Sunday, June 19, 2011

ਸਵਦੇਸ਼ ਵਾਪਸੀ :

    ਸਵਦੇਸ਼ ਵਾਪਸੀ

 

ਜਵਾਹਰ ਲਾਲ ਨੇ ਸਵਦੇਸ਼ ਆ ਕੇ ਹਾਈ ਕੋਰਟ ਵਿਚ ਵਕਾਲਤ ਸ਼ੁਰੂ ਕਰ ਲਈ। ਸ਼ੁਰੂ-ਸ਼ੁਰੂ ਵਿਚ ਦੋ-ਤਿੰਨ ਮਹੀਨੇ ਮੇਲ-ਮੁਲਾਕਾਤਾਂ ਤੇ ਪੁਰਾਣੇ ਸੰਬੰਧਾਂ ਨੂੰ ਬਹਾਲ ਕਰਨ ਵਿਚ ਬੜੇ ਮਜ਼ੇ ਨਾਲ ਬੀਤੇ, ਪਰ ਹੌਲੀ-ਹੌਲੀ ਜੀਵਨ ਬੇਕਾਰ, ਉਦੇਸ਼ਹੀਣ ਤੇ ਰਸਹੀਣ ਲੱਗਣ ਲੱਗ ਪਿਆ। ਕਾਰਣ ਉਹ ਖ਼ੁਦ ਹੀ ਦੱਸਦੇ ਹਨ : “ਇੰਗਲੈਂਡ ਦੀ ਆਪਣੀ ਸੱਤ ਸਾਲ ਦੀ ਜ਼ਿੰਦਗੀ ਵਿਚ ਮੇਰੀਆਂ ਜਿਹੜੀਆਂ ਆਦਤਾਂ ਤੇ ਜਿਹੜੀਆਂ ਭਾਵਨਾਵਾਂ ਬਣ ਗਈਆਂ ਸਨ, ਉਹ, ਜੋ ਕੁਛ ਮੈਂ ਇੱਥੇ ਦੇਖਦਾ ਸਾਂ ਉਹਨਾਂ ਨਾਲ ਮੇਲ ਨਹੀਂ ਸੀ ਖਾਂਦੀਆਂ। ਤਕਦੀਰ ਵੱਸ ਮੇਰੇ ਘਰ ਦਾ ਵਾਤਾਵਰਣ ਬੜਾ ਅਨੁਕੂਲ ਸੀ ਤੇ ਉਸ ਨਾਲ ਕੁਛ ਸ਼ਾਂਤੀ ਮਿਲਦੀ ਸੀ। ਪਰ ਓਨਾਂ ਕਾਫੀ ਨਹੀਂ ਸੀ। ਉਸ ਪਿੱਛੋਂ ਤਾਂ ਉਹੀ ਲਾਇਬਰੇਰੀ, ਉਹੀ ਕਲੱਬ ਤੇ ਦੋਹੀਂ ਥਾਈਂ ਉਹੀ ਸਾਥੀ, ਜਿਹੜੇ ਉਹਨਾਂ ਪੁਰਾਣੇ ਵਿਸ਼ਿਆਂ ਉਪਰ—ਆਮ ਤੌਰ 'ਤੇ ਕਾਨੂੰਨੀ ਪੇਸ਼ੇ ਸੰਬੰਧੀ ਹੀ—ਮੁੜ-ਮੁੜ ਉਹੀ ਗੱਲਾਂ ਛੇੜੀ ਰੱਖਦੇ ਸਨ। ਸ਼ੱਕ ਨਹੀਂ ਕਿ ਇਹ ਮਾਹੌਲ ਅਜਿਹਾ ਨਹੀਂ ਸੀ ਜਿਸ ਵਿਚ ਬੁੱਧੀ ਨੂੰ ਕੁਛ ਗਤੀ ਜਾਂ ਤਾਜ਼ਗੀ ਮਿਲੇ, ਤੇ ਮੇਰਾ ਜੀਵਨ ਬਿਲਕੁਲ ਰਸਹੀਣ ਹੁੰਦਾ ਜਾ ਰਿਹਾ ਸੀ। ਦੱਸਣ ਲਈ ਵੀ ਕੋਈ ਖੁਸ਼ੀ ਜਾਂ ਖੇੜੇ ਵਾਲੀ ਗੱਲ ਨਹੀਂ ਸੀ ਉਸ ਵਿਚ।”
ਜਵਾਹਰ ਲਾਲ ਨੂੰ ਜਿਹੜਾ ਪਹਿਲਾ ਮੁਕੱਦਮਾ ਮਿਲਿਆ, ਉਸਦੀ ਫੀਸ ਪੰਜ ਸੌ ਰੁਪਏ ਮਿਲੀ। ਇਸ ਸੰਬੰਧ ਵਿਚ ਮੋਤੀਲਾਲ ਨਹਿਰੂ ਦਾ ਇਕ ਖ਼ਤ ਦੇਖੋ, ਜਿਹੜਾ ਉਹਨਾਂ 21 ਅਕਤੂਬਰ 1912 ਨੂੰ ਆਪਣੇ ਪੁੱਤਰ ਨੂੰ ਲਿਖਿਆ ਸੀ...:
“ਪਿਆਰੇ ਜਵਾਹਰ,
ਇਕ ਅਤੀ ਜੁਸ਼ੀਲੇ ਮੁਵਕਿੱਲ ਨੇ ਤੈਨੂੰ ਫੀਸ ਦੇ ਰੂਪ ਵਿਚ 500 ਰੁ. ਦਾ ਮਨੀਆਡਰ ਭੇਜਿਆ ਹੈ ਤੇ ਇਹ ਮਨਸੂਰੀ ਵਿਚ ਤੇਰੇ ਕੋਲ ਵੀ ਹਾਜ਼ਰ ਹੋਏਗਾ। ਤੇਰੇ ਪਿਤਾ ਨੂੰ ਜਿਹੜੀ ਪਹਿਲੀ ਫੀਸ ਮਿਲੀ ਸੀ, ਉਹ 5 ਰੁ. ਸੀ। ਇਸ ਤੋਂ ਸਪਸ਼ਟ ਹੈ ਕਿ ਤੂੰ ਆਪਣੇ ਪਿਤਾ ਨਾਲੋਂ ਸੌ ਗੁਣਾ ਵੱਧ ਹੈਂ। ਮੇਰੀ ਇੱਛਾ ਹੁੰਦੀ ਹੈ ਕਿ ਮੈਂ ਆਪਣੇ ਬਜਾਏ ਆਪਣਾ ਪੁੱਤਰ ਹੁੰਦਾ। ਇਸ ਮੁਵਕਿੱਲ ਦਾ ਨਾਂ ਰਾਵ ਮਹਾਰਾਜ ਸਿੰਘ ਹੈ। ਉਹ ਕਾਸਗੰਜ ਦੇ ਹਨ। ਹਾਈ ਕੋਰਟ ਵਿਚ ਉਹਨਾਂ ਦੇ ਕਈ ਮੁਕੱਦਮੇ ਹਨ ਤੇ ਮੈਨੂੰ ਨਹੀਂ ਪਤਾ ਕਿ ਉਹਨਾਂ ਵਿਚੋਂ ਕਿਹੜੇ ਲਈ ਉਹ ਤੈਨੂੰ ਕਰਨਾ ਚਾਹੁੰਦੇ ਹਨ। ਪਰ ਇਹ ਧਨ ਤੇਰਾ ਹੈ ਤੇ ਤੇਰੀ ਮਾਤਾਜੀ ਨੂੰ ਖੁਸ਼ੀ ਹੈ ਕਿ ਤੈਨੂੰ ਇਹ ਪਹਿਲੀ ਫੀਸ ਦੇ ਰੂਪ ਵਿਚ ਮਿਲਿਆ ਹੈ। ਇੰਜ ਤਾਂ ਇਹ ਗੱਲ ਉਸ ਆਦਮੀ ਲਈ ਦੋਹਰੀ ਖੁਸ਼ੀ ਵਾਲੀ ਹੋ ਗਈ, ਜਿਸਨੇ 5 ਰੁ. ਫੀਸ ਤੋਂ ਸ਼ੁਰੂ ਕੀਤਾ ਸੀ।
        —ਤੇਰਾ ਪਿਆਰਾ ਪਿਤਾ”
ਇਸੇ ਸਾਲ ਕਾਂਗਰਸ ਦਾ ਸਾਲਾਨਾ ਇਜਲਾਸ ਬਾਂਕੀਪੁਰ ਵਿਚ ਹੋਇਆ। ਜਵਾਹਰ ਲਾਲ ਨੇ ਡੈਲੀਗੇਟ ਦੀ ਹੈਸੀਅਤ ਨਾਲ ਉਸ ਵਿਚ ਭਾਗ ਲਿਆ ਤੇ 'ਮੇਰੀ ਕਹਾਣੀ' ਵਿਚ ਉਸਦਾ ਇਹ ਚਿੱਤਰ ਪੇਸ਼ ਕੀਤਾ ਹੈ...:
“ਬਹੁਤ ਹੱਦ ਤਕ ਉਹ ਅੰਗਰੇਜ਼ੀ ਜਾਣਨ ਵਾਲੇ ਉੱਚ ਸ਼੍ਰੇਣੀ ਦੇ ਲੋਕਾਂ ਦਾ ਉਤਸਵ ਸੀ, ਜਿੱਥੇ ਸਵੇਰੇ ਪਾਏ ਜਾਣ ਵਾਲੇ ਕੋਟ ਤੇ ਵਧੀਆ ਇਸਤਰੀ ਕੀਤੀਆਂ ਹੋਈਆਂ ਪਤਲੂਨਾਂ ਬੜੀਆਂ ਦਿਖਾਈ ਦਿੰਦੀਆਂ ਸਨ। ਸੋ ਉਹ ਇਕ ਸਾਮਾਜਿਕ ਉਤਸਵ ਸੀ, ਜਿਸ ਵਿਚ ਕਿਸੇ ਕਿਸਮ ਦੀ ਰਾਜਨੀਤਕ ਗਰਮਾ-ਗਰਮੀ ਨਹੀਂ ਸੀ। ਗੋਖ਼ਲੇ, ਜਿਹੜੇ ਪਿੱਛੇ ਜਿਹੇ ਹੀ ਅਫ਼ਰੀਕਾ ਤੋਂ ਵਾਪਸ ਆਏ ਸਨ, ਉਹਨਾਂ ਵਿਚ ਹਾਜ਼ਰ ਸਨ। ਉਸ ਇਜਲਾਸ ਦੇ ਪ੍ਰਮੁੱਖ ਵਿਅਕਤੀ ਉਹੀ ਸਨ। ਉਹਨਾਂ ਦਾ ਪ੍ਰਤਾਪੀ ਚਿਹਰਾ-ਮੋਹਰਾ, ਉਹਨਾਂ ਦੀ ਸੱਚਾਈ, ਉਹਨਾਂ ਦੀ ਸ਼ਕਤੀ ਕਾਰਣ ਉੱਥੇ ਆਏ ਹੋਏ ਉਹਨਾਂ ਥੋੜ੍ਹੇ-ਜਿਹੇ ਵਿਅਕਤੀਆਂ ਵਿਚ ਉਹੀ ਇਕ ਅਜਿਹੇ ਜਾਪਦੇ ਸਨ, ਜਿਹੜੇ ਰਾਜਨੀਤਕ ਮਾਮਲਿਆਂ ਉੱਤੇ ਸੰਜੀਦਗੀ ਨਾਲ ਵਿਚਾਰ ਕਰਦੇ ਸਨ ਤੇ ਉਹਨਾਂ ਬਾਰੇ ਸੋਚਦੇ ਸਨ। ਮੇਰੇ ਉੱਤੇ ਉਹਨਾਂ ਦਾ ਬੜਾ ਪ੍ਰਭਾਵ ਪਿਆ।”
ਜਵਾਹਰ ਲਾਲ ਨੇ ਕਾਂਗਰਸ ਦਾ ਜਿਹੜਾ ਚਰਿੱਤਰ ਪੇਸ਼ ਕੀਤਾ ਹੈ, ਗੋਖ਼ਲੇ ਦਾ ਚਰਿੱਤਰ ਉਸ ਨਾਲੋਂ ਯਕਦਮ ਭਿੰਨ ਹੈ। ਕੀ ਸੰਸਥਾ ਤੇ ਨੇਤਾ ਦੇ ਚਰਿੱਤਰ ਵਿਚ ਏਨਾ ਅੰਤਰ ਸੰਭਵ ਹੈ? ਕੀ ਗੋਖ਼ਲੇ ਦੇ ਪ੍ਰਤਾਪੀ ਚਿਹਰੇ-ਮੋਹਰੇ, ਉਸਦੀ ਸੱਚਾਈ ਤੇ ਸ਼ਕਤੀ ਦੀ ਵਡਿਆਈ ਕਰਨ ਵਿਚ ਇਹ ਰਹੱਸ ਨਹੀਂ ਸੀ ਕਿ ਉਹ ਵਾਇਸਰਾਏ ਦੀ ਕੌਂਸਿਲ ਤੇ ਪਬਲਿਕ ਸਰਵਿਸ ਕਮੀਸ਼ਨ ਦਾ ਮੈਂਬਰ ਸੀ ਤੇ ਆਪਣੀ ਇਸੇ ਹੈਸੀਅਤ ਕਾਰਣ ਉਸਨੂੰ ਫਸਟ ਕਲਾਸ ਦਾ ਡੱਬਾ ਰਿਜ਼ਰਵ ਕਰਵਾਉਣ ਦਾ ਅਧਿਕਾਰ ਮਿਲਿਆ ਹੋਇਆ ਸੀ—ਮੁਕਦੀ ਗੱਲ ਕਿ ਇਸੇ ਕਰਕੇ ਜਵਾਹਰ ਲਾਲ ਵੀ ਉਸ ਤੋਂ ਪ੍ਰਭਾਵਿਤ ਹੋਏ, ਰਾਜੇਂਦਰ ਪ੍ਰਸਾਦ ਵੀ ਪ੍ਰਭਾਵਿਤ ਹੋਏ ਤੇ ਗਾਂਧੀ ਦਾ ਤਾਂ ਖ਼ੈਰ ਉਹ ਰਾਜਨੀਤਕ ਗੁਰੂ ਹੈ ਹੀ ਸੀ?
ਇਹਨਾਂ ਲੋਕਾਂ ਦੀ ਤੇ ਗੋਖ਼ਲੇ ਦੀ ਭੂਮਿਕਾ ਨੂੰ ਸਮਝਣ ਲਈ ਸਾਨੂੰ ਕਾਂਗਰਸ ਦੇ ਇਤਿਹਾਸ ਉੱਤੇ ਇਕ ਝਾਤ ਮਾਰਨੀ ਪਵੇਗੀ।
ਇਹ ਹਕੀਕਤ ਹੈ ਕਿ 1885 ਵਿਚ ਕਾਂਗਰਸ ਦੀ ਸਥਾਪਨਾ ਹਯੂਮ ਨਾਂਅ ਦੇ ਇਕ ਕਾਂਗਰਸੀ ਨੇ ਉਸ ਸਮੇਂ ਦੇ ਵਾਇਸਰਾਏ ਲਾਰਡ ਡਫਰਿਨ ਦੀ ਸਲਾਹ ਨਾਲ ਕੀਤੀ ਸੀ। ਇਜਲਾਸ ਦੇ ਅੰਤ ਵਿਚ ਹਯੂਮ ਨੇ ਡੈਲੀਗੇਟਾਂ ਸਾਹਮਣੇ ਮਤਾ ਰੱਖਿਆ ਕਿ 'ਅਸੀਂ ਬ੍ਰਿਟਿਸ਼ ਸਾਮਰਾਜ ਦੀ ਮਲਿਕਾ ਦਾ, ਜਿਸਨੂੰ ਅਸੀਂ ਸਾਰੇ ਪਿਆਰੇ ਹਾਂ, ਜਿਸਦੇ ਅਸੀਂ ਸਾਰੇ ਬੱਚੇ ਹਾਂ ਤੇ ਜਿਸ ਦੀਆਂ ਮੈਂ ਜੁੱਤੀਆਂ ਸਿੱਧੀਆਂ ਕਰਨ ਦੇ ਲਾਇਕ ਵੀ ਨਹੀਂ, ਤਾੜੀਆਂ ਵਜਾ ਕੇ ਧੰਨਵਾਦ ਕਰੀਏ।'
ਕਾਂਗਰਸ ਇਜਲਾਸ ਦੀ ਸਰਕਾਰੀ ਰਿਪੋਰਟ ਵਿਚ ਲਿਖਿਆ ਹੈ ਕਿ ਇਸ ਉੱਤੇ ਏਨੀਆਂ ਤਾੜੀਆਂ ਵੱਜੀਆਂ ਕਿ ਹਯੂਮ ਦਾ ਬਾਕੀ ਭਾਸ਼ਣ ਉਹਨਾਂ ਦੀ ਗੂੰਜ਼ ਵਿਚ ਡੁੱਬ ਗਿਆ।
ਲਗਭਗ ਦਸ ਕੁ ਵਰ੍ਹੇ ਕਾਂਗਰਸ ਰਾਜਭਗਤ ਸੰਸਥਾ ਬਣੀ ਰਹੀ, ਜਿਸ ਵਿਚ ਡਾਕਟਰ, ਵਕੀਲ ਤੇ ਉਸ ਵਰਗ ਦੇ ਹੋਰ ਪੜ੍ਹੇ-ਲਿਖੇ ਲੋਕ ਇਕੱਠੇ ਹੁੰਦੇ ਰਹੇ। ਉਹ ਹਿੰਦੁਸਤਾਨੀਆਂ ਨੂੰ ਵਧੇਰੇ ਸਰਕਾਰੀ ਨੌਕਰੀਆਂ, ਵਾਇਸਰਾਏ ਦੀ ਕੌਂਸਿਲ ਤੇ ਸੂਬਾਈ ਕੌਂਸਿਲਾਂ ਵਿਚ ਵਧੇਰੇ ਪ੍ਰਤੀਨਿੱਧਤਾ, ਦਿੱਤੇ ਜਾਣ ਦੀ ਮੰਗ ਕਰਦੇ ਰਹੇ। ਆਪਣੀ ਹਕੂਮਤ ਦੀ, ਦੇਸ਼ ਦੀ ਆਜ਼ਾਦੀ ਦੀ ਗੱਲ ਉਹ ਸੋਚ ਹੀ ਨਹੀਂ ਸੀ ਸਕਦੇ। ਇਹਨਾਂ ਲੋਕਾਂ ਦਾ ਵਿਸ਼ਵਾਸ ਸੀ ਕਿ 'ਅੰਗਰੇਜ਼ਾਂ ਦਾ ਭਾਰਤ ਆਉਣਾ ਦੈਵੀ ਵਰਦਾਨ ਹੈ। ਉਹ ਸਾਨੂੰ ਅਸਭਿਅਕਾਂ ਨੂੰ ਸਭਿਅ ਬਣਾਉਣ ਆਏ ਹਨ। ਅਸੀਂ ਸਿਖਿਆ, ਸੰਸਕ੍ਰਿਤੀ ਤੇ ਰਾਜਨੀਤੀ ਦੇ ਖੇਤਰ ਵਿਚ ਉਹਨਾਂ ਕੋਲੋਂ ਬੜਾ ਕੁਝ ਸਿਖਣਾ ਹੈ। ਉਹਨਾਂ ਨਾਲ ਸਹਿਯੋਗ ਕਰੋ। ਉਹ ਸਾਨੂੰ ਸਿਖਾਅ ਕੇ ਆਪਣੇ-ਆਪੇ ਵਾਪਸ ਚਲੇ ਜਾਣਗੇ।'
ਗੋਵਿੰਦ ਰਾਨਾਡੇ, ਸਰ ਫਿਰੋਜਸ਼ਾਹ ਮੇਹਤਾ ਤੇ ਗਾਂਧੀ ਦਾ ਗੁਰੂ ਗੋਪਾਲਕ੍ਰਿਸ਼ਨ ਗੋਖ਼ਲੇ ਇਹਨਾਂ ਰਾਜਭਗਤਾਂ ਦੇ ਪ੍ਰਮੁੱਖ ਨੇਤਾ ਸਨ।
ਪਰ ਹਰ ਚੀਜ ਦੋ ਵਿਚ ਵੰਡੀ ਜਾਂਦੀ ਹੈ। ਵਾਦ ਦੇ ਪ੍ਰਤੀਵਾਦ ਦਾ ਪੈਦਾ ਹੋਣਾ ਸੁਭਾਵਿਕ ਹੈ। ਕਾਂਗਰਸ ਵਿਚ ਵੀ 1893 ਦੇ ਆਸਪਾਸ ਰਾਸ਼ਟਰਵਾਦੀ ਦਲ ਪੈਦਾ ਹੋ ਗਿਆ, ਜਿਸ ਦੇ ਨੇਤਾ ਬਾਲ ਗੰਗਾਧਰ ਤਿਲਕ, ਲਾਜਪਤਰਾਏ ਤੇ ਵਿਪਿਨ ਚੰਦਰ ਪਾਲ ਸਨ। ਤਿਲਕ ਦਾ ਵਿਚਾਰ ਸੀ ਕਿ 'ਅੰਗਰੇਜ਼ ਸਾਨੂੰ ਕੁਝ ਸਿਖਾਉਣ ਜਾਂ ਕੁਝ ਬਣਾਉਣ ਨਹੀਂ ਆਏ ਬਲਕਿ, ਸਾਨੂੰ ਲੁੱਟਨ-ਖਾਣ ਆਏ ਹਨ। ਜੇ ਉਹਨਾਂ ਨੂੰ ਕੱਢਿਆ ਜਾ ਸਕਦਾ ਹੈ ਤਾਂ ਸਿਰਫ ਜਨਤਾ ਦੀ ਮਦਦ ਨਾਲ। ਇਸ ਲਈ ਜਨਤਾ ਨੂੰ ਲਾਮਬੰਦ ਕਰੋ ਤੇ ਉਸਦੀ ਚੇਤਨਾ ਦਾ ਸਤਰ ਉੱਚਾ ਕਰੋ।'
ਇੰਜ ਤਿਲਕ-ਵਿਚਾਰਧਾਰਾ ਤੇ ਰਾਨਾਡੇ-ਵਿਚਾਰਧਾਰ ਵਿਚ ਆਪਾ-ਵਿਰੋਧੀ ਸੰਘਰਸ਼ ਦੀ ਪਹਿਲੀ ਗੰਢ ਪਈ ਤੇ ਕਾਂਗਰਸ ਰਾਜਭਗਤਾਂ ਦੇ ਦੇਸ਼ਭਗਤਾਂ ਵਿਚ ਵੰਡੀ ਗਈ।
ਵੀਹਵੀਂ ਸਦੀ ਦਾ ਆਰੰਭ ਕਰਾਂਤੀਕਾਰੀ ਸ਼ਕਤੀਆਂ ਦੇ ਉਭਾਰ ਨਾਲ ਹੋਇਆ, ਜਿਸਦੇ ਬਾਹਰੀ ਤੇ ਅੰਦਰੂਨੀ ਕਾਰਣ ਸਨ। ਅੰਗਰੇਜ਼ ਸਰਕਾਰ ਨੇ 1905 ਵਿਚ ਬੰਗ-ਭੰਗ ਯੋਜਨਾ ਲਾਗੂ ਕੀਤੀ, ਜਿਸ ਦਾ ਉਦੇਸ਼ ਕਰਾਂਤੀ ਦੀਆਂ ਸ਼ਕਤੀਆਂ ਨੂੰ ਕੰਮਜ਼ੋਰ ਕਰਨਾ ਸੀ ਤੇ ਸੰਪਰਦਾਇਕਤਾ ਨੂੰ ਹਵਾ ਦੇਣਾ ਸੀ। ਸਾਰਾ ਬੰਗਾਲ ਇਸ ਦੇ ਵਿਰੁੱਧ ਉੱਠ ਖੜ੍ਹਾ ਹੋਇਆ। ਰਾਸ਼ਟਰਵਾਦੀਆਂ ਦੀ ਕਮਾਨ ਹੇਠ ਇਸ ਅੰਦੋਲਨ ਨੇ ਰਾਸ਼ਟਰ-ਵਿਆਪੀ ਰੂਪ ਧਾਰਨ ਕਰ ਲਿਆ ਤੇ ਦੇਖਦੇ-ਦੇਖਦੇ ਹੀ ਏਨਾ ਜ਼ੋਰ ਫੜ੍ਹ ਲਿਆ ਕਿ ਬਾਲ, ਲਾਲ, ਪਾਲ ਦਾ ਨਾਂ ਕਸ਼ਮੀਰ ਤੋਂ ਕੰਨਿਆਂ ਕੁਮਾਰੀ ਤਕ ਗੂੰਜ ਉਠਿਆ।
ਇਸੇ ਵਾਤਾਵਰਣ ਵਿਚ 1906 ਦਾ ਕਾਂਗਰਸ ਇਜਲਾਸ ਕਲਕੱਤੇ ਵਿਚ ਹੋਇਆ, ਜਿਸ ਵਿਚ ਬਾਈਕਾਟ, ਸਵਦੇਸ਼ੀ (ਨਿਰੋਲ ਦੇਸੀ), ਰਾਸ਼ਟਰੀ-ਸਿਖਿਆ ਤੇ ਸਵਰਾਜ ਦਾ (ਨਿਰੋਲ ਆਪਣੇ ਰਾਜ ਦਾ) ਚਾਰ-ਸੂਤਰੀ ਮਤਾ, ਰਾਜਭਗਤਾਂ ਦੇ ਵਿਰੋਧ ਦੇ ਬਾਵਜੂਦ, ਪਾਸ ਹੋਇਆ।
1907 ਵਿਚ ਕਾਂਗਰਸ ਦਾ 23ਵਾਂ ਇਜਲਾਸ ਸੂਰਤ ਵਿਚ ਹੋਇਆ। ਉੱਥੇ ਦੇਸ਼ਭਗਤਾਂ ਤੇ ਰਾਜਭਗਤਾਂ ਵਿਚ ਡਟ ਕੇ ਲੜਾਈ ਹੋਈ, ਕੁਰਸੀਆਂ ਚੱਲੀਆਂ, ਸੋਟੀਆਂ ਚੱਲੀਆਂ ਤੇ ਸਿੱਟਾ ਇਹ ਕਿ ਕਾਂਗਰਸ ਪ੍ਰਤੱਖ ਰੂਪ ਵਿਚ ਵੰਡੀ ਗਈ। ਝਗੜਾ ਭਾਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਸ਼ੁਰੂ ਹੋਇਆ ਸੀ, ਪਰ ਅਸਲ ਗੱਲ ਇਹ ਸੀ ਕਿ ਰਾਜਭਗਤ ਕਲਕੱਤੇ ਦੇ ਚਾਰ-ਸੂਤਰੀ ਮਤੇ ਨੂੰ ਅਮਲ ਵਿਚ ਲਿਆਉਣ ਤੋਂ ਪਿੱਛੇ ਹਟਣਾ ਚਾਹੁੰਦੇ ਸਨ ਜਦੋਂ ਕਿ ਦੇਸ਼ਭਗਤਾਂ ਨੂੰ ਪਿੱਛੇ ਹਟਣਾ ਮੰਜ਼ੂਰ ਨਹੀਂ ਸੀ।
ਰਾਜਭਗਤਾਂ ਨੂੰ ਮਾਡਰੇਟ ਯਾਨੀ ਨਰਮ-ਦਲੀਏ ਕਹਿ ਕੇ ਉਹਨਾਂ ਦੀ ਕਰਤੂਤ ਉੱਤੇ ਪਰਦਾ ਪਾਇਆ ਗਿਆ ਤੇ ਦੇਸ਼ਭਗਤਾਂ ਨੂੰ, ਜਿਵੇਂ ਕਿ ਸਰਕਾਰ ਦਾ ਦਸਤੂਰ ਹੁੰਦਾ ਹੈ, ਗਰਮ-ਦਲੀਏ ਯਾਨੀ ਉਗਰਵਾਦੀ ਆਖ ਕੇ ਭੰਡਨਾ ਸ਼ੁਰੂ ਕਰ ਦਿੱਤਾ ਗਿਆ।
1907, ਅਠਾਰਾਂ ਸੌ ਸਤਵੰਜਾ ਦੀ ਅਰਧ-ਸ਼ਤਾਬਦੀ ਦਾ ਵਰ੍ਹਾ ਸੀ। ਏਧਰ ਬੰਗ-ਭੰਗ ਵਿਰੋਧੀ ਅੰਦੋਲਨ ਤੇ ਉਧਰ ਪੰਜਾਬ ਵਿਚ ਨਿਊ ਕਾਲੋਨੀ ਐਕਟ ਦੇ ਵਿਰੁੱਧ, ਪਗੜੀ ਸੰਭਾਲ ਜੱਟਾ—ਕਿਸਾਨ ਅੰਦੋਲਨ—ਜ਼ੋਰਾਂ ਉੱਤੇ ਸੀ। ਅੰਗਰੇਜ਼ ਹਾਕਮ ਇਸ ਤੋਂ ਏਨੇ ਡਰੇ ਹੋਏ ਸਨ ਕਿ ਉਹਨਾਂ ਲਈ ਆਪਣੀਆਂ ਬਸਤੀਆਂ ਵਿਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਹੋਇਆ ਹੋਇਆ ਸੀ। ਭਾਰਤ ਮੰਤਰੀ ਮਾਰਲੇ ਨੇ ਰਾਜਭਗਤ ਮਾਡਰੇਟਾਂ ਤੇ ਮੁਸਲਿਮ ਲੀਗ ਨੂੰ ਯੂਨੀਅਨ ਜੈਕ ਦੇ ਹੇਠ ਇਕੱਠਾ ਕਰਕੇ ਦੇਸ਼ਭਗਤਾਂ ਵਿਰੁੱਧ ਦਮਨ-ਚੱਕਰ ਚਲਾ ਦਿੱਤਾ।
ਇਕ ਕਾਨੂੰਨ ਪਾਸ ਕਰਕੇ ਰਾਜਨੀਤਕ ਜਲਸਿਆਂ ਉੱਤੇ ਰੋਕ ਲਾ ਦਿੱਤੀ ਗਈ ਤੇ ਇਕ ਨਵਾਂ ਸਖ਼ਤ ਪ੍ਰੈੱਸ ਐਕਟ ਬਣਾ ਕੇ ਅਖ਼ਬਾਰਾਂ ਉੱਤੇ ਪਾਬੰਦੀਆਂ ਦਾ ਸ਼ਿਕੰਜ ਹੋਰ ਕਸ ਦਿੱਤਾ ਗਿਆ। ਰਾਸ਼ਟਰ ਦਲ ਦੇ ਨੇਤਾਵਾਂ ਨੂੰ ਲੰਮੀਆਂ ਸਜਾਵਾਂ ਦਿੱਤੀਆਂ ਗਈਆਂ। ਕੁਝ ਗ੍ਰਿਫਤਾਰੀ ਤੋਂ ਬਚ ਕੇ ਵਿਦੇਸ਼ ਚਲੇ ਗਏ। ਪੁਲਿਸ ਨੂੰ ਜੁਲਮ ਢਾਉਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ, ਮੀਟਿੰਗਾਂ ਭੰਗ ਕੀਤੀਆਂ ਗਈਆਂ, ਪੰਜਾਬ ਦੇ ਕਿਸਾਨ ਵਿਦਰੋਹ ਨੂੰ ਨਿਰਦਈਤਾ ਨਾਲ ਕੁਚਲਿਆ ਗਿਆ ਤੇ ਰਾਸ਼ਟਰੀ ਗੀਤ ਗਾਉਣ ਲਈ ਸਕੂਲੀ ਬੱਚਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਕੱਲੇ ਬੰਗਾਲ ਵਿਚ 1906 ਤੋਂ 1909 ਦੇ ਵਿਚਕਾਰ 550 ਰਾਜਨੀਤਕ ਮੁਕੱਦਮੇ ਚਲਾਏ ਗਏ।
ਦੂਜੇ ਪਾਸ ਮਾਡਰੇਟਾਂ ਨੂੰ ਖੁਸ਼ ਕਰਨ ਲਈ 1909 ਵਿਚ ਮਾਰਲੇ-ਮਿੰਟੋ ਸੁਧਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਯੋਜਨਾ ਅਨੁਸਾਰ ਸੈਂਟਰਲ ਲੈਜੀਸਲੇਟਿਵ ਕੌਂਸਿਲ ਵਿਚ ਤੇ ਪ੍ਰਾਵਿੰਸ਼ੀਅਲ ਕੌਂਸਿਲਾਂ ਵਿਚ ਅਪਰਤੱਖ ਚੋਣ ਰਾਹੀਂ ਚੁਣੇ ਜਾਣ ਵਾਲੇ ਭਾਰਤੀ ਪ੍ਰਤੀਨਿੱਧਾਂ ਦੀ ਗਿਣਤੀ ਵਧਾ ਦਿੱਤੀ ਗਈ। ਇਹਨਾਂ ਕੌਂਸਿਲਾਂ ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ ਸੀ ਹੁੰਦਾ। ਉਹਨਾਂ ਦੇ ਮੈਂਬਰ ਸਿਰਫ ਵਾਇਸਰਾਏ ਤੇ ਗਵਰਨਰ ਨੂੰ ਸਲਾਹ ਦੇ ਸਕਦੇ ਸਨ। ਇਸਦੇ ਇਲਾਵਾ 1911 ਵਿਚ ਬੰਗ-ਭੰਗ ਦਾ ਪ੍ਰਸਤਾਵ ਵੀ ਵਾਪਸ ਲੈ ਲਿਆ ਤੇ ਨਿਊ ਕਾਲੋਨੀ ਐਕਟ ਵੀ ਰੱਦ ਕਰਨਾ ਪਿਆ। ਕਾਂਗਰਸ ਉੱਤੇ ਹੁਣ ਮਾਡਰੇਟਾਂ ਦਾ ਕਬਜਾ ਸੀ। ਉਹਨਾਂ ਦੇ ਬੁਲਾਰੇ ਨੇ ਬਿਆਨ ਦਿੱਤਾ ਕਿ 'ਹਰੇਕ ਦਿਲ ਬ੍ਰਿਟਿਸ਼ ਸਿੰਘਾਸਨ ਪ੍ਰਤੀ ਸ਼ਰਧਾ ਤੇ ਭਗਤੀ ਨਾਲ ਧੜਕ ਰਿਹਾ ਹੈ ਤੇ ਬ੍ਰਿਟਿਸ਼ ਰਾਜਨੀਤੀ ਵਿਚ ਉਸਦਾ ਵਿਸ਼ਵਾਸ ਤੇ ਸ਼ਰਧਾ ਦੁੱਗਣੀ ਹੋ ਗਈ ਹੈ।'
ਗ੍ਰਿਫਤਾਰੀਆਂ ਤੇ ਦਮਨ ਦੇ ਸਿੱਟੇ ਵਜੋਂ ਕਰਾਂਤੀਕਾਰੀ ਅੰਦੋਲਨ ਅੰਡਰਗ੍ਰਾਊਂਡ ਹੋ ਗਿਆ ਤੇ ਰਾਜਨੀਤੀ ਵਿਚ ਇਕ ਨਵੀਂ ਸ਼ਕਤੀ ਦਾ ਜਨਮ ਹੋਇਆ। ਇਸ ਅੰਦੋਲਨ ਦੇ ਦਬਾਅ ਹੇਠ ਹੀ ਸਰਕਾਰ ਨੂੰ ਬੰਗ-ਭੰਗ ਯੋਜਨਾ ਤੇ ਨਿਊ ਕਾਲੋਨੀ ਐਕਟ ਵਾਪਸ ਲੈਣਾ ਪਿਆ ਸੀ। ਇਹ ਸਾਡੇ ਰਾਸ਼ਟਰਵਾਦ ਦੀ ਬ੍ਰਿਟਿਸ਼ ਸਾਮਰਾਜਵਾਦ ਉਪਰ ਪਹਿਲੀ ਸ਼ਾਨਦਾਰ ਫਤਹਿ ਸੀ। ਜਿਸ ਉੱਤੇ ਮਾਣ ਕਰਨ ਦੀ ਬਜਾਏ ਮਾਡਰੇਟਾਂ ਨੇ ਬ੍ਰਿਟਿਸ਼ ਰਾਜਨੀਤੀ ਦੇ ਪ੍ਰਤੀ ਵਿਸ਼ਵਾਸ ਤੇ ਸ਼ਰਧਾ ਦਰਸਾਈ ਸੀ।
ਜਵਾਹਰ ਲਾਲ ਜਦੋਂ ਕੈਂਬ੍ਰਿਜ ਵਿਚ ਸਨ, ਉੱਥੇ ਹਿੰਦੁਸਤਾਨੀ ਵਿਦਿਆਰਥੀਆਂ ਦੀ 'ਮਜਲਿਸ' ਨਾਂ ਦੀ ਇਕ ਸੰਸਥਾ ਹੁੰਦੀ ਸੀ, ਜਿਸ ਵਿਚ ਉਹ ਰਾਜਨੀਤਕ ਸਮਸਿਆਵਾਂ ਉੱਤੇ ਵਿਚਾਰ ਕਰਦੇ ਤੇ ਭਾਸ਼ਣ ਦੇਂਦੇ ਹੁੰਦੇ ਸਨ। ਉਸ ਸਮੇਂ ਇਹ ਸਾਰੇ ਲੋਕ ਬਿਨਾਂ ਕਿਸੇ ਅਪਵਾਦ ਦੇ ਗਰਮ-ਦਲ ਦੇ ਸਮਰਥਕ ਹੁੰਦੇ ਸਨ ਤੇ ਉਹਨਾਂ ਨੂੰ ਰਾਜਭਗਤਾਂ ਯਾਨੀ ਮਾਡਰੇਟਾਂ ਨਾਲ ਚਿੜ ਹੁੰਦੀ ਸੀ।
ਮੋਤੀਲਾਲ ਨਹਿਰੂ 1888 ਤੋਂ ਹੀ ਕਾਂਗਰਸ ਇਜਲਾਸਾਂ ਵਿਚ ਭਾਗ ਲੈਂਦੇ ਆ ਰਹੇ ਸਨ। 1906-7 ਵਿਚ ਉਹਨਾਂ ਨੂੰ ਪ੍ਰਸਥਿਤੀਆਂ ਵੱਸ ਵਧੇਰੇ ਸਰਗਰਮ ਹੋਣਾ ਪਿਆ। ਕਾਰਣ ਇਹ ਕਿ ਉਹ ਵੀ ਮਾਡਰੇਟ ਸਨ ਤੇ ਕਲਕੱਤਾ ਮਤੇ ਦੇ ਵਿਰੁੱਧ ਭਾਸ਼ਣ ਕਰਨਾ ਹੀ ਉਹਨਾਂ ਦੀ ਸਰਗਰਮੀ ਸੀ। ਜਵਾਹਰ ਲਾਲ ਨਹਿਰੂ ਦੇ ਕਹਿਣ ਅਨੁਸਾਰ, 'ਬੰਗਾਲ ਤੇ ਮਹਾਰਾਸ਼ਟਰ ਦੇ ਗਰਮ-ਦਲੀਆਂ ਦੀ ਕਰੜੀ ਅਲੋਚਨਾ ਕਰਦੇ ਹੁੰਦੇ ਸਨ ਉਹ।' ਪਿਤਾ ਦੀ ਇਹ ਗੱਲ ਉਹਨਾਂ ਨੂੰ ਪਸੰਦ ਨਹੀਂ ਸੀ ਆਈ ਤੇ ਆਪਣੇ ਇਕ ਖ਼ਤ ਵਿਚ ਪਿਤਾ ਦੇ ਕਿਸੇ ਖ਼ਤ ਦੀ ਅਲੋਚਨਾ ਕਰਦਿਆਂ ਹੋਇਆਂ ਉਹਨਾਂ ਲਿਖਿਆ ਵੀ ਹੈ ਕਿ 'ਤੁਹਾਡੀਆਂ ਰਾਜਨੀਤਕ ਕਾਰਵਾਈਆਂ ਨਾਲ ਬ੍ਰਿਟਿਸ਼ ਸਰਕਾਰ ਖੁਸ਼ ਹੋ ਗਈ ਹੋਏਗੀ।' ਪੁੱਤਰ ਦਾ ਇਹ ਖ਼ਤ ਪੜ੍ਹ ਕੇ ਮੋਤੀਲਾਲ ਬੜੇ ਖਿਝ-ਕਰਿਝ ਗਏ ਸਨ। ਲਗਭਗ ਇੱਥੋਂ ਤਕ ਸੋਚ ਲਿਆ ਸੀ ਕਿ 'ਜਵਾਹਰ ਲਾਲ ਨੂੰ ਇੰਗਲੈਂਡ ਤੋਂ ਵਾਪਸ ਬੁਲਾਅ ਲੈਣਗੇ।'
ਪਰ ਜਵਾਹਰ ਲਾਲ ਵਾਪਸ ਆ ਕੇ ਜਿਸ ਕਾਂਗਰਸ ਵਿਚ ਸ਼ਾਮਿਲ ਹੋਏ, ਉਸ ਉੱਤੇ ਮਾਡਰੇਟਾਂ ਦਾ ਕਬਜਾ ਸੀ ਤੇ ਗੋਖ਼ਲੇ ਉਸਦਾ ਪ੍ਰਮੱਖ ਨੇਤਾ ਸੀ। ਉਸਨੇ ਭਾਰਤ-ਸੇਵਕ-ਸੰਮਤੀ ਨਾਂ ਦੀ ਇਕ ਸੰਸਥਾ ਵੀ ਬਣਾਈ ਹੋਈ ਸੀ। ਜਿਹੜੇ ਲੋਕ ਇਸਦੇ ਮੈਂਬਰ ਸਨ, ਉਹ ਗੁਜ਼ਾਰੇ ਮਾਤਰ ਉੱਤੇ ਆਪਣਾ ਪੂਰਾ ਸਮਾਂ ਦੇਸ਼-ਸੇਵਾ ਵਿਚ ਲਾਉਂਦੇ ਸਨ। ਗੋਖ਼ਲੇ ਦੀ ਇਸ ਸੰਮਤੀ ਨੇ ਵੀ ਜਵਾਹਰ ਲਾਲ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਉਸਦੇ ਮੈਂਬਰਾਂ ਦੀ ਉਹਨਾਂ ਦੇ ਦਿਲ ਵਿਚ ਖਾਸੀ ਇੱਜ਼ਤ ਬਣ ਗਈ, ਕਿਉਂਕਿ, “ਉਹ ਇਕਾਗਰ ਚਿੱਤ ਹੋ ਕੇ ਲਗਾਤਾਰ ਕੰਮ ਕਰਦੇ ਸਨ।” ਪਰ ਉਹ ਖ਼ੁਦ ਇਸਦੇ ਮੈਂਬਰ ਇਸ ਲਈ ਨਹੀਂ ਸੀ ਬਣ ਸਕੇ ਕਿ “ਉਹਨਾਂ ਦੀ ਰਾਜਨੀਤੀ ਮੇਰੀ ਨਜ਼ਰ ਵਿਚ ਬੜੀ ਹੀ ਨਰਮ ਸੀ ਤੇ ਕੁਛ ਇਸ ਲਈ ਕਿ ਓਹਨੀਂ ਦਿਨੀ ਆਪਣਾ ਪੇਸ਼ਾ ਛੱਡਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ।" (ਮੇਰੀ ਕਹਾਣੀ)
ਰਾਜਨੀਤੀ ਵਿਚ ਉਹਨੀਂ ਦਿਨੀ ਵਾਕਈ ਕੋਈ ਗਰਮੀ ਨਹੀਂ ਸੀ। ਜਵਾਹਰ ਲਾਲ ਨਹਿਰੂ ਆਪਣੀ ਵਕਾਲਤ ਕਰਦੇ ਤੇ ਸ਼ਿਕਾਰ ਦੇ ਪ੍ਰੋਗ੍ਰਾਮ ਬਣਾ ਕੇ ਆਪਣਾ ਜੀਅ ਪ੍ਰਚਾਉਂਦੇ ਰਹੇ। ਦੇਸ਼ ਦੇ ਨੌਜਵਾਨਾਂ ਦੇ ਜਿਹੜੇ ਕਰਾਂਤੀਕਾਰੀ ਗੁਪਤ ਦਲ ਬਣੇ ਹੋਏ ਸਨ, ਜਿਹਨਾਂ ਉੱਤੇ ਸਰਕਾਰ ਦੀ ਕਰੜੀ ਨਜ਼ਰ ਸੀ, ਜੇ ਉਹਨਾਂ ਵੱਲ ਜਵਾਹਰ ਲਾਲ ਧਿਆਨ ਦਿੰਦੇ ਤਾਂ ਨਿਸ਼ਚਿਤ ਰੂਪ ਵਿਚ ਉਹਨਾਂ ਦੇ ਵਕਾਲਤ ਦੇ ਪੇਸ਼ੇ ਤੇ ਖੁਸ਼ੀਆਂ-ਖੇੜਿਆਂ ਵਿਚ ਵਿਘਨ ਪੈ ਜਾਣਾ ਸੀ।
1914 ਵਿਚ ਸੰਸਾਰ ਜੰਗ ਸ਼ੁਰੂ ਹੋਈ ਤਾਂ ਰਾਜਨੀਤੀ ਵਿਚ ਯਕਦਮ ਹਰਕਤ ਆ ਗਈ। ਬ੍ਰਿਟਿਸ਼ ਸਰਕਾਰ ਨੇ ਭਾਰਤ ਰੱਖਿਆ ਕਾਨੂੰਨ ਪਾਸ ਕਰਕੇ ਝੱਟ ਆਪਣਾ ਸ਼ਿਕੰਜਾ ਕਸ ਦਿੱਤਾ। ਕਰਾਂਤੀਕਾਰੀ ਦਲਾਂ ਦੇ ਜੁਝਾਰੂ ਨੇਤਾਵਾਂ ਨੂੰ ਜਾਂ ਤਾਂ ਗ੍ਰਿਫਤਾਰ ਕਰਕੇ ਜੇਲ੍ਹਾਂ ਵਿਚ ਸੁੱਟ ਦਿੱਤਾ ਗਿਆ ਜਾਂ ਦੇਸ਼-ਨਿਕਾਲੇ ਦੇ ਦਿੱਤੇ ਗਏ। ਕਾਂਗਰਸ ਨੇ ਝੱਟ ਯੁੱਧ ਵਿਚ ਹਰ ਤਰ੍ਹਾਂ ਦੇ ਸਮਰਥਨ ਦਾ ਪ੍ਰਸਤਾਵ ਪਾਸ ਕਰਕੇ ਬ੍ਰਿਟਿਸ਼ ਸਮਰਾਟ ਦੇ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ।
ਤਿਲਕ ਨੂੰ ਸਰਕਾਰ ਨੇ ਆਪਣੇ ਅਖ਼ਬਾਰ ਵਿਚ ਛਾਪੇ ਇਕ ਲੇਖ ਲਈ ਛੇ ਸਾਲ ਦੀ ਸਜ਼ਾ ਸੁਣਾ ਦਿੱਤੀ ਸੀ ਤੇ ਬਰਮਾਂ ਦੀ ਮਾਂਡਲੇ ਜੇਲ੍ਹ ਵਿਚ ਭੇਜ ਦਿੱਤਾ ਸੀ। ਉਹ ਉੱਥੋਂ ਪਿੱਛੇ ਜਿਹੇ ਹੀ ਛੁੱਟ ਕੇ ਆਏ ਸਨ। ਉਹਨਾਂ ਨੇ ਤੇ ਮਿਸੇਜ ਐਨੀ ਬੇਸੇਂਟ ਨੇ ਵੱਖ-ਵੱਖ ਹੋਮਰੂਲ ਲੀਗ ਬਣਾਈ। ਜਵਾਹਰ ਲਾਲ ਇਹਨਾਂ ਦੋਵਾਂ ਦੇ ਮੈਂਬਰ ਬਣ ਗਏ, ਪਰ ਕੰਮ ਉਹਨਾਂ ਮਿਸੇਜ ਬੇਸੇਂਟ ਦੀ ਲੀਗ ਵਿਚ ਹੀ ਕੀਤਾ। ਉਹ ਉੱਚ ਵਰਗ ਦੀ ਇਕ ਅੰਗਰੇਜ਼ ਔਰਤ ਸੀ। ਹਿੰਦੁਸਤਾਨ ਦੀ ਰਾਜਨੀਤੀ ਵਿਚ ਉਸਦੀ ਖਾਸ ਦਿਲਚਸਪੀ ਸੀ ਤੇ ਉਹ ਉਸਨੂੰ ਆਪਣੇ ਹੀ ਢੰਗ ਨਾਲ ਚਲਾ ਰਹੀ ਸੀ। ਉਹ ਗ਼ੁਲਾਮ ਹਿੰਦੁਸਤਾਨੀਆਂ ਦਾ ਭਲਾ ਕਰ ਰਹੀ ਸੀ ਜਾਂ ਅੰਗਰੇਜ਼ ਹਾਕਮਾਂ ਦਾ, ਉਸ ਬਾਰੇ ਇਹ ਗੱਲ ਵਿਸ਼ੇਸ਼ ਰੂਪ ਵਿਚ ਘੋਖਣ ਵਾਲੀ ਸੀ; ਪਰ ਜਵਾਹਰ ਲਾਲ ਨੇ ਇਸ ਤੱਥ ਵੱਲ ਕਦੀ ਕੋਈ ਇਸ਼ਾਰਾ ਨਹੀਂ ਕੀਤਾ ਹਾਲਾਂਕਿ ਨਹਿਰੂ ਪਰਿਵਾਰ ਨਾਲ ਉਸਦੇ ਬੜੇ ਪੁਰਾਣੇ ਤੇ ਗੂੜ੍ਹੇ ਸੰਬੰਧ ਸਨ। ਜਵਾਹਰ ਲਾਲ ਨੇ ਥਿਓਸੌਫੀ ਦੀ ਦੀਕਸ਼ਾ ਵੀ ਉਸੇ ਕੋਲੋਂ ਲਈ ਸੀ।
ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਨੇ ਉਹਨੀਂ ਦਿਨੀ ਆਪਣੀ ਸਾਰੀ ਸ਼ਕਤੀ ਸਮੁੰਦਰੋਂ ਪਾਰ ਲੜੇ ਜਾ ਰਹੇ ਯੁੱਧ ਵਿਚ ਲਾਈ ਹੋਈ ਸੀ। ਪਿੰਡਾਂ 'ਚੋਂ ਕਿਸਾਨਾਂ ਦੀ ਜਬਰੀ ਭਰਤੀ ਸ਼ੁਰੂ ਕਰ ਦਿੱਤੀ ਗਈ ਸੀ। ਸ਼ਹਿਰ ਦੇ ਮੱਧ ਵਰਗ ਦੇ ਲੋਕਾਂ ਨੂੰ ਨਾਲ ਜੋੜਨ ਲਈ 'ਯੂਰੋਪੀਅਨ ਡਿਫੈਂਸ ਫੋਰਸ' ਵਰਗੇ 'ਇੰਡੀਅਨ ਡਿਫੈਂਸ ਫੋਰਸ' ਸੰਗਠਨ ਬਣਾ ਦਿੱਤੇ ਗਏ। ਲੋਕਾਂ ਨੂੰ ਇਹਨਾਂ ਬਾਰੇ ਕਈ ਕਿਸਮ ਦੀਆਂ ਸ਼ਿਕਾਇਤਾਂ ਸਨ। ਪਹਿਲੀ ਸ਼ਿਕਾਇਤ ਤਾਂ ਇਹ ਸੀ ਕਿ ਇਸ ਵਿਚ ਗੋਰੇ-ਕਾਲੇ ਦਾ ਭੇਦਭਾਵ ਵਰਤਿਆ ਜਾਂਦਾ ਸੀ। ਯਾਨੀਕਿ 'ਯੂਰੋਪੀਅਨ ਡਿਫੈਂਸ ਫੋਰਸ' ਨਾਲ ਜਿਹੜਾ ਵਿਹਾਰ ਕੀਤਾ ਜਾਂਦਾ ਸੀ ਉਹ ਇਸ 'ਹਿੰਦੁਸਤਾਨੀ ਡਿਫੈਂਸ ਫੋਰਸ' ਨਾਲ ਨਹੀਂ ਸੀ ਕੀਤਾ ਜਾਂਦਾ। ਉਂਜ ਵੀ ਲੋਕਾਂ ਨੂੰ ਇਸ ਵਿਚ ਭਰਤੀ ਹੋਣਾ ਪਸੰਦ ਨਹੀਂ ਸੀ, ਕਿਉਂਕਿ ਉਹ ਆਪਣੇ ਅੰਗਰੇਜ਼ ਹਾਕਮਾਂ ਨਾਲ ਨਫ਼ਰਤ ਕਰਦੇ ਸਨ ਤੇ ਯੁੱਧ ਵਿਚ ਉਹਨਾਂ ਦੀ ਜਿੱਤ ਦੀ ਬਜਾਏ ਹਾਰ ਚਾਹੁੰਦੇ ਸਨ—ਤੇ ਜਰਮਨ ਦੇ ਭਾਰੂ ਹੋਣ ਦੀਆਂ ਖ਼ਬਰਾਂ ਸੁਣ ਕੇ ਖੁਸ਼ ਹੁੰਦੇ ਹੁੰਦੇ ਸਨ। ਸੁਭਾਵਿਕ ਗੱਲ ਸੀ ਕਿ ਉਹ ਇਸ ਫੌਰਸ ਨਾਲ ਸਹਿਯੋਗ ਕਰਨ ਲਈ ਤਿਆਰ ਨਹੀਂ ਸਨ।
ਪਰ ਮਿਸੇਜ ਬੇਸੇਂਟ ਦੀ ਹੋਮਰੂਲ ਦੇ ਮੈਂਬਰਾਂ ਨੇ, ਜਿਹਨਾਂ ਵਿਚ ਜਵਾਹਰ ਲਾਲ ਵੀ ਸ਼ਾਮਿਲ ਸਨ, ਬੜੀ ਬਹਿਸ ਤੋਂ ਬਾਅਦ ਇਸ ਸਾਂਝੀ ਸੂਬਾਈ ਫੋਰਸ ਨਾਲ ਸਹਿਯੋਗ ਕਰਨ ਦਾ ਫੈਸਲਾ ਕੀਤਾ। ਤਰਕ ਇਹ ਸੀ ਕਿ ਇਹਨਾਂ ਹਾਲਤਾਂ ਵਿਚ ਹੀ ਦੇਸ਼ ਦੇ ਨੌਜਵਾਨਾਂ ਲਈ ਇਹ ਚੰਗਾ ਮੌਕਾ ਹੈ ਕਿ ਉਹ ਫੌਜੀ ਸਿਖਿਆ ਗ੍ਰਹਿਣ ਕਰ ਲੈਣ। ਜਵਾਹਰ ਲਾਲ ਨੇ ਵੀ ਇਸ ਫੋਰਸ ਵਿਚ ਭਰਤੀ ਹੋਣ ਲਈ ਆਪਣੀ ਅਰਜੀ ਭੇਜ ਦਿੱਤੀ ਸੀ ਤੇ ਆਪਣੀ ਤਜਵੀਜ਼ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਇਲਾਹਾਬਾਦ ਵਿਚ ਇਕ ਕਮੇਟੀ ਵੀ ਬਣਾਅ ਲਈ ਸੀ। ਮੋਤੀਲਾਲ ਨਹਿਰੂ, ਸਰ ਤੇਜ ਬਹਾਦੁਰ ਸਪਰੂ, ਸਰ ਸੀ.ਵਾਈ. ਚਿੰਤਾਮਣੀ ਤੇ ਅਜਿਹੇ ਹੋਰ ਮਾਡਰੇਟ ਲੀਡਰ ਇਸ ਕਮੇਟੀ ਦੇ ਮੈਂਬਰ ਸਨ।
ਪਤਾ ਨਹੀਂ ਕਿਉਂ ਉਹਨੀਂ ਦਿਨੀ ਸਰਕਾਰ ਨੇ ਮਿਸੇਜ ਬੇਸੇਂਟ ਨੂੰ ਯਕਦਮ ਗ੍ਰਿਫਤਾਰ ਕਰਕੇ ਭਾਰਤ ਰੱਖਿਆ ਕਾਨੂੰਨ ਦੇ ਅਧੀਨ ਨਜ਼ਰਬੰਦ ਕਰ ਦਿੱਤਾ। ਜਵਾਹਰ ਲਾਲ ਦਾ ਕਹਿਣਾ ਹੈ ਕਿ ਉਸ ਛਿਣ ਦੇ ਜੋਸ਼ ਵਿਚ ਉਹਨਾਂ ਕਮੇਟੀ ਦੇ ਮੈਂਬਰਾਂ ਸਾਹਮਣੇ ਇਹ ਮਤਾ ਰੱਖ ਦਿੱਤਾ ਸੀ ਕਿ ਸਰਕਾਰ ਦੀ ਇਸ ਨਜ਼ਰਬੰਦੀ ਵਾਲੀ ਹਰਕਤ ਦੇ ਵਿਰੋਧ ਵਜੋਂ ਡਿਫੈਂਸ ਫੋਰਸ ਨਾਲ ਸੰਬੰਧਤ ਸਾਰੇ ਕੰਮ ਬੰਦ ਕਰ ਦਿੱਤੇ ਜਾਣ ਤੇ ਇਸ ਮੰਸ਼ੇ ਦਾ ਇਕ ਆਮ ਨੋਟਿਸ ਜ਼ਾਰੀ ਕਰ ਦਿੱਤਾ ਸੀ। ਜਵਾਹਰ ਲਾਲ ਦਾ ਇਹ ਵੀ ਕਹਿਣਾ ਹੈ ਕਿ ਲੜਾਈ ਦੇ ਦਿਨਾਂ ਦੌਰਾਨ ਅਜਿਹਾ ਰੋਹੀਲਾ ਕੰਮ ਕਰਨ ਪਿੱਛੋਂ ਕਈ ਲੋਕ ਬੜਾ ਪਛਤਾਏ।
ਮਿਸੇਜ ਬੇਸੇਂਟ ਦੀ ਨਜ਼ਰਬੰਦੀ ਪਿੱਛੋਂ ਮੋਤੀਲਾਲ ਨਹਿਰੂ ਤੇ ਕੁਝ ਹੋਰ ਮਾਡਰੇਟ ਲੀਡਰ ਹੋਮਰੂਲ ਲੀਗ ਵਿਚ ਸ਼ਾਮਿਲ ਹੋ ਗਏ। ਕੁਝ ਮਹੀਨਿਆਂ ਬਾਅਦ ਬਹੁਤੇ ਮਾਡਰੇਟ ਨੇਤਾਵਾਂ ਨੇ ਲੀਗ ਵਿਚੋਂ ਅਸਤੀਫਾ ਦੇ ਦਿੱਤਾ। ਪਰ ਮੋਤੀਲਾਲ ਨਹਿਰੂ ਉਸਦੇ ਮੈਂਬਰ ਬਣੇ ਰਹੇ ਤੇ ਉਸਦੀ ਇਲਾਹਾਬਾਦ ਸ਼ਾਖਾ ਦੇ ਪ੍ਰਧਾਨ ਵੀ ਬਣ ਗਏ।
ਇਸ ਸੰਬੰਧ ਵਿਚ ਗਾਂਧੀ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਮਾਰ ਲੈਣੀ ਵੀ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗੀ। ਉਹ ਇਹਨੀਂ ਦਿਨੀ ਦੱਖਣੀ ਅਫ਼ਰੀਕਾ ਤੋਂ ਲੰਡਨ ਆਏ ਸਨ। ਇੱਥੇ ਹੋਟਲ ਸੇਸਿਲ ਵਿਚ ਉਹਨਾਂ ਦਾ ਸ਼ਾਨਦਾਰ ਸਵਾਗਤ ਹੋਇਆ। ਉਹਨਾਂ ਨੇ ਭਾਰਤੀ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ ਇਸ ਸੰਕਟ-ਕਾਲ ਵਿਚ ਉਹ ਆਪਣੀ ਰਾਜਭਗਤੀ ਦਾ ਸਬੂਤ ਦੇਣ। ਉਹਨਾਂ ਆਪਣੇ ਤੇ ਹੋਰ ਕਈ ਹਿੰਦੁਸਤਾਨੀਆਂ ਦੇ ਦਸਤਖ਼ਤਾਂ ਵਾਲਾ ਇਕ ਪੱਤਰ ਭਾਰਤ ਮੰਤਰੀ ਨੂੰ ਭਿਜਵਾਇਆ, ਜਿਸ ਵਿਚ ਬ੍ਰਿਟਿਸ਼ ਅਧਿਕਾਰੀਆਂ ਨੂੰ ਯੁੱਧ ਵਿਚ ਆਪਣੀਆਂ ਸੇਵਾਵਾਂ ਅਰਪਣ ਕੀਤੀਆਂ।
ਇਹ ਗੱਲ ਜੱਗ-ਜ਼ਾਹਿਰ ਹੈ ਕਿ ਇਸ ਪਿੱਛੋਂ ਗਾਂਧੀ ਨੇ ਲੰਦਨ ਵਿਚ ਹਿੰਦੁਸਤਾਨੀਆਂ ਦੀ ਇਕ ਵਾਲੰਟੀਅਰ ਐਂਬੂਲੇਂਸ ਕੋਰ ਵੀ ਬਣਾਈ ਸੀ। ਫੇਰ ਉਹ ਹਿੰਦੁਸਤਾਨ ਆ ਗਏ (ਜਨਵਰੀ 1915) ਤੇ ਵਾਇਸਰਾਏ ਨਾਲ ਚਿੱਠੀ-ਪੱਤਰ ਕਰਨ ਪਿੱਛੋਂ ਗੁਜਰਾਤ ਦੇ ਕਿਸਾਨਾਂ ਵਿਚ 'ਫੌਜ ਵਿਚ ਭਰਤੀ ਹੋਵੇ, ਆਜ਼ਾਦੀ ਪ੍ਰਪਤ ਕਰੋ' ਮੁਹਿੰਮ ਚਲਾਈ ਅਤੇ ਜੁਲਾਈ 1918 ਤਕ ਇਸੇ ਕੰਮ ਵਿਚ ਜੁਟੇ ਰਹੇ।
ਕਾਂਗਰਸ ਨੇ ਕਿਉਂਕਿ ਸਰਕਾਰ ਨੂੰ ਯੁੱਧ ਵਿਚ ਆਪਣੇ ਪੂਰੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ ਸੀ, ਇਸ ਲਈ ਯੁੱਧ ਦੇ ਚਾਰ ਸਾਲਾਂ ਵਿਚ ਸਰਕਾਰ ਦੀ ਵੀ ਕਾਂਗਰਸ ਉਪਰ ਵਿਸ਼ੇਸ਼ ਕਿਰਪਾ-ਦ੍ਰਿਸ਼ਟੀ ਰਹੀ। 1914 ਦੇ ਸਾਲਾਨਾ ਇਜਲਾਸ ਵਿਚ ਮਦਰਾਸ ਦੇ ਗਵਰਨਰ ਲਾਰਡ ਪੇਂਟਲੈਂਡ, 1915 ਦੇ ਕਾਂਗਰਸੀ ਇਜਲਾਸ ਵਿਚ ਬੰਬਈ ਸੂਬੇ ਦੇ ਗਵਰਨਰ ਲਾਰਡ ਵਿਲੰਗਡਨ ਅਤੇ 1916 ਦੇ ਇਜਲਾਸ ਵਿਚ ਸੰਯੁਕਤ ਪ੍ਰਾਂਤ ਦੇ ਗਵਰਨਰ ਸਰ ਜੇਮਸ ਮੇਸਟਰ ਸ਼ਾਮਿਲ ਹੋਏ ਸਨ। ਇਹਨਾਂ ਅੰਗਰੇਜ਼ ਗਵਰਨਰਾਂ ਦਾ ਬੜੀਆਂ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ ਜਾਂਦਾ ਸੀ।
ਕਾਂਗਰਸ ਦੀ ਰਾਜਨੀਤੀ ਵਿਚ ਇਕ ਵਿਸ਼ੇਸ਼ ਪ੍ਰੀਵਰਤਨ ਇਹ ਆਇਆ ਕਿ 1916 ਦੀ ਲਖ਼ਨਊ ਕਾਂਗਰਸ ਵਿਚ ਰਾਸ਼ਟਰਵਾਦੀ ਤੇ ਰਾਜਭਗਤ ਨੇਤਾ ਮੁੜ ਇਕ ਮੰਚ ਉੱਤੇ ਇਕੱਤਰ ਹੋ ਗਏ ਤੇ ਇੱਥੇ ਹੀ ਕਾਂਗਰਸ ਤੇ ਮੁਸਲਿਮ ਲੀਗ ਦਾ ਸਮਝੌਤਾ ਹੋਇਆ। ਜਵਾਹਰ ਲਾਲ ਦਾ ਕਹਿਣਾ ਹੈ ਕਿ ਲਖ਼ਨਊ ਦੇ ਇਸ ਇਜਲਾਸ ਵਿਚ ਜਿਹੜੀ ਸੰਯੁਕਤ ਕਾਂਗਰਸ-ਲੀਗ ਯੋਜਨਾ ਮੰਜ਼ੂਰ ਹੋਈ, ਉਹ ਉਹਨਾਂ ਦੇ ਘਰ ਹੋਈ ਅਖਿਲ-ਭਾਰਤੀਯ ਕਾਂਗਰਸ-ਕਮੇਟੀ ਦੀ ਮੀਟਿੰਗ ਵਿਚ ਬਣੀ ਸੀ।
ਯੋਜਨਾ ਇਹ ਸੀ ਕਿ ਨੇੜਲੇ ਭਵਿੱਖ ਵਿਚ ਬ੍ਰਿਟਿਸ਼ ਸਰਕਾਰ ਤੋਂ ਜੋ ਕੁਝ ਮਿਲਣ ਵਾਲਾ ਹੈ, ਉਸ ਵਿਚ ਕਿਸ ਦਾ ਹਿੱਸਾ ਕਿੰਨਾ ਹੋਵੇਗਾ—ਇਹਨਾਂ ਲੋਕਾਂ ਨੂੰ ਆਪਣੀਆਂ ਯੁੱਧ ਸੇਵਾਵਾਂ ਬਦਲੇ ਬੜਾ ਕੁਝ ਮਿਲਣ ਦੀ ਆਸ ਸੀ।
ਇਹ ਸਾਡੇ ਕਾਇਦੇ ਕਾਨੂੰਨਾ ਨੂੰ ਮੰਨਣ ਵਾਲੇ ਤੇ ਬੋਚ-ਬੋਚ ਕੇ ਪੈਰ ਧਰਨ ਵਾਲੇ ਵਕੀਲਾਂ ਦੀ ਤੇ ਉੱਚ-ਵਰਗਾਂ ਦੇ ਰਾਸ਼ਟਰੀ ਨੇਤਾਵਾਂ ਦੀ ਰਾਜਨੀਤੀ ਸੀ। ਇਸ ਦੇ ਵਿਪਰੀਤ ਬੰਗਾਲ ਦੇ ਰਾਸਬਿਹਾਰੀ ਤੇ ਸ਼ਚੀਂਦਰ ਸਾਨਿਆਲ ਆਦੀ ਕਰਾਂਤੀਕਾਰੀ ਨੇਤਾ ਪੰਜਾਬ ਦੀ ਗਦਰ ਪਾਰਟੀ ਦੇ ਨੇਤਾਵਾਂ ਨਾਲ ਰਲ ਕੇ ਇਕ ਵਿਸ਼ਾਲ ਵਿਦਰੋਹ ਦੀ ਤਿਆਰੀ ਵਿਚ ਜੁਟੇ ਹੋਏ ਸਨ। ਉਹ 1857 ਦੀ ਪਰੰਪਰਾ ਉੱਤੇ ਚੱਲਦੇ ਹੋਏ ਜੰਗ ਵਿਚ ਉਲਝੀ ਬ੍ਰਿਟਿਸ਼ ਸਰਕਾਰ ਦਾ ਤਖ਼ਤਾ ਉਲਟ ਦੇਣ ਦੇ ਫਿਕਰ ਵਿਚ ਸਨ। ਮੰਮਥਨਾਥ ਗੁਪਤ ਆਪਣੀ ਪੁਸਤਕ 'ਭਾਰਤੀਯ ਕਰਾਂਤੀ ਦਲ ਆਂਦੋਲਨ ਕਾ ਇਤਿਹਾਸ' ਵਿਚ ਲਿਖਦੇ ਹਨ...:
“ਨੇਤਾਗਣ ਢਾਕੇ ਤੋਂ ਲੈ ਕੇ ਲਾਹੌਰ ਤਕ ਵਿਦਰੋਹ ਦੀ ਤਿਆਰੀ ਵਿਚ ਰੁੱਝੇ ਹੋਏ ਸਨ। ਢਾਕੇ ਵਿਚ ਉਹਨੀਂ ਦਿਨੀ ਸਿੱਖ ਸੈਨਾ ਸੀ। ਲਾਹੌਰ ਦੇ ਬਾਗ਼ੀ ਸਿੱਖ ਸੈਨਕਾਂ ਨੇ ਢਾਕੇ ਦੇ ਸਿੱਖਾਂ ਨਾਲ ਸੰਪਰਕ ਕਰਨ ਲਈ ਪਛਾਣ-ਪਰਚੀ ਭੇਜੀ ਦਿੱਤੀ। ਢਾਕੇ ਦੇ ਕਰਾਂਤੀਕਾਰੀ ਨੇਤਾ ਅਨੁਕੂਲ ਚਕਰਵਰਤੀ ਉਸਨੂੰ ਲੈ ਕੇ ਢਾਕੇ ਦੇ ਸਿੱਖ ਸੈਨਕਾਂ ਨੂੰ ਮਿਲੇ।...ਸਿੱਖ ਸੈਨਕ ਵਿਦਰੋਹ ਦੀ ਗੱਲ ਸੁਣ ਕੇ ਸ਼ਾਮਿਲ ਹੋਣ ਲਈ ਉਤਸੁਕ ਹੋ ਗਏ।...
“ਮੇਮਨਸਿੰਘ ਤੇ ਰਾਜਸ਼ਾਹੀ ਦੇ ਸਰੂਲ ਨਾਮਕ ਜੰਗਲ ਵਿਚ ਕਰਾਂਤੀਕਾਰੀ ਸੰਧਿਆ (ਤ੍ਰਿਕਾਲਾਂ) ਪਿੱਛੋਂ ਕਵਾਇਦ (ਰਿਆਜ਼–ਮਸ਼ਕ) ਕਰਦੇ ਹੁੰਦੇ ਸਨ। ਹਮਲਾ, ਬਚਾਅ ਦੇ ਰਣਖੇਤਰ ਦੇ ਹੋਰ ਤਰੀਕਿਆਂ ਨੂੰ ਸਿਖਣ ਲਈ ਸਾਰੇ ਲੋਕ ਮਸ਼ਕ ਕਰਦੇ। ਜਿਲ੍ਹੇ ਵਿਚ ਬੰਦੂਕਾਂ ਚੁਰਾਉਣ ਦੀ ਹੋੜ ਲੱਗ ਗਈ ਸੀ। ਚਾਰੇ ਪਾਸੇ ਅਫਵਾਹ ਫੈਲਾਅ ਦਿੱਤੀ ਗਈ ਕਿ ਇਸ ਵਾਰੀ ਮੈਟ੍ਰਿਕੁਲੇਸ਼ਨ ਤੇ ਯੂਨੀਵਰਸਟੀ ਦੇ ਹੋਰ ਇਮਤਿਹਾਨ ਨਹੀਂ ਹੋਣਗੇ।”
ਕਰਾਂਤੀ-ਬਿਗਲ ਵਜਾਉਣ ਲਈ 15 ਫਰਬਰੀ ਦਾ ਦਿਨ ਵੀ ਮਿਥਿਆ ਲਿਆ ਗਿਆ—ਪਰ ਗੱਦਾਰ ਕ੍ਰਿਪਾਲ ਸਿੰਘ ਦੀ ਮੁਖ਼ਬਰੀ ਕਾਰਣ ਇਹ ਭੇਦ ਖੁੱਲ੍ਹ ਗਿਆ। ਸੈਂਕੜੇ ਕਰਾਂਤੀਕਾਰੀ ਗ੍ਰਿਫਤਾਰ ਹੋਏ। ਬਹੁਤਿਆਂ ਨੂੰ ਫਾਂਸੀ ਹੋਈ, ਬਹੁਤਿਆਂ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਜੇਲ੍ਹ ਵਿਚ ਤੁੰਨ ਦਿੱਤਾ ਗਿਆ।
ਜਵਾਹਰ ਲਾਲ ਨੇ ਆਪਣੀ ਸੰਯੁਕਤ-ਕਾਂਗਰਸ-ਲੀਗ ਦੀ ਹਰੇਕ ਯੋਜਨਾ ਦੀਆਂ ਬੜੀਆਂ ਨਿੱਕੀਆਂ-ਨਿੱਕੀਆਂ ਗੱਲਾਂ ਦਾ, ਤੇ ਵਿਸ਼ੇਸ਼ ਤੌਰ 'ਤੇ ਲਖ਼ਨਊ ਇਜਲਾਸ ਵਿਚ ਗਾਂਧੀ ਨਾਲ ਹੋਈ ਆਪਣੀ ਪਹਿਲੀ ਮੁਲਾਕਾਤ ਦਾ, ਜ਼ਿਕਰ ਬੜੇ ਹੀ ਮਾਣ ਨਾਲ ਕੀਤਾ ਹੈ; ਪਰ ਕਰਾਂਤੀਕਾਰੀਆਂ ਦੀ ਇਸ ਏਡੀ ਵੱਡੀ ਘਾਲਣਾ ਦਾ ਜ਼ਿਕਰ ਕਰਨਾ ਉਹਨਾਂ ਮੁਨਾਸਿਬ ਨਹੀਂ ਸਮਝਿਆ। ਸ਼ਾਇਦ ਇਸ ਲਈ ਕਿ ਇਹ ਘਟਨਾ ਉਹਨਾਂ ਦੇ ਸੁਭਾਅ ਦੇ ਅਨੁਕੂਲ ਨਹੀਂ ਸੀ ਤੇ ਉਹਨਾਂ ਦੇ 'ਕੈਰੀਅਰ' ਵਿਚ ਫਿੱਟ ਵੀ ਨਹੀਂ ਸੀ ਬੈਠਦੀ। ਉਹ ਲਿਖਦੇ ਹਨ : “ਪਿਤਾਜੀ ਕਦੀ-ਕਦੀ ਖ਼ਿਆਲ ਕਰਦੇ ਸਨ ਕਿ ਮੈਂ ਸਿੱਧਾ ਉਸ ਹਿੰਸਾਤਮਕ ਕਾਰਜ ਵੱਲ ਜਾ ਰਿਹਾ ਹਾਂ, ਜਿਸ ਨੂੰ ਬੰਗਾਲ ਦੇ ਨੌਜਵਾਨਾਂ ਨੇ ਅਪਣਾਇਆ ਹੋਇਆ ਸੀ। ਇਸ ਲਈ ਉਹ ਬੜੇ ਚਿੰਤਤ ਰਹਿੰਦੇ ਸਨ, ਜਦਕਿ ਦਰਅਸਲ ਮੇਰੀ ਖਿੱਚ ਉਸ ਪਾਸੇ ਸੀ ਨਹੀਂ। ਹਾਂ, ਇਹ ਖ਼ਿਆਲ ਮੈਨੂੰ ਹਰ ਵੇਲੇ ਘੇਰੀ ਰੱਖਦਾ ਸੀ ਕਿ ਸਾਨੂੰ ਮੌਜੂਦਾ ਹਾਲਤ ਨੂੰ ਚੁੱਪਚਾਪ ਬਰਦਾਸ਼ਤ ਨਹੀਂ ਕਰਨਾ ਚਾਹੀਦਾ ਤੇ ਕੁਛ ਨਾ ਕੁਛ ਕਰਨਾ ਜ਼ਰੂਰ ਚਾਹੀਦਾ ਹੈ।”
        (ਮੇਰੀ ਕਹਾਣੀ, ਪੰਨਾ 61)
ਅੱਗੇ ਚੱਲ ਕੇ ਅਸੀਂ ਇਸ 'ਕੁਛ ਨਾ ਕੁਛ' ਨੂੰ ਵੀ ਦੇਖਾਂਗੇ ਤੇ ਇਹ ਵੀ ਦੇਖਾਂਗੇ ਕਿ ਮੋਤੀਲਾਲ ਦੇ ਮਨ ਵਿਚ ਅਜਿਹੀ ਕੋਈ ਚਿੰਤਾ ਹੈ ਵੀ ਸੀ ਜਾਂ ਨਹੀਂ। ਉਹ ਆਪਣੇ ਵਲਾਇਤ ਪਾਸ ਪੁੱਤਰ ਦੀ ਲਿਬਰਲ ਆਤਮਾ ਨੂੰ ਭਲੀ ਭਾਂਤੀ ਪਛਾਣ ਚੁੱਕੇ ਸਨ; ਜੇ ਪਛਾਣਿਆ ਨਹੀਂ ਸੀ ਤਾਂ ਹੋਰਨਾਂ ਲੋਕਾਂ ਨੇ, ਜਿਹੜੇ ਉਹਨਾਂ ਦੀਆਂ ਗਰਮਾ-ਗਰਮ ਗੱਲਾਂ ਵਿਚ ਆ ਜਾਂਦੇ ਸਨ।
    --- --- ---

No comments:

Post a Comment