲਾਲ ਨੇ ਇਸ ਸਥਿਤੀ ਉੱਤੇ ਦੁੱਖ ਪ੍ਰਗਟ ਕਰਦਿਆਂ ਲਿਖਿਆ ਸੀ—'ਜੇ ਨਿਸ਼ਾਨਾ ਸਪਸ਼ਟ ਹੋਏ ਤੇ ਲੜਨ ਦਾ ਢੰਗ ਸਹੀ ਹੋਏ ਤਾਂ ਜਨਤਾ ਹਾਰ ਦੇ ਬਾਵਜੂਦ ਲੜਨ ਲਈ ਜਲਦੀ ਹੀ ਦੁਬਾਰਾ ਤਿਆਰ ਹੋ ਜਾਂਦੀ ਹੈ।' ਲਿਖਿਆ ਹੈ...:
“ਅਸਲੀ ਗੱਲ ਪਿੱਛੇ ਹਟਨਾਂ ਜਾਂ ਦਿਖਾਵਟੀ ਹਾਰ ਹੋਣਾ ਨਹੀਂ, ਬਲਕਿ ਸਿਧਾਂਤ ਤੇ ਆਦਰਸ਼ ਹੈ। ਜੇ ਜਨਤਾ ਇਹਨਾਂ ਅਸੂਲਾਂ ਦੀ ਗਰਮੀ ਘੱਟ ਨਾ ਹੋਣ ਦਏ ਤਾਂ ਨਵੇਂ ਸਿਰੇ ਤੋਂ ਤਾਕਤ ਹਾਸਿਲ ਕਰਨ ਵਿਚ ਦੇਰ ਨਹੀਂ ਲੱਗੇਗੀ। ਲੇਕਿਨ 1921 ਤੇ 1922 ਵਿਚ ਸਾਡੇ ਸਿਧਾਂਤ ਤੇ ਸਾਡਾ ਨਿਸ਼ਾਨਾਂ ਕੀ ਸੀ? ਇਕ ਧੁੰਦਲਾ ਸਵਰਾਜ ਜਿਸ ਦੀ ਕੋਈ ਸਪਸ਼ਟ ਵਿਆਖਿਆ ਨਹੀਂ ਸੀ ਤੇ ਅਹਿੰਸਾਤਮਕ ਲੜਾਈ ਇਕ ਖਾਸ ਲਾਈਨ...ਜਿਹੜੇ ਸਾਡੇ ਹਜ਼ਾਰਾਂ ਲੋਕ ਜੇਲ੍ਹੀਂ ਗਏ ਸਨ, ਉਹ ਵੀ ਛਿਣਪਲ ਦੇ ਜੋਸ਼ ਵਿਚ ਆ ਕੇ ਤੇ ਇਹ ਉਮੀਦ ਕਰਦੇ ਹੋਏ ਕਿ ਸਾਰਾ ਕਿੱਸਾ ਕੁਛ ਦਿਨਾਂ ਵਿਚ ਹੀ ਤੈਅ ਹੋ ਜਾਏਗਾ।”  (ਮੇਰੀ ਕਹਾਣੀ)
ਪ੍ਰਸਥਿਤੀ ਤੇ ਘਟਨਾਵਾਂ ਦੀ ਇਹ ਜਿਹੜੀ ਵਿਆਖਿਆ ਹੈ ਮਾਰਕਸਵਾਦ ਦੇ ਅਧਿਅਨ ਦੀ ਦੇਣ ਹੈ ਤੇ ਜਵਾਹਰ ਲਾਲ ਨੇ 'ਮਾਰਕਸਵਾਦ' ਸਿਰਲੇਖ ਹੇਠ ਲਿਖਿਆ ਹੈ : “ਮਾਰਕਸ ਇਤਿਹਾਸ ਨੂੰ ਇਸ ਤਰ੍ਹਾਂ ਦੇਖਦਾ ਸੀ ਕਿ ਉਹ ਜ਼ਰੂਰੀ ਵਰਗ-ਸੰਘਰਸ਼ ਦੀ ਮਹਾਨ ਪ੍ਰਤੀਕ੍ਰਿਆ ਹੈ। ਇਤਿਹਾਸ ਨੂੰ ਇਸ ਦ੍ਰਿਸ਼ਟੀਕੋਣ ਨਾਲ ਦੇਖਣ ਦਾ ਤਰੀਕਾ, ਜਿਹੜਾ ਮਾਰਕਸ ਨੇ ਸਮਝਾਇਆ, ਇਤਿਹਾਸ ਦੀ ਭੌਤਿਕ ਵਿਆਖਿਆ ਅਖਵਾਉਂਦਾ ਹੈ।” (ਵਿਸ਼ਵ ਇਤਿਹਾਸ ਕੀ ਝਲਕ)
ਆਪਣੇ ਵਰਗ-ਅੰਤਰਵਿਰੋਧਾਂ ਦੇ ਬਾਵਜੂਦ ਜਨਤਾ ਵਿਚ ਲੋਕਪ੍ਰਿਯ ਬਣਨ ਤੇ ਰਾਸ਼ਟਰੀ ਅੰਦੋਲਨ ਵਿਚ ਉਸਦਾ ਸਹਿਯੋਗ ਪ੍ਰਾਪਤ ਕਰਨ ਲਈ ਜਵਾਹਰ ਲਾਲ ਨੇ 'ਮੇਰੀ ਕਹਾਣੀ' ਤੇ 'ਵਿਸ਼ਵ ਇਤਿਹਾਸ ਕੀ ਝਲਕ' ਵਿਚ ਇਤਿਹਾਸ ਦੇ ਇਸ ਭੌਤਿਕਵਾਦੀ ਦ੍ਰਿਸ਼ਟੀਕੋਣ ਦਾ ਅਕਸਰ ਪ੍ਰਯੋਗ ਕੀਤਾ ਹੈ, ਜਿਸ ਨਾਲ ਮਾਰਕਸਵਾਦ ਦਾ ਘੱਟ ਗਿਆਨ ਰੱਖਣ ਵਾਲੇ ਪਾਠਕ ਵਿਚ ਜਵਾਹਰ ਲਾਲ ਨੂੰ ਸਮਾਜਵਾਦੀ ਸਮਝ ਲੈਣ ਦਾ ਭਰਮ ਪੈਦਾ ਹੋ ਜਾਂਦਾ ਹੈ ਤੇ ਜਵਾਹਰ ਲਾਲ ਦਾ ਉਦੇਸ਼ ਵੀ ਪਾਠਕ ਵਿਚ ਇਹ ਭਰਮ ਪੈਦਾ ਕਰਨਾ ਹੀ ਸੀ। ਪਰ 'ਹਿੰਦੁਸਤਾਨ ਕੀ ਕਹਾਣੀ' ਲਿਖਣ ਸਮੇਂ ਵਿਗਿਆਨਕ ਤੇ ਮਾਰਕਸਵਾਦੀ ਦ੍ਰਿਸ਼ਟੀਕੋਣ ਨੂੰ ਲਗਭਗ ਤਿਆਗ ਦਿੱਤਾ ਸੀ।
ਇਸ ਕਿਤਾਬ ਦਾ ਉਦੇਸ਼ ਉਹਨਾਂ ਨੇ ਆਪਣੀ ਵਿਰਾਸਤ ਨੂੰ ਸਮਝਨਾਂ, ਦੇਸ਼ ਦੇ ਅਤੀਤੀ ਕੀ ਖੋਜ ਕਰਨਾ ਤੇ ਉਸਦੇ ਸੰਦਰਭ ਵਿਚ ਵਰਤਮਾਨ ਤੇ ਭਵਿੱਖ ਦੀਆਂ ਸਮੱਸਿਆਵਾਂ ਦਾ ਹੱਲ ਪੇਸ਼ ਕਰਨਾ ਦੱਸਿਆ ਹੈ; ਪਰ ਨਾਲ ਹੀ ਇਹ ਵੀ ਲਿਖਿਆ ਹੈ : “ਇਸ ਵਿਸ਼ੇ ਨੂੰ ਦੇਖਣ ਦਾ ਮੇਰਾ ਢੰਗ ਲਾਜ਼ਮੀ ਤੌਰ 'ਤੇ ਅਕਸਰ ਇਕ ਨਿੱਜੀ ਢੰਗ ਹੋਏਗਾ।”
ਨਿੱਜੀ ਢੰਗ' ਦਾ ਮਤਲਬ ਹੈ ਵਿਅਕਤੀਵਾਦੀ ਢੰਗ, ਪਤਨ-ਮੂੰਹ ਖੜ੍ਹੇ ਬੁਰਜੁਆ ਦਾ ਆਦਰਸ਼ਵਾਦੀ ਢੰਗ, ਗੈਰ-ਵਿਗਿਆਨਿਕ ਢੰਗ। ਢੰਗ ਜਾਂ ਦ੍ਰਿਸ਼ਟੀਕੋਣ ਹਮੇਸ਼ਾ ਵਿਆਕਤੀ ਦਾ ਨਹੀਂ ਵਰਗ ਦਾ ਹੁੰਦਾ ਹੈ। ਜਦੋਂ ਦ੍ਰਿਸ਼ਟੀਕੋਣ ਨਿੱਜੀ ਜਾਂ ਗੈਰ-ਵਿਗਿਆਨਕ ਹੋਵੇ ਤਾਂ ਉਸ ਅਨੁਸਾਰ ਜਿਹੜੀ ਵਿਆਖਿਆ ਕੀਤੀ ਜਾਂਦੀ ਹੈ, ਉਹ ਅਜਿਹੀ ਹੀ ਹੋਵੇਗੀ, ਜਿਵੇਂ 'ਮੱਧਵਰਗ ਦੀ ਬੇਬਸੀ : ਗਾਂਧੀ ਦਾ ਆਗਮਨ' ਵਿਸ਼ੇ ਹੇਠ ਦੇਸ਼ ਦੀ ਰਾਜਨੀਤਕ ਸਥਿਤੀ ਦੀ ਕੀਤੀ ਗਈ ਹੈ। ਬੁੱਧ, ਅਸ਼ੋਕ ਤੇ ਅਕਬਰ ਆਦੀ ਦੀ ਇਤਿਹਾਸਕ ਭੂਮਿਕਾ ਦੀ ਵਿਆਖਿਆ ਵੀ ਇਸੇ ਤਰ੍ਹਾਂ ਬੇਸਿਰ ਪੈਰੀ ਤੇ ਗੈਰ-ਵਿਗਿਆਨਕ ਹੈ।
ਮਾਰਕਸ ਦੇ ਵਿਚਾਰ ਅਨੁਸਾਰ ਸਮਾਜਿਕ ਜੀਵਨ ਦਾ ਭੌਤਿਕ ਆਧਾਰ—ਉਸਦੀ ਅੰਤਰਵਸਤੁ ਯਾਨੀ ਵਿਕਾਸ ਹੈ ਜਦੋਂ ਕਿ ਸੰਵਿਧਾਨਕ, ਰਾਜਨੀਤਕ ਤੇ ਧਾਰਮਿਕ ਦਾਰਸ਼ਨਿਕ ਵਿਕਾਸ ਇਸ ਅੰਤਰਵਸਤੁ ਦਾ ਸਿਧਾਂਤਿਕ ਰੂਪ ਹੈ, ਉਸਦਾ ਉਪਰਲਾ ਢਾਂਚਾ ਹੈ। ਮਾਰਕਸ ਇਸ ਤੋਂ ਸਿੱਟਾ ਕੱਢਦਾ ਹੈ ਕਿ ਆਰਥਿਕ ਆਧਾਰ ਦੇ ਬਦਲਦਿਆਂ ਹੀ ਪੂਰੇ ਦਾ ਪੂਰਾ ਉਪਰਲਾ ਢਾਂਚਾ ਬੜੀ ਤੇਜ਼ੀ ਨਾਲ ਬਦਲ ਜਾਂਦਾ ਹੈ।
ਇਸ ਨਿਯਮ ਦੇ ਅਨੁਸਾਰ ਜਦੋਂ ਕਬੀਲਿਆਂ ਦੇ ਟੁੱਟਣ ਪਿੱਛੋਂ ਵਿਅਕਤੀਗਤ ਸੰਪਤੀ ਦਾ ਆਰੰਭ ਹੋਇਆ ਤਾਂ ਸਮਾਜ ਵਿਚ ਵਰਗ-ਵੰਡ ਤੇ ਸ਼ੋਸ਼ਣ ਦਾ ਮਹੱਤਵ ਸਿੱਧ ਕਰਨ ਲਈ ਗੀਤਾਕਾਰ ਨੇ ਆਤਮਾ ਦੇ ਪੂਨਰ-ਜਨਮ ਤੇ ਕਰਮਵਾਦ ਦਾ ਸਿਧਾਂਤ ਪਹਿਲੀ ਵੇਰ ਘੜਿਆ। ਸੰਖੇਪ ਵਿਚ ਕਿਹਾ ਜਾਵੇ ਤਾਂ ਗੀਤਾ ਵਿਅਕਤੀਗਤ ਸੰਪਤੀ ਦਾ ਰੱਖਿਆ ਦਰਸ਼ਨ ਹੈ। ਪਰ ਜਵਾਹਰ ਲਾਲ ਨੇ ਆਰਥਿਕ ਜਾਂ ਵਰਗ-ਆਧਾਰ ਦੱਸੇ ਬਿਨਾਂ ਹੀ ਗੀਤਾ ਬਾਰੇ ਅਮੂਰਤ ਢੰਗ ਨਾਲ ਲਿਖਿਆ ਹੈ...:
“ਬੌਧਕਾਲ ਤੋਂ ਪਹਿਲਾਂ ਜਦ ਇਸ ਦੀ ਰਚਨਾਂ ਹੋਈ, ਤਦ ਦਾ ਇਸਦੀ ਲੋਕਪ੍ਰਿਯਤਾ ਤੇ ਪ੍ਰਭਾਵ ਘਟੇ ਨਹੀਂ ਹਨ ਤੇ ਅੱਜ ਵੀ ਹਿੰਦੁਸਤਾਨ ਵਿਚ ਇਸਦੇ ਲਈ ਪਹਿਲਾਂ ਵਰਗਾ ਅਕਰਖਣ ਹੈ। ਵਿਚਾਰ ਦੇ ਫਲਸਫੇ ਦਾ ਹਰੇਕ ਸੰਪਰਦਾਇ ਇਸ ਨੂੰ ਸ਼ਰਧਾ ਨਾਲ ਦੇਖਦਾ ਹੈ ਤੇ ਆਪੋ ਆਪਣੇ ਢੰਗ ਨਾਲ ਇਸਦੀ ਵਿਆਖਿਆ ਕਰਦਾ ਹੈ। ਸੰਕਟ ਸਮੇਂ ਜਦ ਆਦਮੀ ਦਾ ਦਿਮਾਗ਼ ਸ਼ੱਕ ਦਾ ਸਤਾਇਆ ਹੁੰਦਾ ਹੈ ਤੇ ਆਪਣੇ ਫਰਜ਼ ਪ੍ਰਤੀ ਦੁਚਿੱਤੀ ਉਸਨੂੰ ਦੋ ਪਾਸੇ ਖਿੱਚ ਰਹੀ ਹੁੰਦੀ ਹੈ, ਉਹ ਰੌਸ਼ਨੀ ਤੇ ਰਾਹਨੁਮਾਈ ਲਈ ਹੋਰ ਵੀ ਗੀਤਾ ਵੱਲ ਝੁਕਦਾ ਹੈ। ਕਿਉਂਕਿ ਇਹ ਸੰਕਟਕਾਲ ਲਈ ਲਿਖੀ ਗਈ ਕਵਿਤਾ ਹੈ—ਰਾਜਨੀਤਕ ਤੇ ਸਮਾਜਿਕ ਸੰਕਟਾਂ ਦੇ ਮੌਕੇ ਲਈ ਤੇ ਉਸ ਤੋਂ ਵਧ ਇਨਸਾਨ ਦੀ ਆਤਮਾ ਦੇ ਸੰਕਟਕਾਲ ਲਈ।”
ਜਵਾਹਰ ਲਾਲ ਨੇ ਸਾਹਿਤ ਦੇ ਕਲਾ ਨੂੰ ਵੀ ਨਾਲ ਨਾਲ ਲਿਆ ਹੈ, ਪਰ ਲਿਖਣ ਦਾ ਢੰਗ ਉਹੀ ਅਮੂਰਤ ਤੇ ਗੈਰ-ਵਿਗਿਆਨਕ ਹੈ। ਇਕ ਉਦਾਹਰਨ ਦੇਖੋ...:
“ਕਾਲੀਦਾਸ ਦੀ ਇਕ ਵੱਡੀ ਕਵਿਤਾ ਹੈ—'ਮੇਘਦੂਤ'। ਇਕ ਪ੍ਰਮੀ ਹੈ, ਜਿਸਨੂੰ ਫੜ੍ਹ ਕੇ ਉਸਦੀ ਪ੍ਰੇਮਿਕਾ ਨਾਲੋਂ ਵੱਖ ਕਰ ਦਿੱਤਾ ਜਾਂਦਾ ਹੈ, ਬਰਸਾਤ ਦੇ ਮੌਸਮ ਵਿਚ ਆਪਣੀ ਡੂੰਘੀ ਚਾਹਤ ਦਾ ਸੁਨੇਹਾ ਉਸ ਤਕ ਪਹੁੰਚਾਉਣ ਖਾਤਰ ਉਹ ਬੱਦਲ ਨੂੰ ਕਹਿੰਦਾ ਹੈ।” ਇਸ ਪਿੱਛੋਂ ਕਿਸੇ ਅਮਰੀਕੀ ਵਿਦਵਾਨ ਰਾਈਟਰ ਦਾ ਹਵਾਲਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਇਸ ਕਵਿਤਾ ਦੇ ਪਹਿਲੇ ਅੱਧੇ ਹਿੱਸੇ ਵਿਚ ਬਾਹਰੀ ਪ੍ਰਕ੍ਰਿਤੀ ਦਾ ਬਿਆਨ ਹੈ, ਦੂਜੇ ਅੱਧੇ ਵਿਚ ਇਨਸਾਨੀ ਦਿਲ ਦੀ ਤਸਵੀਰ ਹੈ। ਤੇ ਲਿਖਿਆ ਹੈ, “ਕਾਲੀਦਾਸ ਨੇ ਪੰਜਵੀਂ ਸਦੀ ਵਿਚ ਉਹ ਗੱਲ ਸਮਝ ਲਈ ਸੀ, ਜਿਸਨੂੰ ਯੂਰੋਪ ਨੇ ਉਨੀਵੀਂ ਸਦੀ ਤੀਕ ਨਹੀਂ ਸਮਝਿਆ।” ਗੱਲ ਇਹ ਹੈ ਕਿ, “ਦੁਨੀਆਂ ਆਦਮੀ ਲਈ ਨਹੀਂ ਬਣੀ ਤੇ ਇਹ ਕਿ ਉਹ ਆਪਣਾ ਰੁਤਬਾ ਤਦ ਹੀ ਹਾਸਿਲ ਕਰਦਾ ਹੈ, ਜਦ ਉਹ ਇਸ ਜ਼ਿੰਦਗੀ ਦੀ ਸ਼ਾਨ ਤੇ ਕੀਮਤ ਸਮਝ ਲੈਂਦਾ ਹੈ, ਜਿਹੜੀ ਇਨਸਾਨੀ ਜ਼ਿੰਦਗੀ ਨਾਲੋਂ ਜੁਦਾ ਹੈ। ਕਾਲੀਦਾਸ ਨੇ ਇਸ ਹਕੀਕਤ ਨੂੰ ਸਮਝ ਲਿਆ ਸੀ, ਇਹ ਉਸਦੀ ਦਿਮਾਗ਼ੀ ਤਾਕਤ ਦਾ ਸ਼ਾਨਦਾਰ ਸਬੂਤ ਹੈ...”
ਜਵਾਹਰ ਲਾਲ ਕਿਸੇ ਤਿਲਵਾ ਦੇਵੀ, ਕਿਸੇ ਬਾਰਥ, ਕਿਸੇ ਕਾਡਵੇਲ ਤੇ ਕਿਸੇ ਮਿਸੇਜ ਰੀਜ ਡੇਵਿਡਸ ਦੇ ਹਵਾਲੇ ਖ਼ੂਬ ਦਿੰਦੇ ਰਹਿੰਦੇ ਹਨ। ਪਰ ਇਹਨਾਂ ਹਵਾਲਿਆਂ ਨਾਲ ਉਹ ਖ਼ੁਦ ਤੇ ਪਾਠਕ ਕਿਸੇ ਨਤੀਜੇ ਉੱਤੇ ਨਹੀਂ ਪਹੁੰਚਦੇ—'ਚੂੰਕਿ' ਇਹ ਵਿਦੇਸ਼ੀ ਲੇਖਕ ਖ਼ੁਦ ਨਹੀਂ ਪਹੁੰਚੇ ਹੁੰਦੇ। ਉਦਾਹਰਨ ਲਈ ਅਰਵਿੰਦ ਘੋਸ਼ ਨੇ 'ਵਿਜ਼ਨ ਆਫ ਇੰਡੀਆ' ਵਿਚ ਆਪਣੇ ਇਤਿਹਾਸਕ ਸੰਦਰਭ ਵਿਚ ਮੇਘਦੂਤ ਦੀ ਬੜੀ ਯੋਗ ਵਿਆਖਿਆ ਕੀਤੀ ਹੈ। ਉਹਨਾਂ ਲਿਖਿਆ ਹੈ ਕਿ 'ਉਸ ਸਮੇਂ ਦੇਸ਼ ਦਾ ਏਕੀਕਰਣ ਹੋ ਰਿਹਾ ਸੀ ਤੇ ਯਕਸ਼ ਬੱਦਲ ਨੂੰ ਜਿਹੜਾ ਸੁਨੇਹਾ ਦੇਂਦਾ ਹੈ ਉਸ ਵਿਚ ਦੱਖਣ ਤੋਂ ਉਤਰ ਤਕ ਭਾਰਤ ਦੀਆਂ ਨਦੀਆਂ, ਪਹਾੜਾਂ, ਮੈਦਾਨਾਂ ਤੇ ਰੁੱਤਾਂ ਦਾ ਵਰਨਣ ਕਰਕੇ ਦੇਸ਼ ਦੀ ਮਹਾਨਤਾ, ਵਿਸ਼ਾਲਤਾ ਤੇ ਸੁੰਦਰਤਾ ਨੂੰ ਸਾਕਾਰ ਕਰ ਦਿੱਤਾ ਹੈ ਤੇ ਕਾਲੀਦਾਸ ਨੇ ਏਕੀਕਰਣ ਦੀ ਪ੍ਰਕ੍ਰਿਆ ਵਿਚ ਸਹਾਇਤਾ ਕੀਤਾ ਹੈ।'
ਇਕ ਇਤਿਹਾਸਕ ਪ੍ਰਕ੍ਰਿਆ ਸਿਰਫ ਆਪਣੇ ਸਮੇਂ ਵਿਚ ਹੀ ਨਹੀਂ ਆਉਣ ਵਾਲੇ ਸਮਿਆਂ ਵਿਚ ਵੀ ਸਮਾਜਿਕ ਜੀਵਨ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ। ਇਸ ਲਈ ਵਰਤਮਾਨ ਤੇ ਭਵਿੱਖ ਦੀਆਂ ਕੁਝ ਸਮੱਸਿਆਵਾਂ ਇਤਿਹਾਸ ਦੀ ਦੇਣ ਹੁੰਦੀਆਂ ਹਨ, ਜਿਹੜੀਆਂ ਅਤੀਤ ਦੀ ਸਹੀ ਸਮਝ ਹੋਣ 'ਤੇ ਹੀ ਹੱਲ ਹੋ ਸਕਦੀਆਂ ਹਨ। ਪਰ ਜੇ ਅਤੀਤ ਦਾ ਵਿਸ਼ਲੇਸ਼ਣ ਅਵਿਗਿਆਨਕ ਤੇ ਸਮਝ ਗਲਤ ਹੋਵੇ ਤਾਂ ਸਮੱਸਿਆਵਾਂ ਸੁਲਝਣ ਦੀ ਬਜਾਏ ਉਲਝ ਜਾਂਦੀਆਂ ਹਨ, ਭਰਮ ਫੈਲਦੇ ਹਨ ਤੇ ਸਮੁੱਚੇ ਰਾਸ਼ਟਰ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਵਾਹਰ ਲਾਲ ਨੇ ਸਮੱਸਿਆਵਾਂ ਨੂੰ ਸੁਲਝਾਉਣ ਦੀ ਬਜਾਏ ਉਲਟਾ ਉਲਝਾ ਦਿੱਤਾ ਹੈ। ਉਦਾਹਰਨ ਦੇਖੋ, ਲਿਖਿਆ ਹੈ...:
“ਔਰੰਗਜੇਬ ਆਪਣੇ ਮੌਜ਼ੂਦਾ ਜ਼ਮਾਨੇ ਨੂੰ ਵੀ ਨਹੀਂ ਸਮਝ ਸਕਿਆ, ਉਹ ਉਲਟੀ ਚਾਲ ਚੱਲਣ ਵਾਲਾ ਆਦਮੀ ਸੀ ਤੇ ਉਸਨੇ ਆਪਣੀ ਸਾਰੀ ਕਾਬਲੀਅਤ ਤੇ ਉਤਸਾਹ ਦੇ ਬਾਵਜੂਦ ਆਪਣੇ ਵਡੇਰਿਆਂ ਦੇ ਕੰਮ ਨੂੰ ਮਿਟਾਅ ਦੇਣ ਦੀ ਕੋਸ਼ਿਸ਼ ਕੀਤੀ। ਉਹ ਕੱਟੜ ਤੇ ਰੁੱਖਾ ਆਦਮੀ ਸੀ ਤੇ ਉਸਨੂੰ ਕਲਾ ਤੇ ਸਾਹਿਤ ਨਾਲ ਕੋਈ ਪ੍ਰੇਮ ਨਹੀਂ ਸੀ। ਹਿੰਦੂਆਂ ਉੱਤੇ ਪੁਰਾਣਾ ਤੇ ਘਿਰਣਿਤ ਜਜੀਆ ਟੈਕਸ ਲਾ ਕੇ ਤੇ ਉਹਨਾਂ ਦੇ ਬਹੁਤ ਸਾਰੇ ਮੰਦਰਾਂ ਨੂੰ ਤੁੜਵਾ ਕੇ ਉਸਨੇ ਆਪਣੀ ਬਹੁਤ ਵੱਡੀ ਰਿਆਇਆ ਨੂੰ ਨਾਰਾਜ਼ ਕਰ ਲਿਆ। ਉਸਨੇ ਸਵੈਮਾਨੀ ਰਾਜਪੂਤਾਂ ਨੂੰ ਵੀ, ਜਿਹੜੇ ਮੁਗ਼ਲ ਸਲਤਨਤ ਦੇ ਖੰਭੇ ਸਨ, ਨਾਰਾਜ਼ ਕਰ ਦਿੱਤਾ। ਉਤਰ ਵਿਚ ਸਿੱਖ ਉਠ ਖੜ੍ਹੇ ਹੋਏ, ਜਿਹੜੇ ਹਿੰਦੂ ਤੇ ਮੁਸਲਮਾਨੀ ਵਿਚਾਰਾਂ ਦੀ ਇਕ ਸਮਾਨ ਨੁਮਾਇੰਦਗੀ ਕਰਨ ਵਾਲੇ ਲੋਕ ਸਨ, ਪਰ ਜਿਹਨਾਂ ਨੇ ਦਮਨ ਤੋਂ ਬਚਣ ਵਾਸਤੇ ਇਕ ਫੌਜੀ ਬਿਰਾਦਰੀ ਬਣਾ ਲਈ ਸੀ। ਹਿੰਦੁਸਤਾਨ ਦੇ ਪੱਛਮੀ ਤਟ ਦੇ ਕਿਨਾਰੇ ਦੇ ਨੇੜ-ਤੇੜ ਦੇ ਯੋਧਾ ਮਰਾਠਿਆਂ ਨੂੰ ਵੀ ਉਸ ਨੇ ਨਾਰਾਜ਼ ਕਰ ਲਿਆ, ਜਿਹੜੇ ਪ੍ਰਾਚੀਣ ਰਾਸ਼ਟਰਕੂਟਾਂ ਦੇ ਵੰਸ਼ਜ ਸਨ ਤੇ ਜਿਹਨਾਂ ਵਿਚ ਉਸ ਸਮੇਂ ਇਕ ਚਮਤਕਾਰੀ ਸੈਨਾ-ਨਾਇਕ ਪੈਦਾ ਹੋ ਚੁੱਕਿਆ ਸੀ।”
ਇਹ ਉਹੀ ਦਲੀਲਾਂ ਹਨ, ਜਿਹੜੀਆਂ ਅੰਗਰੇਜ਼ਾਂ ਨੇ ਸਕੂਲੀ ਕਿਤਾਬਾਂ ਵਿਚ ਹਿੰਦੂ-ਮੁਸਲਮਾਨਾਂ ਵਿਚ ਨਫ਼ਰਤ ਫੈਲਉਣ ਲਈ ਸ਼ਾਮਿਲ ਕੀਤੀਆਂ ਹੋਈਆਂ ਸਨ। ਨਵੀਂ ਗੱਲ ਜੇ ਕੋਈ ਹੈ ਤਾਂ ਇਹ ਹੈ ਕਿ ਸਿੱਖਾਂ ਨੂੰ ਹਿੰਦੂ ਤੇ ਮੁਸਲਮਾਨੀ ਵਿਚਾਰਾਂ ਦੀ ਸਮਾਨਤਾ ਦੀ ਨੁਮਾਇੰਦਗੀ ਕਰਨ ਵਾਲੇ ਕਿਹਾ ਗਿਆ ਹੈ। ਜਿਸ ਵਿਚ ਕੋਈ ਤਰਕ ਨਹੀਂ, ਕੋਈ ਠੋਸ ਆਧਾਰ ਨਹੀਂ। ਮਰਾਠਿਆਂ ਵਿਚ ਜਿਹੜਾ 'ਚਮਤਕਾਰੀ ਸੈਨਾ-ਨਾਇਕ' ਪੈਦਾ ਹੋ ਚੁੱਕਿਆ ਸੀ, ਉਸਦੇ ਬਾਰੇ ਅੱਗੇ ਲਿਖਿਆ ਹੈ...:
“ਸ਼ਿਵਾਜੀ ਉਭਰਦੀ ਹੋਈ ਹਿੰਦੂ ਰਾਸ਼ਟਰੀਤਾ ਦਾ ਪ੍ਰਤੀਕ ਸੀ ਤੇ ਪੁਰਾਣੇ ਸਾਹਿਤ ਤੋਂ ਪ੍ਰੇਰਣਾ ਪ੍ਰਾਪਤ ਕਰਦਾ ਸੀ, ਉਹ ਦਲੇਰ ਸੀ ਤੇ ਉਸਦੇ ਨੇਤਰਿਤਵ ਵਿਚ ਬੜੇ ਗੁਣ ਸਨ। ਉਸਨੇ ਮਰਾਠਿਆਂ ਨੂੰ ਇਕ ਮਜ਼ਬੂਤ ਤੇ ਸੰਗਠਿਤ ਫੌਜੀ ਦਲ ਦਾ ਰੂਪ ਦਿੱਤਾ, ਉਹਨਾਂ ਨੂੰ ਇਕ ਕੌਮੀ ਭੂਮਿਕਾ ਦਿੱਤੀ ਤੇ ਅਜਿਹੀ ਤਾਕਤ ਬਣਾ ਦਿੱਤਾ, ਜਿਸਨੇ ਮੁਗ਼ਲ ਸਲਤਨਤ ਨੂੰ ਹਿਲਾਅ ਦਿੱਤਾ।”
ਹਿੰਦੁਸਤਾਨ ਭਿੰਨ-ਭਿੰਨ ਜਾਤੀਆਂ ਵਾਲਾ ਵਿਸ਼ਾਲ ਦੇਸ਼ ਹੈ ਤੇ ਹਰੇਕ ਜਾਤੀ ਦਾ ਆਪਣਾ ਇਕ ਵਿਸ਼ੇਸ਼ ਸਭਿਆਚਾਰਕ ਚਰਿੱਤਰ ਹੈ। ਅਕਬਰ, ਜਹਾਂਗੀਰ ਤੇ ਸ਼ਾਹਜਹਾਂ ਦੇ ਜ਼ਮਾਨੇ ਵਿਚ ਜਿੱਥੇ ਉਦਯੋਗ-ਧੰਦਿਆਂ ਦੀ ਤੱਰਕੀ ਹੋ ਰਹੀ ਸੀ ਤੇ ਵਪਾਰ ਵਧ ਰਿਹਾ ਸੀ, ਉੱਥੇ ਇਹਨਾਂ ਜਾਤੀਆਂ ਦਾ ਸਭਿਆਚਾਰਕ ਚਰਿੱਤਰ ਵੀ ਵਿਕਸਿਤ ਹੋ ਰਿਹਾ ਸੀ। ਪਰ ਔਰੰਗਜ਼ੇਬ ਦੇ ਜ਼ਮਾਨੇ ਵਿਚ ਸਾਮੰਤੀ ਅਰਥ-ਵਿਵਸਥਾ ਵਿਚ ਇਸਦੇ ਹੋਰ ਵਿਕਸਿਤ ਹੋਣ ਦੀ ਸੰਭਾਵਨਾ ਸਮਾਪਤ ਹੋ ਗਈ ਸੀ। ਇਸ ਲਈ ਇਸ ਅਰਥ-ਵਿਵਸਥਾ ਵਿਰੁੱਧ ਜਾਤੀਆਂ ਦੇ ਵਿਦਰੋਹ ਸਮੇਂ ਦੀ ਮੰਗ ਸਨ। ਜੇ ਮਰਾਠਿਆਂ ਦੇ ਵਿਦਰੋਹ ਨੂੰ ਹਿੰਦੂ ਰਾਸ਼ਟਰੀਤਾ ਦਾ ਨਾਂ ਦਿੱਤਾ ਜਾਵੇ, ਤਾਂ ਜਾਟਾਂ ਤੇ ਸਿੱਖਾਂ ਦੇ ਵਿਦਰੋਹ ਨੂੰ ਕੀ ਕਿਹਾ ਜਾਵੇਗਾ? ਤੇ ਖੁਸ਼ਹਾਲ ਖ਼ਾਂ ਖਟਕ ਦੀ ਰਾਹਨੁਮਾਈ ਵਿਚ ਪਠਾਨਾਂ ਨੇ ਔਰੰਗਜ਼ੇਬ ਦੇ ਵਿਰੁੱਧ ਜਿਹੜੀ ਬਗ਼ਾਵਤ ਕੀਤੀ ਸੀ, ਉਹ ਕਿਹੜੀ ਰਾਸ਼ਟਰੀਤਾ ਦਾ ਵਿਦਰੋਹ ਸੀ? ਇਹ ਠੀਕ ਹੈ ਇਹਨਾਂ ਵਿਦਰੋਹਾਂ ਪਿੱਛੇ ਜਾਤੀਵਾਦ ਦੀ ਜਿਹੜੀ ਭਾਵਨਾ ਸੀ, ਉਸ ਵਿਚ ਧਾਰਮਿਕ ਤੇ ਸਾਮੰਤੀ ਤੱਤ ਵੀ ਸ਼ਾਮਿਲ ਸੀ। ਪਰ ਪੁਰਾਣੀ ਸਾਮੰਤੀ ਅਰਥ-ਵਿਵਸਥਾ ਦੇ ਟੁੱਟਣ ਤੇ ਨਵੀਂ ਪੂੰਜੀਵਾਦੀ ਵਿਵਸਥਾ ਦਾ ਉਸਦਾ ਸਥਾਨ ਲੈਣ ਦੀ ਇਤਿਹਾਸਕ ਪ੍ਰਕ੍ਰਿਆ ਦੀ ਇਹ ਸਿਰਫ ਇਕ ਧੁੰਦਲੀ ਜਿਹੀ ਸ਼ੁਰੂਆਤ ਸੀ। ਜੇ ਵਿਦੇਸ਼ੀ ਦਖ਼ਲ ਇਸ ਪ੍ਰਕ੍ਰਿਆ ਨੂੰ ਵਿਚਕਾਰ ਹੀ ਨਾ ਰੋਕ ਦਿੰਦਾ ਤਾਂ ਇਹ ਸੰਘਰਸ਼ ਲੰਮਾਂ, ਬਹੁਤ ਲੰਮਾਂ ਚੱਲਦਾ ਤੇ ਇਸ ਸੰਘਰਸ਼ ਵਿਚ ਨਾ ਸਿਰਫ ਸਾਮੰਤੀ ਵਿਵਸਥਾ ਬਲਕਿ ਉਸਦਾ ਸਮਾਜਿਕ ਢਾਂਚਾ—ਇਹ ਕਰੂਰ ਵਰਣ-ਵਿਵਸਥਾ ਵੀ ਸਮਾਪਤ ਹੋ ਜਾਂਦੀ ਤੇ ਉਸਦੇ ਖੰਡਰਾਂ ਉਪਰ ਇਕ ਸੁੰਦਰ, ਨਰੋਏ ਤੇ ਵਿਗਿਆਨਕ ਵਿਚਾਰਾਂ ਵਾਲੇ ਭਾਰਤ ਦਾ ਨਿਰਮਾਣ ਹੁੰਦਾ।
ਇਤਿਹਾਸ ਦੀ ਇਸ ਭੌਤਿਕ ਵਿਆਖਿਆ ਦੀ ਬਜਾਏ, ਜਵਾਹਰ ਲਾਲ ਨੇ ਵਿਆਖਿਆ ਦਾ, ਜਿਹੜਾ ਨਿੱਜੀ ਢੰਗ ਅਪਣਾਇਆ, ਉਸ ਨਾਲ ਪ੍ਰਗਤੀਵਾਦ ਦੀਆਂ ਨਹੀਂ ਪ੍ਰਤੀਕ੍ਰਿਆਵਾਦ ਦੀਆਂ ਸ਼ਕਤੀਆਂ ਨੂੰ ਹੀ ਬਲ ਮਿਲਿਆ ਹੈ। ਵੈਸੇ ਇਹ ਨਿੱਜੀ ਢੰਗ ਉਹਨਾਂ ਦੇ ਵਰਗ ਸੁਭਾਅ ਤੇ ਗਾਂਧੀ ਦੀ ਪ੍ਰਤੀਕ੍ਰਿਆਵਾਦੀ ਨੀਤੀ ਦੇ ਅਨੁਕੂਲ ਹੀ ਸੀ ਤੇ ਉਹ ਆਪਣੇ ਇਸ ਨਿੱਜੀ ਢੰਗ ਦੇ ਦੋਸ਼ਾਂ ਤੇ ਖ਼ੂਬੀਆਂ ਨੂੰ ਖ਼ੂਬ ਚੰਗੀ ਤਰ੍ਹਾਂ ਸਮਝਦੇ ਸਨ। ਇਸ ਲਈ ਕਿਤਾਬ ਦੇ ਅੰਤਿਮ ਸਫਿਆਂ ਵਿਚ ਲਿਖਿਆ ਹੈ...:
“ਜਿਸ ਤਰ੍ਹਾਂ ਕਿਸੇ ਵਿਅਕਤੀ ਦੀਆਂ ਆਸਾਂ ਤੇ ਸ਼ੰਕਿਆਂ ਵਿਚ ਸਹੀ ਸਮਤੋਲ ਸਮਝ ਲੈਣਾ ਮੁਸ਼ਕਿਲ ਹੈ, ਉਸੇ ਤਰ੍ਹਾਂ ਕਿਸੇ ਆਦਮੀ ਦੇ ਖ਼ਿਆਲਾਂ ਉਪਰ ਉਸਦੀਆਂ ਖ਼ਵਾਹਿਸਾਂ (ਇੱਛਾਵਾਂ) ਦੀ ਛਾਪ ਰੋਕਣਾ ਵੀ ਮੁਸ਼ਕਿਲ ਹੈ। ਸਾਡੀਆਂ ਖ਼ਵਾਹਿਸ਼ਾਂ ਅਜਿਹੀਆਂ ਦਲੀਲਾਂ ਦੀ ਤਲਾਸ਼ ਵਿਚ ਰਹਿੰਦੀਆਂ ਹਨ, ਜਿਹੜੀਆਂ ਉਹਨਾਂ ਦੇ ਮਾਫ਼ਿਕ (ਅਨੁਕੂਲ) ਹੋਣ ਤੇ ਉਹ ਉਹਨਾਂ ਸੱਚਾਈਆਂ ਜਾਂ ਦਲੀਲਾਂ ਨੂੰ, ਜਿਹੜੀਆਂ ਉਹਨਾਂ ਨਾਲ ਮੇਲ ਨਾ ਖਾਂਦੀਆਂ ਹੋਣ, ਨਕਾਰਨ ਦੀ ਕੋਸ਼ਿਸ਼ ਕਰਦੀਆਂ ਹਨ। ਮੈਂ ਉਸ ਸਮਤੋਲ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਕਿ ਮੈਂ ਚੀਜਾਂ ਨੂੰ ਸਹੀ ਢੰਗ ਨਾਲ ਦੇਖ ਸਕਾਂ ਤੇ ਕੰਮ ਲਈ ਸਹੀ ਬੁਨਿਆਦ ਲੱਭ ਲਵਾਂ, ਫੇਰ ਵੀ ਮੈਂ ਜਾਣਦਾ ਹਾਂ ਕਿ ਮੈਂ ਕਾਮਯਾਬੀ ਤੋਂ ਕਿੰਨਾ ਦੂਰ ਹਾਂ ਤੇ ਉਹਨਾਂ ਵਿਚਾਰਾਂ ਤੇ ਭਾਵਨਾਵਾਂ ਤੋਂ, ਜਿਹਨਾਂ ਨੇ ਮੈਨੂੰ ਬਣਾਇਆ ਹੈ ਤੇ ਜਿਹੜੀਆਂ ਨੇ ਆਪਣੀ ਅਦ੍ਰਿਸ਼ ਵਾੜ ਨਾਲ ਮੈਨੂੰ ਘੇਰਿਆ ਹੋਇਆ ਹੈ, ਛੁਟਕਾਰਾ ਨਹੀਂ ਪਾ ਸਕਦਾ।”
ਇਸ ਆਤਮ ਮਨੌਤੀ ਦੇ ਬਾਵਜੂਦ ਜਵਾਹਰ ਲਾਲ ਨੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਪ੍ਰਤੀਕ੍ਰਿਆਵਾਦ ਦੀ ਬੜੀ ਵੱਡੀ ਸੇਵਾ ਕੀਤੀ, ਇਸੇ ਲਈ ਜਦੋਂ ਤਕ ਸੰਭਵ ਹੋ ਸਕੇਗਾ, ਉਹ ਉਸਨੂੰ ਹੀਰੋ ਬਣਾਈ ਰੱਖੇਗਾ ਤੇ ਉਹਦੀ ਹਰ ਗੱਲ ਦੀ ਤਾਰੀਫ ਕਰੇਗਾ। ਉਦਾਹਰਨ ਲਈ ਜਵਾਹਰ ਲਾਲ ਦੀ ਮੌਤ ਪਿੱਛੋਂ ਇਕ ਭਾਰਤੀ ਪ੍ਰਕਾਸ਼ਕ ਦੁਆਰਾ 'ਪ੍ਰੋਫਾਇਲ ਆਫ ਨਹਿਰੂ' ਨਾਂ ਦੀ ਇਕ ਅਮਰੀਕੀ ਪੁਸਤਕ ਛਾਪੀ ਗਈ। ਉਸ ਵਿਚ ਇਕ ਲੇਖ ਉਹਨਾਂ ਦੀਆਂ ਇਤਿਹਾਸਕ ਰਚਨਾਵਾਂ ਬਾਰੇ ਵੀ ਹੈ, ਜਿਸ ਵਿਚ ਲੇਖਕ ਨੇ ਸਰਬਭੌਮਿਕਤਾ, ਨੈਤਿਕਤਾ ਤੇ ਬੂੱਧੀਵਾਦ ਦੇ ਨੁਕਤੇ ਲੱਭ ਲਏ ਹਨ ਤੇ ਅੰਤ ਵਿਚ ਲਿਖਿਆ ਹੈ ਕਿ “ਨਹਿਰੂ ਆਪਣੇ ਇਤਿਹਾਸ ਦੇ ਦਰਸ਼ਨ ਵਿਚ ਮਾਨਵਤਾ ਦਾ ਤੇ ਉਸਦੇ ਬੱਬਰਤਾ ਤੋਂ ਸਭਿਅਤਾ ਤਕ ਦੇ ਵਿਕਾਸ ਦਾ ਪ੍ਰਵਕਤਾ ਹੈ।”
ਇਸੇ ਤਰ੍ਹਾਂ ਸੋਧਵਾਦੀ ਰੂਸੀਆਂ ਦੀ ਛਾਪੀ ਇਕ ਕਿਤਾਬੜੀ 'ਨਹਿਰੂ ਕੀ ਸਮ੍ਰਿਤੀ ਮੇਂ' ਵਿਚ ਵੀ-'ਜਵਾਹਰ ਲਾਲ ਨਹਿਰੂ ਇਤਿਹਾਸਕਾਰ ਕੇ ਰੂਪ ਮੇਂ' ਇਕ ਲੇਖ ਹੈ, ਜਿਸਦੇ ਅੰਤ ਵਿਚ ਕਿਹਾ ਗਿਆ ਹੈ...:
“ਨਹਿਰੂ ਦੇ ਇਤਿਹਾਸਕ ਗੰਥ ਉਹਨਾਂ ਦੇ ਪ੍ਰਗਤੀਸ਼ੀਲ ਇਤਿਹਾਸਕ ਦ੍ਰਿਸ਼ਟੀਕੋਣ ਦਾ ਸਪਸ਼ਟ ਪ੍ਰਮਾਣ ਹਨ। ਉਹਨਾਂ ਦੇ ਵਿਗਿਆਨਕ ਵਿਚਾਰਾਂ ਤੇ ਬੁਨਿਆਦੀ ਰਾਜਨੀਤਕ ਪ੍ਰਵਿਰਤੀਆਂ ਤੇ ਜਨਤੰਤਰਿਕ ਕ੍ਰਿਆਕਲਾਪਾਂ ਵਿਚ, ਜਿਹੜੇ ਉਹਨਾਂ ਨੂੰ ਭਾਰਤ ਦੀ ਸੁਤੰਤਰਤਾ ਦੇ ਅਕੱਥ ਯੋਧਾ ਤੇ ਸੰਪ੍ਰਦਾਇਵਾਦ ਤੇ ਜਾਤੀਵਾਦ ਦੇ ਪ੍ਰਬਲ ਵਿਰੋਧੀ ਦੇ ਰੂਪ ਵਿਚ ਚਿੱਤਰਦੇ ਹਨ, ਇਕ ਨਿਸ਼ਚਿਤ ਸੰਬੰਧ ਦਰਸ਼ਾਉਂਦੇ ਹਨ।”
  –––   –––   –––   ––– 

1 comment: